ਭਾਸ਼ਣੀ-ਸੁਰ ਤੋਂ ਮੁਕਤ ਹੋਣ ਲਈ ਤਾਂਘਦੀ ਪੰਜਾਬੀ ਕਹਾਣੀ

ਡਾæ ਬਲਦੇਵ ਸਿੰਘ ਧਾਲੀਵਾਲ
ਫੋਨ: 91-98728-35835
ਸਾਲ 2017 ਦੀ ਪੰਜਾਬੀ ਕਹਾਣੀ ‘ਤੇ ਝਾਤ ਪਾਉਂਦਿਆਂ ਇਕ ਹੈਰਾਨਕੁਨ ਵਿਰੋਧਾਭਾਸ ਨਜ਼ਰ ਆਉਂਦਾ ਹੈ। ਇਕ ਪਾਸੇ ਇਸ ਦਾ ਪਾਠਕ ਵਰਗ ਤੇਜ਼ੀ ਨਾਲ ਸੁੰਗੜ ਰਿਹਾ ਹੈ ਅਤੇ ਦੂਜੇ ਪਾਸੇ ਇਸ ਦੀ ਸਿਰਜਣਾ ਜਾਂ ਇਸ ਨਾਲ ਜੁੜੀਆਂ ਸਰਗਰਮੀਆਂ ਵਿਚ ਤਾਬੜ-ਤੋੜ ਫੈਲਾ ਹੋ ਰਿਹਾ ਹੈ। ਮੁੱਖ ਕਾਰਨ ਇਹ ਹੈ ਕਿ ਪੰਜਾਬੀ ਕਹਾਣੀਕਾਰ ਕਹਾਣੀ-ਕਲਾ ਤੋਂ ਵਿੱਥ ਥਾਪਦਿਆਂ ਭਾਸ਼ਣ-ਕਲਾ ਦੀ ਵਿਧਾ ਵੱਲ ਵਧ ਰਿਹਾ ਹੈ।

ਭਾਸ਼ਣਕਾਰੀ ਨੂੰ ਕਲਾ ਦਾ ਦਰਜਾ ਇਨ੍ਹਾਂ ਅਰਥਾਂ ਵਿਚ ਤਾਂ ਜ਼ਰੂਰ ਦਿੱਤਾ ਜਾਂਦਾ ਹੈ ਕਿ ਵਕਤਾ ਆਪਣੇ ਪ੍ਰਵਚਨ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਕਲਾਤਮਕ ਭਾਸ਼ਾ ਵਰਤਦਾ ਹੈ ਪਰ ਇਸ ਦੇ ਬਾਵਜੂਦ ਇਹ ਦੋ ਸੁਤੰਤਰ ਵਿਧਾਵਾਂ ਹਨ। ਆਪਸੀ ਨੇੜਤਾ ਕਰਕੇ ਸਾਹਿਤ ਦੇ ਹੋਰਨਾਂ ਰੂਪਾਂ ਵਾਂਗ ਕਹਾਣੀ ਵਿਚ ਵੀ ਭਾਸ਼ਣਕਾਰੀ ਦਾ ਤੱਤ ਆ ਜਾਣਾ ਸੁਭਾਵਕ ਹੈ। ਇਹ ਵਰਤੋਂ ਸਮੱਸਿਆਮੂਲਕ ਉਦੋਂ ਬਣਦੀ ਹੈ ਜਦੋਂ ਕਹਾਣੀਕਾਰ ਭਾਸ਼ਣਕਾਰੀ ਨੂੰ ਇਕ ਕਥਾ-ਜੁਗਤ ਵਾਂਗ ਵਰਤਣ ਦੀ ਥਾਂ ਇਸ ਨੂੰ ਕਥਾਕਾਰੀ ਦਾ ਬਦਲ ਬਣਾਉਣ ਦਾ ਹੱਠ ਕਰਨ ਲਗਦਾ ਹੈ। ਪੰਜਾਬੀ ਕਹਾਣੀ ਵਿਚ ਇਹ ਰੁਝਾਨ ਹੁਣ ਚਿੰਤਾ ਦੀ ਹੱਦ ਤੱਕ ਪਹੁੰਚ ਗਿਆ ਹੈ ਜਿਸ ਕਰਕੇ ਕਹਾਣੀ ਦੀ ਕਲਾਤਮਕ ਗੁਣਵੱਤਾ ਤੇਜ਼ੀ ਨਾਲ ਘਟ ਰਹੀ ਹੈ। ਇਸ ਵਰਤਾਰੇ ਤੋਂ ਬੇਖਬਰ ਕੁਝ ਇਕ ਸਥਾਪਤ ਕਹਾਣੀਕਾਰਾਂ ਅਤੇ ਬਹੁਤੇ ਸਿਖਾਂਦਰੂ ਲੇਖਕਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਰੀਣ-ਮਾਤਰ ਗਲਪੀ ਅੰਸ਼ਾਂ ਵਾਲੀ ਲਿਖਤ ਨੂੰ ਕਹਾਣੀ ਦੇ ਨਾਂ ਨਾਲ ਛਾਪਿਆ ਜਾ ਰਿਹਾ ਹੈ। ਰਿਸਾਲਿਆਂ, ਅਖਬਾਰਾਂ ਅਤੇ ਇੰਟਰਨੈਟ ਦੇ ਪਸਾਰੇ ਨਾਲ ਕਹਾਣੀ ਦੀ ਵਧ ਰਹੀ ਮੰਗ ਅਤੇ ਗੈਰ-ਮਿਆਰੀ ਪ੍ਰਕਾਸ਼ਕਾਂ ਦੀ ਬੇਧਿਆਨੀ ਜਾਂ ਅਲਪ-ਸੂਝ ਕਾਰਨ ਇਸ ਰੁਝਾਨ ਨੂੰ ਹੋਰ ਵੀ ਹਵਾ ਮਿਲ ਰਹੀ ਹੈ।
ਕਹਾਣੀ-ਰੂਪਾਕਾਰ, ਬਿਰਤਾਂਤ ਦੀ ਉਹ ਵੰਨਗੀ ਹੈ ਜਿਸ ਵਿਚ ਬਿਰਤਾਂਤਕਾਰ ਨੇ ਸਿਰਫ ਤੱਥਗੱਤ ਜਾਣਕਾਰੀ ਹੀ ਨਹੀਂ ਦੇਣੀ ਹੁੰਦੀ ਬਲਕਿ ਜੀਵੰਤ ਗਲਪ-ਬਿੰਬ ਰਾਹੀਂ ਕਿਸੇ ਭਾਵ-ਬੋਧ ਨੂੰ ਪਾਠਕ ਦੀ ਸੰਵੇਦਨਾ ਵਿਚ ਡੂੰਘਾ ਉਕਰਨਾ ਹੁੰਦਾ ਹੈ। ਇਸ ਤਰ੍ਹਾਂ ਹੀ ਪਾਠਕ ਅਹਿਸਾਸ ਦੇ ਪੱਧਰ ‘ਤੇ ਪਾਤਰਾਂ ਦੇ ਦੁੱਖ-ਸੁਖ ਨਾਲ ਜੁੜਦਾ ਹੈ। ਅਜਿਹੇ ਜੀਵੰਤ ਸਰੂਪ ਵਾਲੀ ਕਹਾਣੀ ਜਾਂ ਬਿਰਤਾਂਤ ਨੂੰ ਅਜੋਕੇ ਮਸਨੂਈ ਸੱਚ ਦੇ ਯੁਗ ਵਿਚ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਸਮਝਿਆ ਜਾਂਦਾ ਹੈ ਜੋ ਦੇਸ਼ਾਂ-ਕੌਮਾਂ ਦੀ ਹੋਣੀ ਬਦਲਣ ਦੀ ਤਾਕਤ ਰਖਦਾ ਹੈ। ਪਰ ਇਸ ਬੋਧ ਤੋਂ ਵਿਰਵੇ ਬਹੁਤੇ ਪੰਜਾਬੀ ਕਹਾਣੀਕਾਰ ਇਸ ਵਿਧਾ ਦੀ ਵਰਤੋਂ ਖੁੰਢੇ ਹਥਿਆਰ ਵਾਂਗ ਕਰ ਰਹੇ ਹਨ।
ਪ੍ਰਬੁੱਧ ਚਿੰਤਕ ਡਾæ ਅਤਰ ਸਿੰਘ ਨੇ ਅਜਿਹੇ ਬੋਧ ਦੀ ਰੋਸ਼ਨੀ ਵਿਚ 1963 ‘ਚ ਪ੍ਰਕਾਸ਼ਿਤ ਆਪਣੇ ਲੇਖ ‘ਨਿੱਕੀ ਕਹਾਣੀ ਤੇ ਮਨੁੱਖੀ ਅਨੁਭਵ’ (ਦ੍ਰਿਸ਼ਟੀਕੋਣ) ਰਾਹੀਂ ਇਸ ਗੱਲ ਵੱਲ ਸਾਡਾ ਧਿਆਨ ਦੁਆਇਆ ਸੀ। ਆਪਣੇ ਸਮਕਾਲੀ ਅਤੇ ਕਹਾਣੀ ਦੇ ਸ਼ਾਹ-ਸਵਾਰ ਕਰਤਾਰ ਸਿੰਘ ਦੁੱਗਲ ਦੀਆਂ ਕਹਾਣੀਆਂ ਨੂੰ ḔਮਨੋਰਥਵਾਦੀḔ ਅਤੇ Ḕਮਨੁੱਖੀ ਸੁਭਾਅ ਦੀ ਵਿਚਿੱਤਰਤਾḔ ਦਾ ਚਿਤਰਣ ਕਰਨ ਵਾਲੀਆਂ ਕਹਿ ਕੇ ਆਲੋਚਨਾ ਕਰਦਿਆਂ ਸਮੁੱਚੇ ਰੂਪ ਵਿਚ ਸਿੱਟਾ ਕੱਢਿਆ ਸੀ ਕਿ Ḕਉਹ ਨਿੱਕੀ ਕਹਾਣੀ ਨੂੰ ਵਰਤਦਾ ਹੈ, ਰਚਦਾ ਨਹੀਂ।Ḕ ਅੱਧੀ ਸਦੀ ਬਾਅਦ ਮੈਂ ਇਨ੍ਹਾਂ ਵਿਚਾਰਾਂ ਨੂੰ ਇਸ ਲਈ ਦੁਹਰਾਇਆ ਹੈ ਕਿਉਂਕਿ ਹੁਣ ਤੱਕ ਬਹੁਤੇ ਮੁਹਤਬਰ ਪੰਜਾਬੀ ਕਹਾਣੀਕਾਰ ਵੀ ਇਸ ਰੁਝਾਨ ਤੋਂ ਮੁਕਤ ਨਹੀਂ ਹੋ ਸਕੇ।
