ਪੌਣ-ਪਾਕੀਜ਼ਗੀ

ਡਾæ ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਪਿਛਲੇ ਇਕ ਅਰਸੇ ਤੋਂ ਪੰਜਾਬ ਟਾਈਮਜ਼ ਦੇ ਪਾਠਕ ਉਨ੍ਹਾਂ ਦੀਆਂ ਲਿਖਤਾਂ ਪੜ੍ਹਦੇ ਆ ਰਹੇ ਹਨ ਅਤੇ ਉਨ੍ਹਾਂ ਦੀ ਨਿਵੇਕਲੀ ਸ਼ੈਲੀ ਤੋਂ ਪ੍ਰਭਾਵਿਤ ਵੀ ਹੋਏ ਹਨ। ਹਥਲੇ ਲੇਖ ਵਿਚ ਉਨ੍ਹਾਂ ਗੁਰਬਾਣੀ ਦੇ ਵਾਕ “ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤੁ ਮਹੱਤ” ਦੇ ਸੱਚ ‘ਤੇ ਪਹਿਰਾ ਦਿੰਦਿਆਂ ਮਨੁੱਖੀ ਜ਼ਿੰਦਗੀ ਲਈ ਇਸ ਦੀਆਂ ਨਿਆਮਤਾਂ, ਮਨੁੱਖ ਵਲੋਂ ਇਸ ਨੂੰ ਪਲੀਤ ਕੀਤੇ ਜਾਣ ਦੀ ਭੁੱਲ ਅਤੇ ਇਸ ਬਿਨਾ ਧਰਤੀ ਉਤੇ ਜੀਵਨ ਦੇ ਕਿਆਸ ਦੀ ਗੱਲ ਕੀਤੀ ਹੈ।

ਉਹ ਕਹਿੰਦੇ ਹਨ, “ਪੌਣ ਤਲਵਾਰਾਂ ਨਾਲ ਦੋਫਾੜ ਨਹੀਂ ਹੁੰਦੀ, ਨਾ ਕੰਧਾਂ ਨਾਲ ਹਿਸਿਆਂ ਵਿਚ ਵੰਡੀਦੀ ਏ ਅਤੇ ਨਾ ਹੀ ਹੱਦਾਂ-ਸਰਹੱਦਾਂ ਦੀ ਮੁਥਾਜ਼। ਪੌਣ ਤਾਂ ਸਰਬ-ਸੇਵਕ ਜੋ ਹਰ ਤਲੀ ‘ਤੇ ਸਾਹਾਂ ਦਾ ਲੰਗਰ ਲਾਉਂਦੀ। ਕਦੇ ਕਦਾਈਂ ਪੌਣ ਦਾ ਸ਼ੁਕਰ-ਗੁਜ਼ਾਰ ਜਰੂਰ ਹੋਣਾ!” -ਸੰਪਾਦਕ

ਡਾæ ਗੁਰਬਖਸ਼ ਸਿੰਘ ਭੰਡਾਲ
ਪੌਣ, ਪਵਿੱਤਰਤਾ ਦੀ ਨਾਇਕ, ਸਾਹ-ਧੜਕਣੀ, ਜੀਵਨ-ਸੰਧਾਰਾ, ਕਾਇਨਾਤੀ-ਪਸਾਰਾ ਅਤੇ ਤਲੀ ‘ਤੇ ਜਿੰਦ-ਹੁੰਗਾਰਾ।
ਪੌਣ, ਨਿਰੰਤਰ ਪ੍ਰਵਾਹ, ਨਿਰਜਿੰਦ ਦੇ ਨਾਂਵੇਂ ਜਿੰਦ ਕਰਨ ਦਾ ਪੈਗਾਮ, ਸੁਗੰਧੀਆਂ ਨੂੰ ਆਪਣੇ ‘ਚ ਸਮਾਉਣ ਅਤੇ ਦੂਰ ਦੇਸ਼ਾਂਤਰਾਂ ਤੀਕ ਪਹੁੰਚਾਉਣ ਦਾ ਕਰਮ।
ਪੌਣ, ਆਵਾਜ-ਕੰਨ੍ਹੇੜੀ, ਸੁੱਖ-ਸੁਨੇਹੇ ਮਿੱਤਰ-ਪਿਆਰਿਆਂ ਤੀਕ ਪਹੁੰਚਾਉਂਦੀ। ਕੇਹੀ ਤ੍ਰਾਸਦੀ ਏ ਕਿ ਮਨੁੱਖ ਚੰਦਰਮਾ ਜਾਂ ਸਕਾਈਲੈਬ ਵਿਚ ਪਹੁੰਚ ਹਵਾ ਦੀ ਅਣਹੋਂਦ ਕਾਰਨ ਇਕ ਦੂਜੇ ਨਾਲ ਖੁੱਲ੍ਹ ਕੇ ਗੱਲਬਾਤ ਵੀ ਨਹੀਂ ਕਰ ਸਕਦਾ। ਉਹ ਗੁੰਗੀ ਬੋਲੀ ਜਾਂ ਈ-ਮੈਸੇਜ਼ ਰਾਹੀਂ ਆਪਣੇ ਹਾਵ-ਭਾਵ ਪ੍ਰਗਟ ਕਰਦੈ। ਪਰ ਅਲਫਾਜ਼ ਜਿਹੜਾ ਸਕੂਨ ਮਨੁੱਖੀ ਰੂਹ ਨੂੰ ਦਿੰਦੇ, ਉਹ ਵੱਟਸਐਪ, ਫੇਸਬੁੱਕ, ਈਮੇਲ ਜਾਂ ਹੋਰ ਸਾਧਨ ਨਹੀਂ ਦੇ ਸਕਦੇ। ਖਲਾਅ ਵੀ ਪੌਣ ਦੀ ਅਣਹੋਂਦ ਨੂੰ ਮਹਿਸੂਸਦਾ, ਧਰਤੀ ਦੇ ਬਲਿਹਾਰੇ ਜਾਂਦਾ ਹੋਵੇਗਾ ਜੋ ਇਸ ਅਨਮੋਲ ਸੁਗਾਤ ਨਾਲ ਵਰੋਸਾਈ ਏ।
ਪੌਣ, ਕਿਸੇ ਦੇ ਬਦਨ ਤੋਂ ਆਉਂਦੀ ਮਹਿਕ ਦੀ ਚੁਗਲੀ, ਗੁਆਂਢ ਵਿਚ ਲੱਗਦੇ ਤੜਕਿਆਂ ਦੀ ਕੰਨਸੋਅ ਅਤੇ ਬਗੀਚੀ ‘ਚ ਮਹਿਕਦੇ ਸਾਹਾਂ ਦਾ ਨਿਉਂਦਾ।
ਪੌਣ, ਗੈਸਾਂ ਦਾ ਮਿਸ਼ਰਣ। ਕਾਰਬਨ-ਡਾਇਆਕਸਾਈਡ ਪੌਦਿਆਂ ਲਈ ਨਿਆਮਤ, ਆਕਸੀਜਨ ਮਨੁੱਖ ਸਮੇਤ ਸਾਰੇ ਜੀਵਾਂ ਲਈ ਸਾਹ-ਅੰਮ੍ਰਿਤ, ਨਾਈਟਰੋਜਨ ਸਮੇਤ ਹੋਰ ਗੈਸਾਂ ਬਹੁਤ ਘੱਟ ਮਾਤਰਾ ਵਿਚ। ਪਰ ਹਰੇਕ ਦਾ ਵਾਯੂ ਮੰਡਲ ਵਿਚ ਆਪੋ-ਆਪਣਾ ਸੁਚਾਰੂ ਯੋਗਦਾਨ।
ਪੌਣ, ਚੌਫੇਰੇ ਪਸਰੇ ਜੀਵਨ ਲਈ ਸਭ ਤੋਂ ਅਹਿਮ। ਗੁਰਬਾਣੀ ਅਨੁਸਾਰ “ਪਵਣੁ ਗੁਰੂ ਪਾਣੀ ਪਿਤਾæææ॥”, ਗੁਰੂ ਦਾ ਰੁਤਬਾ ਪ੍ਰਾਪਤ ਕਰਨ ਵਾਲੀ ਪੌਣ, ਜੀਵਨ-ਆਧਾਰ।
ਪੌਣ-ਨਿਰਾਕਾਰ, ਸੁਗੰਧ-ਰਹਿਤ ਅਤੇ ਭਾਰ ਹੀਣ। ਅਹਿਮੀਅਤ ਦੀ ਵਿਰਾਸਤ ਨਾਲ ਵਰੋਸਾਈ, ਜਿੰਦ ਬਰੂਹਾਂ ‘ਤੇ ਹਮੇਸ਼ਾ ਦਸਤਕ ਦਿੰਦੀ ਅਤੇ ਇਸ ਦਸਤਕ ਵਿਚੋਂ ਹੀ ਜੀਵਨ-ਧੁਨੀ ਸੁਣਦੀ ਅਤੇ ਸਾਹ-ਸੰਗਤਾ ਜੀਵਨ ਦਾ ਮਾਣ ਬਣਦਾ।
ਪੌਣ ਹੀ ਹੈ ਜੋ ਟਹਿਣੀਆਂ ਨੂੰ ਸਹਿਲਾਉਂਦੀ, ਬੀਜਾਂ ਦੇ ਪ੍ਰਾਗਣ ਨੂੰ ਇਕ ਥਾਂ ਤੋਂ ਦੂਜੀ ਥਾਂ ‘ਤੇ ਪਹੁੰਚਾਉਂਦੀ ਅਤੇ ਨਿਰੰਤਰ ਵਾਧੇ ਦਾ ਸਬੱਬ ਬਣਦੀ। ਪੱਤਿਆਂ ਦੀ ਸੰਗੀਤਕ ਰੁਮਕਣੀ ਸਿਰਫ ਪੌਣ ਕਾਰਨ ਹੀ ਸੰਭਵ। ਪਾਣੀ ਦਾ ਪਿੰਡਾ ਚੁੰਮਦੀ, ਲਹਿਰਾਂ ਉਪਜਾਉਂਦੀ, ਜਲਵਾਸ਼ਪਾਂ ਨਾਲ ਤਰੰਗਤ ਪੌਣ ਜਦ ਠੰਢਕ ਦਾ ਅਹਿਸਾਸ ਮਨ ਵਿਚ ਪੈਦਾ ਕਰਦੀ ਤਾਂ ਤਿੱਖੜ ਦੁਪਹਿਰਾਂ ਵੀ ਠਰ ਜਾਂਦੀਆਂ।
