ਪੌਂ ਬਾਰਾਂ ਹੋਣਾ

ਬਲਜੀਤ ਬਾਸੀ
ਕਿਸੇ ਨੂੰ ਕਿਸੇ ਸਥਿਤੀ ਵਿਚ ਫਾਇਦਾ ਹੀ ਫਾਇਦਾ ਹੋਵੇ ਤਾਂ ਆਖ ਦਿੰਦੇ ਹਾਂ ਕਿ ਉਸ ਦੇ ਤਾਂ ਭਾਈ ‘ਪੌਂ ਬਾਰਾਂ’ ਹਨ। ਇਸ ਦਾ ਮਤਲਬ ਭਾਗ ਖੁਲ੍ਹਣਾ ਜਾਂ ਮੌਜਾਂ ਬਣ ਜਾਣੀਆਂ ਵੀ ਕਹਿ ਸਕਦੇ ਹਾਂ। ਗੂਗਲ ਦੇ ਸ਼ਬਦ-ਚਰਚਾ ਸਮੂਹ ਦੇ ਇੱਕ ਮੈਂਬਰ ਅਭਯ ਤਿਵਾੜੀ ਨੇ ਸਵਾਲ ਉਠਾਇਆ, “ਸੁਬਹ ਹੁੰਦੀ ਹੈ ਤਾਂ ਕਹਿੰਦੇ ਹਨ ḔਪੌḔ ਫਟ ਰਹੀ ਹੈ। ਕੀ ਹੈ ਇਹ ਪੌ ਜੋ ਫਟ ਰਹੀ ਹੈ? ਪੌ ਦਾ ਇਕ ਅਰਥ ਇਕ ਦੀ ਸੰਖਿਆ ਵੀ ਹੈ, ਪਾਸਿਆਂ ਵਿਚ ਜਦ ਇੱਕ ਦਾ ਅੰਕੜਾ ਆਉਂਦਾ ਹੈ ਤਾਂ ਉਸ ਨੂੰ ਵੀ ਪੌ ਕਿਹਾ ਜਾਂਦਾ ਹੈ।” ਕੀ ਪਾਸਿਆਂ ਦੀ ਖੇਡ ਵਾਲੇ ‘ਪੌ ਬਾਰਾਂ’ ਵਿਚਲੇ ਪੌ ਅਤੇ ‘ਪੌ ਫੁੱਟਣ’ ਵਿਚਲੇ ਪੌ ਇਕੋ ਹਨ?” ਗੌਰਤਲਬ ਹੈ ਕਿ ਹਿੰਦੀ ਵਿਚ ਪੰਜਾਬੀ ਦੇ ਪੌਂ (ਬਾਰਾਂ) ਅਤੇ ਪਹੁ (ਫੁਟਣੀ) ਦੋਵਾਂ ਲਈ ਪੌ ਸ਼ਬਦ ਵਰਤਿਆ ਜਾਂਦਾ ਹੈ।

ਜਦ ਮੈਂ ਦਲੀਲ ਦਿੱਤੀ ਕਿ ਪੌ (ਪਹੁ) ਵਾਲਾ ਸੰਸਕ੍ਰਿਤ ਪ੍ਰਭਾ ਤੋਂ ਬਣਿਆ ਹੈ ਤਾਂ ਨੁਰਕਤ ਸ਼ਾਸਤਰੀ ਅਜਿਤ ਵਡਨੇਰਕਰ ਝੱਟ ਹੀ ਮੇਰੀ ਦਲੀਲ ਤੋਂ ਕਾਇਲ ਹੋ ਗਏ, “ਠੀਕ ਹੈ ਬਲਜੀਤ ਭਾਈ, ਪ੍ਰਭਾ ਦੇ ਹੀ ਸਭ ਤੋਂ ਨਿਕਟ ਹੈ, ਪੌ।” ਅਭਯ ਤਿਵਾੜੀ ਕੁਝ ਅਚੰਭਿਤ ਹੋਇਆ, “ਦਿਲਚਸਪ ਗੱਲ ਹੈ ਕਿ ਇਕ ḔਪੌḔ ਦੀ ਵਿਉਤਪਤੀ ਪ੍ਰਭਾ ਤੋਂ ਤੇ ਦੂਜੇ ਦੀ ਪਾਦ ਤੋਂ!” ਮੈਂ ਆਪਣੀ ਜਾਣਕਾਰੀ ਘੋਟੀ, “ਪੌ (ਪੌਂ ਬਾਰਾਂ ਵਾਲਾ) ਦਾ ਸਬੰਧ ਸੰਸਕ੍ਰਿਤ ਪ੍ਰਹਾ ਨਾਲ ਲਗਦਾ ਹੈ ਜਿਸ ਦਾ ਮਤਲਬ ਪਾਸੇ ਦੀ ਜਿੱਤ ਵਾਲੀ ਸੋਟ ਹੁੰਦਾ ਹੈ। ਅਸੀਂ ਪੌਂ ਬਾਰਾਂ ਕਹਿੰਦੇ ਹਾਂ।”
ਅਭਯ ਤਿਵਾੜੀ ਨੇ ਜਵਾਬ ਦਿੱਤਾ, “ਪੌ ਬਾਰਾਂ ਵਿਚ ਪੌ ਦਾ ਅਰਥ ਪਾਦ (ਪੈਰ) ਲਿਆ ਜਾਵੇ ਤਾਂ ਕਿਹਾ ਜਾਵੇਗਾ ਬਾਰਾਂ ਪਾਦ ਅੱਗੇ ਆਏ। ਚੌਪੜ ਜਿਹੀ ਪਾਸਿਆਂ ਦੀ ਖੇਡ ਵਿਚ ਬਾਰਾਂ ਸਭ ਤੋਂ ਅਧਿਕ ਸੰਖਿਆ ਹੈ। ਇਸ ਲਈ ਪੌ ਦਾ ਅਰਥ ਪਾਦ ਇਕ ਦਮ ਸਹੀ ਲਗਦਾ ਹੈ।”
ਅਜਿਤ ਵਡਨੇਰਕਰ ਨੇ ਕਿਹਾ, “ਹਿੰਦੀ ਸ਼ਬਦਸਾਗਰ’ ਅਨੁਸਾਰ ਪਾਦ>ਪਾਯ>ਪਾਵ>ਪੌ ਦੀ ਵਿਉਤਪਤੀ ਵੀ ਤਾਰਕਿਕ ਹੈ ਪਰ ਦਿੱਕਤ ਹੈ ਕਿ ਪਾਦ ਦੇ ਇਨ੍ਹਾਂ ਰੂਪਾਂ ਦਾ ਚੱਲਣ ਦੇ ਅਰਥ ਵਿਚ ਤਾਂ ਕਈ ਬੋਲੀਆਂ ਵਿਚ ਪ੍ਰਚਲਨ ਹੈ-ਸੁਬਹ, ਕਿਰਨ, ਰੋਸ਼ਨੀ ਆਦਿ ਦੇ ਅਰਥਾਂ ਵਿਚ ਦੇਖਣ ਨੂੰ ਨਹੀਂ ਮਿਲਦਾ। ਸੋ ਪ੍ਰਭਾ ਦੇ ਪੱਖ ਵਿਚ ਪੰਜਾਬੀ ਦੇ ਪਹੁ ਵਾਲੀ ਸਾਖੀ ਤਾਂ ਹੈ ਹੀ।”
ਮੈਂ ‘ਪੌਂ ਬਾਰਾਂ’ ਵਾਲੇ ਪੌਂ ਲਈ ਮੋਨੀਅਰ ਵਿਲੀਅਮਜ਼ ਦਾ ਹਵਾਲਾ ਦਿੱਤਾ ਜਿਸ ਅਨੁਸਾਰ ਇਹ ਸ਼ਬਦ ਸੰਸਕ੍ਰਿਤ ਪ੍ਰਹਾ ਦਾ ਵਿਗਾੜ ਲਗਦਾ ਹੈ, Ḕਪ੍ਰਹਾ -A ਗੋਦ ਟਹਰੋੱ ਅਟ ਦਚਿe, ਅਨੇ ਗਅਨਿ ੋਰ ਅਦਵਅਨਟਅਗe।