ਪਰਵਾਸੀਆਂ ਦੀ ਪੈਨਸ਼ਨ, ਪੈਲੀ ਤੋਂ ਪੈਂਦੇ ਪੁਆੜੇ

ਚੰਗੇਰੇ ਭਵਿੱਖ ਲਈ ਪਰਦੇਸੀਂ ਜਾ ਵੱਸਣਾ ਪੰਜਾਬ ਦੀ ਨਵੀਂ ਪੀੜ੍ਹੀ ਦਾ ਸੁਪਨਾ ਵੀ ਹੈ ਅਤੇ ਚੰਗੇ ਭਾਗਾਂ ਦੇ ਦਰ ਖੁਲ੍ਹਣਾ ਵੀ। ਪਰਦੇਸਾਂ ਵਿਚ ਖਾਸ ਕਰਕੇ ਅਮਰੀਕਾ, ਕੈਨੇਡਾ ਜਿਹੇ ਵਿਕਸਿਤ ਮੁਲਕਾਂ ਵਿਚ ਸਾਡੀ ਨਵੀਂ ਪੀੜ੍ਹੀ ਨੇ ਮੱਲਾਂ ਵੀ ਬਥੇਰੀਆਂ ਮਾਰੀਆਂ ਹਨ, ਪਰ ਸਾਡੀ ਪਿਛਲੇਰੀ ਪੀੜ੍ਹੀ ਲਈ ਕਈ ਵਾਰ ਪਰਦੇਸ ਇਕ ਅਜੀਬ ਕੁੜਿੱਕੀ ਬਣ ਜਾਂਦੇ ਹਨ-ਨਾ ਉਹ ਏਧਰਲੇ ਰਹਿ ਜਾਂਦੇ ਹਨ ਤੇ ਨਾ ਉਧਰਲੇ। ਇਹੋ ਜੀਵਨ ਹੈ ਜਿਸ ਨੂੰ ਪ੍ਰਿੰæ ਬਲਕਾਰ ਸਿੰਘ ਬਾਜਵਾ ਨੇ ‘ਕੋਠੀ ਲੱਗਣਾ’ ਕਿਹਾ ਹੈ।

ਇਸ ਲੇਖ ਵਿਚ ਪ੍ਰਿੰæ ਬਾਜਵਾ ਨੇ ਕੈਨੇਡਾ ਵਸਦੇ ਬਜ਼ੁਰਗਾਂ ਦੀ ਪੈਨਸ਼ਨ ਤੇ ਜਮੀਨ-ਜਾਇਦਾਦ ਨੂੰ ਲੈ ਕੇ ਪੈਂਦੇ ਪੁਆੜਿਆਂ ਦੀ ਗੱਲ ਛੋਹੀ ਹੈ ਅਤੇ ਸਿੱਟਾ ਕੱਢਿਆ ਹੈ ਕਿ ਬਾਲ ਬੱਚੇ ਆਪਣੇ ਥਾਂ ਹਨ ਪਰ ਆਪਣੇ ਮਾਣ-ਸਤਿਕਾਰ ਨੂੰ ਠੇਸ ਸਵੀਕਾਰ ਨਹੀਂ ਕਰਨੀ ਚਾਹੀਦੀ। -ਸੰਪਾਦਕ

ਪ੍ਰਿੰæ ਬਲਕਾਰ ਸਿੰਘ ਬਾਜਵਾ
ਫੋਨ: 647-402-2170

ਕਹਾਵਤ ਹੈ, ‘ਧੀ ਜੰਮੀ, ਮਾਂ ਦਾਜ ਬਣਾਉਣ ਲੱਗੀ।’ ਜਿਵੇਂ ਮਾਂ ਫਿਕਰਾਂ, ਸਰੋਕਾਰਾਂ ਵਿਚ ਘਿਰੀ ਮਹਿਸੂਸ ਕਰਦੀ ਹੈ, ਉਦਾਂ ਹੀ ਨਵਾਂ ਪੈਨਸ਼ਨੀ ਕੈਨੇਡੀਅਨ ਬਜ਼ੁਰਗ ਘਿਰਿਆ ਮਹਿਸੂਸ ਕਰਦੈ। ‘ਜਿਸ ਤਨ ਲਾਗੇ ਸੋ ਤਨ ਜਾਣੇ, ਕੌਣ ਜਾਣੇ ਪੀੜ ਪਰਾਈ’ ਵਾਂਗ ਜਿਹੜੇ ਅਜਿਹੇ ਸੰਕਟਾਂ ‘ਚ ਘਿਰੇ ਹੁੰਦੇ ਹਨ, ਉਹੀ ਜਾਣਦੇ ਹਨ ਕਿ ਉਨ੍ਹਾਂ ਨਾਲ ਕੀ ਬੀਤੀ ਹੈ। ‘ਰੱਬ ਦਾ ਨਾਂ, ਪਿਉ ਤੇ ਮਾਂ, ਤ੍ਰਿਵੈਣੀ ਦੀ ਛਾਂ ਵਿਹੜੇ ‘ਚ ਲਾ, ਛਾਂਵੇਂ ਬਹਿ ਕੇ ਕੱਤਿਆ ਕਰੂੰ!’ ਇਹਦੇ ਆਸਰੇ ਕੁੜੀਆਂ ਚਿੜੀਆਂ ਸੁਪਨੇ ਕੱਤਦੀਆਂ ਰਹਿੰਦੀਆਂ ਹਨ। ਨਿਤਾਣੇ ਬਜ਼ੁਰਗ, ਜਿਨ੍ਹਾਂ ਦਾ ਤਾਣ ਪੈਨਸ਼ਨ ਹੀ ਹੁੰਦੀ ਐ, ਜਦੋਂ ਉਹਦੇ ਤੋਂ ਪੁਆੜੇ ਪੈ ਜਾਣ ਤਾਂ ਪੈਨਸ਼ਨ ਦੀ ਛਾਂ ਸੂਲਾਂ ਦੀ ਸੇਜ ਬਣ ਜਾਂਦੀ ਹੈ। ਪੈਨਸ਼ਨ ਹੁੰਦੀ ਈ ‘ਗਿਣਵੀਆਂ ਹੱਡੀਆਂ ਮਿਣਵਾਂ ਸ਼ੋਰਬਾ।’ ਜੇ ਇਸ ਮਾਮਲੇ ਦੇ ਰੰਗ ਦ੍ਰਿਸ਼ (ਸਪੈਕਟਰਮ) ਨੂੰ ਵਿਛਾ ਵੇਖੀਏ ਤਾਂ ਕਈ ਕਿਸਮ ਦੀਆਂ ਸਤਰੰਗੀ ਲਹਿਰਾਂ ਲਹਿਰਾਉਂਦੀਆਂ ਨਜ਼ਰੀਂ ਪੈਂਦੀਆਂ ਨੇ।