ਪੌਣ-ਦਬਾਅ ਸਦਕਾ ਬੱਦਲਾਂ ਦੀ ਆਵਾਜਾਈ, ਪੌਣ ਪਰਾਗਿਆਂ ਦਾ ਅਵਾਗਵਣ। ਕਦੇ ਗਰਮੀਆਂ ਦੇ ਹੁੱਸੜ ਭਰੇ ਦਿਨ ਯਾਦ ਕਰਨਾ ਜਦ ਕੋਠਿਆਂ ‘ਤੇ ਪਿਆਂ ਹਵਾ ਦਾ ਬੁੱਲ੍ਹਾ ਆਉਂਦਾ ਤਾਂ ਨੀਂਦ ਦਾ ਹੁਲਾਰਾ, ਥੱਕੀਆਂ ਰੂਹਾਂ ਨੂੰ ਆਪਣੀ ਆਗੋਸ਼ ਵਿਚ ਲੈਂਦਾ ਸੀ।
ਪੌਣ ਆਪਣੀ ਲੈਅ ਵਿਚ ਵਗੇ ਤਾਂ ਜੀਵਨ ਪਾਕੀਜ਼ਗੀ ਦਾ ਬਾਣਾ ਪਾਈ ਰੱਖੇ; ਸਾਹ-ਸੰਵੇਦਨਾ ਬਹੁਲਾਤ ਦਾ ਭੰਡਾਰਾ ਬਣੀ ਰਹੇ; ਹਾਸੇ ਖੇੜਿਆਂ ਦਾ ਚਸ਼ਮਾ ਅਤੇ ਮਹਿਕਾਂ ਦਾ ਸੰਧਾਰਾ ਹਰ ਤਲੀ ‘ਤੇ ਧਰਦੀ ਰਹੇ ਤਾਂ ਮਹਿਕੀਲੇ ਪੱਬਾਂ ਦੇ ਨਾਮ, ਸਫਰ-ਦਾਸਤਾਨ।
ਪਰ ਪੌਣ ਜਦ ਤੂਫਾਨ ਬਣ ਜਾਵੇ ਤਾਂ ਆਲ੍ਹਣਿਆਂ ਨੂੰ ਤੀਲਾ ਤੀਲਾ ਕਰਦੀ, ਬੋਟਾਂ ਦੇ ਸਿਰ ‘ਤੇ ਮੌਤ ਮੰਡਰਾਉਂਦੀ, ਸਿਰ ਦੀਆਂ ਛੱਤਾਂ ਉਡਾਉਂਦੀ ਅਤੇ ਬਿਰਖਾਂ ਨੂੰ ਜੜ੍ਹਾਂ ਤੋਂ ਉਖੇੜਦੀ। ਕਈ ਵਾਰ ਸਮੁੰਦਰੀ ਕਹਿਰ ਬਣ ਕੇ ਕੰਢਿਆਂ ‘ਤੇ ਵੱਸੀ ਆਬਾਦੀ ਨੂੰ ਆਪਣੀ ਲਪੇਟ ਵਿਚ ਲੈਂਦੀ, ਮਨੁੱਖੀ ਜਾਨਾਂ ਤੇ ਮਾਲੀ ਨੁਕਸਾਨ ਦਾ ਕਹਿਰ ਢਾਹੁੰਦੀ।
ਪੌਣ ਹੀ ਹੁੰਦੀ ਜੋ ਬਾਂਸ ਨੂੰ ਬੰਸਰੀ ਬਣਾਉਂਦੀ, ਸਾਜ਼ ਨੂੰ ਸੰਗੀਤ ਦਾ ਰੁਤਬਾ ਦਿੰਦੀ, ਸੁਰਾਂ ਵਿਚ ਸੁਹਜ, ਸੁਰੀਲਾਪਣ ਤੇ ਸੰਜੀਦਗੀ ਬਖਸ਼ਦੀ ਅਤੇ ਸੰਦੀਲੇ ਬੋਲਾਂ ਨਾਲ ਕੰਨ-ਰਸ ਪੈਦਾ ਕਰਦੀ।
ਪੌਣ ਕੁਰਲਾਉਂਦੀ ਜਦ ਕੁਰੱਖਤ ਸਮਾਂ ਇਸ ਦੀ ਹਿੱਕ ਵਿਚ ਸਿੱਸਕੀਆਂ ਬੀਜਦਾ, ਪਿੰਡੇ ‘ਤੇ ਹਉਕੇ ਤਰਦੇ, ਹਾਵਾਂ ਦਾ ਸਰਾਪ ਮਿਲਦਾ, ਫਿਜ਼ਾ ਵਿਚ ਵੈਣ ਗੂੰਜਦੇ, ਅਲਾਹੁਣੀਆਂ ਦਾ ਰਾਗ ਛਿੜਦਾ ਜਾਂ ਸਿਆਪਿਆਂ ਦੇ ਬੋਲ ਬਿਰਖਾਂ ਨਾਲ ਲਿਪਟ ਕੇ ਰੋਂਦੇ। ਹਵਾ ਆਪਣੀ ਹੋਂਦ ਤੋਂ ਮੁਨਕਰ ਹੋਣਾ ਲੋਚਦੀ। ਪਰ ਪੌਣ ਤਾਂ ਪੌਣ ਏ ਅਤੇ ਆਖਰ ਨੂੰ ਕੌਣ ਹਵਾ ਵਾਂਗ ਹਿਲੋਰੇ ਦਿੰਦਾ, ਜ਼ਿੰਦਗੀ ਨੂੰ ਖੁਸ਼-ਆਮਦੀਦ ਕਹੇਗਾ।
