ਬਲਵਿੰਦਰ ਫਿੱਡੂ ਨੂੰ ਜੱਫੇ ਲਾਉਣ ਵਾਲਾ ਲਹਿੰਬਰ ਸੰਘਵਾਲ

ਇਕਬਾਲ ਸਿੰਘ ਜੱਬੋਵਾਲੀਆ
ਫੋਨ: 917-375-6395
ਪੰਜਾਬੀਆਂ ਦੀ ਮਹਿਬੂਬ ਖੇਡ ਕਬੱਡੀ ਹਮੇਸ਼ਾ ਉਨ੍ਹਾਂ ਦੇ ਅੰਗ-ਸੰਗ ਰਹੀ ਹੈ। ਇਸ ਖੇਡ ਨੇ ਵੀ ਬੀਬੇ ਪੁੱਤਾਂ ਨੂੰ ਬੜਾ ਕੁਛ ਦਿਤੈ। ਪੈਸਾ, ਸ਼ੋਹਰਤ ਤੇ ਉਚੇ ਮੁਕਾਮ ਬਖਸ਼ ਕੇ ਵਿਦੇਸ਼ਾਂ ਦੀ ਧਰਤੀ ਦੇ ਦਰਸ਼ਨ ਕਰਾਏ ਤੇ ਖਿਡਾਰੀਆਂ ਦੇ ਵਾਰੇ-ਨਿਆਰੇ ਕੀਤੇ ਹਨ। ਗੱਲ ਕਰਦੇ ਹਾਂ, ਸੰਘਵਾਲ ਵਾਲੇ ਲਹਿੰਬਰ ਦੀ, ਜਿਸ ਦਾ ਜਨਮ 11 ਜਨਵਰੀ 1963 ਨੂੰ ਹੋਇਆ।

ਲਹਿੰਬਰ ਨੇ ਸਕੂਲਾਂ ਤੋਂ ਹੀ ਕਬੱਡੀ ਖੇਡਣੀ ਸ਼ੁਰੂ ਕਰ ਦਿੱਤੀ। ਸਪੋਰਟਸ ਸਕੂਲ ਜਲੰਧਰ ਤੋਂ ਨੌਵੀਂ ਕਰਨ ਉਪਰੰਤ ਰਣਧੀਰ ਸਕੂਲ ਕਪੂਰਥਲੇ ਜਾ ਦਾਖਲ ਹੋਇਆ। ਉਥੇ ਤਿੰਨ ਸਾਲ ਲਾਏ ਤੇ ਕਬੱਡੀ ਖੇਡੀ। ਕੋਚ ਸ਼ੇਰ ਸਿੰਘ, ਡੀæ ਪੀæ ਈæ ਗੁਰਦੇਵ ਸਿੰਘ ਤੇ ਪੀæ ਟੀæ ਆਈæ ਹਰਭਜਨ ਸਿੰਘ ਸਨ ਜਿਨ੍ਹਾਂ ਤੋਂ ਬੜਾ ਕੁਝ ਸਿਖਿਆ। ਤਿੰਨ ਸਾਲ ਸਕੂਲਾਂ ਦੀ ਆਲ ਇੰਡੀਆ ਨੈਸ਼ਨਲ ਸਟਾਈਲ ਜਿੱਤੀ। ਬਿੰਦਰ, ਮੀਕਾ, ਪੱਪੂ ਸ਼ਾਮ ਚੁਰਾਸੀ ਤੇ ਬੂਟਾ (ਪੰਜਾਬ ਪੁਲਿਸ) ਸਾਥੀ ਖਿਡਾਰੀ ਸਨ।
ਲਹਿੰਬਰ ਦਾ ਪਿੰਡ ਭਾਵੇਂ ਸਾਧਾਂ ਵਾਲੀ ਕਰਾੜੀ ਸੀ ਪਰ ਦੋਵੇਂ ਪਿੰਡ ਨਾਲੋ ਨਾਲ ਹੋਣ ਕਰਕੇ ਖੇਡਿਆ ਹਮੇਸ਼ਾ ਸੰਘਵਾਲ ਵਲੋਂ। ਪਿੰਡ ਪੱਧਰ ‘ਤੇ ਓਪਨ ਮੈਚਾਂ ਲਈ ਪਿੰਡ ਦੀ ਤਕੜੀ ਟੀਮ ਸੀ। ਟੀਮ ਨੇ 8 ਸਾਲ ਲਗਾਤਾਰ ਤੱਲ੍ਹਣ ਟੂਰਨਾਮੈਂਟ ਜਿੱਤੇ। ਪਾਸਲਾ, ਮੁਠੱਡਾ, ਦੁਸਾਂਝਾਂ ਤੇ ਮਾਲਵੇ ਦੇ ਪਿੰਡ ਮਹਿਲ ਕਲਾਂ ਪਹਿਲੀ ਵਾਰ ਖੇਡਣ ਗਏ। ਮੈਚ ਜਿੱਤਣ ਉਪਰੰਤ ਕਮੇਟੀ ਨੇ ‘ਕੱਲੇ ‘ਕੱਲੇ ਖਿਡਾਰੀ ਨੂੰ 100-100 ਰੁਪਇਆ ਇਨਾਮ ਵਜੋਂ ਦਿੱਤਾ ਜੋ ਉਸ ਵੇਲੇ ਵੱਡੀ ਗੱਲ ਸੀ। ਲਹਿੰਬਰ ਤੋਂ ਇਲਾਵਾ ਪੱਪੂ ਤੇ ਜੱਸਾ (ਦੋਵੇਂ ਭਰਾ), ਸਰਬਣ, ਵੀਰ੍ਹਾ, ਕੀਪਾ ਤੇ ਜਰਮਨ ਚਾਹਲ ਤੇ ਜਰਮਨ ਦਾ ਵੱਡਾ ਭਰਾ ਨਰਿੰਦਰ। ਸੱਬੇ ਤੇ ਮੰਗੀ ਵਰਗੇ ਤਕੜੇ ਖਿਡਾਰੀਆਂ ਨੂੰ ਰੋਕਣ ਵਾਲਾ ਜਰਮਨ ਅੱਜ ਕਲ੍ਹ ਟੋਰਾਂਟੋ ਹੈ। ਟੋਰਾਂਟੋ ਜਾ ਕੇ ਵੀ ਜਰਮਨ ਨੇ ਕਈ ਸਾਲ ਕਬੱਡੀ ਖੇਡੀ ਤੇ ਆਪਣੀ ਪਛਾਣ ਬਣਾਈ।
ਕਪੂਰਥਲਾ ਸਪੋਰਟਸ ਵਿੰਗ ਤੋਂ ਬਾਅਦ ਖਹਿਰੇ ਮਾਝੇ ਦੇ ਡੀæ ਪੀæ ਈæ ਗੋਗੇ ਦੇ ਕਹਿਣ ‘ਤੇ ਕਾਂਗੜਾ ਯੂਨੀਵਰਸਿਟੀ (ਹਿਮਾਚਲ ਪ੍ਰਦੇਸ਼) ਜਾ ਦਾਖਲ ਹੋਏ। ਉਥੇ ਦੋ ਸਾਲ ਪੜ੍ਹਾਈ ਕੀਤੀ ਤੇ ਆਪਣੇ ਜੋਰ ਨਾਲ ਕਬੱਡੀ ਵਿਚ ਧੁੰਮਾਂ ਮਚਾਈਆਂ। ਉਸ ਦੀ ਟੀਮ ‘ਚ ਲਹਿੰਬਰ, ਜਰਮਨ, ਬਲਵੀਰ, ਜੱਸਾ ਤੇ ਬਾਕੀ ਹਿਮਾਚਲ ਦੇ ਖਿਡਾਰੀ ਸਨ। ਉਥੇ ਦੋ ਸਾਲ ਸ਼ਿਮਲਾ ਯੂਨੀਵਰਸਿਟੀ ਵਲੋਂ ਖੇਡ ਕੇ ਪੰਜਾਬ ਦੇ ਸ਼ੇਰਾਂ ਨੇ ਹਰ ਪਾਸੇ ਬੱਲੇ ਬੱਲੇ ਕਰਾਈ।
