ਅੱਖ ਚੁਭੀ ਅਮਨ ਦੀ

ਕਸ਼ਮੀਰੀ ਕੁੜੀ ਇਨਸ਼ਾ ਮੁਸ਼ਤਾਕ ਜਿਸ ਦੀਆਂ ਦੋਹਾਂ ਅੱਖਾਂ ਦੀ ਰੌਸ਼ਨੀ ਸੁਰੱਖਿਆ ਦਸਤਿਆਂ ਦੀ ਘਾਤਕ ਪੈਲੇਟ ਗੰਨ ਦੇ ਛੱਰਿਆਂ ਨਾਲ ਚਲੀ ਗਈ ਸੀ, ਹੁਣ ਆਪਣੀ ਜ਼ਿੰਦਗੀ ਨਾਲ ਜੂਝ ਰਹੀ ਹੈ। ਉਹ ਆਪਣੀ ਪੜ੍ਹਾਈ ਜਾਰੀ ਰੱਖਣ ਲਈ ਨੇਤਰਹੀਣਾਂ ਵਾਲੀ ਬਰੇਲ ਲਿਪੀ ਸਿੱਖ ਰਹੀ ਹੈ। ਅਭੈ ਸਿੰਘ ਨੇ ਆਪਣੇ ਇਸ ਲੇਖ ਵਿਚ ਇਸ ਕੁੜੀ ਦੀ ਗਾਥਾ ਸੁਣਾਈ ਹੈ।

-ਸੰਪਾਦਕ

ਅਭੈ ਸਿੰਘ
ਫੋਨ: 91-98783-75903

ਪੰਜਾਬੀ ਵਿਚ ਵੱਡੀ ਵਧਾਈ ਨੂੰ ਲੱਖ ਲੱਖ ਵਧਾਈ ਆਖਿਆ ਜਾਂਦਾ ਹੈ। ਕਸ਼ਮੀਰ ਦੇ ਸ਼ਹਿਰ ਸ਼ੋਪੀਆਂ ਦੀ ਰਹਿਣ ਵਾਲੀ ਕੁੜੀ ਇਨਸ਼ਾ ਮੁਸ਼ਤਾਕ ਵਾਸਤੇ ਦਸਵੀਂ ਪਾਸ ਕਰਨੀ ਸੱਚਮੁੱਚ ਵੱਡੀ ਵਧਾਈ ਵਾਲੀ ਗੱਲ ਹੈ ਤੇ ਬਹੁਤ ਵਿਲੱਖਣ ਵੀ। ਪਿਛਲੇ ਸਾਲ ਅਪਰੈਲ ਮਹੀਨੇ ਕਸ਼ਮੀਰ ਵਿਚ ਇਕ ਬੰਦੂਕਧਾਰੀ ਬੁਰਹਾਨ ਵਾਨੀ ਦੇ ਮਾਰੇ ਜਾਣ ਤੋਂ ਬਾਅਦ ਬਹੁਤ ਜਗ੍ਹਾ ਰੋਸ ਵਜੋਂ ਪੱਥਰ ਮਾਰਨ ਦੀਆਂ ਘਟਨਾਵਾਂ ਹੋਈਆਂ। ਭੀੜਾਂ ‘ਤੇ ਕਾਬੂ ਪਾਉਣ ਲਈ ਪੁਲਿਸ ਨੇ ਗੋਲੀਆਂ ਤੇ ਪੈਲੇਟ ਗੰਨਾਂ ਦਾ ਇਸਤੇਮਾਲ ਕੀਤਾ। ਪੈਲੇਟ ਗੰਨ ਦੇ ਬਾਰੂਦੀ ਛੱਰੇ ਬਹੁਤ ਬਾਰੀਕ ਹੁੰਦੇ ਹਨ ਜੋ ਵੱਜਣ ਨਾਲ ਬੰਦਾ ਜ਼ਖਮੀ ਹੁੰਦਾ ਹੈ, ਪਰ ਜਾਨ ਬਚ ਜਾਂਦੀ ਹੈ।
