ਰਾਮਦੇਵ ਦੀ ਆਰਥਿਕ ਆਜ਼ਾਦੀ ਦੀ ਹਕੀਕਤ

ਦਰਸ਼ਨ ਸਿੰਘ ਖਟਕੜ
ਫੋਨ: 91-98151-29130
ਕੁਝ ਟੀæਵੀæ ਚੈਨਲਾਂ ਅਤੇ ਅਖ਼ਬਾਰਾਂ ਵਿਚ ਬਾਬਾ ਰਾਮਦੇਵ ਦੇ ਇਸ਼ਤਿਹਾਰ ਪ੍ਰਸਾਰਤ ਹੁੰਦੇ ਹਨ ਜਿਨ੍ਹਾਂ ਮੁਤਾਬਕ, ਮੁਲਕ ਦੀ 55 ਹਜ਼ਾਰ ਕਰੋੜ ਰੁਪਏ ਦੀ ਆਰਥਿਕਤਾ ਉਪਰ ਈਸਟ ਇੰਡੀਆ ਕੰਪਨੀ ਵਰਗੀਆਂ ਕੰਪਨੀਆਂ ਦਾ ਕਬਜ਼ਾ ਹੈ। ਸਾਨੂੰ ਇਨ੍ਹਾਂ ਦੀ ਆਰਥਿਕ ਲੁੱਟ-ਖਸੁੱਟ ਅਤੇ ਗ਼ੁਲਾਮੀ ਤੋਂ ਛੁਟਕਾਰਾ ਪਾਉਣ ਅਤੇ ਆਰਥਿਕ ਆਜ਼ਾਦੀ ਪ੍ਰਾਪਤ ਕਰਨ ਲਈ ਪ੍ਰਣ ਕਰਨਾ ਚਾਹੀਦਾ ਹੈ। ਇਸ ਇਸ਼ਤਿਹਾਰਬਾਜ਼ੀ ਤੋਂ ਇਹ ਸਵਾਲ ਉਠਣੇ ਲਾਜ਼ਮੀ ਹਨ:

ਕੀ ਅਸੀਂ ਵਿਦੇਸ਼ੀ ਕੰਪਨੀਆਂ ਦੀਆਂ ਲੁੱਟ-ਖਸੁੱਟ ਤੋਂ ਪੀੜਤ ਹਾਂ? ਕੀ ਸਾਡੀ ਆਰਥਿਕ ਆਜ਼ਾਦੀ, ਵਾਕਈ ਆਜ਼ਾਦੀ ਨਾ ਹੋ ਕੇ ਅਸਲ ਵਿਚ ਗ਼ੁਲਾਮੀ ਹੈ? ਜੇ ਇਉਂ ਹੈ ਤਾਂ ਫਿਰ ਰਾਜਸੀ ਆਜ਼ਾਦੀ ਇੰਨੀ ਕਮਜ਼ੋਰ ਕਿਉਂ ਹੈ ਜਿਹੜੀ ਇਹ ਗੁਲਾਮੀ ਸਹਿ ਰਹੀ ਹੈ? ਰਾਮਦੇਵ ਦਾ ਮਾਣ-ਸਨਮਾਨ ਦੇਖ ਕੇ ਇਸ ਤੱਥ ਨੂੰ ਸੱਚ ਹੀ ਮੰਨ ਲੈਣਾ ਚਾਹੀਦਾ ਹੈ ਅਤੇ ਇਸ ਦੇ ਅਰਥਾਂ ‘ਤੇ ਵਿਚਾਰ ਕਰਨੀ ਚਾਹੀਦੀ ਹੈ। ਆਮ ਧਾਰਨਾ ਹੈ ਕਿ ਰਾਮਦੇਵ, ਰਾਸ਼ਟਰੀ ਸਵੈਮਸੇਵਕ ਸੰਘ (ਆਰæਐਸ਼ਐਸ਼) ਦੇ ਕਿਸੇ ਨਾ ਕਿਸੇ ਪੱਧਰ ਦੇ ਕਾਰਕੁਨ ਹਨ। ਉਨ੍ਹਾਂ ਦੇ ਕਈ ਬਿਆਨ ਇਸ ਸੱਚਾਈ ਦੀ ਪੁਸ਼ਟੀ ਵੀ ਕਰਦੇ ਹਨ। ਇਸ ਤੋਂ ਬਿਨਾਂ ਜਿਸ ਹੁਸ਼ਿਆਰੀ ਅਤੇ ਕਲਾਕਾਰੀ ਨਾਲ ਉਨ੍ਹਾਂ ਨੇ ਪਹਿਲਾਂ ਯੋਗ ਦਾ ਧਰਮ ਨਿਰਲੇਪ ਅਕਸ ਉਭਾਰਿਆ, ਤੇ ਫਿਰ ਇਸ ਨੂੰ ਸਨਾਤਨੀ ਹਿੰਦੂ ਧਰਮ ਨਾਲ ਜਾ ਨੱਥੀ ਕੀਤਾ, ਉਹ ਵੀ ਇਸ ਸਿੱਟੇ ਦੀ ਪੁਸ਼ਟੀ ਕਰਦਾ ਹੈ।
ਆਰæਐਸ਼ਐਸ਼ ਸਾਰੇ ਸੰਘ ਪਰਿਵਾਰ ਦੀ ਮਾਰਗ ਦਰਸ਼ਕ ਅਤੇ ਵਿਚਾਰਧਾਰਕ ਇਕਾਈ ਹੈ। ਭਾਜਪਾ ਇਸ ਦਾ ਸਿਆਸੀ ਵਿੰਗ ਹੈ। ਜਦੋਂ ਵੀ ਭਾਜਪਾ ਕੇਂਦਰ ਦੀ ਸੱਤਾ ‘ਤੇ ਕਾਬਜ਼ ਹੋਈ ਹੈ, ਇਸ ਨੇ ਸਾਮਰਾਜੀ ਦੇਸ਼ਾਂ ਵੱਲੋਂ ਠੋਸੀਆਂ ਅਤੇ ਉਨ੍ਹਾਂ ਦੀਆਂ ਹਿੱਤਕਾਰੀ ਸੰਸਾਰੀਕਰਨ, ਉਦਾਰੀਕਰਨ ਤੇ ਨਿੱਜੀਕਰਨ ਦੀਆਂ ਨੀਤੀਆਂ ਨੂੰ ਕਾਂਗਰਸ ਨਾਲੋਂ ਵੀ ਦੋ ਕਦਮ ਅੱਗੇ ਜਾ ਕੇ ਲਾਗੂ ਕੀਤਾ ਹੈ। ਇਨ੍ਹਾਂ ਨੀਤੀਆਂ ਵਿਚ ਵਿਦੇਸ਼ੀ ਸਰਮਾਏ ਨੂੰ ਭਾਰਤ ਅੰਦਰ ਵੜਨ ਦੀ ਪੂਰੀ ਖੁੱਲ੍ਹ ਹੈ, ਸਹੂਲਤਾਂ ਹਨ ਅਤੇ ਮੋਟੇ ਮੁਨਾਫ਼ੇ ਕਮਾਉਣ ਦੇ ਭਰਪੂਰ ਮੌਕੇ ਮੁਹੱਈਆ ਕੀਤੇ ਜਾਂਦੇ ਹਨ। ਇਨ੍ਹਾਂ ਨੀਤੀਆਂ ਨੂੰ ਆਰæਐਸ਼ਐਸ਼ ਦੀ ਪ੍ਰਵਾਨਗੀ ਅਤੇ ਪੁਸ਼ਟੀ ਤੋਂ ਬਿਨਾਂ ਨਹੀਂ ਲਾਗੂ ਕੀਤਾ ਜਾ ਰਿਹਾ। ਵਿਦੇਸ਼ੀ ਸਰਮਾਇਆ ਆਰਥਿਕ ਖੇਤਰ ਵਿਚ ਲੁੱਟ-ਖਸੁੱਟ ਕਰ ਰਿਹਾ, ਭ੍ਰਿਸ਼ਟਾਚਾਰ ਵਧਾ ਰਿਹਾ, ਬੇਕਾਰੀ, ਮੰਦਹਾਲੀ ਤੇ ਗੁਰਬਤ ਵਧਾ ਰਿਹਾ ਹੈ। ਰਾਮਦੇਵ ਦੇ ਸ਼ਬਦਾਂ ਵਿਚ ਇਹ ਲੁੱਟ-ਖਸੁੱਟ ਅਤੇ ਗੁਲਾਮੀ ਹੈ। ਜੇ ਇਉਂ ਹੈ ਤਾਂ ਉਹ ਭਾਜਪਾ ਦੀ ਸਰਕਾਰ ਤੋਂ ਇਸ ਲੁੱਟ ਅਤੇ ਗੁਲਾਮੀ ਦਾ ਅੰਤ ਕਰਨ ਦੀ ਮੰਗ ਕਿਉਂ ਨਹੀਂ ਕਰਦੇ? ਜਦ ਇਹ ਮੰਗ ਨਹੀਂ ਕਰਦੇ ਤਾਂ ਇਸ ‘ਲੁੱਟ ਅਤੇ ਗੁਲਾਮੀ’ ਤੋਂ ਛੁਟਕਾਰਾ ਪਾਉਣ ਦੇ ਪ੍ਰਣ ਦਾ ਕੀ ਅਰਥ ਰਹਿ ਜਾਂਦਾ ਹੈ?
ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਤੋਂ ਪਹਿਲਾਂ ਇਕ ਹੋਰ ਤੱਥ ਵਿਚਾਰਨਾ ਜ਼ਰੂਰੀ ਹੈ। ਸੰਘ ਪਰਿਵਾਰ ਦਾ ਹੀ ਇੱਕ ਹੋਰ ਅੰਗ ਹੈ ਸਵਦੇਸ਼ੀ ਜਾਗਰਣ ਮੰਚ। ਇਹ ਮੰਚ ਸਵਦੇਸ਼ੀ ਦਾ ਨਾਅਰਾ ਉਭਾਰਦਾ ਹੈ ਅਤੇ ਵਿਦੇਸ਼ੀ ਸਰਮਾਏ ਤੇ ਵਿਦੇਸ਼ੀ ਮਾਲ ਖਿਲਾਫ ਵੀ ਆਵਾਜ਼ ਉਠਾਉਂਦਾ ਹੈ; ਕਦੇ ਕਦੇ ਕਰੜੇ ਸ਼ਬਦਾਂ ਵਿਚ ਵੀ ਇਉਂ ਕਰਦਾ ਹੈ। ਕਾਰਨ ਇਹ ਹੈ ਕਿ ਇਹ ਮੰਚ ਛੋਟੇ ਵਪਾਰੀਆਂ, ਕਾਰੋਬਾਰੀਆਂ ਦੀ ਆਵਾਜ਼ ਬਣਦਾ ਹੈ। ਇਹ ਨੀਤੀ ਉਸ ਨੀਤੀ ਦੀ ਹੀ ਲਗਾਤਾਰਤਾ ਹੈ ਜਿਹੜੀ ਜਨ ਸੰਘ ਦੇ ਦਿਨਾਂ ਤੋਂ ਚਲੀ ਆਉਂਦੀ ਹੈ। ਉਦੋਂ ਜਨ ਸੰਘ ਦਾ ਮੁੱਖ ਆਰਥਿਕ ਤੇ ਸਮਾਜੀ ਆਧਾਰ ਛੋਟੇ ਵਪਾਰੀਆਂ ਤੇ ਕਾਰੋਬਾਰੀਆਂ ਵਿਚ ਸੀ। ਇਹ ਉਨ੍ਹਾਂ ਦੇ ਹਿਤਾਂ ਦੀ ਪੈਰਵੀ ਕਰਦਾ ਹੁੰਦਾ ਸੀ ਅਤੇ ਅੱਜ ਇਹੀ ਕਾਰਜ ਸਵਦੇਸ਼ੀ ਜਾਗਰਣ ਮੰਚ ਕਰਦਾ ਹੈ; ਪਰ ਇਹ ਵੱਡੇ ਕਾਰਪੋਰੇਟਾਂ, ਦੇਸੀ ਤੇ ਵਿਦੇਸ਼ੀ, ਖਿਲਾਫ ਕਿਸੇ ਸੰਘਰਸ਼ ਵਿਚ ਨਹੀਂ ਪੈਂਦਾ, ਕਿਉਂਕਿ ਇਉਂ ਕਰ ਕੇ ਇਹ ਆਪਣੀ ਭਾਜਪਾ ਸਰਕਾਰ ਦੇ ਕੰਮਾਂ ਵਿਚ ਵਿਘਨ ਪਾ ਰਿਹਾ ਹੋਵੇਗਾ ਅਤੇ ਭਾਜਪਾ ਸਰਕਾਰ ਦੀਆਂ ਆਰਥਿਕ ਨੀਤੀਆਂ ਦਾ ਵਿਰੋਧ ਕਰਕੇ ਸਰਕਾਰ ਦੀ ਬਦਨਾਮੀ ਕਰਵਾ ਰਿਹਾ ਹੋਵੇਗਾ। ਇਸ ਕਰ ਕੇ ਇਹ ਸਿਰਫ਼ ਸਵਦੇਸ਼ੀ ਭਾਵਨਾਵਾਂ ਟੁੰਬਦਾ ਹੈ, ਉਕਸਾਂਦਾ ਹੈ ਅਤੇ ਇਨ੍ਹਾਂ ਨੂੰ ਨਰਮ ਤੇ ਕਾਗਜ਼ੀ ਵਿਰੋਧ ਰਾਹੀਂ ਖ਼ਾਰਿਜ ਕਰਵਾ ਕੇ, ਇਸ ਤਬਕੇ ਨੂੰ ਆਪਣੇ ਨਾਲ ਜੋੜੀ ਰੱਖਦਾ ਹੈ। ਇਹ ਵਿਰੋਧ-ਪ੍ਰਬੰਧਨ ਦੀ ਦਾਅਪੇਚਕ ਖੇਡ ਹੀ ਹੈ। ਇਸ ਕਰ ਕੇ ਇਸ ਮੰਚ ਦਾ ਸਵਦੇਸ਼ੀ, ਦੇਸ਼ ਭਗਤੀ ਅਤੇ ਕੌਮਵਾਦ ਸਿਰਫ਼ ਖੋਖਲਾ ਅਤੇ ਗੁੰਮਰਾਹ-ਕਰੂ ਨਾਅਰਾ ਹੈ।
ਰਾਮਦੇਵ ਦਾ ਪ੍ਰਚਾਰ ਵੀ ਦਬਾਅ-ਪਾਊ ਦਾਅਪੇਚ ਹੈ। ਉਹ ਕੁੱਲ ਸੰਘ ਪਰਿਵਾਰ ਦੇ ਅੰਗ ਵਜੋਂ ਵਿਦੇਸ਼ੀ ਕਾਰਪੋਰੇਟਾਂ ਦੀ ਆਰਥਿਕ ‘ਲੁੱਟ ਤੇ ਗੁਲਾਮੀ’ ਨੂੰ ਉਛਾਲਦਾ ਹੈ ਤਾਂ ਕਿ ਉਸ ਦੀ ਭਾਜਪਾ ਸਰਕਾਰ ਵਿਦੇਸ਼ੀ ਕਾਰਪੋਰੇਟਾਂ ਨੂੰ ਇਹ ਦਬਾਅ ਦਿਖਾ ਕੇ, ਉਨ੍ਹਾਂ ਤੋਂ ਕੁਝ ਰਿਆਇਤਾਂ ਹਾਸਲ ਕਰ ਸਕੇ ਅਤੇ ਦੇਸੀ ਕਾਰਪੋਰੇਟਾਂ ਨੂੰ ਇਹ ਰਿਆਇਤਾਂ ਦਿਵਾ ਸਕੇ। 