ਪੱਤੜੀਆ ਬੋਲਾ ਤੇ ਕਪੂਰਥਲਾ ਸਪੋਰਟਸ ਕੱਲਬ ਨਿਊ ਯਾਰਕ ਦੇ ਪ੍ਰਧਾਨ ਜਗਤਾਰ ਕਾਰੀ ਤੇ ਬੇਵੀ ਉਸ ਦੇ ਸੀਨੀਅਰ ਖਿਡਾਰੀ ਹੁੰਦੇ ਸਨ। ਕੁਲਦੀਪ ਮੱਲ੍ਹਾ ਤੇ ਸਰਹਾਲ ਕਾਜ਼ੀਆਂ ਵਾਲੇ ਬੱਬੂ ਪੰਡਿਤ ਨਾਲ ਕਈ ਮੈਚ ਲਾਏ। ਬੱਬੂ ਨਾਲ ਬੜਾ ਪਿਆਰ ਸੀ। ਅਫਸੋਸ ਬੱਬੂ ਪੂਰੀ ਜ਼ਿੰਦਗੀ ਨਾ ਭੋਗ ਸਕਿਆ। ਉਹਦੀ ਆਰਥਿਕ ਹਾਲਤ ਨੂੰ ਮੱਦੇਨਜ਼ਰ ਰੱਖਦਿਆਂ ਕੁਲਦੀਪ ਮੱਲ੍ਹਾ ਨੇ ਉਹਦੇ ਦੋ ਟੂਰ ਇੰਗਲੈਂਡ ਦੇ ਲੁਆਏ। ਉਹ ਵੱਡੇ ਵੱਡੇ ਮੈਚਾਂ ‘ਤੇ ਜਾਣ ਲੱਗਾ। ਤਲਵੰਡੀ ਫੱਤੂ, ਗੁਣਾਚੌਰ, ਬਲਾਚੌਰ, ਮੁਕੰਦਪੁਰ, ਜਗਤਪੁਰ ਸਟੇਡੀਅਮ ਵਿਚ ਜਿਲ੍ਹਿਆਂ ਦੇ ਮੈਚ ਖੇਡੇ। ਜਿਲ੍ਹਿਆਂ ਦੇ ਮੈਚਾਂ ਵਿਚ ਸਰਦੂਲ ਕੋਚ ਨਾਲ ਸੀ। ਮੁਲਾਂਪੁਰ ਦਾਖਾ, ਸਾਹਨੇਵਾਲ ਤੇ ਭਾਗੋਮਾਜਰਾ (ਨੇੜੇ ਖਰੜ) ਚੈਪੀਂਅਨਸ਼ਿਪਾਂ ਖੇਡੀਆਂ।
ਰਹੀਮਪੁਰ ਪਹਿਲੀ ਵਾਰ ਪਿੰਡਾਂ ਦੇ ਮੈਚ ਖੇਡਿਆ। ਮੈਚ ਬਲਵਿੰਦਰ ਸਿੰਘ ਫਿੱਡੂ ਹੁਣਾਂ ਵਿਰੁਧ ਸੀ। ਬੜੇ ਜੋਰ ਨਾਲ ਮਹਾਨ ਖਿਡਾਰੀ ਫਿੱਡੂ ਨੂੰ ਰੋਕਿਆ। ਉਸ ਨੂੰ ਰੋਕਣਾ ਵੀ ਇਕ ਮਿਸਾਲ ਸੀ। ਫਿੱਡੂ ਨਾਲ ਹੋਰ ਵੀ ਕਈ ਥਾਂ ਭਿੜਨ ਦਾ ਮੌਕਾ ਮਿਲਿਆ। ਫਿਰ ਤੱਲ੍ਹਣ ਵਲੋਂ ਸਰਹਾਲੀ ਖੇਡਣ ਗਿਆ। ਗੇਮ ਚੜ੍ਹਦੀ ਗਈ। ਜਿਥੇ ਵੀ ਜਾਂਦੇ, ਪੂਰਾ ਸੈਟ ਬਣਾ ਕੇ ਤੁਰਦੇ ਤੇ ਸਫਲਤਾ ਹਮੇਸ਼ਾ ਪੈਰ ਚੁੰਮਦੀ। ਦਰਸ਼ਕਾਂ ਦੀ ਦਾਦ ਨੇ ਹੱਲਾਸ਼ੇਰੀ ਦਿੱਤੀ ਤੇ ਦੂਰ ਦੂਰ ਖੇਡਿਆ। ਭਿਵਾਣੀ (ਹਰਿਆਣਾ), ਭਦੌੜ, ਲੰਬੀ (ਬਾਦਲ ਦੇ ਪਿੰਡ), ਲੌਗੋਂਵਾਲ, ਅਟਾਲਾਂ, ਸਮਰਾਲਾ, ਅਜਨਾਲਾ, ਬਾਂਦਰ-ਚਟਾਵਾਂ ਤੇ ਪ੍ਰਸਿੱਧ ਖਿਡਾਰੀ ਮੋਹਣੇ ਦੇ ਪਿੰਡ ਤਰਨਪੁਰ (ਰਾਜਸਥਾਨ) ਖੇਡਣ ਜਾਣ ਦਾ ਮੌਕਾ ਮਿਲਿਆ।
ਸੰਧਵੀਂ (ਪ੍ਰਸਿੱਧ ਖਿਡਾਰੀ ਹਰਭਜਨ ਭੱਜੀ ਦਾ ਪਿੰਡ), ਖੈਰਾ ਮੰਦਰ, ਸੁਲਤਾਨਪੁਰ ਤੇ ਮਾਲਵੇ ‘ਚ ਕਈ ਥਾਂਈਂ ਖੇਡੇ। ਸਰਹਾਲ ਕਾਜ਼ੀਆਂ ਤੇ ਸਲੇਮਪੁਰ ਫਿੱਡੂ ਹੁਣਾਂ ਨਾਲ ਫਸਵਾਂ ਮੈਚ ਹੋਇਆ। ਰੁੜਕਾ ਕਲਾਂ ਵਿਖੇ ਉਹ ਫਿੱਡੂ ਵਾਲੇ ਪਾਸੇ ਖੇਡਿਆ। ਫਿੱਡੂ ਹੰਦਿਆਂ ‘ਤੇ ਖੜ੍ਹ ਗਿਆ ਤੇ ਨਾਲ ਪਾਣੀ ਪਿਆਉਣ ਵਾਲਾ ਘੁੱਗ ਪਾਸਲੇ ਵਾਲਾ ਖੜ੍ਹਾ ਲਿਆ। ‘ਕੱਲੇ ਫਿੱਡੂ ਨੇ 40 ਮਿੰਟ ਲਗਾਤਾਰ ਰੇਡਾਂ ਪਾਈਆਂ। ਉਹ ਮੈਚ ਇਕ ਤਰਫਾ ਜਿੱਤਿਆ। ਲਹਿੰਬਰ, ਨੇਕੀ ਸਿਧਵਾਂ ਤੇ ਮੇਜਰ ਗਾਖਲ ਜੱਫੇ ਲਾ ਰਹੇ ਸਨ। ਦੂਜੇ ਪਾਸੇ ਪੰਜਾਬ ਦੇ ਸਾਰੇ ਤਕੜੇ ਖਿਡਾਰੀ ਸਨ। ਕੁਲਦੀਪ ਮੱਲ੍ਹਾ, ਨਿੰਮਾ ਲੁਧਿਆਣਾ, ਟੋਨੀ ਲੁਧਿਆਣਾ ਤੇ ਪੱਪੂ ਗੁਰਦਾਸਪੁਰ ਖੇਡਦੇ ਸਨ। ਸੱਬਾ ਗੁਰਦਾਸਪੁਰੀਆ ਨਹੀਂ ਸੀ ਖੇਡਿਆ ਕਿAੁਂਕਿ ਉਸ ਮਹੀਨੇ ਉਹਦਾ ਵਿਆਹ ਸੀ। ਉਸ ਯਾਦਗਾਰੀ ਮੈਚ ਦੀਆਂ ਅੱਜ ਵੀ ਬਾਤਾਂ ਪੈਂਦੀਆਂ ਨੇ। ਇਹ ਗੱਲ ਸੰਨ ’88 ਦੀ ਹੈ। ਜੇ ਇਹ ਪਿੰਡ ਕਬੱਡੀ ‘ਚ ਮੂਹਰਲੀਆਂ ਸਫਾਂ ‘ਚ ਰਿਹਾ ਤਾਂ ਪਹਿਲਵਾਨੀ ‘ਚ ਵੀ ਪਿਛੇ ਨਾ ਰਿਹਾ। ਪਹਿਲਵਾਨੀ ‘ਚ ਇਸ ਪਿੰਡ ਦਾ ਵਿਲੱਖਣ ਇਤਿਹਾਸ ਹੈ। ਜਗੀਰ ਸਿੰਘ (ਜਗੀਰੀ ਕੋਚ), ਨਿਰੰਜਨ ਸਿੰਘ, ਮਹਿੰਦਰ ਪਹਿਲਵਾਨ, ਸ਼ੀਰੀ ਪਹਿਲਵਾਨ ਤੇ ਸੁਖਵੀਰ ਕੋਚ। ਸੁਖਵੀਰ ਦੇ ਬੇਟਾ ਤੇ ਬੇਟੀ ਵੀ ਪਹਿਲਵਾਨੀ ਕਰਦੇ ਹਨ ਜੋ ਸਕੂਲਾਂ ਤੋਂ ਕਾਲਜਾਂ ਤੱਕ ਪੁਜੀਸ਼ਨਾਂ ਮਾਰਦੇ ਜਾ ਰਹੇ ਹਨ।
ਸ਼ੰਕਰੀਏ ਪਾਲੇ ਵਾਂਗ ਲਹਿੰਬਰ ਕਬੱਡੀ ਦੇ ਨਾਲ ਨਾਲ ਦੂਜੇ ਮੁਲਕਾਂ ‘ਚ ਰੱਸਾ-ਖਿੱਚਣ ਜਾਂਦਾ ਰਿਹੈ। ਪਾਲਾ ਉਹਦਾ ਸੀਨੀਅਰ ਹੁੰਦਾ ਸੀ। ਪਾਲਾ ਸੰਨ ’88 ਰੱਸਾਕਸ਼ੀ ਦਾ ਕਪਤਾਨ ਹੁੰਦਾ ਸੀ ਤੇ ਲਹਿੰਬਰ ਸੰਨ ’90 ‘ਚ। ਰੱਸਾਕਸ਼ੀ ‘ਚ ਟੋਕੀਓ (ਜਪਾਨ) ਚੈਪੀਂਅਨਸ਼ਿਪ ਖੇਡਣ ਗਏ। ਉਥੇ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਕੋਰੀਆ, ਚੀਨ, ਮਲੇਸ਼ੀਆ ਤੇ ਫਿਲੀਪਾਈਨ ਦੀਆਂ ਟੀਮਾਂ ਵੀ ਸਨ। ਇਹ ਟੀਮ ਕੋਚ ਮਾਲੜੀ ਸਾਹਿਬ ਤੇ ਫੈਡਰੇਸ਼ਨ ਦੇ ਪ੍ਰਧਾਨ ਸ਼ ਉਮਰਾਓ ਸਿੰਘ ਲੈ ਕੇ ਗਏ ਸਨ।