ਆਪਣੀ ਧਾਰਨਾ ਦੀ ਪੁਸ਼ਟੀ ਲਈ ਚੌਥੇ ਪੜਾਅ ਦੇ ਸਮਰੱਥ ਕਹਾਣੀਕਾਰ ਗੁਰਮੀਤ ਕੜਿਆਲਵੀ ਦੀ ਕਹਾਣੀ ‘ਜੰਗ’ (ਰਾਗ, ਮਈ-ਅਗਸਤ) ਬਾਰੇ ਵਿਹਾਰਕ ਰੂਪ ‘ਚ ਸੰਖੇਪ ਚਰਚਾ ਕਰਦੇ ਹਾਂ, ਜਿਸ ਨੇ ‘ਆਤੂ ਖੋਜੀ’ ਵਰਗੀਆਂ ਸ਼ਾਹਕਾਰ ਕਹਾਣੀਆਂ ਲਿਖ ਕੇ ਆਦਰਯੋਗ ਥਾਂ ਬਣਾਇਆ ਹੈ। ਇਸ ਲੰਮੀ ਕਹਾਣੀ ਵਿਚ ਉਹ ਉਤਮ-ਪੁਰਖੀ ਬਿਰਤਾਂਤਕਾਰ ਜਗਮੀਤ, ਜੋ ਸ਼ਹੀਦ ਹੋ ਚੁਕਾ ਹੇਠਲੇ ਰੈਂਕ ਦਾ ਫੌਜੀ ਹੈ, ਰਾਹੀਂ ਭਾਰਤੀ ਸਮਾਜ ਦੀ ਅਤਿ ਨਿਘਰੀ ਰਾਜਸੀ ਅਤੇ ਸਮਾਜਿਕ ਵਿਵਸਥਾ ਦਾ ਬਿਰਤਾਂਤ ਪੇਸ਼ ਕਰਦਾ ਹੈ। ਕਹਿਣ ਨੂੰ ਤਾਂ ਉਸ ਦੀ ਯਾਦ ਵਿਚ ‘ਸ਼ਹੀਦ ਜਗਜੀਤ ਸਿੰਘ ਕਲੱਬ’ ਬਣਿਆ ਹੋਇਆ ਹੈ ਜਿਸ ਵੱਲੋਂ ਸਾਲਾਨਾ ਟੂਰਨਾਮੈਂਟ ਕਰਵਾਇਆ ਜਾਂਦਾ ਹੈ, ਨੇਤਾ ਲੋਕ ਸ਼ਹੀਦ ਨੂੰ ਸ਼ਰਧਾਂਜਲੀ ਦਿੰਦੇ ਹਨ ਅਤੇ ਕਲਾਕਾਰ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਦੇ ਹਨ, ਪਰ ਅਸਲ ਵਿਚ ਇਹ ਸਾਰਾ ਕੁਝ ਸ਼ਹੀਦ ਨੂੰ ਯਾਦ ਕਰਨ ਲਈ ਘੱਟ ਅਤੇ ਆਪੋ ਆਪਣੇ ਸਵਾਰਥੀ ਹਿੱਤਾਂ ਲਈ ਵੱਧ ਕੀਤਾ ਜਾਂਦਾ ਹੈ। ਇਸੇ ਕਰਕੇ ਜਗਮੀਤ ਦੀ ਪਤਨੀ ਦਿਲਜੀਤ ਅਤੇ ਨੰਨ੍ਹੀ ਬੱਚੀ ਨੂੰ ਸਿਰਫ ਅਣਗੌਲਿਆਂ ਹੀ ਨਹੀਂ ਕੀਤਾ ਜਾਂਦਾ, ਸਗੋਂ ਦਰ-ਦਰ ਠੋਕਰਾਂ ਖਾਣ ਲਈ ਮਜ਼ਬੂਰ ਕੀਤਾ ਜਾਂਦਾ ਹੈ। ਇਸ ਨਾਲ ਜਗਮੀਤ ਦੀ ਰੂਹ ਤੜਫਦੀ ਹੈ ਅਤੇ ਉਸ ਨੂੰ ਆਪਣੀ ਅਤੇ ਆਪਣੇ ਹੌਲਦਾਰ ਨੈਬ ਸਿੰਘ ਵਰਗੇ ਸਾਥੀਆਂ ਦੀ ਕੁਰਬਾਨੀ ਅਜਾਈਂ ਚਲੀ ਗਈ ਜਾਪਦੀ ਹੈ। ਅੰਤ ਨੂੰ ਉਹ Ḕਬਾਹਰਲੇ ਦੁਸ਼ਮਣਾਂ ਖਿਲਾਫ ਸਰਹੱਦਾਂ ‘ਤੇḔ ਜੰਗ ਲੜਨ ਵਾਂਗ Ḕਅੰਦਰਲੇ ਘੁਸਪੈਠੀਆਂ ਖਿਲਾਫḔ ਜੰਗ ਲੜਨ ਦਾ ਨਾਅਰਾ ਦਿੰਦਾ ਹੈ।
ਸ਼ਹੀਦ ਫੌਜੀ ਨੂੰ ਵਕਤਾ ਬਣਾ ਕੇ ਫੈਂਟਸੀ ਜੁਗਤ ਨਾਲ ਲਿਖੀ ਗਈ ਇਸ ਕਹਾਣੀ ਦਾ ਸਮੁੱਚਾ ਲਹਿਜਾ ਵਰਣਨੀ, ਸੰਬੋਧਨੀ ਅਤੇ ਭਾਸ਼ਣਕਾਰੀ ਵਾਲਾ ਹੈ। ਚਰਿਤਰ-ਚਿਤਰਣ ਦੇ ਨਾਂ ਉਤੇ ਪਾਤਰਾਂ ਦਾ ਚੌਖਟਾ ਤਾਂ ਨਜ਼ਰ ਆਉਂਦਾ ਹੈ ਪਰ ਉਨ੍ਹਾਂ ਵਿਚ ਲਹੂ-ਮਾਸ ਵਰਗਾ ਜੀਵੰਤ ਕੁਝ ਵੀ ਮਹਿਸੂਸ ਨਹੀਂ ਹੁੰਦਾ। ਪਾਤਰਾਂ ਦੀਆਂ ਦੁਸ਼ਵਾਰੀਆਂ ਦਾ ਸੰਚਾਰ ਤਾਂ ਪਾਠਕ ਤੱਕ ਨਿਸਚੇ ਹੀ ਹੋ ਜਾਂਦਾ ਹੈ ਪਰ ਉਹ ਪਾਠਕ ਦੀ ਸੰਵੇਦਨਾ ਦਾ ਅੰਗ ਬਣ ਕੇ ਉਸ ਨੂੰ ਤੜਪਾਉਂਦਾ ਨਹੀਂ। ਸੂਚਨਾ ਵੀ ਵਧੇਰੇ ਕਰਕੇ ਅਖਬਾਰੀ ਕਿਸਮ ਦੀ ਹੈ ਜੋ ਪਹਿਲਾਂ ਹੀ ‘ਸਟਾਕ ਮਟੀਰੀਅਲ’ ਦੀ ਤਰ੍ਹਾਂ ਪੰਜਾਬੀ ਸਮਾਜ ਦੇ ਗਿਆਨ-ਭੰਡਾਰ ਦਾ ਅੰਗ ਬਣ ਚੁਕੀ ਹੈ। ਉਸ ਬੇਹੀ ਸਮੱਗਰੀ ਨੂੰ ਕੁਝ ਤਿੱਖੇ ਗਲਪੀ-ਵਾਕੰਸ਼ਾਂ ਅਤੇ ਰੂਪਕਾਂ ਦਾ ਤੜਕਾ ਲਾ ਕੇ ਪਰੋਸਣਯੋਗ ਬਣਾਇਆ ਗਿਆ ਹੈ, ਜਿਵੇਂ, “æææਸਰਹੱਦ ਦੇ ਉਪਰ ਉਰਾਰ-ਪਾਰ ਦੀਆਂ ਕੁਰਸੀਆਂ ਦਾ ਫਰੈਂਡਲੀ ਮੈਚ ਸ਼ੁਰੂ ਹੋ ਗਿਆ ਸੀ। ਤੋਪਾਂ ਅੱਗ ਉਗਲਣ ਲੱਗੀਆਂ ਸਨ। ਰੂਸ ਅਮਰੀਕਾ ਦੀਆਂ ਫੈਕਟਰੀਆਂ ਵਿਚ ਬਣਿਆ ਗੋਲਾ-ਬਾਰੂਦ ਭੰਗੜਾ ਪਾਉਣ ਲੱਗਾ ਸੀ। ਇਧਰਲੀ-ਉਧਰਲੀ ਇਕ ਤੋਪ ਚਲਦੀ ਸੀ ਤਾਂ ਹਿੰਦੁਸਤਾਨੀ-ਪਾਕਿਸਤਾਨੀ ਸੈਂਕੜੇ ਬਾਲਾਂ ਦੇ ਮੂੰਹੋਂ ਰੋਟੀ ਦੀ ਬੁਰਕੀ ਖੋਹੀ ਜਾਂਦੀ ਸੀ। ਉਧਰ ਰੂਸ-ਅਮਰੀਕਾ ਵਿਚ ਇਕ ਹੋਰ ਸ਼ਾਨਦਾਰ ਬਿਲਡਿੰਗ ਖੜ੍ਹੀ ਹੋ ਜਾਂਦੀ ਹੋਊ।”
