ਗਣਤੰਤਰ ਦਿਵਸ: ਰਾਜਪਥ ‘ਤੇ ਤਾਕਤ ਤੇ ਵਿਰਾਸਤ ਦਾ ਪ੍ਰਦਰਸ਼ਨ

ਨਵੀਂ ਦਿੱਲੀ: ਭਾਰਤ ਦੇ 69ਵੇਂ ਗਣਤੰਤਰ ਦਿਵਸ ਸਮਾਰੋਹ ਮੌਕੇ ਰਾਜਪਥ ਉਤੇ ਦੇਸ਼ ਦੀ ਅਮੀਰ ਸੰਸਕ੍ਰਿਤੀ ਦੇ ਰੰਗਾਂ ਅਤੇ ਰੱਖਿਆ ਖੇਤਰ ਦੀ ਤਾਕਤ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਅਤੇ ਦੁਨੀਆਂ ਦੇ 10 ਦੇਸ਼ਾਂ ਦੇ ਮੁਖੀਆਂ ਸਾਹਮਣੇ ਰਾਜਪਥ ਕਈ ਇਤਿਹਾਸਕ ਘਟਨਾਵਾਂ ਦਾ ਗਵਾਹ ਬਣਿਆ। ਇਤਿਹਾਸਕ ਵਿਜੈ ਚੌਕ ਤੋਂ ਲਾਲ ਕਿਲ੍ਹੇ ਤੱਕ ਦੇਸ਼ ਦੀ ਸ਼ਾਨ ਨਜ਼ਰ ਆਈ ਅਤੇ ਭਾਰੀ ਗਿਣਤੀ ‘ਚ ਉਮੜੇ ਜਨ ਸੈਲਾਬ ਵੱਲੋਂ ਆਪੋ ਆਪਣੇ ਤਰੀਕਿਆਂ ਰਾਹੀਂ ਦੇਸ਼ ਭਗਤੀ ਦੀ ਭਾਵਨਾ ਦਾ ਪ੍ਰਗਟਾਵਾ ਕੀਤਾ ਗਿਆ।

ਸਮਾਰੋਹ ‘ਚ ਆਸਿਆਨ ਦੇਸ਼ ਦੇ ਨੇਤਾ ਪੂਰੀ ਤਰ੍ਹਾਂ ਭਾਰਤੀ ਰੰਗ ‘ਚ ਰੰਗੇ ਨਜ਼ਰ ਆਏ। ਆਸਿਆਨ ਦੇ 10 ਦੇਸ਼ਾਂ ਦੇ ਮੁਖੀਆਂ ਤੇ ਨੇਤਾਵਾਂ ਦੀ ਮੁੱਖ ਮਹਿਮਾਨ ਦੇ ਰੂਪ ‘ਚ ਮੌਜੂਦਗੀ ਗਣਤੰਤਰ ਦਿਵਸ ਪਰੇਡ ਦੀ ਵਿਸ਼ੇਸ਼ ਖਾਸੀਅਤ ਰਹੀ। ਜੰਮੂ-ਕਸ਼ਮੀਰ ‘ਚ ਇਕ ਉਪਰੇਸ਼ਨ ਦੌਰਾਨ ਦੋ ਅਤਿਵਾਦੀਆਂ ਨੂੰ ਮਾਰਨ ਵਾਲੇ ਭਾਰਤੀ ਹਵਾਈ ਸੈਨਾ ਦੇ ਗਰੁੜ ਕਮਾਂਡੋ ਜੋਤੀ ਪ੍ਰਕਾਸ਼ ਨਿਰਾਲਾ ਨੂੰ ਮਰਨ ਉਪਰੰਤ ਸ਼ਾਂਤੀਕਾਲ ਦੇ ਸਰਬਉਚ ਵੀਰਤਾ ਪੁਰਸਕਾਰ ਅਸ਼ੋਕ ਚੱਕਰ ਨਾਲ ਸਨਮਾਨਤ ਕੀਤਾ ਗਿਆ। ਕਮਾਂਡੋ ਨਿਰਾਲਾ ਦੀ ਧਰਮ ਪਤਨੀ ਸੂਸ਼ਮਾਨੰਦ ਤੇ ਮਾਤਾ ਮਾਲਤੀ ਦੇਵੀ ਨੇ ਰਾਸ਼ਟਰਪਤੀ ਕੋਲੋਂ ਸਨਮਾਨ ਹਾਸਲ ਕੀਤਾ। ਪਰੇਡ ਦੌਰਾਨ ਜਿਥੇ ਭਾਰਤ ਨੂੰ ਇਕ ਸਿਰੇ ਤੋਂ ਪਰੋਣ ਵਾਲੀ ਉਸ ਦੀ ਹਰ ਕੋਨੇ ਦੀ ਸੰਸਕ੍ਰਿਤੀ ਨੂੰ ਦਰਸਾਇਆ ਗਿਆ ਉਥੇ ਹੀ ਆਧੁਨਿਕ ਹਥਿਆਰਾਂ, ਮਿਸਾਈਲਾਂ, ਹਵਾਈ ਜਹਾਜ਼ਾਂ ਤੇ ਭਾਰਤੀ ਸੈਨਿਕਾਂ ਦੇ ਦਸਤਿਆਂ ਨੇ ਦੇਸ਼ ਦੀ ਕਿਸੇ ਵੀ ਚੁਣੌਤੀ ਦਾ ਟਾਕਰਾ ਕਰ ਸਕਣ ਦੀ ਤਾਕਤ ਦਾ ਅਹਿਸਾਸ ਕਰਵਾਇਆ। ਗਣਤੰਤਰ ਦਿਵਸ ਪਰੇਡ ‘ਚ ਪਹਿਲੀ ਵਾਰ ਭਾਰਤ ਦੇ ਵਿਦੇਸ਼ ਮੰਤਰਾਲੇ ਦੀਆਂ 2 ਝਾਕੀਆਂ ਵੀ ਪੇਸ਼ ਕੀਤੀਆਂ ਗਈਆਂ। ਇਨ੍ਹਾਂ ਝਾਕੀਆਂ ‘ਚ ਆਸਿਆਨ ਦੇਸ਼ਾਂ ਦੇ ਨਾਲ ਸਬੰਧਾਂ ਨੂੰ ਵਿਖਾਇਆ ਗਿਆ।