ਲਹਿੰਬਰ ਨੇ ਦਸ ਸਾਲ ਪੰਜਾਬ ਸਟਾਈਲ ਖੇਡੀ ਤੇ ਕਬੱਡੀ ਪ੍ਰੇਮੀਆਂ ਦੇ ਦਿਲਾਂ ‘ਚ ਵਾਸ ਕੀਤਾ। ਪੰਜਾਬ, ਹਰਿਆਣਾ, ਰਾਜਸਥਾਨ ਤੇ ਹਿਮਾਚਲ ਪ੍ਰਦੇਸ਼ ‘ਚ ਵੱਖ ਵੱਖ ਥਾਂਈਂ ਮੈਚ ਖੇਡਦਿਆਂ ਅਮਰੀਕਾ ਦੀ ਤਿਆਰੀ ਕਰ ਲਈ। 1991 ਵਿਚ ਲਹਿੰਬਰ ਕੈਲੀਫੋਰਨੀਆ ਆ ਪਹੁੰਚਾ। ਉਥੇ ਵੀ ਖੇਡ ਸ਼ੌਕ ਨਾ ਛੱਡਿਆ। ਲੱਛਰ ਭਰਾਵਾਂ (ਤਰਲੋਚਨ, ਕੁਲਵੰਤ ਤੇ ਜਸਵਿੰਦਰ) ਵਲੋਂ ਸਥਾਪਤ ਸ਼ੇਰ-ਏ-ਪੰਜਾਬ ਸਪੋਰਟਸ ਕਲੱਬ ਵਲੋਂ ਖੇਡਣ ਲੱਗਾ। ਜਿਥੇ ਵੀ ਜਾਣਾ ਹੁੰਦਾ ਮਾਹਿਲ-ਗਹਿਲਾਂ ਵਾਲਾ ਧੰਨਾ ਪਹਿਲਵਾਨ ਲੈ ਕੇ ਜਾਂਦਾ। ਧੰਨੇ ਪਹਿਲਵਾਨ ਨੂੰ ਉਹਨੇ ਦਲੇਰ-ਦਿਲ, ਰੱਬ-ਰੂਪ ਤੇ ਨੇਕ ਇਨਸਾਨ ਮੰਨਿਆ। ਧੰਨਾ ਹਮੇਸ਼ਾ ਉਨ੍ਹਾਂ ਦੇ ਨਾਲ ਰਹਿੰਦਾ ਤੇ ਹਰ ਤਰ੍ਹਾਂ ਨਾਲ ਹੌਸਲਾ ਦਿੰਦਾ। ਇਸ ਕਲੱਬ ਵਲੋਂ ਉਹ 10 ਸਾਲ ਖੇਡਿਆ ਤੇ 1991-92 ‘ਚ ਨਿਊ ਯਾਰਕ ਦੀ ਧਰਤੀ ‘ਤੇ ਉਹ ਤੇ ਸਰਬਜੀਤ ਮਾਹਲ ‘ਕੱਠੇ ਖੇਡਣ ਗਏ। ਉਨ੍ਹਾਂ ਮੈਚਾਂ ‘ਚ ਸੰਘਵਾਲ ਵਾਲੇ ਜੱਗੇ ਦੀ ਖੇਡ ਨੂੰ ਲੋਕਾਂ ਨੇ ਬੜਾ ਪਸੰਦ ਕੀਤਾ। ਨਿਊ ਯਾਰਕ ਵਲੋਂ ਖੇਡਦਿਆਂ ਜੱਗੇ ਨੇ ਧੂੰਆਂ-ਧਾਰ ਰੇਡਾਂ ਪਾਈਆਂ ਤੇ ਇਕ ਵਾਰ ਵੀ ਨਾ ਰੁਕਿਆ।
