ਅਦਾਲਤ ਸਾਹਮਣੇ ਕਬੂਲੀ ਹੱਤਿਆ ਦੀ ਜ਼ਿੰਮੇਵਾਰੀ
ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੀ ਜ਼ਿੰਮੇਵਾਰੀ ਜਗਤਾਰ ਸਿੰਘ ਸਿੰਘ ਤਾਰਾ ਨੇ ਅਦਾਲਤ ਵਿਚ ਕਬੂਲ ਲਈ ਹੈ। ਯੂਟੀ ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਜਸਬੀਰ ਸਿੰਘ ਸਿੱਧੂ ਨੂੰ ਛੇ ਪੰਨਿਆਂ ਦੇ ਦਿੱਤੇ ਲਿਖਤੀ ਬਿਆਨ ਵਿਚ ਉਸ ਨੇ ਹੱਤਿਆ ਕਾਂਡ ਉਤੇ ਕੋਈ ਅਫਸੋਸ ਨਹੀਂ ਜਤਾਇਆ ਹੈ।
ਅਦਾਲਤ ਵਿਚ ਤਾਰਾ ਨੇ ਆਈæਪੀæਸੀæ ਦੀ ਧਾਰਾ 313 ਤਹਿਤ ਲਿਖਤੀ ਜੁਰਮ ਕਬੂਲ ਕੀਤਾ ਹੈ। ਇਸ ਤੋਂ ਪਹਿਲਾਂ ਉਹ ਪੁਲਿਸ ਕੋਲ ਆਈæਪੀæਸੀæ ਦੀ ਧਾਰਾ 164 ਤਹਿਤ ਜ਼ਿੰਮੇਵਾਰੀ ਲੈ ਚੁੱਕਿਆ ਹੈ। ਤਾਰਾ ਨੇ ਅਦਾਲਤ ਨੂੰ ਦਿੱਤੇ ਇਕਬਾਲੀਆ ਬਿਆਨ ਵਿਚ ਕਿਹਾ ਹੈ ਕਿ ਉਹ ਹੱਤਿਆ ਕਾਂਡ ਨੂੰ ਅੰਜਾਮ ਦੇਣ ਲਈ ਪੰਜਾਬ ਸਕੱਤਰੇਤ ਤੱਕ ਖੁਦ ਕਾਰ ਚਲਾ ਕੇ ਗਿਆ ਸੀ, ਜਦੋਂ ਕਿ ਭਾਈ ਦਿਲਾਵਰ ਸਿੰਘ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਉਸ ਦੇ ਨਾਲ ਸਨ। ਉਸ ਨੇ ਦੋਸ਼ ਲਾਇਆ ਕਿ ਬੇਅੰਤ ਸਿੰਘ ਨੇ ਬੇਕਸੂਰ ਸਿੱਖ ਨੌਜਵਾਨਾਂ ਨੂੰ ਮਾਰਿਆ ਸੀ, ਜਿਸ ਕਰ ਕੇ ਉਸ ਦਾ ਕਤਲ ਕੀਤਾ ਗਿਆ। ਬਿਆਨ ਵਿਚ ਬੇਅੰਤ ਸਿੰਘ ਦੇ ਮੁੱਖ ਮੰਤਰੀ ਰਹਿੰਦਿਆਂ ਵਧੀਕੀਆਂ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਇਨਾਮ ਅਤੇ ਤਰੱਕੀਆਂ ਦੇਣ ਉਤੇ ਗੁੱਸਾ ਜ਼ਾਹਿਰ ਕੀਤਾ ਗਿਆ ਹੈ।