ਪੌਣ ਤੋਤਲੇ ਬੋਲਾਂ ਨਾਲ ਬਜ਼ੁਰਗੀ ਕੰਨਾਂ ਵਿਚ ਰਸ ਘੋਲਦੀ, ਪਿਆਰ ਭਿੱਜੇ ਬੋਲਾਂ ਦੀ ਸਤਿਸੰਗਤ ਅਤੇ ਨਿੱਘੀ ਮਿਲਣੀ ਦਾ ਸਬੱਬ।
ਪੌਣ ਨਾ ਹੁੰਦੀ ਤਾਂ ਬਨਸਪਤੀ ਅਤੇ ਕੁਦਰਤੀ ਪਸਾਰੇ ਦਾ ਕਿਆਸ ਕਰਨਾ ਅਸੰਭਵ। ਚਾਰੇ ਪਾਸੇ ਰੱਕੜ, ਉਜਾੜ ਅਤੇ ਮੌਤ ਵਰਗਾ ਸੰਨਾਟਾ, ਧੜਕਣਾਂ ਵਿਚ ਖਾਮੋਸ਼ੀ, ਪਿੰਜਰ ਪਿੰਜਰ ਹੋਈ ਕਾਇਨਾਤ ਅਤੇ ਪੱਥਰ ਬਣੇ ਜੀਵ।
ਪੌਣ ਦੇ ਕੰਧਾੜੇ ਬਹਿ ਕੇ ਹੀ ਬੱਦਲ ਹਜਾਰਾਂ ਕੋਹਾਂ ਦਾ ਪੈਂਡਾ ਤੈਅ ਕਰਦੇ, ਪਰਿੰਦਿਆਂ ਨੂੰ ਪਰਵਾਜ਼ ਮਿਲਦੀ ਅਤੇ ਪਤੰਗ ਉਚੇ ਅੰਬਰਾਂ ਨੂੰ ਹੱਥ ਲਾਉਂਦਾ। ਯਾਦ ਰੱਖਣਾ! ਉਡਾਰੀ ਲਈ ਹਵਾ ਸੰਗ ਉਡਣ ਅਤੇ ਸਾਥ ਨਿਭਾਉਣ ਦਾ ਹੁਨਰ ਵੀ ਜਰੂਰੀ।
ਪੌਣ ‘ਚ ਉਡਦੇ ਚਾਅ-ਲਫਾਫੇ, ਪ੍ਰੇਮ-ਪੱਤਰਾਂ ਦੀਆਂ ਕਾਤਰਾਂ, ਬੇਰੁਜ਼ਗਾਰਾਂ ਦੀਆਂ ਡਿਗਰੀਆਂ ਅਤੇ ਤੇਲ ਪਾ ਕੇ ਸਾੜੀਆਂ ਧੀਆਂ-ਰਾਣੀਆਂ ਦੀ ਦਰਦੀਲੀ ਹੂਕ ਜਦ ਮਨ-ਦਹਿਲੀਜ਼ ‘ਤੇ ਦਸਤਕ ਦਿੰਦੇ ਤਾਂ ਭਾਵ-ਦਰਾਂ ਨੂੰ ਕੰਬਣੀ ਛਿੜਦੀ।
ਪੌਣ ਅਤੇ ਪਰਵਾਜ਼ ਦਾ ਸੁੱਚਾ ਸੰਗਮ ਜਦ ਵਕਤ ਦੀ ਵਹੀ ਦਾ ਹਾਸਲ ਬਣਦਾ ਤਾਂ ਨਵੇਂ ਕੀਰਤੀਮਾਨ ਤੇ ਸਬੱਬ, ਸਫਲਤਾ ਤੇ ਸੁਪਨਿਆਂ ਦਾ ਸੁੱਚਮ ਬਣਦੇ।
ਧੁਖਦੀ ਚੰਗਿਆੜੀ ਨੂੰ ਹਵਾ ਮਿਲੇ ਤਾਂ ਉਹ ਲਾਟ ਬਣ ਕੇ ਰਾਹਾਂ ਵਿਚ ਚਾਨਣ ਅਤੇ ਠਰੀ ਵਕਤ-ਬੀਹੀ ਵਿਚ ਨਿੱਘ ਤਰੌਂਕਦੀ। ਪਰ ਕਈ ਵਾਰ ਹਵਾ ਦਾ ਬੁੱਲ੍ਹਾ ਅਜਿਹਾ ਵੀ ਆਉਂਦਾ ਕਿ ਉਹ ਵਿਹੜੇ ਵਿਚ ਚਾਨਣ ਵੰਡਦੇ ਆਲੇ ‘ਚ ਰੱਖੇ ਦੀਵੇ ਨੂੰ ਬੁਝਾ ਵਿਹੜੇ ਦੇ ਨਾਮ ਹਨੇਰ ਕਰ ਜਾਂਦਾ। ਯਾਦ ਰਹੇ, ਦੀਵੇ ਨੂੰ ਇੰਨੀ ਕੁ ਹਵਾ ਦੇਵੋ ਕਿ ਉਹ ਬਲਦਾ ਰਹੇ। ਇੰਨਾ ਜੋਰ ਵੀ ਨਾ ਲਾਓ ਕਿ ਹਵਾ ਦੇ ਥਪੇੜਿਆਂ ਨਾਲ ਦੀਵੇ ਦੀ ਜੀਵਨ-ਜੋਤ ਹੀ ਰੁੱਸ ਜਾਵੇ।