ਖਿਡਾਰੀਆਂ, ਲਿਖਾਰੀਆਂ ਤੇ ਚੰਗੇ ਇਨਸਾਨਾਂ ਦੇ ਕਦਰਦਾਨ ਲਹਿੰਬਰ ਨੇ ਹਮੇਸ਼ਾ ਕਬੱਡੀ ਨੂੰ ਪਿਆਰ ਕੀਤਾ। ਕੈਲੀਫੋਰਨੀਆ ‘ਚ ਕਿਤੇ ਵੀ ਮੈਚ ਹੋਣ, ਉਹ ਜਰੂਰ ਵੇਖਣ ਜਾਂਦੈ। ਖੇਡ ਕਲੱਬਾਂ ਵਲੋਂ ਉਹਨੂੰ ਮਾਣ-ਤਾਣ ਦਿੱਤਾ ਜਾਂਦਾ ਹੈ ਤੇ ਮੈਚਾਂ ਵਿਚ ਰੈਫਰੀ ਦੀ ਸੇਵਾ ਲਈ ਜਾਂਦੀ ਹੈ। ਯੁਨਾਈਟਿਡ ਸਪੋਰਟਸ ਕਲੱਬ, ਕੈਲੀਫੋਰਨੀਆ ਵਾਲੇ ਅਮੋਲਕ ਸਿੰਘ ਗਾਖਲ ਤੇ ਮੱਖਣ ਸਿੰਘ ਬੈਂਸ ਦਾ ਬਹੁਤ ਸ਼ੁਕਰਗੁਜ਼ਾਰ ਹੈ, ਜੋ ਹਰ ਸਾਲ ਨਵੇਂ-ਪੁਰਾਣੇ ਖਿਡਾਰੀਆਂ ਦੇ ਨਾਲ ਨਾਲ ਖੇਡ ਲਿਖਾਰੀਆਂ ਨੂੰ ਵੀ ਮਾਣ ਬਖਸ਼ਦੇ ਹਨ।
ਪਿਤਾ ਸ਼ ਸੁੱਚਾ ਸਿੰਘ ਤੇ ਮਾਤਾ ਸ਼ਮਿੰਦਰ ਕੌਰ ਦਾ ਲਾਡਲਾ ਪੁੱਤ ਲਹਿੰਬਰ 1995 ‘ਚ ਬਸੇਸਰਪੁਰ (ਨਜ਼ਦੀਕ ਲਾਂਬੜਾ) ਦੀ ਗੁਰਬਖਸ਼ ਕੌਰ ਨਾਲ ਵਿਆਹਿਆ ਗਿਆ। ਹੋਣਹਾਰ ਇਕਲੌਤੀ ਬੇਟੀ ਹਰਸਿਮਰਨ ਕੌਰ ਹੈ। ਪਰਿਵਾਰ ਵਿਚ ਖੁਸ਼ੀਆਂ ਭਰਿਆ ਜੀਵਨ ਬਿਤਾ ਰਿਹਾ ਹੈ। ਸੰਨ 1996 ‘ਚ ਮਾਤਾ ਜੀ ਦੇ ਪੂਰੇ ਹੋਣ ਨਾਲ ਵੱਡਾ ਝਟਕਾ ਲੱਗਾ। ਉਹ ਚਾਰ ਭਰਾ ਹਨ-ਇਕ ਮਿਲਟਰੀ ‘ਚੋਂ ਕੈਪਟਨ ਰਿਟਾਇਰ ਹੋਇਐ, ਦੂਜੇ ਦੀ ਟਰੱਕਿੰਗ ਕੰਪਨੀ ਹੈ, ਤੀਜਾ ਪਿੰਡ ਖੇਤੀਬਾੜੀ ਕਰਦਾ ਹੈ ਤੇ ਚੌਥਾ ਲਹਿੰਬਰ। ਇਕ ਭੈਣ ਹੈ, ਜੋ ਕੈਨੇਡਾ ਵਿਆਹੀ ਹੈ। ਪਿਤਾ ਜੀ ਕਦੇ ਕੈਨੇਡਾ ਤੇ ਕਦੇ ਕੈਲੀਫੋਰਨੀਆ ਘੁੰਮਦੇ ਰਹਿੰਦੇ ਹਨ।
ਉਹ ਹੱਸਦਿਆਂ ਕਹਿੰਦਾ ਹੈ ਕਿ ਅੱਜ ਦੇ ਖਿਡਾਰੀ ਕਿਸਮਤ ਵਾਲੇ ਹਨ ਜੋ ਵੱਡੇ ਵੱਡੇ ਇਨਾਮਾਂ ਤੇ ਮਾਣ-ਸਨਮਾਨਾਂ ਨਾਲ ਨਿਵਾਜ਼ੇ ਜਾਂਦੇ ਹਨ। ਉਨ੍ਹਾਂ ਦੇ ਸਮੇਂ ਤਾਂ ਛੋਟੇ-ਮੋਟੇ ਇਨਾਮ ਦੇ ਕੇ ਥਾਪੜਾ ਦੇ ਦਿੱਤਾ ਜਾਂਦਾ ਸੀ। ਉਦੋਂ ਕੁਮੈਂਟਰੀ ਦਾ ਦੌਰ ਨਹੀਂ ਸੀ ਹੁੰਦਾ। ਜੇ ਉਦੋਂ ਕੁਮੈਂਟਰੀ ਹੁੰਦੀ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੁੰਦੀ। ਹਕੀਮਪੁਰੀਏ ਪ੍ਰੋæ ਮੱਖਣ ਸਿੰਘ ਨੇ ਰੰਗ ਬੰਨ੍ਹਿਆ ਕਰਨੇ ਸਨ, “ਲਓ ਜੀ, ਟੇਕਿਆ ਮੱਥਾæææਗਿਆ ਰੇਡਰæææਮੂਹਰੇ ਲਹਿੰਬਰ ਤੇ ਜਰਮਨ ਤਕੜੇ ਜਾਫੀ ਖੜ੍ਹੇ ਨੇæææਦੇਖੋ ਕੀਹਨੂੰ ਲੌਂਦਾ ਹੱਥ। ਲਹਿੰਬਰ ਵੀ ਪੈਰਾਂ ਨਾਲ ਮਿੱਟੀ ਪੁੱਟ ਰਿਹਾ। ਜਰਮਨ ਨੇ ਦਿੱਤੀ ਝਕਾਨੀ, ਲਹਿੰਬਰ ਪੈ ਗਿਆæææਗਹਿਗੱਚ ਮੁਕਾਬਲਾ, ਦੇਖੋ ਕੀ ਬਣਦੈæææਹੰਦੇ ਦੂਰ ਨੇæææਲਹਿੰਬਰ ਨੇ ਮਾਰੀ ਡਾਈ, ਸੁੱਟ ਲਿਆæææਦਰਸ਼ਕਾਂ ਦਾ ਰੌਲਾæææਸੀਟੀਆਂæææਨੰਬਰ ਲਹਿੰਬਰ ਦਾ।”
ਸਰਹਾਲੀ, ਰਹੀਮਪੁਰ, ਸਲੇਮਪੁਰ ਤੇ ਆਦਮਪੁਰ ਦੁਸਹਿਰੇ ‘ਤੇ ਫਿੱਡੂ ਨੂੰ ਰੋਕਣ ਵਾਲਾ ਲਹਿੰਬਰ ਦੁਨੀਆਂ ਦਾ ਮਹਾਨ ਜਾਫੀ ਐਲਾਨਿਆ ਜਾਇਆ ਕਰਨਾ ਸੀ।