ਐਸ਼ ਅਸ਼ੋਕ ਭੌਰਾ
ਕੁਝ ਲੋਕਾਂ ਲਈ ਸੂਰਜ ਬਾਅਦ ਵਿਚ ਚੜ੍ਹਦਾ ਹੈ, ਉਨ੍ਹਾਂ ਨੇ ਆਪਣੀ ਜ਼ਿੰਦਗੀ ਨਾਲ ਪੌੜੀ ਪਹਿਲਾਂ ਲਾ ਲਈ ਹੁੰਦੀ ਹੈ; ਕੁਝ ਲੋਕਾਂ ਨੂੰ ਸਮਾਜ ਤਾਂ ਪ੍ਰਵਾਨ ਕਰ ਚੁਕਾ ਹੁੰਦਾ ਹੈ ਪਰ ਉਹ ਫਿਰ ਵੀ ਸੰਘਰਸ਼ ਦੇ ਰਾਹਾਂ Ḕਤੇ ਦੌੜ ਰਹੇ ਹੁੰਦੇ ਹਨ। ਕਈ ਵਾਰ ਏਦਾਂ ਵੀ ਹੁੰਦਾ ਹੈ ਕਿ ਤਸਵੀਰਾਂ ਫਿੱਕੀਆਂ ਹੁੰਦੀਆਂ ਹਨ ਪਰ ਰੰਗ ਗੂੜ੍ਹੇ ਹੋ ਜਾਂਦੇ ਹਨ। ਸੰਗੀਤ ਵਿਚ ਸਾਜ਼ਾਂ ਦਾ ਸ਼ੋਰ, ਆਵਾਜ਼ਾਂ ਦੀ ਖੱਪ ਕਿੰਨੀ ਵੀ ਕਿਉਂ ਨਾ ਪੈ ਰਹੀ ਹੋਵੇ, ਕਿਤੇ ਅੱਖਾਂ ਬੰਦ ਕਰਕੇ ਢੱਡ ਤੇ ਸਾਰੰਗੀ ਦੀ ਆਵਾਜ਼ ਪੋਣੀ Ḕਚੋਂ ਪੁਣ ਹੋ ਕੇ ਨਿਕਲਦੀ ਸੁਣਿਓ, ਰੂਹ ਬਾਹਾਂ ਖੜੀਆਂ ਹੋਣ ਤੋਂ ਪਹਿਲਾਂ ਜ਼ਿੰਦਾਬਾਦ ਕਹਿਣ ਲੱਗ ਪਵੇਗੀ। ਜਿਨ੍ਹਾਂ ਨੇ ਢਾਡੀ ਅਵਤਾਰ ਸਿੰਘ ਨੂੰ ਰਾਤ ਦੀ ਚੁੱਪ ਵਿਚ ਉਠਦੀਆਂ ਸਮੁੰਦਰ ਦੀਆਂ ਲਹਿਰਾਂ ਵਰਗੀ ਆਵਾਜ਼ ਵਿਚ ਸੁਣਿਆ ਹੈ, ਉਹ ਜਾਣਦੇ ਹਨ ਕਿ ਮਾਂਵਾਂ ਏਦਾਂ ਦੇ ਪੁੱਤ ਵੀ ਜਣਦੀਆਂ ਰਹੀਆਂ ਹਨ।
ਮੈਂ ਉਸੇ ਪਿੰਡ ਦੀ ਮਿੱਟੀ ਵਿਚ ਖੇਡਿਆ, ਪੜ੍ਹਿਆ, ਜੁਆਨ ਹੋਇਆ ਤੇ ਪਲਿਆ ਹਾਂ, ਜਿਥੇ ਅਵਤਾਰ ਸਿੰਘ ਨੇ ਜਨਮ ਲਿਆ। ਅੱਜ ਕੱਲ੍ਹ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ ਪੈਂਦਾ ਹੈ, ਇਹ ਪਿੰਡ ਭੌਰਾ। ਜਦੋਂ ਨਿੱਕਾ ਜਿਹਾ ਸਾਂ ਤਾਂ ਸੱਥ ਵਿਚ ਬਜ਼ੁਰਗ ਕਿਹਾ ਕਰਦੇ ਸਨ, “ਅਵਤਾਰ ਸਿੰਘ ਨੇ ਚਮਕਾਇਆ ਪਿੰਡ ਦਾ ਨਾਂ।” ਬੀਬੀਆਂ ਨੇ ਕਹਿਣਾ, “ਪਿੰਡ ਦੀਆਂ ਕੰਧਾਂ ਵੀ ਰਾਗ ਗਾਉਂਦੀਆਂ ਨੇ ਗਿਆਨੀ ਅਵਤਾਰ ਸਿੰਘ ਦਾ।” ਕਿਤੇ ਰਿਸ਼ਤੇਦਾਰੀ ਵਿਚ, ਕੁੜਮ ਕਬੀਲੇ ਵਿਚ, ਵਿਆਹ-ਸ਼ਾਦੀ, ਜੰਮਣ-ਮਰਨ Ḕਤੇ ਜਾਣਾ ਤਾਂ ਲੋਕ ਸਹਿਜ-ਸੁਭਾਅ ਪੁੱਛਿਆ ਕਰਦੇ ਸਨ, “ਅੱਛਾ! ਤੂੰ ਗਿਆਨੀ ਅਵਤਾਰ ਸਿੰਘ ਦੇ ਪਿੰਡੋਂ ਆਂ?”
ਪਿੰਡ ਵਿਚ ਬਾਹਰੋਂ ਆਏ ਕਿਸੇ ਬੰਦੇ ਨੇ ਉਹਦਾ ਘਰ ਪੁੱਛਣਾ ਤਾਂ ਜੁਆਬ ਦੇਖੋ, “ਜਿਸ ਘਰ Ḕਤੇ ਤੱਕੜੀ ਆਲੀ ਖੱਟੀ ਝੰਡੀ ਦਿਖਦੀ ਹੋਊ, ਉਹ ਘਰ ਗਿਆਨੀ ਦਾ ਹੋਵੇਗਾ।” ਦਰਅਸਲ ਕਹਾਣੀ ਇਹ ਸੀ ਕਿ ਕਿਸੇ ਵਕਤ, ਦਿਲਬਾਗ ਸਿੰਘ ਨਵਾਂਸ਼ਹਿਰ ਦਾ ਪਿੰਡ ਹੋਣ ਕਰਕੇ ਹਰ ਘਰ ਨਹੀਂ ਪਿੰਡ ਦਾ ਸਾਰਾ ਜੀਅ-ਜੰਤ ਕਾਂਗਰਸੀ ਹੁੰਦਾ ਸੀ। ਹਾਲਾਂਕਿ ਦੋਵੇਂ ਗੂੜ੍ਹੇ ਮਿੱਤਰ ਸਨ ਤੇ ਕਿਤੇ ਸਰਦਾਰ ਨੇ ਕਹਿਣਾ, “ਰਲ ਜਾ ਸਾਡੇ ਵਿਚ” ਤਾਂ ਉਹਦਾ ਜਵਾਬ ਹੁੰਦਾ ਸੀ, “ਪਹਿਲਾਂ ਪੰਥ, ਫਿਰ ਦੋਸਤੀ।”
ਗੱਲ ਆਪਣੀ ਨਹੀਂ ਕਰ ਰਿਹਾ, ਇਕ ਵਾਰੀ ਦਾ ਇਤਫਾਕ ਦੱਸ ਰਿਹਾ ਹਾਂ। ḔਅਜੀਤḔ ਵਿਚ ਭਾਜੀ ਬਰਜਿੰਦਰ ਸਿੰਘ ਹਮਦਰਦ ਨੂੰ ਮਿਲਣ ਗਿਆ ਤਾਂ ਦਫਤਰ ਵਿਚ ਸਾਹਮਣੇ ਵਾਲੀ ਕੁਰਸੀ Ḕਤੇ ਦਿਲਬਾਗ ਸਿੰਘ ਹੋਰੀਂ ਬੈਠੇ ਸਨ, ਮੈਂ ਪੈਰੀਂ ਹੱਥ ਲਾਇਆ ਤਾਂ ਭਾਜੀ ਨੂੰ ਕਹਿਣ ਲੱਗੇ, “ਗਿਆਨੀ ਅਵਤਾਰ ਸਿੰਘ ਤੋਂ ਬਾਅਦ ਇਸ ਮੁੰਡੇ ਨੇ ਪਿੰਡ ਦੀਆਂ ਕਮਾਨਾਂ ਖਿੱਚੀਆਂ ਹਨ। ਇਹਦੇ ਸਿਰ Ḕਤੇ ਦੋਵੇਂ ਹੱਥ ਰੱਖੋ।” ਮੇਰੇ ਲਈ ਢਾਡੀ ਅਵਤਾਰ ਸਿੰਘ ਭੌਰਾ ਦੀ ਉਹੀ ਥਾਂ ਹੈ, ਜੋ Ḕਜੋੜਾ ਘਰḔ ਵਿਚੋਂ ਹੋ ਕੇ ਮੱਥਾ ਟੇਕਣ ਤੋਂ ਪਹਿਲਾਂ ਆਮ ਬੰਦੇ ਅੰਦਰ ਸ਼ਰਧਾ ਨਾਲ ਭਰੀ ਹੁੰਦੀ ਹੈ। ਬੜੇ ਢਾਡੀ ਹੁਣ ਵੀ ਕਹਿਣਗੇ, “ਮੈਂ ਗਿਆਨੀ ਅਵਤਾਰ ਸਿੰਘ ਦਾ ਸ਼ਾਗਿਰਦ ਹਾਂ, ਮੈਂ ਉਹਦੇ ਨਾਲ ਐਨਾ ਚਿਰ ਕੰਮ ਕੀਤਾ ਹੈ।” ਸ਼ੌਂਕੀ ਤੋਂ ਬਾਅਦ ਜਿਸ ਜਥੇ ਵਿਚ ਕੰਮ ਕਰਨ ਲਈ ਰਾਜਸੀ ਪਾਰਟੀਆਂ ਤੋਂ ਟਿਕਟ ਲੈਣ ਵਾਂਗ ਕੋਈ ਤਰਲੋ ਮੱਛੀ ਹੁੰਦਾ ਸੀ, ਉਹ ਢਾਡੀ ਅਵਤਾਰ ਸਿੰਘ ਭੌਰਾ ਦਾ ਹੀ ਜਥਾ ਸੀ। ਗਾਇਕ ਨਛੱਤਰ ਗਿੱਲ ਦੇ ਪਿਤਾ ਗਿਆਨੀ ਹਰਦੀਪ ਸਿੰਘ ਅਕਾਲਗੜ੍ਹ ਨੇ ਸਭ ਤੋਂ ਵੱਧ ਸਾਰੰਗੀ ਅਮਰ ਸਿੰਘ ਸ਼ੌਂਕੀ ਤੇ ਅਵਤਾਰ ਸਿੰਘ ਨਾਲ ਹੀ ਵਜਾਈ ਹੈ।
