ਗੁਰਬਚਨ ਸਿੰਘ
ਫੋਨ: 91-98156-98451
ਮਨੁੱਖ ਜਾਤੀ ਦਾ ਭਵਿੱਖ ਇਸ ਗੱਲ ‘ਤੇ ਨਿਰਭਰ ਨਹੀਂ ਕਰਦਾ ਕਿ ਕੁਝ ਪ੍ਰਭਾਵਸ਼ਾਲੀ ਸਾਮਰਾਜੀ (ਪੂੰਜੀਵਾਦੀ) ਦੇਸਾਂ ਦੇ ਲੀਡਰ ਕੀ ਸੋਚਦੇ ਹਨ ਜਾਂ ਹੁਣ ਤੱਕ ਸਾਮਰਾਜੀ ਟੁਕੜਿਆਂ ਉਤੇ ਪਲਦੇ ਆ ਰਹੇ ਪੱਛੜੇ ਦੇਸਾਂ ਵਿਚਲੇ ਉਨ੍ਹਾਂ ਦੇ ਦਲਾਲ ਕੀ ਨੀਤੀਆਂ ਅਪਨਾਉਂਦੇ ਹਨ? ਸਗੋਂ ਇਸ ਦਾ ਫੈਸਲਾ ਘੋਰ ਸਾਮਰਾਜੀ ਸੰਕਟ ਵਿਚ ਫਸੇ ਸਾਮਰਾਜੀ ਤਾਣੇ-ਬਾਣੇ ਅੰਦਰਲੇ ਵਿਰੋਧਾਂ ਅਤੇ ਲੋਕ ਸਮੂਹਾਂ ਵੱਲੋਂ ਅਪਨਾਈ ਗਈ ਠੀਕ ਰਾਜਨੀਤਕ ਦਿਸ਼ਾ ਨੇ ਕਰਨਾ ਹੈ। ਸਾਮਰਾਜੀ ਪੂੰਜੀਵਾਦ ਦੇ ਵਜੂਦ ਸਮੋਏ ਲੱਛਣ-ਅੰਤਹੀਣ ਲਾਲਚ ਤੇ ਮੁਨਾਫੇ ਦੇ ਰੂਪ ਵਿਚ ਪੂੰਜੀ ਦੀ ਹਾਬੜ ਕਾਰਨ, ਇਨ੍ਹਾਂ ਸਾਮਰਾਜੀਆਂ ਵਿਚਕਾਰ ਚੱਲ ਰਹੇ ਸਿਰ ਵੱਢਵੇਂ ਵੈਰ ਅਤੇ ਇਨ੍ਹਾਂ ਦੀਆਂ ਨੀਤੀਆਂ ਕਾਰਨ ਫੈਲੀ ਅੰਨ੍ਹੀ ਅਰਾਜਕਤਾ, ਇਨ੍ਹਾਂ ਨੂੰ ਇਨ੍ਹਾਂ ਦੇ ਅੰਤ ਵੱਲ ਲਗਾਤਾਰ ਧੱਕੀ ਜਾ ਰਹੀ ਹੈ। ਇਨ੍ਹਾਂ ਤਿੱਖੀਆਂ ਹੋਈਆਂ ਵਿਰੋਧਤਾਈਆਂ ਦੇ ਮੌਕਾ-ਮੇਲ ਨੇ ਇਨ੍ਹਾਂ ਨੂੰ ਪਹਿਲਾਂ ਵੀ ਦੋ ਸਾਮਰਾਜੀ ਸੰਸਾਰ ਜੰਗਾਂ ਲੜਨ ਵੱਲ ਧੱਕਿਆ ਸੀ ਅਤੇ ਇਹੀ ਵੇਗ ਹੁਣ ਇਨ੍ਹਾਂ ਨੂੰ ਤੀਜੀ ਸਾਮਰਾਜੀ ਸੰਸਾਰ ਜੰਗ ਲੜਨ ਵੱਲ ਧੱਕ ਰਿਹਾ ਹੈ। ਇਹ ਠੀਕ ਹੈ ਕਿ ਪ੍ਰਮਾਣੂ ਬੰਬਾਂ ਦੀ ਭਿਆਨਕਤਾ ਕਾਰਨ ਸਾਰੇ ਸਾਮਰਾਜੀਆਂ ਨੂੰ ਨਜ਼ਰ ਆ ਰਹੀ ਆਪਸੀ ਯਕੀਨੀ ਤਬਾਹੀ (ੁੰਟੁਅਲ Aਸਸੁਰeਦ ਧeਸਟਰੁਚਟਿਨ) ਅਜੇ ਤੱਕ ਇਨ੍ਹਾਂ ਨੂੰ ਇਹ ਜੰਗ ਲਾਉਣ ਤੋਂ ਰੋਕ ਰਹੀ ਹੈ ਪਰ ਦੂਜੇ ਪਾਸੇ ਨਜ਼ਰ ਆ ਰਿਹਾ ਆਪਣਾ ਅੰਤ ਇਨ੍ਹਾਂ ਨੂੰ ਕਿੰਨਾ ਕੁ ਚਿਰ ਇਹ ਭਿਆਨਕ ਕਾਰਾ ਕਰਨ ਤੋਂ ਰੋਕੇਗਾ, ਇਹ ਵੇਖਣ ਵਾਲਾ ਹੈ।
ਨਿਰਸੰਦੇਹ ਇਸ ਸਮੇਂ ਦੌਰਾਨ ਜੇ ਸੰਸਾਰ ਭਰ ਦੇ ਲੋਕਾਂ ਨੇ ਦਰੁੱਸਤ ਰਾਜਨੀਤੀ ਅਧੀਨ ਇਨ੍ਹਾਂ ਸਾਮਰਾਜੀਆਂ ਵਿਰੁਧ ਆਪਣੇ-ਆਪ ਨੂੰ ਲਾਮਬੰਦ ਅਤੇ ਜਥੇਬੰਦ ਕਰ ਲਿਆ ਤਾਂ ਇਸ ਸੰਕਟ ਦੌਰਾਨ ਇਨ੍ਹਾਂ ਸਾਮਰਾਜੀਆਂ ਦਾ ਸਦਾ ਲਈ ਫਸਤਾ ਵੀ ਵੱਢਿਆ ਜਾ ਸਕਦਾ ਹੈ। ਦਰੁਸਤ ਰਾਜਨੀਤੀ ਦਾ ਪੈਮਾਨਾ ਕੁਦਰਤੀ ਨੇਮਾਂ (ਭਾਵ ਹੁਕਮੁ ਜਾਂ ਭੌਤਿਕਵਾਦੀ ਫ਼ਲਸਫ਼ੇ) ਤੋਂ ਪ੍ਰੇਰਣਾ ਲੈ ਰਹੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਮਨੁੱਖਘਾਤੀ ਸਾਮਰਾਜੀ ਪ੍ਰਬੰਧ ਵਿਰੁਧ ਲਾਮਬੰਦ ਕਰਕੇ, ਉਨ੍ਹਾਂ ਨੂੰ ਰਾਜਸੀ ਹਰਕਤ ਵਿਚ ਲਿਆਉਣਾ ਅਤੇ ਇਸ ਹਰਕਤ ਨੂੰ ਰਾਜਸੀ ਹਮਲੇ ਦਾ ਰੂਪ ਦੇਣਾ ਹੈ। ਇਹ ਤਾਂ ਹੀ ਸੰਭਵ ਹੈ ਜੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਸਾਮਰਾਜੀ ਪ੍ਰਬੰਧ ਦੀ ਮਨੁੱਖਘਾਤੀ ਫਿਤਰਤ ਬਾਰੇ ਸਪੱਸ਼ਟ ਜਾਣਕਾਰੀ ਦਿੱਤੀ ਜਾਵੇ। ਇਸ ਸੱਚ ਦੀ ਸਹੀ ਜਾਣਕਾਰੀ ਹੀ ਲੋਕ ਸਮੂਹਾਂ ਨੂੰ ਹਰਕਤਸ਼ੀਲ ਕਰੇਗੀ ਅਤੇ ਉਨ੍ਹਾਂ ਨੂੰ ਜਥੇਬੰਦ ਹੋਣ ਲਈ ਪ੍ਰੇਰੇਗੀ।
ਮੁਸਲਿਮ ਭਾਈਚਾਰਾ ਅੱਜ ਇਕੱਲਾ ਹੀ ਪੱਛਮੀ ਸਾਮਰਾਜੀ ਸਭਿਅਤਾ ਨਾਲ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ। ਪਰ ਧਿਆਨ ਵਿਚ ਰਹੇ ਕਿ ਸਾਮਰਾਜੀ ਪ੍ਰਬੰਧ ਵੱਲੋਂ ਫੈਲਾਈ ਜਾ ਰਹੀ ਮਨੁੱਖਹੀਣਤਾ ਦੀ ਦੁਸ਼ਮਣੀ ਸਾਰੇ ਹੀ ਧਰਮਾਂ ਦੇ ਲੋਕਾਂ ਨਾਲ ਹੈ, ਇਕੱਲੇ ਇਸਲਾਮ ਨਾਲ ਨਹੀਂ। ਅਸਲ ਵਿਚ ਮਨੁੱਖ ਜਾਤੀ ਦੀ ਆਖਰੀ ਬੌਧਿਕ ਬਹਿਸ ਸਾਰੇ ਧਰਮਾਂ ਵਿਚਲੀਆਂ ਕੁਦਰਤੀ ਫ਼ਿਲਾਸਫ਼ੀ ਦੀਆਂ ਧਾਰਨਾਵਾਂ ਨਾਲ ਜੁੜ ਕੇ ਹੋਣੀ ਹੈ। ਸਾਰੇ ਧਰਮ ਕੁਦਰਤ, ਮਨੁੱਖ ਅਤੇ ਰੱਬ ਦੇ ਰਿਸ਼ਤੇ ਦੁਆਲੇ ਘੁੰਮਦੇ ਹਨ। ਸਾਰੇ ਧਰਮਾਂ ਵਿਚਲੇ ਜਿਹੜੇ ਸੰਕਲਪ ਹਕੀਕਤ ਵਿਚ ਕੁਦਰਤੀ ਸੱਚ ਉਤੇ ਆਧਾਰਤ ਅਤੇ ਅਮਲ ਯੋਗ ਹੋਣਗੇ, ਓਹੀ ਚਿਰ ਸਦੀਵੀ ਰਹਿਣਗੇ।
ਮਿਸਾਲ ਦੇ ਤੌਰ ‘ਤੇ ਇਸਾਈ ਜਗਤ ਦੇ ਸਭ ਤੋਂ ਸਤਿਕਾਰਤ ਤੇ ਕੈਥੋਲਿਕ ਚਰਚ ਦੇ ਮੁਖੀ ਪੋਪ ਨੇ ਆਪਣੇ ਇਕ ਹੁਕਮਨਾਮੇ ਵਿਚ ਰੱਬ ਦੀ ਸਾਰੀ ਨਾਰੀਵਾਦੀ ਵਿਆਖਿਆ ਨੂੰ ਰੱਦ ਕਰਦਿਆਂ ਇਸ ਨੂੰ ਇਸਾਈ ਧਰਮ ਦੇ ਸਿਧਾਂਤਾਂ ਦੇ ਉਲਟ ਦੱਸਿਆ ਹੈ। ਉਨ੍ਹਾਂ ਨੇ ਇਹ ਗੱਲ ਫਿਰ ਦੁਹਰਾਈ ਹੈ ਕਿ ਰੱਬ (ਘੋਦ) ਦਾ ਸਤਿਕਾਰ ਹਮੇਸ਼ਾ “ਸਾਡੇ ਪਿਤਾ” ਦੇ ਤੌਰ ‘ਤੇ ਹੀ ਰਹੇਗਾ। ਪੋਪ ਦੇ ਕਥਨ ਅਨੁਸਾਰ “ਜਿਸ ਨੂੰ ਵੀ ਇਸਾਈ ਧਰਮ ਵਿਚ ਸ਼ਾਮਲ ਕਰਨ ਵੇਲੇ ਰੱਬ ਨੂੰ ਸਿਰਜਣਹਾਰ, ਮੁਕਤੀਦਾਤਾ ਜਾਂ ਬਖਸ਼ਣਹਾਰ ਦੇ ਤੌਰ ‘ਤੇ ਦੱਸਿਆ ਜਾਵੇਗਾ, ਪਰੰਪਰਾ ਅਨੁਸਾਰ ਉਸ ਨੂੰ ਇਹ ਰਸਮ ਦੁਬਾਰਾ ਕਰਨੀ ਪਵੇਗੀ।” ਪੋਪ ਅਨੁਸਾਰ “ਇਹ ਸਾਰੇ ਵਖਰੇਵੇਂ ਧਰਮ ਦੀ ਅਖੌਤੀ ਨਾਰੀਵਾਦੀ ਵਿਆਖਿਆ ਵਿਚੋਂ ਪੈਦਾ ਹੁੰਦੇ ਹਨ ਅਤੇ ਪਿਤਾ ਤੇ ਪੁੱਤਰ ਦੇ ਰਿਸ਼ਤੇ ਤੋਂ ਬਚਣ ਦੇ ਇਕ ਉਪਾਅ ਵਜੋਂ ਵਰਤੇ ਜਾਂਦੇ ਹਨ, ਜਿਸ ਨੂੰ ਮਰਦ (ਛਹਅੁਵਨਸਿਟਚਿ) ਹਉਮੈ ਵਜੋਂ ਪੇਸ਼ ਕੀਤਾ ਜਾਂਦਾ ਹੈ।” ਪੋਪ ਅਨੁਸਾਰ ਇਸ ਦੀ ਬਜਾਇ ‘ਪਿਤਾ-ਪੁੱਤਰ ਅਤੇ ਪਵਿੱਤਰ ਆਤਮਾ’ ਵਾਲਾ ਰੂਪ ਹੀ ਪ੍ਰਵਾਨ ਕੀਤਾ ਜਾਣਾ ਚਾਹੀਦਾ ਹੈ। ਵੈਟੀਕਨ (ਰੋਮ) ਦੇ ਮੁਖੀ ਪੋਪ ਨੇ ਇਹ ਵੀ ਕਿਹਾ ਹੈ ਕਿ ਜਿਸ ਕਿਸੇ ਨੂੰ ਵੀ ਰੱਬ ਦੀ ਨਾਰੀਵਾਦੀ ਵਿਆਖਿਆ ਕਰਕੇ ਇਸਾਈ ਧਰਮ ਵਿਚ ਸ਼ਾਮਿਲ ਕੀਤਾ ਜਾਵੇਗਾ, ਉਸ ਦੇ ਵਿਆਹ ਨੂੰ ਧਾਰਮਿਕ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ। ਇਕ ਕਾਰਡੀਨਲ ਅਨੁਸਾਰ ਜਿਹੜਾ ਵੀ ਕੋਈ ਪਾਦਰੀ ਕਿਸੇ ਨੂੰ ਰੱਬ ਦੀ ਲਿੰਗ ਨਿਰਲੇਪ ਰੂਪ ਵਿਚ ਵਿਆਖਿਆ ਕਰਕੇ ਇਸਾਈ ਧਰਮ ਵਿਚ ਸ਼ਾਮਿਲ ਕਰਦਾ ਹੈ, ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ।
ਪੋਪ ਨੇ ਆਪਣੇ ਹੁਕਮਨਾਮੇ ਵਿਚ ਰੱਬ ਦੀ ਨਾਰੀਵਾਦੀ ਵਿਆਖਿਆ ਦਾ ਡਟਵਾਂ ਵਿਰੋਧ ਕਰਦਿਆਂ ਲਿਖਿਆ ਹੈ ਕਿ “ਅਸਲ ਵਿਚ ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਜੋ ਕੁਝ ਨਾਰੀਵਾਦੀ ਆਪਣੀ ਤਿੱਖੀ ਸੁਰ ਵਿਚ ਪ੍ਰਚਾਰਦੇ ਹਨ, ਉਹ ਸਾਡੀ ਸਮਝ ਵਿਚ ਆਉਂਦੀ ਇਸਾਈਅਤ ਤਾਂ ਨਹੀਂ, ਉਹ ਕੋਈ ਹੋਰ ਧਰਮ ਹੈ।” ਇਸਾਈ ਧਰਮ ਦੀ ਨਾਰੀਵਾਦੀ ਵਿਆਖਿਆ ਦੇ ਪੈਰੋਕਾਰ ਤੇ ਕੈਲੀਫੋਰਨੀਆ ਦੀ ਧਰਮ ਯੂਨੀਅਨ ਦੇ ਡਿਗਰੀ ਯਾਫਤਾ ਪ੍ਰੋæ ਰੋਜਮਰੀ ਰੈਡਫੋਰਡ ਰਿਊਥਰ ਨੇ ਇਸ ਹੁਕਮਨਾਮੇ ਬਾਰੇ ਟਿੱਪਣੀ ਕਰਦਿਆਂ ਕਿਹਾ ਹੈ, ਕਿ ‘ਉਦਾਰ’ ਕੈਥੋਲਿਕ (ਇਸਾਈ) ਪੋਪ ਨੂੰ ਆਪਣਾ ਪੋਪ ਹੀ ਨਹੀਂ ਮੰਨਦੇ। ਰੱਬ ਦੀ ਇਹ ਨਾਰੀਵਾਦੀ ਵਿਆਖਿਆ ਉਤਰੀ ਅਮਰੀਕਾ ਵਿਚ ਸ਼ੁਰੂ ਹੋਈ ਸੀ ਅਤੇ ਇੰਗਲੈਂਡ ਦੇ ਚਰਚ ਨੂੰ ਵੀ ਪ੍ਰਵਾਨ ਹੈ। ਭਾਵੇਂ ਕਿ ਕੈਥੋਲਿਕ ਚਰਚ ਅਤੇ ਇੰਗਲੈਂਡ ਦਾ ਚਰਚ ਇਸ ਮਸਲੇ ‘ਤੇ ਵੰਡੇ ਹੋਏ ਹਨ। ਇੰਗਲੈਂਡ ਦੇ ਚਰਚ ਕੈਂਟਨਬਰੀ ਦੇ ਮੁਖੀ ਰੋਵਰ ਵਿਲੀਅਮ ਅਤੇ ਪੋਪ ਰੋਮ ਵਿਚ ਮਿਲੇ ਸਨ ਅਤੇ ਉਨ੍ਹਾਂ ਇਹ ਮੰਨਿਆ ਸੀ ਕਿ ਔਰਤ ਪਾਦਰੀਆਂ ਦੀ ਨਿਯੁਕਤੀ ਦੋਹਾਂ ਚਰਚਾਂ ਦੀ ਨੇੜਤਾ ਵਿਚ ਇਕ ਗੰਭੀਰ ਰੁਕਾਵਟ ਹੈ।