ਇਸ ਕਹਾਣੀ ਵਾਂਗ ਹੀ ਪੰਜਾਬੀ ਦੀਆਂ ਵਧੇਰੇ ਕਹਾਣੀਆਂ, ਖਾਸ ਕਰ ਰਾਜਸੀ, ਸਮਾਜਿਕ ਮੁੱਦਿਆਂ ਉਤੇ ਕੇਂਦਰਿਤ ਜਾਂ ਕਿਸੇ ਵਾਦ (ਦਲਿਤ, ਨਾਰੀ ਆਦਿ) ਦੀਆਂ ਪ੍ਰਤੀਨਿਧ, ਅਜਿਹੀ ਬਿਰਤਾਂਤਕ ਕਮਜ਼ੋਰੀ ਦਾ ਸ਼ਿਕਾਰ ਹੋ ਜਾਂਦੀਆਂ ਹਨ। ਅਜਿਹੀ ਕਮਜ਼ੋਰੀ ਦਾ ਮੂਲ ਕਾਰਨ ਬਿਰਤਾਂਤਕਾਰ ਦੀ ਭਾਸ਼ਣੀ-ਸੁਰ ਬਣਦੀ ਹੈ, ਕਿਉਂਕਿ ਅਜਿਹਾ ਉਤਮ-ਪੁਰਖੀ ਵਕਤਾ ਆਪਣੇ ਚਰਿਤਰ-ਵਿਸ਼ੇਸ਼ ਦੀਆਂ ਸੀਮਾਵਾਂ ਵਿਚ ਰਹਿ ਕੇ ਕਾਰਜ ਕਰਦਾ ਨਜ਼ਰ ਨਹੀਂ ਆਉਂਦਾ ਸਗੋਂ ਇਸ ਦੇ ਉਲਟ ਕਹਾਣੀਕਾਰ ਦੇ ਵਿਚਾਰਾਂ ਦਾ ਪ੍ਰਤੀਨਿਧ ਬਣ ਕੇ ਪੈਗੰਬਰੀ ਜਾਂ ਸੂਤਰਧਾਰੀ ਰੂਪ ਵਿਚ ਉਚੀ-ਸੁਰ ਨਾਲ ਸਿੱਧਾ ਪਾਠਕ ਨੂੰ ਸੰਬੋਧਨ ਕਰਦਾ ਹੈ। ਇਸ ਨੂੰ ਬਹੁਤ ਵਾਰੀ ਕੁਝ ਚਿੰਤਕ ਆਦਰਸ਼ ਬਣਾ ਕੇ ਵੀ ਪੇਸ਼ ਕਰਦੇ ਹਨ ਜਿਵੇਂ ਪ੍ਰਸਿੱਧ ਕਹਾਣੀਕਾਰ ਕੇæ ਐਲ਼ ਗਰਗ ਪਰਵਾਸੀ ਕਹਾਣੀਕਾਰ ਇੰਦਰਜੀਤ ਕੌਰ ਸਿੱਧੂ ਦੇ ਕਹਾਣੀ-ਸੰਗ੍ਰਿਹ ‘ਸਰਦਲਾਂ ਦੇ ਆਰ-ਪਾਰ’ ਦਾ ਰੀਵਿਊ ਕਰਦਿਆਂ ਲਿਖਦਾ ਹੈ, “ਇਹ ਕਹਾਣੀਆਂ ਲਾਊਡ-ਸੁਰ ਵਿਚ ਲਿਖੀਆਂ ਹੋਈਆਂ ਹਨ। ਮਰਦ ਪ੍ਰਧਾਨ ਸਮਾਜ ਦੇ ਬੋਲੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਲੇਖਿਕਾ ਨੂੰ ਲਾਊਡ ਤਾਂ ਹੋਣਾ ਹੀ ਪਵੇਗਾ।” (ਪੰਜਾਬੀ ਟ੍ਰਿਬਿਊਨ, 22 ਅਕਤੂਬਰ 2017)
ਇਸ ਦੇ ਉਲਟ ਕਲਾਤਮਕ ਕਹਾਣੀ ਮੰਗ ਕਰਦੀ ਹੈ ਕਿ ਪਾਤਰ ਆਪਣੀ ਸਥਿਤੀ-ਵਿਸ਼ੇਸ਼ ਅਨੁਸਾਰ ਵਿਚਾਰ, ਭਾਵ, ਕਲਪਨਾ, ਭਾਸ਼ਾ ਦਾ ਧਾਰਨੀ ਹੋਵੇ ਅਤੇ ਇਸ ਅਨੁਕੂਲ ਹੀ ਆਲੇ-ਦੁਆਲੇ ਪ੍ਰਤੀ ਪ੍ਰਤੀਕ੍ਰਿਆ ਦਰਜ ਕਰੇ। ਅਜਿਹਾ ਕਰਕੇ ਹੀ ਪਾਤਰ ਦਾ ਚਰਿਤਰ-ਚਿਤਰਣ ਪਾਠਕ ਲਈ ਮੰਨਣਯੋਗ ਬਣਾਇਆ ਜਾ ਸਕਦਾ ਹੈ। ਮੰਨਣਯੋਗਤਾ ਨੂੰ ਗਲਪ ਦਾ ਸਭ ਤੋਂ ਮੀਰੀ ਗੁਣ-ਲੱਛਣ ਮੰਨਿਆ ਜਾਂਦਾ ਹੈ।
ਭਾਰਤੀ, ਪਾਕਿਸਤਾਨੀ ਅਤੇ ਪਰਵਾਸੀ ਪੰਜਾਬੀ ਕਹਾਣੀ ਦੇ ਮਹਾਂਦ੍ਰਿਸ਼ ਉਤੇ ਝਾਤ ਮਾਰੀਏ ਤਾਂ ਜਿਹੜੇ ਕੁਝ ਜ਼ਿਕਰਯੋਗ ਕਹਾਣੀ-ਸੰਗ੍ਰਿਹ ਪ੍ਰਕਾਸ਼ਿਤ ਹੋਏ ਹਨ, ਉਹ ਹਨ: ਸੰਸਕ੍ਰਿਤੀ (ਬਲਦੇਵ ਸਿੰਘ ਢੀਂਡਸਾ), ਪ੍ਰਿਜ਼ਮ (ਹਰਪ੍ਰੀਤ ਸੇਖਾ), ਸਾਈਨ ਵੈਲਯੂ ਦਾ ਜਲੌਅ (ਬਲਬੀਰ ਪਰਵਾਨਾ), ਕੁੰਭੀ ਨਰਕ (ਭਗਵੰਤ ਰਸੂਲਪੁਰੀ), ਸੰਸਾਰ (ਲਾਲ ਸਿੰਘ) ਅਤੇ ਕਹਾਣਤ ਕਹਾਣੀ (ਅਲੀ ਅਨਵਰ ਅਹਿਮਦ)।
ਗਿਣਨਾਤਮਕ ਯੋਗਦਾਨ ਪੱਖੋਂ ਵੇਖੀਏ ਤਾਂ ਪੰਜਾਬੀ ਵਿਚ ਹਰ ਹਫਤੇ ਔਸਤਨ ਇਕ ਕਹਾਣੀ-ਸੰਗ੍ਰਿਹ ਪ੍ਰਕਾਸ਼ਿਤ ਹੁੰਦਾ ਹੈ। ਇਸ ਵੱਡੇ ਭੰਡਾਰ ਵਿਚੋਂ ਕੁਝ ਹੋਰ ਜ਼ਿਕਰਯੋਗ ਕਹਾਣੀ-ਸੰਗ੍ਰਿਹ ਹਨ: ਠਰੀ ਅੱਗ ਦਾ ਸੇਕ (ਜਸਪਾਲ ਮਾਨਖੇੜਾ), ਉਮਰ ਕੈਦ (ਸਿਮਰਜੀਤ ਕੌਰ ਬਰਾੜ ਸਿੰਮੀ), ਬਲੌਰੀ (ਦਲਜੀਤ ਕੌਰ ਦਾਊਂ), ਬੇਨਾਮ ਖਤ (ਬੀਰਪਾਲ ਸਿੰਘ ਅਲਬੇਲਾ), ਯਾਦਾਂ ਵਿਚਲੇ ਨਖਲਿਸਤਾਨ (ਗੁਰਮੀਤ ਕੌਰ ਸੰਧਾ), ਲੋਹੇ ਦੀ ਮਿੱਟੀ ਦੇ ਲੋਕ (ਸੁਰਜੀਤ ਕੌਰ ਬਸਰਾ), ਤਿੰਨ ਤੀਏ ਸੱਤ (ਗੋਵਰਧਨ ਗੱਬੀ), ਇਕ ਵਾਛੜ ਪਿਆਰ ਦੀ (ਸੁਰਿੰਦਰ ਕੌਰ ਛਾਬੜਾ), ਬੰਦ ਦਰਵਾਜ਼ਾ (ਚਰਨਜੀਤ ਸਿੰਘ ਪੰਨੂੰ), ਕੋਈ ਤਾਂ ਹੈ (ਰਘਬੀਰ ਸਿੰਘ ਮਾਨ), ਇਕ ਸੌ ਉਨੰਜਾ ਮਾਡਲ ਟਾਊਨ (ਰਮੇਸ਼ ਸੇਠੀ ਬਾਦਲ), ਲਾਲ ਘੋੜੀ; ਰੈਡ ਕਰਾਸ; ਚਿੱਟਾ ਪਿੰਡ (ਗੁਰਮੇਲ ਬੌਡੇ), ਜਿਲਦ ਵਿਹੂਣੇ ਪੰਨੇ (ਮਨਦੀਪ ਸਿੰਘ ਡਡਿਆਣਾ), ਕਾਲੇ ਹਿਰਨ ਦੀ ਵਾਪਸੀ (ਰਣਜੀਤ ਸਿੰਘ), ਅੰਦਾਜ਼ ਆਪੋ ਆਪਣਾ (ਕੇæ ਜਗਜੀਤ ਸਿੰਘ), ਧਰਤੀ ਦੇ ਰੱਬ; ਝੁਕਿਆ ਹੋਇਆ ਸਿਰ (ਗੁਰਮੀਤ ਸਿੰਘ ਸਿੰਗਲ), ਪਰਦੇਸਣ (ਜਗਤਾਰ ਸਿੰਘ), ਪਗਡੰਡੀਆਂ (ਹੀਰਾ ਸਿੰਘ ਤੂਤ), ਤ੍ਰਿਹਾਈ ਤਾਂਘ (ਹਰਸਿਮਰਨ ਕੌਰ), ਸਾਇਰਨ (ਯਾਦਵਿੰਦਰ ਸਿੱਧੂ), ਜ਼ਿੰਦਗੀ ਇਕ ਸੁਪਨਾ (ਰਾਜਦੇਵ ਕੌਰ ਸਿੱਧੂ), ਅਭੁੱਲ ਯਾਦ; ਸੁਣੀਆਂ ਤੇ ਸੰਭਾਲੀਆਂ (ਕੁਲਦੀਪ ਬਾਸੀ), ਤੇਰੇ ਜਾਣ ਤੋਂ ਬਾਅਦ (ਰਘਬੀਰ ਸਿੰਘ ਮਹਿਮੀ), ਰੂਹ ਦਾ ਰੱਜ (ਪਰਮਜੀਤ ਕੌਰ ਸਰਹਿੰਦ), ਇੱਜ਼ਤ ਬਚਾਣੀ ਮਹਿੰਗੀ ਪਈ (ਸਵਿੰਦਰ ਸਿੰਘ ਉਪਲ), ਕਾਲੀਆਂ ਰਾਤਾਂ ਦਾ ਚਾਨਣ (ਕਰਨੈਲ ਸਿੰਘ ਵਜ਼ੀਰਾਬਾਦ), ਪ੍ਰੇਰਣਾ (ਹਰਚੰਦ ਸਿੰਘ ਵੜਿੰਗ), ਅਫਸਾਨਾ-ਏ-ਜ਼ਿੰਦਗੀ (ਭੁਪਿੰਦਰ ਕੌਰ ਵਾਲੀਆ), ਘੁੱਗੀ ਦੀ ਵਾਪਸੀ (ਬਿਕਰਮਜੀਤ ਨੂਰ), ਸਰਦਲਾਂ ਦੇ ਆਰ-ਪਾਰ (ਇੰਦਰਜੀਤ ਸਿੱਧੂ), ਨਿੱਕੀ ਕਹਾਣੀ (ਮਲਿਕ ਅਲੀ ਸ਼ਾਹ ਸਵਾਰ), ਪੁਰੇ ਦੀ ਹਵਾ (ਨੈਣ ਸੁਖ), ਗੌਰ ਦੇ ਉਲ੍ਹਾਮੇ, ਲੋਹਾਵਰ ਤੇ ਹੋਰ ਕਹਾਣੀਆਂ (ਏਜਾਜ਼), ਲਹਿੰਦੇ ਪੰਜਾਬ ਦੀਆਂ ਚੋਣਵੀਆਂ ਕਹਾਣੀਆਂ (ਸੰਪਾਦਨ ਤੇ ਲਿਪੀਅੰਤਰ: ਹਰਬੰਸ ਸਿੰਘ ਧੀਮਾਨ) ਆਦਿ।
ਇਨ੍ਹਾਂ ਤੋਂ ਇਲਾਵਾ ਕੁਝ ਹੋਰ ਕਹਾਣੀ-ਸੰਗ੍ਰਿਹ ਵੀ ਹਨ ਜਿਨ੍ਹਾਂ ਦੇ ਛਪਣ ਸਾਲ ਦੀ ਪੁਸ਼ਟੀ ਨਹੀਂ ਹੋ ਸਕੀ, ਜਿਵੇਂ ਗਰਮ ਹਵਾਵਾਂ (ਸੋਹਣ ਸਿੰਘ ਸੂੰਨੀ), ਕੁਰਲਾਹਟ (ਮੀਤ ਖਟੜਾ), ਮੇਮ ਬਹੂ; ਡਾਕੂ ਦੀ ਧੀ (ਕ੍ਰਿਸ਼ਨ ਸਿੰਘ) ਆਦਿ। ਮਿੰਨੀ ਕਹਾਣੀ ਦੇ ਬਹੁਤ ਸਾਰੇ ਸੰਗ੍ਰਿਹ ਇਸ ਸੂਚੀ ਵਿਚ ਸ਼ਾਮਿਲ ਨਹੀਂ ਕੀਤੇ ਗਏ।
ਇਨ੍ਹਾਂ ਕਹਾਣੀ-ਸੰਗ੍ਰਿਹਾਂ ਤੋਂ ਇਲਾਵਾ ਪੰਜਾਬੀ ਦੇ ਰਿਸਾਲਿਆਂ, ਅਖਬਾਰਾਂ ਅਤੇ ਇੰਟਰਨੈਟ ਦੇ ਵਿਭਿੰਨ ਸਰੋਤਾਂ ਰਾਹੀਂ ਪੰਜਾਬੀ ਦੀਆਂ ਜ਼ਿਕਰਯੋਗ ਡੇਢ ਕੁ ਸੌ ਕਹਾਣੀਆਂ (ਇਨ੍ਹਾਂ ਵਿਚ ਮਿੰਨੀ ਕਹਾਣੀਆਂ ਸ਼ਾਮਿਲ ਨਹੀਂ) ਪ੍ਰਕਾਸ਼ਿਤ ਹੋਈਆਂ ਹਨ। ਚੰਗੀ ਕਹਾਣੀ ਦੇ ਪਾਠਕਾਂ ਦੀ ਸੇਧ ਲਈ ਇਨ੍ਹਾਂ ਵਿਚੋਂ ਦਸ ਕੁ ਸਰਵੋਤਮ ਕਹਾਣੀਆਂ ਸਬੰਧੀ ਸੰਖੇਪ ਵਿਚ ਚਰਚਾ ਕਰਨੀ ਲਾਹੇਵੰਦ ਹੋਵੇਗੀ।
ਚੌਥੇ ਪੜਾਅ ਦੀ ਪੰਜਾਬੀ ਕਹਾਣੀ ਦੇ ਸਿਰਮੌਰ ਕਹੇ ਜਾ ਸਕਦੇ ਸ਼ੈਲੀਕਾਰ ਲੇਖਕ ਸੁਖਜੀਤ ਦੀ ਕਹਾਣੀ ‘ਸਿੰਗਲ ਮਾਲਟ ਏਨੀ ਸੁਰਖ ਨਹੀਂ ਹੁੰਦੀ’ (ਹੁਣ, ਜਨਵਰੀ-ਅਗਸਤ) ਜੰਮੂ-ਕਸ਼ਮੀਰ ਦੇ ਸੰਦਰਭ ਵਿਚ ਅਤਿਵਾਦੀ ਸਰਗਰਮੀਆਂ ਦੇ ਪਿਛੋਕੜ ਵਿਚ ਕੰਮ ਕਰਦੀ ਰਾਜਸੀ ਵਿਆਕਰਣ ਦਾ ਬਿਰਤਾਂਤ ਪੇਸ਼ ਕਰਦੀ ਹੈ। ਇਸ ਦਾ ਉਤਮ-ਪੁਰਖੀ ਬਿਰਤਾਂਤਕਾਰ ਕਾਹਲੋਂ, ਜੋ ਕਸ਼ਮੀਰ ਦੀ ਕਿਸੇ ਯੂਨੀਵਰਸਿਟੀ ਵਿਚ ਉਰਦੂ ਪੜ੍ਹਾਉਣ ਵਾਲਾ ਸਰਦਾਰ ਪ੍ਰੋਫੈਸਰ ਹੈ, ਸੰਗਠਨ ਦਾ ਹਮਾਇਤੀ ਹੈ ਅਤੇ ਸਰਹੱਦੋਂ ਪਾਰ ਅਤਿਵਾਦੀ ਭੇਜਣ ਲਈ ਕਸ਼ਮੀਰੀ ਪੰਡਿਤਾਂ ਦੇ ਮੁੰਡਿਆਂ ਨੂੰ ਸਿਖਲਾਈ ਦੇਣ ਵਿਚ ਮਦਦ ਕਰਦਾ ਹੈ। ਉਸ ਨੂੰ ਆਪਣੇ ਅਜਿਹੇ ‘ਰਾਸ਼ਟਰਵਾਦੀ’ ਕਾਰਜ ਦੀ ਅਸਲੀਅਤ ਉਸ ਵੇਲੇ ਨਜ਼ਰ ਆਉਂਦੀ ਹੈ ਜਦੋਂ ਉਸ ਦਾ ਆਪਣਾ ਪਰਿਵਾਰ ਅਤਿਵਾਦੀ ਅਗਵਾ ਕਰ ਲੈਂਦੇ ਹਨ। ਕਹਾਣੀ ਦੀ ਸ਼ਕਤੀ ਨਿਵੇਕਲੇ, ਵਿਸ਼ਵ-ਵਿਆਪੀ ਅਤੇ ਭਖਵੇਂ ਮੁੱਦੇ ਨੂੰ ਵਿਸ਼ਾ ਬਣਾਉਣ ਵਿਚ ਤਾਂ ਹੈ ਹੀ ਪਰ ਇਸ ਤੋਂ ਵੀ ਵੱਧ ਸਥਿਤੀ-ਵਿਸ਼ੇਸ਼ ਅਨੁਸਾਰ ਪਾਤਰ ਉਸਾਰੀ, ਉਤਸੁਕਤਾ ਪੈਦਾ ਕਰਨ ਅਤੇ ਪ੍ਰਤੀਕਮਈ ਤੇ ਪ੍ਰਕਾਰਜੀ ਗਲਪੀ-ਭਾਸ਼ਾ ਸਿਰਜਣ ਦੀ ਯੋਗਤਾ ਵਿਚ ਵੀ ਹੈ।
ਜਤਿੰਦਰ ਹਾਂਸ ਦੀ ਕਹਾਣੀ ‘ਲਵ-ਜਿਹਾਦ’ (ਰਾਗ, ਸਤੰਬਰ-ਦਸੰਬਰ) ਫੇਸਬੁੱਕ ਦੇ ਲਾਈਕਵਾਦੀ ਦੌਰ ਵਿਚ ਸੱਚੇ ਪਿਆਰ ਦੀ ਜੁਸਤਜੂ ਨੂੰ ਵਿਰੋਧਾਭਾਸੀ ਢੰਗ ਨਾਲ ਪੇਸ਼ ਕਰਦੀ ਹੈ। ਕਹਾਣੀ ਦੀ ਉਤਮ-ਪੁਰਖੀ ਨਾਰੀ ਬਿਰਤਾਂਤਕਾਰ ਆਪਣੇ ਘਰ ਦੀਆਂ ਘੁਟਣ ਭਰੀਆਂ ਪ੍ਰਸਥਿਤੀਆਂ ਤੋਂ ਨਿਜ਼ਾਤ ਪਾਉਣ ਲਈ ਫੇਸਬੁੱਕ ਦੇ ਇਕ ‘ਫਰੈਂਡ’ ਨਾਲ ਘਰੋਂ ਭੱਜ ਕੇ ਵਿਆਹ ਕਰਾਉਂਦੀ ਹੈ। ਫਿਰ ਜਦ ਦਸ ਸਾਲ ਬੱਚਾ ਨਹੀਂ ਹੁੰਦਾ ਤਾਂ ਸਮਾਜਿਕ ਦਬਾਅ ਤੋਂ ਬਚਣ ਲਈ ਫੇਸਬੁੱਕ ਦੇ ਹੀ ਇਕ ਹੋਰ ਫਰੈਂਡ ਕਮਲ ਰਾਹੀਂ ਬੱਚਾ ਪੈਦਾ ਕਰਨ ਦੀ ਸਕੀਮ ਬਣਾਉਂਦੀ ਹੈ, ਪਰ ਇਸ ਨੂੰ ਉਹ ਆਪਣੇ ਦੂਜੇ ਪਿਆਰ ਦਾ ਨਾਂ ਦਿੰਦੀ ਹੈ। ਅੰਤ ਕਮਲ ਨੂੰ ਘਰ ਬੁਲਾ ਕੇ ਇਸ ਲਈ ਬੇਰੰਗ ਮੋੜ ਦਿੰਦੀ ਹੈ ਕਿ ਉਸ ਨੂੰ ਕਮਲ ਸੱਚਾ ਪਿਆਰ ਕਰਨ ਵਾਲੇ ਦੀ ਥਾਂ ਕਾਮ ਦਾ ਭੁੱਖਾ ਜਾਪਦਾ ਹੈ। ਕਹਾਣੀ ਹਕੀਕੀ ਦੁਨੀਆਂ ਦੀ ਥਾਂ ਮਸਨੂਈ ਸੱਚ ਦੀ ਫੈਂਟਸੀ ‘ਚ ਵਿਚਰਦੀ ਨੌਜਵਾਨ ਪੀੜ੍ਹੀ ਦੀ ਜੀਵਨ-ਦ੍ਰਿਸ਼ਟੀ ਸਬੰਧੀ ਬਹੁਤ ਮਾਅਨੇਖੇਜ਼ ਸੰਕੇਤ ਕਰਦੀ ਹੈ। ਇਸ ਦੇ ਨਾਲ ਹੀ ਹਾਂਸ ਦੀ ਤਿੱਖੀ, ਸੱਜਰੀ ਅਤੇ ਰਮਜ਼ਾਂ ਭਰੀ ਤਲਿਸਮੀ ਸ਼ੈਲੀ ਵੀ ਕਹਾਣੀ ਨੂੰ ਅਹਿਮ ਬਣਾਉਂਦੀ ਹੈ।
ਹਰਪ੍ਰੀਤ ਸੇਖਾ ਦੀ ਕਹਾਣੀ ‘ਹਾਊਸ-ਵਾਈਫ’ ਪੱਛਮੀ ਦੇਸ਼ਾਂ ਦੇ ਪਰਵਾਸ ਦੇ ਪ੍ਰਸੰਗ ਵਿਚ ਪੰਜਾਬੀ ਮਰਦ ਦੀ ਉਸਰਦੀ-ਢਹਿੰਦੀ ਪੁਰਖ-ਤੰਤਰੀ ਦ੍ਰਿਸ਼ਟੀ ਦੇ ਪਰਿਵਾਰਕ ਜੀਵਨ ਉਤੇ ਪੈਣ ਵਾਲੇ ਡੂੰਘੇ ਪ੍ਰਭਾਵਾਂ ਦਾ ਬਿਰਤਾਂਤ ਹੈ। ਉਤਮ-ਪੁਰਖੀ ਨਾਰੀ ਬਿਰਤਾਂਤਕਾਰ ਨੀਨੂੰ ਸਰਕਾਰੀ ਹਸਪਤਾਲ ਵਿਚ ਨਰਸ ਹੈ ਅਤੇ ਉਸ ਦਾ ਪਤੀ ਮਨਮੀਤ, ਨਵੀਆਂ ਪ੍ਰਸਥਿਤੀਆਂ-ਵੱਸ ਘਰ ਇਕ ਚੰਗੀ ਗ੍ਰਹਿਣੀ ਵਾਲੀਆਂ ਸੱਭੇ ਜ਼ਿੰਮੇਵਾਰੀਆਂ ਖੁਸ਼ੀ ਨਾਲ ਨਿਭਾਉਂਦਾ ਹੈ। ਕਿਸੇ ਪੂਰਬਵਾਦੀ ਦ੍ਰਿਸ਼ਟੀ ਵਾਲੇ ਪੰਜਾਬੀ ਸੈਲਾਨੀ ਮਿੱਤਰ ਦੀ ਚੋਭਮਈ ਟਿੱਪਣੀ ਕਿ Ḕਤੇਰਾ ਤਾਂ ਕੈਨੇਡਾ ਆ ਕੇ ਸੈਕਸ ਚੇਂਜ ਹੋ ਗਿਆ ਲਗਦਾḔ, ਮਨਮੀਤ ਦੀ ਮਰਦਾਵੀਂ ਹਊਂ ਨੂੰ ਸੱਟ ਮਾਰ ਦਿੰਦੀ ਹੈ ਅਤੇ ਉਸ ਦੀ ਸਹਿਜ ਜੀਵਨ-ਗਤੀ ਥਿੜ੍ਹਕ ਜਾਂਦੀ ਹੈ। ਮੁਸ਼ਕਿਲ ਨਾਲ ਉਹ ਪੱਛਮੀ ਜੀਵਨ-ਦ੍ਰਿਸ਼ਟੀ ਦੇ ਤਰਕ ਰਾਹੀਂ ਮੁੜ ਸਹਿਜ ਅਵਸਥਾ ‘ਚ ਆਉਂਦਾ ਹੈ। ਪਿੱਛਲਝਾਤ ਵਾਲੇ ਸਹਿਜ ਅਤੇ ਸਰਲ ਬਿਰਤਾਂਤ ਰਾਹੀਂ ਜਟਿਲ ਜੀਵਨ-ਯਥਾਰਥ ਦੀ ਪ੍ਰਮਾਣਿਕ ਪੇਸ਼ਕਾਰੀ ਇਸ ਕਹਾਣੀ ਨੂੰ ਵਿਸ਼ੇਸ਼ ਬਣਾਉਂਦੀ ਹੈ।
ਬਲਬੀਰ ਪਰਵਾਨਾ ਦੀ ਕਹਾਣੀ ‘ਸ਼ਾਪਿੰਗ’ (ਸਿਰਜਣਾ, ਅਪਰੈਲ-ਜੂਨ) ਉਪਭੋਗੀ ਚੇਤਨਾ ਦੀ ਗ੍ਰਿਫਤ ਵਿਚ ਫਸੇ ਸ਼ਹਿਰੀ ਮੱਧਵਰਗੀ ਪਤੀ-ਪਤਨੀ ਵਿਚਲੇ ਰਿਸ਼ਤੇ ਦੇ ਪਲ ਪਲ ਬਦਲਦੇ ਸਮੀਕਰਨ ਦਾ ਬਿਰਤਾਂਤ ਹੈ। ਅੰਨਯ-ਪੁਰਖੀ ਬਿਰਤਾਂਤਕਾਰ, ਇਕ ਪ੍ਰਾਈਵੇਟ ਸਕੂਲ ਦੀ ਅਧਿਆਪਕ ਰੁਪਾਲੀ ਅਤੇ ਉਸ ਦੇ ਪ੍ਰਾਪਰਟੀ ਡੀਲਰ ਪਤੀ ਸਤੀਸ਼ ਨੂੰ ਹਰ ਤਰ੍ਹਾਂ ਦੀਆਂ ਪਦਾਰਥਕ ਖੁਸ਼ੀਆਂ ਮਾਣ ਰਹੇ ਵਿਖਾਉਂਦਾ ਹੈ। ਲਗਾਤਾਰ ਦੋ ਬੱਚਿਆਂ ਦੀ ਆਮਦ ਨਾਲ ਜਦੋਂ ਉਪਭੋਗੀ ਜੀਵਨ-ਜਾਚ ਵਿਚ ਕੁਝ ਖੜੋਤ ਆਉਂਦੀ ਜਾਪਦੀ ਹੈ ਤਾਂ ਸਤੀਸ਼ ਵਕਤੀ ਤੌਰ ‘ਤੇ ਵਿਆਹ-ਬਾਹਰੇ ਸਬੰਧਾਂ ਵੱਲ ਰੁਚਿਤ ਹੋ ਜਾਂਦਾ ਹੈ ਅਤੇ ਰੁਪਾਲੀ ਨੀਰਸਤਾ ਤੋੜਨ ਲਈ ਵੱਖ ਹੋਣ ਬਾਰੇ ਤਿਲਮਿਲਾਉਣ ਲਗਦੀ ਹੈ। ਅੰਤ ‘ਮੈਰਿਜ਼ ਐਨਵਰਸਰੀ’ ਸਮੇਂ ਪਤੀ ਵੱਲੋਂ ਕਰਵਾਈ ਗਈ ਗਹਿਣਿਆਂ ਦੀ ‘ਸ਼ਾਪਿੰਗ’ ਨਾਲ ਰੁਪਾਲੀ ਫਿਰ ਸਭ ਕੁਝ ਭੁੱਲ ਕੇ ਗ੍ਰਹਿਸਥੀ ਜ਼ਿੰਦਗੀ ਨਾਲ ਪਰਚ ਗਈ ਲਗਦੀ ਹੈ। ਕਹਾਣੀ ਦੀ ਖੂਬੀ ਜਿਥੇ ਨਵੇਂ ਜੀਵਨ-ਯਥਾਰਥ ਨੂੰ ਪ੍ਰਮਾਣਿਕ ਢੰਗ ਨਾਲ ਫੜ੍ਹ ਸਕਣ ਵਿਚ ਹੈ, ਉਥੇ ਉਸ ਦੇ ਅਨੁਕੂਲ ਨਵੀਂ ਜੀਵੰਤ ਗਲਪੀ-ਭਾਸ਼ਾ ਦੇ ਸਿਰਜਣ ਵਿਚ ਵੀ ਹੈ।
ਦੀਪ ਦਵਿੰਦਰ ਦੀ ਕਹਾਣੀ ‘ਪਰਿਕਰਮਾ’ (ਹੁਣ, ਸਤੰਬਰ-ਦਸੰਬਰ) ਘਰ ਦੇ ਮੁਖੀ ਦੀ ਮੌਤ ਪਿਛੋਂ ਇਕ ਦਲਿਤ ਪਰਿਵਾਰ ਦੀ ਉਖੜੀ ਜੀਵਨ-ਚਾਲ ਦਾ ਬਿਰਤਾਂਤ ਹੈ। ਉਤਮ-ਪੁਰਖੀ ਅੱਲ੍ਹੜ ਉਮਰ ਦਾ ਬਿਰਤਾਂਤਕਾਰ ਆਪਣੀ ਮਾਂ ਦੇ ਅਚਾਨਕ ਨਵਾਂ ਘਰ ਵਸਾ ਲੈਣ ਦੇ ਫੈਸਲੇ ਨਾਲ ਦੁਖੀ ਹੋ ਕੇ, ਉਸ ਦੀ ਫੋਟੋ ਉਤੇ ਹਾਰ ਪਾਉਂਦਿਆਂ, ਮਨੋ-ਮਨੀ ਉਸ ਨੂੰ ਮ੍ਰਿਤਕ ਚਿਤਵ ਲੈਂਦਾ ਹੈ। ਫਿਰ ਜਦੋਂ ਮਾਂ ਦੇ ਆਰਥਿਕ, ਸਮਾਜਿਕ, ਭਾਵਨਾਤਮਕ ਸੰਘਰਸ਼ ਅਤੇ ਵਿਗੋਚਿਆਂ ਨੂੰ ਧਿਆਨ ਵਿਚ ਲਿਆਉਂਦਾ ਹੈ ਤਾਂ ਉਸ ਦਾ ਮਨ ਤਰਲ ਹੋ ਕੇ ਬਦਲ ਜਾਂਦਾ ਹੈ ਅਤੇ ਉਹ ਮਾਂ ਦੀ ਫੋਟੋ ਤੋਂ ਹਾਰ ਉਤਾਰ ਦਿੰਦਾ ਹੈ। ਕਹਾਣੀ ਦੀ ਸਮਰੱਥਾ ਪਾਤਰਾਂ ਦੇ ਕਾਰਜ ਨੂੰ ਪੂਰੀ ਨਿੱਗਰ ਅਤੇ ਜੀਵਨ-ਮੂਲਕ ਗਲਪੀ-ਭਾਸ਼ਾ ਨਾਲ ਸਾਕਾਰ ਕਰਨ ਵਿਚ ਹੈ।
