ਵਿੱਕੀ ਗੌਂਡਰ ਮੁਕਾਬਲੇ ਨੇ ਉਠਾਏ ਕਈ ਸਵਾਲ
ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਜੁਰਮ ਦੀ ਦੁਨੀਆਂ ਦੇ ਚਰਚਿਤ ਚਿਹਰੇ ਬਣੇ ਡਿਸਕਸ ਥਰੋਅ ਖਿਡਾਰੀ ਹਰਜਿੰਦਰ ਸਿੰਘ ਭੁੱਲਰ ਉਰਫ ਵਿੱਕੀ ਗੌਂਡਰ ਅਤੇ ਉਸ ਦੇ ਦੋ ਸਾਥੀਆਂ ਨੂੰ ਪੁਲਿਸ ਨੇ ਭਾਵੇਂ ਕਥਿਤ ਮੁਕਾਬਲੇ ਵਿਚ ਮਾਰ ਮੁਕਾਇਆ ਹੈ, ਪਰ ਇਸ ਮੁਕਾਬਲੇ ਤੋਂ ਬਾਅਦ ਸਾਹਮਣੇ ਆਏ ਕੁਝ ਤੱਥਾਂ ਨੇ ਪੰਜਾਬ ਦੇ ਮੌਜੂਦਾ ਹਾਲਾਤ ਅਤੇ ਸਰਕਾਰਾਂ ਦੀ ਨਾਲਾਇਕੀ ਉਤੇ ਵੱਡੇ ਸਵਾਲੀਆ ਨਿਸ਼ਾਨ ਲਾ ਦਿੱਤੇ ਹਨ।
ਗੌਂਡਰ ਅਤੇ ਉਸ ਨਾਲ ਮਾਰੇ ਜਾਣ ਵਾਲੇ ਪ੍ਰੇਮਾ ਲਾਹੌਰੀਆ ਗੈਂਗਸਟਰ ਬਣਨ ਤੋਂ ਪਹਿਲਾਂ ਚੰਗੇ ਖਿਡਾਰੀ ਸਨ। ਗੌਂਡਰ ਚੰਗਾ ਡਿਸਕਸ ਥਰੋਅਰ ਸੀ ਅਤੇ ਬਹੁਤਾ ਸਮਾਂ ਖੇਡ ਮੈਦਾਨ ਵਿਚ ਬਿਤਾਉਣ ਕਾਰਨ ਹੀ ਪਹਿਲਾਂ ‘ਗਰਾਊਂਡਰ’ ਅਤੇ ਫਿਰ ‘ਗੌਂਡਰ’ ਵਜੋਂ ਜਾਣਿਆ ਜਾਣ ਲੱਗਾ। ਚੰਗੀ ਖੇਡ ਸਦਕਾ ਹੀ ਉਸ ਨੂੰ ਜਲੰਧਰ ਦੇ ਗੌਰਮਿੰਟ ਆਰਟਸ ਐਂਡ ਸਪੋਰਟਸ ਕਾਲਜ ਵਿਚ ਦਾਖਲਾ ਮਿਲਿਆ। ਸਿਰਫ ਗੌਂਡਰ ਜਾਂ ਲਾਹੌਰੀਆ ਹੀ ਨਹੀਂ, ਹੋਰ ਵੀ ਬਹੁਤੇ ਗੈਂਗਸਟਰ ਪਹਿਲਾਂ ਕਬੱਡੀ ਖਿਡਾਰੀ ਜਾਂ ਭਲਵਾਨ ਰਹੇ ਹਨ।
ਗੌਂਡਰ ਪਿਛਲੇ ਪੰਜ ਸਾਲਾਂ ਤੋਂ ਪੰਜਾਬ ਪੁਲਿਸ ਲਈ ਵੱਡੀ ਸਿਰਦਰਦੀ ਬਣਿਆ ਹੋਇਆ ਸੀ। ਇਹ ਵੀ ਹਕੀਕਤ ਹੈ ਕਿ ਵਿੱਕੀ ਗੌਂਡਰ ਖਿਲਾਫ ਸਖਤੀ ਦਾ ਅਸਲ ਦੌਰ ਅਕਾਲੀ-ਭਾਜਪਾ ਸਰਕਾਰ ਦੇ ਜਾਣ ਅਤੇ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਸ਼ੁਰੂ ਹੋਇਆ। ਪਿਛਲੇ 10 ਮਹੀਨਿਆਂ ਦੌਰਾਨ 11 ਗੈਂਗਸਟਰਾਂ ਦਾ ਮਾਰਿਆ ਜਾਣਾ ਅਤੇ 26 