1925 ਤੋਂ ਬਾਅਦ ਭਾਰਤ ਦੇ ਕਾਰੋਬਾਰੀਆਂ ਅਤੇ ਵੱਡੇ ਸਨਅਤੀ ਘਰਾਣਿਆਂ ਦੀ ਨੀਤੀ ਅਤੇ ਹੋਣੀ ਵੀ ਇਹੀ ਰਹੀ ਹੈ। ਉਹ ਆਪਣੀ ਸਿਆਸੀ ਧਿਰ, ਕਾਂਗਰਸ ਰਾਹੀਂ ਵੀ, ਤੇ ਆਪ ਵੀ, ਬਰਤਾਨਵੀ ਸਰਕਾਰ ਨੂੰ ਲੋਕਾਂ ਦੇ ਗੁੱਸੇ ਦਾ ਡਰ ਦਿਖਾ ਕੇ, ਕੁਝ ਰੋਸ ਦਰਜ ਕਰਵਾ ਕੇ, ਆਖ਼ਿਰ ਸਮਝੌਤਾ ਕਰ ਲੈਂਦੇ ਸਨ। ਬਰਤਾਨਵੀ ਸਾਮਰਾਜੀ ਹਾਕਮ ਆਪਣੇ ਸਾਰੇ ਹਿਤਾਂ ਤੇ ਲੋੜਾਂ ਨੂੰ ਮਿਣ-ਗੱਠ ਕੇ ਅਜਿਹੀਆਂ ਰਿਆਇਤਾਂ ਦੇ ਦਿਆ ਕਰਦੇ ਸਨ। ਰਿਆਇਤਾਂ ਦੇ ਗੱਫਿਆਂ ਦਾ ਸਬੰਧ ਦੇਸ਼ ਦੇ ਅੰਦਰੂਨੀ ਅਤੇ ਕੌਮਾਂਤਰੀ ਹਾਲਾਤ ਨਾਲ ਵੀ ਰਿਹਾ ਹੈ। ਭਾਰਤ ਦਾ ਆਰਥਿਕ ਇਤਿਹਾਸ ਵਾਚਣ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਭਾਰਤ ਦੇ ਸਨਅਤਕਾਰਾਂ ਨੂੰ ਨਵੇਂ ਕਾਰੋਬਾਰ ਦੀ ਆਗਿਆ ਪਹਿਲੀ ਅਤੇ ਦੂਸਰੀ ਸੰਸਾਰ ਜੰਗ ਦੌਰਾਨ ਖਾਸ ਤੌਰ ‘ਤੇ ਮਿਲੀ ਸੀ। ਲੁੱਕ ਦੇ ਡਰੰਮ ਬਣਾਉਣ, ਰੇਲ ਦੀਆਂ ਪਟੜੀਆਂ ਦੇ ਸਲੀਪਰ (ਲੱਕੜੀ ਦੇ ਫੱਟੇ) ਬਣਾਉਣ, ਸਰੀਆ, ਪੱਤੀ ਆਦਿ ਬਣਾਉਣ ਦੇ ਲਾਇਸੈਂਸ ਇਨ੍ਹਾਂ ਜੰਗਾਂ ਦੌਰਾਨ ਹੀ ਮਿਲੇ ਸਨ। ਕਾਰਨ ਸਪਸ਼ਟ ਸੀ। ਜੰਗ ਕਾਰਨ ਸਾਮਰਾਜੀ ਸਰਮਾਏਦਾਰ ਆਪਣਾ ਸਰਮਾਇਆ ਹਥਿਆਰਸਾਜ਼ ਸਨਅਤ, ਦਵਾਈ ਸਨਅਤ, ਬਾਰੂਦ ਸਨਅਤ ਵਿਚ ਲਾਉਣ ਲਈ ਮਜਬੂਰ ਸਨ, ਇਸ ਕਰ ਕੇ ਸਾਧਾਰਨ ਅਤੇ ਗ਼ੈਰ-ਜੰਗੀ ਸਾਜ਼ੋ-ਸਮਾਨ ਵਿਚ ਇਹ ਸਰਮਾਇਆ ਨਹੀਂ ਸੀ ਫਸਾਉਣਾ ਚਾਹੁੰਦੇ। ਇਹ ਸਨਅਤਾਂ ਵਧੇਰੇ ਜਾਂ ਉਕਾ ਹੀ ਉਨ੍ਹਾਂ ਸਾਮਰਾਜੀ ਦੇਸ਼ਾਂ ਦੇ ਅੰਦਰ ਹੀ ਹੁੰਦੀਆਂ ਸਨ, ਕਿਉਂਕਿ ਉਥੇ ਸੁਰੱਖਿਅਤ ਸਨ। ਸੜਕੀ ਤੇ ਰੇਲ ਆਵਾਜਾਈ ਲਈ ਲੋੜੀਂਦੇ ਸਾਜ਼ੋ-ਸਮਾਨ ਦੀ ਜ਼ਰੂਰਤ ਸੀ। ਤੇ ਉਸ ਨੂੰ ਬਣਾਉਣ ਦੀ ਆਗਿਆ ਦੇਸੀ ਸਮਝੌਤੇਬਾਜ਼ ਸਨਅਤਕਾਰਾਂ ਨੂੰ ਦੇ ਦਿੱਤੀ ਜਾਂਦੀ ਸੀ।
ਅੱਜ ਤੱਕ ਵੀ ਸਾਮਰਾਜ ਦੀ ਇਹ ਨੀਤੀ ਕਾਇਮ ਹੈ। ਉਹ ਆਪਣਾ ਸਰਮਾਇਆ ਅਤਿਆਧੁਨਿਕ ਤਕਨੀਕ ‘ਤੇ ਆਧਾਰਿਤ ਸਨਅਤਾਂ ਵਿਚ ਲਾਉਂਦੇ ਹਨ ਅਤੇ ਬਚਦਾ ਸਨਅਤੀ ਖੇਤਰ ਜਾਂ ਇਸ ਦੀ ਕੋਈ ਸ਼ਾਖਾ ਦੇਸੀ ਕਾਰਪੋਰੇਟਾਂ ਲਈ ਛੱਡ ਦਿੰਦੇ ਹਨ। ਦੇਸੀ ਕਾਰਪੋਰੇਟ ਇਹ ਰਿਆਇਤਾਂ ਲੈ ਕੇ ਫੁੱਲੇ ਨਹੀਂ ਸਮਾਉਂਦੇ ਅਤੇ ਥਾਪੀਆਂ ਮਾਰ ਕੇ ਆਪਣੀ ਵਡੱਤਣ ਅਤੇ ਸ਼ਕਤੀ ਦਾ ਐਲਾਨ ਕਰਦੇ ਰਹਿੰਦੇ ਹਨ; ਬਹੁਤ ਵੱਡੀ ਆਰਥਿਕ ਸ਼ਕਤੀ ਬਣ ਜਾਣ ਦੇ ਦਮਗਜੇ ਮਾਰਨ ਲੱਗਦੇ ਹਨ। ਸਾਮਰਾਜੀ ਸਰਮਾਏ ਤੇ ਤਕਨੀਕ ਉਪਰ ਇਨ੍ਹਾਂ ਦੀ ਨਿਰਭਰਤਾ ਪੱਕੀ, ਸਥਾਈ ਅਤੇ ਅਬਦਲ ਰਹਿੰਦੀ ਹੈ। ਇਸ ਤਰ੍ਹਾਂ ਅਨਿਰਭਰਤਾ ਜਾਂ ਸਵੈ-ਨਿਰਭਰਤਾ ਛਲਾਵਾ, ਰੂਪਕ ਅਤੇ ਰਸਮੀ ਬਣੀ ਰਹਿੰਦੀ ਹੈ, ਪਰ ਨਿਰਭਰਤਾ ਸਥਾਈ ਅਤੇ ਹਕੀਕੀ ਬਣੀ ਪਈ ਹੈ। ਇਸ ਕਰ ਕੇ ਹੀ ਭਾਰਤ ਦੇ ਕਾਰਪੋਰੇਟਾਂ ਨੂੰ ਦਲਾਲ ਦਾ ਨਾਮ ਦਿੱਤਾ ਜਾਂਦਾ ਹੈ।
