ਗੁਰਦੁਆਰਿਆਂ ਵਿਚ ਕੂਟਨੀਤਕਾਂ ‘ਤੇ ਪਾਬੰਦੀ ਦਾ ਸੱਚ

ਭਾਈ ਅਸ਼ੋਕ ਸਿੰਘ ਬਾਗੜੀਆਂ
ਫੋਨ: +91-98140-95308

ਬ੍ਰਿਟੇਨ, ਅਮਰੀਕਾ ਅਤੇ ਕੈਨੇਡਾ ਦੀਆਂ ਕਈ ਗੁਰਦੁਆਰਾ ਕਮੇਟੀਆਂ ਵੱਲੋਂ ਮਿਲ ਕੇ ਭਾਰਤੀ ਅਧਿਕਾਰੀਆਂ, ਖ਼ਾਸ ਕਰ ਕੇ ਸਫਾਰਤੀ ਅਧਿਕਾਰੀਆਂ ਦੇ ਗੁਰਦੁਆਰਿਆਂ ਵਿਚ ਆਉਣ ‘ਤੇ ਪਾਬੰਦੀ ਲਗਾ ਦੇਣ ਵਾਲੀ ਖ਼ਬਰ ਅੱਜ ਕੱਲ੍ਹ ਮੀਡੀਆ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਮੀਡੀਆ ਵੱਲੋਂ ਕਈ ਤਰ੍ਹਾਂ ਦੇ ਭੁਲੇਖੇ ਪਾ ਕੇ ਖਬਰ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੀਡੀਆ ਵੱਲੋਂ ਜੋ ਖ਼ਬਰ ਦਿੱਤੀ ਜਾ ਰਹੀ ਹੈ ਅਤੇ ਜੋ ਅਸਲ ਵਿਚ ਗੁਰਦੁਆਰਾ ਕਮੇਟੀਆਂ ਨੇ ਮਿਲ ਕੇ ਫ਼ੈਸਲਾ ਕੀਤਾ ਹੈ, ਉਨ੍ਹਾਂ ਦੋਵਾਂ ਵਿਚ ਜ਼ਮੀਨ ਆਸਮਾਨ ਦਾ ਫ਼ਰਕ ਹੈ। ਆਖਿਰ ਕੀ ਕਾਰਨ ਹੈ ਕਿ ਗੁਰਦੁਆਰਾ ਕਮੇਟੀਆਂ ਨੂੰ ਇਸ ਤਰ੍ਹਾਂ ਦਾ ਕਦਮ ਚੁੱਕਣ ਦੀ ਲੋੜ ਮਹਿਸੂਸ ਹੋਈ? ਇਸ ਗੱਲ ਨੂੰ ਬੜੀ ਸੰਜੀਦਗੀ ਅਤੇ ਗਹਿਰਾਈ ਨਾਲ ਘੋਖਣਾ ਜ਼ਰੂਰੀ ਹੈ। ਜੇਕਰ ਸਰਸਰੀ ਨਜ਼ਰ ਨਾਲ ਦੇਖਿਆ ਜਾਵੇ ਤਾਂ ਇਹ ਪਾਬੰਦੀ ਭਾਰਤੀ ਅਹਿਲਕਾਰਾਂ ਉਤੇ ਹੈ, ਪਰ ਜੇ ਇਸ ਨੂੰ ਗਹਿਰਾਈ ਨਾਲ ਸਮਝਿਆ ਜਾਵੇ ਤਾਂ ਅਸਲ ਵਿਚ ਇਹ ਪਾਬੰਦੀ ਭਾਰਤ ਸਰਕਾਰ ਪ੍ਰਤੀ ਵਿਰੋਧ ਪ੍ਰਦਰਸ਼ਨ ਕਰਨ ਲਈ ਲਗਾਈ ਜਾਪਦੀ ਹੈ।
ਸਿੱਖਾਂ ਦੀ ਚਾਪਲੂਸੀ ਜਾਂ ਵਾਹ-ਵਾਹ ਕਰਨ ਵਾਸਤੇ ਸਰਕਾਰਾਂ ਅਤੇ ਪ੍ਰੈਸ ਨੇ ਕਦੇ ਵੀ ਕੋਈ ਕਸਰ ਨਹੀਂ ਛੱਡੀ, ਕਿਉਂਕਿ ਉਹ ਜਾਣਦੀ ਹੈ ਕਿ ਭਾਰਤ ਦੀ ਜੰਗੇ-ਏ-ਆਜ਼ਾਦੀ ਵਿਚ ਸਿੱਖਾਂ ਦੀ ਭੂਮਿਕਾ ਦੀ ਭਾਰਤ ਦੇ ਇਤਿਹਾਸ ਵਿਚ ਕੋਈ ਮਿਸਾਲ ਨਹੀਂ। ਨਿੱਕੀ ਜਿਹੀ ਕੌਮ ਹੁੰਦੇ ਹੋਏ ਵੀ 90 ਫ਼ੀਸਦੀ ਕੁਰਬਾਨੀਆਂ ਦੇ ਕੇ ਭਾਰਤ ਨੂੰ ਆਜ਼ਾਦ ਕਰਾਉਣ ਵਿਚ ਆਪਣਾ ਵਿੱਤੋਂ ਵਧ ਯੋਗਦਾਨ ਪਾਇਆ ਅਤੇ ਇਸ ਦੇਸ਼ ਪ੍ਰਤੀ ਆਪਣੇ ਪਿਆਰ ਅਤੇ ਸਤਿਕਾਰ ਦੀ ਚਰਮ ਸੀਮਾ ਨੂੰ ਛੂਹ ਕੇ ਭਾਰਤ ਦੀ ਇਸ ਘੱਟ-ਗਿਣਤੀ ਨੂੰ ਦੇਸ਼ ਦੇ ਲੀਡਰਾਂ ਨੇ ਸਿਰਮੌਰ ਕੌਮ ਕਬੂਲਿਆ। ਆਖਿਰ ਭਾਰਤ ਵਿਚੋਂ ਅੰਗਰੇਜ਼ਾਂ ਨੇ ਜਾਣ ਦਾ ਫ਼ੈਸਲਾ ਕਰ ਲਿਆ, ਪਰ ਇਸ ਦੀ ਕੀਮਤ ਸਿੱਖ ਕੌਮ ਅਤੇ ਉਨ੍ਹਾਂ ਦੀ ਜਨਮ ਭੂਮੀ ਪੰਜਾਬ ਨੂੰ ਆਪਣੀ ਬਰਬਾਦੀ ਨਾਲ ਚੁਕਾਉਣੀ ਪਈ। ਸਮੇਂ ਦੇ ਸਿਰਕੱਢ ਆਗੂਆਂ ਨੇ ਸਿੱਖਾਂ ਦੀ ਦੇਸ਼ ਭਗਤੀ ਨੂੰ ਦੇਖਦੇ ਹੋਏ ਵੱਡੇ ਵੱਡੇ ਵਾਅਦੇ ਸਿੱਖਾਂ ਨਾਲ ਕੀਤੇ ਤਾਂ ਜੋ ਸਿੱਖਾਂ ਨੂੰ ਆਪਣੇ ਨਾਲ ਰੱਖਿਆ ਜਾਵੇ। ਅਜੇ ਆਜ਼ਾਦੀ ਨੂੰ ਦੋ ਸਾਲ ਹੀ ਹੋਏ ਸਨ ਕਿ ਇਨ੍ਹਾਂ ਵਾਅਦਿਆਂ ਨੂੰ 11 ਮਈ 1949 ਵਿਚ ਰੱਦੀ ਦੀ ਟੋਕਰੀ ਵਿਚ ਸੁੱਟ ਦਿੱਤਾ। ਫਿਰ 10 ਅਕਤੂਬਰ 1947 ਨੂੰ ਸਰਕੂਲਰ ਜਾਰੀ ਕਰ ਦਿੱਤਾ ਕਿ ਸਿੱਖ ਜਰਾਇਮ ਪੇਸ਼ਾ ਕੌਮ ਹੈ, ਲਿਹਾਜ਼ਾ ਇਨ੍ਹਾਂ ‘ਤੇ ਨਜ਼ਰ ਰੱਖੀ ਜਾਵੇ। 1947 ਦੀ ਮਾਰ ਤੋਂ ਅਜੇ ਸਿੱਖਾਂ ਨੂੰ ਸੁਰਤ ਵੀ ਨਹੀਂ ਆਈ ਕਿ ਕੌਮ ਦੇ ਲੀਡਰ ਮਾਸਟਰ ਤਾਰਾ ਸਿੰਘ ਨੂੰ ਦੇਸ਼ ਧ੍ਰੋਹੀ ਕਹਿ ਕੇ ਜੇਲ੍ਹ ਵਿਚ ਡੱਕ ਦਿੱਤਾ ਗਿਆ।