Ḕ ਇਹ ਪ੍ਰ+ਹੰਤ (ਹੰਤ= ਮਾਰਨਾ) ਤੋਂ ਬਣਿਆ ਹੈ। ਅਜਿਤ ਨੇ ਮੇਰੀ ਹਾਮੀ ਭਰੀ, “ਗੱਲ ਵਿਚ ਦਮ ਹੈ ਕਿਉਂਕਿ ਸੁੱਟਣ ਦੇ ਅਰਥ ਵਿਚ ਪਾਸਾ ਸ਼ਬਦ ਦੀ ਵਿਉਤਪਤੀ ਪਾਸ਼ਕ ਤੋਂ ਹੈ। ਪਾਸ਼ਕ ਉਹ ਗੋਟੀ ਹੈ ਜਿਸ ‘ਤੇ ਲੱਗੀਆਂ ਬਿੰਦੀਆਂ ਦੇ ਜ਼ਰੀਏ ਇਹ ਨਿਰਧਾਰਤ ਹੁੰਦਾ ਹੈ ਕਿ ਕਿੰਨੀ ਚਾਲ ਚੱਲਣੀ ਹੈ। ਪਰ ਚਾਲ ਦੇ ਅਰਥ ਵਿਚ ਜੋ ਵਿਅੰਜਨਾ ਪਾਦ ਵਿਚ ਨਜ਼ਰ ਆ ਰਹੀ ਹੈ, ਉਸ ਵਿਚ ਵੀ ਵਜ਼ਨ ਹੈ। ਬਾਰਾਂ ਦਾ ਪਾਸਾ ਪੈਣ ਦੇ ਅਰਥ ਵਿਚ ਪੌਂ ਬਾਰਾਂ ਠੀਕ ਹੈ। ਇਥੇ ਪਾਸੇ ਤੋਂ ਹੀ ਤਾਤਪਰਜ ਹੈ।”
ਮੈਂ ਜਵਾਬ ਦਿੱਤਾ, “ਸ਼ਾਇਦ ਪਾਸੇ ਵਿਚ ਲੱਗੇ ਨਿਸ਼ਾਨਾਂ ਵਿਚ ਚੰਗਾ ਮਿਲਣ ਦਾ ਅਰਥ ਹੈ ਜਿਵੇਂ ਜੋਤਿਸ਼ ਵਿਚ ਲਗਨ ਹੁੰਦਾ ਹੈ। ਪਾਸੇ ਦੇ ਨਿਸ਼ਾਨਾਂ ਵੱਲ ਧਿਆਨ ਦੇਵੋ ਨਾ ਕਿ ਪਾਂਵ ਵੱਲ।” ਪਰ ਅਭਯ ਤਿਵਾੜੀ ਦਾ ਕਹਿਣਾ ਸੀ ਕਿ ਪੌ ਦਾ ਅਰਥ ਇੱਕ ਹੀ ਹੈ। ਕਿਸੇ ਵੀ ਚੰਗੇ ਦਾਅ ਨੂੰ ਪੌ ਨਹੀਂ ਕਹਿੰਦੇ। ਪੌ ਬਾਰਾਂ ਜ਼ਰੂਰ ਅੱਛਾ ਦਾਅ ਹੈ ਜਿਵੇਂ ਛੱਕਾ। ਇਸ ਨਜ਼ਰ ਤੋਂ ਪੌ ਦਾ ਅਰਥ ਪਾਦ ਅਰਥਾਤ ਇਕ ਕਦਮ ਹੀ ਠੀਕ ਬੈਠਦਾ ਹੈ।
ਅਜਿਤ ਵਡਨੇਰਕਰ ਨੇ ਸਹਿਮਤੀ ਜਤਾਈ, “ਮਾਲਵੇ (ਮਧ ਪ੍ਰਦੇਸ਼ ਦੇ) ਵਿਚ ਅਸ਼ਟਾ ਚੰਗਾ ਨਾਮੀ ਖੇਡ ਖੇਡੀ ਜਾਂਦੀ ਹੈ। ਇਥੇ ਪੌ ਦਾ ਅਰਥ ਇਕ ਹੀ ਬਣਦਾ ਹੈ। ਪਾਸੇ ਦੇ ਛੇ ਤਲਾਂ ਵਿਚ ਇੱਕ ਤੋਂ ਛੇ ਤੱਕ ਬਿੰਦੀਆਂ ਹੁੰਦੀਆਂ ਹਨ। ਸੋ ਇਸ ਪਾਸੇ ਨਾਲ ਬਾਰਾਂ ਦਾ ਰਿਸ਼ਤਾ ਨਹੀਂ ਜੁੜਦਾ। ਪਰ ਅਜਿਹਾ ਜ਼ਰੂਰ ਹੈ ਕਿ ਆਮ ਤੌਰ ‘ਤੇ ਚੰਗਾ ਯਾਨਿ ਚਾਰ ਜਾਂ ਛੇ ਆਉਣ ‘ਤੇ ਦੋ ਵਾਰੀ ਪਾਸਾ ਸੁੱਟਣ ਦਾ ਚਾਂਸ ਮਿਲਦਾ ਹੈ।”
ਮੈਂ ਹੋਰ ਜਾਣਕਾਰੀ ਦਰਸਾਈ, “ਪਹਿਲੀਆਂ ਵਿਚ ਇਕ ਲੰਬੂਤਰਾ ਚੌਰਸ ਪਾਸਾ ਹੁੰਦਾ ਸੀ ਜਿਸ ਦੇ ਚਾਰ ਤਲ ਹੁੰਦੇ ਸਨ। ਇਨ੍ਹਾਂ ਵਿਚ ਇਕ ਤੋਂ ਚਾਰ ਤੱਕ ਅਕਸ਼ (ਬਿੰਦੀਆਂ) ਉਕਰੇ ਹੁੰਦੇ ਸਨ। ਇਸ ਦਾ ਮਤਲਬ ਚਾਰ ਬਿੰਦੀਆਂ ਵਾਲੀ ਸੋਟ ਸਭ ਤੋਂ ਵੱਡੀ ਹੁੰਦੀ ਹੈ। ਇਸ ਤਰ੍ਹਾਂ ਸਪਸ਼ਟ ਹੈ ਕਿ ਤਿੰਨ ਵਾਰੀ ਚਾਰ ਉਪਰ ਆਉਣ ਤਾਂ ਉਨ੍ਹਾਂ ਦੀ ਸੰਖਿਆ ਬਾਰਾਂ ਹੋਵੇਗੀ ਜੋ ਚੰਗੇ ਸੰਯੋਗ ਦੀ ਨਿਸ਼ਾਨੀ ਹੈ।”
ਅਜਿਤ ਬੋਲੇ, “ਇਹ ਵੀ ਸਹੀ ਹੈ, ਅਸੀਂ ਦੋ ਪਾਸਿਆਂ ਵਾਲੀ ਖੇਡ ਖੇਡੀ ਹੈ ਜਿਨ੍ਹਾਂ ਦੇ ਛੇ ਤਲ ਹੁੰਦੇ ਸਨ। ਇਸ ਤਰ੍ਹਾਂ ਦੋਨਾਂ ਦੇ ਇਕੋ ਵਾਰੀ ਛੇ ਛੇ ਨਿਸ਼ਾਨ ਉਪਰ ਆ ਗਏ ਤਾਂ ਪੌ ਬਾਰਾਂ ਹੋ ਗਈ।” ਕਿਸੇ ਨੇ ਕਿਹਾ, “ਪੌ ਬਾਰਾਂ ਮਜ਼ੇਦਾਰ ਹੁੰਦਾ ਜਾ ਰਿਹਾ ਹੈ।” ਬਹਿਸ ਵਿਚ ਬਹੁਤੇ ਭਾਗ ਨਾ ਲੈ ਰਹਿਆਂ ਨੇ ਅਨੰਦਿਤ ਹੁੰਦੇ ਕਿਹਾ, “ਸਾਡੀ ਤਾਂ ਪੌਂ ਬਾਰਾਂ ਸੰਤੋ!”
ਰਾਜਸਥਾਨ ਦੇ ਹੜੌਤੀ ਇਲਾਕੇ ਦੇ ਗੁਣੀ ਗਿਆਨੀ ਦਿਨੇਸ਼ਵਰ ਦਿਵੇਦੀ ਨੇ ਚੁੱਪ ਤੋੜੀ, “ਇਹ ਚੰਗਾ ਪੌ ਤਾਂ ਅਸੀਂ ਵੀ ਖੇਲ੍ਹਿਆ ਹੈ। ਅਸੀਂ ਇਹ ਖੇਡ ਪਾਸਿਆਂ ਦੀ ਥਾਂ ਇਮਲੀ ਦੇ ਬੀਜਾਂ ਨੂੰ ਚੀਰ ਕੇ ਬਣਾਈਆਂ ਚਾਰ ਅਧੀਆਂ ਚਿਤਾਰਾਂ (ਫਾਕੜਾਂ) ਨਾਲ ਖੇਡਿਆ ਕਰਦੇ ਸੀ ਜੋ ਇਕ ਪਾਸਿਓਂ ਕਾਲੀਆਂ ਅਤੇ ਦੂਜੇ ਪਾਸਿਓਂ ਸਫੈਦ ਹੁੰਦੀਆਂ ਹਨ। ਜੇ ਇਕ ਸਫੈਦ ਅਤੇ ਤਿੰਨ ਕਾਲੀਆਂ ਚਿਤਾਰਾਂ ਉਪਰ ਆਉਣ ਤਾਂ ਇਹ ਦਾਅ ਪੌ ਕਹਾਉਂਦਾ ਸੀ। ਖੇਡ ਵਿਚ ਪੌ ਦਾ ਮਹਤਵ ਇਹ ਸੀ ਕਿ ਇਸ ਬਿਨਾ ਤੁਹਾਡਾ ਦਾਅ ਸ਼ੁਰੂ ਨਹੀਂ ਸੀ ਹੋ ਸਕਦਾ ਯਾਨਿ ਜੇ ਦੋ ਜਾਂ ਤਿੰਨ ਚਿਤਾਰ ਸਫੈਦ ਖੁਲ੍ਹਦੇ ਹਨ ਤਾਂ ਉਹ ਆਪਣੀ ਗੋਟੀ ਦੋ ਜਾਂ ਤਿੰਨ ਘਰ ਅੱਗੇ ਚਲਾ ਸਕਦਾ ਹੈ, ਪਰ ਮੁਢਲੇ ਘਰ ‘ਚੋਂ ਨਹੀਂ ਨਿਕਲ ਸਕਦਾ। ਚਾਰ ਕਾਲੀਆਂ ਚਿਤਾਰਾਂ ਦਾ ਅਰਥ ਹੈ, ਚੰਗਾ+ਪੌ ਅਰਥਾਤ ਚਾਰ ਅਤੇ ਇਕ ਪੌ। ਇਸ ਤਰ੍ਹਾਂ ਚਾਰ ਸਫੈਦ ਚਿਤਾਰ ਖੁਲ੍ਹਣ ਦਾ ਅਰਥ ਹੈ, ਅਸ਼ਟਾਹ ਅੱਠ+ਪੌ। ਕਿਉਂਕਿ ਚਾਰ ਚੰਗਾ ਅਤੇ ਅਸ਼ਟਾਹ ਦੇ ਨਾਲ ਪੌ ਜੁੜੀ ਹੋਈ ਹੈ, ਇਸ ਕਾਰਨ ਤੁਹਾਡੀ ਗੋਟੀ ਅਰੰਭਕ ਘਰ ਵਿਚੋਂ ਨਿਕਲ ਸਕਦੀ ਹੈ। ਇਸ ਸੂਰਤ ਵਿਚ ਤੁਹਾਨੂੰ ਇਕ ਵਾਰ ਚਿਤਾਰੇ ਸੁੱਟਣ ਦਾ ਮੌਕਾ ਮਿਲਦਾ ਹੈ। ਜੇ ਇਕ ਵਾਰ ਚੰਗਾ ਅਸ਼ਟਾਹ ਖੁਲ੍ਹਦਾ ਹੈ ਤਾਂ ਫਿਰ ਇਕ ਵਾਰ ਆਪ ਨੂੰ ਚਿਤਾਰੇ ਸੁੱਟਣ ਦਾ ਮੌਕਾ ਮਿਲਦਾ ਹੈ। ਇਸ ਮੌਕੇ ਨੂੰ ਅਸੀਂ ਪੌ ਬਾਰਾਂ ਕਹਿੰਦੇ ਹਾਂ ਅਰਥਾਤ ਜੋ ਅਰੰਭਕ ਘਰ ਵਿਚੋਂ ਬਾਹਰ ਆਉਣ ਦਾ ਅਵਸਰ ਦਿੰਦਾ ਹੈ। ਇਸੇ ਤਰ੍ਹਾਂ ਸੁਬਹ ਵੇਲੇ ਰਾਤ ਦੇ ਹਨੇਰੇ ਨੂੰ ਚੀਰ ਕੇ ਨਿਕਲੀ ਪਹਿਲੀ ਕਿਰਨ ਨੂੰ ਅਸੀਂ ਪੌ ਫੁਟਣਾ ਕਹਿ ਸਕਦੇ ਹਾਂ। ਸੋ ਪੌ ਕੇਵਲ ਪਾਦ ਨਹੀਂ ਸਗੋਂ ਘਰ ਤੋਂ ਬਾਹਰ ਨਿਕਲਣ ਲਈ ਰੱਖਿਆ ਗਿਆ ਪਹਿਲਾ ਕਦਮ ਹੈ।”
ਬਿਹਾਰ-ਝਾੜਖੰਡ ਦੀ ਭਾਸ਼ਾ ਮਗਹੀ (ਮਾਗਧੀ) ਬੋਲਣ ਵਾਲੇ ਰਮਾਕਾਂਤ ਨੇ ਹੋਰ ਪਾਸਾਰ ਜੋੜਿਆ, “ਬਚਪਨ ਵਿਚ ਅਸੀਂ ਕੌਡੀਆਂ ਨਾਲ ਪਚੀਸੀ ਖੇਡ ਖੇਡਿਆ ਕਰਦੇ ਸੀ ਜੋ ਚੌਪੜ ਜਿਹੀ ਹੀ ਬਸਾਤੀ ਖੇਡ ਹੁੰਦੀ ਸੀ। ਇਹ ਛੇ ਕੌਡੀਆਂ ਨਾਲ ਖੇਡੀ ਜਾਂਦੀ ਸੀ ਜਿਨ੍ਹਾਂ ਦੇ ਚਿੱਤ ਜਾਂ ਪੁੱਠ ਹੋਣ ਨਾਲ ਸੋਟ ਦਾ ਮੁੱਲ ਤੈਅ ਹੁੰਦਾ ਸੀ। ਪਚੀਸੀ ਨਾਂ ਸ਼ਾਇਦ ਇਸ ਲਈ ਪਿਆ ਕਿਉਂਕਿ ਪੱਚੀ ਦਾ ਦਾਅ ਸਭ ਤੋਂ ਵੱਡਾ ਹੁੰਦਾ ਸੀ। ਪੱਚੀ ਜਾਂ ਦਸ ਦੇ ਦਾਅ ਆਉਣ ਨਾਲ ‘ਪਹ’ (ਇਕ ਹੋਰ ਦਾਅ) ਮਿਲਦਾ ਸੀ ਜਦਕਿ ਇੱਕ, ਦੋ, ਤਿੰਨ, ਚਾਰ, ਛੇ ਜਾਂ ਬਾਰਾਂ ‘ਤੇ ਨਹੀਂ। ਸਾਰੀਆਂ ਕੌਡੀਆਂ ਪੁੱਠ ਡਿਗਣ ‘ਤੇ ਛੇ ਚਾਲਾਂ ਮਿਲਦੀਆਂ ਸਨ ਜਦਕਿ ਸਾਰੀਆਂ ਚਿੱਤ ਡਿਗਣ ‘ਤੇ ਬਾਰਾਂ। ਪੰਜ ਪੁੱਠ ਡਿਗਣ ਨਾਲ ਦਸ ਅਤੇ ਇੱਕ ਪੁੱਠ ‘ਤੇ ਪੰਜ ਚਿੱਤ ਨਾਲ ਪੱਚੀ ਚਾਲਾਂ ਮਿਲਦੀਆਂ ਸਨ। ਇਹ ਖੇਡ ਬਰਸਾਤ ਦੇ ਦਿਨਾਂ ਵਿਚ ਹੀ ਖੇਡੀ ਜਾਂਦੀ ਸੀ। ਮੰਨਿਆਂ ਜਾਂਦਾ ਸੀ ਕਿ ਬਰਸਾਤ ਜੇ ਲਮਕ ਜਾਏ ਤਾਂ ਇਸ ਨੂੰ ਰੋਕਣ ਲਈ ਪਚੀਸੀ ਖੇਡਣਾ ਕਾਰਗਰ ਉਪਾਅ ਸੀ।”