ਸੰਘ ਪਰਿਵਾਰ ਬਹੁ-ਮੂੰਹੀਂ ਸੰਸਥਾ ਹੈ। ਇਸ ਦੇ ਵੱਖ ਵੱਖ ਅੰਗਾਂ ਵਿਚ ਕੰਮ ਦੀ ਵੰਡ ਹੈ। ਜੇ ਕੋਈ ਅੰਗ ਵਧਵਾਂ, ਹੂੰਝਾਫੇਰ ਜਾਂ ਨੀਤੀ-ਉਲੰਘ ਬਿਆਨ ਦੇ ਦਿੰਦਾ ਹੈ ਤਾਂ ਬਾਕੀ ਅੰਗ ਉਸ ਬਾਰੇ ਫੌਰੀ ਪ੍ਰਤੀਕਿਰਿਆ ਦੇਣੋਂ ਚੁੱਪ ਰਹਿ ਲੈਂਦੇ ਹਨ। ਰਾਮਦੇਵ 55 ਹਜ਼ਾਰ ਕਰੋੜ ਰੁਪਏ ਦੀ ਆਰਥਿਕਤਾ ਉਪਰ ਵਿਦੇਸ਼ੀ ਕੰਪਨੀਆਂ ਦੇ ਕਬਜ਼ੇ ਨੂੰ ਹੀ ਸਵੀਕਾਰ ਕਰਦੇ ਹਨ, ਪਰ ਭਾਰਤੀ ਆਰਥਿਕਤਾ ਤਾਂ ਇਸ ਨਾਲੋਂ ਕਰੀਬ 200 ਗੁਣਾ ਵੱਡੀ ਹੈ ਅਤੇ ਸਾਡੀ ਆਰਥਿਕਤਾ ਦਾ ਕੋਈ ਵੀ ਖਾਸ ਖੇਤਰ ਐਸਾ ਨਹੀਂ ਜਿਹੜਾ ਵਿਦੇਸ਼ੀ ਸਰਮਾਏ ਦੀ ਜਕੜ ਵਿਚ ਨਾ ਹੋਵੇ। ਹੁਣ ਵਿਦੇਸ਼ੀ ਕਾਰਪੋਰੇਟ ਉਚ-ਤਕਨੀਕ ਆਧਾਰਿਤ, ਪਰ ਥੋੜ੍ਹੇ ਮਜ਼ਦੂਰਾਂ ਵਾਲੀ ਸਨਅਤ ਵਿਚ ਵਧੇਰੇ ਰੁਚੀ ਰੱਖਦੇ ਹਨ। ਹੁਣ ਆਯੁਰਵੈਦਿਕ ਦਵਾ-ਦਾਰੂ ਜਾਂ ਵਸਤਾਂ ਰਾਮਦੇਵ ਹੀ ਨਹੀਂ ਬਣਾਉਂਦੇ, ਸਗੋਂ ਬਹੁ-ਕੌਮੀ ਕੰਪਨੀਆਂ ਵੀ ਬਣਾਉਂਦੀਆਂ ਹਨ। ਹੁਣ ਉਹ ਪਰਚੂਨ ਵਪਾਰ ਵਿਚ ਵੀ ਘੁਸ ਚੁੱਕੀਆਂ ਹਨ। ਵਿਸ਼ਵ-ਵਿਦਿਆਲਿਆਂ ਦੇ ਖੇਤਰ ਤੇ ਪ੍ਰਚਾਰ-ਪ੍ਰਸਾਰ ਸਾਧਨਾਂ ਵਿਚ ਦਾਖਲ ਹੋਣ ਦੀ ਖੁੱਲ੍ਹ ਪ੍ਰਾਪਤ ਕਰ ਚੁੱਕੀਆਂ ਹਨ। ਇਹ ਸਾਰਾ ਕੁਝ ਗੰਭੀਰ ਖ਼ਤਰਾ ਖੜ੍ਹਾ ਕਰਦਾ ਹੈ ਜਿਸ ਦੀ ਮੁਖ਼ਾਲਫ਼ਤ ਰਾਮਦੇਵ ਨੂੰ ਸੁਝ ਹੀ ਨਹੀਂ ਰਹੀ।