ਪੈਲੇਟ ਗੰਨਾਂ ਨਾਲ ਮੌਤਾਂ ਦੀ ਗਿਣਤੀ ਤਾਂ ਜ਼ਰੂਰ ਘਟੀ, ਪਰ ਬਹੁਤ ਸਾਰੇ ਲੋਕ ਗੰਭੀਰ ਜ਼ਖਮੀ ਹੋਏ। ਕਈਆਂ ਦੇ ਚਿਹਰੇ ਛਲਣੀ ਹੋ ਗਏ, ਤੇ ਜੇ ਕੋਈ ਛੱਰਾ ਅੱਖ ਵਿਚ ਪੈ ਜਾਵੇ ਤਾਂ ਅੱਖ ਦਾ ਬਚਾਓ ਬਹੁਤ ਮੁਸ਼ਕਿਲ ਹੈ। ਇਉਂ ਕਸ਼ਮੀਰ ਵਿਚ ਕਈ ਲੋਕ, ਬਹੁਤੇ ਛੋਟੀ ਉਮਰ ਦੇ ਨੌਜਵਾਨ, ਇਕ ਜਾਂ ਦੋਵਾਂ ਅੱਖਾਂ ਤੋਂ ਨਕਾਰਾ ਹੋ ਗਏ। ਇਨ੍ਹਾਂ ਵਿਚੋਂ ਹੀ ਇਕ ਇਨਸ਼ਾ ਮੁਸ਼ਤਾਕ ਹੈ ਜੋ ਉਦੋਂ ਨੌਵੀਂ ਵਿਚ ਪੜ੍ਹਦੀ ਸੀ। ਸ੍ਰੀਨਗਰ, ਦਿੱਲੀ ਤੇ ਮੁੰਬਈ ਵਿਚ ਵੀ ਇਲਾਜ ਕਰਵਾਇਆ, ਪਰ ਉਸ ਦੀਆਂ ਅੱਖਾਂ ਨਾ ਬਚਾਈਆਂ ਜਾ ਸਕੀਆਂ। ਲੜਕੀ ਦੀ ਬਹਾਦਰੀ ਸੀ ਕਿ ਉਸ ਨੇ ਰੋਣ-ਧੋਣ ਵਿਚ ਜ਼ਿੰਦਗੀ ਬਸਰ ਕਰਨ ਦੀ ਤਾਂ ਪੜ੍ਹਾਈ ਜਾਰੀ ਰੱਖੀ। ਪਹਿਲਾਂ ਪੂਰੀ ਲਗਨ ਨਾਲ ਬਰੇਲ ਲਿਪੀ ਸਿੱਖਣੀ ਸ਼ੁਰੂ ਕੀਤੀ, ਪਰ ਉਸ ਵਾਸਤੇ ਕਾਫੀ ਵਕਤ ਚਾਹੀਦਾ ਸੀ। ਸੋ ਉਸ ਨੇ ਆਪਣੀਆਂ ਕਿਤਾਬਾਂ ਦੂਜਿਆਂ ਦੀ ਜ਼ਬਾਨੀ ਸੁਣ-ਸਮਝ ਕੇ ਯਾਦ ਕਰਨਾ ਸ਼ੁਰੂ ਕੀਤਾ ਅਤੇ ਦਸਵੀਂ ਦੇ ਇਮਤਿਹਾਨ ਵਿਚ ਬੈਠ ਗਈ। ਮਦਦ ਵਾਸਤੇ ਛੋਟੀ ਉਮਰ ਦੀ ਲੜਕੀ ਮਿਲ ਗਈ। ਇਹ ਉਸ ਦੀ ਜ਼ਬਾਨੀ ਸਵਾਲ ਸੁਣਦੀ ਰਹੀ ਤੇ ਉਸ ਨੂੰ ਆਪਣੀ ਜ਼ਬਾਨੀ ਜਵਾਬ ਲਿਖਵਾਉਂਦੀ ਰਹੀ। ਇਸ ਤਰ੍ਹਾਂ ਉਸ ਨੇ ਇਮਤਿਹਾਨ ਦਿੱਤਾ ਤੇ ਪਾਸ ਹੋ ਗਈ।
ਇਨਸ਼ਾ ਖੁਦ ਕਿਸੇ ਪੱਥਰਬਾਜ਼ੀ ਦੇ ਅੰਦੋਲਨ ਵਿਚ ਸ਼ਾਮਿਲ ਨਹੀਂ ਸੀ। ਉਹ ਆਪਣੇ ਘਰ ਦੀ ਪਹਿਲੀ ਮੰਜ਼ਿਲ ‘ਤੇ ਰਸੋਈ ਵਿਚ ਹੀ ਜਮੀਨ ਉਪਰ ਬੈਠ ਕੇ ਇਮਤਿਹਾਨਾਂ ਦੀ ਤਿਆਰੀ ਕਰ ਰਹੀ ਸੀ ਤਾਂ ਜੋ ਪੜ੍ਹਾਈ ਵਿਚ ਕੋਈ ਵਿਘਨ ਨਾ ਪਾਵੇ। ਅਚਾਨਕ ਬਾਹਰ ਪੱਥਰ ਮਾਰਨ, ਨਾਅਰੇ ਲਾਉਣ ਅਤੇ ਫਿਰ ਗੋਲੀਆਂ ਚੱਲਣ ਦੀ ਆਵਾਜ਼ ਆਉਣ ਲੱਗੀ। ਹਰ ਇਕ ਨੂੰ ਵੇਖਣ ਦੀ ਉਤਸੁਕਤਾ ਹੁੰਦੀ ਹੈ ਤੇ ਬੱਚਿਆਂ ਨੂੰ ਤਾਂ ਵੱਧ ਹੁੰਦੀ ਹੈ। ਇਨਸ਼ਾ ਦੌੜ ਕੇ ਬਾਹਰ ਬਾਲਕੋਨੀ ਵਿਚ ਵੇਖਣ ਗਈ ਤਾਂ ਪੈਲੇਟ ਗੰਨ ਦੇ ਛੱਰਿਆਂ ਦੀ ਇਕ ਬੁਛਾੜ ਉਸ ਦੇ ਮੂੰਹ ਉਪਰ ਵੱਜੀ। ਦੋ ਛੱਰੇ ਅੱਖਾਂ ਵਿਚ ਧੱਸ ਗਏ। ਉਸ ਨੂੰ ਇਕਦਮ ਦਿਸਣਾ ਬੰਦ ਹੋ ਗਿਆ ਤੇ ਚਿਹਰੇ ਉਪਰ ਸੜਦੇ ਜਾਣ ਦੀਆਂ ਦਰਦਾਂ ਉਠੀਆਂ।
ਮਾਂ ਬਾਪ ਹਸਪਤਾਲ ਲੈ ਕੇ ਗਏ, ਪਰ ਅੱਖਾਂ ਬਾਰੇ ਕੁਝ ਪਤਾ ਨਹੀਂ ਸੀ ਲੱਗਦਾ। ਅੱਖਾਂ ਦੀ ਜੋਤ ਵਾਪਸ ਆ ਸਕਣ ਦੀ ਡਾਕਟਰਾਂ ਵੱਲੋਂ ਕਰੀਬ ਕਰੀਬ ਨਾਂਹ ਹੀ ਸੀ। ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਵੀ ਉਸ ਦਾ ਹਾਲ ਪੁੱਛਣ ਆਈ ਤੇ ਸਰਕਾਰੀ ਖਰਚੇ ਉਪਰ ਚੰਗੇ ਇਲਾਜ ਵਾਸਤੇ ਦਿੱਲੀ ਦੇ ਏਮਜ਼ ਹਸਪਤਾਲ ਭੇਜਿਆ। ਉਸ ਤੋਂ ਬਾਅਦ ਮੁੰਬਈ ਵੀ ਲਿਜਾਇਆ ਗਿਆ। ਮਹੀਨਾ ਭਰ ਇਲਾਜ ਚੱਲਿਆ, ਪਰ ਅੱਖਾਂ ਦੀ ਜੋਤ ਸਦਾ ਵਾਸਤੇ ਜਾ ਚੁਕੀ ਸੀ। ਇਨਸ਼ਾ ਦੇ ਪਿਤਾ ਨੇ ਆਪਣੀ ਇਕ ਅੱਖ ਉਸ ਨੂੰ ਦੇਣ ਦੀ ਪੇਸ਼ਕਸ਼ ਕੀਤੀ, ਪਰ ਡਾਕਟਰਾਂ ਨੇ ਨਾਂਹ ਕਰ ਦਿੱਤੀ। ਆਖਿਰ ਹਾਰ ਕੇ ਭਾਣਾ ਮੰਨ ਕੇ ਘਰ ਵਾਪਸ ਆ ਗਏ। ਲੋਕ ਹਮਦਰਦੀ ਵਾਸਤੇ ਆਉਂਦੇ ਰਹੇ, ਪਰ ਅੱਖਾਂ ਦੀ ਜੋਤ ਦਾ ਕੁਝ ਨਹੀਂ ਸੀ ਕੀਤਾ ਜਾ ਸਕਦਾ।
ਤਿੰਨ ਮਹੀਨੇ ਤਕ ਚੱਲੇ ਪੱਥਰਬਾਜ਼ੀ ਦੇ ਅੰਦੋਲਨਾਂ ਕਾਰਨ ਤਕਰੀਬਨ 100 ਜਣੇ ਮਾਰੇ ਗਏ, ਕਈ ਸੌ ਜ਼ਖਮੀ ਹੋਏ, 20 ਜਣਿਆਂ ਦੀ ਇਕ ਇਕ ਅੱਖ ਨੁਕਸਾਨੀ ਗਈ ਤੇ 6 ਲੋਕ ਦੋਵਾਂ ਅੱਖਾਂ ਤੋਂ ਨਕਾਰਾ ਹੋ ਗਏ ਜਿਨ੍ਹਾਂ ਵਿਚ ਜ਼ਿਆਦਾ ਬੱਚੇ ਸਨ। ਇਸ ਤੋਂ ਪਹਿਲਾਂ ਵੀ 25 ਸਾਲ ਦਾ ਇਕ ਨੌਜਵਾਨ ਪੈਲੇਟ ਗੰਨ ਦੇ ਗੋਲੇ ਕਰਕੇ ਦੋਵਾਂ ਅੱਖਾਂ ਤੋਂ ਵਾਂਝਾ ਹੋ ਚੁੱਕਿਆ ਹੈ।
ਮੰਨਿਆ ਜਾ ਸਕਦਾ ਹੈ ਕਿ ਪੁਲਿਸ ਦੇ ਕਿਸੇ ਸਿਪਾਹੀ ਨੇ ਇਨਸ਼ਾ ਨੂੰ ਪਛਾਣ ਕੇ ਉਸ ਤਰਫ ਨਿਸ਼ਾਨਾ ਬੰਨ੍ਹ ਕੇ ਗੋਲੀ ਨਹੀਂ ਚਲਾਈ ਹੋਵੇਗੀ। ਫਿਜ਼ਾ ਵਿਚ ਅੰਨ੍ਹੇਵਾਹ ਚਲਦੀਆਂ ਪੈਲੇਟ ਗੋਲੀਆਂ ਦੀ ਵਾਛੜ ਇਨਸ਼ਾ ਦੇ ਚਿਹਰੇ ‘ਤੇ ਆਣ ਵੱਜੀ। ਫਿਰ ਵੀ ਇਸ ਨੂੰ ਸੜਕ ਦੁਰਘਟਨਾ ਵਾਂਗ ਕੋਈ ਹਾਦਸਾ ਨਹੀਂ ਮੰਨਿਆ ਜਾ ਸਕਦਾ। ਇਹ ਗੋਲੇ ਮਨੁੱਖਾਂ ਵੱਲੋਂ ਮਨੁੱਖਾਂ ਨੂੰ ਹੀ ਮਾਰਨ ਜਾਂ ਜ਼ਖਮੀ ਕਰਨ ਵਾਸਤੇ ਚਲਾਏ ਗਏ ਸਨ। ਹਿੰਸਕ ਝੜਪਾਂ ਦਾ ਉਹ ਸਾਰਾ ਮਾਹੌਲ ਬੰਦੇ ਦਾ ਬਣਾਇਆ ਗਿਆ ਸੀ ਜਿਸ ਵਿਚ ਇਨਸ਼ਾ ਦਾ ਕੋਈ ਕਸੂਰ ਨਹੀਂ ਸੀ, ਪਰ ਉਸ ਨੂੰ ਬਹੁਤ ਵੱਡੀ ਸਜ਼ਾ ਮਿਲੀ ਹੈ। ਸ਼ਾਇਦ ਸਜ਼ਾ-ਏ-ਮੌਤ ਤੋਂ ਵੀ ਵੱਡੀ।
