ਚੰਡੀਗੜ੍ਹ: ਭਾਰਤ ਪਾਕਿਸਤਾਨ ਸਰਹੱਦ ਉਤੇ ਹੁੰਦੀ ਗੋਲੀਬਾਰੀ ਅਤੇ ਕਸ਼ਮੀਰ ਦੇ ਹਾਲਾਤ ਕਾਰਨ ਜਵਾਨਾਂ ਅਤੇ ਸਰਹੱਦੀ ਖੇਤਰਾਂ ਵਿਚ ਰਹਿੰਦੇ ਲੋਕਾਂ ਦੇ ਸਿਰ ਉਤੇ ਖਤਰੇ ਦੇ ਬੱਦਲ ਮੰਡਰਾਉਂਦੇ ਰਹਿੰਦੇ ਹਨ। ਫੌਜ ਅਤੇ ਬੀæਐਸ਼ਐਫ਼ ਵਿਚ ਭਰਤੀ ਨੌਜਵਾਨਾਂ ਦੀਆਂ ਪੰਜਾਬ ਦੇ ਘਰਾਂ ਵਿਚ ਆ ਰਹੀਆਂ ਲਾਸ਼ਾਂ ਗਮਗੀਨ ਮਾਹੌਲ ਪੈਦਾ ਕਰਨ ਵਾਲੀਆਂ ਹਨ। ਸਰਕਾਰਾਂ ਇਨ੍ਹਾਂ ਜਵਾਨਾਂ ਦੇ ਪਰਿਵਾਰਾਂ ਨੂੰ ਸੰਭਾਲਣ ਦੇ ਨਾਮ ਉਤੇ ਕਈ ਯੋਜਨਾਵਾਂ ਦਾ ਐਲਾਨ ਕਰਦੀਆਂ ਹਨ ਪਰ ਉਨ੍ਹਾਂ ਉਤੇ ਅਮਲ ਘੱਟ ਹੀ ਹੋ ਰਿਹਾ ਹੈ।
ਪੰਜਾਬ ਸਰਕਾਰ ਵੱਲੋਂ ਸਰਹੱਦਾਂ ਅਤੇ ਦੇਸ਼ ਦੀ ਰੱਖਿਆ ਲਈ ਮਰਨ ਵਾਲੇ ਜਵਾਨਾਂ ਦੇ ਵਾਰਸਾਂ ਦੀ ਮਦਦ ਲਈ ਪੰਜ ਲੱਖ ਰੁਪਏ ਦੀ ਸਹਾਇਤਾ ਤੇ ਪਰਿਵਾਰ ਦੇ ਇਕ ਜੀਅ ਨੂੰ ਨੌਕਰੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਸ਼ਹੀਦ ਦੇ ਬੱਚਿਆਂ ਨੂੰ ਪੜ੍ਹਾਈ ਵਿਚ ਰਾਖਵਾਂਕਰਨ ਅਤੇ ਮਹੀਨਾਵਾਰ ਪੈਨਸ਼ਨ ਦੇਣ ਦੀ ਵਿਵਸਥਾ ਹੈ। ਪਰ ਹੁਣ ਆਰਥਿਕ ਤੰਗੀ ਵਿਚੋਂ ਲੰਘ ਰਹੀ ਪੰਜਾਬ ਸਰਕਾਰ ਅਜਿਹੀਆਂ ਸਹੂਲਤਾਂ ਦੇਣ ਤੋਂ ਪਾਸਾ ਵੱਟ ਰਹੀ ਹੈ।
ਪਾਕਿਸਤਾਨੀ ਅਤਿਵਾਦੀਆਂ ਵੱਲੋਂ ਜੰਮੂ ਕਸ਼ਮੀਰ ‘ਚ ਰਾਜੌਰੀ ਦੇ ਨੌਸ਼ਹਿਰਾ ਸੈਕਟਰ ਵਿਚ 18 ਜੁਲਾਈ 2017 ਨੂੰ ਕੀਤੀ ਗੋਲੀਬਾਰੀ ਦੌਰਾਨ ਸਕੂਲ ਵਿਚ ਫਸੇ 217 ਬੱਚਿਆਂ ਨੂੰ ਬਾਹਰ ਕੱਢਣ ਵੇਲੇ ਭਾਰਤੀ ਫੌਜ ਦੇ 8 ਸਿੱਖ ਲਾਈਟ ਯੂਨਿਟ ਦਾ ਜਸਪ੍ਰੀਤ ਸਿੰਘ ਜੱਸੀ (24) ਸ਼ਹੀਦ ਹੋ ਗਿਆ ਸੀ। ਉਹ ਤਲਵੰਡੀ ਮੱਲ੍ਹੀਆਂ, ਮੋਗਾ ਦਾ ਰਹਿਣ ਵਾਲਾ ਸੀ, ਜਿਸ ਦੀ ਅੰਤਿਮ ਅਰਦਾਸ ਮੌਕੇ ਪੰਜਾਬ ਸਰਕਾਰ ਵੱਲੋਂ ਕਈ ਐਲਾਨ ਕੀਤੇ ਗਏ ਸਨ। ਇਨ੍ਹਾਂ ਵਿਚ ਸ਼ਹੀਦ ਦੇ ਛੋਟੇ ਭਰਾ ਨੂੰ ਪੁਲਿਸ ਵਿਚ ਨੌਕਰੀ ਅਤੇ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ ਦੇਣਾ ਸ਼ਾਮਲ ਸੀ, ਪਰ ਛੇ ਮਹੀਨੇ ਬੀਤਣ ਬਾਅਦ ਵੀ ਪਰਿਵਾਰ ਆਰਥਿਕ ਤੰਗੀ ਨਾਲ ਜੂਝ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਐਲਾਨੀ ਰਕਮ ਵਿਚੋਂ ਪੰਜ ਲੱਖ ਰੁਪਏ ਸ਼ਹੀਦ ਦੀ ਅੰਤਿਮ ਅਰਦਾਸ ਮੌਕੇ ਜ਼ਿਲ੍ਹਾ ਸੈਨਿਕ ਭਲਾਈ ਦਫਤਰ ਵੱਲੋਂ ਦਿੱਤੇ ਗਏ ਸਨ, ਪਰ ਸਰਕਾਰੀ ਨੌਕਰੀ ਦਾ ਵਾਅਦਾ ਹਾਲੇ ਵਫਾ ਨਹੀਂ ਹੋਇਆ।
ਸ਼ਹੀਦ ਜਸਪ੍ਰੀਤ ਸਿੰਘ ਜੱਸੀ ਦੇ ਪਿਤਾ ਸਰਬਣ ਸਿੰਘ ਨੇ ਦੱਸਿਆ ਕਿ ਉਹ ਮਜ਼ਦੂਰੀ ਕਰ ਕੇ ਆਪਣੇ ਬੱਚਿਆਂ ਦਾ ਪੇਟ ਪਾਲ ਰਹੇ ਹਨ, ਪਰ ਸਰਕਾਰ ਵੱਲੋਂ ਐਲਾਨੀ ਗਈ ਰਕਮ ਦਾ ਨਾ ਹੀ ਪੰਜ ਲੱਖ ਰੁਪਏ ਬਕਾਇਆ ਦਿੱਤਾ ਗਿਆ ਹੈ ਅਤੇ ਨਾ ਹੀ ਛੋਟੇ ਪੁੱਤਰ ਨੂੰ ਪੁਲਿਸ ਵਿਭਾਗ ਵਿਚ ਨੌਕਰੀ ਮਿਲੀ ਹੈ। ਇਸੇ ਤਰ੍ਹਾਂ ਭਾਰਤੀ ਫੌਜ ਦੇ 2-ਸਿੱਖ ਰੈਜਮੈਂਟ ਦੇ ਲਾਂਸ ਨਾਇਕ ਗੁਰਮੇਲ ਸਿੰਘ 23 ਦਸੰਬਰ 2017 ਨੂੰ ਜੰਮੂ ਕਸ਼ਮੀਰ ਦੇ ਰਾਜੌਰੀ ਸੈਕਟਰ ਵਿਚ ਸਰਹੱਦ ਉਤੇ ਪਾਕਿਸਤਾਨੀ ਫੌਜ ਵੱਲੋਂ ਘਾਤ ਲਾ ਕੇ ਕੀਤੇ ਹਮਲੇ ਵਿਚ ਸ਼ਹੀਦ ਹੋ ਗਏ ਸਨ। ਉਨ੍ਹਾਂ ਦੇ ਸਿਰ ‘ਤੇ ਪਰਿਵਾਰ ਦੀ ਪੂਰੀ ਜ਼ਿੰਮੇਵਾਰੀ ਸੀ। ਗੁਰਮੇਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਦੱਸਿਆ ਕਿ ਉਸ ਨੇ ਜ਼ਮੀਨ ਥੋੜ੍ਹੀ ਹੋਣ ਕਰ ਕੇ ਲੰਮਾ ਸਮਾਂ ਸਾਈਕਲ ‘ਤੇ ਅੰਮ੍ਰਿਤਸਰ ਕਾਰਖਾਨੇ ਜਾ ਕੇ ਮਿਹਨਤ ਮਜ਼ਦੂਰੀ ਕਰ ਕੇ ਪਰਿਵਾਰ ਦਾ ਪਾਲਣ-ਪੋਸ਼ਣ ਕੀਤਾ ਅਤੇ ਬੱਚਿਆਂ ਨੂੰ ਪੜ੍ਹਾਇਆ। ਜਦੋਂ ਗੁਰਮੇਲ ਸਿੰਘ 2005 ਵਿਚ ਫੌਜ ‘ਚ ਭਰਤੀ ਹੋ ਗਿਆ ਤਾਂ ਉਸ ਨੇ ਉਨ੍ਹਾਂ ਨੂੰ ਕਾਰਖਾਨੇ ਜਾਣ ਤੋਂ ਹਟਾ ਲਿਆ ਤੇ ਕਿਹਾ ਕਿ ਹੁਣ ਉਹ ਘਰ ਬੈਠ ਕੇ ਆਰਾਮ ਦੀ ਜ਼ਿੰਦਗੀ ਜਿਊਣ।
ਉਨ੍ਹਾਂ ਭਰੇ ਮਨ ਨਾਲ ਕਿਹਾ ਕਿ ਗੁਰਮੇਲ ਸਿੰਘ ਦੇ ਸ਼ਹੀਦ ਹੋਣ ਮਗਰੋਂ ਇੰਜ ਮਹਿਸੂਸ ਹੋ ਰਿਹਾ ਹੈ ਕਿ ਜਿਵੇਂ ਪਰਿਵਾਰ ਪਹਿਲਾਂ ਵਾਲੇ ਗੁਰਬਤ ਭਰੇ ਸਮੇਂ ਵਿਚੋਂ ਲੰਘ ਰਿਹਾ ਹੋਵੇ। ਉਨ੍ਹਾਂ ਕਿਹਾ ਕਿ ਛੋਟਾ ਪੁੱਤਰ ਮਾਲਵਿੰਦਰ ਸਿੰਘ ਵੀ ਕੋਈ ਰੁਜ਼ਗਾਰ ਨਾ ਹੋਣ ਕਰ ਕੇ ਮਿਹਨਤ ਮਜ਼ਦੂਰੀ ਕਰਦਾ ਹੈ। ਹੁਣ ਤੱਕ ਪਰਿਵਾਰ ਨੂੰ ਪੰਜ ਲੱਖ ਰੁਪਏ ਪੰਜਾਬ ਸਰਕਾਰ ਅਤੇ ਇਕ ਲੱਖ ਰੁਪਏ ਸ਼ਹੀਦ ਗੁਰਮੇਲ ਸਿੰਘ ਦੇ ਸਾਥੀ ਫੌਜੀ ਜਵਾਨਾਂ ਵੱਲੋਂ ਸ਼ਰਧਾਂਜਲੀ ਸਮਾਗਮ ਵਾਲੇ ਦਿਨ ਪਹਿਲੀ ਜਨਵਰੀ ਨੂੰ ਸਹਾਇਤਾ ਰਾਸ਼ੀ ਵਜੋਂ ਪ੍ਰਾਪਤ ਹੋਏ ਸਨ। ਇਸ ਤੋਂ ਇਲਾਵਾ ਜੋ ਸਹਾਇਤਾ ਰਾਸ਼ੀ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮਿਲਣੀ ਹੈ, ਉਸ ਦੀ ਕਾਗਜ਼ੀ ਕਾਰਵਾਈ ਚੱਲ ਰਹੀ ਹੈ।
ਦੇਸ਼ ਲਈ ਆਪਣੀ ਜਾਨ ਵਾਰਨ ਵਾਲੇ ਪਿੰਡ ਵੇਈਂਪੂਈਂ ਦੇ ਨਾਇਬ ਸੂਬੇਦਾਰ ਸ਼ਹੀਦ ਪਰਮਜੀਤ ਸਿੰਘ ਦੀ ਮੌਤ ਮਗਰੋਂ ਉਸ ਦੇ ਪਰਿਵਾਰ ਤੇ ਖਾਸ ਕਰ ਕੇ ਉਸ ਦੀ ਪਤਨੀ ਨੂੰ ਕਬੀਲਦਾਰੀ ਦੀਆਂ ਜ਼ਿੰਮੇਵਾਰੀਆਂ ਦੇ ਨਾਲ-ਨਾਲ ਗੰਭੀਰ ਮਾਨਸਿਕ ਖਲਾਅ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਪਰਮਜੀਤ ਸਿੰਘ ਨੂੰ ਪਿਛਲੇ ਸਾਲ ਜੰਮੂ ਦੇ ਪੁਣਛ ਸੈਕਟਰ ਵਿਚ ਪਹਿਲੀ ਮਈ ਦੀ ਸਵੇਰ ਨੂੰ ਪਾਕਿਸਤਾਨ ਦੀ ਬਾਰਡਰ ਐਕਸ਼ਨ ਟੀਮ (ਬੈਟ) ਨੇ ਸ਼ਹੀਦ ਕਰ ਦਿੱਤਾ ਸੀ।
ਪਰਮਜੀਤ ਸਿੰਘ ਦੀ ਵਿਧਵਾ ਪਰਮਜੀਤ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਦੀ ਸ਼ਹਾਦਤ ਮਗਰੋਂ ਬੱਚਿਆਂ ਦੇ ਪਾਲਣ-ਪੋਸ਼ਣ ਸਮੇਤ ਕਬੀਲਦਾਰੀ ਦੀਆਂ ਅਚਾਨਕ ਆ ਪਈਆਂ ਜ਼ਿੰਮੇਵਾਰੀਆਂ ਨੇ ਉਸ ਦੀ ਮਾਨਸਿਕ ਸਥਿਤੀ ‘ਤੇ ਵੀ ਪ੍ਰਭਾਵ ਪਾਇਆ ਹੈ। ਸ਼ਹੀਦ ਦੀ ਸਭ ਤੋਂ ਵੱਡੀ ਧੀ ਸਿਮਰਨਦੀਪ ਕੌਰ ਦਸਵੀਂ ਜਮਾਤ ਵਿਚ ਪੜ੍ਹਦੀ ਹੈ, ਜਦਕਿ ਕਿ ਉਸ ਦੇ ਛੋਟੇ ਜੁੜਵਾਂ ਬੱਚਿਆਂ ਵਿਚੋਂ ਧੀ ਖੁਸ਼ਦੀਪ ਕੌਰ ਸਤਵੀਂ ਤੇ ਪੁੱਤਰ ਸਾਹਿਲਦੀਪ ਸਿੰਘ ਛੇਵੀਂ ਜਮਾਤ ਦਾ ਵਿਦਿਆਰਥੀ ਹੈ। ਪਰਿਵਾਰ ਦੀਆਂ ਹੋਰ ਸਮੱਸਿਆਵਾਂ ਦੇ ਨਾਲ ਹੀ ਪਰਮਜੀਤ ਕੌਰ ਨੂੰ ਆਪਣੇ ਬੱਚਿਆਂ ਦੀ ਉਚੇਰੀ ਪੜ੍ਹਾਈ ਦੀ ਚਿੰਤਾ ਵੀ ਸਤਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਉਸ ਨਾਲ ਕੀਤੇ ਗਏ ਵਾਅਦੇ ਅਨੁਸਾਰ ਉਸ ਨੂੰ ਅੱਜ ਤੱਕ ਵੀ ਰਿਹਾਇਸ਼ੀ ਪਲਾਟ ਨਾ ਦੇਣ ਕਰ ਕੇ ਉਸ ਨੂੰ ਪਿੰਡ ਵਿਚ ਹੀ ਬੱਚਿਆਂ ਦੀ ਪੜ੍ਹਾਈ ਆਦਿ ਦਾ ਧਿਆਨ ਰੱਖਦਿਆਂ ਵੱਖਰੀ ਰਿਹਾਇਸ਼ ਬਣਾਉਣੀ ਪੈ ਰਹੀ ਹੈ। ਪਿੰਡ ਵਿਚ ਸ਼ਹੀਦ ਦੀ ਯਾਦਗਾਰ ਬਣਾਉਣ, ਪਿੰਡ ਦੇ ਸਰਕਾਰੀ ਸਕੂਲ ਦਾ ਨਾਂ ਸ਼ਹੀਦ ਦੇ ਨਾਮ ‘ਤੇ ਰੱਖਣ, ਪਿੰਡ ਵਿਚ ਸ਼ਹੀਦ ਦੀ ਯਾਦ ਵਿਚ ਖੇਡ ਦਾ ਮੈਦਾਨ ਬਣਾਉਣ ਆਦਿ ਦੇ ਕੰਮ ਹੁਣ ਤੱਕ ਸ਼ੁਰੂ ਨਹੀਂ ਕੀਤੇ ਗਏ।