ਆਈ.ਪੀ.ਐਲ਼ ਨਿਲਾਮੀ: ਕੇ.ਐਲ਼ ਰਾਹੁਲ ਤੇ ਪਾਂਡੇ ‘ਤੇ ਨੋਟਾਂ ਦਾ ਮੀਂਹ

ਬੰਗਲੌਰ: ਅਮੀਰਾਂ ਦੀ ਖੇਡ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ਼) ਵਿਚ ਭਾਰਤ ਅਤੇ ਇੰਗਲੈਂਡ ਦੇ ਖਿਡਾਰੀਆਂ ਦਾ ਕਰੋੜਾਂ ਰੁਪਏ ਵਿਚ ਮੁੱਲ ਪਿਆ। ਫਰੈਂਚਾਈਜ਼ੀਆਂ ਨੇ ਭਾਰਤੀ ਖਿਡਾਰੀ ਕੇ.ਐਲ਼ ਰਾਹੁਲ ਅਤੇ ਮਨੀਸ਼ ਪਾਂਡੇ ਉਤੇ ਪੈਸਿਆਂ ਦਾ ਖੂਬ ਮੀਂਹ ਵਰ੍ਹਾਇਆ ਜਦਕਿ ਇੰਗਲੈਂਡ ਦੇ ਹਰਫਨਮੌਲਾ ਬੇਨ ਸਟੋਕਸ ਦੀ ਸਭ ਤੋਂ ਵੱਧ ਕੀਮਤ ਲੱਗੀ। ਯੁਵਰਾਜ ਨੂੰ ਕਿੰਗਜ਼ ਇਲੈਵਨ ਪੰਜਾਬ ਅਤੇ ਹਰਭਜਨ ਨੂੰ ਚੇਨਈ ਸੁਪਰ ਕਿੰਗਜ਼ (ਸੀ.ਐਸ਼ਕੇ.) ਨੇ ਉਨ੍ਹਾਂ ਦੇ ਆਧਾਰ ਮੁੱਲ ਦੋ-ਦੋ ਕਰੋੜ ਰੁਪਏ ਵਿਚ ਖਰੀਦਿਆ।

ਬੋਲੀ ਵਿਚ ਕਿੰਗਜ਼ ਇਲੈਵਨ ਪੰਜਾਬ ਅਤੇ ਚੇਨਈ ਸੁਪਰ ਕਿੰਗਜ਼ ਨੂੰ ਪਛਾੜ ਕੇ ਰਾਜਸਥਾਨ ਰਾਇਲਜ਼ ਨੇ ਸਟੋਕਸ ਨੂੰ 12.5 ਕਰੋੜ ਰੁਪਏ ਵਿਚ ਖਰੀਦਿਆ। ਸਲਾਮੀ ਬੱਲੇਬਾਜ਼ ਰਾਹੁਲ ਅਤੇ ਮੱਧ ਕ੍ਰਮ ਦੇ ਬੱਲੇਬਾਜ਼ ਪਾਂਡੇ ਉਤੇ ਕ੍ਰਮਵਾਰ ਕਿੰਗਜ਼ ਇਲੈਵਨ ਪੰਜਾਬ ਅਤੇ ਸਨਰਾਈਜ਼ ਹੈਦਰਾਬਾਦ ਨੇ 11-11 ਕਰੋੜ ਰੁਪਏ ਖਰਚੇ। ਇਨ੍ਹਾਂ ਉਤੇ ਲੱਗੀ ਕੀਮਤ ਨੂੰ ਵੇਖਦਿਆਂ ਦੋਵਾਂ ਖਿਡਾਰੀਆਂ ਦੇ ਅਸਲੀ ਫਰੈਂਚਾਈਜ਼ੀ ਆਰ.ਸੀ.ਬੀ. ਅਤੇ ਕੇਕੇਆਰ ਨੇ ਮੈਚ ਦਾ ਅਧਿਕਾਰ (ਐਮ.ਟੀ.ਆਰ.) ਕਾਰਡ ਨਹੀਂ ਵਰਤਿਆ।