ਪੌਣ ਨੂੰ ਪਲੀਤ ਨਾ ਕਰੋ। ਇਸ ਦਾ ਗੰਧਲਾਪਣ ਸਾਹਾਂ ਲਈ ਸੰਤਾਪ। ਜੀਵ ਸਾਹ ਲੈਣ ਤੋਂ ਆਤੁਰ। ਕਾਰਖਾਨਿਆਂ ਦਾ ਜ਼ਹਿਰੀਲਾ ਧੂੰਆਂ, ਏæ ਸੀæ ਤੇ ਕਾਰਾਂ ਦੀਆਂ ਗਰੀਨ ਹਾਊਸ ਗੈਸਾਂ ਅਤੇ ਹਵਾ ਵਿਚ ਵਧ ਰਹੀ ਕਾਰਬਨ ਮੋਨੋਆਕਸਾਈਡ ਦੀ ਮਾਤਰਾ ਨੇ ਔਖਾ ਕੀਤਾ ਏ ਸਾਹ ਲੈਣਾ। ਸਾਹ ਦੀਆਂ ਬਿਮਾਰੀਆਂ ਦਾ ਮੁੱਖ ਕਾਰਨ ਪੌਣ ਦਾ ਪਲੀਤ ਹੋਣਾ ਅਤੇ ਮਨੁੱਖ ਇਸ ਨੂੰ ਵਧਾਉਣ ਦਾ ਮੁੱਖ ਦੋਸ਼ੀ। ਗਰੀਨ ਹਾਊਸ ਗੈਸਾਂ ਕਾਰਨ ਵੱਧ ਰਿਹਾ ਤਾਪਮਾਨ ਜੀਵ-ਬਰਬਾਦੀ ਦਾ ਆਗਾਜ਼। ਸੋਚੋ! ਅੰਤ ਕੇਹਾ ਹੋਵੇਗਾ?
ਪੌਣ ਪਰਮਾਤਮਾ ਵਲੋਂ ਵਰੋਸਾਈ ਦਾਤ ਹਰ ਪਲ ਮਨੁੱਖ ਦੀ ਝੋਲੀ ਵਿਚ ਜੀਵਨ-ਦਾਤ ਧਰਦੀ ਅਤੇ ਜੀਵਨ-ਸਨਦ ਮਨੁੱਖ ਜਾਤੀ ਦੇ ਨਾਮ ਕਰਦੀ।
ਪੌਣੀਂ ਪੀਹੜਾ ਡਾਹੁਣ ਵਾਲਿਆ, ਇਸ ਦੀਆਂ ਸਿਫਤਾਂ ਗਾਉਣ ਵਾਲਿਆ, ਇਸ ਦੀ ਝੋਲੀ ਹਾਸੇ ਪਾਈਂ, ਨਾ ਤੂੰ ਹਉਕਾ-ਜੂਨ ਹੰਢਾਈਂ। ਪੌਣ ਪੈਗੰਬਰ, ਪੌਣ ਹੀ ਪੂਜਾ। ਪੌਣ ਤਾਂ ਰੱਬ ਦਾ ਨਾਮ ਹੈ ਦੂਜਾ। ਪੌਣਾਂ ਹੱਥ ਸੁਨੇਹੇ ਮਿਲਦੇ। ਪੌਣਾਂ ਸੰਗ ਰੂਹ-ਦਰ ਖਿਲਦੇ। ਪੌਣ ਦਾ ਰੋਣਾ, ਪੀੜਾ-ਝੋਲ। ਪੌਣ ਦੀ ਚੁੱਪ, ਮਾਤਮੀ ਬੋਲ। ਪੌਣ ਹੀ ਚੁਗਲੀ, ਪੌਣ ਹੀ ਸਾਜਿਸ਼। ਪੌਣ ਹੀ ਤੀਲੀ, ਪੌਣ ਹੀ ਆਤਿਸ਼। ਪੌਣ ਹੀ ਬਣਦੀ ਸੁਖਦ-ਸੁਨੇਹਾ; ਪੌਣ ਹੀ ਧਰਦੀ ਮਹਿਕੀਲਾ ਫੇਹਾ। ਪੌਣ ਹੀ ਸਾਨੂੰ ਗਲ ਨਾਲ ਲਾਉਂਦੀ; ਜੀਵਨ-ਰੇਖਾ ਮੱਥੇ ‘ਤੇ ਵਾਹੁੰਦੀ। ਪੌਣ ਹੀ ਹਰਫ ਤੇ ਸੁੱਚੇ ਬੋਲ; ਪੌਣ ਹੀ ਹਰਦਮ ਰਹਿੰਦੀ ਕੋਲ। ਸਾਹਾਂ ਰੱਤਾ ਪਹਿਰ ਹੈ ਪੌਣ; ਜਿੰਦ ਪੀਹੜੇ ਦੀ ਸੰਦਲੀ ਦੌਣ। ਪੌਣ ਪਾਕੀਜ਼ਗੀ ‘ਚ ਜਿੰਦ ਸਲਾਮਤ; ਸਾਹ ਗਠੜੀ ਦੀ ਪੌਣ ਅਮਾਨਤ। ਪੌਣ ਦਾ ਕਰਜ਼ ਮੈਂ ਕਿੰਜ ਉਤਾਰਾਂ? ਪੌਣ-ਪ੍ਰਕਰਮੀ, ਸਾਹ-ਕੁੰਜ ਉਤਾਰਾਂ। ਪੌਣ ‘ਚ ਪੌਣ ਮਿਲ ਹੋਂਦ ਗਵਾਵੇ; ਪੌਣ ਮਿੱਟੀ ਨੂੰ ਮੱਥੇ ਲਾਵੇ, ਤੇ ਉਮਰ-ਪੈਂਡਾ ਪੂਰਾ ਕਰ ਜਾਵੇ।