ਰਾਜਸੀ ਅਰਥ-ਸ਼ਾਸਤਰ ਦੇ ਮਾਹਿਰ ਜਾਣਦੇ ਹਨ ਕਿ ਆਰਥਿਕ ਖੇਤਰ ਅਜਿਹੀ ਨੀਂਹ ਹੁੰਦਾ ਹੈ ਜਿਸ ਉਪਰ ਸਿਆਸੀ, ਕਾਨੂੰਨੀ, ਸੰਵਿਧਾਨਕ, ਅਦਾਲਤੀ, ਸਭਿਆਚਾਰਕ ਢਾਂਚੇ ਦੇ ਕੰਧਾਂ, ਦਰਵਾਜ਼ੇ, ਤਾਕੀਆਂ ਆਦਿ ਖੜ੍ਹੇ ਹੁੰਦੇ ਹਨ। ਆਰਥਿਕ ਗੁਲਾਮੀ, ਸਿਆਸੀ ਗੁਲਾਮੀ ਤੋਂ ਬਿਨਾਂ ਨਹੀਂ ਟਿਕ ਸਕਦੀ ਅਤੇ ਸਿਆਸੀ ਗੁਲਾਮੀ (ਸਿੱਧੀ ਜਾਂ ਅਸਿੱਧੀ) ਆਰਥਿਕ ਗੁਲਾਮੀ (ਸਿੱਧੀ ਜਾਂ ਅਸਿੱਧੀ) ਤੋਂ ਬਿਨਾਂ ਹੋਂਦ ਵਿਚ ਨਹੀਂ ਆਉਂਦੀ। ਸਿੱਧੀ ਜਾਂ ਅਸਿੱਧੀ ਸਿਆਸੀ ਗੁਲਾਮੀ ਜਾਂ ਅੱਧ ਗੁਲਾਮੀ ਜਾਂ ਸਥਾਈ ਨਿਰਭਰਤਾ ਬਾਰੇ ਚੁੱਪ ਰਹਿ ਕੇ ਬਾਬਾ ਰਾਮਦੇਵ ਦਾ ਆਰਥਿਕ ਕੌਮਵਾਦ ਤੇ ਆਰਥਿਕ ਦੇਸ਼ਭਗਤੀ ਭਰਮਾਊ ਤੇ ਖੋਖਲਾ ਨਾਅਰਾ ਹੀ ਰਹਿ ਜਾਂਦੇ ਹਨ। ਅੱਜ ਕੌਮਾਂਤਰੀ ਪ੍ਰਸੰਗ ਵਿਚ ਸਾਮਰਾਜ ਦੀ ਖੁੱਲ੍ਹੀ ਮੁਖ਼ਾਲਫ਼ਤ ਤੋਂ ਬਗੈਰ ਕੋਈ ਕੌਮਪ੍ਰਸਤੀ ਕਲਪੀ ਨਹੀਂ ਜਾ ਸਕਦੀ। ਇਹੀ ਕਾਰਨ ਹੈ ਕਿ ਨਵ-ਬਸਤੀਵਾਦ ਦੇ ਦੌਰ ਵਿਚ, ਸਾਰਾ ਆਰਥਿਕ ਤੇ ਰਾਜਸੀ-ਤੰਤਰ ਇਸ ਦੇ ਮੱਕੜ ਜਾਲ ਵਿਚ ਛਟਪਟਾਉਂਦਾ ਰਹਿੰਦਾ ਹੈ ਅਤੇ ਸਾਰੀਆਂ ਸਿਆਸੀ ਪਾਰਟੀਆਂ ਇਕੋ ਗਾਡੀ ਰਾਹ ਦੀਆਂ ਰਾਹੀ ਸਾਬਤ ਹੋ ਜਾਂਦੀਆਂ ਹਨ।