_____________________
ਪੰਜਾਬ ਰੈਜੀਮੈਂਟ ਨੂੰ ਸਰਬੋਤਮ ਮਾਰਚ ਦਲ ਦਾ ਪੁਰਸਕਾਰ
ਨਵੀਂ ਦਿੱਲੀ: ਗਣਤੰਤਰ ਦਿਵਸ ਮੌਕੇ ਹੋਈ ਪਰੇਡ ਵਿਚ ਤਿੰਨੇ ਫੌਜੀ ਸੇਵਾਵਾਂ ਵਿਚੋਂ ਸੈਨਾ ਦੀ ਪੰਜਾਬ ਰੈਜੀਮੈਂਟ ਨੂੰ ਸਰਬੋਤਮ ਮਾਰਚ ਦਲ ਦੇ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਹੈ, ਜਦਕਿ ਨੀਮ ਫੌਜੀ ਬਲਾਂ ਅਤੇ ਹੋਰ ਸਹਾਇਕ ਬਲਾਂ ਵਿਚੋਂ ਇੰਡੋ-ਤਿੱਬਤਨ ਬਾਰਡਰ ਪੁਲਿਸ ਦੀ ਟੀਮ ਨੂੰ ਸਰਬੋਤਮ ਮਾਰਚ ਦਸਤੇ ਦੇ ਇਨਾਮ ਨਾਲ ਸਨਮਾਨਤ ਕੀਤਾ। ਇਸ ਤੋਂ ਇਲਾਵਾ ਗਣਤੰਤਰ ਦਿਵਸ ਪਰੇਡ ‘ਚ ਸ਼ਾਮਲ ਝਾਕੀਆਂ ਵਿਚੋਂ ਮਹਾਰਾਸ਼ਟਰ ਦੀ ਝਾਕੀ ਨੂੰ ਪਹਿਲਾ ਸਥਾਨ ਮਿਲਿਆ ਹੈ, ਜਦਕਿ ਆਸਾਮ ਅਤੇ ਛਤੀਸਗੜ੍ਹ ਦੀ ਝਾਕੀ ਨੂੰ ਕ੍ਰਮਵਾਰ ਦੂਸਰਾ ਤੇ ਤੀਸਰਾ ਸਥਾਨ ਮਿਲਿਆ ਹੈ।
______________________
ਪੰਜਾਬ ਦੀ ਝਾਕੀ ਨੇ ਦਿੱਤਾ ਸੰਗਤ ਤੇ ਪੰਗਤ ਦਾ ਸੁਨੇਹਾ
ਨਵੀਂ ਦਿੱਲੀ: ਭਾਰਤ ਦੇ 69ਵੇਂ ਗਣਤੰਤਰਤਾ ਦਿਵਸ ਮੌਕੇ ਵੱਖ-ਵੱਖ ਸੂਬਿਆਂ ਅਤੇ ਸਭਿਆਚਾਰ ਨੂੰ ਦਰਸਾਉਂਦੀਆਂ ਝਾਕੀਆਂ ਕੱਢੀਆਂ ਗਈਆਂ। ਪੰਜਾਬ ਦੀ ਵਿਰਾਸਤ ਅਤੇ ਸਭਿਆਚਾਰ ਨੂੰ ਪੇਸ਼ ਕਰਦੀ ਝਾਕੀ ਨੇ ਸਭ ਦਾ ਮਨ ਮੋਹ ਲਿਆ। ਪੰਜਾਬ ਦੀ ਝਾਕੀ ਵਿਚ ਗੁਰਦੁਆਰਾ ਸਾਹਿਬ ਦਿਖਾਇਆ ਗਿਆ ਜਿਥੇ ਸੰਗਤ ਪੰਗਤ ਵਿਚ ਲੰਗਰ ਛਕ ਰਹੀ ਸੀ। ਇਸ ਝਾਕੀ ਵਿਚ ਲੰਗਰ ਤਿਆਰ ਕਰਦੇ ਸਿੰਘ ਨੂੰ ਵਿਸ਼ੇਸ਼ ਤੌਰ ਉਤੇ ਦਿਖਾਇਆ ਗਿਆ। ਗਣਤੰਤਰ ਦਿਵਸ ਸਮਾਗਮ ਦੀ ਇਸ ਵਾਰ ਵੱਡੀ ਵਿਸ਼ੇਸ਼ਤਾ ਇਹ ਰਹੀ ਕਿ ਪਹਿਲੀ ਵਾਰ ਮੁੱਖ ਮਹਿਮਾਨ ਦੇ ਤੌਰ ‘ਤੇ ਦਸ ਦੇਸ਼ਾਂ ਦੇ ਆਗੂ ਮੌਜੂਦ ਸਨ, ਜਿਨ੍ਹਾਂ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਬਿਠਾਇਆ ਗਿਆ ਸੀ।