ਸਰਹੱਦ ‘ਤੇ ਨਸ਼ਾ ਤਸਕਰਾਂ ਨੇ ਸੋਸ਼ਲ ਮੀਡੀਆ ਨੂੰ ਬਣਾਇਆ ਹਥਿਆਰ

ਅੰਮ੍ਰਿਤਸਰ: ਸਰਹੱਦ ਪਾਰ ਬੈਠੇ ਪਾਕਿਸਤਾਨੀ ਤਸਕਰ ਤੇ ਅਤਿਵਾਦੀ ਭਾਰਤ ਵਿਰੋਧੀ ਕਾਰਵਾਈਆਂ ਨੂੰ ਅੰਜ਼ਾਮ ਦੇਣ, ਗੁਪਤ ਸੁਨੇਹੇ ਭੇਜਣ ਅਤੇ ਨਸ਼ਾ ਤੇ ਹੋਰ ਇਤਰਾਜ਼ਯੋਗ ਵਸਤੂਆਂ ਭਾਰਤੀ ਤਸਕਰਾਂ ਤੱਕ ਪਹੁੰਚਾਉਣ ਲਈ ਸਾਰੀ ਜਾਣਕਾਰੀ ਵਟਸਐਪ ਤੇ ਫੈਸਬੁੱਕ ਦੀ ਮਾਰਫਤ ਸਾਂਝੀ ਕਰ ਰਹੇ ਹਨ।

ਤਸਕਰ ਤੇ ਅਤਿਵਾਦੀ ਇਸ ਤਰ੍ਹਾਂ ਨਾਲ ਬਿਨਾ ਖ਼ੁਫੀਆ ਏਜੰਸੀਆਂ ਦੀ ਨਜ਼ਰ ‘ਚ ਆਇਆਂ ਧੜੱਲੇ ਨਾਲ ਆਪਣੇ ਸਾਥੀਆਂ ਤੱਕ ਕੋਈ ਵੀ ਸੁਨੇਹਾ ਆਸਾਨੀ ਨਾਲ ਪਹੁੰਚਾਉਣ ‘ਚ ਸਫਲ ਹੋ ਰਹੇ ਹਨ। ਉਕਤ ਟੈਲੀਗ੍ਰਾਮ ਮੈਸੇਂਜਰ ਐਪ ਦੀ ਇਕ ਖਾਸੀਅਤ ਇਹ ਵੀ ਦੱਸੀ ਜਾ ਰਹੀ ਹੈ ਕਿ ਇਸ ਰਾਹੀਂ ਬੋਲ ਕੇ ਭੇਜਿਆ ਜਾਣ ਵਾਲਾ ਸੁਨੇਹਾ ਅਤਿਵਾਦੀ ਸੰਗਠਨ ਦੇ ਲੜਾਕਿਆਂ ਕੋਲ ਪਹੁੰਚਣ ਦੇ ਬਾਅਦ ਮੈਸੇਜ਼ ਆਪਣੇ ਆਪ ਹਟ ਜਾਂਦਾ ਹੈ। ਭੇਜੇ ਗਏ ਮੈਸੇਜ਼ ਦਾ ਕੋਈ ਬੈਕਅਪ ਨਾ ਰਹਿਣ ਕਰ ਕੇ ਮੈਸੇਜ਼ ਭੇਜਣ ਅਤੇ ਪ੍ਰਾਪਤ ਕਰਨ ਵਾਲੇ ਨੂੰ ਏਜੰਸੀਆਂ ਲਈ ਲੱਭਣਾ ਟੇਢੀ ਖੀਰ ਸਾਬਤ ਹੋ ਰਿਹਾ ਹੈ।