ਕੁਝ ਸਾਲ ਪਹਿਲਾਂ ਪੰਜਾਬੀ ਪ੍ਰੈਸ ਵਿਚ ਬਰੈਂਪਟਨੀ ਪੈਨਸ਼ਨਰ ਵਿਰਸਾ ਸਿੰਘ ਦੀ ਗਾਥਾ ‘ਤੇ ਕੁਝ ਚਰਚੇ ਛਿੜੇ ਸਨ। ਪਰਿਵਾਰ ਵਲੋਂ ਬੰਦੀ ਬਣਾਏ ਗਏ ਬਜ਼ੁਰਗ ਵਿਰਸਾ ਸਿੰਘ ਦੀ ਦੁਰਦਸ਼ਾ ਭਰੀ ਗਾਥਾ ਪੜ੍ਹ ਕੇ ਮਨ ਬੜਾ ਦੁਖੀ ਹੋਇਆ। ਬਜ਼ੁਰਗਾਂ ਨੇ ਆਪਣੇ ਬੱਚਿਆਂ ਲਈ ਬਹੁਤ ਕੁਝ ਕੀਤਾ ਹੁੰਦੈ! ਉਨ੍ਹਾਂ ਦੀ ਪਾਲਣਾ ਤੋਂ ਲੈ ਕੇ ਜੀਵਨ ਵਿਚ ਵਧੀਆ ਸੈਟ ਕਰਨ ਤੱਕ ਦਿਨ ਰਾਤ ਇੱਕ ਕੀਤਾ ਹੁੰਦੈ। ਵਿਰਸਾ ਸਿੰਘ ਨੇ ਵੀ ਇਸੇ ਤਰ੍ਹਾਂ ਹੀ ਕੀਤਾ ਸੀ, ਜਿਸ ਕਰਕੇ ਉਹਨੇ ਆਪਣੇ ਪਰਿਵਾਰ ਨੂੰ ਪਿੱਤਰੀ ਰਿਣ ਦਾ ਕਰਜ਼ਦਾਰ ਬਣਾਇਆ ਹੋਇਆ ਸੀ। ਇਹਨੂੰ ਹੀ ਸਾਡੇ ਧਰਮ ‘ਰਿਣ ਪਿੱਤਰਾਂ’ ਦਾ ਕਹਿੰਦੇ ਹਨ। ਇਸ ਰਿਣ ਨੂੰ ਬਜ਼ੁਰਗਾਂ ਦਾ ਸਤਿਕਾਰ, ਸੇਵਾ ਅਤੇ ਸੰਭਾਲ ਕਰਕੇ ਉਤਾਰਿਆ ਜਾਂਦੈ। ਜਿਹੜੀ ਔਲਾਦ ਇਸ ਕਰਜ਼ਦਾਰੀ ਤੋਂ ਮੁਨਕਰ ਹੋ ਜਾਵੇ, ਉਹ ਕਪੁੱਤਰ ਗਰਦਾਨੇ ਜਾਂਦੇ ਹਨ। ਉਨ੍ਹਾਂ ਦਾ ਜੀਵਨ ਕਦਰ ਸਿਸਟਮ ਪਸੂ ਬਿਰਤੀ ਵਾਲਾ ਕਹਿਣਾ ਜੱਚਦੈ। ਉਨ੍ਹਾਂ ਲਈ ਰੱਜ ਕੇ ਪੱਠੇ ਖਾਣੇ, ਖੁੱਲ੍ਹੀਆਂ ਵੱਡੀਆਂ ਖੁਰਲੀਆਂ ‘ਤੇ ਬੱਝਣਾ ਅਤੇ ਕੁੱਖਾਂ ਕੱਢ ਆਫਰੇ ਫਿਰਨਾ ਹੀ ਅਮੀਰੀ ਤੇ ਵਡਿਆਈ ਹੈ। ਇਸ ਹਉਮੈ ਵਿਚ ਬਜ਼ੁਰਗਾਂ ਦੀ ਪਛਾਣ ਉਨ੍ਹਾਂ ਨੂੰ ਮੂਲੋਂ ਹੀ ਵਿਸਰ ਜਾਂਦੀ ਹੈ। ਇਸ ਤਰ੍ਹਾਂ ਕਰਦਿਆਂ ਉਹ ਭੁੱਲ ਜਾਂਦੇ ਹਨ ਕਿ ਉਹ ਇਨਸਾਨ ਹਨ ਤੇ ਇਨਸਾਨਾਂ ਦੇ ਤੌਰ-ਤਰੀਕੇ ਮਾਨਵੀ ਕਦਰਾਂ-ਕੀਮਤਾਂ ਵਾਲੇ।
ਵਿਰਸਾ ਸਿੰਘ ਦਾ ਪਰਿਵਾਰ ਆਪਣੇ ਬਾਪ ਨਾਲ ਬੰਦੀਆਂ ਵਾਲਾ ਵਿਹਾਰ ਕਰਕੇ ਸਮਾਜ ਤੇ ਭਾਈਚਾਰੇ ‘ਚ ਸਤਿਕਾਰ ਪ੍ਰਾਪਤ ਨਹੀਂ ਕਰ ਸਕੇਗਾ। ਅਜਿਹਿਆਂ ਨੂੰ ਭਾਈਚਾਰਾ ਵੀ ਮੂੰਹ ਨਾ ਲਾਵੇ। ਸਮਾਜਕ ਦਬਾਅ ਬੜਾ ਕੁਝ ਕਰ ਸਕਦੈ। ਦੂਜੇ ਪਾਸੇ ਇਸ ਤਰ੍ਹਾਂ ਦਾ ਵਰਤਾਓ ਕਰਕੇ ਇਹ ਪਰਿਵਾਰ ਆਪਣੇ ਲਈ ਵੀ ਕੋਈ ਚੰਗੀ ਪਿਰਤ ਨਹੀਂ ਪਾ ਰਿਹਾ। ਉਹ ਕਿੱਕਰ ਬੀਜ ਕੇ ਦਾਖਾਂ ਦੀ ਆਸ ਨਾ ਰੱਖੇ! ਸਾਡਾ ਵਿਹਾਰ ਹੀ ਸਾਡਾ ਕਰਮ ਹੁੰਦੈ। ਸਾਡੇ ਘਰੇਲੂ ਮਾਹੌਲ ‘ਚੋਂ ਸਾਡੇ ਬੱਚੇ ਬੜਾ ਕੁਝ ਸਿੱਖਦੇ ਹਨ। ਇਹ ਸਿੱਖਿਆ, ਜੀਵਨ ਜਾਚ, ਤੌਰ-ਤਰੀਕੇ ਹੀ ਸਾਡੇ ਸੰਸਕਾਰ ਬਣਦੇ ਹਨ।
ਇਹ ਵਿਚਾਰ ਸਨ ਇਕ ਚਿੰਤਕ ਦੇ। ਹੁਣ ਮੈਂ ਸਿੱਧਾ ਸੰਬੋਧਤ ਹੁੰਦਾ ਹਾਂ, ਆਪਣੇ ਵੱਡੇ ਬਾਈ ਵਿਰਸਾ ਸਿੰਘ ਨੂੰ: “ਛੱਤੀ ਸੌ ਡਾਲਰ ਪੈਨਸ਼ਨ ਲੈਣ ਵਾਲਿਆ ਸ਼ੇਰਾ! ਤੂੰ ਕਿਹੜੀ ਗੱਲੋਂ ਏਨਾ ਨਿੱਘਰਿਆ ਬੈਠੈਂ! ਹੱਦ ਹੋ ਗਈ ਯਾਰਾ! ਬੰਦਾ ਏਨੇ ਸਾਲ ਕੈਨੇਡਾ ਵਿਚ ਰਿਹਾ ਹੋਵੇ, ਉਹ ਇਥੋਂ ਦੇ ਕਾਨੂੰਨ ਤੋਂ ਏਨਾ ਅਨਜਾਣ ਤੇ ਕੋਰਾ ਹੋਵੇ? ਬਾਈ ਮੇਰੀ ਤਾਂ ਸਮਝ ਵਿਚ ਨਹੀਂ ਪੈਂਦਾ! ਇਥੇ ਜੇ ਛੋਟੇ ਜਿਹੇ ਬਾਲ ਨੂੰ ਘੂਰ ਦੇਵੋ, ਉਹ ਝੱਟ 911 ਘੁਮਾ ਦਿੰਦਾ ਹੈ। ਤੇਰੇ ‘ਤੇ ਇੰਨਾ ਜ਼ੁਲਮ ਤੇ ਜ਼ਬਰ ਹੁੰਦਾ ਰਿਹਾ, ਤੂੰ ਮੂਲੋਂ ਹੀ ਮਝੱਟ ਮਾਰੀ ਬੈਠਾ ਰਿਹਾ। ਕੁਝ ਹਿੰਮਤ ਕਰਦਾ। ਪੈਸੇ ਤੇਰੇ ਨਾਂ ‘ਤੇ ਆਉਂਦੇ ਨੇ, ਕੋਈ ਹੋਰ ‘ਮਾਈ ਦਾ ਲਾਲ’ ਕਢਾ ਨਹੀਂ ਸਕਦਾ। ਜੇ ਫਿਰ ਵੀ ਕੋਈ ਕਢਾਉਂਦੈ, ਉਹ ਕਾਨੂੰਨ ਦੇ ਸ਼ਿਕੰਜੇ ‘ਚ ਅਸਾਨੀ ਨਾਲ ਫਸੇਗਾ। ਜੇ ਤੂੰ ਆਪ ਹੀ ਸਿਰ ਸੁੱਟੀ ਬੈਠੈਂ ਤਾਂ ਭਾਈ ਦੋਸ਼ੀ ਤੂੰ ਆਪ ਈ ਏਂ, ਆਪਣੀ ਇਸ ਦੁਰਦਸ਼ਾ ਦਾ। ਹੋਰ ਕੋਈ ਨਈਓਂ! ਦੋਸ਼ ਦੂਜਿਆਂ ਨੂੰ ਤਾਂ ਦਈਏ ਜੇ ਤੈਨੂੰ ਅਸਲੋਂ ਹੀ ਅਲੱਗ-ਥਲੱਗ ਕਰਕੇ ਜੰਦਰੇ ਮਾਰ ਕੇ ਰੱਖਿਆ ਹੋਇਐ। ਤੂੰ ਕਿਉਂ ਲੁਕਦੈਂ? ਜੇ ਕੁਝ ਬਹੁੜੀ ਪਾਏਂਗਾ ਤਾਂ ਹੀ ਕੋਈ ਤੇਰੇ ਕੋਲ ਬਹੁੜੇਗਾ; ਤੇਰੀ ਧਿਰ ਬਣੇਗਾ ਤੇ ਰਾਹ ਨਿਕਲੇਗਾ। ਇਸ ਜ਼ਲਾਲਤ ‘ਚੋਂ ਮੁਕਤੀ ਦਾ ਇਹ ਹੀ ਰਾਹ ਈ।
ਮੰਨ ਲਓ, ਏਦੂੰ ਭੈੜੀ ਹੀ ਹੋ ਜਾਏ ਤਾਂ ਲੋਕ ਤੈਨੂੰ ਘੱਟੋ ਘੱਟ ਆਪਣੇ ਹੱਕ ਲਈ ਲੜਨ ਵਾਲਾ ਯੋਧਾ ਕਿਹਾ ਕਰਨਗੇ। ਜੇ ਬਾਈ ਵਿਰਸਾ ਸਿਆਂ ਤੂੰ ਮੂਲੋਂ ਹੀ ਆਪਣੀ ਇਸ ਹੋਣੀ ਨਾਲ ਸਮਝੌਤਾ ਹੀ ਕਰੀ ਬੈਠੈਂ, ਤਾਂ ਭਾਈ ਤੇਰੀ ਮਰਜ਼ੀ! ਇਸ ਗੁਲਾਮ ਸਥਿਤੀ ਦਾ ਕਾਰਨ ਮੈਨੂੰ ਤੇਰੀ ਕਿਸੇ ਮਾਨਸਿਕ ਜਾਂ ਸਰੀਰਕ ਜਾਂ ਫਿਰ ਕਿਸੇ ਸਮਾਜਕ ਕਮਜ਼ੋਰੀ ਦੀ ਹੀ ਝਲਕ ਪੈਂਦੀ ਐ। ਭਰਾਵਾ! ‘ਜੇ ਪੱਲੇ ਹੋਏ ਸੱਚ ਤਾਂ ਕੋਠੇ ਚੜ੍ਹ ਕੇ ਨੱਚ।’ ਦਲੇਰ ਬਣ। ਤੇਰੇ ਕੋਲ ਤਾਂ ਪੈਸਾ ਹੈ। ਵਧੀਆ ਜੀਵਨ ਗੁਜ਼ਾਰ ਸਕਦੈਂ। ਸ਼ੇਰ ਬਣ! ਸ਼ੇਰ! ਗੁਰਬਾਣੀ ‘ਚ ਆਉਂਦੈ: ਜ਼ਬਰ ਕਰਨਾ ਵੀ ਪਾਪ ਹੈ ਅਤੇ ਸਹਿਣਾ ਵੀ ਪਾਪ ਹੈ।
ਇੱਕ ਤਬਸਰਾ ਹੋਇਆ, ਜਿਨ੍ਹਾਂ ਦੀਆਂ ਪੈਨਸ਼ਨ ਸ਼ਰਤਾਂ ਹਾਲੀ ਪੂਰੀਆਂ ਨਹੀਂ ਹੋਈਆਂ, ਉਹ ਐਵੇਂ ਝੂਰਦੇ, ਤਰਸਦੇ ਰਹਿੰਦੇ ਨੇ। ਪ੍ਰਤੀਕਰਮ ਦਿੱਤਾ: ਝੋਰੇ ਤੇ ਤਰਸੇਵੇਂ ਵਾਲੀ ਕੋਈ ਗੱਲ ਨਹੀਂ। ਇੱਕ ਰਸ਼ਕ ਵਰਗੀ ਉਮੀਦ ਜ਼ਰੂਰ ਕਰਦੇ ਹਾਂ ਕਿ ਕਦੀ ਅਸੀਂ ਵੀ ਪੈਨਸ਼ਨ ਦੇ ਹੱਕਦਾਰ ਬਣਾਂਗੇ। ਮਹਿਸੂਸ ਕਰਦੇ ਸੀ ਕਿ ਬੱਚਿਆਂ ਨੂੰ ਸਾਰੀ ਉਮਰ ਜੀਵਨ ਤਜਰਬਿਆਂ ਅਤੇ ਕਮਾਈਆਂ ਦਿੰਦੇ ਰਹੇ ਹਾਂ ਅਤੇ ਏਦਾਂ ਹੀ ਦਿੰਦੇ ਰਹਾਂਗੇ। ਅੱਜ-ਕੱਲ੍ਹ ਵੀ ਵਿੱਤੋਂ ਬਾਹਰੇ ਹੋ ਕੰਮ ਕਰਦੇ ਬਜ਼ੁਰਗ ਮਿਲਦੇ ਹਨ। ਵਾਰਤਾਲਾਪ ‘ਚੋਂ ਅਨੁਭਵ ਹੁੰਦੈ ਕਿ ਉਨ੍ਹਾਂ ਦੀ ਆਪਣੀ ਕਮਾਈ ਉਨ੍ਹਾਂ ਨੂੰ ਓੜਕਾਂ ਦੀ ਸੰਤੁਸ਼ਟੀ, ਖੁਸ਼ੀ ਅਤੇ ਆਜ਼ਾਦੀ ਦਿੰਦੀ ਹੈ। ਅਸਲ ਵਿਚ ਕੰਮ ਹੀ ਜੀਵਨ ਹੈ। ‘ਲੇਟਿਆ ਮੋਇਆ, ਬੈਠਾ ਗੋਹਾ, ਤੁਰਦਾ ਹੀਰਾ’ ਪਰਖਿਆ ਸੱਚ ਹੈ।
ਮਿਹਨਤ ਕਰਦੇ ਬੱਚਿਆਂ ‘ਤੇ ਕਿਸੇ ਕਿਸਮ ਦਾ ਬੋਝ ਨਹੀਂ ਬਣਦੇ। ਆਪਣੀ ਕਮਾਈ ਅਤੇ ਪੈਨਸ਼ਨ ਖਰਚਦਿਆਂ, ਹੰਢਾਉਂਦਿਆਂ, ਵੰਡਦਿਆਂ ਇੱਕ ਮਾਣ ਭਰਿਆ ਸਰੂਰ ਆ ਜਾਂਦੈ। ਪਰ ਹੁਣ ਪੈਨਸ਼ਨ ਮਿਲਣੀ ਸ਼ੁਰੂ ਹੋ ਗਈ ਹੈ। ਹੋਰ ਵੀ ਸੁਤੰਤਰੀ ਆਲਮ ਛਾਇਆ ਹੋਇਐ। ਜਦੋਂ ਚਿੱਤ ਕਰਦੈ ਪੰਜਾਬ, ਆਪਣੇ ਪਿੰਡ ਦੀ ਧਰਤੀ ‘ਤੇ ਖੁੱਲ੍ਹੇ ਰਹਿ ਆਈਦੈ। ਬੁਢਾਪਾ ਅਨੰਦ ਪ੍ਰਸੰਨ ਖੁਸ਼ੀਆਂ ਭਰਿਆ ਗੁਜ਼ਰ ਰਿਹੈ। ਪਰ ਪੈਨਸ਼ਨ ਵੱਲ ਝਾਕਦਾ ਪਰਿਵਾਰ ਕਦੀ ਕਦੀ ਸੰਕਟ ਹੀ ਖੜ੍ਹਾ ਕਰੀ ਰੱਖਦੈ। ਕੰਨੀਂ ਪੈਂਦੀਆਂ ਸੁਣਾਓਤੀਆਂ ਦੁਖੀ ਕਰਦੀਆਂ ਨੇ। ਇਸ ਦੁਬਿਧਾ ‘ਚ ਸ਼ੇਖ ਫਰੀਦ ਦਾ ਸ਼ਲੋਕ “ਜਾਂ ਕੁਆਰੀ ਤਾ ਚਾਉ ਵੀਵਾਹੀ ਤਾਂ ਮਾਮਲੇ॥ ਫਰੀਦਾ ਏਹੋ ਪਛੋਤਾਉ ਵਤਿ ਕੁਆਰੀ ਨ ਥੀਐ॥” ਜ਼ਿਹਨ ‘ਚ ਗੇੜੇ ਦੇਣ ਲੱਗ ਪੈਂਦੈ। ਦੂਜੇ ਦੀ ਜੇਬ ਬਾਰੇ ਤਰਕ ਨਾਲ ਕੋਈ ਨਹੀਂ ਸੋਚਦਾ। ਹਰ ਇੱਕ ਨੂੰ ‘ਕਸ਼ਮੀਰ’ ‘ਤੇ ਆਪਣਾ ਹੱਕ ਸਹੀ ਜਾਪਦੈ।
ਇਸ ਪਛਤਾਵੇ ‘ਚ ਇੱਕ ਦਿਨ ‘ਸ਼ੁਭ ਸਵੇਰ ਭਾਈਚਾਰੇ’ ਦੇ ਬੇਲੀ ਪੈਨਸ਼ਨੀਆਂ ਨਾਲ ਇਸ ਮੁੱਦੇ ਨੂੰ ਛੇੜਨ ਦਾ ਫੁਰਨਾ ਫੁਰਿਆ। ਨਾਲ ਤੁਰਦੇ ਜਾਂ ਰਲ ਕੇ ਮਿਲੇ ਨੂੰ ਗੱਲੀਂ ਪਾਉਣਾ ਅਰੰਭ ਕਰ ਦਿੱਤਾ। ਹਰ ਇੱਕ ਦਾ ਇਹ ਨਿਜੀ ਮਾਮਲਾ ਸੀ। ਸਿੱਧਾ ਪੁੱਛਣਾ ਕੁਚੱਜਾ ਲੱਗਾ। ਆਪਣੇ ਲਈ ਸਲਾਹ ਦੇ ਤੌਰ ‘ਤੇ ਗੱਲ ਛੇੜਨ ਦਾ ਗੁਰ ਵਰਤਿਆ: “ਭਰਾਵਾ ਕੀ ਕਰਾਂ! ਦਸ ਸਾਲ ਉਡੀਕ ਪਿੱਛੋਂ ਪੈਨਸ਼ਨ ਬੀਬੀ ਦੇਹਲੀ ਲੰਘੀ ਐ। ਹੁਣ ਸਾਰੇ ਹੀ ਖਿੱਚ ਧੂਹ ਕਰ ਰਹੇ ਨੇ, ਸਾਡਾ ਹੱਕ ਐ ਸਾਨੂੰ ਦੇਹ। ਦੱਸ ਬਾਈ ਕੀ ਕਰੀਏ? ਤੂੰ ਕਿਵੇਂ ਕਰਦੈਂ?” ਉਹਦੀਆਂ ਗੱਲਾਂ ਨੇ ‘ਰੰਗ ਦ੍ਰਿਸ਼’ ਕਮਾਲ ਦਾ ਚਿੱਤਰਿਆ। ਹੈਰਾਨੀ ਦੀਆਂ ਓੜਕਾਂ ਟੁੱਟ ਗਈਆਂ। ਮੈਪਲਾਂ ਦੇ ਨਿਆਰੇ ਰੰਗਾਂ ਵਾਂਗ ਹਰ ਇੱਕ ਦਾ ਤੌਰ-ਤਰੀਕਾ ਨਿਆਰਾ ਅਤੇ ਢੁਕਵਾਂ ਲੱਗਾ।
ਵਿਰਸਾ ਸਿੰਘ ਦਾ ਮਾਮਲਾ ਤਾਂ ਵੱਡੀ ਖੋਜ, ਛਾਣ-ਬੀਣ ਦਾ ਮਾਮਲਾ ਅਨਹੋਣਾ ਜਿਹਾ ਹੀ ਲੱਗਦੈ। ਅਜੋਕੀ ਜ਼ਿੰਦਗੀ ‘ਚ ਨਾ ਹੀ ਵਾਪਰੇ ਤਾਂ ਬਿਹਤਰ ਹੈ। ਮੋਗੇ ਲਾਗਲਾ ਗਿੱਲ ਬਾਈ ਉਚਾ ਲੰਮਾ, ਸੁਡੌਲ ਜੁੱਸੇ ਵਾਲਾ ਚਟਕ ਜਿਹਾ ਬੰਦਾ ਬੜਾ ਛੋਹਲਾ ਤੁਰਦਾ। ਉਹਦੇ ਨਾਲ ਚਾਲ ਮਿਲਾ ਗੱਲ ਤੋਰੀ। ਕਹਿੰਦਾ, “ਲੈ ਸਲਾਹ ਕੀ ਦੇਣੀ ਐ? ਪੈਨਸ਼ਨ ਸਾਡੀ, ਉਹ ਢੇਕੇ ਲੱਗਦੇ ਨੇ! ਅਸੀਂ ਇਥੇ 30 ਸਾਲ ਸਖਤ ਕੰਮ ਕੀਤਾ, ਡਾਲਰ ਕਮਾਏ, ਘਰ ਬਣਾਏ, ਉਹ ਕੀ ਲੱਗਦੇ ਐ? ਜ਼ਰਾ ਕੁ ਮੌਰਗੇਜ ਦੀ ਗੱਲ ਕੰਨੀਂ ਪਈ, ਬਾਣ ਛੱਡ ਦਿੱਤਾ, ਅਸੀਂ ਨਿਪਟ ਲਾਂਗੇ ਮੌਰਗੇਜ ਨਾਲ। ਚੁੱਕੋ ਬੋਰੀ ਬਿਸਤਰਾ ਆਪਣਾ, ਜਿੱਥੇ ਮਰਜ਼ੀ ਡੇਰੇ ਲਾਓ। ਗਰੌਸਰੀ ਦੀ ਗੱਲ ਸੁਣੀ, ਕਿਹਾ ਆਹ ਚੱਕੋ ਮਹੀਨੇ ਦੇ ਪੰਜ ਸੌ ਡਾਲਰ, ਪੈਨਸ਼ਨ ਵੱਲ ਕਦੀ ਨਾ ਝਾਕਿਓ। ਜਿੰਨਾ ਚਿਰ ਜਿਉਂਦੇ ਆਂ, ਸਭ ਸਾਡੈ-ਇਥੇ ਵੀ ਤੇ ਪਿੱਛੇ ਵੀ। ਸਾਡੇ ਪਿੱਛੋਂ ਜੋ ਮਰਜੀ ਕਰਿਓæææ। ਬਾਈ ਇਹ ਸਿੱਧੇ ਕੀਤੇ ਹੀ ਸੂਤ ਨੇ, ਚਾਮ੍ਹਲੇ ਲੋਟ ਨਈਂ।”
ਉਹਦੀਆਂ ਗੱਲਾਂ ਨੇ ਇੱਕ ਗੂੜ੍ਹਾ ਲਾਲ ਰੰਗ ਬੰਨ੍ਹ ਦਿੱਤਾ। ਅਗਲੇ ਦਿਨ ਸਿਰਸੇ ਵੱਲ ਦਾ ਬਾਈ ਪਹਿਲਵਾਨ ਕੋਚ ਮਿਲ ਗਿਆ। ਸਿਰਸੇ ਲਾਗੇ ਤੀਹ ਕਿੱਲੇ ਪੈਲੀ। ਪਹਿਲਵਾਨੀ ਜੁੱਸਾ ਤੇ ਗੱਲ ਜ਼ਰਾ ਵੱਟ ਦੇ ਕੇ ਕਰਦਾ। ਪੈਨਸ਼ਨ ਦੀ ਗੱਲ ਤੋਰੀ ਤਾਂ ਕਹਿੰਦਾ, “ਹੈਂ ਇਹ ਸਾਲੇ ਲੱਗਦੇ ਆ ਪੈਨਸ਼ਨ ਦੇ? ਸਾਡੀ ਐ ਤੇ ਸਾਡੀ ਹੀ ਰਹੇਗੀ। ‘ਕੇਰਾਂ ਪਿੰਡ ਬੈਠਿਆਂ ਮੁੰਡਾ ਕਹਿੰਦਾ, ਪੈਲੀ ਵੰਡ ਦੇਹ। ਕਿਹਾ, ਅਹੁ ਵੇਖ ਛੇ ਫੁੱਟਾ ਖੂੰਡਾ, ਦੀਂਹਦਾ ਈ? ਖਬਰਦਾਰ ਜੇ ਸਾਡੇ ਹੁੰਦਿਆਂ ਏਦਾਂ ਦੀ ਬਾਤ ਪਾਈ। ਕਰੋ, ਕਮਾਓ ਤੇ ਖਾਓ, ਅਸੀਂ ਤੁਹਾਡੇ ‘ਤੇ ਬੋਝ ਨਹੀਂ ਕਦੀ ਬਣੇ, ਆਪਣਾ ਭਾਰ ਆਪ ਚੁੱਕੀ ਫਿਰਦੇ ਆਂæææ।”
ਇਨ੍ਹਾਂ ਦੋ ਸਲਾਹਾਂ ਨੇ ਹੀ ਗੱਲ ਸਿਰੇ ਲਾ ਦਿੱਤੀ। ਦੋ ਦਿਨ ਸੋਚੀ ਗਿਆ। ਕਦੀ ਆਪਣੇ ਵੱਲ ਅਤੇ ਕਦੀ ਇਨ੍ਹਾਂ ਬਾਈਆਂ ਦੀਆਂ ਗੱਲਾਂ ਵੱਲ। ਇਨ੍ਹਾਂ ਨੂੰ ਨਿਹਾਰਦਾ ਰਿਹਾ। ਅਸੀਂ ਜਿਹੜੇ ਸਿਧਾਂਤ, ਸ਼ਾਸਤਰ, ਸਾਖੀਆਂ ਦੀ ਪੰਡ ਚੁੱਕੀ ਫਿਰਦੇ ਹਾਂ, ਸਾਨੂੰ ਇਹੋ ਜਿਹੇ ਬਖੇੜੇ ਜ਼ਰੂਰ ਵੇਖਣੇ ਪੈਂਦੇ ਆ। ਇਨ੍ਹਾਂ ਬਾਈਆਂ ਨੇ ਇੱਕੋ ਝਟਕੇ ਨਾਲ ਗੱਲ ਮੁਕਾ ਦਿੱਤੀ। ਪਿੰਡਾਂ ‘ਚ ਕੈਨੇਡੀਅਨ ਨੌਜਵਾਨਾਂ ਵੱਲੋਂ ਪਰਵਾਸੀ ਮਾਪਿਆਂ ਨਾਲ ਪਿੰਡ ਦੀ ਜਾਇਦਾਦ ‘ਤੇ ਵਿੱਢੇ ਯੁੱਧ ਚੇਤੇ ‘ਚ ਆਮ ਹੀ ਫਿਰਦੇ ਰਹਿੰਦੇ ਨੇ, ਜਿਸ ਕਰਕੇ ‘ਜੱਟ ਤੇ ਫੱਟ ਬੱਧਾ ਹੀ ਠੀਕ ਰਹਿੰਦੈ’ ਠੀਕ ਜਾਪਦੈ। ‘ਬਾਪੂ ਦਾ ਠੋਕਵਾਂ ਜਵਾਬ’ ਵੀ ਸੁਣਾ ਜਾਵਾਂ। ਇਹ ਛੋਟਾ ਜਿਹਾ ਵਾਕਿਆ ਵੀ ਰੇਖ ‘ਚ ਮੇਖ ਲੱਗਿਐ। ਸਾਂਝਾ ਕਰਨੋਂ ਰਹਿ ਨਹੀਂ ਹੁੰਦਾ। ਘਟਨਾ ਦਾ ਸਿਰਲੇਖ ਸੀ, ‘ਨਵੀਂ ਗੱਲ’।