ਬੰਗਿਆਂ ਤੋਂ ਛੇ ਕਿਲੋਮੀਟਰ, ਗੜਸ਼ੰਕਰ ਤੋਂ ਨੌਂ, ਮਾਹਿਲਪੁਰ ਤੋਂ ਬਾਈ ਅਤੇ ਨਵਾਂਸ਼ਹਿਰ ਤੋਂ ਤੇਰ੍ਹਾਂ ਕਿਲੋਮੀਟਰ ਦੂਰ ਵਸੇ ਪਿੰਡ ਭੌਰਾ ਵਿਚ ਗਿਆਨੀ ਅਵਤਾਰ ਸਿੰਘ ਨੇ ਪਿਤਾ ਪੂਰਨ ਸਿੰਘ ਦੇ ਘਰ ਜਨਮ ਲਿਆ। ਪਰਿਵਾਰ ਪੂਰੇ ਦਾ ਪੂਰਾ ਨਾ ਸਿਰਫ ਗੁਰਸਿੱਖ ਸੀ ਸਗੋਂ ਪੰਥਕ ਵੀ ਸੀ। ਇਸੇ ਮਾਹੌਲ ਨੇ ਉਹਨੂੰ ਮੁਕੰਮਲ ਤੇ ਸੰਪੂਰਨ ਢਾਡੀ ਬਣਾਇਆ। ਪੇਂਡੂ ਹੋਣ ਕਰਕੇ ਹੀ ਨਿਰਪੱਖ ਹੋ ਕੇ ਕਹਾਂਗਾ ਕਿ ਕਿਸੇ ਵਕਤ ਪੰਜਾਬ, ਬਾਹਰਲੇ ਸੂਬਿਆਂ, ਵਿਦੇਸ਼ਾਂ ਤੇ ਪੰਥਕ ਹਲਕਿਆਂ ਵਿਚ ਸੋਹਣ ਸਿੰਘ ਸੀਤਲ ਤੋਂ ਬਾਅਦ ਜੇ ਸਿੱਖ ਇਤਿਹਾਸ ਦੇ ਪੰਨੇ ਜੋਸ਼ੀਲੇ ਰੰਗ ਵਿਚ ਸੁਣਨ ਦੀ ਗੱਲ ਹੁੰਦੀ ਸੀ ਤਾਂ ਉਹ ਗਿਆਨੀ ਅਵਤਾਰ ਸਿੰਘ ਭੌਰਾ ਨਾਲ ਸ਼ੁਰੂ ਹੁੰਦੀ। ਇੱਕ ਮਿੱਟੀ ਦੀ ਸਾਂਝ, ਇੱਕ ਗਰਾਂ ਦੀ ਸਾਂਝੀ ਹਵਾ ਨੇ ਉਤਸ਼ਾਹ ਦੀਆਂ ਜੋ ਤੋਪਾਂ ਮੇਰੇ ਅੰਦਰ ਚਲਾਈਆਂ ਹਨ, ਉਨ੍ਹਾਂ ਲਈ ਮੈਂ ਸ਼ਗਨਾਂ ਦਾ ਧਾਗਾ ਆਪਣੇ ਬਾਪ ਸਮਾਨ ਗਿਆਨੀ ਅਵਤਾਰ ਸਿੰਘ ਦੇ ਗੁੱਟ Ḕਤੇ ਹੀ ਬੰਨ੍ਹਦਾ ਹਾਂ।
ਓਦਾਸੀਨਤਾ ਵਾਲੀਆਂ ਦੋ ਗੱਲਾਂ ਜੋ ਮੈਂ ਢਾਡੀ ਇਤਿਹਾਸ ਦੀ ਗੱਲ ਕਰਦਿਆਂ ਅਵਤਾਰ ਸਿੰਘ ਦੇ ਖਾਤੇ ਵਿਚ ਪਾਉਂਦਾ ਹਾਂ, ਉਹ ਹਨ ਕਿ ਉਹਦੇ ਅੰਦਰ ਆਪਣੇ ਸ਼ਬਦਾਂ ਦੀ ਖੇਤੀ ਨਹੀਂ ਹੋ ਸਕੀ। ਮਤਲਬ ਕਿ ਵਾਰਾਂ ਉਹਨੂੰ ਦਿਲਬਰ ਦੀਆਂ ਜਾਂ ਸੀਤਲ ਦੀਆਂ ਜਾਂ ਫਿਰ ਸੋਹਣ ਸਿੰਘ ਘੂਕੇਵਾਲੀਏ ਦੀਆਂ ਅਤੇ ਕਿਤੇ ਕਿਤੇ ਪਾਲ ਸਿੰਘ ਪੰਛੀ ਦੀਆਂ ਗਾਉਣੀਆਂ ਪਈਆਂ, ਹਾਲਾਂਕਿ ਆਪਣੇ ਜੋਸ਼ੀਲੇ ਭਾਸ਼ਣ ਵਿਚ ਉਹ ਸਿੱਖ ਇਤਿਹਾਸ ਨੂੰ ਆਪਣੇ ਸ਼ਬਦਾਂ ਦੀ ਪਕੜ ਵਿਚ ਬੰਨ੍ਹ ਲੈਂਦਾ ਸੀ। ਦੂਜੀ ਗੱਲ, ਉਹਨੇ ਆਪਣੇ ਜਥੇ ਨਾਲ ਰਿਕਾਰਡ ਦੇ ਰੂਪ ਵਿਚ ਕੁਝ ਵੀ ਨਹੀਂ ਸੰਭਾਲਿਆ। ਜਦੋਂ ਅਸੀਂ ਉਹਨੂੰ ਇਧਰਲੇ ਪਾਸੇ ਮੋੜ ਰਹੇ ਸਾਂ ਤਾਂ ਹੋਣੀ ਇੱਕ ਸੜਕ ਦੁਰਘਟਨਾ ਵਿਚ ਪੂਰੀ ਤਾਂ ਨਹੀਂ, ਮੌਤ ਦੀ ਅੱਧੀ ਬੁਰਕੀ ਮੂੰਹ ਵਿਚ ਤੁੰਨ੍ਹ ਗਈ। ਵਰਨਾ ਅੱਜ ਦੇ ਤਕਨੀਕੀ ਤੇ ਵਿਗਿਆਨਕ ਯੁੱਗ ਵਿਚ ਬੜਾ ਕੁਝ ਪੰਜਾਬ ਦੇ ਨਵੇਂ ਢਾਡੀਆਂ ਨੂੰ ਇਹਦੇ ਵਿਚੋਂ ਲੱਭ ਜਾਇਆ ਕਰਨਾ ਸੀ।
ਆਮ ਟਕਸਾਲੀ ਭਾਸ਼ਾ ਵਿਚ ਆਪਾਂ ਇੱਥੋਂ ਗੱਲ ਸ਼ੁਰੂ ਕਰ ਲੈਂਦੇ ਹਾਂ ਕਿ ਸਕੂਲੀ ਜੀਵਨ ਵਿਚ ਉਹ ਕਲਾ ਦੇ Ḕਟੇਸ਼ਣ ਤੋਂ ਰਾਗḔ ਤੇ ਸੰਗੀਤ ਕਲਾ ਵਾਲੀ ਲਾਰੀ ਵਿਚ ਚੜ੍ਹ ਗਿਆ ਅਤੇ ਜ਼ਖਮੀ ਹੋਏ ਸਾਹਾਂ ਨੇ ਵੀ ਉਹਨੂੰ ਆਖਰੀ ਦਮ ਤੱਕ ਸੰਗੀਤ ਦੀਆਂ ਧੁਨਾਂ ਨਾਲ ਨਬਜ਼ਾਂ ਰਾਹੀਂ ਖਿੱਚਣ ਦੀ ਬੜੀ ਕੋਸ਼ਿਸ਼ ਕੀਤੀ। ਪਹਿਲਾਂ ਉਹਨੇ ਵੀ ਪ੍ਰਵੇਸ਼ ਦੁਆਰ ਸੁੱਜੋਂ ਵਾਲੇ ਹਰਬੰਸ ਸਿੰਘ ਤੇ ਜੀਂਦੋਵਾਲੀਏ ਅਜੀਤ ਸਿੰਘ ਨਾਲ ਕੀਰਤਨੀ ਜਥਾ ਬਣਾ ਕੇ ਖੋਲ੍ਹਿਆ ਸੀ ਪਰ ਪਿੱਛੋਂ ਛੇਤੀ ਹੀ ਤਖਤੇ ਫਿਰ ਢੱਡ-ਸਾਰੰਗੀ ਵਾਲੇ ਲੁਆ ਕੇ ਪੰਥ ਦੀ ਮਾਣ-ਮਰਿਆਦਾ ਵਾਲੀ ਕਲਾ ਦੀ ਪੁਸਤਕ ਪੱਤਰੀ ਅਰੰਭ ਕਰ ਲਈ।
ਘਰਦਿਆਂ ਅੰਕੜਿਆਂ ਮੁਤਾਬਕ ਪੱਕੀ ਤਾਰੀਖ ਤੇ ਸੰਨ ਤਾਂ ਚੇਤੇ ਨਹੀਂ ਪਰ ਫਿਰ ਵੀ 1930 ਦੇ ਕਰੀਬ ਉਹਦਾ ਜਨਮ ਹੋਇਆ ਹੋਵੇਗਾ। ਸੱਠਵਿਆਂ ਵਿਚ ਉਹਨੇ ਕੀਰਤਨੀ ਜਥਾ ਇੱਕ ਤਰ੍ਹਾਂ ਨਾਲ ਮੁਲਤਵੀ ਕਰਕੇ ਅਕਾਲਗੜ੍ਹ ਵਾਲੇ ਹਰਪਾਲ ਸਿੰਘ ਸੰਧੂ, ਹਰਦੀਪ ਸਿੰਘ ਸਾਰੰਗੀ ਮਾਸਟਰ ਤੇ ਸਰਬਣ ਸਿੰਘ ਰਟੈਂਡੇ ਵਾਲੇ ਨਾਲ ਮਿਲ ਕੇ ਢਾਡੀ ਜਥਾ ਬਣਾ ਲਿਆ। ਸ਼ੁਰੂ ਸ਼ੁਰੂ ਵਿਚ ਉਹਨੇ ਆਪ ਢੱਡ ਵਜਾਈ ਪਰ ਜਦ ਆਪਣੇ ਆਪ ਨੂੰ ਢਾਡੀ ਸੋਹਣ ਸਿੰਘ ਸੀਤਲ ਦੀ ਪੈੜ ਵਿਚ ਪੌਂਚਾ ਫਸਾ ਕੇ ਇਤਿਹਾਸ ਦੀ ਡੂੰਘੀ ਖੋਜ, ਸਿੱਖ ਪੰਥ ਦੇ ਮੁਕੰਮਲ ਵਰਕਿਆਂ ਦੇ ਅਧਿਐਨ ਉਪਰੰਤ ਇੱਕ ਬੁਲਾਰੇ ਜਾਂ ਸਿੱਖ ਵਕਤਾ ਵਜੋਂ ਸਥਾਪਤ ਕਰ ਲਿਆ ਤਾਂ ਢੱਡ ਵਜਾਉਣੀ ਛੱਡ ਕੇ ਆਪਣਾ ਢਾਡੀ ਜਥਾ ਬਣਾ ਕੇ, ਆਪਣੀ ਸੁਰੀਲੀ ਬੰਸਰੀ ਨੂੰ ਆਪਣੇ ਮਿੱਠੇ ਸਾਹਾਂ ਦੀ ਹਵਾ ਸੁਰ ਵਿਚ ਬਦਲ ਕੇ ਇਤਿਹਾਸ ਗਾਇਆ ਨਹੀਂ ਸਗੋਂ ਇੱਕ ਢਾਡੀ ਇਤਿਹਾਸ ਹੀ ਰਚ ਦਿੱਤਾ।