ਹਕੀਕਤ ਇਹ ਹੈ ਕਿ ਪਿਛਲੀਆਂ ਦੋ ਸਦੀਆਂ ਤੋਂ ਇਸਾਈ ਧਰਮ ਦੇ ਪੈਰੋਕਾਰਾਂ ਵਿਚ ‘ਰੱਬ’ ਦੀ ਇਕ ਪਿਤਾ ਵਜੋਂ ਵਿਆਖਿਆ ਬਾਰੇ ਬੜੀ ਤਿੱਖੀ ਬਹਿਸ ਛਿੜੀ ਹੋਈ ਹੈ। ਜਿਵੇਂ ਜਿਵੇਂ ਯੂਰਪ ਅੰਦਰ ਔਰਤਾਂ ਦੀ ਮਰਦਾਂ ਨਾਲ ਬਰਾਬਰੀ ਦੀ ਲਹਿਰ ਨੇ ਜ਼ੋਰ ਫੜਿਆ, ਤਿਵੇਂ ਤਿਵੇਂ ਹੀ ਇਸ ਅੰਦੋਲਨ ਦੇ ਪੈਰੋਕਾਰਾਂ ਨੇ ਰੱਬ ਦੀ ਇਸ ਮਰਦ ਪ੍ਰਧਾਨ ਵਿਆਖਿਆ ਦੀ ਆਲੋਚਨਾ ਕਰਨੀ ਸ਼ੁਰੂ ਕਰ ਦਿੱਤੀ। ਕੁਝ ਧਾਰਮਿਕ ਵਿਦਵਾਨਾਂ ਨੇ ਵਿਚਲਾ ਰਸਤਾ ਲੱਭਦਿਆਂ ਰੱਬ ਦੀ ਸਿਰਜਣਹਾਰ, ਮੁਕਤੀਦਾਤਾ ਜਾਂ ਪਵਿੱਤਰ ਬਖਸ਼ਿੰਦ ਦੇ ਤੌਰ ‘ਤੇ ਵਿਆਖਿਆ ਕਰਨੀ ਸ਼ੁਰੂ ਕਰ ਦਿੱਤੀ, ਪਰ ਇਸਾਈ ਧਰਮ ਦੀ ਰਵਾਇਤੀ ਪਰੰਪਰਾ ਇਸ ਵਿਆਖਿਆ ਦੀ ਪੁਸ਼ਟੀ ਨਹੀਂ ਕਰਦੀ। ਇਸ ਲਈ ਰਵਾਇਤੀ ਤੇ ਇਸ ਉਦਾਰ ਵਿਆਖਿਆ ਵਿਚਕਾਰ ਟਕਰਾਅ ਚੱਲਿਆ ਆ ਰਿਹਾ ਹੈ, ਜਿਸ ਨੂੰ ਪੋਪ ਨੇ ਆਪਣੇ ਇਸ ਹੁਕਮਨਾਮੇ ਨਾਲ ਇਕਪਾਸੜ ਤੌਰ ‘ਤੇ ਹੱਲ ਕਰਨ ਦਾ ਯਤਨ ਕੀਤਾ ਹੈ।
ਪੋਪ ਦੇ ਇਸ ਹੁਕਮਨਾਮੇ ਤੋਂ ਬਾਅਦ ਹੁਣ ਜਿਹੜੇ ਲੋਕ ਇਹ ਸੋਚਦੇ ਹਨ ਕਿ ਸਾਰੇ ਧਰਮ ਇਕੋ ਜਿਹੇ ਹਨ, ਉਨ੍ਹਾਂ ਨੂੰ ਮੁੜ ਸੋਚਣ ਦੀ ਲੋੜ ਹੈ। ਜਿਹੜੇ ਅਖੌਤੀ ਵਿਦਵਾਨ ਇਹ ਸੋਚਦੇ ਹਨ ਕਿ ਸਾਰੇ ਧਰਮਾਂ ਦੇ ਰੱਬ ਦਾ ਸੰਕਲਪ ਇਕੋ ਜਿਹਾ ਹੈ, ਉਨ੍ਹਾਂ ਨੂੰ ਵੀ ਮੁੜ ਸੋਚਣ ਦੀ ਲੋੜ ਹੈ ਅਤੇ ਜਿਹੜੇ ‘ਕਮਿਊਨਿਸਟ’ ਇਹ ਸੋਚਦੇ ਹਨ ਕਿ ਸਾਰੇ ਧਰਮ ਅੰਧਵਿਸ਼ਵਾਸ ਫੈਲਾਉਂਦੇ ਹਨ, ਜੇ ਉਹ ਸੱਚਮੁੱਚ ਕਮਿਊਨਿਸਟ ਸਮਾਜ ਦੀ ਸਿਰਜਣਾ ਕਰਨੀ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਵੀ ਆਪਣੀ ਸੋਚ ‘ਤੇ ਮੁੜ ਗੌਰ ਕਰਨ ਦੀ ਲੋੜ ਹੈ। ਕਿਉਂਕਿ ਸਾਰੇ ਧਰਮ ਇਤਿਹਾਸ ਦੇ ਅੱਡ-ਅੱਡ ਪੜਾਵਾਂ ‘ਤੇ ਵੱਖ-ਵੱਖ ਸਮਿਆਂ ਵਿਚ ਪ੍ਰਗਟ ਹੋਏ ਹਨ, ਇਸ ਲਈ ਸਾਰੇ ਧਰਮਾਂ ਦੀ ਰੱਬ ਦੇ ਸਰੂਪ ਬਾਰੇ ਕਲਪਨਾ ਵੱਖਰੀ-ਵੱਖਰੀ ਹੈ। ਮਿਸਾਲ ਦੇ ਤੌਰ ‘ਤੇ ਸਿੱਖ ਧਰਮ ਕਰਤਾ (ਰੱਬ) ਦੀ ਮਰਦ ਪ੍ਰਧਾਨ ਵਿਆਖਿਆ ਨੂੰ ਰੱਦ ਕਰਦਿਆਂ ਬੜਾ ਸਪੱਸ਼ਟ ਐਲਾਨ ਕਰਦਾ ਹੈ,
ਤੁਮ ਮਾਤ ਪਿਤਾ ਹਮ ਬਾਰਿਕ ਤੇਰੇ॥
(ਗੁਰੂ ਗ੍ਰੰਥ ਸਾਹਿਬ, ਪੰਨਾ 268)
ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ॥
(ਗੁਰੂ ਗ੍ਰੰਥ ਸਾਹਿਬ, ਪੰਨਾ 103)