ਨਵਚੇਤਨ ਦੀ ਕਹਾਣੀ ‘ਰਹਿਣ ਕਿਥਾਉਂ ਨਾਹਿ’ (ਹੁਣ, ਸਤੰਬਰ-ਦਸੰਬਰ) ਇਕ ‘ਡਿਪੋਰਟ’ ਹੋਏ ਪਰਵਾਸੀ ਪੰਜਾਬੀ ਨੌਜਵਾਨ ਦੀ ਘਰ-ਵਾਪਸੀ ਨਾਲ ਖੂਨ ਦੇ ਰਿਸ਼ਤਿਆਂ ਦੀ ਬਦਲੀ ਵਿਆਕਰਣ ਦਾ ਬਿਰਤਾਂਤ ਹੈ। ਉਤਮ-ਪੁਰਖੀ ਬਿਰਤਾਂਤਕਾਰ ਦੇ ਚਾਚੇ ਦਾ ਪੁੱਤ-ਭਰਾ ਮਿੰਦਰ ਜੋ ਪੌਂਡਾਂ ਕਾਰਨ ਸਾਰੇ ਪਰਿਵਾਰ ਦਾ ਦੁਲਾਰਾ ਸੀ, ਘਰ-ਵਾਪਸੀ ਪਿਛੋਂ ਸਭ ਲਈ ਕੋਈ ਅਜਨਬੀ ਅਤੇ ਬਿਗਾਨਾ ਬਣ ਕੇ ਰਹਿ ਜਾਂਦਾ ਹੈ। ਮੋਹ-ਭੰਗ ਦੀ ਅਵਸਥਾ ਵਿਚ ਉਹ ਖੇਤ ਉਜਾੜ ਪਏ ਮਕਾਨ ਵਿਚ ਦਿਨ-ਕਟੀ ਕਰਦਾ ਹੈ। ਪਰਵਾਸ ਦੇ ਸੰਦਰਭ ਵਿਚ ਰਿਸ਼ਤਿਆਂ ਦੇ ਅਰਥ-ਸ਼ਾਸਤਰ ਨੂੰ ਡੂੰਘਾਈ ਵਿਚ ਸਮਝਣ ਵਾਲੀ ਰਚਨਾ-ਦ੍ਰਿਸ਼ਟੀ ਤਾਂ ਪ੍ਰਭਾਵਿਤ ਕਰਦੀ ਹੀ ਹੈ, ਨਾਲ ਹੀ ਮਿੰਦਰ ਦੀ ਯਥਾਰਥਕ ਪਾਤਰ ਉਸਾਰੀ ਅਤੇ ਸਰੋਦੀ ਗਲਪੀ-ਭਾਸ਼ਾ ਵੀ ਕਹਾਣੀ ਦਾ ਹਾਸਿਲ ਬਣਦੇ ਹਨ।
ਮਨਮੋਹਨ ਬਾਵਾ ਦੀ ‘ਸ਼ੀਸ਼ੇ ਦੇ ਦਰਵਾਜ਼ੇ ਕੋਲ ਖੜ੍ਹਾ ਆਦਮੀ’ (ਕਹਾਣੀ-ਪੰਜਾਬ, ਅਪਰੈਲ-ਜੂਨ), ਬਲਜਿੰਦਰ ਨਸਰਾਲੀ ਦੀ ‘ਜੇ ਉਹ ਹੁੰਦੀ’ (ਸਿਰਜਣਾ, ਜਨਵਰੀ-ਮਾਰਚ), ਤ੍ਰਿਪਤਾ ਕੇæ ਸਿੰਘ ਦੀ ‘ਕਵਿਤਾ, ਕਵੀ ਤੇ ਮੈਂ’ (ਰਾਗ, ਮਈ-ਅਗਸਤ) ਅਤੇ ਪਵਿੱਤਰ ਕੌਰ ਮਾਟੀ ਦੀ ‘ਅੱਧੇ-ਅਧੂਰੇ’ (ਕਹਾਣੀ ਧਾਰਾ, ਜੁਲਾਈ-ਸਤੰਬਰ) ‘ਪਤੀ, ਪਤਨੀ ਔਰ ਵੋਹ’ ਦੀ ਤਰਜ਼ ‘ਤੇ ਔਰਤ-ਮਰਦ ਦੇ ਰਿਸ਼ਤੇ ਦੇ ਵਿਭਿੰਨ ਪਾਸਾਰ ਪੇਸ਼ ਕਰਦੀਆਂ ਕਹਾਣੀਆਂ ਹਨ। ਰੌਚਕ ਅਤੇ ਨਿਵੇਕਲੀ ਗੱਲ ਇਹ ਹੈ ਕਿ ਕਿਸੇ ਸੰਪੂਰਨਤਾ ਦੀ ਤਲਾਸ਼ ਵਿਚ ਮਰਦ ਪਾਤਰ ਵਿਆਹ-ਬਾਹਰੇ ਦੋਸਤਾਨਾ ਸਬੰਧਾਂ (ਕਾਮ-ਭੁੱਖ ਤੋਂ ਮੁਕਤ) ਦੀ ਕਾਮਨਾ ਤਾਂ ਕਰਦੇ ਹਨ ਪਰ ਨਾਲੋ ਨਾਲ ਆਪਣੇ ਪਰਿਵਾਰ ਪ੍ਰਤੀ ਸਮਰਪਣ ਦੀ ਭਾਵਨਾ ਨੂੰ ਵੀ ਮੱਧਮ ਨਹੀਂ ਪੈਣ ਦੇਣਾ ਚਾਹੁੰਦੇ। ਇਨ੍ਹਾਂ ਕਹਾਣੀਆਂ ਦੀ ਖੂਬੀ ਮਨੁੱਖੀ ਅਵਚੇਤਨ ਦੀਆਂ ਬਹੁਤ ਡੂੰਘੀਆਂ ਤੈਹਾਂ ਨੂੰ ਉਜਾਗਰ ਕਰਨ ਵਿਚ ਹੈ। ਸਹਿਜ ਅਤੇ ਸਰਲ ਬਿਰਤਾਂਤ, ਮਨੋਵਿਗਿਆਨਕ ਛੋਹਾਂ ਅਤੇ ਕਹਾਣੀ-ਰਸ ਵੀ ਇਨ੍ਹਾਂ ਨਵੇਂ ਲਹਿਜੇ ਦੀਆਂ ਪਿਆਰ ਕਹਾਣੀਆਂ ਨੂੰ ਪਾਠਕਮੁਖੀ ਬਣਾਉਂਦਾ ਹੈ।
ਭਗਵੰਤ ਰਸੂਲਪੁਰੀ ਦੀ ਕਹਾਣੀ ‘ਕਬਰਗਾਹ’ (ਹੁਣ, ਸਤੰਬਰ-ਦਸੰਬਰ) ਅੰਨਯ-ਪੁਰਖੀ ਬਿਰਤਾਂਤਕਾਰ ਰਾਹੀਂ ਹੇਠਲੇ ਮੱਧਵਰਗੀ ਕਿਸਾਨ ਅਤੇ ਦਲਿਤ ਵਰਗ ਦੇ ਕੰਗਾਲੀਕਰਣ ਤੇ ਅੰਤ ਖੁਦਕੁਸ਼ੀਆਂ ਦੇ ਰਾਹ ਪੈਣ ਦਾ ਵੱਡੇ ਕੈਨਵਸ ਵਾਲਾ ਬਿਰਤਾਂਤ ਸਿਰਜਦੀ ਹੈ। ਕਹਾਣੀ ਦੀ ਵਧੇਰੇ ਸਮਰੱਥਾ ਇਸ ਦੇ ਥੀਮਗਤ ਪਾਸਾਰਾਂ ਕਰਕੇ ਹੈ, ਭਾਵੇਂ ਵਰਣਨ ਮੂਲਕ ਅਤੇ ਸੂਤਰਧਾਰੀ ਲਹਿਜਾ ਇਸ ਦੀ ਕਲਾਤਮਕ ਬਿਰਤਾਂਤਕਾਰੀ ਨੂੰ ਠੇਸ ਪਹੁੰਚਾਉਣ ਵਾਲਾ ਸਿੱਧ ਹੁੰਦਾ ਹੈ।
ਏਜਾਜ਼ ਦੀ ਕਹਾਣੀ ‘ਪੁਰਾਣ’ (ਲਕੀਰ, ਮਾਰਚ-ਅਪਰੈਲ) ਪਾਕਿਸਤਾਨ ਦੀ ਇਕ ਨੌਕਰੀਪੇਸ਼ਾ ਮੱਧਵਰਗੀ ਔਰਤ ਦੀ ਆਪਣੇ ਤਨ-ਮਨ ਬਾਰੇ ਸੁਤੰਤਰ ਫੈਸਲੇ ਲੈਣ ਦੀ ਅਧਵਾਟੇ ਟੁੱਟੀ ਖਾਹਸ਼ ਦਾ ਦੁਖਾਂਤ ਹੈ। ਉਤਮ-ਪੁਰਖੀ ਕੰਵਾਰੀ ਬਿਰਤਾਂਤਕਾਰ ਆਪਣੇ ਦੋਸਤ ਦਲਬੀਰ ਨਾਲ ਸੰਪਰਕ ਰਾਹੀਂ ਗਰਭਵਤੀ ਹੋ ਜਾਂਦੀ ਹੈ। ਉਹ ਖੁਸ਼ੀ ਅਤੇ ਮਾਣ ਨਾਲ ਬੱਚੇ ਨੂੰ ਜਨਮ ਦੇਣਾ ਚਾਹੁੰਦੀ ਹੈ ਪਰ ਦਲਬੀਰ ਬੱਚੇ ਨੂੰ ਬਾਪ ਵਜੋਂ ਆਪਣਾ ਨਾਂ ਦੇਣ ਤੋਂ ਇਨਕਾਰੀ ਹੋ ਜਾਂਦਾ ਹੈ। ਫਿਊਡਲ ਸਮਾਜ ਵਿਚ ਬਿਨ ਬਾਪ ਤੋਂ ਬੱਚੇ ਦੀ ਹੋਣੀ ਚਿਤਵ ਕੇ ਉਹ ਖੁਦਕੁਸ਼ੀ ਕਰ ਲੈਂਦੀ ਹੈ। ਕਹਾਣੀ ਦੀ ਸ਼ਕਤੀ ਜਿਥੇ ਇਸ ਦੀ ਆਧੁਨਿਕ ਸੰਵੇਦਨਾ ਵਾਲੀ ਨਾਰੀਮੁਖੀ ਰਚਨਾ-ਦ੍ਰਿਸ਼ਟੀ ਵਿਚ ਹੈ, ਉਥੇ ਇਸ ਦੀ ਸੰਕੇਤਕ ਅਤੇ ਪ੍ਰਗੀਤਕ ਗਲਪੀ-ਭਾਸ਼ਾ ਦੇ ਢੁਕਵੇਂ ਪ੍ਰਯੋਗ ਵਿਚ ਵੀ ਹੈ।