ਗਿਆਨੀ ਅਵਤਾਰ ਸਿੰਘ ਆਖਦਾ ਹੁੰਦਾ ਸੀ ਕਿ ਜਦੋਂ ਅਕਾਲੀ ਸੱਚੀਂ ਦੇ ਅਕਾਲੀ ਸਨ ਤਾਂ ਉਨ੍ਹਾਂ ਨੇ ਹਰ ਪੰਥਕ ਸਟੇਜ Ḕਤੇ ਢਾਡੀ ਜਥਿਆਂ ਨੂੰ ਗਾਉਣ ਦਿੱਤਾ ਅਤੇ ਜਦੋਂ ਜਥੇਦਾਰ ਕਲਚਰ ਭਾਰੂ ਹੋਇਆ ਤਾਂ ਢਾਡੀ ਸੱਚਮੁੱਚ ਵਿਸਾਰ ਦਿੱਤੇ ਗਏ ਤੇ ਇਹ ਥਾਂ ਚਮਚਿਆਂ ਦੇ ਸੋਹਲੇ ਗਾਉਣ ਨਾਲ ਭਰੀ ਜਾਣ ਲੱਗ ਪਈ। ਅੱਜ ਠੀਕ ਹੈ ਜੋ ਇਲੈਕਟ੍ਰਾਨਿਕ ਤੇ ਪਿੰ੍ਰਟ ਮੀਡੀਆ ਯੰਤਰਾਂ ਕਰਕੇ ਢਾਡੀ ਜਥਿਆਂ ਦੀ ਪੁੱਛ ਪ੍ਰਤੀਤ, ਸਨਮਾਨ ਤੇ ਅਦਬ ਦੀ ਝੋਲੀ ਭਰੀ ਹੈ, ਪਰ ਕਦੇ ਪੰਥ ਹੀ ਇਨ੍ਹਾਂ ਦਾ ਮੁਕੰਮਲ ਵਾਰਿਸ ਹੋਇਆ ਕਰਦਾ ਸੀ।
ਬੜੀ ਦੇਰ ਤੱਕ ਤਖਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਢਾਡੀ ਕਲਾ ਨੂੰ ਅਮਰ ਰੱਖਣ ਦੀ ਨੀਅਤ ਨਾਲ ਢਾਡੀ ਜਥਿਆਂ ਦਾ ਮੁਕਾਬਲਾ ਇਸ ਜੋਸ਼ੀਲੇ ਸੰਗੀਤ ਨੂੰ ਜਿਉਂਦਿਆਂ ਰੱਖਣ ਲਈ ਕਰਵਾਇਆ ਜਾਂਦਾ ਰਿਹਾ ਹੈ। ਇਸ ਮੁਕਾਬਲੇ ਵਿਚ ਸਨਮਾਨ ਦੀ ਗੱਲ ਇੱਕ ਸੌ ਪੰਝੀ ਰੁਪਿਆਂ ਤੋਂ ਤੁਰੀ ਸੀ ਤੇ ਗੋਲਡ ਮੈਡਲਾਂ ਤੱਕ ਅੱਪੜੀ ਪਰ ਫਿਰ ਬਾਅਦ ਵਿਚ ਪਤਾ ਨਹੀਂ ਕਿਉਂ ਆਪਣੇ ਹੀ ਦੀਵੇ ਵਿਚੋਂ ਤੇਲ ਪਾ ਕੇ ਬੱਤੀ ਬਾਹਰ ਖਿੱਚ ਲਈ। ਸਾਲ 1979 ਵਿਚ ਢਾਡੀ ਅਵਤਾਰ ਸਿੰਘ ਭੌਰਾ ਨੇ ਆਪਣੇ ਜਥੇ ਨਾਲ ਇਸ ਮੁਕਾਬਲੇ ਵਿਚ ਹਿੱਸਾ ਲਿਆ। ਨਾ ਸਿਰਫ ਗੋਲਡ ਮੈਡਲ ਦੀ ਗੱਲ ਬਣੀ ਸਗੋਂ ਸਮੁੱਚੇ ਪੰਥਕ ਹਲਕਿਆਂ ਵਿਚ ਉਹਦੇ ਜਥੇ ਨੂੰ ਏਨਾ ਸਨਮਾਨ ਮਿਲਿਆ ਕਿ ਇਕਵੰਜਾ ਰੁਪਿਆ ਦੇ ਬਾਲ Ḕਜੋ ਉਪਰੋਂ ਬਣ ਜਾਵੇḔ ਉਹਦੇ ਲਾਲਚ ਨੂੰ ਬੁਲਾਉਣ ਵਾਲੇ ਲੋਕਾਂ ਨੂੰ ਅਹਿਸਾਸ ਕਰਵਾਇਆ ਕਿ ਪੈਸੇ ਮੋਟੇ ਦੇ ਕੇ ਢਾਡੀਆਂ ਨੂੰ ਹੁਣ ਸੱਦਣਾ ਪਿਆ ਕਰੇਗਾ।
ਜਲੰਧਰ ਦਾ ਆਲ ਇੰਡੀਆ ਰੇਡੀਓ ਗਾਇਕਾਂ ਦਾ ਆਡੀਸ਼ਨ ਲੈ ਕੇ Ḕਏ-ਬੀḔ ਗਰੁਪਾਂ ਵਿਚ ਵੰਡ ਕੇ ਮੈਰਿਟ ਤਾਂ ਬਲਵੀਰ ਸਿੰਘ ਕਲਸੀ ਦੇ ਵੇਲੇ ਤੱਕ ਬਣਦੀ ਰਹੀ ਹੈ ਪਰ ਢਾਡੀਆਂ ਨੂੰ ਤਾਂ ਪਿੰਡੇ Ḕਤੇ ਹੱਥ ਨਹੀਂ ਰੱਖਣ ਦਿੰਦਾ ਸੀ। ਪਰ ਅਵਤਾਰ ਸਿੰਘ ਇਸ ਸਟੇਸ਼ਨ ਤੋਂ ਗਾ ਗਿਆ ਸੀ, ਨਵੇਂ ਨਵੇਂ ਸ਼ੁਰੂ ਹੋਏ ਜਲੰਧਰ ਦੂਰਦਰਸ਼ਨ ਨੇ ਉਹਦੇ ਲੱਖ ਯਤਨਾਂ ਦੇ ਬਾਵਜੂਦ ਪਿੰਡੇ Ḕਤੇ ਮੱਖੀ ਦੇ ਬੈਠਣ ਦੇ ਡਰੋਂ ਤੇਲ ਹੀ ਮਲੀ ਰੱਖਿਆ। ਜਿਨ੍ਹਾਂ ਨੇ ਉਹਨੂੰ ਸਟੇਜ Ḕਤੇ ਸੁਣਿਆ, ਉਹ ਜਾਣਦੇ ਹਨ ਕਿ ਸਿੱਖਾਂ ਨੇ ਮੋਰਚੇ ਲਾ ਕੇ ਸ੍ਰੀ ਦਰਬਾਰ ਸਾਹਿਬ ਤੋਂ ਕਿਸੇ ਵੇਲੇ ਨਾ-ਮੁਮਕਿਨ ਲੱਗਦੀ ਗੱਲ ਨੂੰ ਦਿੱਲੀ ਸਰਕਾਰ ਤੋਂ ਸਵੇਰੇ-ਸ਼ਾਮ ਦੇ ਸਿੱਧੇ ਪ੍ਰਸਾਰਣ ਲਈ ਤਾਂ ਮਨਾ ਲਿਆ ਪਰ ਜੇ ਕਿਤੇ ਸਿੱਖ ਲੀਡਰ ਉਦੋਂ ਸਿੱਖ ਰੇਡੀਓ ਦੀ ਪਾਵਰਫੁੱਲ ਫਰੀਕੂਐਂਸੀ ਲੈ ਲੈਂਦੇ ਤਾਂ ਅੱਜ ਸਿੱਖਾਂ ਦਾ ਮਾਣ ਹੋਰ ਵੀ ਉਚਾ ਹੋਣਾ ਸੀ, ਪਰ ਅਸੀਂ ਪੁੱਤ ਮਰਵਾ ਕੇ ਵੀ ਕੁਝ ਨਾ ਹਾਸਲ ਕਰ ਸਕੇ।
ਸਾਲ 1984 ਵਿਚ ਖਾਲਸਾ ਦੀਵਾਨ ਸੁਸਾਇਟੀ, ਕੈਨੇਡਾ ਦੇ ਸੱਦੇ Ḕਤੇ ਉਹਨੇ ਆਮ ਢਾਡੀਆਂ ਨਾਲੋਂ ਸਭ ਤੋਂ ਲੰਬਾ ਇੱਕ ਸਾਲ ਦਾ ਪੰਥਕ ਟੂਰ ਆਪਣੇ ਢਾਡੀ ਜਥੇ ਨੂੰ ਨਾਲ ਲੈ ਕੇ ਕੀਤਾ ਅਤੇ ਉਹਦੀ ਜ਼ਿੰਦਗੀ ਵਿਚ ਇਹ ਵਿਦੇਸ਼ੀ ਸੰਗੀਤਕ ਸਫਰ ਪਹਿਲਾ ਤੇ ਆਖਰੀ ਹੋ ਨਿਬੜਿਆ। ਰਾਜਨੀਤੀ ਵਿਚ ਢਾਡੀ ਅਵਤਾਰ ਸਿੰਘ ਭੌਰਾ ਦੀ ਬੜੀ ਡੂੰਘੀ ਦਿਲਚਸਪੀ ਰਹੀ ਹੈ। ਉਹ ਸ਼ੁਰੂ ਤੋਂ ਅਖੀਰ ਤੱਕ ਅਕਾਲੀ ਰਿਹਾ। ਹਾਲਾਤ ਭਾਵੇਂ ਲਗਾਤਾਰ ਕਾਂਗਰਸ ਦੇ ਹੱਕ ਵਿਚ ਸਨ ਪਰ ਉਹ ਦਿਲ ਖੋਲ੍ਹ ਕੇ ਕਹਿ ਦਿੰਦਾ ਸੀ, “ਬਾਕੀ ਟੱਬਰ ਦਾ ਮੈਂ ਦਾਅਵਾ ਨ੍ਹੀਂ ਕਰਦਾ ਪਰ ਜਦੋਂ ਤੱਕ ਸੁਆਸ ਹਨ, ਮੇਰੀ ਤੇ ਮੇਰੀ ਪਤਨੀ ਦੀ ਵੋਟ ਪੰਥ ਦੀ ਝੋਲੀ ਹੀ ਪੈਂਦੀ ਰਹੇਗੀ।”
ਪਿੰਡ ਦੇ ਲੋਕਾਂ ਨੇ ਜਦੋਂ ਉਹਨੂੰ ਢਾਡੀ ਦੀ ਹੈਸੀਅਤ ਵਿਚ ਨਹੀਂ, ਇੱਕ ਮਹਾਨ ਬੁਲਾਰੇ ਨਹੀਂ ਸਗੋਂ ਇੱਕ ਨੇਕ ਦਿਲ ਤੇ ਚੇਤੰਨ ਮਨੁੱਖ ਨੂੰ ਸਰਬ-ਸੰਮਤੀ ਨਾਲ ਸਰਪੰਚ ਚੁਣਿਆ ਤਾਂ ਸੱਚ ਮੰਨਿਓ ਕਾਂਗਰਸੀ ਸਰਕਾਰ ਤੋਂ ਇੱਕ ਅਕਾਲੀ ਸਰਪੰਚ ਨੇ ਆਪਣੇ ਪਿੰਡ ਵਿਚ ਏਨਾ ਕੰਮ ਕਰਵਾ ਲਿਆ, ਜਿੰਨਾ ਸ਼ਾਇਦ ਇੱਕ ਵਿਧਾਇਕ ਤੋਂ ਆਪਣੇ ਹਲਕੇ ਵਿਚ ਵੀ ਨਾ ਕਰਵਾ ਹੋਇਆ ਹੋਵੇ।
