ਮੁਕਾਬਲੇ ਵਿਚ ਦੋ ਸਾਥੀਆਂ ਸਣੇ ਮਾਰਿਆ ਗਿਆ ਗੈਂਗਸਟਰ ਗੌਂਡਰ

ਚੰਡੀਗੜ੍ਹ: ਨਾਭਾ ਜੇਲ੍ਹ ਬਰੇਕ ਦੇ ਮੁੱਖ ਸਰਗਨੇ ਅਤੇ ਖਤਰਨਾਕ ਗੈਂਗਸਟਰ ਹਰਜਿੰਦਰ ਸਿੰਘ ਉਰਫ ਵਿੱਕੀ ਗੌਂਡਰ ਤੇ ਉਸ ਦੇ ਦੋ ਸਾਥੀ ਪੁਲਿਸ ਮੁਕਾਬਲੇ ਵਿਚ ਮਾਰੇ ਗਏ। ਪੁਲਿਸ ਦੀਆਂ ਪੰਜ ਟੀਮਾਂ ਵਿਚ ਸ਼ਾਮਲ 35 ਮੁਲਾਜ਼ਮਾਂ ਵੱਲੋਂ ਉਚ ਤਕਨੀਕੀ ਅਤੇ ਖੁਫੀਆ ਉਪਰੇਸ਼ਨ ਚਲਾ ਕੇ 10 ਖਤਰਨਾਕ ਕੇਸਾਂ ਵਿਚ ਲੋੜੀਂਦੇ ਗੌਂਡਰ ਅਤੇ ਸਾਥੀਆਂ ਨੂੰ ਮਾਰਿਆ। ਜਦੋਂ ਪੁਲਿਸ ਨੇ ਗੈਂਗਸਟਰਾਂ ਨੂੰ ਰਾਜਸਥਾਨ ਦੀ ਇਕ ਢਾਣੀ ਦੇ ਮਕਾਨ ਵਿਚ ਘੇਰ ਲਿਆ ਤਾਂ ਗੋਲੀਆਂ ਚਲਾਉਂਦੇ ਪ੍ਰੇਮਾ ਲਹੌਰੀਏ ਨੂੰ ਤਾਂ ਘਰ ਦੀ ਕੰਧ ਟੱਪਦਿਆਂ ਹੀ ਮਾਰ ਮੁਕਾਇਆ ਜਦਕਿ ਗੌਂਡਰ ਨੂੰ ਕੰਧ ‘ਤੇ ਚੜ੍ਹਨ ਦਾ ਮੌਕਾ ਵੀ ਨਾ ਦਿੱਤਾ। ਗੌਂਡਰ ਦੇ ਤੀਜੇ ਸਾਥੀ ਦੀ ਸ਼ਨਾਖਤ ਸਵਿੰਦਰ ਸਿੰਘ (30) ਵਾਸੀ ਘਰਿੰਡਾ ਵਜੋਂ ਹੋਈ ਹੈ।

ਗੌਂਡਰ ‘ਤੇ ਪੰਜਾਬ ਪੁਲਿਸ ਵੱਲੋਂ 7 ਲੱਖ ਰੁਪਏ ਅਤੇ ਬਾਕੀ ਇਨਾਮ ਰਾਜਸਥਾਨ ਪੁਲਿਸ ਵੱਲੋਂ ਰੱਖਿਆ ਗਿਆ ਸੀ। ਗੌਂਡਰ ਕਈ ਫੇਸਬੁੱਕ ਅਕਾਊਂਟਸ ਦੀ ਵਰਤੋਂ ਕਰ ਰਿਹਾ ਸੀ ਜੋ ਖਾੜੀ ਦੇਸ਼ਾਂ, ਸਾਈਪ੍ਰਸ ਅਤੇ ਜਰਮਨੀ ਸਮੇਤ ਵੱਖ-ਵੱਖ ਮੁਲਕਾਂ ਤੋਂ ਉਸ ਦੇ ਸਹਿਯੋਗੀਆਂ ਵੱਲੋਂ ਚਲਾਏ ਜਾ ਰਹੇ ਸਨ। ਪੁਲਿਸ ਦਾ ਦਾਅਵਾ ਹੈ ਕਿ ਗੌਂਡਰ ਨੂੰ ਨਜ਼ਦੀਕੀ ਸਾਥੀ ਅਤੇ ਹੈਂਡਲਰ ਰਮਨਜੀਤ ਸਿੰਘ ਉਰਫ ਰੋਮੀ (ਹਾਂਗਕਾਂਗ) ਰਾਹੀਂ ਪਾਕਿਸਤਾਨ ਤੋਂ ਸਵੈ-ਚਾਲਿਤ ਅਸਾਲਟ ਰਾਈਫਲ ਪ੍ਰਾਪਤ ਹੋਈ ਸੀ ਅਤੇ ਰਮਨਜੀਤ ਸਿੰਘ ਵਿਰੁੱਧ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਜਾ ਚੁੱਕਾ ਹੈ। ਪ੍ਰੇਮ ਸਿੰਘ ਉਰਫ ਪ੍ਰੇਮਾ ਲਹੌਰੀਆ ਵੀ Ḕਏ’ ਸ਼੍ਰੇਣੀ ਦਾ ਗੈਂਗਸਟਰ ਸੀ ਜਿਸ ਉਤੇ 2 ਲੱਖ ਰੁਪਏ ਦਾ ਇਨਾਮ ਸੀ। ਪਿਛਲੇ ਹਫਤੇ ਵਿਸ਼ੇਸ਼ ਟੀਮ ਨੂੰ ਜਾਣਕਾਰੀ ਮਿਲੀ ਸੀ ਕਿ ਫਾਜ਼ਿਲਕਾ, ਫਿਰੋਜ਼ਪੁਰ ਅਤੇ ਤਰਨਤਾਰਨ ਦੇ ਸਰਹੱਦੀ ਜ਼ਿਲ੍ਹਿਆਂ ਵਿਚ ਦੋਹਾਂ ਨੂੰ ਦੇਖਿਆ ਗਿਆ ਹੈ। 26 ਜਨਵਰੀ ਨੂੰ ਪੁਲਿਸ ਟੀਮ ਨੂੰ ਸੂਚਨਾ ਮਿਲੀ ਸੀ ਕਿ ਦੋਵੇਂ ਅਪਰਾਧੀ ਪਿੰਡ ਪੰਜਾਵਾ ਵਿਚ ਲਖਵਿੰਦਰ ਸਿੰਘ ਉਰਫ ਲੱਖਾ ਦੀ Ḕਢਾਣੀ’ ਉਪਰ ਲੁਕੇ ਹੋਏ ਹਨ। ਪੁਲਿਸ ਟੀਮ ਨੂੰ ਦੇਖ ਕੇ ਤਿੰਨੇ ਕਮਰੇ ਵਿਚੋਂ ਬਾਹਰ ਭੱਜੇ ਅਤੇ ਪੁਲਿਸ ਉਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਜਵਾਬੀ ਕਾਰਵਾਈ ਵਿਚ ਗੌਂਡਰ ਅਤੇ ਲਹੌਰੀਆ ਮਾਰੇ ਗਏ ਅਤੇ ਤੀਜਾ ਸਾਥੀ ਜਖ਼ਮੀ ਹੋ ਗਿਆ ਜਿਸ ਨੂੰ ਅਬੋਹਰ ਦੇ ਹਸਪਤਾਲ ‘ਚ ਇਲਾਜ ਲਈ ਲਿਆਂਦਾ ਗਿਆ ਜਿਥੇ ਉਸ ਦੀ ਮੌਤ ਹੋ ਗਈ। ਜਿਸ ਢਾਣੀ ‘ਚ ਗੈਂਗਸਟਰ ਦੋ ਦਿਨਾਂ ਤੋਂ ਲੁਕੇ ਹੋਏ ਸਨ, ਉਹ ਇਲਾਕਾ ਪਿੰਡ ਪੱਕੀ, ਥਾਣਾ ਹਿੰਦੂਮੱਲ ਕੋਟ, ਜ਼ਿਲ੍ਹਾ ਗੰਗਾਨਗਰ, ਰਾਜਸਥਾਨ ਦੇ ਅਧਿਕਾਰ ਖੇਤਰ ਵਿਚ ਆਉਂਦਾ ਹੈ ਅਤੇ ਪੰਜਾਬ ਦੀ ਸਰਹੱਦ ਤੋਂ ਸਿਰਫ 50 ਮੀਟਰ ਦੂਰ ਹੈ।
____________________
ਪਰਿਵਾਰ ਦੇ ਗਲੇ ਨਹੀਂ ਉਤਰ ਰਿਹਾ ਪੁਲਿਸ ਮੁਕਾਬਲਾ
ਲੰਬੀ: ਭਤੀਜੇ ਦੀ ਪੁਲਿਸ ਮੁਕਾਬਲੇ ਵਿਚ ਮੌਤ ਵਿੱਕੀ ਗੌਂਡਰ ਦੇ ਚਾਚਿਆਂ-ਤਾਇਆਂ ਦੇ ਗਲੇ ਨਹੀਂ ਉਤਰ ਰਹੀ। ਪਰਿਵਾਰ ਨੇ ਦੋਸ਼ ਲਾਇਆ ਕਿ ਪੰਜਾਬ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਕੇ ਬਾਅਦ ਵਿਚ ਰਾਜਸਥਾਨ ਦੀ ਹੱਦ ‘ਤੇ ਲਿਜਾ ਕੇ ਮੁਕਾਬਲਾ ਵਿਖਾ ਕੇ ਮਾਰ ਦਿੱਤਾ, ਜਿਸ ਦੀ ਉਚ ਪੱਧਰੀ ਪੜਤਾਲ ਹੋਣੀ ਚਾਹੀਦੀ ਹੈ। ਵਿੱਕੀ ਦੇ ਮਾਮੇ ਗੁਰਭੇਜ ਸਿੰਘ ਨੇ ਪੁਲਿਸ ਮੁਕਾਬਲੇ ਨੂੰ ਅੰਜਾਮ ਤੱਕ ਲੈ ਕੇ ਜਾਣ ਵਾਲੇ ਸੀ.ਆਈ.ਏ. ਰਾਜਪੁਰਾ ਦੇ ਇੰਚਾਰਜ ਵਿਕਰਮ ਸਿੰਘ ਬਰਾੜ ‘ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਉਹ (ਵਿਕਰਮ) ਅਤੇ ਵਿੱਕੀ ਦੋਵੇਂ ਸਪੋਰਟਸ ਕੋਟੇ ਵਿਚ ਹੋਣ ਕਰ ਕੇ ਇਕੱਠੇ ਖੇਡਦੇ ਤੇ ਪੜ੍ਹਦੇ ਰਹੇ ਹਨ। ਉਸ ਨੇ ਹੀ ਵਿੱਕੀ ਤੇ ਉਸ ਦੇ ਸਾਥੀਆਂ ਨੂੰ ਭਰੋਸੇ ਵਿਚ ਲੈ ਕੇ ਆਤਮ ਸਮਰਪਣ ਕਰਨ ਲਈ ਮਨਾਇਆ ਸੀ, ਪਰ ਮੌਕੇ ‘ਤੇ ਉਨ੍ਹਾਂ ਦਾ ਝੂਠਾ ਪੁਲੀਸ ਮੁਕਾਬਲਾ ਬਣਾ ਦਿੱਤਾ ਗਿਆ। ਵਿੱਕੀ ਦੇ ਚਾਚੇ ਜਗਦੀਸ਼ ਸਿੰਘ ਪੱਪੂ ਨੇ ਵੀ ਗੁਰਭੇਜ ਸਿੰਘ ਵੱਲੋਂ ਲਾਏ ਦੋਸ਼ਾਂ ਦੀ ਪੁਸ਼ਟੀ ਕੀਤੀ ਹੈ।
__________________
ਖਿਡਾਰੀ ਤੋਂ ਅਪਰਾਧ ਦਾ ਰਾਹ
ਚੰਡੀਗੜ੍ਹ: ਵਿੱਕੀ ਗੌਂਡਰ ਚਰਚਿਤ ਨਾਭਾ ਜੇਲ੍ਹ ਬਰੇਕ ਕਾਂਡ ਦਾ ਮੁੱਖ ਮੁਲਜ਼ਮ ਸੀ। ਉਹ ਨਵੰਬਰ 2016 ਵਿਚ ਜੇਲ੍ਹ ਤੋਂ ਫਰਾਰ ਹੋ ਗਿਆ ਸੀ। ਇਸ ਤੋਂ ਇਲਾਵਾ ਵਿੱਕੀ ਗੌਂਡਰ ਨੇ ਗੈਂਗਸਟਰ ਸੁੱਖਾ ਕਾਹਲੋਂ ਨੂੰ ਪੁਲਿਸ ਹਿਰਾਸਤ ਵਿਚ ਹੀ ਕਤਲ ਕਰ ਦਿੱਤਾ ਸੀ। ਮਾਰੇ ਗਏ ਗੈਂਗਸਟਰਾਂ ਦੇ ਸਿਰ ‘ਤੇ ਪੰਜਾਬ ਪੁਲਿਸ ਨੇ ਲੱਖਾਂ ਦਾ ਇਨਾਮ ਰੱਖਿਆ ਹੋਇਆ ਸੀ। ਹਰਜਿੰਦਰ ਸਿੰਘ ਭੁੱਲਰ ਉਰਫ ਵਿੱਕੀ ਗੌਂਡਰ ਜਿਸ ਦਾ ਨਾਂ ਪੰਜਾਬ ਦੇ ਗੈਂਗਸਟਰਾਂ ਦੀ ਸੂਚੀ ਵਿਚ ਸਭ ਤੋਂ ਉਪਰ ਸੀ, ਮਲੋਟ ਦੇ ਪਿੰਡ ਸਰਾਵਾਂ ਬੋਧਲਾਂ ਦਾ ਰਹਿਣ ਵਾਲਾ ਸੀ। ਇਹ ਨੌਜਵਾਨ ਜਲੰਧਰ ਦੇ ਸਪੋਰਟਸ ਸਕੂਲ ਵਿਚ ਪੜ੍ਹਦਾ ਸੀ ਤੇ ਨਾਲ ਹੀ ਡਿਸਕਸ-ਥ੍ਰੋਅ ਦਾ ਖਿਡਾਰੀ ਵੀ ਸੀ।
ਗੈਂਗਸਟਰ ਸੁੱਖਾ ਕਾਹਲੋਂ ਨੂੰ 22 ਜਨਵਰੀ 2015 ‘ਚ ਪੁਲਿਸ ਹਿਰਾਸਤ ਵਿਚ ਦਿਨ ਦਿਹਾੜੇ ਗੋਲੀਆਂ ਮਾਰਨ ਤੋਂ ਬਾਅਦ ਵਿੱਕੀ ਗੌਂਡਰ ਮਸ਼ਹੂਰ ਹੋ ਗਿਆ।
ਪੰਜਾਬ ਪੁਲਿਸ ਨੇ ਉਸ ਨੂੰ ਸੁੱਖਾ ਕਾਹਲੋਂ ਦੇ ਕਤਲ ਤੇ ਹੋਰ ਕਈ ਮਾਮਲਿਆਂ ਵਿਚ ਗ੍ਰਿਫਤਾਰ ਕਰ ਲਿਆ ਸੀ। ਮਾਮਲਾ ਹਾਲੇ ਅਦਾਲਤ ਵਿਚ ਹੀ ਸੀ ਪਰ 27 ਨਵੰਬਰ 2016 ਨੂੰ ਨਾਭਾ ਜੇਲ੍ਹ ਵਿਚੋਂ ਫਰਾਰ ਹੋ ਗਿਆ। ਉਸ ਨਾਲ ਖਾਲਿਸਤਾਨੀ ਹਰਮਿੰਦਰ ਸਿੰਘ ਮਿੰਟੂ ਵੀ ਜੇਲ੍ਹ ਵਿਚੋਂ ਭੱਜ ਗਿਆ ਸੀ, ਪਰ ਛੇਤੀ ਹੀ ਕਾਬੂ ਆ ਗਿਆ ਸੀ।
_________________________
ਵਿਦੇਸ਼ਾਂ ਵਿਚ ਵੀ ਗੈਂਗਸਟਰ ਕਲਚਰ ਦਾ ਸ਼ਿਕਾਰ ਹੋਏ ਪੰਜਾਬੀ
ਅੱਠ ਸਾਲਾਂ ਵਿਚ 67 ਪੰਜਾਬੀ ਨੌਜਵਾਨ ਗਏ ਮੌਤ ਦੇ ਮੂੰਹ
