ਮੰਤਰੀ ਦੀ ਕੁਰਸੀ ਲਈ ਬੇਚੈਨ ਹੋਏ ਕਾਂਗਰਸੀ ਵਿਧਾਇਕ

ਹਾਈਕਮਾਨ ਦੇ ਇਸ਼ਾਰੇ ਪਿੱਛੋਂ ਸਰਗਰਮੀਆਂ ਤੇਜ਼
ਚੰਡੀਗੜ੍ਹ: ਕਾਂਗਰਸ ਹਾਈਕਮਾਨ ਦਾ ਇਸ਼ਾਰਾ ਮਿਲਣ ਤੋਂ ਬਾਅਦ ਪੰਜਾਬ ਦੇ ਮੰਤਰੀ ਮੰਡਲ ਵਿਚ ਵਾਧੇ ਲਈ ਤਿਆਰੀਆਂ ਹੁਣ ਤੋਂ ਹੀ ਸ਼ੁਰੂ ਹੋ ਗਈਆਂ ਹਨ। ਮੰਤਰੀ ਮੰਡਲ ‘ਚ ਵਾਧੇ ਲਈ ਕਈ ਚਾਹਵਾਨ ਵਿਧਾਇਕ ਪਹਿਲਾਂ ਹੀ ਕਾਫੀ ਸਰਗਰਮ ਹੋ ਚੁੱਕੇ ਹਨ ਪਰ ਹੁਣ ਹਾਈ ਕਮਾਨ ਵੱਲੋਂ ਮਾਰਚ ਦੇ ਮਹੀਨੇ ਵਿਚ ਮੰਤਰੀ ਮੰਡਲ ਵਿਚ ਵਾਧੇ ਦੀ ਹਰੀ ਝੰਡੀ ਮਿਲਣ ਤੋਂ ਬਾਅਦ ਇਹ ਪ੍ਰਕਿਰਿਆ ਤੇਜ਼ ਹੋ ਗਈ ਹੈ। ਕਈ ਆਗੂ ਤਾਂ ਮੰਤਰੀ ਬਣਨ ਲਈ ਦਿੱਲੀ ਚੱਕਰ ਲਗਾ ਕੇ ਆਏ ਹਨ ਜਦਕਿ ਕਈ ਆਗੂ ਹੁਣ ਤੱਕ ਮੰਤਰੀ ਮੰਡਲ ਵਿਚ ਸਥਾਨ ਪਾਉਣ ਲਈ ਆਪਣੇ ਸੰਪਰਕਾਂ ਰਾਹੀਂ ਗੱਲਬਾਤ ਕਰ ਰਹੇ ਹਨ। ਫਰਵਰੀ ਤੇ ਆਖਰੀ ਹਫਤੇ ਵਿਚ ਲੁਧਿਆਣਾ ਨਿਗਮ ਦੀ ਚੋਣਾਂ ਹੋਣ ਤੋਂ ਬਾਅਦ ਚਾਰ ਨਿਗਮਾਂ ਦੀ ਚੋਣ ਪ੍ਰਕਿਰਿਆ ਬਿਲਕੁਲ ਖਤਮ ਹੋ ਜਾਵੇਗੀ।

ਇਸ ਵੇਲੇ ਪੰਜਾਬ ਮੰਤਰੀ ਮੰਡਲ ਵਿਚ ਮੰਤਰੀਆਂ ਦੇ ਮਾਮਲੇ ਵਿਚ ਮਾਲਵਾ ਖੇਤਰ ਦਾ ਬੋਲਬਾਲਾ ਹੈ। ਮੰਤਰੀ ਮੰਡਲ ‘ਚ ਮਾਲਵਾ ਖੇਤਰ ਦੇ 6 ਮੰਤਰੀ ਅਤੇ ਮਾਝੇ ਦੇ 3 ਮੰਤਰੀ ਸ਼ਾਮਲ ਹਨ। ਮੰਤਰੀ ਮੰਡਲ ‘ਚ ਦੋਆਬੇ ਦਾ ਇਕ ਮੰਤਰੀ ਸ਼ਾਮਲ ਸੀ, ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਅਸਤੀਫਾ ਦੇ ਦਿੱਤਾ ਹੈ।
ਜਾਣਕਾਰੀ ਮੁਤਾਬਕ ਪੰਜਾਬ ਮੰਤਰੀ ਮੰਡਲ ਵਿਚ 17 ਦੇ ਕਰੀਬ ਮੰਤਰੀ ਹੋ ਸਕਦੇ ਹਨ ਅਤੇ ਮਾਰਚ ਵਿਚ ਮੰਤਰੀ ਮੰਡਲ ‘ਚ ਵਾਧੇ ਨਾਲ ਪਹਿਲੇ ਗੇੜ ਵਿਚ 4 ਤੋਂ 5 ਨਵੇਂ ਮੰਤਰੀ ਬਣਾਏ ਜਾ ਸਕਦੇ ਹਨ। ਰਾਣਾ ਗੁਰਜੀਤ ਸਿੰਘ ਦੇ ਅਸਤੀਫੇ ਕਰ ਕੇ ਦੋਆਬੇ ਤੋਂ ਇਸ ਵੇਲੇ ਕੋਈ ਮੰਤਰੀ ਨਹੀਂ ਹੈ ਜਿਸ ਕਰ ਕੇ ਹੁਣ ਦੋਆਬਾ ਤੋਂ ਹੀ ਚਾਰ ਦਾਅਵੇਦਾਰਾਂ ਦੇ ਨਾਂ ਸਾਹਮਣੇ ਆ ਰਹੇ ਹਨ ਜਿਨ੍ਹਾਂ ਵਿਚ ਚੱਬੇਵਾਲ ਤੋਂ ਰਾਜ ਕੁਮਾਰ ਦੇ ਨਾਂ ਤੋਂ ਇਲਾਵਾ ਉੜਮੁੜ ਤੋਂ ਸੰਗਤ ਸਿੰਘ ਗਿਲਜੀਆਂ, ਜਲੰਧਰ ਕੈਂਟ ਤੋਂ ਪ੍ਰਗਟ ਸਿੰਘ, ਜਲੰਧਰ ਪੱਛਮੀ ਤੋਂ ਸੁਸ਼ੀਲ ਰਿੰਕੂ ਦਾ ਨਾਂ ਉਭਰ ਕੇ ਸਾਹਮਣੇ ਆ ਰਿਹਾ ਹੈ। ਜੇਕਰ ਦੋਆਬੇ ਵਿਚ ਕਿਸੇ ਹਿੰਦੂ ਚਿਹਰੇ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕਰਨ ਦੀ ਗੱਲ ਆਈ ਤਾਂ ਜਲੰਧਰ ਕੇਂਦਰੀ ਤੋਂ ਰਜਿੰਦਰ ਬੇਰੀ ਦਾ ਦਾਅਵਾ ਵੀ ਕਾਫੀ ਮਜ਼ਬੂਤ ਦੱਸਿਆ ਜਾਂਦਾ ਹੈ।
ਦੋਆਬਾ ਖੇਤਰ ਤੋਂ ਜਿਥੇ ਦੋ ਮੰਤਰੀ ਮੰਤਰੀ ਮੰਡਲ ਵਿਚ ਸ਼ਾਮਲ ਕੀਤੇ ਜਾਣੇ ਹਨ ਜਦਕਿ ਮਾਝਾ ਅਤੇ ਮਾਲਵਾ ਵਿਚ ਇਕ-ਇਕ ਮੰਤਰੀ ਬਣਾਇਆ ਜਾਣਾ ਹੈ। ਮਾਝਾ ਤੋਂ ਇਸ ਵੇਲੇ ਸੀਨੀਅਰ ਆਗੂ ਓæਪੀæ ਸੋਨੀ, ਰਾਜ ਕੁਮਾਰ ਵੇਰਕਾ, ਸੁਖਜਿੰਦਰ ਸਿੰਘ ਰੰਧਾਵਾ ਦੇ ਨਾਂ ਦੀ ਚਰਚਾ ਹੈ। ਮਾਲਵੇ ਤੋਂ ਰਾਕੇਸ਼ ਪਾਂਡੇ, ਰਾਣਾ ਸੋਢੀ, ਵਿਜੇ ਇੰਦਰ ਸਿੰਗਲਾ, ਦਰਸ਼ਨ ਸਿੰਘ ਬਰਾੜ, ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਨਾਂ ਲਿਆ ਜਾ ਰਿਹਾ ਹੈ। ਪਾਰਟੀ ਹਾਈ ਕਮਾਨ ਨੇ ਮੰਤਰੀ ਮੰਡਲ ਵਿਚ ਵਾਧੇ ਲਈ ਵਿਚਾਰਾਂ ਸ਼ੁਰੂ ਕਰ ਦਿੱਤੀਆਂ ਹਨ ਤੇ ਇਸ ਲਈ ਮੰਤਰੀ ਮੰਡਲ ਵਿਚ ਸ਼ਾਮਲ ਕੀਤੇ ਜਾਣ ਤੋਂ ਪਹਿਲਾਂ ਸਾਰੇ ਆਗੂਆਂ ਦੇ ਰਿਪੋਰਟ ਕਾਰਡ ਬਣਾਏ ਜਾਣਗੇ।
___________________________________
ਅਹੁਦੇਦਾਰੀਆਂ ਲਈ ਕਾਂਗਰਸੀ ਵੀ Ḕਲਿਫਾਫਾ ਕਲਚਰ’ ਦੇ ਰਾਹ
ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਸਾਲਾਨਾ ਚੋਣ ਵੇਲੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਪਣਾਏ ਜਾਂਦੇ Ḕਬੰਦ ਲਿਫਾਫਾ ਕਲਚਰ’ ਨੂੰ ਕੋਸਣ ਵਾਲੀ ਕਾਂਗਰਸ ਪਾਰਟੀ ਵੀ ਇਸੇ ਰਾਹ ਤੁਰ ਪਈ ਹੈ। ਪੰਜਾਬ ਦੇ ਤਿੰਨ ਮੁੱਖ ਸ਼ਹਿਰਾਂ- ਅੰਮ੍ਰਿਤਸਰ, ਪਟਿਆਲਾ ਤੇ ਜਲੰਧਰ ਦੇ ਮੇਅਰਾਂ, ਸੀਨੀਅਰ ਡਿਪਟੀ ਮੇਅਰਾਂ ਤੇ ਡਿਪਟੀ ਮੇਅਰਾਂ ਦੇ ਨਾਂ ਕਾਂਗਰਸ ਹਾਈਕਮਾਨ ਵੱਲੋਂ ਭੇਜੇ ਗਏ Ḕਬੰਦ ਲਿਫਾਫਿਆਂ’ ਵਿਚੋਂ ਹੀ ਨਿਕਲੇ ਹਨ। ਤਿੰਨ ਨਗਰ ਨਿਗਮਾਂ ਦੀਆਂ ਬੀਤੀ 17 ਦਸੰਬਰ ਨੂੰ ਹੋਈਆਂ ਚੋਣਾਂ ਤੋਂ ਬਾਅਦ ਹੀ ਮੇਅਰਾਂ ਤੇ ਬਾਕੀ ਅਹੁਦੇਦਾਰਾਂ ਦੇ ਨਾਂਵਾਂ ਸਬੰਧੀ ਕਿਆਸਅਰਾਈਆਂ ਚੱਲ ਰਹੀਆਂ ਸਨ।
ਸਮਝਿਆ ਜਾਂਦਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਤੇ ਦਿਨੀਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਸਮੇਂ ਤਿੰਨਾਂ ਨਿਗਮਾਂ ਦੇ ਮੇਅਰਾਂ, ਸੀਨੀਅਰ ਤੇ ਡਿਪਟੀ ਮੇਅਰਾਂ ਦੇ ਨਾਂਵਾਂ ਦੀ ਸੂਚੀ ਤਿਆਰ ਕੀਤੀ ਗਈ ਸੀ। ਆਖਰ ਤਿੰਨ ਹਫਤਿਆਂ ਦੀ ਉਡੀਕ ਤੋਂ ਬਾਅਦ ਅੰਮ੍ਰਿਤਸਰ ਤੇ ਪਟਿਆਲਾ ਅਤੇ ਜਲੰਧਰ ਦੇ ਮੇਅਰਾਂ ਤੇ ਬਾਕੀ ਅਹੁਦੇਦਾਰਾਂ ਦੇ ਨਾਂਵਾਂ ਦੇ ਪਾਰਟੀ ਪ੍ਰਧਾਨ ਤੇ ਮੁੱਖ ਮੰਤਰੀ ਵੱਲੋਂ ਭੇਜੇ ਬੰਦ ਲਿਫਾਫੇ ਨਿਗਮ ਹਾਊਸਾਂ ਦੀ ਪਲੇਠੀਆਂ ਮੀਟਿੰਗਾਂ ਸਮੇਂ ਐਨ ਮੌਕੇ ਉਤੇ ਖੋਲ੍ਹ ਦਿੱਤੇ।
