ਬੱਚੇ ਤੇ ਮਾਪੇ ਕੀ ਕਰਨ ਸੁਰੱਖਿਆ ਲਈ

ਡਾæ ਗੁਰਨਾਮ ਕੌਰ, ਕੈਨੇਡਾ
ਪਿਛਲੇ ਲੇਖ ਵਿਚ ਜ਼ੈਨਬ ਦੇ ਦਰਦ ਵਿਚ ਦੁਖੀ ਹੁੰਦਿਆਂ ਇਨਸਾਫ ਲਈ ਗੁਹਾਰ ਲਾਈ ਸੀ| ਜ਼ੈਨਬ ਦਾ ਕਾਤਲ ਮਿਲ ਗਿਆ ਹੈ| ਉਹੀ ਗੱਲ ਹੋਈ ਜਿਸ ਦਾ ਖਦਸ਼ਾ ਆਮ ਤੌਰ ‘ਤੇ ਪ੍ਰਗਟ ਕੀਤਾ ਜਾ ਰਿਹਾ ਸੀ ਜਾਂ ਜਿਸ ਤਰ੍ਹਾਂ ਆਮ ਵਾਪਰਦਾ ਹੈ; ਉਹ ਜ਼ੈਨਬ ਦੇ ਟੱਬਰ ਦਾ ਜਾਣੂ ਨਿਕਲਿਆ| ਖਬਰਾਂ ਅਨੁਸਾਰ ਜ਼ੈਨਬ ਨਾਲ ਸਰੀਰਕ ਜ਼ਬਰ ਕਰਕੇ ਉਸ ਦਾ ਕਤਲ ਕਰਨ ਵਾਲੇ ਹੈਵਾਨ ਦਾ ਨਾਂ ਮੁਹੰਮਦ ਇਮਰਾਨ ਅਲੀ ਹੈ ਜੋ ਉਸੇ ਮੁਹੱਲੇ ਵਿਚ ਜ਼ੈਨਬ ਦੇ ਘਰ ਤੋਂ ਸੌ ਕੁ ਗਜ ਦੇ ਫਾਸਲੇ ‘ਤੇ ਰਹਿੰਦਾ ਸੀ|

ਖਬਰਾਂ ਅਨੁਸਾਰ ਜ਼ੈਨਬ ਦੇ ਘਰ ਉਸ ਦਾ ਆਉਣ-ਜਾਣ ਸੀ ਤੇ ਜ਼ੈਨਬ ਉਸ ਤੋਂ ਚੰਗੀ ਤਰ੍ਹਾਂ ਵਾਕਫ ਸੀ| ਸ਼ਾਇਦ ਇਸੇ ਲਈ, ਉਸ ਵੱਲੋਂ ਦਿੱਤੇ ਉਸ ਦੇ ਆਪਣੇ ਬਿਆਨਾਂ ਅਨੁਸਾਰ ਜਦੋਂ ਉਸ ਨੇ ਜ਼ੈਨਬ ਨੂੰ ਕਿਹਾ ਕਿ ਉਹ ਉਸ ਨੂੰ ਉਸ ਦੇ ਮਾਂ-ਬਾਪ ਨੂੰ ਮਿਲਾਉਣ ਲੈ ਜਾਵੇਗਾ ਤਾਂ ਉਹ ਭੋਲੀ ਤੇ ਮਾਸੂਮ ਬੱਚੀ ਉਸ ਨਾਲ ਤੁਰ ਪਈ| ਕਾਤਲ ਦੇ ਦੱਸਣ ਅਨੁਸਾਰ ਜਦੋਂ ਇੱਕ-ਡੇਢ ਮੀਲ ਤੁਰਨ ਤੋਂ ਬਾਅਦ ਘਰ ਤੱਕ ਨਾ ਪਹੁੰਚਣ ‘ਤੇ ਜ਼ੈਨਬ ਨੇ ਪੁੱਛਿਆ ਕਿ ਉਹ ਕਿਧਰ ਜਾ ਰਹੇ ਹਨ ਤਾਂ ਉਸ ਨੇ ਕਿਹਾ ਕਿ ਉਹ ਘਰ ਭੁੱਲ ਗਏ ਹਨ|