ਉਨ੍ਹਾਂ ਦਿਨਾਂ ਵਿਚ ਸਾਡੀਆਂ ਅਖਬਾਰਾਂ, ਖਾਸ ਕਰ ਕਸ਼ਮੀਰ ਤੋਂ ਛਪਣ ਵਾਲੀਆਂ ਅਖਬਾਰਾਂ ਵਿਚ ਬੱਚਿਆਂ ਦੇ ਪੈਲੇਟ ਗੰਨਾਂ ਨਾਲ ਛਲਣੀ ਹੋਏ ਚਿਹਰਿਆਂ ਦੀਆਂ ਬਹੁਤ ਤਸਵੀਰਾਂ ਛਪਦੀਆਂ ਰਹੀਆਂ। ਸੁੱਜੀਆਂ ਤੇ ਨੀਲੀਆਂ ਹੋਈਆਂ ਅੱਖਾਂ ਬਹੁਤ ਭਿਆਨਕ ਤੇ ਦਰਦਨਾਕ ਤਸਵੀਰ ਪੇਸ਼ ਕਰਦੀਆਂ ਸਨ। ਇਨ੍ਹਾਂ ਤਸਵੀਰਾਂ ਨਾਲ ਬਹੁਤ ਟਿੱਪਣੀਆਂ ਵੀ ਛਪਦੀਆਂ ਰਹੀਆਂ ਕਿ ਕਿਵੇਂ ਸੁਰੱਖਿਆ ਅਧਿਕਾਰੀ ਦਰਿੰਦਗੀ ਦਾ ਵਰਤਾਰਾ ਕਰਦੇ ਰਹੇ। ਸੁਰੱਖਿਆ ਅਧਿਕਾਰੀਆਂ ਦੀਆਂ ਆਪਣੀਆਂ ਪ੍ਰੇਸ਼ਾਨੀਆਂ ਹੋਣਗੀਆਂ, ਪਰ ਆਮ ਭਾਸ਼ਾ ਇਹ ਸੀ ਕਿ ਜ਼ਾਲਮ ਛੋਟੇ ਛੋਟੇ ਮਾਸੂਮ ਬੱਚਿਆਂ ਨੂੰ ਵੀਂ ਨਹੀਂ ਬਖਸ਼ ਰਹੇ। ਸੋਸ਼ਲ ਮੀਡੀਆ ‘ਤੇ ਵੀ ਅਜਿਹੀਆਂ ਦਰਦਨਾਕ ਤਸਵੀਰਾਂ ਆਉਂਦੀਆਂ ਰਹੀਆਂ ਜਿਨ੍ਹਾਂ ਨੂੰ ਵੇਖ ਕੇ ਕਲੇਜਾ ਮੂੰਹ ਨੂੰ ਆਉਂਦਾ।
ਸੰਯੁਕਤ ਰਾਸ਼ਟਰ ਮਹਾਂ ਸਭਾ ਦੇ ਇਜਲਾਸ ਵਿਚ ਪਾਕਿਸਤਾਨ ਦੀ ਸਫੀਰ ਨੇ ਇਕ ਬੱਚੀ ਦੇ ਪੈਲੇਟ ਦੇ ਛੱਰਿਆਂ ਨਾਲ ਛਲਣੀ ਹੋਏ ਚਿਹਰੇ ਦੀ ਤਸਵੀਰ ਵਿਖਾਈ ਕਿ ਦੇਖੋ, ਭਾਰਤ ਦੇ ਕਸ਼ਮੀਰ ਅੰਦਰ ਮਾਸੂਮ ਬੱਚਿਆਂ ਉਪਰ ਕਿਤਨਾ ਭਿਅੰਕਰ ਜ਼ੁਲਮ ਹੋ ਰਿਹਾ ਹੈ। ਬਾਅਦ ਵਿਚ ਉਹ ਤਸਵੀਰ ਕਸ਼ਮੀਰ ਦੀ ਨਹੀਂ, ਕਿਸੇ ਹੋਰ ਮੁਲਕ ਦੀ ਨਿਕਲੀ। ਭਾਰਤੀ ਅਧਿਕਾਰੀਆਂ ਨੇ ਇਸ ਵਿਚ ਬਹੁਤ ਸਕੂਨ ਦਾ ਇਜ਼ਹਾਰ ਕੀਤਾ। ਦਰਅਸਲ, ਇਸ ਵਿਚ ਸਕੂਨ ਵਾਲੀ ਕੋਈ ਗੱਲ ਨਹੀਂ ਹੋਣੀ ਚਾਹੀਦੀ। ਕਸ਼ਮੀਰ ਦੇ ਬੱਚਿਆਂ ਦੀਆਂ ਅਜਿਹੀਆਂ ਤਸਵੀਰਾਂ ਉਸ ਤਸਵੀਰ ਤੋਂ ਘੱਟ ਦਰਦਨਾਕ ਨਹੀਂ। ਫਿਰ ਸਾਨੂੰ ਸਕੂਨ ਦੀ ਥਾਂ ਵਧੇਰੇ ਦੁੱਖ ਹੋਣਾ ਚਾਹੀਦਾ ਹੈ ਕਿ ਇਹ ਭਿਆਨਕਤਾ ਸਿਰਫ ਕਸ਼ਮੀਰ ਵਿਚ ਹੀ ਨਹੀਂ, ਦੁਨੀਆਂ ਦੇ ਹੋਰ ਹਿੱਸਿਆਂ ਵਿਚ ਵੀ ਹੈ। ਉਸ ਬੱਚੀ ਦਾ ਦੁੱਖ ਵੀ ਸਾਡਾ ਹੈ। ਉਹ ਵੀ ਸਾਡੀ ਇਨਸ਼ਾ ਹੈ। ਸਾਡਾ ਪ੍ਰਣ ਹੋਣਾ ਚਾਹੀਦਾ ਹੈ ਕਿ ਦੁਨੀਆਂ ਵਿਚ ਕਿਧਰੇ ਵੀ ਅਜਿਹਾ ਕਿਸੇ ਬੱਚੇ ਨਾਲ ਨਾ ਹੋਵੇ। ਮੰਨਦੇ ਹਾਂ ਕਿ ਪੈਲੇਟ ਗੰਨ ਦਾ ਇਸਤੇਮਾਲ ਸਿੱਧੀ ਗੋਲੀ ਨਾਲ ਹੋਣ ਵਾਲੀਆਂ ਮੌਤਾਂ ਘਟਾਉਣ ਵਾਸਤੇ ਕੀਤਾ ਗਿਆ, ਪਰ ਕਈ ਲੋਕਾਂ ਦੇ ਪੈਲੇਟ ਨਾਲ ਹੋਏ ਜ਼ਖਮ ਵੀ ਇਤਨੇ ਦਰਦਨਾਕ ਸਨ ਕਿ ਉਹ ਕਹਿਣ ਲੱਗੇ ਕਿ ਇਸ ਨਾਲੋਂ ਤਾਂ ਇਕੋ ਗੋਲੀ ਨਾਲ ਜਾਨੋਂ ਮਾਰ ਦਿੰਦੇ ਤਾਂ ਚੰਗਾ ਸੀ। ਗੋਲੀ ਦਾ ਬਦਲ ਪੈਲੇਟ ਲੱਭਿਆ, ਹੁਣ ਪੈਲੇਟ ਦਾ ਬਦਲ ਵੀ ਲਾਲ ਮਿਰਚਾਂ ਦੇ ਕਾਰਤੂਸਾਂ ਜਾਂ ਰਬੜ ਦੀਆਂ ਗੋਲੀਆਂ ਵਰਗਾ ਲੱਭਿਆ ਜਾ ਰਿਹਾ ਹੈ। ਦੁੱਖ ਦੀ ਗੱਲ ਹੈ ਕਿ ਬੰਦਾ ਕਿਸ ਚੀਜ਼ ਦੇ ਬਦਲ ਤਲਾਸ਼ਣ ਦੀ ਖੋਜ ਕਰ ਰਿਹਾ ਹੈ, ਬੰਦੇ ਨੂੰ ਜ਼ਖਮੀ ਕਰਨ ਤੇ ਸਰੀਰਕ ਚੋਟਾਂ ਦੇਣ ਦੇ?