ਟੈਲੀਗ੍ਰਾਮ ਮੈਸੇਂਜਰ ਐਪ ਇਕ ਕਲਾਊਡ-ਬੇਸਡ ਇੰਸਟੈਂਟ ਮੈਸੇਜਿੰਗ ਸਰਵਿਸ ਹੈ ਜੋ ਚੈਟਿੰਗ ਕਰਨ ‘ਤੇ ਸੁਪਰ ਫਾਸਟ ਹੋਣ ਦੇ ਨਾਲ-ਨਾਲ ਕਾਫੀ ਆਸਾਨ ਅਤੇ ਸੁਰੱਖਿਅਤ ਵੀ ਹੈ। ਇਸ ਵਿਚ ਉਪਭੋਗੀ ਦੇ ਸੁਨੇਹਿਆਂ ਨੂੰ ਨਿੱਜੀ ਰੱਖਿਆ ਜਾਂਦਾ ਹੈ। ਪੁਲਿਸ ਤੇ ਖ਼ੁਫੀਆ ਏਜੰਸੀਆਂ ਦਾ ਕਹਿਣਾ ਹੈ ਕਿ ਅਜਿਹੇ ਲੋਕਾਂ ਦੀ ਕੋਈ ਕਮੀ ਨਹੀਂ ਹੈ, ਜੋ ਥੋੜ੍ਹੇ ਜਿਹੇ ਪੈਸਿਆਂ ਦੇ ਲਾਲਚ ਵਿਚ ਆ ਕੇ ਆਪਣੇ ਨਾਂ ਉਤੇ ਲਿਆ ਮੋਬਾਈਲ ਸਿਮ ਆਸਾਨੀ ਨਾਲ ਅਜਿਹੇ ਖਤਰਨਾਕ ਲੋਕਾਂ ਨੂੰ ਵੇਚ ਦਿੰਦੇ ਹਨ। ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਲਗਦਾ ਦਰਿਆ ਰਾਵੀ ਪਾਕਿਸਤਾਨੀ ਤਸਕਰਾਂ ਲਈ ਆਪਣੇ ਮਨਸੂਬਿਆਂ ਨੂੰ ਅੰਜਾਮ ਦੇਣ ਦਾ ਮੁਫੀਦ ਰਸਤਾ ਸਾਬਤ ਹੋ ਰਿਹਾ ਹੈ।
ਦਰਿਆ ਦੇ ਕੰਢੇ ਸਰਹੱਦ ‘ਤੇ ਲਗਾਈ ਗਈ ਕੰਡੇਦਾਰ ਤਾਰ ਦੇ ਨਾਲ ਉਗੀਆਂ ਵੱਡੀਆਂ-ਵੱਡੀਆਂ ਝਾੜੀਆਂ ਦਾ ਲਾਹਾ ਲੈਂਦਿਆਂ ਸੁਰੱਖਿਆ ਦਸਤਿਆਂ ਦੀਆਂ ਨਜ਼ਰਾਂ ਬਚਾ ਕੇ ਸਰਹੱਦ ਪਾਰ ਘੁਸਪੈਠ ਕਰਨ ਤੇ ਨਸ਼ਾ ਜਾਂ ਹਥਿਆਰ ਪਹੁੰਚਾਉਣ ‘ਚ ਕਾਮਯਾਬ ਹੋ ਜਾਂਦੇ ਹਨ। ਇਹ ਵੀ ਪਤਾ ਲੱਗਾ ਹੈ ਕਿ ਹੁਣ ਸਰਹੱਦ ਪਾਰ ਤੋਂ ਨਸ਼ਿਆਂ ਦੇ ਨਾਲ-ਨਾਲ ਹਥਿਆਰਾਂ ਦੀ ਤਸਕਰੀ ਨੇ ਸੁਰੱਖਿਆ ਬਲਾਂ ਦੀ ਚਿੰਤਾ ਵਧਾ ਦਿੱਤੀ ਹੈ। ਬੀ.ਐਸ਼ਐਫ਼ ਅਧਿਕਾਰੀਆਂ ਦਾ ਵੀ ਮੰਨਣਾ ਹੈ ਕਿ ਰਾਵੀ ਦਰਿਆ ਦੇ ਰਸਤੇ ਤਸਕਰੀ ਨੂੰ ਲਗਾਮ ਪਾਉਣ ਵਿਚ ਵੱਡੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਾਕਿਸਤਾਨ ਦੇ ਗ੍ਰਹਿ ਮੰਤਰੀ ਆਸਾਨ ਇਕਬਾਲ ਨੇ ਪਾਕਿ ਦੇ ਪੁਲਿਸ ਅਧਿਕਾਰੀਆਂ ਨਾਲ ਇਕ ਬੈਠਕ ਦੌਰਾਨ ਦਾਅਵਾ ਕੀਤਾ ਕਿ ਪਾਕਿਸਤਾਨ ਦੇ 5 ਹਜ਼ਾਰ ਤੋਂ ਵਧੇਰੇ ਸਾਬਕਾ ਅਤਿਵਾਦੀ ਮੌਜੂਦਾ ਸਮੇਂ ਪਾਕਿ ਕੱਟੜਪੰਥੀ ਸੰਗਠਨਾਂ ਲਈ ਦਾਨ ਦੇ ਰੂਪ ਵਿਚ ਦੇਸ਼-ਵਿਦੇਸ਼ ਤੋਂ ਧਨ ਇਕੱਠਾ ਕਰ ਰਹੇ ਹਨ।
___________________
ਵ੍ਹੱਟਸਐਪ ਰਾਹੀਂ ਜਾਣਕਾਰੀ ਭੇਜਣ ਵਾਲਾ ਪੰਜਾਬੀ ਗ੍ਰਿਫਤਾਰ
ਬਟਾਲਾ: ਹੈਰੋਇਨ ਤੇ ਪੈਸੇ ਦੇ ਲਾਲਚ ਵਿਚ ਪਾਕਿਸਤਾਨ ਨੂੰ ਜਾਣਕਾਰੀ ਦੇਣ ਵਾਲੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਮੁਤਾਬਕ ਉਸ ਦਾ ਇਕ ਹੋਰ ਸਾਥੀ ਹਾਲੇ ਫਰਾਰ ਹੈ। ਇਹ ਨੌਜਵਾਨ ਪਾਕਿਸਤਾਨ ਵਿਚ ਬੈਠੇ ਲੋਕਾਂ ਨੂੰ ਸਰਹੱਦੀ ਇਲਾਕੇ ਦੀ ਜਾਣਕਾਰੀ ਦਿੰਦੇ ਸਨ।
ਜਾਣਕਾਰੀ ਪ੍ਰਾਪਤ ਕਰਨ ਵਾਲੇ ਲੋਕ ਘੁਸਪੈਠ ਕਰਨ ਦੀ ਫਿਰਾਕ ਵਿਚ ਸਨ। ਪੁਲਿਸ ਮੁਤਾਬਕ ਮਿਲਟਰੀ ਇੰਟੈਲੀਜੈਂਸ ਵੱਲੋਂ ਪ੍ਰਾਪਤ ਸੂਚਨਾ ਦੇ ਆਧਾਰ ‘ਤੇ ਡੇਰਾ ਬਾਬਾ ਨਾਨਕ ਦੇ ਪਿੰਡ ਸ਼ਿਕਾਰ ਮਛੀਆ ਦੇ ਰਹਿਣ ਵਾਲੇ ਗਿਆਨਬੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਮੁਤਾਬਕ ਮੁਲਜ਼ਮ ਨਵੰਬਰ 2017 ਤੋਂ ਵ੍ਹੱਟਸਐਪ ਰਾਹੀਂ ਬਾਦਸ਼ਾਹ ਖਾਨ ਨਾਂ ਦੇ ਵਿਅਕਤੀ ਨਾਲ ਜਾਣਕਾਰੀ ਸਾਂਝੀ ਕਰਦੇ ਸਨ।