ਅੰਮ੍ਰਿਤਸਰ ਨਗਰ ਨਿਗਮ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਦੇ ਨਾਂ ਦਾ ਐਲਾਨ ਅੰਮ੍ਰਿਤਸਰ ਦੇ ਸੀਨੀਅਰ ਵਿਧਾਇਕ ਓਮ ਪ੍ਰਕਾਸ਼ ਸੋਨੀ ਵੱਲੋਂ ਪਾਰਟੀ ਪ੍ਰਧਾਨ ਵੱਲੋਂ ਭੇਜੇ ਬੰਦ ਲਿਫਾਫ਼ੇ ‘ਚ ਪੱਤਰ ਕੱਢ ਕੇ ਕੀਤਾ ਗਿਆ ਜਦ ਕਿ ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ ਦਾ ਨਾਂ ਵਿਧਾਇਕ ਸੁਨੀਲ ਦੱਤੀ ਅਤੇ ਡਿਪਟੀ ਮੇਅਰ ਬਣੇ ਯੂਨਸ ਕੁਮਾਰ ਦੇ ਨਾਂ ਦੇ ਲਿਫਾਫੇ ਵਿਧਾਇਕ ਰਾਜ ਕੁਮਾਰ ਵੇਰਕਾ ਵੱਲੋਂ ਖੋਲ੍ਹ ਕੇ ਉਨ੍ਹਾਂ ਦੇ ਨਾਂਵਾਂ ਦੀ ਸੂਚਨਾ ਦਿੱਤੀ ਗਈ।
ਇਸੇ ਤਰ੍ਹਾਂ ਪਟਿਆਲਾ ਨਗਰ ਨਿਗਮ ਵਿਚ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਸੰਜੀਵ ਸ਼ਰਮਾ ਬਿੱਟੂ ਦੇ ਨਾਂ ਦਾ ਲਿਫਾਫਾ ਖੋਲ੍ਹ ਕੇ ਉਨ੍ਹਾਂ ਦੇ ਮੇਅਰ ਵਜੋਂ ਨਾਂ ਦੀ ਤਜ਼ਵੀਜ਼ ਪੇਸ਼ ਕੀਤੀ ਗਈ ਜਦ ਕਿ ਜਲੰਧਰ ਨਗਰ ਨਿਗਮ ਦੇ ਨਵੇਂ ਮੇਅਰ ਜਗਦੀਸ਼ ਰਾਜ ਰਾਜਾ ਦਾ ਨਾਂ ਵੀ ਵਿਧਾਇਕ ਪਰਗਟ ਸਿੰਘ ਹੱਥ ਭੇਜੇ ਲਿਫਾਫੇ ਵਿਚੋਂ ਨਿਕਲਿਆ।
ਜ਼ਿਕਰਯੋਗ ਹੈ ਕਿ ਇਨ੍ਹਾਂ ਸਮਾਗਮਾਂ ‘ਚ ਸ਼ਾਮਲ ਹੋਣ ਲਈ ਪਾਰਟੀ ਵੱਲੋਂ ਸੱਦਾ ਪੱਤਰ ਤੇ ਪੁੱਛ ਪ੍ਰਤੀਤ ਨਾ ਕੀਤੇ ਜਾਣ ਤੋਂ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਅੱਜਕੱਲ੍ਹ ਖਾਸੇ ਨਾਰਾਜ਼ ਚੱਲ ਰਹੇ ਹਨ। ਇਸੇ ਦੌਰਾਨ ਸਥਾਨਕ ਕੁਝ ਅਕਾਲੀ ਆਗੂਆਂ ਨੇ ਕਾਂਗਰਸ ਦੇ ਲਿਫਾਫਾ ਕਲਚਰ ਉਤੇ ਤਨਜ ਕੱਸਦਿਆਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਹੋਰ ਤਾਂ ਕਿਸੇ ਨੂੰ ਕੀ ਦੱਸਣਾ ਸੀ ਸਬੰਧਤ ਮਹਿਕਮੇ ਦੇ ਮੰਤਰੀ ਸਿੱਧੂ ਨੂੰ ਵੀ ਹਨੇਰੇ ‘ਚ ਰੱਖਿਆ ਗਿਆ ਜਦਕਿ ਅਕਾਲੀ ਦਲ ਵੱਲੋਂ ਜਮਹੂਰੀ ਪ੍ਰਣਾਲੀ ਰਾਹੀਂ ਹੀ ਸ਼੍ਰੋਮਣੀ ਕਮੇਟੀ ਪ੍ਰਧਾਨ ਜਾਂ ਪਾਰਟੀ ਦੇ ਹੋਰ ਅਹੁਦੇਦਾਰਾਂ ਦੀ ਚੋਣ ਕੀਤੀ ਜਾਂਦੀ ਹੈ।