ਸਨਰਾਈਜ਼ ਹੈਦਰਾਬਾਦ ਨੇ ਆਪਣੇ ਅਫਗਾਨੀ ਸਪਿਨਰ ਰਸ਼ੀਦ ਖਾਨ ਅਰਮਾਨ ਨੂੰ ਨੌਂ ਕਰੋੜ ਰੁਪਏ ਵਿਚ ਮੁੜ ਖਰੀਦ ਲਿਆ। ਭਾਰਤੀ ਟੀਮ ਵਿਚੋਂ ਬਾਹਰ ਚੱਲ ਰਹੇ ਕਰੁਨ ਨਾਇਰ ‘ਤੇ ਕਿੰਗਜ਼ ਇਲੈਵਨ ਪੰਜਾਬ ਨੇ ਪੰਜ ਲੱਖ 60 ਹਜ਼ਾਰ ਰੁਪਏ ਲਾਏ। ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਚੇਨਈ ਸੁਪਰ ਕਿੰਗਜ਼ ਨੇ ਕੇਦਾਰ ਜਾਧਵ ‘ਤੇ ਸੱਤ ਕਰੋੜ 80 ਲੱਖ ਰੁਪਏ ਦੀ ਚੰਗੀ ਕੀਮਤ ਲਾਈ।
ਇਸੇ ਤਰ੍ਹਾਂ ਚੇਨਈ ਨੇ ਆਪਣੇ ਪੁਰਾਣੇ ਖਿਡਾਰੀ ਰਵੀਚੰਦਰਨ ਅਸ਼ਵਿਨ ਨੂੰ ਜ਼ਿਆਦਾ ਤਵੱਜੋ ਨਹੀਂ ਦਿੱਤੀ, ਜਿਸ ਨੂੰ ਪੰਜਾਬ ਨੇ ਸੱਤ ਕਰੋੜ 60 ਲੱਖ ਰੁਪਏ ਵਿਚ ਲੈ ਲਿਆ।
ਟੀ-20 ਖਿਡਾਰੀ ਸੰਜੂ ਸੈਮਸਨ ਨੂੰ ਰਾਜਸਥਾਨ ਨੇ ਅੱਠ ਕਰੋੜ ਅਤੇ ਕੇ.ਕੇ.ਆਰ. ਨੇ ਰੋਬਿਨ ਉਥੱਪਾ ਨੂੰ ਛੇ ਕਰੋੜ ਚਾਲੀ ਲੱਖ ਰੁਪਏ ਵਿਚ ਖਰੀਦਿਆ। ਆਰ.ਸੀ.ਬੀ. ਨੇ ਕਰਨ ਸ਼ਰਮਾ ਉਤੇ ਪੰਜ ਕਰੋੜ ਅਤੇ ਯੁਜ਼ਵੇਂਦਰ ਚਾਹਲ ‘ਤੇ ਛੇ ਕਰੋੜ ਰੁਪਏ ਲਾਏ ਜਦੋਂਕਿ ਕੇ.ਕੇ.ਆਰ. ਨੇ ਕੁਲਦੀਪ ਯਾਦਵ ‘ਤੇ ਪੰਜ ਕਰੋੜ 80 ਲੱਖ ਰੁਪਏ ਲਾਏ। ਦਿੱਲੀ ਡੇਰਅਡੇਵਿਲਜ਼ ਨੇ ਰਾਹੁਲ ਤੇਵਾਤੀਆ ਨੂੰ ਅਤੇ ਕੇ.ਕੇ.ਆਰ. ਨੇ ਵਿਕਟਕੀਪਰ ਦਿਨੇਸ਼ ਕਾਰਤਿਕ ਨੂੰ ਸੱਤ ਕਰੋੜ 40 ਲੱਖ ਰੁਪਏ ਵਿਚ ਖਰੀਦਿਆ। ਰਿਧੀਮਾਨ ਸਾਹਾ ਪੰਜ ਕਰੋੜ ਰੁਪਏ ਵਿਚ ਸਨਰਾਈਜ਼ ਨਾਲ ਚਲੇ ਗਏ ਜਦੋਂਕਿ ਪਾਰਥਿਵ ਪਟੇਲ ਦਾ ਕੋਈ ਮੁੱਲ ਨਹੀਂ ਪਿਆ।
ਇਸ ਵਾਰ ਦੀ ਆਈ.ਪੀ.ਐਲ਼ ਬੋਲੀ ਵਿਚ ਸਟੌਕਸ ਦੀ ਚੜ੍ਹਾਈ ਰਹੀ। ਹਾਲਾਂਕਿ ਪਿਛਲੀ ਵਾਰ ਸਟੌਕਸ ਨੂੰ ਰਾਈਜਿੰਗ ਪੁਣੇ ਸੁਪਰਜਾਂਇਟਸ ਨੇ ਸਾਢੇ 14 ਕਰੋੜ ਰੁਪਏ ਵਿਚ ਖਰੀਦਿਆ ਸੀ। ਇਸ ਤੋਂ ਇਲਾਵਾ ਮਿਸ਼ੇਲ ਸਟਾਰਕ ਅਤੇ ਗਲੈਨ ਮੈਕਸਵੈਲ ਨੂੰ ਕਲਕੱਤਾ ਨਾਈਟ ਰਾਈਡਰਜ਼ (ਕੇ.ਕੇ.ਆਰ.) ਅਤੇ ਦਿੱਲੀ ਡੇਅਰਡੇਵਿਲਜ਼ ਨੇ ਕ੍ਰਮਵਾਰ ਨੌਂ ਕਰੋੜ 60 ਲੱਖ ਰੁਪਏ ਅਤੇ ਨੌਂ ਕਰੋੜ ਰੁਪਏ ਵਿਚ ਖਰੀਦਿਆ। ਕੇ.ਕੇ.ਆਰ. ਨੇ ਕ੍ਰਿਸ ਲਾਈਨ ਨੂੰ ਨੌਂ ਕਰੋੜ 60 ਲੱਖ ਰੁਪਏ ਵਿਚ ਲਿਆ ਜਦੋਂਕਿ ਦਿੱਲੀ ਡੇਅਰਡੇਵਿਲਜ਼ ਨੇ ਗੌਤਮ ਗੰਭੀਰ ਉਤੇ ਦੋ ਕਰੋੜ 80 ਲੱਖ ਰੁਪਏ ਦੀ ਕੀਮਤ ਲਾਈ।
__________________
ਕ੍ਰਿਸ ਗੇਲ ਦੀ ਵੀ ਸੁਣੀ ਗਈ
ਬੈਂਗਲੁਰੂ: ਆਈ.ਪੀ.ਐਲ਼ 11 ਦੀ ਨਿਲਾਮੀ ਵਿਚ ਕ੍ਰਿਸ ਗੇਲ ਨੂੰ ਦੋ ਵਾਰ ਨਕਾਰ ਦਿੱਤਾ ਗਿਆ ਪਰ ਤੀਸਰੀ ਵਾਰ ਕਿੰਗਜ਼ ਇਲੈਵਨ ਪੰਜਾਬ ਵੱਲੋਂ ਦਰਿਆਦਿਲੀ ਵਿਖਾਉਂਦੇ ਹੋਏ ਪ੍ਰੀਟੀ ਜ਼ਿੰਟਾ ਤੇ ਸਹਿਵਾਗ ਨੇ ਉਸ ਦੀ ਬੋਲੀ ਲਗਾ ਹੀ ਦਿੱਤੀ। ਹਾਲਾਂਕਿ ਕ੍ਰਿਸ ਗੇਲ ਆਪਣੀ ਮੁਢਲੀ ਕੀਮਤ 2 ਕਰੋੜ ਰੁਪਏ ਵਿਚ ਹੀ ਵਿਕੇ ਹਨ। ਇਸ ਮੌਕੇ ਨਿਪਾਲ ਦੇ ਨੌਜਵਾਨ ਕ੍ਰਿਕਟਰ ਸੰਦੀਪ ਲਮੀਛਾਨੇ ਨੇ ਦਿੱਲੀ ਡੇਅਰਡੇਵਿਲਜ਼ ਦੀ ਟੀਮ ਵਿਚ ਆਪਣੀ ਜਗ੍ਹਾ ਬਣਾ ਲਈ ਹੈ। ਇਸ 17 ਸਾਲਾ ਲੈੱਗ ਸਪਿਨਰ ਨੂੰ ਦਿੱਲੀ ਡੇਅਰਡੇਵਿਲਜ਼ ਨੇ ਉਸ ਦੇ ਮੁਢਲੀ ਕੀਮਤ 20 ਲੱਖ ਰੁਪਏ ਵਿਚ ਖਰੀਦਿਆ ਹੈ। ਇਹ ਨਿਪਾਲੀ ਕ੍ਰਿਕਟਰ ਸਾਲ 2016 ਵਿਚ ਅੰਡਰ-19 ਵਿਸ਼ਵ ਕੱਪ ਦੌਰਾਨ ਤਦ ਸੁਰਖੀਆਂ ਵਿਚ ਆਇਆ ਸੀ ਜਦ ਉਸ ਨੇ ਇਕ ਮੈਚ ਵਿਚ ਹੈਟ੍ਰਿਕ ਸਮੇਤ 5 ਵਿਕਟ ਆਪਣੇ ਨਾਂ ਕੀਤੀਆਂ ਸਨ।