ਹੋਰ ਦਾ ਪੁਲਿਸ ਦੀ ਗ੍ਰਿਫਤ ਵਿਚ ਆਉਣਾ ਇਸ ਤੱਥ ਦੀ ਤਾਈਦ ਹੈ ਕਿ ਸਿਆਸੀ ਤਬਾਦਲੇ ਪਿੱਛੋਂ ਮਾੜੇ ਅਨਸਰਾਂ ਦੀ ਹਕੂਮਤ ਵੀ ਬਦਲ ਜਾਂਦੀ ਹੈ। ਇਹ ਗੱਲ ਜੱਗ ਜ਼ਾਹਰ ਹੈ ਕਿ ਸਿਆਸੀ ਲੋਕ ਚੋਣਾਂ ਜਾਂ ਹੋਰ ਅਜਿਹੇ ਮੌਕਿਆਂ ‘ਤੇ ਅਜਿਹੇ ਨੌਜਵਾਨਾਂ ਦਾ ਖੁੱਲ੍ਹ ਕੇ ਲਾਹਾ ਲੈਂਦੇ ਹਨ। ਉਨ੍ਹਾਂ ਦੇ ਹਰ ਦੁੱਖ ਦਰਦ ਦਾ ਦਾਰੂ ਬਣਨ ਦਾ ਦਾਅਵਾ ਕਰਦੇ ਹਨ, ਪਰ ਆਪਣਾ ਉੱਲੂ ਸਿੱਧਾ ਹੋਣ ਜਾਂ ਕਿਸੇ ਸਿਆਸੀ ਗਰਜ਼ ਲਈ ਇਨ੍ਹਾਂ ਦੀ ਕੁਰਬਾਨੀ ਦੇਣ ਵਿਚ ਵੀ ਦੇਰ ਨਹੀਂ ਲਾਉਂਦੇ। ਹਾਲਾਤ ਅਤੇ ਬੇਰੁਜ਼ਗਾਰੀ ਦੇ ਝੰਬੇ ਅਜਿਹੇ ਨੌਜਵਾਨ ਜਾਂ ਤਾਂ ਵਿਦੇਸ਼ ਜਾਣ ਲਈ ਹਰ ਹੀਲਾ ਵਰਤਣ ਲਈ ਤਿਆਰ ਰਹਿੰਦੇ ਹਨ, ਜਾਂ ਫਿਰ ਸਿਆਸੀ ਲੋਕਾਂ ਦੇ ਹੱਥੇ ਚੜ੍ਹ ਕੇ ਅਪਰਾਧ ਦੇ ਰਾਹ ਤੁਰ ਰਹੇ ਹਨ।
ਗੌਂਡਰ ਦੀ ਮੌਤ ਪਿੱਛੋਂ ਕੈਪਟਨ ਅਮਰਿੰਦਰ ਸਿੰਘ ਭਾਵੇਂ ਇਹ ਦਾਅਵਾ ਕਰ ਰਹੇ ਹਨ ਕਿ ਸੂਬੇ ਵਿਚ ਕਾਂਗਰਸ ਸਰਕਾਰ ਆਉਣ ਪਿੱਛੋਂ ਏ ਕੈਟੇਗਰੀ ਦੇ 47 ਅਤੇ ਬੀ ਕੈਟੇਗਰੀ ਦੇ 42 ਫੀਸਦੀ ਗੈਂਗਸਟਰਾਂ ਨੇ ਜਾਂ ਤਾਂ ਆਤਮ ਸਮਰਪਣ ਕਰ ਦਿੱਤਾ ਹੈ, ਜਾਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਪਰ ਸਚਾਈ ਇਹ ਹੈ ਕਿ ਪੰਜਾਬ ਵਿਚ ਅਜੇ 20 ਗਰੋਹ ਹੋਰ ਸਰਗਰਮ ਹਨ ਜਿਨ੍ਹਾਂ ਵਿਚੋਂ ਦਿਲਪ੍ਰੀਤ ਉਰਫ ਬਾਬਾ ਗੈਂਗ ਖਿਲਾਫ 16, ਗੋਪਾ ਘਨਸ਼ਾਮਪੁਰੀਆ ਗੈਂਗ ਖਿਲਾਫ 14, ਰਣਜੀਤ ਜੀਤਾ ਗੈਂਗ ਤੇ ਨਵਦੀਪ ਨਵੀ ਗੈਂਗ ਖਿਲਾਫ 13-13 ਅਤੇ ਗਗਨਦੀਪ ਗੰਗਣਾ ਗੈਂਗ ਖਿਲਾਫ 12 ਕੇਸ ਦਰਜ ਹਨ। ਗੈਂਗਸਟਰਾਂ ਦੀ ਚੜ੍ਹਤ ਪਿੱਛੇ ਪੁਲਿਸ ਦੀ ਮਿਲੀਭੁਗਤ ਵੀ ਹੁਣ ਲੁਕੀ ਨਹੀਂ ਰਹੀ। ਗੈਂਗਸਟਰ ਸੁੱਖਾ ਕਾਹਲੋਂ ਨੂੰ 22 ਜਨਵਰੀ 2015 ਨੂੰ ਵੱਡੀ ਗਿਣਤੀ ਹਥਿਆਰਬੰਦ ਪੁਲਿਸ ਮੁਲਾਜ਼ਮਾਂ ਦੇ ਸਾਹਮਣੇ ਵਿੱਕੀ ਗੌਂਡਰ ਨੇ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸੇ ਦੋਸ਼ ਵਿਚ ਗੌਂਡਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਪਰ ਉਹ ਅਤਿ ਸੁਰੱਖਿਆ ਵਾਲੀ ਨਾਭਾ ਜੇਲ੍ਹ ਵਿਚੋਂ ਫਰਾਰ ਹੋ ਗਿਆ। ਬਾਅਦ ਵਿਚ ਪਤਾ ਲੱਗਾ ਕਿ ਉਸ ਨੂੰ ਭਜਾਉਣ ਵਿਚ ਵੀ ਪੁਲਿਸ ਮੁਲਾਜ਼ਮਾਂ ਦਾ ਹੱਥ ਸੀ। ਗੌਂਡਰ ਦੇ ਸਾਥੀਆਂ ਨੂੰ ਝਾਲਰ ਵਾਲੀ ਪੱਗ ਇਕ ਪੁਲਿਸ ਮੁਲਾਜ਼ਮ ਨੇ ਹੀ ਬੰਨ੍ਹੀ ਸੀ, ਜੋ ਪੁਲਿਸ ਵਰਦੀ ਵਿਚ ਜੇਲ੍ਹ ਵਿਚ ਦਾਖਲ ਹੋਏ। ਹੁਣ ਗੌਂਡਰ ਦੀ ਮੌਤ ਪਿੱਛੋਂ ਉਸ ਦੇ ਰਿਸ਼ਤੇਦਾਰ ਦੋਸ਼ ਲਾ ਰਹੇ ਹਨ ਕਿ ਪੁਲਿਸ ਮੁਕਾਬਲੇ ਨੂੰ ਅੰਜਾਮ ਤੱਕ ਲਿਜਾਣ ਵਾਲੇ ਸੀæਆਈæਏæ ਰਾਜਪੁਰਾ ਦੇ ਇੰਚਾਰਜ ਵਿਕਰਮ ਸਿੰਘ ਬਰਾੜ ਅਤੇ ਵਿੱਕੀ ਗੌਂਡਰ ਸਪੋਰਟਸ ਕੋਟੇ ਵਿਚ ਹੋਣ ਕਰ ਕੇ ਇਕੱਠੇ ਖੇਡਦੇ ਅਤੇ ਪੜ੍ਹਦੇ ਰਹੇ ਹਨ। ਉਸ ਨੇ ਹੀ ਵਿੱਕੀ ਅਤੇ ਉਸ ਦੇ ਸਾਥੀਆਂ ਨੂੰ ਭਰੋਸੇ ਵਿਚ ਲੈ ਕੇ ਆਤਮ ਸਮਰਪਣ ਕਰਨ ਲਈ ਮਨਾਇਆ ਸੀ, ਪਰ ਮੌਕੇ ‘ਤੇ ਉਨ੍ਹਾਂ ਦਾ ਝੂਠਾ ਪੁਲਿਸ ਮੁਕਾਬਲਾ ਬਣਾ ਦਿੱਤਾ ਗਿਆ। ਇਹ ਵੀ ਪਤਾ ਲੱਗਾ ਹੈ ਕਿ ਇਹ ਪੁਲਿਸ ਅਫਸਰ ਪਿਛਲੇ ਕਾਫੀ ਸਮੇਂ ਤੋਂ ਗੌਂਡਰ ਦੇ ਸੰਪਰਕ ਵਿਚ ਸੀ। ਅਸਲ ਵਿਚ, ਗੈਂਗਸਟਰਾਂ ਦੀ ਦਹਿਸ਼ਤ ਦਾ ਦੌਰ ਪਿਛਲੀ ਅਕਾਲੀ ਭਾਜਪਾ ਸਰਕਾਰ ਸਮੇਂ ਸ਼ੁਰੂ ਹੋਇਆ ਸੀ। ਸਿਆਸੀ ਸ਼ਹਿ ‘ਤੇ ਨੌਜਵਾਨ ਧੜਾ-ਧੜ ਅਜਿਹੇ ਗਰੋਹਾਂ ਦਾ ਹਿੱਸਾ ਬਣੇ। ਉਦੋਂ ਲਾਕਾਨੂੰਨੀ ਦੇ ਮੁੱਦੇ ‘ਤੇ ਬਾਦਲ ਸਰਕਾਰ ਨੂੰ ਵੱਡੇ ਪੱਧਰ ਉਤੇ ਲੋਕ ਰੋਹ ਦਾ ਸਾਹਮਣਾ ਵੀ ਕਰਨਾ ਪਿਆ।