ਗੁਰੂ ਸਾਹਿਬ ਅਨੇਕਾਂ ਥਾਂ ਕਰਤਾ ਨੂੰ ਔਰਤ ਦੇ ਰੂਪ ਵਿਚ ਵੇਖਦੇ ਹਨ। ਇਕ ਥਾਂ ਉਹ ਇਥੋਂ ਤੱਕ ਕਹਿੰਦੇ ਹਨ ਕਿ ਜਿਵੇਂ ਮਾਤਾ ਆਪਣੇ ਪੁੱਤਰਾਂ ਦੇ ਅਪਰਾਧਾਂ ਨੂੰ ਚੇਤੇ ਨਹੀਂ ਰੱਖਦੀ, ਇਸੇ ਤਰ੍ਹਾਂ, ਹੇ ਰੱਬ ਤੂੰ ਵੀ ਮੇਰੇ ਔਗੁਣਾਂ ਨੂੰ ਭੁਲਾ ਦੇ। ਗੁਰੂ ਨਾਨਕ ਸਾਹਿਬ ਤਾਂ ਕੁਦਰਤੀ ਸੱਚ ਦੀ ਵਿਆਖਿਆ ਕਰਦੇ ਹੋਏ ਇਸ ਤੋਂ ਵੀ ਅੱਗੇ ਜਾਂਦੇ ਹਨ। ਔਰਤ-ਮਰਦ ਦੀ ਬਰਾਬਰੀ ਬਾਰੇ ਪ੍ਰਚਾਰੀ ਜਾਂਦੀ, ਉਨ੍ਹਾਂ ਦੀ ਇਹ ਧਾਰਨਾ, ‘ਸੋ ਕਿਉ ਮੰਦਾ ਆਖੀਐ ਜਿਤੁ ਜਮਹਿ ਰਾਜਾਨੁ’ ਤੋਂ ਅੱਗੇ ਜਾਂਦੇ ਉਹ ਫੁਰਮਾਉਂਦੇ ਹਨ,
ਭੰਡਹੁ ਹੀ ਭੰਡ ਉਪਜੈ
ਭੰਡਹਿ ਬਾਜ ਨ ਕੋਇ॥
ਨਾਨਕ ਭੰਡਹਿ ਬਾਹਰਾ
ਇਕੋ ਸੱਚਾ ਸੋਇ॥
(ਗੁਰੂ ਗ੍ਰੰਥ ਸਾਹਿਬ, ਪੰਨਾ 473)
ਭਾਵ ਔਰਤ ਤੋਂ ਹੀ ਔਰਤ ਪੈਦਾ ਹੁੰਦੀ ਹੈ ਅਤੇ ਔਰਤ ਤੋਂ ਬਿਨਾਂ ਕੋਈ ਮਨੁੱਖੀ ਜੀਵਨ ਕਿਆਸਿਆ ਵੀ ਨਹੀਂ ਜਾ ਸਕਦਾ। ਇਥੇ ਇਹ ਧਾਰਨਾ ਵੀ ਠੀਕ ਨਹੀਂ ਜਾਪਦੀ ਕਿ ਸਾਰੇ ਧਰਮਾਂ ਦੇ ਲੋਕ ਹੀ ਆਪਣੇ ਆਪਣੇ ਧਰਮ ਨੂੰ ਦੂਜੇ ਧਰਮਾਂ ਤੋਂ ਉਚਾ ਵਿਖਾਉਣ ਦੇ ਯਤਨ ਕਰਦੇ ਹਨ। ਅਸਲ ਗੱਲ ਇਹ ਹੈ ਕਿ ਜਿਹੜਾ ਧਰਮ ਕੁਦਰਤੀ ਸੱਚ ਦੇ ਜ਼ਿਆਦਾ ਨੇੜੇ ਹੈ, ਉਸ ਦੀ ਹੋਂਦ ਕਾਇਮ ਰਹਿਣੀ ਅਟੱਲ ਹੈ। ਹੁਣ ਜੇ ਇਸਾਈ ਧਰਮ ਦੇ ਲੋਕ ਹੀ ਆਪਣੀਆਂ ਮਾਨਤਾਵਾਂ ‘ਤੇ ਕਿੰਤੂ-ਪ੍ਰੰਤੂ ਕਰਨ ਲੱਗੇ ਹਨ ਤਾਂ ਇਹ ਵਰਤਾਰਾ ਸਮਾਜਿਕ ਵਿਕਾਸ ਦੀ ਦੱਸ ਪਾਉਂਦਾ ਹੈ ਕਿ ਹੁਣ ਦੇ ਸਮਿਆਂ ਵਿਚ ਰੱਬ ਨੂੰ ਇਕੱਲੇ ਮਰਦ ਨਾਲ ਤੁਲਨਾ ਦੇ ਕੇ ਤੁਸੀਂ ਆਪਣੇ ਹੀ ਧਰਮ ਦੀਆਂ ਔਰਤਾਂ ਨੂੰ ਰੂਹਾਨੀ ਤੌਰ ‘ਤੇ ਸੰਤੁਸ਼ਟ ਨਹੀਂ ਕਰ ਸਕਦੇ। ਇਸ ਦੁਬਿਧਾ ਕਾਰਨ ਹੀ ਇਸਾਈ ਧਰਮ ਨੂੰ ਮੰਨਣ ਵਾਲੇ ਲੋਕਾਂ ਦਾ ਇਕ ਹਿੱਸਾ ਆਪਣੀਆਂ ਪਰੰਪਰਾਵਾਂ ਤੋਂ ਮੁਨਕਿਰ ਹੋ ਰਿਹਾ ਹੈ।
ਅਸਲ ਵਿਚ ਉਹੀ ਧਰਮ ਬਚੇਗਾ ਜੋ ਕੁਦਰਤੀ ਸੱਚਾਈ ਦੇ ਜ਼ਿਆਦਾ ਨੇੜੇ ਹੋਵੇਗਾ ਅਤੇ ਕੁਦਰਤੀ ਹੁਕਮ ‘ਤੇ ਪੂਰਾ ਉਤਰੇਗਾ। ਇਸ ਸਬੰਧੀ ਗੁਰਮਤਿ ਨੇ ਇਸਲਾਮ ਧਰਮ ਨਾਲ ਵੀ ਬੜੀ ਗੰਭੀਰ ਚਰਚਾ ਕੀਤੀ ਹੈ। ਅਸਲ ਵਿਚ ਗੁਰਮਤਿ ਨੇ ਔਰਤ-ਮਰਦ ਦੇ ਕੁਦਰਤੀ ਰਿਸ਼ਤੇ ਦੀ, ਹੁਣ ਤੱਕ ਦੀ, ਸਭ ਤੋਂ ਖੂਬਸੂਰਤ ਵਿਆਖਿਆ ਕੀਤੀ ਹੈ। ਗੁਰਮਤਿ ਅਨੁਸਾਰ ਔਰਤ-ਮਰਦ ਇਕ-ਦੂਜੇ ਦੇ ਅਰਧ-ਸਰੀਰੀ ਹਨ, ਕਿਉਂਕਿ ਕੁਦਰਤੀ ਨੇਮਾਂ ਅਨੁਸਾਰ ਔਰਤ-ਮਰਦ ਦੇ ਰਿਸ਼ਤੇ ਬਿਨਾਂ ਮਨੁੱਖੀ ਨਸਲ ਅੱਗੇ ਨਹੀਂ ਤੋਰੀ ਜਾ ਸਕਦੀ। ਇਸ ਲਈ ਔਰਤ-ਮਰਦ ਇਕ-ਦੂਜੇ ਤੋਂ ਆਜ਼ਾਦ ਨਹੀਂ, ਜਿਵੇਂ ਕਿ ਪੱਛਮੀ ਸਾਮਰਾਜੀ ਸਭਿਅਤਾ ਪ੍ਰਚਾਰਦੀ ਹੈ, ਸਗੋਂ ਦੋਵੇਂ ਇਕ-ਦੂਜੇ ਦੇ ਪੂਰਕ ਹਨ। ਗੁਰਮਤਿ ਨੇ ਭਗਤ ਕਬੀਰ ਦੇ ਰੂਪ ਵਿਚ ਇਸਲਾਮ ਵਿਚਲੀ ਸੁੰਨਤ ਦੀ ਪਰੰਪਰਾ ਨੂੰ ਵੀ ਇਸੇ ਆਧਾਰ ‘ਤੇ ਰੱਦ ਕੀਤਾ ਹੈ। ਭਗਤ ਕਬੀਰ ਦੇ ਬਚਨ ਹਨ,