ਥੋੜ੍ਹਾ ਸਮਾਂ ਹੋਰ ਲੰਘਣ ‘ਤੇ ਜਦੋਂ ਸਾਰੀਆਂ ਛੋਟੀਆਂ-ਵੱਡੀਆਂ ਰਿਆਸਤਾਂ ਨੂੰ ਭਾਰਤ ਵਿਚ ਮਿਲਾਉਣ ਤੋਂ ਬਾਅਦ ਭਾਸ਼ਾ ਦੇ ਆਧਾਰ ‘ਤੇ ਭਾਰਤ ਦੀ ਸੂਬੇਬੰਦੀ ਹੋਣ ਲੱਗੀ ਤਾਂ ਸਿੱਖਾਂ ਨੂੰ ਆਪਣੇ ਪੰਜਾਬੀ ਸੂਬੇ ਲਈ ਅਤਿ ਦਰਜੇ ਦੀ ਜਦੋ-ਜਹਿਦ ਕਰਨੀ ਪਈ। ਅਖੀਰ ਪੰਜਾਬ ਦੇ ਕਈ ਪੰਜਾਬੀ ਬੋਲਦੇ ਇਲਾਕੇ ਇਸ ਤੋਂ ਜ਼ਬਰਦਸਤੀ ਖੋਹ ਕੇ, ਨਵਾਂ ਸੂਬਾ ਹਰਿਆਣਾ ਬਣਾ ਕੇ ਉਸ ਵਿਚ ਧੱਕ ਦਿੱਤੇ। ਪੰਜਾਬ ਦੇ ਦਰਜਨਾਂ ਪਿੰਡਾਂ ਨੂੰ ਉਜਾੜ ਕੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਸਾਈ ਗਈ, ਪਰ ਪੰਜਾਬ ਨੂੰ ਵੰਡਣ ਉਪਰੰਤ ਸਿੱਖਾਂ ਨੂੰ ਨੀਵਾਂ ਦਿਖਾਉਣ ਵਾਸਤੇ ਇਸ ਨੂੰ ਪੰਜਾਬ ਤੋਂ ਬਾਹਰ ਕਰ ਕੇ ਕੇਂਦਰੀ ਸ਼ਾਸਤ ਪ੍ਰਦੇਸ਼ ਬਣਾ ਕੇ ਖੋਹ ਲਿਆ। ਪੰਜਾਬ ਵਿਚ ਬਣੇ ਨੰਗਲ-ਡੈਮ ਹਾਈਡ੍ਰੋ-ਪਾਵਰ ਪਲਾਂਟ ਦੇ ਅਧਿਕਾਰ ਵੀ ਖੋਹ ਲਏ ਗਏ। ਫਿਰ ਸਿੱਖ ਅਜੇ ਸਬਰ ਕਰ ਕੇ ਬੈਠੇ ਹੀ ਸਨ ਕਿ ਕੁਝ ਸਾਲਾਂ ਵਿਚ ਪੰਜਾਬ 1980 ਅਤੇ 1990ਵੇਂ ਦਹਾਕਿਆਂ ਵਿਚ ਸਿੱਖਾਂ ਦੀ ਨਸਲਕੁਸ਼ੀ ਦੀ ਭਰਪੂਰ ਕੋਸ਼ਿਸ਼ ਕਰ ਕੇ ਇਨ੍ਹਾਂ ਦਾ ਲੱਕ ਤੋੜਨ ਜਿਹੇ ਕੋਝੇ ਯਤਨ ਕੀਤੇ ਗਏ। ਅਪਰੇਸ਼ਨ ਬਲਿਊ ਸਟਾਰ ਰਾਹੀਂ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ‘ਤੇ ਕਾਰਵਾਈ ਕਰਦੇ ਹੋਏ ਨੇਸਤੋ-ਨਾਬੂਦ ਕਰਨ ਦੀ ਘਿਨੌਣੀ ਹਰਕਤ ਕੀਤੀ ਗਈ। ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਅਖੌਤੀ ਮੁਕਾਬਲਿਆਂ ਵਿਚ ਮਾਰ ਦਿੱਤਾ ਅਤੇ ਉਨ੍ਹਾਂ ਦੇ ਘਰ-ਬਾਰ ਬਰਬਾਦ ਕਰ ਦਿੱਤੇ। ਸਿੱਖ ਭਾਰਤੀ ਨਿਆਂ ਵਿਵਸਥਾ ਵਿਚ ਆਪਣਾ ਵਿਸ਼ਵਾਸ ਰੱਖਦੇ ਹੋਏ ਇਨਸਾਫ਼ ਲਈ ਅਦਾਲਤਾਂ ਵੱਲ ਦਹਾਕਿਆਂ ਬੱਧੀ ਆਸ ਭਰੀ ਨਜ਼ਰ ਨਾਲ ਤੱਕਦੇ ਰਹੇ, ਪਰ ਉਨ੍ਹਾਂ ਨੂੰ ਕਦੇ ਇਨਸਾਫ਼ ਨਹੀਂ ਮਿਲਿਆ। ਸਾਲ 2000 ਵਿਚ ਅਮਰੀਕਾ ਦੇ ਰਾਸ਼ਟਰਪਤੀ ਦੀ ਭਾਰਤ ਯਾਤਰਾ ਸਮੇਂ 36 ਬੇਗੁਨਾਹ ਸਿੱਖਾਂ ਨੂੰ ਘਰੋਂ ਕੱਢ ਕੇ ਕਸ਼ਮੀਰ ਵਿਚ ਅਤਿਵਾਦ ਦਿਖਾਉਣ ਲਈ ਭੇਂਟ ਕਰ ਦਿੱਤਾ, ਪਰ ਕੋਈ ਇਨਸਾਫ਼ ਨਹੀਂ ਮਿਲਿਆ। ਪੰਜਾਬ ਅਤੇ ਪੰਜਾਬੀ ਦੀ ਮੁਖਾਲਫਤ ਇੰਨੀ ਕਿ ਪੰਜਾਬ ਵਿਚੋਂ ਵੱਖ ਕੀਤੇ ਰਾਜ ਹਰਿਆਣਾ ਵਿਚ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਨਾਂ ਦੇ ਕੇ ਤੈਲਗੂ ਭਾਸ਼ਾ ਨੂੰ ਦੂਸਰੀ ਭਾਸ਼ਾ ਦਾ ਦਰਜਾ ਦਿੱਤਾ ਗਿਆ।
ਇਸ ਸਭ ਕੁਝ ਦੇ ਬਾਵਜੂਦ ਸਿੱਖ ਚੜ੍ਹਦੀ ਕਲਾ ਵਿਚ ਰਹੇ ਅਤੇ ਆਪਣੀ ਰੋਜ਼ੀ ਰੋਟੀ ਅਤੇ ਸਨਮਾਨ ਭਰਪੂਰ ਜ਼ਿੰਦਗੀ ਲਈ ਵਿਦੇਸ਼ਾਂ ਦੀ ਰਾਹ ਫੜੀ, ਕਿਉਂਕਿ ਪੰਜਾਬ ਵਿਚ ਨੌਜਵਾਨਾਂ ਨੂੰ ਰੁਜ਼ਗਾਰ ਦੇ ਸਾਧਨ ਨਹੀਂ ਮੁਹੱਈਆ ਕਰਵਾਏ ਗਏ। ਵਿਦੇਸ਼ਾਂ ਵਿਚ ਜਾ ਕੇ ਸਿੱਖਾਂ ਨੇ ਗੁਰੂ ਦੀ ਓਟ ਅਤੇ ਆਪਣੇ ਮਿਹਨਤੀ ਸੁਭਾਅ ਸਦਕਾ ਰਾਜਨੀਤਕ, ਆਰਥਿਕ, ਸਮਾਜਿਕ ਅਤੇ ਧਾਰਮਿਕ ਖੇਤਰ ਵਿਚ ਉਹ ਮੱਲਾਂ ਮਾਰੀਆਂ, ਜਿਸ ਕਾਰਨ ਭਾਰਤੀ ਸਰਕਾਰਾਂ ਨੂੰ ਸਿੱਖਾਂ ਪ੍ਰਤੀ ਇੱਕ ਵਾਰ ਫਿਰ ਸੋਚਣ ਲਈ ਮਜਬੂਰ ਕਰ ਦਿੱਤਾ; ਪਰ ਵਿਦੇਸ਼ਾਂ ਵਿਚ ਵਸੇ ਸਿੱਖ ਸਦਾ ਹੀ ਭਾਰਤੀ ਸਰਕਾਰਾਂ ਨਾਲ ਆਪਣੇ ਨਾਲ ਹੋਈ ਨਾਇਨਸਾਫ਼ੀ ਦਾ ਗਿਲਾ ਕਰਦੇ ਰਹੇ ਅਤੇ ਕੀਤੇ ਜਾ ਰਹੇ ਜ਼ੁਲਮ ਦੇ ਖ਼ਿਲਾਫ਼ ਆਵਾਜ਼ ਉਠਾਉਂਦੇ ਰਹੇ। ਉਨ੍ਹਾਂ ਵਿਦੇਸ਼ਾਂ ਵਿਚ ਆਪਣੀ ਸੰਗਤੀ ਪ੍ਰਥਾ ਨੂੰ ਕਾਇਮ ਰੱਖਣ, ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਅਤੇ ਰੁਹਾਨੀ ਪੂਰਤੀ ਲਈ ਆਪਣੇ ਧਾਰਮਿਕ ਸਥਾਨ, ਗੁਰਦੁਆਰੇ ਸਥਾਪਤ ਕੀਤੇ।
ਪਿਛਲੇ ਕਾਫ਼ੀ ਸਮੇਂ ਤੋਂ ਭਾਰਤ ਸਰਕਾਰ ਵਿਦੇਸ਼ਾਂ ਵਿਚ ਆਪਣੇ ਅਹਿਲਕਾਰਾਂ ਰਾਹੀਂ ਗੁਰਦੁਆਰਿਆਂ ਵਿਚ ਆਪਣੇ ਪੱਖ ਦਾ ਪ੍ਰਚਾਰ ਕਰ ਰਹੀ ਹੈ ਜਿਸ ਨਾਲ ਉਥੇ ਵੱਸਦੇ ਸਿੱਖਾਂ ਵਿਚ ਆਪਸੀ ਉਲਝਣਾਂ ਵਧ ਰਹੀਆਂ ਹਨ। ਗੁਰਦੁਆਰਾ ਮੈਨੇਜਮੈਂਟਾਂ ਦਾ ਇਹ ਮੰਨਣਾ ਹੈ ਕਿ ਇਹ ਅਹਿਲਕਾਰ ਗੁਰਦੁਆਰਿਆਂ ਵਿਚ ਜਾ ਕੇ ਰਾਜਨੀਤਕ ਦਲਾਂ ਦੇ ਪ੍ਰਤੀਨਿਧ ਬਣ ਕੇ ਉਨ੍ਹਾਂ ਦੇ ਏਜੰਡੇ ਦਾ ਪ੍ਰਸਾਰ ਕਰਦੇ ਹਨ, ਜਿਸ ਨਾਲ ਪੰਥ ਵਿਚ ਵੰਡੀਆਂ ਦਾ ਖ਼ਤਰਾ ਵਧ ਰਿਹਾ ਹੈ। ਇਥੇ ਭਾਰਤੀ ਮੀਡੀਆ ਦੇ ਕੁ-ਪ੍ਰਚਾਰ ਨੂੰ ਵੀ ਉਜਾਗਰ ਕਰਨਾ ਅਤਿਅੰਤ ਜ਼ਰੂਰੀ ਹੈ ਕਿ ਇਹ ਪਾਬੰਦੀ ਸਿਰਫ਼ ਸਫਾਰਤੀ ਅਧਿਕਾਰੀਆਂ ‘ਤੇ ਲਗਾਈ ਗਈ ਹੈ। ਜੇਕਰ ਕੋਈ ਸਫਾਰਤੀ ਅਧਿਕਾਰੀ ਆਮ ਸੰਗਤ ਦੇ ਰੂਪ ਵਿਚ ਆਪਣੇ ਰੁਤਬੇ ਨੂੰ ਗੁਰੂ ਘਰ ਤੋਂ ਬਾਹਰ ਰੱਖ ਕੇ ਆਉਂਦਾ ਹੈ ਤਾਂ ਉਸ ਉਤੇ ਕੋਈ ਪਾਬੰਦੀ ਨਹੀਂ, ਉਹ ਸੰਗਤ ਦਾ ਆਨੰਦ ਮਾਣਦਾ ਹੋਇਆ ਗੁਰੂ ਕਾ ਲੰਗਰ ਛਕ ਕੇ ਆਪਣੀ ਸ਼ਰਧਾ ਅਨੁਸਾਰ ਸੇਵਾ ਵੀ ਕਰ ਸਕਦਾ ਹੈ। ਇਹ ਕਾਰਵਾਈ ਗੁਰਦੁਆਰਿਆਂ ਨੂੰ ਸਿਆਸਤ ਤੋਂ ਦੂਰ ਰੱਖਣ ਲਈ ਚੁੱਕਿਆ ਗਿਆ ਸਾਰਥਿਕ ਕਦਮ ਹੈ।