ਚੰਡੀਗੜ੍ਹ: ਗੈਂਗਵਾਰ ਪੰਜਾਬ ਵਿਚ ਹੀ ਨਹੀਂ ਕੌਮਾਂਤਰੀ ਵਰਤਾਰਾ ਹੈ। ਪੰਜਾਬੀਆਂ ਦੇ ਬੱਚੇ ਵਿਦੇਸ਼ਾਂ ਵਿਚ ਜਾ ਕੇ ਵੀ ਗੈਂਗਵਾਰ ਦਾ ਹਿੱਸਾ ਬਣ ਰਹੇ ਹਨ। ਕੈਨੇਡਾ ਦੀ ਧਰਤੀ ਉਤੇ ਪੰਜਾਬੀ ਗੈਂਗਵਾਰ ਦਾ ਵੱਡੇ ਪੱਧਰ ‘ਤੇ ਸ਼ਿਕਾਰ ਹੋਏ ਹਨ। ਅੰਕੜਿਆਂ ਅਨੁਸਾਰ 2009 ਤੋਂ ਹੁਣ ਤੱਕ ਇਸ ਧੜੇਬੰਦਕ ਲੜਾਈ ਕਾਰਨ 425 ਤੋਂ ਵਧੇਰੇ ਜਾਨਾਂ ਜਾ ਚੁੱਕੀਆਂ ਹਨ, ਜਿਨ੍ਹਾਂ ਵਿਚ 67 ਪੰਜਾਬੀ ਸਿੱਖ ਗੱਭਰੂ ਸ਼ਾਮਲ ਹਨ।
ਇਸ ਵਰ੍ਹੇ ਅਜਿਹੀ ਬਦਲਾਖੋਰੀ ਦੀ ਅੱਗ ਹੋਰ ਤੇਜ਼ ਹੋ ਚੁੱਕੀ ਹੈ, ਜਿਸ ਨੇ ਜਨਵਰੀ ਤੋਂ ਹੁਣ ਤੱਕ 17 ਪੰਜਾਬੀ ਜਵਾਨਾਂ ਸਮੇਤ 58 ਜ਼ਿੰਦਗੀਆਂ ਖੋਹ ਲਈਆਂ। ਧੜੇਬਾਜ਼ੀ ਅਤੇ ਹੋਰ ਰੰਜ਼ਿਸ਼ੀ ਘਟਨਾਵਾਂ ‘ਤੇ ਝਾਤੀ ਮਾਰੀਏ ਤਾਂ 23 ਜਨਵਰੀ 2017 ਨੂੰ 22 ਸਾਲਾ ਕਰਨਪ੍ਰਤਾਪ ਵੜੈਚ ਨੂੰ ਸਰੀ ਵਿਚ ਉਸ ਦੀ ਗੱਡੀ ‘ਚ ਗੋਲੀ ਦਾ ਸ਼ਿਕਾਰ ਬਣਾਇਆ। ਇਕ ਹੋਰ ਪੰਜਾਬੀ ਸਟੀਵ ਨਾਗਰਾ ਦੇ ਕਤਲ ਮਾਮਲੇ ‘ਚ ਸੁਣਵਾਈ ਅਧੀਨ 36 ਸਾਲਾ ਹਰਸ਼ਾਨ ਬੈਂਸ ਨੂੰ 26 ਜਨਵਰੀ ਵਾਲੇ ਦਿਨ ਮੌਤ ਦੇ ਘਾਟ ਉਤਾਰ ਦਿੱਤਾ ਗਿਆ। 9 ਫਰਵਰੀ 2017 ਨੂੰ ਮਨਿੰਦਰ ਵੜੈਚ (38) ਅਤੇ 20 ਫਰਵਰੀ ਨੂੰ ਸਤਕਾਰ ਸਿੱਧੂ (23) ਵਿਰੋਧੀਆਂ ਦੀ ਗੋਲੀ ਦਾ ਨਿਸ਼ਾਨਾ ਬਣ ਗਏ। 9 ਮਾਰਚ 2017 ਨੂੰ 32 ਸਾਲਾ ਨਵਦੀਪ ਸੰਘੇੜਾ ਅਤੇ 49 ਸਾਲਾ ਹਰਜੀਤ ਸਿੰਘ ਮਾਨ ਨੂੰ ਇਕੱਠਿਆਂ ਹੀ ਕਤਲ ਕਰ ਦਿੱਤਾ ਗਿਆ। 13 ਮਾਰਚ 2017 ਨੂੰ 29 ਸਾਲਾ ਬਰਿੰਦਰਜੀਤ ਭੰਗੂ ਅਤੇ 24 ਮਾਰਚ 2017 ਨੂੰ 20 ਸਾਲਾ ਜਸਕਰਨ ਲਾਲੀ ਵੀ ਗੈਂਗਵਾਰ ਦਾ ਨਿਸ਼ਾਨਾ ਬਣੇ। 