ਖਬਰਾਂ ਅਨੁਸਾਰ ਜਾਂਚ-ਪੜਤਾਲ ਦੇ ਘੇਰੇ ਵਿਚ ਆਉਂਦੇ 1100 ਬੰਦਿਆਂ ਦਾ ਡੀæ ਐਨæ ਏæ ਪਰਖਿਆ ਗਿਆ ਜਿਸ ਵਿਚ ਇਮਰਾਨ ਅਲੀ ਦਾ ਡੀæ ਐਨæ ਏæ ਜ਼ੈਨਬ ਤੋਂ ਲਏ ਡੀæ ਐਨæ ਏæ ਨਾਲ ਮਿਲ ਗਿਆ| ਉਸ ਦਾ ਪੌਲੇਮਿਕ ਟੈਸਟ ਵੀ ਕੀਤਾ ਗਿਆ| ਇਸ ਦੇ ਨਾਲ ਹੀ ਜਦੋਂ ਉਸ ਦੇ ਘਰ ਦੀ ਤਲਾਸ਼ੀ ਲਈ ਗਈ ਤਾਂ ਉਸ ਦੀ ਜੈਕਟ ਮਿਲ ਗਈ ਜਿਸ ਦੇ ਮੋਢਿਆਂ ‘ਤੇ ਲੱਗੇ ਬਟਣ ਸੀæ ਸੀæ ਟੀæ ਵੀæ ਫੁਟੇਜ ਵਿਚ ਨਜ਼ਰ ਆਉਂਦੇ ਜੈæਨਬ ਨਾਲ ਜਾ ਰਹੇ ਬੰਦੇ ਦੀ ਜੈਕਟ ਨਾਲ ਮਿਲਦੇ ਸਨ| ਉਸ ਤੋਂ ਵੀ ਅੱਗੇ ਇੱਕ ਵਾਰ ਫੜ੍ਹ ਕੇ ਛੱਡੇ ਜਾਣ ਤੋਂ ਬਾਅਦ ਉਹ ਦਾੜ੍ਹੀ ਸ਼ੇਵ ਕਰਾ ਆਇਆ ਤੇ ਫਿਰ ਡਰਦਾ ਮਾਰਿਆ ਪਾਕਪਟਨ ਚਲਾ ਗਿਆ| ਉਸ ਦੀ ਮਾਂ ਨੂੰ ਸੀæ ਸੀæ ਟੀæ ਵੀæ ਦੀ ਫੁਟੇਜ ਤੋਂ ਸ਼ੱਕ ਪੈ ਗਿਆ ਸੀ| ਇਸ ਲਈ ਉਸ ਨੂੰ ਗ੍ਰਿਫਤਾਰ ਕਰਾਉਣ ਵਿਚ ਮਾਂ ਨੇ ਮਦਦ ਕੀਤੀ| ਉਹ ਜ਼ੈਨਬ ਦੀ ਤਾਜੀਅਤ (ਅਫਸੋਸ) ਕਰਨ ਉਸ ਦੇ ਘਰ ਵੀ ਆਇਆ ਅਤੇ ਉਸ ਦੇ ਜਨਾਜੇæ ਵਿਚ ਵੀ ਸ਼ਾਮਲ ਹੋਇਆ|
ਬੀæ ਬੀæ ਸੀæ ਉਰਦੂ ਅਨੁਸਾਰ ਉਸ ਨੇ ਜ਼ੈਨਬ ਨੂੰ 4 ਜਨਵਰੀ ਤੋਂ 9 ਜਨਵਰੀ ਤੱਕ 5 ਦਿਨ ਬੰਦੀ ਬਣਾ ਕੇ ਰੱਖਿਆ| ਡੀæ ਐਨæ ਏæ ਤੋਂ ਇਹ ਵੀ ਸਾਬਤ ਹੋ ਗਿਆ ਹੈ ਕਿ ਜ਼ੈਨਬ ਤੋਂ ਪਹਿਲਾਂ 7 ਬੱਚੀਆਂ ਨਾਲ ਜ਼ਬਰ ਜਨਾਹ ਕਰਕੇ ਉਨ੍ਹਾਂ ਦਾ ਕਤਲ ਵੀ ਇਸੇ ਇਮਰਾਨ ਅਲੀ ਨੇ ਕੀਤਾ ਸੀ| ਮੀਡੀਏ ਵਿਚ ਚੱਲ ਰਹੀ ਚਰਚਾ ਵਿਚ ਭਾਗ ਲੈ ਰਹੇ ਕਈ ਲੋਕਾਂ ਦਾ ਕਹਿਣਾ ਸੀ ਕਿ ਇਸ ਕਿਸਮ ਦੇ 90% ਕਾਰੇ ਆਮ ਤੌਰ ‘ਤੇ ਪਰਿਵਾਰ ਨਾਲ ਨੇੜ ਰੱਖਣ ਵਾਲਿਆਂ ਵੱਲੋਂ ਕੀਤੇ ਜਾਂਦੇ ਹਨ ਜਿਨ੍ਹਾਂ ‘ਤੇ ਪਰਿਵਾਰ ਨੂੰ ਭਰੋਸਾ ਹੁੰਦਾ ਹੈ|
ਅਜਿਹਾ ਕਾਰਾ ਕਰਨ ਵਾਲਾ ਅਪਰਾਧੀ ਕੋਈ ਨਜ਼ਦੀਕੀ, ਕੋਈ ਰਿਸ਼ਤੇਦਾਰ, ਜਾਣੂ, ਮੁਹੱਲੇਦਾਰ, ਅਧਿਆਪਕ, ਧਾਰਮਿਕ ਸਿੱਖਿਆ ਦੇਣ ਵਾਲਾ, ਘਰ ਦਾ ਨੌਕਰ ਜਾਂ ਪਰਿਵਾਰ ਦੀ ਕਾਰ ਦਾ ਡਰਾਈਵਰ ਵੀ ਹੋ ਸਕਦਾ ਹੈ| ਯੂæ ਐਸ਼ ਡਿਪਾਰਟਮੈਂਟ ਆਫ ਜਸਟਿਸ ਅਨੁਸਾਰ ਸਿਰਫ 10% ਅਪਰਾਧੀ ਹੀ ਬੱਚਿਆਂ ਲਈ ਅਜਨਬੀ ਹੁੰਦੇ ਹਨ|
ਨਤਾਸ਼ਾ ਡੈਨੀਅਲ, ਜੋ ਸਰੀਰਕ ਜ਼ਬਰ ਦਾ ਸ਼ਿਕਾਰ ਹੋ ਚੁਕੇ ਬੱਚਿਆਂ ਨੂੰ ਹਫਤਾਵਾਰ ਆਧਾਰ ‘ਤੇ ਮਿਲਦੀ ਹੈ, ਦਾ ਕਹਿਣਾ ਹੈ ਕਿ ਅਸੀਂ ਆਪਣੇ ਛੋਟੇ ਬੱਚਿਆਂ ਨੂੰ ਉਨ੍ਹਾਂ ਦੇ ਬਚਾਓ ਦੇ ਸੈਂਕੜੇ ਤਰੀਕੇ ਦੱਸਦੇ ਹਾਂ ਜਿਵੇਂ ਬਲਦੇ ਚੁੱਲ੍ਹੇ ਕੋਲ ਨਹੀਂ ਜਾਣਾ, ਸੜਕ ਪਾਰ ਕਰਨ ਤੋਂ ਪਹਿਲਾਂ ਦੋਵੇਂ ਪਾਸੇ ਦੇਖਣਾ ਹੈ ਤੇ ਫਿਰ ਪਾਰ ਕਰਨੀ ਹੈ, ਪ੍ਰੰਤੂ ਅਕਸਰ ਅਸੀਂ ਉਨ੍ਹਾਂ ਨੂੰ ਸਰੀਰ ਦੀ ਰੱਖਿਆ ਕਰਨ ਬਾਰੇ ਬਹੁਤ ਵੱਡੇ ਹੋਣ ‘ਤੇ ਹੀ ਦੱਸਦੇ ਹਾਂ ਜਾਂ ਉਦੋਂ ਦੱਸਦੇ ਹਾਂ ਜਦੋਂ ਬਹੁਤ ਪਛੜ ਚੁਕੇ ਹੁੰਦੇ ਹਾਂ (ਪਾਕਿਸਤਾਨ ਅਤੇ ਭਾਰਤ ਵਿਚ ਤਾਂ ਮਾਪੇ ਅਜਿਹੇ ਵਿਸ਼ਿਆਂ ‘ਤੇ ਗੱਲ ਕਰਨ ਤੋਂ ਵੀ ਗੁਰੇਜ਼ ਕਰਦੇ ਹਨ)|
ਸੈਂਟਰ ਫਾਰ ਡਿਜ਼ੀਜ਼ ਕੰਟਰੋਲ (ਸੀæ ਡੀæ ਸੀæ) ਵੱਲੋਂ ਕੀਤੇ ਇੱਕ ਸਰਵੇਖਣ ਅਨੁਸਾਰ ਕਰੀਬ 6 ਲੜਕਿਆਂ ਵਿਚੋਂ ਇੱਕ ਲੜਕਾ ਅਤੇ ਚਾਰ ਲੜਕੀਆਂ ਵਿਚੋਂ ਇੱਕ ਲੜਕੀ 18 ਸਾਲ ਦੀ ਉਮਰ ਹੋਣ ਤੋਂ ਪਹਿਲਾਂ ਸਰੀਰਕ ਬਦਸਲੂਕੀ ਦਾ ਸ਼ਿਕਾਰ ਹੋ ਚੁਕੇ ਹੁੰਦੇ ਹਨ| ਉਸ ਨੇ ਕੁਝ ਸਵਾਲ ਰੱਖੇ ਹਨ ਜੋ ਬਹੁਤ ਅਹਿਮ ਹਨ ਜਿਵੇਂ ਕੀ ਤੁਹਾਡੇ ਬੱਚੇ ਪਲੇਅ-ਡੇਟਸ ‘ਤੇ ਜਾਂਦੇ ਹਨ, ਡੇ-ਕੇਅਰ ਕੇਂਦਰ ਜਾਂ ਪ੍ਰੀ-ਸਕੂਲ ਵਿਚ ਜਾਂਦੇ ਹਨ? ਕੀ ਤੁਹਾਡੇ ਕੋਈ ਦੋਸਤ ਜਾਂ ਕੋਈ ਪਰਿਵਾਰ ਅਜਿਹੇ ਹਨ ਜੋ ਅਕਸਰ ਤੁਹਾਡੇ ਘਰ ਆਉਂਦੇ-ਜਾਂਦੇ ਹਨ? ਕੀ ਤੁਹਾਡੇ ਬੱਚੇ ਗੁਆਂਢ ਵਿਚ ਕਿਸੇ ਦੇ ਘਰ ਖੇਡਣ ਜਾਂਦੇ ਹਨ? ਅਸਲ ਤੱਥ ਇਹ ਹੈ ਕਿ ਅਜਿਹੇ ਹਾਲਾਤ ਵਿਚ ਤੁਹਾਡੇ ਲਈ ਆਪਣੇ ਬੱਚੇ ਨੂੰ ਸਰੀਰਕ ਬਦਸਲੂਕੀ ਤੋਂ ਪੂਰੀ ਤਰ੍ਹਾਂ ਬਚਾ ਸਕਣਾ ਮੁਸ਼ਕਿਲ ਹੈ|
ਨਤਾਸ਼ਾ ਡੈਨੀਅਲ ਦਾ ਕਹਿਣਾ ਹੈ ਕਿ ਜਿਨ੍ਹਾਂ ਬੱਚਿਆਂ ਨਾਲ ਉਹ ਕੰਮ ਕਰਦੀ ਹੈ, ਉਹ ਬਹੁਤ ਅੱਛੇ ਗੁਆਂਢ, ਚੰਗੇ ਘਰਾਂ ਵਿਚੋਂ ਆਉਂਦੇ ਹਨ ਅਤੇ ਬਹੁਤ ਹੀ ਚੰਗੇ ਸਕੂਲਾਂ ਵਿਚ ਪੜ੍ਹਨ ਜਾਂਦੇ ਹਨ| ਉਸ ਨੇ ਅਜਿਹੇ ਬੱਚਿਆਂ ਨਾਲ ਕੰਮ ਕੀਤਾ ਹੈ, ਜਿਨ੍ਹਾਂ ਨੂੰ ਪਲੇਅ-ਡੇਟਸ, ਦੂਸਰਿਆਂ ਦੇ ਘਰ ਸੌਣ, ਜਮਾਤ ਦੇ ਕਮਰਿਆਂ, ਖੇਡ ਮੈਦਾਨਾਂ, ਸਕੂਲ ਦੀਆਂ ਬੱਸਾਂ, ਉਨ੍ਹਾਂ ਦੇ ਆਪਣੇ ਖੇਡ ਕਮਰਿਆਂ ਜਾਂ ਉਨ੍ਹਾਂ ਦੇ ਘਰਾਂ ਵਿਚ ਪਿਛਲੇ ਵਿਹੜਿਆਂ ਵਿਚ ਸਰੀਰਕ ਬਦਸਲੂਕੀ ਦਾ ਸ਼ਿਕਾਰ ਬਣਾਇਆ ਗਿਆ| ਨਤਾਸ਼ਾ ਡੈਨੀਅਲ ਦਾ ਕਹਿਣਾ ਹੈ ਕਿ ਇਸ ਸਭ ਨੇ ਸਾਨੂੰ ਮੌਤ ਦੇ ਭੈ ਜਿੰਨਾ ਡਰਾ ਦਿੱਤਾ ਹੈ ਪਰ ਇਸ ਭੈ ਤੋਂ ਬਚਿਆ ਜਾ ਸਕਦਾ ਹੈ| ਸਾਨੂੰ ਆਪਣੇ ਬੱਚਿਆਂ ਨੂੰ ਘਰੋਂ ਬਾਹਰ ਖੇਡਣ ਜਾਣ, ਉਨ੍ਹਾਂ ਨੂੰ ਬਾਹਰ ਸੰਸਾਰ ਵਿਚ ਵਿਚਰਨ ਅਤੇ ਆਪਣੇ ਆਲੇ-ਦੁਆਲੇ ਵਾਲਿਆਂ ਨਾਲ ਗੱਲਬਾਤ ਕਰਨ ਦੀ ਆਗਿਆ ਦੇਣੀ ਪਵੇਗੀ, ਪ੍ਰੰਤੂ ਅਸੀਂ ਆਪਣੇ ਬੱਚਿਆਂ ਨੂੰ ਗਿਆਨ ਨਾਲ ਸ਼ਸਤਰਬੱਧ ਕਰ ਸਕਦੇ ਹਾਂ ਜੋ ਉਨ੍ਹਾਂ ਨੂੰ ਸਤਾਏ ਜਾਣ ਤੋਂ ਬਚਾ ਸਕਦਾ ਹੈ|