ਇਨ੍ਹਾਂ ਤੋਂ ਬਿਨਾ ਕੁਝ ਹੋਰ ਪੜ੍ਹਨਯੋਗ ਕਹਾਣੀਆਂ ਹਨ, ਜਿਵੇਂ ਝਨ੍ਹਾਂ ਦੀਆਂ ਛੱਲਾਂ (ਅਜਮੇਰ ਸਿੱਧੂ, ਸ਼ਬਦ, ਜਨਵਰੀ-ਮਾਰਚ), ਵਿਦਾਅ (ਜਿੰਦਰ, ਸਿਰਜਣਾ, ਜੁਲਾਈ-ਸਤੰਬਰ), ਹੀਰ ਕਾਮਰੇਡ ਵਿਨੋਦ (ਬਿੰਦਰ ਬਸਰਾ, ਲਕੀਰ, ਮਾਰਚ-ਅਪਰੈਲ), ਰੇਤ ਦੇ ਇਗਲੂ (ਬਲੀਜੀਤ, ਲਕੀਰ, ਮਾਰਚ-ਅਪਰੈਲ), ਗਹਿਰ (ਸਰਵਣ ਮਿਨਹਾਸ, ਵਾਹਗਾ, ਅੰਕ 5), ਇਕ ਹੋਰ ਸੁੱਚਾ ਸਿੰਘ (ਹਰਪ੍ਰੀਤ ਸੇਖਾ, ਸਿਰਜਣਾ, ਜਨਵਰੀ-ਮਾਰਚ), ਅੰਨ ਬ੍ਰਹਮ ਹੈ (ਜਤਿੰਦਰ ਹਾਂਸ, ਸਿਰਜਣਾ, ਜੁਲਾਈ-ਸਤੰਬਰ), ਕੁੰਭੀ ਨਰਕ (ਭਗਵੰਤ ਰਸੂਲਪੁਰੀ, ਸਿਰਜਣਾ, ਅਕਤੂਬਰ-ਦਸੰਬਰ), ਮੋਢੇ ਦਾ ਭਾਰ (ਪ੍ਰੇਮ ਪ੍ਰਕਾਸ਼, ਹੁਣ, ਜਨਵਰੀ-ਅਗਸਤ), ਖੜ-ਸੁੱਕ ਰੁੱਖ (ਗੁਰਦਿਆਲ ਦਲਾਲ, ਹੁਣ, ਜਨਵਰੀ-ਅਗਸਤ), ਕੀ ਜਾਣਾ ਮੈਂ ਕੌਣ (ਮੇਜਰ ਮਾਂਗਟ, ਰਾਗ, ਅੰਕ 1), ਸਵੈ-ਸ਼ਿਕਨ (ਕੁਲਜੀਤ ਮਾਨ, ਰਾਗ, ਜੁਲਾਈ-ਸਤੰਬਰ), ਦੀਵਾ ਬਲੇ ਉਜਾੜੀਂ (ਖਾਲਿਦ ਹੁਸੈਨ, ਸਾਹਿਤਕ ਏਕਮ, ਅਕਤੂਬਰ-ਦਸੰਬਰ), ਅੱਗੇ ਸਾਖੀ ਹੋਰ ਚੱਲੀ (ਲਾਲ ਸਿੰਘ, ਸਿਰਜਣਾ, ਅਪਰੈਲ-ਜੂਨ), ਅਨਾਰਕਲੀ (ਸੁਰਿੰਦਰ ਨੀਰ, ਜਨਵਰੀ-ਮਾਰਚ), ਮਲਟੀਪਰਪਸਿਜ਼ (ਬਲਦੇਵ ਸਿੰਘ, ਪੰਜਾਬੀ ਟ੍ਰਿਬਿਊਨ) ਆਦਿ।
ਇਸ ਸਾਲ ਦੀ ਕਹਾਣੀ ਨੂੰ ਪੜ੍ਹਦਿਆਂ ਕੁਝ ਉਭਰਵੀਆਂ ਗੱਲਾਂ, ਜੋ ਨੁਕਤਿਆਂ ਦੇ ਰੂਪ ‘ਚ ਸਾਹਮਣੇ ਆਈਆਂ, ਇਸ ਪ੍ਰਕਾਰ ਹਨ:
ਬਹੁਤੀ ਕਹਾਣੀ ਰਿਸ਼ਤਿਆਂ ਦੇ ਬਦਲਦੇ ਸਮੀਕਰਨਾਂ ਬਾਰੇ ਲਿਖੀ ਜਾ ਰਹੀ ਹੈ। ਰਾਜਸੀ ਚੇਤਨਾ ਵਾਲੀ ਕਲਾਤਮਕ ਕਹਾਣੀ, ਜਿਸ ਵੰਨਗੀ ਲਈ ਕਦੇ ਵਰਿਆਮ ਸਿੰਘ ਸੰਧੂ ਨੇ ਨਾਮਣਾ ਖੱਟਿਆ ਸੀ, ਦੀ ਮੂਲੋਂ ਹੀ ਘਾਟ ਜਾਪਦੀ ਹੈ।
ਨਾਰੀ ਕਹਾਣੀਕਾਰਾਂ ਦੇ ਘੱਟ-ਗਿਣਤੀ ਕਾਫਲੇ ਵਿਚ ਨੀਲਮ ਸੈਣੀ, ਜਸਵੀਰ ਕੌਰ, ਸਿੰਮੀਪ੍ਰੀਤ ਕੌਰ, ਕੁਲਬੀਰ ਕੌਰ ਆਦਿ ਨਵੇਂ ਸਮਰੱਥ ਨਾਂ ਸ਼ਾਮਿਲ ਹੋਣੇ ਰਾਹਤ ਵਾਲੀ ਗੱਲ ਹੈ।
ਇਸ ਸਾਲ ਕਹਾਣੀਕਾਰਾਂ ਦਾ ਇਕ ਪੂਰ ਗੁਜ਼ਰ ਗਿਆ। ਦਰਸ਼ਨ ਸਿੰਘ, ਅਮਰਜੀਤ ਅਕਸ, ਅਮਰ ਗਿਰੀ, ਸ਼ਿਵਚਰਨ ਗਿੱਲ, ਇਕਬਾਲ ਸਿੰਘ ਰਾਮੂੰਵਾਲੀਆ, ਕੈਲਾਸ਼ਪੁਰੀ, ਗੁਰਚਰਨ ਸਿੰਘ ਜ਼ੀਰਾ, ਅਫਜ਼ਲ ਅਹਿਸਨ ਰੰਧਾਵਾ ਅਤੇ ਬੰਤ ਸਿੰਘ ਚੱਠਾ ਨੂੰ ਭਾਵ-ਭਿੰਨੀ ਸ਼ਰਧਾਂਜਲੀ।
ਜਿਹੜੇ ਕੁਝ ਨਵੇਂ ਹੋਣਹਾਰ ਕਹਾਣੀਕਾਰਾਂ ਨੇ ਆਸ ਦੀ ਕਿਰਨ ਜਗਾਈ ਹੈ, ਉਨ੍ਹਾਂ ਵਿਚ ਦਲਜੀਤ ਸਿੰਘ ਸ਼ਾਹੀ, ਬਲਵਿੰਦਰ ਬੁਲੇਟ, ਏਜਾਜ਼ (ਪਾਕਿਸਤਾਨੀ), ਨਵਚੇਤਨ (ਪਰਵਾਸੀ), ਗੁਰਪ੍ਰੀਤ ਸਹਿਜੀ, ਸੰਦੀਪ ਚੀਮਾ, ਸਿਮਰਜੀਤ ਸਿੰਘ, ਵਿਪਨ ਆਦਿ ਸ਼ਾਮਿਲ ਹਨ।
ਸੁਹਿਰਦ ਢੰਗ ਨਾਲ ਕਹਾਣੀਆਂ ਦੀ ਚੋਣ ਕਰਕੇ ਜ਼ਿੰਮੇਵਾਰੀ ਨਾਲ ਮੌਲਿਕ ਅਤੇ ਕਲਾਤਮਕ ਕਹਾਣੀਆਂ ਪ੍ਰਕਾਸ਼ਿਤ ਕਰਨ ਵਾਲੇ ਪੰਜਾਬੀ ਰਿਸਾਲਿਆਂ ਵਿਚ ਇਕ ਹੋਰ ਨਾਂ ‘ਰਾਗ’ (ਸੰਪਾਦਕ, ਅਜਮੇਰ ਸਿੱਧੂ) ਜੁੜ ਗਿਆ ਹੈ।
ਕੁਝ ਪੰਜਾਬੀ ਰਿਸਾਲਿਆਂ ਨੇ ਕਹਾਣੀ ਵਿਸ਼ੇਸ਼ ਅੰਕ ਪ੍ਰਕਾਸ਼ਿਤ ਕਰਕੇ ਆਪਣਾ ਵਿਸ਼ੇਸ਼ ਯੋਗਦਾਨ ਪਾਇਆ ਹੈ। ਲਕੀਰ (ਮਾਰਚ-ਅਪਰੈਲ), ਕਹਾਣੀ ਧਾਰਾ (ਜੁਲਾਈ-ਸਤੰਬਰ), ਕਲਾਕਾਰ ਸਾਹਿਤਕ (ਜੁਲਾਈ-ਸਤੰਬਰ) ਇਸ ਪੱਖੋਂ ਪ੍ਰਸ਼ੰਸਾ ਦੇ ਹੱਕਦਾਰ ਹਨ।
ਪੰਜਾਬੀ ਅਕਾਦਮੀ, ਦਿੱਲੀ ਵਲੋਂ ‘ਪੰਜਾਬੀ ਕਹਾਣੀ ਦਾ ਇਤਿਹਾਸ’ ਨਾਂ ਦੀ ਪੁਸਤਕ ਨੂੰ ਪਿਛਲੇ 11 ਸਾਲ ਦੇ ਨਵੇਂ ਡਾਟੇ (ਕਹਾਣੀਕਾਰਾਂ ਬਾਰੇ ਪ੍ਰਮਾਣਿਕ ਬਹੁ-ਪੱਖੀ ਜਾਣਕਾਰੀ) ਸਮੇਤ ਇਸ ਵਰ੍ਹੇ ਮੁੜ ਛਾਪਿਆ ਗਿਆ ਹੈ।
ਪਾਕਿਸਤਾਨੀ ਪੰਜਾਬੀ ਕਹਾਣੀ ਦੀ ਤਾਜ਼ਾ-ਤਰੀਨ ਸਮੱਗਰੀ ਤੱਕ ਪਹੁੰਚਣਾ ਬਹੁਤ ਮੁਸ਼ਕਿਲ ਕਾਰਜ ਹੈ। ਇਸ ਲਈ ਮੇਰੇ ਕੋਲ ਇਕੋ ਇਕ ਭਰੋਸੇਮੰਦ ਸਰੋਤ ਪਾਕਿਸਤਾਨੀ ਨੌਜਵਾਨ ਪੰਜਾਬੀ ਕਹਾਣੀਕਾਰ ਅਤੇ ਕਹਾਣੀ-ਆਲੋਚਕ ਡਾæ ਕਰਾਮਤ ਅਲੀ ਮੁਗਲ ਹੈ ਜਿਸ ਨੇ ਇਸ ਵਰ੍ਹੇ ਵੀ ਲਾਹੇਵੰਦ ਜਾਣਕਾਰੀ ਨਾਲ ਇਸ ਲਿਖਤ ਵਿਚ ਯੋਗਦਾਨ ਪਾਇਆ।
ਪਾਕਿਸਤਾਨੀ ਪੰਜਾਬੀ ਕਹਾਣੀ ਦੇ ਸ਼ਾਹਮੁਖੀ ਤੋਂ ਗੁਰਮੁਖੀ ਵਿਚ ਲਿਪੀਅੰਤਰ ਦਾ ਮਸਲਾ ਵੀ ਬਹੁਤ ਵੱਡਾ ਹੈ। ਇਸ ਖਾਤਰ ਕਿਸੇ ਅਦਾਰੇ ਦੀ ਅਣਹੋਂਦ ਵਿਚ ਜਿਹੜੇ ਕੁਝ ਇਕ ਵਿਅਕਤੀ ਇਹ ਅਹਿਮ ਕਾਰਜ ਤਨਦੇਹੀ ਨਾਲ ਕਰ ਰਹੇ ਹਨ, ਉਨ੍ਹਾਂ ਵਿਚ ਡਾæ ਹਰਬੰਸ ਸਿੰਘ ਧੀਮਾਨ ਦਾ ਨਾਂ ਵਿਸ਼ੇਸ਼ ਹੈ। ਉਸ ਨੇ ਇਸ ਸਾਲ ਸਮਕਾਲੀ ਪਾਕਿਸਤਾਨੀ ਪੰਜਾਬੀ ਕਹਾਣੀ ਦੇ ਸਮਰੱਥ ਛੇ ਕਹਾਣੀਕਾਰਾਂ ਦੀਆਂ ਛੇ-ਛੇ ਕਹਾਣੀਆਂ ਦਾ ਸ਼ਾਹਮੁਖੀ ਤੋਂ ਗੁਰਮੁਖੀ ਵਿਚ ਲਿਪੀਅੰਤਰ ਕੀਤਾ ਹੈ, ਜੋ ‘ਲਹਿੰਦੇ ਪੰਜਾਬ ਦੀਆਂ ਚੋਣਵੀਆਂ ਪੰਜਾਬੀ ਕਹਾਣੀਆਂ’ ਦੇ ਨਾਂ ਹੇਠ ਪ੍ਰਕਾਸ਼ਿਤ ਕੀਤਾ ਗਿਆ ਹੈ। ਇਹ ਪੁਸਤਕ ਵੀ ਇਸ ਵਰ੍ਹੇ ਦਾ ਹਾਸਿਲ ਹੈ।
ਸਮੁੱਚੇ ਤੌਰ ‘ਤੇ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਕਹਾਣੀ ਦੇ ਖੇਤਰ ਵਿਚ ਗਿਣਤੀ ਪੱਖੋਂ ਜਿੰਨੀ ਗਹਿਮਾ-ਗਹਿਮੀ ਵੇਖਣ ਨੂੰ ਮਿਲ ਰਹੀ ਹੈ, ਓਨੀ ਗੁਣਵੱਤਾ ਪੱਖੋਂ ਨਜ਼ਰ ਨਹੀਂ ਆਉਂਦੀ, ਜਿਸ ਕਰਕੇ ਚੰਗੀ ਕਹਾਣੀ ਦੇ ਤਲਬਗਾਰ ਪਾਠਕ ਨੂੰ ਇਕ ਖੜੋਤ ਜਿਹੀ ਦਾ ਅਹਿਸਾਸ ਹੋਣ ਲਗਦਾ ਹੈ। ਮਿਸਾਲ ਵਜੋਂ ਜਿਵੇਂ ਜਰਨੈਲ ਸਿੰਘ ਤੋਂ ਬਾਅਦ ਹਰਪ੍ਰੀਤ ਸੇਖਾ ਨੇ ਅਨੁਭਵਮੁਖੀ ਪ੍ਰੋਢ ਬਿਰਤਾਂਤਕਾਰੀ ਨਾਲ ਪਰਵਾਸੀ ਪੰਜਾਬੀ ਕਹਾਣੀ ਨੂੰ ਹੋਰ ਪ੍ਰਮਾਣਿਕ ਬਣਾ ਕੇ ਨਵਾਂ ਹੁਲਾਰਾ ਦਿੱਤਾ ਹੈ, ਉਵੇਂ ਪਾਕਿਸਤਾਨੀ ਪੰਜਾਬੀ ਕਹਾਣੀ ਵਿਚ ਮੁਹੰਮਦ ਮਨਸ਼ਾ ਯਾਦ ਅਤੇ ਆਗਾ ਅਲੀ ਮੁਦੱਸਰ ਤੋਂ ਬਾਅਦ ਕੋਈ ਬਹੁਤ ਸਮਰੱਥ ਨਾਂ ਇਸ ਸਾਲ ਵੀ ਵੇਖਣ ਨੂੰ ਨਹੀਂ ਮਿਲਿਆ। ਖਾਸਕਰ ਰੂਪਾਕਾਰਕ ਬੰਧੇਜ਼ ਜਾਂ ਪੁਖਤਾ ਬਿਰਤਾਂਤਕਾਰੀ ਦੇ ਪੱਖੋਂ ਤਾਂ ਪਾਕਿਸਤਾਨੀ ਪੰਜਾਬੀ ਕਹਾਣੀ ਦੀ ਹਾਲਤ ਕਾਫੀ ਤਰਸਯੋਗ ਨਜ਼ਰ ਆਈ ਹੈ।
ਭਾਰਤੀ ਪੰਜਾਬੀ ਕਹਾਣੀ ਵਿਚ ਵੀ ਅਨੁਭਵ ਦੀਆਂ ਸੀਮਿਤ ਵਲਗਣਾਂ ਨੂੰ ਉਲੰਘਣ ਵਾਲੀਆਂ ਸੁਖਜੀਤ, ਜਤਿੰਦਰ ਹਾਂਸ, ਮਨਮੋਹਨ ਬਾਵਾ ਆਦਿ ਦੀਆਂ ਕੁਝ ਇਕ ਕਹਾਣੀਆਂ ਤੋਂ ਬਿਨਾ ਬਹੁਤੀਆਂ ਕਹਾਣੀਆਂ ਪੜ੍ਹਦਿਆਂ ਦੁਹਰਾਓ ਦਾ ਅਹਿਸਾਸ ਨਿਰੰਤਰ ਹੁੰਦਾ ਰਿਹਾ ਹੈ। ਇਸ ਲਈ ਪੰਜਾਬੀ ਪਾਠਕ ਦਾ ਵਿਸ਼ਵਾਸ ਬਣਾਈ ਰੱਖਣ ਲਈ ਜਿਥੇ ਪੰਜਾਬੀ ਕਹਾਣੀਕਾਰ ਨੂੰ ਨਵੇਂ ਅਨੁਭਵ ਖੇਤਰਾਂ ਅਤੇ ਪ੍ਰੋਢ ਬਿਰਤਾਂਤਕਾਰੀ ਪੱਖੋਂ ਹੋਰ ਸੁਚੇਤ ਹੋਣਾ ਪਵੇਗਾ, ਉਥੇ ਰਿਸਾਲਿਆਂ ਦੇ ਸੰਪਾਦਕਾਂ ਨੂੰ ਵੀ ਚੋਣ ਵੱਲ ਉਚੇਚਾ ਧਿਆਨ ਦੇਣ ਦੀ ਲੋੜ ਹੈ। ਅਜਿਹਾ ਕਰਕੇ ਹੀ ਪੰਜਾਬੀ ਕਹਾਣੀ-ਰੂਪਾਕਾਰ ਦੇ ਖੁੰਢੇ ਹੋ ਰਹੇ ਹਥਿਆਰ ਨੂੰ ਮੁੜ ਸਾਣ ਉਤੇ ਲਾਇਆ ਜਾ ਸਕਦਾ ਹੈ। ਅਜਿਹਾ ਤਾਂ ਹੀ ਸੰਭਵ ਹੈ ਜੇ ਪੰਜਾਬੀ ਕਹਾਣੀਕਾਰ ਭਾਸ਼ਣੀ-ਸੁਰ ਦੀ ਥਾਂ ਨਵੇਂ ਵਸਤੂ-ਯਥਾਰਥ ਦੇ ਨਾਲ ਵਰ ਮੇਚਣ ਵਾਲੀ ਗਲਪੀ-ਭਾਸ਼ਾ ਦੀ ਸਿਰਜਣ ਸ਼ਕਤੀ ਉਤੇ ਭਰੋਸਾ ਕਰਨਾ ਸਿੱਖੇਗਾ ਅਤੇ ਸ਼ਬਦ ਦੀਆਂ ਨਵੀਆਂ ਸੰਭਾਵਨਾਵਾਂ ਜਗਾਉਣ ਨੂੰ ਆਪਣਾ ਮੂਲ ਮੰਤਰ ਬਣਾਵੇਗਾ।