ਲੰਡਨ ਵਿਚ ਭਾਰਤ ਪੱਖੀ ਤੇ ਵਿਰੋਧੀ ਗਰੁੱਪਾਂ ਦਰਮਿਆਨ ਟਕਰਾਅ

ਆਜ਼ਾਦ ਕਸ਼ਮੀਰ ਤੇ ਖਾਲਿਸਤਾਨ ਦੇ ਪੱਖ ‘ਚ ਹੋਏ ਪ੍ਰਦਰਸ਼ਨ
ਲੰਡਨ: ਭਾਰਤੀ ਹਾਈ ਕਮਿਸ਼ਨ ਬਾਹਰ ਭਾਰਤ ਪੱਖੀ ਅਤੇ ਵਿਰੋਧੀ ਗਰੁੱਪਾਂ ਦਰਮਿਆਨ ਟਕਰਾਅ ਹੋ ਗਿਆ। ਹਾਊਸ ਆਫ ਲਾਰਡਜ਼ ਦੇ ਪਾਕਿਸਤਾਨ ਪੱਖੀ ਮੈਂਬਰ ਲਾਰਡ ਨਜ਼ੀਰ ਅਹਿਮਦ ਵੱਲੋਂ ਗਣਤੰਤਰ ਦਿਵਸ ਮੌਕੇ ਕਸ਼ਮੀਰ ਦੀ ਆਜ਼ਾਦੀ ਅਤੇ ਖਾਲਿਸਤਾਨ ਦੇ ਪੱਖ ਵਿਚ Ḕਕਾਲਾ ਦਿਨ’ ਮਨਾਉਣ ਦਾ ਸੱਦਾ ਦਿੱਤਾ ਗਿਆ ਸੀ, ਜਿਸ ਖਿਲਾਫ਼ ਕਈ ਭਾਰਤੀ ਅਤੇ ਬ੍ਰਿਟਿਸ਼ ਧੜੇ ਡਟ ਗਏ। ਭਾਰਤ ਦੇ 69ਵੇਂ ਗਣਤੰਤਰ ਦਿਵਸ ਮੌਕੇ ਪਾਕਿਸਤਾਨ ਦੇ ਸਮਰਥਨ ਵਾਲੀ Ḕਕਾਲਾ ਦਿਨ’ ਮੁਹਿੰਮ ਦਾ ਉਦੇਸ਼ Ḕਭਾਰਤ ਵਿਚ ਤਸ਼ੱਦਦ’ ਨੂੰ ਉਭਾਰਨਾ ਸੀ।

ਨਜ਼ੀਰ ਅਹਿਮਦ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਲੰਡਨ ਆਉਣ ਤੱਕ ਰੋਸ ਪ੍ਰਦਰਸ਼ਨ ਜਾਰੀ ਰਹਿਣਗੇ। ਲਾਰਡ ਨਜ਼ੀਰ ਦੇ ਰੋਸ ਮੁਜ਼ਾਹਰੇ ਦੀ ਯੋਜਨਾ ਖਿਲਾਫ਼ ਭਾਰਤੀ ਭਾਈਚਾਰੇ ਵੱਲੋਂ Ḕਚਲੋ ਇੰਡੀਆ ਹਾਊਸ’ ਮੁਹਿੰਮ ਛੇੜੀ ਗਈ। ਦੋਵੇਂ ਧਿਰਾਂ ਵੱਲੋਂ ਭਾਰਤੀ ਹਾਈ ਕਮਿਸ਼ਨ ਦੀ ਇਮਾਰਤ ਬਾਹਰ ਇਕ ਦੂਜੇ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਟਕਰਾਅ ਰੋਕਣ ਲਈ ਸਕਾਟਲੈਂਡ ਯਾਰਡ ਅਧਿਕਾਰੀ ਮੌਜੂਦ ਸਨ।
ਭਾਰਤੀ ਹਾਈ ਕਮਿਸ਼ਨ ਨੇ ਇਸ ਰੋਸ ਪ੍ਰਦਰਸ਼ਨ ਨੂੰ Ḕਬੇਆਬਰੂ ਸਿਆਸਤਦਾਨ ਦਾ ਲਾਚਾਰ ਯਤਨ’ ਕਰਾਰ ਦਿੱਤਾ, ਜਿਸ ਨੂੰ ਯਹੂਦੀਆਂ ਖਿਲਾਫ਼ ਵਿਵਾਦ ਛੇੜਨ ਬਾਅਦ 2013 ਵਿਚ ਲੇਬਰ ਪਾਰਟੀ ਨੇ ਮੁਅੱਤਲ ਕਰ ਦਿੱਤਾ ਸੀ। ਕੱਟੜਪੰਥੀਆਂ ਦੇ ਸਮਰਥਕ ਮੰਨੇ ਜਾਂਦੇ ਲਾਰਡ ਨਜ਼ੀਰ ਨੂੰ ਖਤਰਨਾਕ ਡਰਾਈਵਿੰਗ ਲਈ ਸਜ਼ਾ ਵੀ ਹੋ ਚੁੱਕੀ ਹੈ। ਕਸ਼ਮੀਰ ਦੀ ਆਜ਼ਾਦੀ ਅਤੇ ਖਾਲਿਸਤਾਨ ਦੀ ਮੰਗ ਲਈ ਲਾਰਡ ਨਜ਼ੀਰ ਦੀ ਅਗਵਾਈ ਹੇਠ ਸੈਂਕੜੇ ਪ੍ਰਦਰਸ਼ਨਕਾਰੀਆਂ ਨੂੰ ਭਾਰਤ ਪੱਖੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਦੋਵੇਂ ਧਿਰਾਂ ਹੱਥੋ-ਪਾਈ ਵੀ ਹੋਈਆਂ। ਭਾਰਤੀ ਕਾਰਕੁਨ ਤੇ ਲੇਖਕ ਨੇ ਕਿਹਾ, Ḕਮੈਂ ਇਥੇ ਲਾਰਡ ਨਜ਼ੀਰ ਨੂੰ ਦੱਸਣ ਆਇਆ ਹਾਂ ਕਿ ਉਹ ਮੇਰੇ ਸੂਬੇ ਜੰਮੂ ਕਸ਼ਮੀਰ ਲਈ ਆਜ਼ਾਦੀ ਮੰਗ ਰਹੇ ਹਨ ਪਰ ਮੈਂ ਪਾਕਿ ਦੇ ਸਮਰਥਨ ਵਾਲੇ ਅਤਿਵਾਦ, ਗੋਲੀਬੰਦੀ ਦੀ ਉਲੰਘਣਾ ਅਤੇ ਉਨ੍ਹਾਂ ਦੀ ਗੁੱਝੀ ਜੰਗ ਤੋਂ ਆਜ਼ਾਦੀ ਚਾਹੁੰਦਾ ਹਾਂ।’
ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰਨ ਰਿਜਿਜੂ ਨੇ ਲੰਡਨ ਵਿਚ ਭਾਰਤੀ ਹਾਈ ਕਮਿਸ਼ਨ ਬਾਹਰ ਕਸ਼ਮੀਰ ਦੀ ਆਜ਼ਾਦੀ ਦੇ ਹੱਕ ਵਿਚ ਪ੍ਰਦਰਸ਼ਨ ਖਿਲਾਫ਼ ਖੜ੍ਹੇ ਹੋਣ ਵਾਲਿਆਂ ਦੀ ਸ਼ਲਾਘਾ ਕੀਤੀ ਹੈ। ਸ੍ਰੀ ਰਿਜਿਜੂ ਨੇ ਟਵੀਟ ਕੀਤਾ, Ḕਲੰਡਨ ਵਿਚ ਰਹਿੰਦੇ ਭਾਰਤੀ ਦੇਸ਼ ਭਗਤਾਂ ਨੂੰ ਸਲਾਮ। ਮੁੱਠੀ ਭਰ ਕੱਟੜਵਾਦੀ ਭਾਰਤ ਦੇ ਹੌਂਸਲੇ ਨੂੰ ਝੁਕਾ ਨਹੀਂ ਸਕਦੇ।’
___________________
ਕੈਨੇਡਾ ਦੇ ਗਰਮਖਿਆਲੀਆਂ ਲਈ ਵੀਜ਼ਾ ਸਖਤੀ ਦੀ ਤਿਆਰੀ
ਜਲੰਧਰ: ਭਾਰਤ ਸਰਕਾਰ ਕੈਨੇਡਾ ਦੇ ਉਨ੍ਹਾਂ ਗਰਮਖਿਆਲੀ ਸਿੱਖਾਂ ਲਈ ਵੀਜ਼ਾ ਸ਼ਰਤਾਂ ਸਖਤ ਕਰਨ ਉਤੇ ਵਿਚਾਰ ਕਰ ਰਹੀ ਹੈ ਜਿਨ੍ਹਾਂ ਨੇ ਭਾਰਤੀ ਰਾਜਦੂਤਾਂ ਦੇ ਗੁਰਦੁਆਰਿਆਂ ਵਿਚ ਦਾਖਲੇ ਉਤੇ ਪਾਬੰਦੀ ਲਾਈ ਸੀ। ਜ਼ਿਕਰਯੋਗ ਹੈ ਕਿ ਓਂਟਾਰੀਓ ਦੇ 14 , ਐਲਬਰਟਾ ਤੇ ਬ੍ਰਿਟਿਸ਼ ਕੋਲੰਬੀਆ ਦੇ 16 ਗੁਰਦੁਆਰਿਆਂ ਦੀਆਂ ਕਮੇਟੀਆਂ ਨੇ ਭਾਰਤੀ ਰਾਜਦੂਤਾਂ ਅਤੇ ਅਧਿਕਾਰੀਆਂ ਦੇ ਦਾਖਲੇ ਉਤੇ ਪਾਬੰਦੀ ਲਾਈ ਸੀ। ਸੂਤਰਾਂ ਅਨੁਸਾਰ ਕੈਨੇਡਾ ਵਿਚਲੇ ਭਾਰਤੀ ਅਧਿਕਾਰੀਆਂ ਨੇ ਪਾਬੰਦੀ ਦੇ ਫੈਸਲੇ ਨਾਲ ਸਿੱਧੇ ਅਤੇ ਅਸਿੱਧੇ ਰੂਪ ਨਾਲ ਜੁੜੇ ਸਿੱਖ ਆਗੂਆਂ ਦੀ ਸੂਚੀ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ।