‘ਮੁੱਕਾਬਾਜ਼’ ਚਰਚਿਤ ਫ਼ਿਲਮਸਾਜ਼ ਅਨੁਰਾਗ ਕਸ਼ਯਪ ਦੀ ਨਵੀਂ ਫ਼ਿਲਮ ਹੈ ਜੋ ਪਹਿਲਾਂ ਟੋਰਾਂਟੋ ਕੌਮਾਂਤਰੀ ਫ਼ਿਲਮ ਮੇਲੇ ਅਤੇ ਮੁੰਬਈ ਫ਼ਿਲਮ ਮੇਲੇ ਵਿਚ ਦਿਖਾਈ ਜਾ ਚੁੱਕੀ ਹੈ, ਜਿਥੇ ਇਸ ਦੀ ਖ਼ੂਬ ਸ਼ਲਾਘਾ ਹੋਈ ਸੀ। ਹੁਣ ਫ਼ਿਲਮ ਰਿਲੀਜ਼ ਹੋਣ ਤੋਂ ਬਾਅਦ ਫ਼ਿਲਮ ਆਲੋਚਕਾਂ ਨੇ ਵੀ ਇਸ ਦੀ ਤਾਰੀਫ਼ ਦੇ ਪੁਲ ਬੰਨ੍ਹੇ ਹਨ, ਪਰ ਇਹ ਫ਼ਿਲਮ ਕਮਾਈ ਪੱਖੋਂ ਬਾਕਸ ਆਫ਼ਿਸ ‘ਤੇ ਕੋਈ ਖ਼ਾਸ ਕ੍ਰਿਸ਼ਮਾ ਨਹੀਂ ਦਿਖਾ ਸਕੀ।
ਇਕ ਹਫ਼ਤੇ ਦੌਰਾਨ ਇਹ ਫ਼ਿਲਮ ਸਿਰਫ਼ 7 ਲੱਖ ਰੁਪਏ ਹੀ ਇਕੱਠੇ ਕਰ ਸਕੀ ਹੈ। ‘ਮੁੱਕਾਬਾਜ਼’ ਵਿਚ ਵਿਨੀਤ ਕੁਮਾਰ ਸਿੰਘ ਤੋਂ ਇਲਾਵਾ ਰਵੀ ਕਿਸ਼ਨ, ਜ਼ੋਇਆ ਹੁਸੈਨ ਅਤੇ ਜਿੰਮੀ ਸ਼ੇਰਗਿੱਲ ਨੇ ਵੀ ਅਹਿਮ ਕਿਰਦਾਰ ਨਿਭਾਏ ਹਨ। ਜ਼ੋਇਆ ਹੁਸੈਨ ਦੀ ਇਹ ਪਹਿਲੀ ਫ਼ਿਲਮ ਹੈ ਅਤੇ ਰਵੀ ਕਿਸ਼ਨ ਦਾ ਕਿਰਦਾਰ ਬੜਾ ਜ਼ੋਰਦਾਰ ਹੈ। ਇਸੇ ਤਰ੍ਹਾਂ ਖਲਨਾਇਕ ਦੇ ਰੋਲ ਵਿਚ ਜਿੰਮੀ ਸ਼ੇਰਗਿੱਲ ਵੀ ਕਿਸੇ ਪੱਖ ਤੋਂ ਘੱਟ ਨਹੀਂ ਤੁਲਿਆ।
ਇਹ ਫ਼ਿਲਮ ਅਜਿਹੇ ਨੌਜਵਾਨ ਦੀ ਕਹਾਣੀ ਹੈ ਜੋ ਆਪਣੇ ਯਕੀਨ ਦੇ ਸਿਰ ‘ਤੇ ਹਰ ਵਿਰੋਧੀ ਹਾਲਾਤ ਨਾਲ ਟਕਰਾਉਂਦਾ ਹੈ। ਇਸ ਨੌਜਵਾਨ ਦਾ ਕਿਰਦਾਰ ਅਦਾਕਾਰ ਵਨੀਤ ਕੁਮਾਰ ਸਿੰਘ ਨੇ ਨਿਭਾਇਆ ਹੈ ਜੋ ਪਿਛਲੇ 18 ਸਾਲ ਤੋਂ ਫ਼ਿਲਮ ਸਨਅਤ ਵਿਚ ਆਪਣੀ ਹੋਂਦ ਬਰਕਰਾਰ ਰੱਖਣ ਲਈ ਜੂਝ ਰਿਹਾ ਹੈ। ਇਸ ਤੋਂ ਪਹਿਲਾਂ ਉਹ ‘ਸਿਟੀ ਆਫ਼ ਗੋਲਡ’, ‘ਬੰਬੇ ਟਾਕੀਜ਼’, ‘ਗੈਂਗਸ ਆਫ਼ ਵਾਸੇਪੁਰ’ ਵਿਚ ਅਦਾਕਾਰੀ ਕਰ ਚੁੱਕਾ ਹੈ ਅਤੇ ਅਨੁਰਾਗ ਕਸ਼ਯਪ ਦੀ 2014 ਵਿਚ ਆਈ ਫ਼ਿਲਮ ‘ਅਗਲੀ’ (ਕਰੂਪ) ਲਈ ਉਸ ਨੂੰ ‘ਸਕਰੀਨ’ ਵੱਲੋਂ ਸਰਵੋਤਮ ਸਹਾਇਕ ਅਦਾਕਾਰ ਦਾ ਇਨਾਮ ਦਿੱਤਾ ਗਿਆ ਸੀ। ਬਤੌਰ ਨਾਇਕ ‘ਮੁੱਕਾਬਾਜ਼’ ਉਸ ਦੀ ਪਹਿਲੀ ਫ਼ਿਲਮ ਹੈ। ਇਸ ਫ਼ਿਲਮ ਵਿਚ ਅਨੁਰਾਗ ਕਸ਼ਯਪ ਨੇ ਖੇਡ ਪ੍ਰਬੰਧ ਬਾਰੇ ਬੜੀਆਂ ਤਿੱਖੀਆਂ ਟਿੱਪਣੀਆਂ ਕੀਤੀਆਂ ਹਨ। ਇਸ ਫ਼ਿਲਮ ਵਿਚ ਅਨੁਰਾਗ ਕਸ਼ੱਯਪ ਆਪਣੀ ਫ਼ਿਲਮਸਾਜ਼ੀ ਦਾ ਰੰਗ ਹੋਰ ਗੂੜ੍ਹਾ ਕਰਨ ਵਿਚ ਕਾਮਯਾਬ ਰਿਹਾ ਹੈ। 2016 ਵਿਚ ਆਈ ਫ਼ਿਲਮ ‘ਰਮਨ ਰਾਘਵ 2æ0’ ਨਾਲ ਵੀ ਉਸ ਨੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਸੀ। ਇਹ ਗੱਲ ਵੱਖਰੀ ਹੈ ਕਿ ਇਹ ਫ਼ਿਲਮ ਵੀ ਬਾਕਸ ਆਫ਼ਿਸ ਉਤੇ ਬਹੁਤੀ ਕਮਾਈ ਨਹੀਂ ਸੀ ਕਰ ਸਕੀ। ਇਸ ਫ਼ਿਲਮ ਉਤੇ ਕੁਲ 7 ਕਰੋੜ ਰੁਪਏ ਲੱਗੇ ਸਨ ਅਤੇ ਇਸ ਦੀ ਬਾਕਸ ਆਫ਼ਿਸ ਦੀ ਕਮਾਈ ਵੀ 7 ਕਰੋੜ ਹੀ ਰਹੀ ਸੀ। -ਗੁਰਜੰਟ ਸਿੰਘ