ਸਕਤਿ ਸਨੇਹੁ ਕਰਿ ਸੁੰਨਤਿ ਕਰੀਐ
ਮੈ ਨ ਬਦਉਗਾ ਭਾਈ॥
ਜਉ ਰੇ ਖੁਦਾਇ ਮੋਹਿ ਤੁਰਕੁ ਕਰੈਗਾ
ਆਪਨ ਹੀ ਕਟਿ ਜਾਈ॥੨॥
ਸੁੰਨਤਿ ਕੀਏ ਤੁਰਕੁ ਜੇ ਹੋਇਗਾ
ਅਉਰਤ ਕਾ ਕਿਆ ਕਰੀਐ॥
ਅਰਧ ਸਰੀਰੀ ਨਾਰਿ ਨ ਛੋਡੈ
ਤਾ ਤੇ ਹਿੰਦੂ ਹੀ ਰਹੀਐ॥੩॥
(ਗੁਰੂ ਗ੍ਰੰਥ ਸਾਹਿਬ, ਪੰਨਾ 477)
ਭਗਤ ਕਬੀਰ ਇਸਲਾਮ ਵਿਚਲੀ ਇਕ ਬਹੁਤ ਵੱਡੀ ਪਰੰਪਰਾ, ਜਿਸ ਵਿਚ ਛੋਟੇ ਬੱਚਿਆਂ ਦੀ ਬਾਲਪਨ ਵਿਚ ਹੀ ਸੁੰਨਤ (ਇੰਦ੍ਰੀ ਦਾ ਮਾਸ ਕੱਟਣਾ) ਕੀਤੀ ਜਾਂਦੀ ਹੈ, ਪ੍ਰਤੀ ਸੁਆਲੀਆ ਚਿੰਨ੍ਹ ਲਾਉਂਦੇ ਪੁੱਛਦੇ ਹਨ ਕਿ ਜੇ ਔਰਤ ਨਾਲ ਪਿਆਰ ਕਰਨ ਵਾਸਤੇ ਸੁੰਨਤ ਕੀਤੀ ਜਾਂਦੀ ਹੈ ਤਾਂ ਮੈਂ ਇਸ ਨੂੰ ਪ੍ਰਵਾਨ ਨਹੀਂ ਕਰਦਾ ਤੇ ਜੇ ਇਹ ਕੁਦਰਤੀ ਨਿਯਮ ਹੈ ਤਾਂ ਫਿਰ ਕੁਦਰਤ ਨੇ ਮੈਨੂੰ ਇਸ ਤਰ੍ਹਾਂ ਹੀ ਪੈਦਾ ਕਰਨਾ ਸੀ ਤੇ ਇਹ ਇੰਦ੍ਰੀ ਆਪਣੇ-ਆਪ ਹੀ ਕਟ ਜਾਣੀ ਸੀ। ਭਾਵ ਸੁੰਨਤ ਕੋਈ ਕੁਦਰਤੀ ਵਰਤਾਰਾ ਨਹੀਂ ਤੇ ਜੇ ਇਹ ਕੁਦਰਤ ਦੀ ਕੋਈ ਲੋੜ ਹੁੰਦੀ ਤਾਂ ਉਸ ਨੇ ਪਹਿਲਾਂ ਹੀ ਮਨੁੱਖ ਦੀ ਸੁੰਨਤ ਕਰਕੇ ਭੇਜਣਾ ਸੀ। ਆਪਣੇ ਇਸ ਤਰਕ ਨੂੰ ਹੋਰ ਗੰਭੀਰ ਰੂਪ ਦਿੰਦਿਆਂ ਭਗਤ ਕਬੀਰ ਬਚਨ ਕਰਦੇ ਹਨ ਕਿ ਜੇ ਸੁੰਨਤ ਕੀਤਿਆਂ ਹੀ ਤੁਰਕ ਬਣਿਆ ਜਾਂਦਾ ਹੈ ਤਾਂ ਫਿਰ ਔਰਤ ਦਾ ਕੀ ਕਰੋਗੇ। ਅਰਧ ਸਰੀਰੀ ਨਾਰ ਨੂੰ ਛੱਡਿਆ ਤੇ ਜਾ ਨਹੀਂ ਸਕਦਾ, ਫਿਰ ਚੰਗਾ ਹੈ ਕਿ ਤੁਰਕ ਬਣਨ ਨਾਲੋਂ ਹਿੰਦੂ ਹੀ ਰਹੀਏ।
ਆਪਣੀ ਇਸ ਇਕੋ ਦਲੀਲ ਵਿਚ ਭਗਤ ਕਬੀਰ ਬਹੁਤ ਵੱਡੇ ਕੁਦਰਤੀ ਸੱਚ ਨੂੰ ਪ੍ਰਗਟ ਕਰਦੇ ਹਨ ਕਿ ਔਰਤ ਅਤੇ ਮਰਦ ਦੋਵੇਂ ਇਕ ਦੂਜੇ ਦੇ ਪੂਰਕ ਹਨ। ਦੋਵੇਂ ਇਕ ਦੂਜੇ ਦੇ ਅਰਧ ਸਰੀਰੀ ਹਨ ਅਤੇ ਜਿਹੜਾ ਕੁਦਰਤੀ ਕਾਨੂੰਨ ਦੋਵਾਂ ਉਤੇ ਲਾਗੂ ਨਹੀਂ ਹੋ ਸਕਦਾ, ਉਹ ਇਕੱਲੇ ਮਰਦ ਉਤੇ ਲਾਗੂ ਕਰਨਾ ਜਚਦਾ ਨਹੀਂ।