ਰਮਾਕਾਂਤ ਦੇ ਬਿਆਨ ਪਿਛੋਂ ਚਰਚਾ ਖਤਮ ਹੋ ਗਈ। ਇਸ ਦੌਰਾਨ ਪੌਂ ਬਾਰਾਂ ਦੇ ਪ੍ਰਸੰਗ ਵਿਚ ਵਾਰ ਵਾਰ ਪੌਂ ਸ਼ਬਦ ਪਾਂਵ (ਪੈਰ) ਦਾ ਵਿਗਾੜ ਹੀ ਦੱਸਿਆ ਜਾ ਰਿਹਾ ਸੀ। ਸੋ ਇਸ ‘ਤੇ ਸਭ ਦੀ ਸਹਿਮਤੀ ਲਗਦੀ ਸੀ। ਮੈਨੂੰ ਵੀ ਆਪਣੇ ਵਲੋਂ ਸੰਸਕ੍ਰਿਤ ਦੇ ਚੰਗੀ ਸੋਟ ਲਈ ਸੁਝਾਏ ਸ਼ਬਦ ਪ੍ਰਹਾ ਵਿਚੋਂ ਫੂਕ ਨਿਕਲਦੀ ਪ੍ਰਤੀਤ ਹੋਈ। ਇਕ ਕੋਸ਼ ਨੇ ਇਸ ਮੁਹਾਵਰੇ ਦੀ ਵਿਆਖਿਆ ਇਸ ਤਰ੍ਹਾਂ ਕੀਤੀ ਹੈ, “ਤਿੰਨ ਪਾਸਿਆਂ ਦੀ ਖੇਡ ਵਿਚ ਪਾਸੇ ਦਾ ਇਸ ਤਰ੍ਹਾਂ ਪੈਣਾ ਕਿ ਇਕ ਪਾਸੇ ਵਿਚ ਪੌ (ਅਰਥਾਤ ਇਕ) ਅਤੇ ਬਾਕੀ ਪਾਸਿਆਂ ਦੀ ਖੇਡ ਵਿਚ ਛੇ-ਛੇ ਦੇ ਦਾਅ (6+6+1) ਆਉਣ। ਇਹ ਜਿੱਤ ਦਾ ਸਭ ਤੋਂ ਵੱਡਾ ਦਾਅ ਹੁੰਦਾ ਹੈ। ਇਥੋਂ ਹੀ ਬਹੁਤ ਵੱਡੀ ਜਿੱਤ ਜਾਂ ਲਾਭ ਦੇ ਅਰਥਾਂ ਵਾਲਾ ਮੁਹਾਵਰਾ ਪੌ ਬਾਰਾਂ ਬਣਿਆ।
ਇਕ ਨੈਪਾਲੀ ਕੋਸ਼ ਨੇ ‘ਪਵਬਾਰਾ’ ਦੇ ਇੰਦਰਾਜ ਅਧੀਨ ਇਸ ਤਰ੍ਹਾਂ ਦਰਜ ਕੀਤਾ ਹੈ, “ਪਾਸੇ ਦੀ ਖੇਡ ਵਿਚ ਤਿੰਨ ਪਾਸਿਆਂ ਦੀ ਅਜਿਹੀ ਸੋਟ ਜਿਸ ਵਿਚ ਦੋ ਪਾਸਿਆਂ ਦੇ ਛੇ-ਛੇ ਬਿੰਦੀਆਂ ਵਾਲੇ ਤਲ ਉਪਰ ਆਉਂਦੇ ਹਨ ਅਤੇ ਇੱਕ ਦਾ ਇੱਕ ਬਿੰਦੀ ਵਾਲਾ। ਜਿਸ ਨਾਲ ਕੁੱਲ ਤੇਰਾਂ ਦੀ ਚਾਲ ਬਣਦੀ ਹੈ।”