“ਬਾਪੂ ਪੰਚਾਇਤ ਦਾ ਵੀ ‘ਕੱਠ ਹੋ ਗਿਆ। ਹੁਣ ਕਰ ਦੇਹ ਸਾਨੂੰ ਅੱਡ।” ਬਚਨ ਸਿੰਘ ਦੇ ਵੱਡੇ ਮੁੰਡੇ ਨੇ ਰੁੱਖੇ ਜਿਹੇ ਲਹਿਜੇ ‘ਚ ਕਿਹਾ।
“ਹਾਂ ਹਾਂ ਕਰ ਦੇਹ ਸਾਨੂੰ ਅੱਡ, ਹੁਣ ‘ਕੱਠੇ ਨਹੀਂ ਸਾਡੇ ਕੋਲੋਂ ਰਿਹਾ ਜਾਣਾ।” ਛੋਟੇ ਨੇ ਵੀ ਉਵੇਂ ਹੀ ਕਹਿ ਦਿੱਤਾ।
“ਬਚਨ ਸਿਆਂ! ਇਹ ਕੋਈ ਨਵੀਂ ਗੱਲ ਤਾਂ ਹੈ ਨਹੀਂ। ਹੁਣ ਤੂੰ ਦੱਸ ਕਿ ਛੋਟੇ ਨਾਲ ਰਹਿਣਾ ਈ ਕਿ ਵੱਡੇ ਨਾਲ। ਫਿਰ ਬਾਕੀ ਜਾਇਦਾਦ ਵੰਡ ਦਈਏ।” ਸਰਪੰਚ ਨੇ ਬਚਨ ਸਿੰਘ ਦੇ ਮੋਢੇ ‘ਤੇ ਹੱਥ ਧਰਦਿਆਂ ਕਿਹਾ।
“ਲੈ ਬਾਪੂ ਦਾ ਕੀ ਏ, ਛੇ ਮਹੀਨੇ ਮੇਰੇ ਕੋਲ ਰਹੂ ਤੇ ਛੇ ਮਹੀਨੇ ਛੋਟੇ ਕੋਲ।” ਵੱਡਾ ਬੋਲਿਆ।
“ਲਓ ਬਚਨ ਸਿੰਘ ਦਾ ਤਾਂ ਫੈਸਲਾ ਹੋ ਗਿਆ, ਹੁਣ ਕਰੀਏ ਵੰਡ।” ਸਰਪੰਚ ਨੇ ਕੁਰਸੀ ‘ਤੇ ਜ਼ਰਾ ਸਿੱਧੇ ਹੋ ਕੇ ਬੈਠਦੇ ਨੇ ਕਿਹਾ।
ਬਚਨ ਸਿੰਘ, ਜੋ ਕਾਫੀ ਚਿਰ ਤੋਂ ਨੀਵੀਂ ਪਾਈ ਬੈਠਾ ਸਭ ਸੁਣ ਰਿਹਾ ਸੀ, ਅਚਾਨਕ ਉਠ ਖੜ੍ਹਾ ਹੋਇਆ ਤੇ ਜਬ੍ਹੇ ਨਾਲ ਬੋਲਿਆ, “ਕਾਹਦਾ ਫੈਸਲਾ ਹੋ ਗਿਆ? ਫੈਸਲਾ ਕਰਦਾਂ ਮੈਂ। ਇਨ੍ਹਾਂ ਦੋਵਾਂ ਮੁੰਡਿਆਂ ਨੂੰ ਘਰੋਂ ਕੱਢੋ ਬਾਹਰ। ਛੇ ਮਹੀਨੇ ਮੇਰੇ ਕੋਲ ਰਹਿਣ ਵਾਰੋ-ਵਾਰੀ ਅਤੇ ਛੇ ਮਹੀਨੇ ਕਰਨ ਕਿਤੇ ਬਾਹਰ ਇੰਤਜ਼ਾਮ। ਜਾਇਦਾਦ ਦਾ ਮਾਲਕ ਮੈਂ ਹਾਂ ਮੈਂ।” ਬਾਪੂ ਦਾ ਠੋਕਵਾਂ ਜਵਾਬ ਸੁਣ ਮੁੰਡਿਆਂ ਅਤੇ ਪੰਚਾਇਤ ਦੇ ਮੂੰਹ ਅੱਡੇ ਰਹਿ ਗਏ।
ਲਓ ਦੋਸਤੋ! ਇਹੋ ਜਿਹੇ ਕਿੱਸੇ ਨੇ, ਸਾਡੇ ਜੱਟ ਭਾਈਚਾਰੇ ਦੇ। ਬਾਕੀਆਂ ਦੇ ਵੀ ਹੋਣਗੇ।
ਸੈਰ ਕਰਦਿਆਂ ਦਿੱਲੀ ਤੋਂ ਦੋ ਹਿੰਦੂ ਵੀਰਾਂ ਨਾਲ ਵੀ ਗੱਲ ਤੋਰੀ। ਇੱਕ ਹੱਸ ਪਿਆ ਅਤੇ ਕਹਿੰਦਾ ਕੋਈ ਮਸਲਾ ਨਹੀਂ। ਜਿੰਨੀ ਲੋੜ ਹੁੰਦੀ ਹੈ, ਰੱਖ ਲਈਦੀ ਏ, ਬਾਕੀ ਲਓ ਬਈ ਤੁਹਾਡੀ, ਤੁਸੀਂ ਜਿਵੇਂ ਮਰਜੀ ਵਰਤੋ। ਉਹਦੇ ਨਾਲ ਦਾ, ਜੋ ਸਿਹਤ ਪੱਖੋਂ ਕਾਫੀ ਨਿਰਬਲ ਸੀ, ਕਦੀ ਕਦੀ ਉਹਦੀ ਪਤਨੀ ਵੀ ਨਾਲ ਹੁੰਦੀ ਸੀ, ਕਹਿੰਦਾ ਮੈਂ ਤਾਂ ਕਦੀ ਪੁੱਛਿਆ ਈ ਨਹੀਂ। ਸਾਡੀਆਂ ਲੋੜਾਂ ਪੂਰੀਆਂ ਕਰੀ ਜਾਂਦੇ ਹਨ, ਜੋ ਮਰਜੀ ਕਰਨ। ‘ਕੇਰਾਂ ਇੱਕ ਬੀਬੀ ਨੂੰ ਪੰਜਾਬਣ ਸਮਝ ਗੱਲ ਛੇੜੀ। ਉਹ ਅਸਲ ਵਿਚ ਸ੍ਰੀਲੰਕਾ ਤੋਂ ਸੀ। ਅੰਗਰੇਜ਼ੀ ‘ਚ ਪੁੱਛਿਆ। ਪਤਾ ਲੱਗਾ, ਉਹਦੇ ਮਾਤਾ-ਪਿਤਾ ਡਾਊਨ ਟਾਊਨ ਟੋਰਾਂਟੋ ਉਹਦੇ ਭਰਾ ਕੋਲ ਰਹਿੰਦੇ ਹਨ। ਉਹ ਹੀ ਉਨ੍ਹਾਂ ਨੂੰ ਸੰਭਾਲਦੈ। ਕੁਦਰਤੀ ਉਨ੍ਹਾਂ ਦੇ ਅਸਾਸਿਆਂ ਦਾ ਵੀ ਉਹ ਹੀ ਹੱਕਦਾਰ ਹੈ। ਸਾਡੇ ਕਈ ਪੰਜਾਬੀ ਮੁੰਡੇ ਤੇ ਬੀਬੀਆਂ ਕੁਝ ਬਹੁਤੇ ਹੀ ਬਖੇੜੇ ਖੜ੍ਹੇ ਕਰ ਲੈਂਦੇ ਹਨ। ਨਿਜ ਸੁਆਰਥ ਜਦੋਂ ਭਾਰੂ ਹੋ ਜਾਂਦੈ ਤਾਂ ਇਨ੍ਹਾਂ ਨੂੰ ਆਪਣੇ ਖਰਚ ਤੇ ਲੋੜਾਂ ਵੱਡੀਆਂ ਲੱਗਦੀਆਂ ਹਨ ਅਤੇ ਬਾਪੂ-ਬੇਬੇ ਦੀਆਂ ਲੋੜਾਂ, ਖਾਹਿਸ਼ਾਂ, ਚਾਹਤਾਂ ਤੇ ਸਮਾਜਿਕ ਮਨ-ਮਨੌਤਾਂ ਐਵੇਂ ਫਜ਼ੂਲ ਤੇ ਬੇਫਾਇਦਾ ਲੱਗਦੀਆਂ ਹਨ। ਉਨ੍ਹਾਂ ਦੇ ਖੁਸ਼ੀ-ਗਮੀ ਮੌਕੇ ਸ਼ਗਨ ਮੰਨਣ, ਲੈਣ-ਦੇਣ ਲਗਾਤਾਰ ਚੱਲਦੇ ਹਨ। ਆਪਣੀ ਜੇਬ ‘ਚੋਂ ਦਿੱਤਿਆਂ ਦਾ ਮਾਣ ਹੀ ਅੱਡਰਾ ਜਿਹਾ ਮਹਿਸੂਸ ਹੁੰਦੈ। ਇੰਡੀਆ ਗਏ ਜਿੱਥੇ ਵੀ ਅਟੈਚੀ ਜਾ ਟਿਕਦੇ ਨੇ, ਉਥੇ ਇਨ੍ਹਾਂ ਅਟੈਚੀਆਂ ਦੇ ਮਾਣ-ਤਾਣ ਬੱਚਿਆਂ ਤੇ ਬੀਬੀਆਂ ਨੂੰ ਦਿੱਤੇ ਬਿਨਾ ਬੰਦਾ ਕਮੀਨਾ ਜਿਹਾ ਲੱਗਦੈ। ਜਿੰਨੀ ਦੇਰ ਬੰਦੇ ਦਾ ਸਾਹ ਚੱਲਦੈ, ਓਨੀ ਦੇਰ ਚਾਅ ਮਲ੍ਹਾਰ ਪਨਪਦੇ ਰਹਿੰਦੇ ਹਨ। ਉਨ੍ਹਾਂ ਦੀ ਸੰਤੁਸ਼ਟੀ ਸਿਹਤ ਹੀ ਨਹੀਂ ਸਗੋਂ ਉਮਰ ਵੀ ਵਧਾਉਂਦੀ ਹੈ।
ਬੁਨਿਆਦੀ ਤੌਰ ‘ਤੇ ਜਦੋਂ ਅਸੀਂ ਪਛਾਣ ਤੇ ਸੋਚ ਦਾ ਸੰਤੁਲਨ ਵਿਗਾੜ ਲੈਂਦੇ ਹਾਂ ਤਾਂ ਗੱਡੀ ਔਜੜੇ ਪਈ ਹੀ ਰਹੇਗੀ। ਦਲੀਲ ਤੇ ਅਪੀਲ ਨਾਲ ਕਿਹੜਾ ਮਸਲਾ ਜੋ ਹੱਲ ਨਹੀਂ ਹੋ ਸਕਦਾ। ਜਿੱਥੇ ਰਹਿੰਦੇ ਹਾਂ, ਉਥੇ ਦਾ ਹੱਕ ਬਹੁਤਾ ਬਣਦੈ। ਜਿਹੜਾ ਧੀ-ਪੁੱਤ ਅਲੱਗ ਰਹਿੰਦਾ, ਉਹਦੀ ਵੀ ਮਮਤਾ ਪੂਰਨੀ ਬਣਦੀ ਹੈ। ਉਹਦਾ ਵੀ ਨੌਗਾ ਕੱਢਣ ਨਾਲ ਰਿਸ਼ਤੇ ‘ਚੋਂ ਠੰਡੀਆਂ ਪੌਣਾਂ ਆਉਂਦੀਆਂ ਰਹਿੰਦੀ ਨੇ। ਨਿਆਇਕ ਸੋਚ ਹੁੰਦੀ ਬੜੀ ਸਰਲ ਤੇ ਸਿੱਧੀ। ਜਾਇਦਾਦੀ ਮਾਮਲੇ ਘਰ ਘਰ ਦੇ ਨੇ। ਫਿਰ ਵੀ ਵੀਰਨੋ! ਅਸਤ ਕਾਲ ਅਤੇ ਅਸਥੀਆਂ ਦੇ ਪੈਂਦੇ ਹਿੱਸਿਆਂ ਦੇ ਕਿੱਸੇ ਤੇ ਮਸਲੇ ਵੀ ਨਾ ਭੁੱਲੋ!