ਢਾਡੀ ਅਵਤਾਰ ਸਿੰਘ ਭੌਰਾ ਨੇ ਭਲੇ ਵੇਲਿਆਂ ਵਿਚ ਲੈਂਬਰੇਟਾ ਸਕੂਟਰ ਤਾਂ ਆਪਣੀ ਕਲਾ ਭਰਪੂਰ ਜ਼ਿੰਦਗੀ ਨੂੰ ਤੇਜ਼ੀ ਦੇਣ ਲਈ ਲਿਆ ਸੀ ਪਰ ਮਾੜੀ ਕਿਸਮਤ ਕਿ ਬਲਾਚੌਰ ਲਾਗੇ ਇੱਕ ਪ੍ਰੋਗਰਾਮ ਤੋਂ ਪਰਤਦਿਆਂ ਉਹ ਬੱਸ ਦੀ ਲਪੇਟ ਵਿਚ ਆ ਕੇ ਜ਼ਖਮੀ ਹੋਇਆ ਹੁੰਦਾ ਤਾਂ ਕੋਈ ਗੱਲ ਨਹੀਂ ਸੀ, ਉਹ ਅੱਧ ਮੋਇਆ ਹੋ ਗਿਆ। ਕਈ ਸਾਲ ਉਹਦੇ ਸਰੀਰ ਦੁਆਲੇ ਡਾਕਟਰਾਂ ਨੇ ਛੋਟੇ ਛੋਟੇ ਪਾਈਪਾਂ ਦਾ ਜਾਲ ਬੁਣੀ ਰੱਖਿਆ ਅਤੇ ਜਦੋਂ ਲਾਹੇ ਤਾਂ ਦਿਮਾਗੀ ਚੋਟ ਨੇ ਉਹਦਾ ਤਵਾਜ਼ਨ ਵਿਗਾੜ ਦਿੱਤਾ। ਫਿਰ ਬੜੀ ਦੇਰ ਉਹਨੇ ਨੀਮ ਪਾਗਲਾਂ ਵਾਲੀ ਸਥਿਤੀ ਵਿਚ ਆਪ ਘੱਟ, ਪਰਿਵਾਰ ਲਈ ਅਨੇਕਾਂ ਵੱਧ ਸਮੱਸਿਆਵਾਂ ਦਾ ਪਰਦਾ ਕਰੀ ਰੱਖਿਆ। ਪੰਦਰਾਂ ਜੂਨ 1990 ਨੂੰ ਜਦੋਂ ਉਹਦੀ ਮੌਤ ਦੇ ਕਾਗਜ਼ਾਂ Ḕਤੇ ਹੋਣੀ ਨੇ ਮੁਕੰਮਲ ਸਹੀ ਪਾਈ ਤਾਂ ਪੂਰੇ ਪਿੰਡ ਨੂੰ ਨਹੀਂ, ਕੰਧਾਂ ਤੇ ਗਲੀਆਂ ਨੇ ਵੀ ਅੱਖ ਭਰ ਕੇ ਕਿਹਾ, ਸੋਗ ਇਵੇਂ ਵੀ ਪੈ ਜਾਂਦਾ ਹੈ।
ਦੋ ਪੁੱਤਰਾਂ ਤੇ ਛੇ ਧੀਆਂ ਵਾਲਾ ਉਹਦਾ ਪਰਿਵਾਰ ਹੈ, ਬਹੁਤ ਵੱਡਾ। ਪੁੱਤ ਵਿਦੇਸ਼ੀ ਚਲੇ ਗਏ, ਰਹਿਣ ਜਲੰਧਰ ਵੱਡੇ ਮਕਾਨ Ḕਚ ਲੱਗ ਪਏ ਤੇ ਰੋਪੜੀ ਜਿੰਦਾ ਪਿੰਡ ਭੌਰੇ ਵਿਚਲੇ ਘਰ ਨੂੰ ਲਾ ਦਿੱਤਾ। ਉਹਦੀ ਪਤਨੀ ਮਣਸ ਕੌਰ ਦੀ ਮੌਤ ਮਨੀਲੇ ਜਾ ਕੇ ਪੁੱਤਰਾਂ ਕੋਲ ਹੋਈ।
ਸ੍ਰੀ ਅਕਾਲ ਤਖਤ ਦੇ ਸਾਬਕਾ ਜਥੇਦਾਰ ਗਿਆਨੀ ਸਾਧੂ ਸਿੰਘ ਭੌਰਾ ਤੇ ਇੰਗਲੈਂਡ ਦੀ ਉਲੰਪਿਕ ਟੀਮ ਵਿਚ ਖੇਡਣ ਵਾਲੇ ਮੇਰੇ ਪਿੰਡ ਦੇ ਕੁਲਬੀਰ ਸਿੰਘ ਭੌਰਾ ਉਤੇ ਪੂਰਾ ਪਿੰਡ ਮਾਣ ਕਰਦਾ ਅਤੇ ਮੜ੍ਹਕ ਮੇਰੇ ਗਰਾਂ ਨੂੰ ਢਾਡੀ ਅਵਤਾਰ ਸਿੰਘ ਭੌਰਾ ਨੇ ਦਿੱਤੀ ਹੈ।
ਗਿਆਨੀ ਅਵਤਾਰ ਸਿੰਘ ਦੇ ਮਨ ਦਾ ਬੋਝ: ਉਨ੍ਹਾਂ ਦੀ ਜ਼ਿੰਦਗੀ ਦੀ ਇੱਕ ਘਟਨਾ ਜੋ ਆਮ ਤੌਰ Ḕਤੇ ਉਹ ਦੱਸਿਆ ਕਰਦੇ ਸਨ ਕਿ ਜਦੋਂ 1947 ਵਿਚ ਦੇਸ਼ ਦੀ ਵੰਡ ਦਾ ਮੌਕਾ ਸੀ ਅਤੇ ਪਾਕਿਸਤਾਨ ਵਿਚ ਸਿੱਖਾਂ ਦੇ ਕਤਲ ਕਰਨ ਦੀਆਂ ਖਬਰਾਂ ਆ ਰਹੀਆਂ ਸਨ ਤਾਂ ਮੁਸਲਿਮ ਆਬਾਦੀ ਵੀ ਇਧਰੋਂ ਲਹਿੰਦੇ ਪੰਜਾਬ ਨੂੰ ਹਿਜਰਤ ਕਰ ਰਹੀ ਸੀ, ਉਸ ਵੇਲੇ ਗਿਆਨੀ ਅਵਤਾਰ ਸਿੰਘ ਭੌਰਾ ਚੜ੍ਹਦੀ ਜਵਾਨੀ ਦੇ ਸਿੱਖ ਜਥਿਆਂ ਦੇ ਜਥੇਦਾਰ ਸਨ। ਉਹ ਜਥਾ ਮੁਸਲਿਮ ਆਬਾਦੀ ਵਾਲੇ ਪਿੰਡ ਮਹਾਲੋਂ Ḕਤੇ ਹਮਲਾ ਕਰਨ ਲਈ ਚਲੇ ਗਿਆ। ਜਦੋਂ ਉਸ ਪਿੰਡ ਵਿਚ ਪੁੱਜੇ ਤਾਂ ਪਿੰਡ ਦੀ ਮਸਜਿਦ ਵਿਚ ਕੁਝ ਮੁਸਲਿਮ ਭਰਾ ਇਕੱਠੇ ਹੋਏ ਬੈਠੇ ਸਨ। ਮੌਲਵੀ ਨਮਾਜ਼ ਪੜ੍ਹਨ ਲੱਗਾ। ਗਿਆਨੀ ਅਵਤਾਰ ਸਿੰਘ ਭੌਰਾ ਨੇ ਆਪਣੀ ਮਿਆਨ ਵਿਚੋਂ ਤਲਵਾਰ ਕੱਢੀ ਤੇ ਉਸ ਉਪਰ ਵਾਰ ਕਰਨ ਲੱਗੇ। ਮੌਲਵੀ ਨੇ ਹੱਥ ਜੋੜ ਕੇ ਕਿਹਾ ਸਰਦਾਰ ਜੀ ਮੈਨੂੰ ਪਤਾ ਹੈ ਕਿ ਤੁਸੀਂ ਮੈਨੂੰ ਮਾਰ ਤਾਂ ਦੇਣਾ ਹੀ ਹੈ ਪਰ ਆਖਰੀ ਵਾਰ ਮੈਨੂੰ ਨਮਾਜ਼ ਪੜ੍ਹ ਲੈਣ ਦਿਓ। ਪਰ ਗਿਆਨੀ ਅਵਤਾਰ ਸਿੰਘ ਦੇ ਦਿਮਾਗ Ḕਤੇ ਧਰਮੀ ਜਨੂੰਨ ਸਵਾਰ ਸੀ। ਉਨ੍ਹਾਂ ਨੇ ਤਲਵਾਰ ਦੇ ਇੱਕੋ ਵਾਰ ਨਾਲ ਮੌਲਵੀ ਦਾ ਸਿਰ ਕਲਮ ਕਰ ਦਿੱਤਾ। ਉਸ ਘਟਨਾ ਬਾਰੇ ਗਿਆਨੀ ਅਵਤਾਰ ਸਿੰਘ ਹਮੇਸ਼ਾ ਕਿਹਾ ਕਰਦੇ ਸਨ ਕਿ ਮੇਰੇ ਮਨ Ḕਤੇ ਬੜਾ ਬੋਝ ਹੈ ਅਤੇ ਮੇਰੀ ਮੌਤ ਵੀ ਬਹੁਤ ਬੁਰੀ ਹੀ ਹੋਵੇਗੀ। ਉਨ੍ਹਾਂ ਦਾ ਬਚਨ ਸੱਚ ਸਾਬਤ ਹੋਇਆ। ਕੈਨੇਡਾ ਦਾ ਟੂਰ ਕਰਕੇ ਵਾਪਿਸ ਜਾ ਕੇ ਸੜਕੀ ਦੁਰਘਟਨਾ ਦੌਰਾਨ ਉਹ ਦਿਮਾਗੀ ਤੌਰ Ḕਤੇ ਯਾਦਦਾਸ਼ਤ ਗੁਆ ਬੈਠੇ ਅਤੇ ਲੰਮਾ ਸਮਾਂ ਮੰਜੇ Ḕਤੇ ਰਿੜਕ ਹੋ ਕੇ ਪ੍ਰਾਣ ਤਿਆਗੇ।
ਮੇਰੇ ਲਈ ਮਾਣ ਵਾਲੀ ਗੱਲ: 1979 ਦੇ ਹੋਲੇ ਮਹੱਲੇ Ḕਤੇ ਸ੍ਰੀ ਅਨੰਦਪੁਰ ਸਾਹਿਬ ਦੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਦੀਵਾਨ ਵਿਚ ਢਾਡੀ ਦਰਬਾਰ ਵਿਚ ਜਦੋਂ ਮੈਂ ਸਟੇਜ ਸਕੱਤਰ ਦੀ ਹੈਸੀਅਤ ਨਾਲ ਉਨ੍ਹਾਂ ਦੇ ਜਥੇ ਨੂੰ ਟਾਈਮ ਦੇ ਕੇ ਇਤਿਹਾਸ ਸੁਣਾਉਣ ਦੀ ਬੇਨਤੀ ਕੀਤੀ ਤਾਂ ਉਨ੍ਹਾਂ ਦੇ ਅੰਦਾਜ਼ ਤੋਂ ਪ੍ਰਸੰਨ ਹੋ ਕੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਉਨ੍ਹਾਂ ਦੇ ਸਾਰੇ ਜਥੇ ਦੇ ਮੈਂਬਰਾਂ ਨੂੰ ਗੋਲਡ ਮੈਡਲਾਂ ਅਤੇ ਬੜੀ ਵੱਡੀ ਨਕਦ ਰਕਮ ਦੇ ਕੇ ਸਨਮਾਨਿਤ ਕੀਤਾ, ਜੋ ਮੇਰੇ ਲਈ ਮਾਣ ਵਾਲੀ ਗੱਲ ਹੈ।