ਅਸਲ ਵਿਚ ਇਨ੍ਹਾਂ ਸਭ ਚੀਜ਼ਾਂ ਦਾ ਇਕ ਹੀ ਬਦਲ ਹੈ, “ਮੂੰਹ ਨਾਲ ਗੱਲ ਕਰੋ।” ਦੁਨੀਆਂ ਵਿਚ ਮਨੁੱਖੀ ਜਾਤ ਅਰਬਾਂ ਦੀ ਗਿਣਤੀ ਵਿਚ ਹੈ। ਸਾਂਝਾਂ ਵੀ ਹੋਣਗੀਆਂ, ਤਫਰਕੇ ਵੀ ਹੋਣਗੇ। ਝਗੜੇ ਵੀ ਹੋਣਗੇ, ਜਾਤ ਬਿਰਾਦਰੀ ਦੇ ਝਗੜੇ, ਧਰਮਾਂ ਦੇ ਝਗੜੇ, ਸਿਆਸਤਾਂ ਦੇ ਝਗੜੇ, ਹੱਦਾਂ ਤੇ ਸਰਹੱਦਾਂ ਦੇ ਝਗੜੇ। ਬੰਦੇ ਨੂੰ ਬੰਦਾ ਬਣ ਕੇ ਇਨ੍ਹਾਂ ਦਾ ਹੱਲ ਮੂੰਹ ਨਾਲ ਗੱਲ ਕਰਕੇ ਕਰਨਾ ਪਵੇਗਾ। ਡਾਂਗਾਂ, ਪੱਥਰਾਂ, ਬੰਦੂਕਾਂ, ਪੈਲੇਟ ਗੰਨਾਂ ਤੇ ਰਬੜ ਦੀਆਂ ਗੋਲੀਆਂ ਨਾਲ ਨਹੀਂ। ਟੈਂਕਾਂ ਤੇ ਐਟਮ ਬੰਬਾਂ ਨਾਲ ਵੀ ਨਹੀਂ।
ਇਨਸ਼ਾ ਨੇ ਦਸਵੀਂ ਦਾ ਇਮਤਿਹਾਨ ਪਾਸ ਕੀਤਾ ਹੈ, ਇਕ ਵਾਰ ਫਿਰ ਵਧਾਈ; ਪਰ ਉਸ ਦੇ ਸਾਹਮਣੇ ਅਜੇ ਬਹੁਤ ਇਮਤਿਹਾਨ ਹਨ। ਉਸ ਨੇ ਅਜੇ ਬਰੇਲ ਲਿਪੀ ਦੀ ਮੁਹਾਰਤ ਵੀ ਹਾਸਿਲ ਕਰਨੀ ਹੈ ਤਾਂ ਕਿ ਉਹ ਖੁਦ ਪੜ੍ਹ ਸਕੇ। ਨਵੀਂ ਤਕਨੀਕ ਨਾਲ ਟਾਈਪ ਕਰਨਾ ਵੀ ਸਿੱਖਣਾ ਹੈ। ਇਸ ਤੋਂ ਅੱਗੇ ਉਸ ਨੇ ਸਾਰੇ ਸੰਸਾਰ ਦਾ ਇਮਤਿਹਾਨ ਵੀ ਲੈਣਾ ਹੈ। ਉਹ ਵੇਖ ਨਹੀਂ ਸਕਦੀ, ਪਰ ਦੁਨੀਆਂ ਨੂੰ ਬਹੁਤ ਕੁਝ ਵਿਖਾ ਸਕਦੀ ਹੈ। ਉਸ ਦੀਆਂ ਅੱਖਾਂ ਬੰਦ ਹਨ, ਪਰ ਉਹ ਸਾਡੀਆਂ ਸਭਨਾਂ ਦੀ ਅੱਖਾਂ ਖੋਲ੍ਹਣ ਦੀ ਸਮਰੱਥਾ ਰੱਖਦੀਆਂ ਹਨ। ਉਸ ਦੀਆਂ ਅੱਖਾਂ Ḕਤੇ ਲੱਗੀਆਂ ਕਾਲੀਆਂ ਐਨਕਾਂ ਸਾਰੀ ਮਨੁੱਖ ਜਾਤੀ ਨੂੰ ਸਬਕ ਦੇ ਰਹੀਆਂ ਹਨ ਕਿ ਹਿੰਸਾ ਕਿੰਨੀ ਬੁਰੀ ਚੀਜ਼ ਹੈ। ਇਨਸ਼ਾ ਆਪਣੇ ਇਮਤਿਹਾਨ ਵਿਚੋਂ ਪਾਸ ਹੋ ਗਈ। ਹੁਣ ਵੇਖਣਾ ਹੈ ਕਿ ਕੀ ਅਸੀਂ ਉਸ ਵੱਲੋਂ ਪਾਏ ਇਮਤਿਹਾਨ ਵਿਚੋਂ ਪਾਸ ਹੁੰਦੇ ਹਾਂ ਜਾਂ ਨਹੀਂ! ਕੀ ਅਸੀਂ ਅਜੇ ਵੀ ਹਿੰਸਾ ਤੋਂ ਤੌਬਾ ਕਰਦੇ ਹਾਂ ਜਾਂ ਨਹੀਂ? ਕੀ ਅਸੀਂ ‘ਮੂੰਹ ਨਾਲ ਗੱਲ ਕਰਨੀ’ ਸਿੱਖਣ ਵਾਸਤੇ ਤਿਆਰ ਹਾਂ?