ਪਿਛੋਂ ਮੈਂ ਕੁਝ ਹੋਰ ਸ੍ਰੋਤ ਵੀ ਫੋਲੇ। ਪਤਾ ਲੱਗਾ ਕਿ ਪਾਸੇ ਦੀ ਇਕ ਚਾਲ ਲਈ ਪਗ, ਪਾਦਾਨ ਆਦਿ ਸ਼ਬਦ ਵੀ ਵਰਤੇ ਜਾਂਦੇ ਹਨ, ਸੋ ਪਾਂਵ, ਪਾਵ, ਪਾਇ, ਪਉ, ਪੌ, ਪੌਂ ਸਾਰੇ ਸ਼ਬਦ ਪਾਦ ਤੋਂ ਹੀ ਵਿਕਸਿਤ ਹੋਏ ਹਨ।
ਪਾਸੇ ਅਤੇ ਕੌਡੀਆਂ ਦੀਆਂ ਖੇਡਾਂ ਦੇ ਕਈ ਖੇਤਰੀ ਰੁਪਾਂਤਰ ਹਨ। ਪਰ ਆਮ ਤੌਰ ‘ਤੇ ਬਾਰਾਂ ਦਾ ਦਾਅ ਕਈਆਂ ਵਿਚ ਸੁਭਾਗਾ ਹੈ। ਇਸੇ ਤਰ੍ਹਾਂ ਮੌਜਾਂ ਮਾਣਨ ਦੇ ਅਰਥਾਂ ਵਿਚ ‘ਅੱਠੋ ਅੱਠ ਮਾਰਨਾ’ ਮੁਹਾਵਰਾ ਵੀ ‘ਅਸ਼ਟਾ ਚੰਗਾ’ ਨਾਮੀ ਖੇਡ ਤੋਂ ਪੈਦਾ ਹੋਇਆ ਲਗਦਾ ਹੈ। ਕਿਸੇ ਪਾਸੇ ਵੀ ਸਫਲਤਾ ਨਾ ਹੋਣੀ ਦੇ ਅਰਥਾਂ ਵਾਲਾ ‘ਤਿੰਨ ਕਾਣੇ’ ਮੁਹਾਵਰਾ ਵੀ ਕੌਡੀਆਂ ਦੀ ਖੇਡ ਤੋਂ ਹੀ ਸ਼ੁਰੂ ਹੋਇਆ ਹੈ। ਅਰਥਾਤ ਜੇ ਕਿਸੇ ਦੀਆਂ ਚਾਰ ਕੌਡੀਆਂ ਵਿਚੋਂ ਵਾਰ ਵਾਰ ਤਿੰਨ ਕੌਡੀਆਂ ਹੀ ਚਿੱਤ ਆਉਣ (ਚਾਰ ਤੋਂ ਸਿਰਫ ਇਕ ਘਟ) ਤਾਂ ਉਸ ਦੀ ਕਿਸਮਤ ਮਾੜੀ ਹੀ ਸਮਝੀ ਜਾਵੇਗੀ ਕਿ ਉਹ ਖੇਡ ਸ਼ੁਰੂ ਵੀ ਨਹੀਂ ਕਰ ਸਕਦਾ। ਭਾਗ ਚੰਗੇ ਹੋਣਾ ਦੇ ਅਰਥਾਂ ਵਿਚ ‘ਪਾਸਾ ਪੈਣਾ’ ਜਾਂ ‘ਪਾਸੇ ਪਰਤਣਾ’ ਅਤੇ ਇਸ ਤੋਂ ਉਲਟ ‘ਪਾਸੇ ਪੁੱਠੇ ਪੈਣੇ’ ਵੀ ਪਾਸੇ ਦੀ ਖੇਡ ਦੀ ਹੀ ਦੇਣ ਹਨ। ਪਰ ਸੁਬਹ ਦੇ ਅਰਥਾਂ ਵਿਚ ਪਾਂਵ ਘਸੀਟਣ ਵਾਲੀ ਗੱਲ ਨਾਲ ਮੇਰੀ ਸਹਿਮਤੀ ਨਾ ਬਣ ਸਕੀ। ਮੈਂ ਇਸ ਨੂੰ ਇਕ ਕਾਵਿਕ ਜਿਹੀ ਵਿਆਖਿਆ ਹੀ ਗਰਦਾਨਿਆ। ਹਿੰਦੀ ਪੌ ਤੇ ਪੰਜਾਬੀ ਪਹੁ ਦੀ ਮੁਢਲੀ ਪ੍ਰਭਾ ਹੀ ਸਾਰਥਕ ਲਗਦੀ ਹੈ।