ਗੈਂਗਸਟਰਾਂ ਦੇ ਪੁਲਿਸ ਦੀ ਪਹੁੰਚ ਤੋਂ ਦੂਰ ਹੋਣ ‘ਤੇ ਜਦੋਂ ਸਵਾਲ ਉਠੇ ਤਾਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜੋਸ਼ ਵਿਚ ਆਖ ਗਏ ਸਨ ਕਿ ਉਨ੍ਹਾਂ ਨੂੰ ਪੰਜਾਬ ਵਿਚ ਕੀੜੀ ਦੇ ਤੁਰਨ-ਫਿਰਨ ਦੀ ਜਾਣਕਾਰੀ ਵੀ ਹੁੰਦੀ ਹੈ। ਫਿਰ ਸੁਖਬੀਰ ਬਾਦਲ ਇਸ ਦਾਅਵੇ ਉਤੇ ਬੁਰੀ ਤਰ੍ਹਾਂ ਘਿਰ ਗਿਆ ਕਿ ਜਦੋਂ ਉਨ੍ਹਾਂ ਨੂੰ ਕੀੜੀ ਦੇ ਤੁਰਨ-ਫਿਰਨ ਦੀ ਜਾਣਕਾਰੀ ਹੈ ਤਾਂ ਗੈਂਗਸਟਰਾਂ ਦੀ ਦਿਨ-ਬ-ਦਿਨ ਵਧਦੀ ਫੌਜ ਕਿਉਂ ਨਹੀਂ ਦਿਸਦੀ? ਗੈਂਗਸਟਰਾਂ ਦਾ ਮੁੱਦਾ ਵਿਧਾਨ ਸਭਾ ਚੋਣਾਂ ਵਿਚ ਵੀ ਉਭਰਿਆ ਸੀ। ਕਾਂਗਰਸ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਬਣੀ ਤਾਂ ਗੈਂਗਸਟਰਾਂ ਖਿਲਾਫ ਸਖਤੀ ਕਰੇਗੀ।
—————————-
ਮੋਦੀ ਸਰਕਾਰ ਵੱਲੋਂ ਕੈਪਟਨ ਨੂੰ ਸ਼ਾਬਾਸ਼
ਚੰਡੀਗੜ੍ਹ: ਗੈਂਗਸਟਰਾਂ ਖਿਲਾਫ ਪੰਜਾਬ ਸਰਕਾਰ ਦੀ ਸਫਲਤਾ ਲਈ ਨਰੇਂਦਰ ਮੋਦੀ ਸਰਕਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵਧਾਈ ਦਿੱਤੀ ਹੈ। ਮੁਕਾਬਲੇ ਦੌਰਾਨ ਮਾਰੇ ਗਏ ਗੈਂਗਸਟਰ ਵਿੱਕੀ ਗੌਂਡਰ ਦੇ ਪ੍ਰਸੰਗ ਵਿਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸੂਬਾ ਸਰਕਾਰ ਨੂੰ ਸ਼ਾਬਾਸ਼ ਦਿੱਤੀ ਹੈ। ਗ੍ਰਹਿ ਮੰਤਰੀ ਨੇ ਅਪਰਾਧੀਆਂ ਅਤੇ ਸੰਗਠਤ ਗਰੋਹਾਂ ਖਿਲਾਫ ਕਾਰਵਾਈ ਲਈ ਕੇਂਦਰ ਸਰਕਾਰ ਵੱਲੋਂ ਮਦਦ ਦੀ ਪੇਸ਼ਕਸ਼ ਵੀ ਕੀਤੀ।