ਪੌਣ ਦੀ ਚੁੱਪ ਬਹੁ-ਅਰਥੀ ਬਣ ਜਦ ਸੰਵੇਦਨਾ ਨੂੰ ਟੁਣਕਾਰਦੀ ਤਾਂ ਕਲਮੀ ਆਵੇਸ਼ ਹਰਫਾਂ ਵਿਚ ਢਲਦਾ।
ਹਵਾ ਬੰਦ ਹੈ
ਬਿਰਖਾਂ ਦੇ ਪੱਤੇ ਨਹੀਂ ਹਿਲਦੇ
ਪਹਿਆਂ ‘ਚੋਂ ਘੱਟਾ ਨਹੀਂ ਉਡਦਾ
ਇਸ ਦਾ ਇਹ ਮਤਲਬ ਨਹੀਂ
ਕਿ ਹਵਾ ਮਰ ਚੁਕੀ ਹੈ
ਇਹ ਤਾਂ ਸਮੋਂ-ਸੂਚਕ ਹੈ
ਆਉਣ ਵਾਲੇ
ਕਿਸੇ ਭਾਰੀ ਤੂਫਾਨ ਦੀ।
ਜਦ ਬੰਦ ਦਰਾਂ ਦੀ ਰਖਵਾਲੀ ਮਾਂ ਪਰਦੇਸੀ ਪੁੱਤ ਨੂੰ ਪੌਣਾਂ ਹੱਥ ਸੁਨੇਹੇ ਭੇਜਦੀ, ਰੱਤੜਾ ਚੂੜਾ ਸੰਦਲੀ ਦਿਨਾਂ ਦੇ ਸੰਤਾਪ ਤੋਂ ਅੱਕਿਆ ਪੌਣਾਂ ਦੇ ਨਾਮ ਮਾਹੀ ਦੇ ਪਰਤਣ ਲਈ ਹਾੜੇ ਕੱਢਦਾ ਜਾਂ ਨਿੱਕੀ ਜਿਹੀ ਲਾਡੋ ਪਰਦੇਸੀ ਪਾਪਾ ਲਈ ਤੋਤਲੇ ਬੋਲਾਂ ਨਾਲ ਵਾਪਸ ਪਰਤਣ ਲਈ ਲਿੱਲਕੜੀਆਂ ਕੱਢਦੀ ਤਾਂ ਪੌਣ ਰੋਣਹਾਕੀ ਹੋ ਜਾਂਦੀ। ਅਜਿਹੇ ਬੋਲਾਂ ਦੇ ਭਾਰ ਹੇਠ ਦੁਬਕੀ ਹੋਂਦ ਨਾਲ ਜਿਉਣ ਜੋਗੀ ਰਹਿ ਜਾਂਦੀ ਪੌਣ। ਇਹ ਤਾਂ ਪੌਣ ਦੀ ਮੌਤ ਹੁੰਦੀ। ਪੌਣ ਦੀ ਮੌਤ ਤੋਂ ਬਾਅਦ ਕੌਣ ਪਾਵੇਗਾ ਅਤੇ ਕੌਣ ਸੁਣੇਗਾ ਕੀਰਨੇ?
ਪੌਣ-ਨਿਆਮਤ ਵਿਚ ਖਿਆਨਤ ਕਰਨ ਅਤੇ ਇਸ ਦੀ ਲਬਰੇਜ਼ਤਾ ਤੇ ਰੰਗਰੇਜ਼ਤਾ ਨੂੰ ਮਧੋਲਣ ਵਾਲੇ ਮਨੁੱਖਤਾ ਦੇ ਸਭ ਤੋਂ ਵੱਡੇ ਦੁਸ਼ਮਣ, ਹੈਵਾਨੀਅਤ ਦਾ ਨਾਮਕਰਨ। ਅਜਿਹੀ ਹੈਵਾਨੀਅਤ ਹੀ ਕਈ ਵਾਰ ਸਭਿਅਤਾਵਾਂ ਦੇ ਵਿਨਾਸ਼ ਦਾ ਕਾਰਨ ਬਣਦੀ।
ਖੂਬਸੂਰਤ ਜ਼ਿੰਦਗੀ ਲਈ ਜਰੂਰੀ ਹੈ ਕਿ ਪਾਕ ਪੌਣ ਸਾਡੀ ਸਾਹ-ਰਵਾਨਗੀ ਬਣੇ। ਤਰਲਾ ਈ! ਕਦੇ ਵੀ ਖੇਤਾਂ ਵਿਚ ਕਣਕ ਦਾ ਨਾੜ ਜਾਂ ਪਰਾਲੀ ਨਾ ਸਾੜੋ, ਸਾਹ ਲੈਣਾ ਔਖਾ ਹੋ ਜਾਵੇਗਾ। ਤਾਂਹੀ ਤਾਂ ਭੀੜ-ਭੜੱਕੇ ਵਾਲੇ ਸ਼ਹਿਰਾਂ ਵਿਚ ਲੋਕ ਸੁੱਚੇ ਸਾਹ ਲੈਣ ਤੋਂ ਵੀ ਤਰਸ ਗਏ ਨੇ।
ਕਦੇ ਸਵੇਰ ਵੇਲੇ ਵਗਦੀ ਹਵਾ ਦਾ ਨਜ਼ਾਰਾ ਯਾਦ ਕਰਨਾ, ਪੌਣ ਦੇ ਪਿੰਡੇ ‘ਤੇ ਹਰਫ ਉਕਰਨ ਦਾ ਹੀਆ ਕਰਨਾ ਅਤੇ ਪੌਣ-ਪੁਤਲੇ ਨੂੰ ਸੁਪਨਿਆਂ ਦਾ ਹਾਣੀ ਬਣਾਉਣਾ, ਦੇਖਣਾ ਪੌਣ ਕਿਵੇਂ ਤੁਹਾਡੀ ਤਲੀ ‘ਤੇ ਸੁਪਨਿਆਂ ਦੀ ਸਾਜ਼ਗਾਰੀ ਸਿੱਧ ਕਰਦੀ ਏ।
ਗੁਰਬਾਣੀ ਦੇ ਵਾਕ “ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇਆ॥ ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇਆ॥” ਰਾਹੀਂ ਗੁਰਬਾਣੀ ਵਿਚ ਵਿਗਿਆਨ ਦਾ ਕਿੱਡਾ ਵੱਡਾ ਸੱਚ ਸਮੋਇਆ ਹੈ ਕਿ ਪੌਣ ਹੀ ਸਮੁੱਚੀ ਕਾਇਨਾਤ ਦਾ ਮੁੱਢ ਏ। ਸਭ ਤੋਂ ਪਹਿਲਾਂ ਪੌਣ ਪੈਦਾ ਹੋਈ, ਪੌਣ ਤੋਂ ਪਾਣੀ ਅਤੇ ਪਾਣੀ ਤੋਂ ਸਮੁੱਚੀ ਕਾਇਨਾਤ ਦੀ ਸਿਰਜਣਾ ਹੋਈ ਪਰ ਅਸੀਂ ਇਸ ਨੂੰ ਭੁੱਲੀ ਬੈਠੇ ਹਾਂ।
ਪੌਣ ਬਣ ਕੇ ਜ਼ਿੰਦਗੀ ਦੇ ਪਲਾਂ ਵਿਚੋਂ ਲੰਘਣ ਵਾਲੇ ਲੋਕ ਤੁਹਾਡੀਆਂ ਜੀਵਨ-ਪੈੜਾਂ ਦੇ ਨਿਸ਼ਾਨ-ਚਿੰਨ੍ਹ। ਇਨ੍ਹਾਂ ਵਿਚੋਂ ਹੀ ਲਿਖੀ ਜਾਂਦੀ ਜੀਵਨ-ਇਬਾਰਤ।
ਪੌਣ ‘ਤੇ ਲਿਖੇ ਸਿਰਨਾਂਵੇਂ ਜਦ ਮਨ ਦੇ ਵਿਹੜੇ ਵਿਚ ਗੇੜੀਆਂ ਲਾਉਂਦੇ ਤਾਂ ਸੋਚ-ਜੂਹੇ, ਉਨ੍ਹਾਂ ਰਾਹਾਂ ਦੇ ਨਕਸ਼ ਉਘੜਦੇ ਜੋ ਪੈਰਾਂ ਦੇ ਨਾਮ ਹੁੰਦੇ।
ਪੌਣ ਹੀ ਹੁੰਦੀ ਜੋ ਗੁਬਾਰੇ ਨੂੰ ਆਕਾਰ ਦਿੰਦੀ ਜਿਸ ਵਿਚ ਬੈਠ ਕੇ ਮਨੁੱਖ ਅੰਬਰ ਗਾਹੁਣ ਜੋਗਾ ਹੋਇਆ, ਹਵਾ ਉਪਰ ਨੂੰ ਜੁ ਉਠਦੀ ਹੈ। ਮਨੁੱਖੀ ਮਨ ਵਿਚ ਉਚੇਰੇ ਦਿਸਹੱਦਿਆਂ ਨੂੰ ਛੂਹਣ ਅਤੇ ਉਚੇਰੀਆਂ ਅੰਬਰ ਉਡਾਰੀਆਂ ਲਾਉਣ ਦੀ ਤਮੰਨਾ ਮਨ ਵਿਚ ਪੈਦਾ ਹੋਵੇ ਤਾਂ ਦੁਨੀਆਂ ਹੋਰ ਜ਼ਿਆਦਾ ਸੁੰਦਰ ਬਣ ਕੇ ਜਿਉਣ-ਜੋਗੀ ਹੋ ਜਾਵੇਗੀ।
ਹਵਾ ਨੂੰ ਗੰਢਾਂ ਦੇਣ ਦੀ ਉਮਰ ਦੂਰ ਤੁਰ ਜਾਵੇ ਤਾਂ ਹਵਾ ਨਾਲ ਗੁਫਤਗੂ ਕਰਨ ਦੀ ਉਮਰ ਸਾਡਾ ਸਾਥ ਮਾਣਦੀ, ਜੀਵਨੀ ਸੱਚ ਨੂੰ ਸਾਡੇ ਰੂਬਰੂ ਕਰਦੀ, ਸਾਡੀ ਝੋਲੀ ਸੱਖਣਤਾ ਭਰੇ ਪਲਾਂ ਵਿਚ ਵੀ ਭਰਪੂਰਤਾ ਨਾਲ ਭਰ ਜਾਂਦੀ।