ਗੁਰਮਤਿ ਨੇ ਭਾਵੇਂ ਕੁਦਰਤ ਅਤੇ ਮਨੁੱਖ ਦੇ ਸਿੱਧੇ ਰਿਸ਼ਤੇ ਦੀ ਬੜੀ ਭਰਪੂਰ ਵਿਆਖਿਆ ਕੀਤੀ ਹੈ ਅਤੇ ਇਸ ਆਧਾਰ ਉਤੇ ਹਰ ਤਰ੍ਹਾਂ ਦੇ ਕਰਮਕਾਂਡ ਦਾ ਖੰਡਨ ਕੀਤਾ ਹੈ ਪਰ ਕੁਦਰਤ ਤੇ ਮਨੁੱਖ ਦੇ ਸਿੱਧੇ ਰਿਸ਼ਤੇ ਨੂੰ ਮਨੁੱਖੀ ਸਵੈ-ਚੇਤਨਾ ਅਤੇ ਮਨ ਵਿਚ ਬਣੇ ਸੰਕਲਪਾਂ ਦੀ ਪੱਧਰ ਉਤੇ ਸਪੱਸ਼ਟ ਕਰਕੇ, ਜਿੰਨਾ ਚਿਰ ਇਸ ਕਰਮਕਾਂਡ ਨੂੰ ਮਨੋਂ ਰੱਦ ਨਹੀਂ ਕੀਤਾ ਜਾਂਦਾ, ਓਨਾ ਚਿਰ ਇਹ ਕਰਮਕਾਂਡ ਨਵੇਂ ਰੂਪ ਧਾਰਦਾ ਰਹਿੰਦਾ ਹੈ। ਇਸੇ ਕਰਕੇ ਅੱਜ ਸਿੱਖ ਪੰਥ ਵਿਚ ਕਰਮਕਾਂਡ ਫਿਰ ਤੋਂ ਭਾਰੂ ਹੈ।
ਮਨਘੜਤ ਤੇ ਝੂਠੀਆਂ ਕਹਾਣੀਆਂ ਸੁਣਾ-ਸੁਣਾ ਕੇ ਬ੍ਰਾਹਮਣੀ ਵਿਆਖਿਆਕਾਰਾਂ ਨੇ ਜਿਵੇਂ ਸਿੱਖ ਫ਼ਲਸਫ਼ੇ ਤੇ ਸਿੱਖ ਇਤਿਹਾਸ ਨੂੰ ਪਲੀਤ ਕੀਤਾ ਹੈ ਅਤੇ ਕੁਦਰਤ ਦੀ ਪਵਿੱਤਰ ਗੋਦ ਵਿਚ ਬੈਠ ਕੇ ਸਹਿਜ ਜੀਵਨ ਜਿਉਣ ਦੀ ਇਕ ਖੂਬਸੂਰਤ ਮਨੁੱਖੀ ਜੀਵਨ ਜਾਚ, ਮਹਿਜ ਬ੍ਰਾਹਮਣੀ ਰਟਨ ਮੰਤਰ ਬਣ ਕੇ ਰਹਿ ਗਈ ਹੈ, ਬਿਲਕੁਲ ਇਸੇ ਤਰ੍ਹਾਂ ਹੀ ਬ੍ਰਾਹਮਣਵਾਦੀ (ਖਿਆਲੀ) ਕਮਿਊਨਿਸਟਾਂ ਨੇ ਕਮਿਊਨਿਸਟ ਫ਼ਲਸਫ਼ੇ ਦੀ ਮਨੋਕਲਪਿਤ ਵਿਆਖਿਆ ਕਰਕੇ ਇਸ ਦਾ ਸੱਤਿਆਨਾਸ ਕਰ ਦਿੱਤਾ ਹੈ ਤੇ ਇਕ ਜਿਉਂਦੀ ਜਾਗਦੀ ਮਨੁੱਖੀ ਜਜ਼ਬਿਆਂ (ਅਨੁਭਵੀ ਮਨ) ਵਿਚ ਧੜਕਦੀ ਇਨਕਲਾਬੀ ਫ਼ਿਲਾਸਫ਼ੀ ਨੂੰ ਇਕ ਕਾਠੇ ਕਿਤਾਬੀ ਗਿਆਨ ਅਤੇ ਸਾਮਰਾਜੀ ਖਪਤਕਾਰੀ ਦਾ ਸੰਦ ਬਣਾ ਦਿੱਤਾ ਹੈ।
ਪ੍ਰਸਿੱਧ ਪੰਜਾਬੀ ਕਵੀ ਪ੍ਰੋæ ਮੋਹਨ ਸਿੰਘ ਦਾ ਇਕ ਕਾਵਿ ਬੰਦ ਹੈ,
ਰੱਬ ਇਕ ਗੁੰਝਲਦਾਰ ਬੁਝਾਰਤ,
ਰੱਬ ਇਕ ਗੋਰਖਧੰਦਾ।
ਖੋਲ੍ਹਣ ਲੱਗਿਆਂ ਪੇਚ ਏਸ ਦੇ,
ਕਾਫ਼ਿਰ ਹੋ ਜਾਏ ਬੰਦਾ।
ਕਾਫ਼ਿਰ ਹੋਣੋਂ ਡਰ ਕੇ ਜੀਵੇਂ,
ਖੋਜੋਂ ਮੂਲ ਨਾ ਖੁੰਝੀਂ।
ਲਾਈ ਲੱਗ ਮੋਮਿਨ ਦੇ ਨਾਲੋਂ,
ਖੋਜੀ ਕਾਫ਼ਿਰ ਚੰਗਾ।
ਗੁਰੂ ਨਾਨਕ ਸਾਹਿਬ ਦੇ ਸ਼ਬਦੁ-ਗੁਰੂ ਦੇ ਗਿਆਨ ਅਤੇ ਮਾਰਕਸ-ਏਂਗਲਜ ਦੇ ਭੌਤਿਕਵਾਦੀ ਫ਼ਲਸਫ਼ੇ ਤੋਂ ਬਾਅਦ ਨਾ ਰੱਬ ਇਕ ਗੁੰਝਲਦਾਰ ਬੁਝਾਰਤ ਰਿਹਾ ਹੈ ਅਤੇ ਨਾ ਹੀ ਹੁਣ ਇਹ ਇਕ ਗੋਰਖਧੰਦਾ ਹੈ। ਨਾ ਹੀ ਹੁਣ ਇਸ ਦੇ ਪੇਚ ਖੋਲ੍ਹਣਾ ਕਾਫ਼ਿਰ ਹੋਣਾ ਹੈ ਅਤੇ ਨਾ ਹੀ ਹੁਣ ਇਸ ਨੂੰ ਮੰਨਣ ਵਾਲਾ ਮੋਮਿਨ ਹੈ।
ਇਨ੍ਹਾਂ ਦੋਹਾਂ ਫ਼ਲਸਫ਼ਿਆਂ ਦੇ ਗਿਆਨ ਤੋਂ ਬਾਅਦ ‘ਰੱਬ’, ‘ਮੋਮਿਨ’, ‘ਕਾਫ਼ਿਰ’ ਸ਼ਬਦਾਂ ਦੇ ਅਰਥ ਹੀ ਬਦਲ ਗਏ ਹਨ। ਗੁਰੂ ਨਾਨਕ ਸਾਹਿਬ ਦੇ ਫ਼ਲਸਫ਼ੇ ਅਨੁਸਾਰ ਕੁਦਰਤ ਦੀ ਕਰਤਾਰੀ ਸ਼ਕਤੀ ਹੀ ‘ਕਰਤਾ’ ਦੀ ਸਜੀਵ ਹਸਤੀ ਦੇ ਰੂਪ ਵਿਚ ਰੱਬ ਹੈ। (ਇਸਲਾਮ ਇਸ ਹਸਤੀ ਨੂੰ ਅਲਹ ਦੇ ਰੂਪ ਵਿਚ ਪ੍ਰਵਾਨ ਕਰਦਾ ਹੈ।) ਮਾਰਕਸ ਦੇ ਸ਼ਬਦਾਂ ਵਿਚ ਇਹੀ ਰੱਬ ਜੀਵੰਤ ਕੁਦਰਤ ਹੈ। ਕੁਦਰਤ ਦੇ ਨੇਮਾਂ (ਹੁਕਮੁ) ਦਾ ਫ਼ਲਸਫ਼ੇ ਰਾਹੀਂ ਮਨ ਵਿਚ ਪ੍ਰਗਟ ਹੋ ਰਿਹਾ ਅਤੇ ਦਿਮਾਗ ਰਾਹੀਂ ਸ਼ਬਦੀ ਰੂਪ ਲੈ ਰਿਹਾ ਆਤਮ ਗਿਆਨ ਭਾਵ ਸਵੈ ਜਾਂ ਆਪੇ ਦੀ ਚੇਤਨਾ ਗੁਰੂ ਹੈ, ਰੱਬੀ ਗਿਆਨ ਹੈ, ਆਤਮਿਕ ਗਿਆਨ ਹੈ, ਆਤਮਾ ਹੈ।
ਇਹ ਆਤਮਾ ਮਨੁੱਖ ਦੇ ਮਨ ਨੂੰ ਜਗਾਉਂਦੀ ਹੈ। ਮਨ ਨੂੰ ਇਸ ਗਿਆਨ ਨਾਲ ਸਿਆਣਾ ਬਣਾਉਂਦੀ ਹੈ। ਉਸ ਨੂੰ ਸਮੁੱਚੀ ਮਨੁੱਖ ਜਾਤੀ ਦੀ ਇਤਿਹਾਸਕ ਸਵੈ-ਚੇਤਨਾ ਵਿਚ ਪ੍ਰਗਟ ਹੋਇਆ ਗਿਆਨ ਦਿੰਦੀ ਹੈ। ਕਿਸੇ ਮਨੁੱਖ ਦੀ ਸਵੈ-ਚੇਤਨਾ ਅਤੇ ਮਨ ਦਾ ਕਾਇਆ ਅੰਦਰਲਾ ਇਹ ਜੀਵੰਤ ਰਿਸ਼ਤਾ ਹੀ ਪੂਰਨ ਮਨੁੱਖ ਦੀ ਹੋਂਦ ਨੂੰ ਪ੍ਰਗਟ ਕਰਦਾ ਹੈ। ਇਸ ਰਿਸ਼ਤੇ ਦੀ ਚੇਤਨਾ ਹੀ ਮੁਕਤੀ ਹੈ। ਇਹੀ ਮਨੁੱਖੀ ਮੁਕਤੀ ਦਾ ਫਲਸਫਾ ਹੈ। ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ॥ (ਗੁਰੂ ਗ੍ਰੰਥ ਸਾਹਿਬ, ਪੰਨਾ 522) ਭਾਵ ਪੂਰਨ ਤੌਰ ‘ਤੇ ਸਮਾਜੀ ਰੂਪ ਵਿਚ ਵਿਚਰਦਿਆਂ ਸਾਂਝੀ ਹੱਥੀਂ ਕਿਰਤ ਕਰਨੀ ਅਤੇ ਇਸ ਕਿਰਤ ਦੀ ਪੈਦਾਵਾਰ ਨੂੰ ਸਾਰਿਆਂ ਦੀਆਂ ਕੁਦਰਤੀ ਲੋੜਾਂ ਅਨੁਸਾਰ ਵੰਡ ਕੇ ਛਕਦਿਆਂ, ਮਨੁੱਖੀ ਰਿਸ਼ਤਿਆਂ ਦੀ ਖੂਬਸੂਰਤੀ ਨੂੰ ਮਾਣਨਾ ਅਤੇ ਅਨੰਤ-ਬੇਅੰਤ ਅਨਿਕ ਰੰਗੀ ਕੁਦਰਤ ਦੀ ਗੋਦ ਵਿਚ ਬੈਠ ਕੇ ਉਸ ਕਰਤਾ ਦੀ ਹਸਤੀ ਦੇ ਰਲਮਿਲ ਕੇ ਗੁਣ ਗਾਉਣੇ, ਇਹੀ ਮਨੁੱਖੀ ਜ਼ਿੰਦਗੀ ਦਾ ਤੱਤ ਹੈ।
ਇਸ ਤੱਤ ਦਾ ਗਿਆਨ ਹੀ ਇਹ ਦੱਸ ਪਾਉਂਦਾ ਹੈ ਕਿ ਨਿਰੋਲ ਖਪਤਕਾਰੀ ਦੀ ਬੁਨਿਆਦ ‘ਤੇ ਉਸਰੀ ਸਾਮਰਾਜੀ ਸਭਿਅਤਾ ਨਾਲ ਕੁਦਰਤ ਦੀ ਦੁਸ਼ਮਣੀ ਹੈ। ਗੈਰ-ਕੁਦਰਤੀ ਬੇਲੋੜੀਆਂ ਇੱਛਾਵਾਂ ਦੀ ਪੂਰਤੀ ਲਈ ਭਟਕਦੀ ਸਾਮਰਾਜੀ ਸਭਿਅਤਾ ਦਾ ਹੁਕਮੁ ਭਾਵ ਕੁਦਰਤੀ ਨੇਮਾਂ ਨਾਲ ਸਿੱਧਾ ਟਕਰਾਅ ਹੈ। ਇਸ ਲਈ ਅੱਜ ਸਮੁੱਚੀ ਆਦਮ ਜਾਤੀ ਨੂੰ ਇਹ ਵਿਕਾਸ ਵੱਲ ਨਹੀਂ ਸਗੋਂ ਵਿਨਾਸ਼ ਵੱਲ ਲੈ ਕੇ ਜਾ ਰਹੀ ਹੈ। ਇਸ ਸਾਮਰਾਜੀ ਸਭਿਅਤਾ ਦਾ ਫਸਤਾ ਵੱਢਣਾ ਅੱਜ ਸਮੁੱਚੀ ਮਨੁੱਖ ਜਾਤੀ ਦੀ ਅਣਸਰਦੀ ਲੋੜ ਹੈ, ਨਹੀਂ ਤਾਂ ਸਾਮਰਾਜੀ ਰਾਜਪ੍ਰਬੰਧ ਦੇ ਵਜੂਦ ਵਿਚ ਸਮੋਈਆਂ ਵਿਰੋਧਤਾਈਆਂ ਦਾ ਵੇਗ ਸਗਲ ਆਦਮਜਾਤੀ ਨੂੰ ਕਦੇ ਨਾ ਸੁਣੀ-ਵੇਖੀ ਗਈ ਭਿਆਨਕ ਪ੍ਰਮਾਣੂ ਜੰਗ ਵੱਲ ਧੱਕ ਦੇਵੇਗਾ।
Leave a Reply