ਸੀæਬੀæਆਈæ ਦੇ ਵਕੀਲ ਐਸ਼ਕੇæ ਸਕਸੈਨਾ ਅਗਲੀ ਤਰੀਕ ਮੌਕੇ ਉਸ ਦੇ ਇਕਬਾਲੀਆ ਬਿਆਨ ਬਾਰੇ ਸਵਾਲ ਕਰਨਗੇ। ਇਸ ਤੋਂ ਪਹਿਲਾਂ ਆਈæਪੀæਸੀæ ਦੀ ਧਾਰਾ 319 ਤਹਿਤ ਸੀæਬੀæਆਈæ ਦੇ ਵਕੀਲ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਵਿਚ ਉਹ ਬੇਅੰਤ ਸਿੰਘ ਨੂੰ ਮਾਰਨ ਦੀ ਜ਼ਿੰਮੇਵਾਰੀ ਲੈ ਚੁੱਕਿਆ ਹੈ। ਪੰਜਾਬ ਹਰਿਆਣਾ ਹਾਈ ਕੋਰਟ ਦੇ ਵਕੀਲ ਸਿਮਰਜੀਤ ਸਿੰਘ ਨੇ ਦੱਸਿਆ ਕਿ ਕੇਸ ਦੀ ਅਗਲੀ ਸੁਣਵਾਈ 7 ਫਰਵਰੀ ਨੂੰ ਹੋਵੇਗੀ। ਸਾਬਕਾ ਮੁੱਖ ਮੰਤਰੀ ਦੀ 31 ਅਗਸਤ 1995 ਨੂੰ ਬੰਬ ਧਮਾਕੇ ਵਿਚ ਮੌਤ ਹੋ ਗਈ ਸੀ ਅਤੇ ਪੁਲਿਸ ਨੇ ਕਤਲ ਦੇ ਦੋਸ਼ ਵਿਚ 9 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀ।
ਇਸ ਤੋਂ ਪਹਿਲਾਂ ਭਾਈ ਜਗਤਾਰ ਸਿੰਘ ਹਵਾਰਾ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਵੀ ਉਸ ਨੂੰ ਮਾਰਨ ਦਾ ਜ਼ਿੰਮਾ ਆਪਣੇ ਸਿਰ ਲੈ ਚੁੱਕੇ ਹਨ। ਭਾਈ ਰਾਜੋਆਣਾ ਕੇਂਦਰੀ ਜੇਲ੍ਹ ਪਟਿਆਲਾ ਵਿਚ ਬੰਦ ਹੈ, ਜਦੋਂ ਕਿ ਭਾਈ ਹਵਾਰਾ ਤਿਹਾੜ ਜੇਲ੍ਹ ਵਿਚ ਉਮਰ ਕੈਦ ਕੱਟ ਰਿਹਾ ਹੈ। ਹੋਰ ਮੁਲਜ਼ਮਾਂ ਵਿਚੋਂ ਭਾਈ ਪਰਮਜੀਤ ਸਿੰਘ ਭਿਉਰਾ, ਭਾਈ ਲਖਵਿੰਦਰ ਸਿੰਘ ਅਤੇ ਗੁਰਮੀਤ ਸਿੰਘ ਬੁੜੈਲ ਜੇਲ੍ਹ ਵਿਚ ਬੰਦ ਹਨ, ਜਦ ਕਿ ਨਸੀਬ ਸਿੰਘ, ਸ਼ਮਸ਼ੇਰ ਸਿੰਘ ਅਤੇ ਨਵਜੋਤ ਸਿੰਘ ਨੂੰ ਰਿਹਾਅ ਕੀਤਾ ਜਾ ਚੁੱਕਾ ਹੈ। ਤਾਰਾ ਦੇ 20 ਅਤੇ 21 ਜਨਵਰੀ 2003 ਨੂੰ ਜੇਲ੍ਹ ਵਿਚੋਂ ਫਰਾਰ ਹੋ ਜਾਣ ਅਤੇ ਬਾਅਦ ਵਿਚ ਫੜੇ ਜਾਣ ਕਰ ਕੇ ਕੇਸ ਦੀ ਸੁਣਵਾਈ ਵੱਖਰੀ ਕਰ ਦਿੱਤੀ ਗਈ ਸੀ। ਕੇਸ ਦਾ 31 ਜੁਲਾਈ 2007 ਨੂੰ ਫੈਸਲਾ ਆਉਣ ਵੇਲੇ ਤਾਰਾ ਫਰਾਰ ਸੀ।