ਪਟਿਆਲਾ: ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਝਟਕਾ ਲੱਗਿਆ ਜਦੋਂ ਪਟਿਆਲਾ ਨਗਰ ਨਿਗਮ ਦੇ ਅਕਾਲੀ ਮੇਅਰ ਜਸਪਾਲ ਸਿੰਘ ਪ੍ਰਧਾਨ ਦੇ ਖ਼ਿਲਾਫ਼ ਦੋ ਬੱਚਿਆਂ ਦੀ ਮਾਂ 29 ਸਾਲਾ ਔਰਤ ਪਰਮਪ੍ਰੀਤ ਕੌਰ ਦੀ ਹੱਤਿਆ ਕਰਨ ਦੇ ਦੋਸ਼ਾਂ ਅਧੀਨ ਕੇਸ ਦਰਜ ਕਰ ਲਿਆ ਗਿਆ। ਕੇਸ ਵਿਚ ਤਿੰਨ ਹੋਰਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਇਸ ਸਬੰਧੀ ਮੀਡੀਆ ਵਿਚ ਅਲੋਚਨਾ ਤੋਂ ਬਾਅਦ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਮੇਅਰ ਤੋਂ ਅਸਤੀਫ਼ਾ ਲੈ ਲਿਆ ਹੈ।
ਥਾਣਾ ਕੋਤਵਾਲੀ ਪਟਿਆਲਾ ਵਿਚ ਧਾਰਾ 302 ਤੇ 34 ਅਧੀਨ ਦਰਜ ਕੇਸ ਵਿਚ ਨਾਮਜ਼ਦ ਕੀਤੇ ਗਏ ਬਾਕੀ ਮੁਲਜ਼ਮਾਂ ਵਿਚ ਮ੍ਰਿਤਕਾ ਦੇ ਪਤੀ ਹਰਪ੍ਰੀਤ ਸਿੰਘ ਤੇ ਸੱਸ ਪਰਮਜੀਤ ਕੌਰ ਦੇ ਨਾਂ ਸ਼ਾਮਲ ਹਨ। ਇਹ ਕੇਸ ਮ੍ਰਿਤਕਾ ਪਰਮਪ੍ਰੀਤ ਕੌਰ (29) ਦੇ ਪਿਤਾ ਅਮਰਜੀਤ ਸਿੰਘ ਸੋਢੀ ਵਾਸੀ ਤਵੱਕਲੀ ਮੋੜ ਦੇ ਬਿਆਨਾਂ ਦੇ ਆਧਾਰ ‘ਤੇ ਦਰਜ ਕੀਤਾ ਗਿਆ ਹੈ। ਪੁਲਿਸ ਕੋਲ ਦਰਜ ਬਿਆਨਾਂ ਵਿਚ ਉਸ ਨੇ ਆਖਿਆ ਹੈ ਕਿ ਉਸ ਦੀ ਬੇਟੀ ਪਰਮਪ੍ਰੀਤ ਕੌਰ ਦੀ ਸ਼ਾਦੀ ਤਕਰੀਬਨ ਦਸ ਸਾਲ ਪਹਿਲਾਂ ਹਰਪ੍ਰੀਤ ਸਿੰਘ ਵਾਸੀ ਟੋਭਾ ਕਸ਼ਮੀਰੀਆਂ ਨਾਲ ਹੋਈ ਸੀ ਜਿਸ ਦੀ ਅੱਠ ਸਾਲਾ ਲੜਕੀ ਤੇ ਛੇ ਸਾਲਾਂ ਦਾ ਬੇਟਾ ਹੈ।
ਸਹੁਰਾ ਪਰਿਵਾਰ ਉਸ ਨੂੰ ਦਹੇਜ ਲਈ ਤੰਗ ਕਰਦਾ ਸੀ। ਇਸੇ ਦੌਰਾਨ ਉਨ੍ਹਾਂ ਨੂੰ ਸੁਨੇਹਾ ਮਿਲਿਆ ਕਿ ਉਨ੍ਹਾਂ ਦੀ ਲੜਕੀ ਦੀ ਤਬੀਅਤ ਠੀਕ ਨਹੀਂ ਹੈ। ਉਹ ਜਦੋਂ ਉਸ ਦੇ ਸਹੁਰੇ ਘਰ ਪੁੱਜੇ ਤਾਂ ਉਸ ਦੀ ਧੀ ਮਰੀ ਪਈ ਸੀ ਤੇ ਕੋਲ ਇਕ ਰੱਸੀ ਵੀ ਮੌਜੂਦ ਸੀ। ਉਨ੍ਹਾਂ ਵੇਖਿਆ ਤਾਂ ਉਸ ਦਾ ਰੱਸੀ ਨਾਲ ਗਲਾ ਘੋਟਿਆ ਹੋਇਆ ਸੀ ਕਿਉਂਕਿ ਗਲ ‘ਤੇ ਰੱਸੀ ਦੇ ਨਿਸ਼ਾਨ ਸਨ। ਆਪਣੇ ਬਿਆਨਾਂ ਵਿਚ ਉਸ ਨੇ ਕਿਹਾ ਕਿ ਉਸ ਵਕਤ ਪਟਿਆਲਾ ਦੇ ਮੇਅਰ ਜਸਪਾਲ ਸਿੰਘ ਪ੍ਰਧਾਨ ਵੀ ਉਥੇ ਮੌਜੂਦ ਸਨ। ਇਸ ਤੋਂ ਬਾਅਦ ਉਥੋਂ ਲਾਸ਼ ਚੁੱਕਣ ਦੇ ਮਾਮਲੇ ਨੂੰ ਲੈ ਕੇ ਹੋਏ ਤਕਰਾਰ ਦਾ ਵੀ ਉਨ੍ਹਾਂ ਜ਼ਿਕਰ ਕੀਤਾ ਹੈ। ਇਸ ਤਰ੍ਹਾਂ ਪੁਲੀਸ ਨੇ ਇਨ੍ਹਾਂ ਬਿਆਨਾਂ ‘ਤੇ ਉਹੀ ਕਾਰਵਾਈ ਕੀਤੀ ਹੈ ਜੋ ਕਾਨੂੰਨਨ ਬਣਦੀ ਸੀ। ਜ਼ਿਕਰਯੋਗ ਹੈ ਕਿ ਜਸਪਾਲ ਸਿੰਘ ਪ੍ਰਧਾਨ ਤੀਜੀ ਵਾਰ ਕੌਂਸਲਰ ਬਣੇ ਹਨ ਤੇ ਐਤਕੀਂ ਉਹ ਆਪਣੇ ਵਾਰਡ ਵਿਚੋਂ ਬਿਨਾਂ ਮੁਕਾਬਲੇ ਤੋਂ ਐਮ ਸੀ ਬਣੇ ਸਨ। ਇਸ ਤੋਂ ਬਾਅਦ ਸਿਆਸੀ ਜ਼ੋਰ-ਅਜ਼ਮਾਈ ਦੌਰਾਨ ਕੁਝ ਮਹੀਨੇ ਪਹਿਲਾਂ ਉਹ ਮੇਅਰ ਦੀ ਅਹਿਮ ਕੁਰਸੀ ਹਾਸਲ ਕਰਨ ਵਿਚ ਸਫਲ ਰਹੇ ਸਨ।
ਕੇਸ ਦਾ ਇਕ ਅਹਿਮ ਤੇ ਗੁੰਝਲਦਾਰ ਪਹਿਲੂ ਇਹ ਵੀ ਹੈ ਕਿ ਮੇਅਰ ਜਸਪਾਲ ਸਿੰਘ ਪ੍ਰਧਾਨ ਭਾਵੇਂ ਇਥੇ ਫੂਲਕੀਆ ਐਨਕਲੇਵ ਵਿਖੇ ਆਪਣੇ ਪਰਿਵਾਰ ਸਮੇਤ ਰਹਿ ਰਹੇ ਹਨ ਪਰ ਦਰਜ ਕਰਵਾਏ ਗਏ ਕੇਸ ਵਿਚ ਪ੍ਰਧਾਨ ਨੂੰ ਮ੍ਰਿਤਕਾ ਦਾ ਸਹੁਰਾ ਲਿਖਵਾਇਆ ਗਿਆ ਹੈ। ਦੂਜੇ ਪਾਸੇ ਮੇਅਰ ਦੇ ਪਰਿਵਾਰ ਵੱਲੋਂ ਅਜਿਹੇ ਦੋਸ਼ਾਂ ਦਾ ਖੰਡਨ ਕੀਤਾ ਗਿਆ ਹੈ। ਇਸ ਬਾਰੇ ਜਦੋਂ ਮੇਅਰ ਦੇ ਲੜਕੇ ਤੇ ਯੂਥ ਅਕਾਲੀ ਦਲ ਦੀ ਸ਼ਹਿਰੀ ਇਕਾਈ ਦੇ ਪਟਿਆਲਾ ਦੇ ਪ੍ਰਧਾਨ ਕੈਪਟਨ ਪ੍ਰੀਤਇੰਦਰ ਸਿੰਘ ਦੇ ਨਾਲ ਗੱਲ ਗਈ ਤਾਂ ਉਨ੍ਹਾ ਦਾ ਕਹਿਣਾ ਸੀ ਕਿ ਅਜਿਹੀ ਕੋਈ ਗੱਲ ਨਹੀਂ ਹੈ।
ਉਂਜ, ਇਸ ਪਰਿਵਾਰ ਦੇ ਨਾਲ ਉਨ੍ਹਾਂ ਦੇ ਪਰਿਵਾਰ ਦੇ ਨੇੜਲੇ ਸਬੰਧ ਹਨ। ਉਸ ਦਾ ਇਹ ਵੀ ਕਹਿਣਾ ਸੀ ਕਿ ਉਕਤ ਲੜਕੇ ਹਰਪ੍ਰੀਤ ਸਿੰਘ ਦੇ ਨਾਲ ਉਸ (ਕੈਪਟਨ) ਦੀ ਦੋਸਤੀ ਹੈ। ਇਸੇ ਦੌਰਾਨ ਸਾਲ 2012 ਵਿਚ ਛਪੀ ਇਕ ਵੋਟਰ ਸੂਚੀ ਵੀ ਬਣੀ ਵੋਟ ਨੰਬਰ 2308 ਵਿਚ ਹਰਪ੍ਰੀਤ ਸਿੰਘ ਨਾਮੀ ਵੋਟਰ ਦੇ ਪਿਤਾ ਦਾ ਨਾਂ ਜਸਪਾਲ ਸਿੰਘ ਲਿਖਿਆ ਹੋਇਆ ਹੈ ਪਰ ਮੇਅਰ ਦਾ ਪਰਿਵਾਰ ਇਸ ਨੂੰ ਵੀ ਗਲਤੀ ਨਾਲ ਛਪੀ ਦੱਸ ਰਿਹਾ ਹੈ।
Leave a Reply