‘ਪਵਣੁ ਮੇ ਪਵਣੁ ਸਮਾਇਆæææ॥Ḕ ਦੀ ਧੁਨੀ ਜਦ ਬਲਦੇ ਸਿਵੇ ਦੀ ਫਿਜ਼ਾ ਵਿਚ ਫੈਲਦੀ ਤਾਂ ਤੁਸੀਂ ਸਿਰਫ ਲੋਕਾਂ ਦੀਆਂ ਯਾਦਾਂ ਵਿਚ ਹੀ ਜਿਉਣ ਜੋਗੇ ਰਹਿ ਜਾਂਦੇ। ਤੁਸੀਂ ਕਿਸ ਰੂਪ ‘ਚ ਅਤੇ ਕਿਸ ਕਰਕੇ ਲੋਕ-ਚੇਤਿਆਂ ਵਿਚ ਵੱਸੋਗੇ, ਇਹ ਤੁਹਾਡੇ ਬੀਤੇ ਕਰਮ-ਧਰਾਤਲ ਨੇ ਨਿਸ਼ਚਿਤ ਕਰਨਾ।
ਸਾਡੇ ਲਈ ਸਭ ਤੋਂ ਵੱਡੀ ਨਿਆਮਤ ਧਰਤੀ, ਪਾਣੀ ਅਤੇ ਹਵਾ। ਇਸ ਵਿਰਾਸਤ ਨੂੰ ਸੁਚੱਜੇ ਰੂਪ ਵਿਚ ਅਗਲੀ ਪੀੜ੍ਹੀ ਨੂੰ ਸੌਂਪ ਕੇ ਰੁਖਸਤ ਹੋਣਾ, ਸਾਡਾ ਪਰਮ ਧਰਮ।
ਵਗਦੀ ਪੌਣ ਵਿਚ ਕਦੇ ਵੀ ਮੋਰ-ਪੰਖ ਨਾ ਬਣੋ ਸਗੋਂ ਜੈਟ ਬਣੋ ਜੋ ਹਵਾਵਾਂ ਨੂੰ ਚੀਰਦਾ, ਪਹਿਲਾਂ ਤੋਂ ਨਿਰਧਾਰਤ ਦਿਸ਼ਾ ਵੰਨੀਂ ਉਡਦਾ, ਮੰਜ਼ਿਲ ‘ਤੇ ਪਹੁੰਚਦਾ।
ਜਦ ਮਨੁੱਖ-ਜਾਤੀ ਲਈ ਧਰਤੀ ਇਕ ਜਿਸਮ, ਬਿਰਖ ਦੋ ਫੇਫੜੇ, ਦਰਿਆ ਇਕ ਸਰੀਰ ਦੀਆਂ ਨਾੜੀਆਂ ਅਤੇ ਹਵਾ ਸਾਹ ਦਾ ਰੁਤਬਾ ਹਾਸਲ ਕਰ ਗਈ ਤਾਂ ਮਨੁੱਖ ਦੀ ਸਦੀਵਤਾ ਦੀ ਮੁਹਾਰਨੀ ਹਰ ਹੋਠ ‘ਤੇ ਗੁਣਗੁਣਾਵੇਗੀ।
ਪੌਣ ਤਲਵਾਰਾਂ ਨਾਲ ਦੋਫਾੜ ਨਹੀਂ ਹੁੰਦੀ, ਨਾ ਕੰਧਾਂ ਨਾਲ ਹਿਸਿਆਂ ਵਿਚ ਵੰਡੀਦੀ ਏ ਅਤੇ ਨਾ ਹੀ ਹੱਦਾਂ-ਸਰਹੱਦਾਂ ਦੀ ਮੁਥਾਜ਼। ਪੌਣ ਤਾਂ ਸਰਬ-ਸੇਵਕ ਜੋ ਹਰ ਤਲੀ ‘ਤੇ ਸਾਹਾਂ ਦਾ ਲੰਗਰ ਲਾਉਂਦੀ। ਕਦੇ ਕਦਾਈਂ ਪੌਣ ਦਾ ਸ਼ੁਕਰ-ਗੁਜ਼ਾਰ ਜਰੂਰ ਹੋਣਾ!
ਸਾਡੇ ਸਮਿਆਂ ਦੀ ਕੇਹੀ ਤ੍ਰਾਸਦੀ ਕਿ ਅਸੀਂ ਪਰਿੰਦਿਆਂ ਵਾਂਗ ਅੰਬਰ ‘ਤੇ ਉਡਣਾ ਸਿੱਖ ਲਿਆ, ਮੱਛੀਆਂ ਵਾਂਗ ਸਮੁੰਦਰ ਹੇਠ ਤਾਰੀਆਂ ਵੀ ਲਾਉਂਦੇ ਹਾਂ ਪਰ ਅਸੀਂ ਬੰਦਿਆਂ ਵਾਂਗ ਧਰਤੀ ‘ਤੇ ਰਹਿਣਾ ਭੁੱਲ ਗਏ। ਪਤਾ ਨਹੀਂ ਅਸੀਂ ਕਦੋਂ ਬੰਦੇ ਬਣ ਜਿਉਣ ਦਾ ਅਦਬ ਸਿੱਖਾਂਗੇ?