ਬਲਕਾਰ ਸਿੰਘ ਪ੍ਰੋਫੈਸਰ
ਸ਼ ਮਨਜੀਤ ਸਿੰਘ ਕਲਕੱਤਾ ਵਡਾ ਬੰਦਾ ਅਤੇ ਸਥਾਪਤ ਸ਼ਖਸੀਅਤ ਹੋਣ ਦੇ ਨਾਲ ਨਾਲ ਹਲੀਮ, ਨਿੱਘੀ ਤੇ ਮਦਦਗਾਰ ਮਾਨਸਿਕਤਾ ਦਾ ਮਾਲਕ ਸੀ। ਉਸ ਦੇ ਸਾਰੇ ਗੁਣਾਂ ਦੀਆਂ ਪੈੜਾਂ ਗੁਰਮਤਿ ਵਚਨਬੱਧਤਾ ਵੱਲ ਜਾਂਦੀਆਂ ਹਨ। ਬੇਸ਼ੱਕ ਉਸ ਦੀ ਸਿੱਖੀ ਵਿਚ ਸਿਆਸਤ ਅਤੇ ਸਿਆਸਤ ਵਿਚ ਸਿੱਖੀ ਰਲ ਕੇ ਤੁਰਦੀਆਂ ਰਹੀਆਂ ਸਨ, ਪਰ ਉਸ ਦੀ ਗੈਰਹਾਜ਼ਰੀ ਵਿਚ ਮਾਸਟਰ ਤਾਰਾ ਸਿੰਘ ਦੇ ਸ਼ਬਦਾਂ ਵਿਚ ਕਿਹਾ ਜਾ ਸਕਦਾ ਹੈ ਕਿ ਜੋ ਪੰਥਕ ਨਹੀਂ, ਉਹ ਉਸ ਦੀ ਸਿਆਸਤ ਨਹੀਂ ਸੀ। ਉਹ ਪੰਜਾਬੀਆਂ ਦੇ ਅਕਾਲੀ ਦਲ ਵਿਚ ਭਾਰਤੀ ਅਕਾਲੀ ਵਾਂਗ ਵਿਚਰਦਾ ਰਿਹਾ ਸੀ। ਅਕਾਲੀਆਂ ਦੇ ਪੇਂਡੂ ਸੁਭਾ ਵਿਚ ਸ਼ਹਿਰੀ ਰੰਗ ਦਾ ਉਹ ਪ੍ਰਤੀਨਿਧ ਹੋ ਗਿਆ ਸੀ। ਰੱਜ ਕੇ ਜਿਉਣ ਦਾ ਮੁੱਦਈ ਕਲਕੱਤਾ, ਚੰਗਾ ਖਾਣ ਤੇ ਚੰਗਾ ਪਹਿਨਣ ਵਾਂਗ ਹੀ ਜ਼ਿੰਦਗੀ ਦੇ ਸਾਰੇ ਰੰਗਾਂ ਵਿਚ ਰਾਜੀ ਰਹਿੰਦਾ ਸੀ ਅਤੇ ਜਿਉਣ ਤੇ ਹੰਢਾਉਣ ਉਸ ਦੇ ਵਿਹਾਰ ਵਿਚ ਇਕੱਠੇ ਤੁਰਦੇ ਰਹੇ ਸਨ।
ਉਸ ਦੇ ਭਰੇ ਭਕੁੰਨੇ ਜੀਵਨ ਦਾ ਸਾਰ ਤੱਤ ਮੇਰੇ ਨਜ਼ਦੀਕ ਕਲਕੱਤਾ ਤੋਂ ਅੰਮ੍ਰਿਤਸਰ ਬਰਾਸਤਾ ਦਿੱਲੀ ਹੈ। ਇਸ 80 ਸਾਲਾ ਸਫਰ ਵਿਚ ਉਸ ਨੇ ਬਹੁਪਰਤੀ ਮੰਜ਼ਲਾਂ ਤੈਅ ਕੀਤੀਆਂ ਕਿਉਂਕਿ ਕਲਕੱਤਿਓਂ ਨਾ ਨਿਕਲਦਾ ਤਾਂ ਉਸ ਨੇ ਬਾਵਜੂਦ ਵਕਾਲਤ ਕਰ ਲੈਣ ਦੇ, ਸਫਲ ਬਿਉਪਾਰੀ ਹੋਣਾ ਸੀ। ਦਿੱਲੀ ਨੇ ਉਸ ਨੂੰ ਸਿਆਸੀ ਸਪੇਸ ਮੁਹੱਈਆ ਕੀਤੀ ਅਤੇ ਉਹ ਜਿਨ੍ਹਾਂ ਦੇ ਮਗਰ ਲੱਗ ਕੇ ਤੁਰਿਆ ਸੀ, ਉਨ੍ਹਾਂ ਨੂੰ ਪਿੱਛੇ ਛੱਡ ਕੇ ਸਿੱਖ ਸਿਆਸਤ ਨੂੰ ਆਪਣੀ ਹੋਣੀ ਬਣਾ ਲਿਆ ਸੀ। ਮਿਲਦਾ ਬੇਸ਼ੱਕ ਮਸਤਕ ਮੁਤਾਬਕ ਹੀ ਹੈ, ਪਰ ਸ਼ ਕਲਕੱਤਾ ਦੇ ਹਵਾਲੇ ਨਾਲ ਇਹ ਸੱਚ ਵੀ ਸਾਹਮਣੇ ਆ ਗਿਆ ਹੈ ਕਿ ਵਚਨਬੱਧ ਮਿਹਨਤ ਵੀ ਐਵੇਂ ਨਹੀਂ ਜਾਂਦੀ। ਜਥੇਦਾਰ ਗੁਰਚਰਨ ਸਿੰਘ ਟੌਹੜਾ ਗੁਣਾਂ ਦਾ ਗਾਹਕ ਸੀ ਅਤੇ ਕਲਕੱਤਾ ਪਾਰਖੂਆਂ ਲਈ ਖਰਾ ਸੋਨਾ ਸੀ। ਸੋ ਟੌਹੜਾ-ਕਲਕੱਤਾ ਸਾਂਝ ਖੂਬ ਨਿਭੀ ਸੀ। ਸਿੱਖ ਸਿਆਸਤ ਵਿਚ ਕਲਕੱਤਾ ਨੂੰ ਮਾਸਟਰ ਤਾਰਾ ਸਿੰਘ ਅਤੇ ਗੁਰਚਰਨ ਸਿੰਘ ਟੌਹੜਾ ਵਿਚਕਾਰ ਪੁਲ ਵੀ ਕਿਹਾ ਜਾ ਸਕਦਾ ਹੈ। ਸਿੱਖ ਸਿਆਸਤ ਦੀ ਇਹ ਲੋੜ ਜਿੰਨੀ ਪਹਿਲਾਂ ਸੀ, ਉਸ ਨਾਲੋਂ ਵੱਧ ਇਸ ਵੇਲੇ ਵੀ ਹੈ। ਸ਼ ਮਨਜੀਤ ਸਿੰਘ ਕਲਕੱਤਾ ਦੇ ਵਿਛੋੜੇ ਨਾਲ ਇਹ ਪੁਲ ਜੇ ਕਰੀਬ ਟੁੱਟਿਆ ਨਹੀਂ ਤਾਂ ਜਰਜਰਾ ਜ਼ਰੂਰ ਹੋ ਗਿਆ ਹੈ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਇਸ ਦੀ ਵਰਤੋਂ ਹੀ ਨਹੀਂ ਹੋ ਰਹੀ। ਸ਼ ਕਲਕੱਤਾ ਦੇ ਜਿਉਂਦਿਆਂ ਇਹ ਆਸ ਬਣੀ ਰਹਿੰਦੀ ਸੀ ਕਿ ਸੋਚ ਦੇ ਵਖਰੇਵਿਆਂ ਨੂੰ ਇਕੱਠਿਆਂ ਬੈਠਾ ਸਕਣ ਵਾਲਾ ਪਲੈਟਫਾਰਮ ਕਾਇਮ ਹੈ। ਉਹ ਨਹੀਂ ਰਿਹਾ ਤਾਂ ਇਹ ਘਾਟ ਰੜਕਣ ਦੀਆਂ ਸੰਭਾਵਨਾਵਾਂ ਪੈਦਾ ਹੋ ਗਈਆਂ ਹਨ।
ਉਸ ਕੋਲ ਸੁਤੰਤਰ ਭਾਰਤ ਵਿਚ ਸਿੱਖੀ ਨਾਲ ਸਬੰਧਤ ਸੂਚਨਾ ਦੇ ਦੁਰਲੱਭ ਭੰਡਾਰ ਸਨ ਕਿਉਂਕਿ ਉਸ ਨੇ ਮਾਸਟਰ ਤਾਰਾ ਸਿੰਘ ਅਤੇ ਗਿਆਨੀ ਕਰਤਾਰ ਸਿੰਘ ਦੇ ਕਾਲ ਨੂੰ ਗੁਰਚਰਨ ਸਿੰਘ ਟੌਹੜਾ ਅਤੇ ਪ੍ਰਕਾਸ਼ ਸਿੰਘ ਬਾਦਲ ਰਾਹੀਂ ਸੁਣਿਆ, ਸਮਝਿਆ ਅਤੇ ਹੰਢਾਇਆ ਹੋਇਆ ਸੀ। ਸੰਤ ਫਤਿਹ ਸਿੰਘ ਅਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਦੌਰ ਵੀ ਉਸ ਦੀਆਂ ਧਾਰਨਾਵਾਂ ਨੂੰ ਵਿਉਂਤਣ ਵਿਚ ਮਦਦ ਕਰਦਾ ਰਿਹਾ ਸੀ। ਪਿਛਲੇ ਇਕ ਸਾਲ ਤੋਂ ਉਹ ਮਿਲਣ-ਗਿਲਣ ਵਾਲਿਆਂ ਨੂੰ ਬਹੁਤ ਕੁਝ ਦੱਸਣ ਦੀ ਕੋਸ਼ਿਸ਼ ਕਰਦਾ ਰਹਿੰਦਾ ਸੀ। ਮੈਨੂੰ ਅਫਸੋਸ ਰਹਿਣਾ ਹੈ ਕਿ ਇਹੋ ਜਿਹੀ ਮੈਂ ਇਕ ਹੀ ਸ਼ਾਮ ਉਸ ਨਾਲ ਗੁਜ਼ਾਰ ਸਕਿਆ ਸੀ ਅਤੇ ਉਸ ਦੇ ਚੇਤਿਆਂ ਵਿਚੋਂ ਡੁਲ੍ਹ ਡੁਲ੍ਹ ਪੈਂਦੇ ਵੇਰਵਿਆਂ ਨੂੰ ਨਾ ਸੰਭਾਲਣ ਦਾ ਹੇਰਵਾ ਉਸ ਦੇ ਵਿਛੋੜੇ ਨਾਲ ਪ੍ਰਚੰਡ ਹੋ ਗਿਆ ਹੈ। ਜੋ ਕੀਮਤੀ ਸੂਚਨਾ ਉਸ ਦੇ ਚੇਤਿਆਂ ਵਿਚ ਬਿਲਕੁਲ ਸੱਜਰੀ ਪਈ ਸੀ, ਉਸ ਨੂੰ ਮਿਲਣ-ਗਿਲਣ ਵਾਲਿਆਂ ਦੇ ਸਹਿਯੋਗ ਨਾਲ ਸੰਭਾਲਣ ਦੇ ਯਤਨ ਹੋਣੇ ਚਾਹੀਦੇ ਹਨ।
ਧਰਮ ਵਿਚ ਅਧਿਆਤਮਕਤਾ ਦੇ ਬਹਾਨੇ ਉਲਾਰ ਅਕੀਦਿਆਂ ਦੀ ਸਿਆਸਤ ਦੇ ਬੋਲਬਾਲੇ ਨੇ ਪੱਕਾ ਹੋਣ ਅਤੇ ਕੱਟੜ ਹੋਣ ਦਾ ਫਰਕ ਮਿਟਾ ਦਿੱਤਾ ਹੈ। ਕੱਟੜਵਾਦ ਨੇ ਦੇਸ਼ ਭਗਤੀ ਵਰਗੇ ਸੂਖਮ ਸਰੋਕਾਰਾਂ ਨੂੰ ਵੀ ਗੰਧਲਾ ਕਰਨਾ ਸ਼ੁਰੂ ਕਰ ਦਿੱਤਾ ਹੈ। ਕੱਟੜਵਾਦ ਸਾਹਮਣੇ ਤਾਂ ਗੁੰਡਾਗਰਦੀ ਵੀ ਸ਼ਰਮਸ਼ਾਰ ਹੋਣ ਲੱਗ ਪਈ ਹੈ। ਇਹੋ ਜਿਹੇ ਹਾਲਾਤ ਵਿਚ ਪੰਥਕਤਾ ਅਤੇ ਸਿੱਖੀ ਵਾਸਤੇ ਇਕੱਠਿਆਂ ਨਿਭਣਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਇਹੋ ਜਿਹੇ ਪ੍ਰਸ਼ਨਾਂ ਦੇ ਸ਼ ਕਲਕੱਤਾ ਸਦਾ ਸਨਮੁਖ ਰਹਿੰਦੇ ਸਨ। ਇਸੇ ਕਰਕੇ ਉਨ੍ਹਾਂ ਨੇ ਆਪਣੀ ਸਿੱਖ ਵਚਨਬੱਧਤਾ ਨੂੰ ਗੁਰਮਤਿ ਵਾਸਤੇ ਵਰਤਣ ਵਿਚ ਕੋਈ ਕਸਰ ਨਹੀਂ ਛੱਡੀ ਸੀ। ਇਸ ਦ੍ਰਿਸ਼ਟੀ ਤੋਂ ਉਨ੍ਹਾਂ ਦੀ ਸ਼੍ਰੋਮਣੀ ਕਮੇਟੀ ਵਾਸਤੇ ਨਿਭਾਈ ਗਈ ਭੂਮਿਕਾ ਨੂੰ ਲੋੜੀਂਦੇ ਪ੍ਰਸੰਗ ਵਿਚ ਸਮਝਿਆ ਜਾ ਸਕਦਾ ਹੈ। ਪੰਜਾਬ ਵਿਚ ਫੈਲੇ ਬਹੁਪੱਖੀ ਆਤੰਕ ਨੇ ਜਿਸ ਤਰ੍ਹਾਂ ਸਿੱਖ ਸੰਸਥਾਵਾਂ ਨੂੰ ਲੀਹੋਂ ਲਾਹ ਦਿੱਤਾ ਸੀ, ਉਸ ਨਾਲ ਸ਼੍ਰੋਮਣੀ ਕਮੇਟੀ ਹਰ ਤਰ੍ਹਾਂ ਦੇ ਸੰਕਟ ਵੱਲ ਧੱਕੀ ਗਈ ਸੀ। ਇਹੋ ਜਿਹੇ ਹਾਲਾਤ ਨਾਲ ਨਿਪਟਣ ਦੀ ਜਿੰਮੇਵਾਰੀ ਸ਼ ਕਲਕੱਤਾ ਨੇ ਸੂਰਮਿਆਂ ਵਾਂਗ ਪ੍ਰਵਾਨ ਕਰ ਲਈ ਸੀ। ਇਸ ਤਰ੍ਹਾਂ ਗੁਆਚੇ ਹੋਏ ਸੰਤੁਲਨ ਨੂੰ ਸੰਭਾਲਣਾ ਬੇਸ਼ੱਕ ਸੌਖਾ ਨਹੀਂ ਹੁੰਦਾ ਕਿਉਂਕਿ ਮਦਦ ਬੇਗਾਨਿਆਂ ਤੋਂ ਲੈਣੀ ਹੁੰਦੀ ਹੈ ਅਤੇ ਵਿਰੋਧ ਆਪਣਿਆਂ ਦਾ ਝੱਲਣਾ ਪੈਂਦਾ ਹੈ। ਇਸ ਵੇਲੇ ਸ਼ ਕਲਕੱਤਾ ਦੀ ਸਿੱਖ-ਸਾਖ ਬਹੁਤ ਕੰਮ ਆਈ ਸੀ। ਉਨ੍ਹਾਂ ਦਾ ਵਿਸ਼ਵਾਸ ਸੀ ਕਿ ਸ਼੍ਰੋਮਣੀ ਕਮੇਟੀ ਨੂੰ ਉਲਾਰ ਅਤੇ ਅਗਿਆਨੀ ਵਰਤਾਰਿਆਂ ਤੋਂ ਬਚਾਏ ਬਿਨਾ ਸਿੱਖ ਸੰਸਥਾਵਾਂ ਨੂੰ ਨਹੀਂ ਬਚਾਇਆ ਜਾ ਸਕਦਾ। ਇਸ ਵਾਸਤੇ ਜੋ ਸੰਭਵ ਸੀ, ਉਹ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਗਈ ਸੀ।
ਵਿਸ਼ਵ ਸਿੱਖ ਸੰਮੇਲਨ ਅੰਮ੍ਰਿਤਸਰ (1995) ਸ਼ ਕਲਕੱਤਾ ਦੀ ਬੌਧਿਕ ਅਤੇ ਪ੍ਰਬੰਧਕੀ ਮੁਹਾਰਤ ਦਾ ਪ੍ਰਗਟਾਵਾ ਕਿਹਾ ਜਾ ਸਕਦਾ ਹੈ। ਸ਼੍ਰੋਮਣੀ ਕਮੇਟੀ ਦਾ ਕੋਈ ਪੈਸਾ ਖਰਚੇ ਬਿਨਾ ਇਸ ਨੂੰ ਸਿੱਖ ਲਹਿਰ ਬਣਾ ਦਿੱਤਾ ਗਿਆ ਸੀ। ਇਸ ਨਾਲ ਪ੍ਰਾਪਤ ਹੋਈਆਂ ਸਿਆਸੀ ਪ੍ਰਾਪਤੀਆਂ ਅਤੇ ਸਿਆਸੀ ਸ਼ਰੀਕੇਬਾਜ਼ੀਆਂ ਸਭ ਦੇ ਸਾਹਮਣੇ ਹਨ। ਯਤਨਾਂ ਨੂੰ ਜੇ ਪ੍ਰਾਪਤੀਆਂ ਦਾ ਘੁਣ ਲੱਗ ਜਾਵੇ ਤਾਂ ਨਤੀਜੇ ਠੀਕ ਨਹੀਂ ਨਿਕਲ ਸਕਦੇ। ਇਸੇ ਕਰਕੇ ਸਿੱਖ ਚੇਤਨਾ ਨੂੰ ਮਾਰੀ ਆਵਾਜ਼ ਪਿੱਛੇ ਰਹਿ ਗਈ ਸੀ। ਇਸ ਦਾ ਸਿੰਘ ਸਭਾਈ ਸੁਰ ਵਿਚ ਲੇਖਾ ਜੋਖਾ ਜੇ ਹੁੰਦਾ ਤਾਂ ਇਹ ਗੱਲ ਸਾਹਮਣੇ ਆ ਜਾਣੀ ਸੀ ਕਿ ਕੁਸ਼ਲਤਾ ਅਤੇ ਵਚਨਬੱਧਤਾ ਨੂੰ ਸਿਆਸਤ ਨੇ ਹਰਾ ਦਿੱਤਾ ਹੈ।
ਸ਼ ਕਲਕੱਤਾ ਦੀਆਂ ਪ੍ਰਾਪਤੀਆਂ ਦਾ ਆਲਮ ਇਹ ਸੀ ਕਿ ਉਹ ਇਕੋ ਸਮੇਂ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਅਤੇ ਪਟਨਾ ਸਾਹਿਬ ਕਮੇਟੀ ਦੇ ਪ੍ਰਬੰਧ ਨਾਲ ਸਫਲਤਾ ਸਹਿਤ ਇਕੱਲਿਆਂ ਹੀ ਨਿਭਦੇ ਰਹੇ। ਅਤਿ ਦੇ ਰੁਝੇਵਿਆਂ ਵਿਚ ਵੀ ਉਹ ਸਮਾਜਿਕ ਰਿਸ਼ਤਿਆਂ ਦਾ ਬਿਰਦ ਪਾਲਦੇ ਸਨ। ਉਹ ਆਪ ਸ਼ਾਕਾਹਾਰੀ ਸਨ, ਪਰ ਦੋਸਤਾਂ ਨੂੰ ਮੱਛੀ ਪਰੋਸਣ ਤੋਂ ਗੁਰੇਜ਼ ਨਹੀਂ ਸਨ ਕਰਦੇ। ਉਨ੍ਹਾਂ ਨੇ ਆਪਣੀਆਂ ਆਦਤਾਂ ਅਤੇ ਧਾਰਨਾਵਾਂ ਨਾਲ ਮਿੱਤਰ ਮੰਡਲੀਆਂ ਨੂੰ ਪ੍ਰਭਾਵਿਤ ਨਹੀਂ ਹੋਣ ਦਿੱਤਾ ਸੀ। ਉਹ ਪੱਕੇ ਰਹਿ ਕੇ ਕੱਚਿਆਂ ਨਾਲ ਨਿਭਦੇ ਰਹੇ ਅਤੇ ਲੋੜਵੰਦਾਂ ਦੀ ਮਦਦ ਬਿਨਾ ਵਿਤਕਰੇ ਤੋਂ ਕਰਦੇ ਰਹੇ। ਉਨ੍ਹਾਂ ਦੀ ਪ੍ਰਾਹੁਣਚਾਰੀ ਵੀ ਕਮਾਲ ਦੀ ਸੀ। ਉਹ ਹਰ ਹਾਲਾਤ ਨਾਲ ਨਿਭਣਾ ਜਾਣਦੇ ਸਨ ਅਤੇ ਸੰਵਾਦੀ ਸੰਭਾਵਨਾਵਾਂ ਦੇ ਮੌਕੇ ਹੱਥੋਂ ਨਹੀਂ ਸਨ ਜਾਣ ਦਿੰਦੇ। ਉਲਾਰ ਹਾਲਾਤ ਵਿਚ ਵੀ ਉਨ੍ਹਾਂ ਨੇ ਆਪਣੀ ਧੀ ਦੇ ਘਰ ਟੋਰਾਂਟੋ (ਕੈਨੇਡਾ) ਵਿਚ ਖਾਲਿਸਤਾਨੀਆਂ ਅਤੇ ਜਥੇਦਾਰ ਟੌਹੜਾ ਵਿਚਾਲੇ ਉਸ ਵੇਲੇ ਸੰਵਾਦ ਕਰਵਾਇਆ ਸੀ, ਜਦੋਂ ਇਸ ਪਾਸੇ ਕੋਈ ਸਾਹਸ ਹੀ ਨਹੀਂ ਸੀ ਕਰਦਾ। ਸਿੱਖ ਭਾਈਚਾਰੇ ਵਿਚ ਮੁਹੱਬਤੀ-ਸੰਵਾਦ ਦੇ ਉਹ ਮੁੱਦਈ ਸਨ ਅਤੇ ਇਸ ਵਾਸਤੇ ਜੋਖਮ ਉਠਾਉਣ ਤੋਂ ਨਹੀਂ ਸਨ ਕਤਰਾਉਂਦੇ।
ਸ਼ ਕਲਕੱਤਾ ਨਿਸ਼ੰਗ ਅਤੇ ਭਾਵਪੂਰਤ ਟਿਪਣੀਆਂ ਅਕਸਰ ਕਰਦੇ ਰਹਿੰਦੇ ਸਨ। ਸੰਤ ਸਮਾਜ ਨੂੰ ਜਦੋਂ ਉਨ੍ਹਾਂ ਨੇ ਸੰਤ ਯੂਨੀਅਨ ਕਿਹਾ ਸੀ ਤਾਂ ਸਾਰੇ ਹੱਕੇ ਬੱਕੇ ਰਹਿ ਗਏ ਸਨ। ਇਸ ਟਿੱਪਣੀ ਤੋਂ ਪਿੱਛੇ ਪਰਤਣ ਦੀ ਥਾਂ ਉਨ੍ਹਾਂ ਨੇ ਇਸ ਮਸਲੇ ਤੇ ਸੰਵਾਦ ਰਚਾਉਣ ਦੀ ਗੱਲ ਆਖੀ ਸੀ। ਸਾਰੀਆਂ ਖੂਬੀਆਂ ਦੇ ਬਾਵਜੂਦ ਉਨ੍ਹਾਂ ਨੂੰ ਸਿੱਖ ਸਿਆਸਤ ਦੀਆਂ ਮੀਸਣੀਆਂ ਪਰਤਾਂ ਨਾਲ ਨਿਭਣਾ ਨਹੀਂ ਸੀ ਆਇਆ। ਅਸਲ ਵਿਚ ਉਹ ਨਾ ਕਿਸੇ ਨੂੰ ਜੇਬ ਵਿਚ ਪਾ ਕੇ ਤੁਰਦੇ ਸਨ ਅਤੇ ਨਾ ਹੀ ਕਿਸੇ ਦੀ ਜੇਬ ਵਿਚ ਪੈ ਕੇ ਤੁਰਨਾ ਚਾਹੁੰਦੇ ਸਨ। ਉਨ੍ਹਾਂ ਦੇ ਸੁਭਾ ਵਿਚ ਬੇਭਰੋਸਗੀ ਲਈ ਕੋਈ ਥਾਂ ਨਹੀਂ ਸੀ ਅਤੇ ਸਿਆਸਤ ਦੇ ਹੱਥੋਂ ਉਹ ਇਸੇ ਗੁਣ ਕਰ ਕੇ ਹਾਰਦੇ ਰਹੇ। ਜਥੇਦਾਰ ਟੌਹੜਾ ਕਿਹਾ ਕਰਦੇ ਸਨ ਕਿ ਕਲਕੱਤੇ ਦੀ ਕਮਜ਼ੋਰੀ ਇਹ ਹੈ ਕਿ ਉਹ ਹਰ ਕਿਸੇ ‘ਤੇ ਬਿਨਾ ਸੋਚੇ ਸਮਝੇ ਵਿਸ਼ਵਾਸ ਕਰ ਲੈਂਦਾ ਹੈ। ਇਸ ਦੇ ਬਾਵਜੂਦ ਉਸ ਨੂੰ ਵਰਤਣ ਦੀ ਮਨਸ਼ਾ ਨਾਲ ਨੇੜੇ ਆਉਣ ਵਾਲੇ ਉਸ ਤੋਂ ਅਕਸਰ ਘਬਰਾਏ ਰਹਿੰਦੇ ਸਨ। ਉਹ ਸਿੱਖ ਸੁਰ ਵਿਚ ਮਹਿਫਿਲਾਂ ਲਾਉਣ ਦਾ ਸਭਿਆਚਾਰ ਸਿਰਜਣਾ ਚਾਹੁੰਦੇ ਸਨ, ਪਰ ਉਸ ਤਰ੍ਹਾਂ ਸਫਲ ਨਾ ਹੋ ਸਕੇ ਜਿਸ ਤਰ੍ਹਾਂ ਹੋਣਾ ਚਾਹੁੰਦੇ ਸਨ।
ਸ਼ ਕਲਕੱਤਾ ਦੀ ਸਿੱਖ ਵਚਨਬੱਧਤਾ ਵਿਚ ਉਨ੍ਹਾਂ ਦੀ ਰੂਹ, ਦਿਮਾਗ ਅਤੇ ਸਰੀਰ ਇਕੱਠਾ ਤੁਰਨ ਦੀ ਕੋਸ਼ਿਸ਼ ਕਰਦੇ ਰਹੇ ਸਨ, ਪਰ ਉਨ੍ਹਾਂ ਦੇ ਸਮਕਾਲੀਆਂ ਵਲੋਂ ਸਿੱਖ ਸਿਆਸਤ ਕਰਦਿਆਂ ਇਹ ਤਿੰਨੇ ਅਕਸਰ ਤਣਾਓ ਵਿਚ ਰਹਿੰਦੇ ਸਨ। ਇਸੇ ਕਰਕੇ ਸਿਆਸਤ ਵਿਚ ਉਹ ਬਣਾਉਂਦੇ ਬਣਾਉਂਦੇ ਵਿਗਾੜ ਬਹਿੰਦੇ ਸਨ। ਉਹ ਵਿਰੋਧ ਨੂੰ ਦੁਸ਼ਮਣੀ ਨਹੀਂ ਸਮਝਦੇ ਸਨ ਅਤੇ ਵਿਰੋਧ ਨੂੰ ਦੁਸ਼ਮਣੀ ਸਮਝਣ ਵਾਲਿਆਂ ਦਾ ਸ਼ਿਕਾਰ ਹੋ ਜਾਂਦੇ ਸਨ। ਉਹ ਗੁਰੂ ਵਿਚ ਅਤ੍ਰੇੜੇ ਭਰੋਸੇ ਵਾਲੇ ਸਿੱਖ ਸਨ ਅਤੇ ਸਿੱਖੀ ਵਾਸਤੇ ਸੰਘਰਸ਼ ਕਰਦੇ ਕਰਦੇ ਗੁਰੂ ਚਰਨਾਂ ਵਿਚ ਜਾ ਬਿਰਾਜੇ। ਉਸ ਨੂੰ ਅਲਵਿਦਾ ਕਹਿਣ ਵਾਸਤੇ ਮੀਰ ਤਕੀ ਮੀਰ ਦੇ ਬੋਲ ਯਾਦ ਆ ਰਹੇ ਹਨ:
ਸਿਰਹਾਣੇ ਮੀਰ ਕੇ ਜ਼ਰਾ ਅਹਿਸਤਾ ਬੋਲੋ
ਟੁਕ ਰੋਤੇ ਰੋਤੇ ਸੋ ਗਯਾ ਹੈ।