26 ਮਾਰਚ 2017 ਨੂੰ ਜਸਪ੍ਰੀਤ ਧਾਲੀਵਾਲ ਦਾ ਕਤਲ ਹੋ ਗਿਆ ਅਤੇ 14 ਮਈ ਨੂੰ ਜਸਦੀਪ ਕਲੇਰ (24) ਦੀ ਸ਼ੱਕੀ ਹਮਲੇ ‘ਚ ਮੌਤ ਹੋ ਗਈ। 4 ਅਗਸਤ 2017 ਨੂੰ 18 ਸਾਲਾ ਜਸਪ੍ਰੀਤ ਸਿੱਧੂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। 29 ਅਗਸਤ ਨੂੰ 22 ਸਾਲਾ ਪਰਦੀਪ ਸਿੰਘ ਦਾ ਕਤਲ ਕਰ ਦਿੱਤਾ ਗਿਆ ਅਤੇ ਦੋ ਦਿਨ ਬਾਅਦ 31 ਅਗਸਤ ਨੂੰ 18 ਸਾਲਾ ਸਹਿਜ ਸਿੱਧੂ ਨੂੰ ਗੋਲੀ ਮਾਰ ਦਿੱਤੀ ਗਈ। 27 ਅਕਤੂਬਰ 2017 ਨੂੰ 27 ਸਾਲਾ ਰਣਦੀਪ ਕੰਗ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਜਦਕਿ ਉਸ ਦਾ ਭਰਾ ਗੈਰੀ ਇਸ ਹਮਲੇ ‘ਚ ਜ਼ਖ਼ਮੀ ਹੋ ਗਿਆ।
ਸਥਾਨਕ ਗੈਂਗਵਾਰ ਦਾ ਸ਼ਿਕਾਰ ਬਣੇ ਲਗਭਗ ਸਾਰੇ ਪੰਜਾਬੀ ਨੌਜਵਾਨ ਕੈਨੇਡਾ ਦੇ ਜੰਮਪਲ ਸਨ ਅਤੇ ਉਨ੍ਹਾਂ ਵਿਚੋਂ ਬਹੁਤੇ ਨਸ਼ੇ ਤੇ ਧੜੇਬੰਦੀ ‘ਚ ਸਰਗਰਮ ਸਨ। ਉਕਤ ਪੰਜਾਬੀਆਂ ਤੋਂ ਇਲਾਵਾ ਇਸ ਹਾਲਾਤ ਦੀ ਬਲੀ ਚੜ੍ਹੇ ਲੋਕਾਂ ‘ਚ ਚੀਨੇ, ਗੋਰੇ ਅਤੇ ਅਸਮਾਈਲੀ ਸ਼ਾਮਲ ਹਨ। ਗੈਂਗਵਾਰ ਉਤੇ ਰੋਕਥਾਮ ‘ਚ ਪੁਲਿਸ ਦੀ ਲਾਚਾਰੀ ਦਾ ਮੁੱਖ ਕਾਰਨ ਧੜਿਆਂ ਵੱਲੋਂ ਆਪਣੀ ਦੁਸ਼ਮਣੀ ਆਪੇ ਨਜਿੱਠਣ ਦੀ ਹਿਰਸ ਹੈ ਅਤੇ ਬਹੁਤੀ ਵਾਰ ਹਮਲਾਵਰ ‘ਤੇ ਸ਼ੱਕ ਹੋਣ ਦੇ ਬਾਵਜੂਦ ਪੁਲਿਸ ਨੂੰ ਦੱਸਿਆ ਨਹੀਂ ਜਾਂਦਾ। ਪੁਲਿਸ ਵੱਲੋਂ ਧੜੇਬਾਜ਼ੀ ‘ਚ ਸ਼ਾਮਲ ਨੌਜਵਾਨਾਂ ਦੀ ਪਛਾਣ ਮਗਰੋਂ ਉਨ੍ਹਾਂ ਦੀਆਂ ਤਸਵੀਰਾਂ ਜਨਤਕ ਕੀਤੀਆਂ ਜਾਂਦੀਆਂ ਹਨ ਅਤੇ ਆਮ ਲੋਕਾਂ ਨੂੰ ਉਨ੍ਹਾਂ ਤੋਂ ਪਾਸੇ ਰਹਿਣ ਦੀ ਹਦਾਇਤ ਕੀਤੀ ਜਾਂਦੀ ਹੈ।