ਮਾਂ-ਬਾਪ ਆਮ ਤੌਰ ‘ਤੇ ਆਪਣੇ ਬੱਚਿਆਂ ਨਾਲ ਸਰੀਰਕ ਰੱਖਿਆ ਲਈ ਗੱਲਬਾਤ ਉਨ੍ਹਾਂ ਦੀ ਬਹੁਤੀ ਛੋਟੀ ਉਮਰ ਵਿਚ ਨਹੀਂ ਕਰਦੇ| ਉਹ ਅਕਸਰ ਹੀ ਸੋਚਦੇ ਹਨ ਕਿ ਬੱਚੇ ਹਾਲੇ ਬੜੇ ਛੋਟੇ ਨੇ| ਉਨ੍ਹਾਂ ਨੂੰ ਇਹ ਗੱਲ ਬਹੁਤ ਡਰਾਉਣੀ ਲਗਦੀ ਹੈ, ਪਰ ਇਹ ਨਾ ਹੀ ਕਦੇ ਵੀ ਬਹੁਤ ਛੇਤੀ ਹੈ ਅਤੇ ਨਾ ਹੀ ਬਹੁਤ ਡਰਾਉਣੀ ਗੱਲਬਾਤ ਜਾਂ ਚਰਚਾ ਹੈ| ਕੁਝ ਗੱਲਾਂ ਹਨ ਜੋ ਬੱਚਿਆਂ ਲਈ ਬਹੁਤ ਹੀ ਸਹਾਈ ਹੋ ਸਕਦੀਆਂ ਹਨ ਅਤੇ ਬੱਚਿਆਂ ਨੂੰ ਸਰੀਰਕ ਜ਼ਬਰ ਦਾ ਸ਼ਿਕਾਰ ਹੋਣ ਤੋਂ ਬਹੁਤ ਹੱਦ ਤੱਕ ਬਚਾ ਸਕਦੀਆਂ ਹਨ|
ਆਪਣੇ ਬੱਚਿਆਂ ਨੂੰ ਉਨ੍ਹਾਂ ਦੇ ਸਰੀਰ ਬਾਰੇ ਗਿਆਨ ਦਿਉ ਅਤੇ ਦੱਸੋ ਕਿ ਇਨ੍ਹਾਂ ਸਰੀਰਕ ਅੰਗਾਂ ਦਾ ਕੀ ਅਸਲੀ ਕਾਰਜ ਹੈ| ਉਨ੍ਹਾਂ ਨੂੰ ਸਿੱਖਿਆ ਦਿਉ ਕਿ ਸਰੀਰ ਦੇ ਇਹ ਹਿੱਸੇ ਉਨ੍ਹਾਂ ਦੇ ਨਿਜੀ ਇਸ ਲਈ ਕਹੇ ਜਾਂਦੇ ਹਨ ਕਿਉਂਕਿ ਇਹ ਨਿਜੀ ਹਨ ਅਤੇ ਕੋਈ ਹੋਰ ਦੂਸਰਾ ਉਨ੍ਹਾਂ ਨੂੰ ਨਹੀਂ ਛੁਹ ਸਕਦਾ| ਸਪੱਸ਼ਟ ਕਰੋ ਕਿ ਮਾਂ ਜਾਂ ਬਾਪ ਹੀ ਉਨ੍ਹਾਂ ਦੀ ਸਫਾਈ ਕਰਨ ਵੇਲੇ ਉਨ੍ਹਾਂ ਨੂੰ ਛੋਹ ਸਕਦੇ ਹਨ| ਉਨ੍ਹਾਂ ਨੂੰ ਦੱਸੋ ਕਿ ਕਿਸੇ ਦੇ ਸਾਹਮਣੇ ਉਨ੍ਹਾਂ ਨੇ ਬਿਨਾ ਕੱਪੜੇ ਪਹਿਨੇ ਨਹੀਂ ਜਾਣਾ ਅਰਥਾਤ ਕੱਪੜੇ ਨਹੀਂ ਉਤਾਰਨੇ| ਨਿਰੀਖਣ ਵੇਲੇ ਡਾਕਟਰ ਕੋਲ ਕੱਪੜੇ ਉਤਾਰ ਸਕਦੇ ਹਨ ਕਿਉਂਕਿ ਉਦੋਂ ਉਨ੍ਹਾਂ ਦੇ ਮਾਂ-ਬਾਪ ਕੋਲ ਹੁੰਦੇ ਹਨ| ਉਨ੍ਹਾਂ ਦਾ ਸਰੀਰ ਉਨ੍ਹਾਂ ਦਾ ਮੰਦਿਰ ਹੈ ਜਿਸ ਦੀਆਂ ਹੱਦਾਂ ਹਨ ਤੇ ਕੋਈ ਦੂਜਾ ਇਨ੍ਹਾਂ ਹੱਦਾਂ ਨੂੰ ਪਾਰ ਨਹੀਂ ਕਰ ਸਕਦਾ| ਉਨ੍ਹਾਂ ਨੂੰ ਇਹ ਵੀ ਦੱਸਣਾ ਹੈ ਕਿ ਉਨ੍ਹਾਂ ਨੇ ਕਿਸੇ ਦੇ ਵੀ ਕਹਿਣ ‘ਤੇ ਕਿਸੇ ਦੂਜੇ ਦੇ ਨਿਜੀ ਅੰਗਾਂ ਨੂੰ ਵੀ ਨਹੀਂ ਛੁਹਣਾ| ਬਹੁਤੀ ਵਾਰ ਮਾਪੇ ਪਹਿਲੀ ਗੱਲ ਤਾਂ ਦੱਸ ਦਿੰਦੇ ਹਨ ਪਰ ਦੂਜੀ ਗੱਲ ਦੱਸਣੀ ਭੁੱਲ ਜਾਂਦੇ ਹਨ ਜੋ ਕਿ ਓਨੀ ਹੀ ਜ਼ਰੂਰੀ ਹੈ|
ਬੱਚਿਆਂ ਨੂੰ ਇਹ ਵੀ ਸਮਝਾਓ ਕਿ ਉਨ੍ਹਾਂ ਨੇ ਆਪਣੇ ਮਾਂ-ਬਾਪ ਕੋਲੋਂ ਆਪਣੇ ਸਰੀਰ ਸਬੰਧੀ ਕੋਈ ਵੀ ਗੱਲ ਲੁਕਾਉਣੀ ਨਹੀਂ| ਬਹੁਤੀ ਵਾਰ ਬੱਚੇ ਆਪਣੇ ਨਾਲ ਹੋਈ ਸਰੀਰਕ ਬਦਸਲੂਕੀ ਦੱਸਦੇ ਨਹੀਂ| ਇਹ ਬਹੁਤ ਜ਼ਰੂਰੀ ਹੈ ਕਿ ਬੱਚੇ ਆਪਣੇ ਮਾਂ-ਬਾਪ ਨਾਲ ਆਪਣਾ ਹਰ ਭੇਦ ਸਾਂਝਾ ਕਰਨ| ਕਈ ਵਾਰ ਬੱਚਿਆਂ ਨੂੰ ਅਪਰਾਧੀ ਇਹ ਕਹਿ ਕੇ ਡਰਾ ਦਿੰਦੇ ਹਨ ਕਿ ਜੇ ਕਿਸੇ ਨੂੰ ਦੱਸਿਆ ਤਾਂ ਮਾੜੇ ਨਤੀਜੇ ਭੁਗਤਣੇ ਪੈਣਗੇ ਪਰ ਆਪਣੇ ਬੱਚਿਆਂ ਨੂੰ ਸਿਖਾਓ ਕਿ ਕੁਝ ਵੀ ਛੁਪਾ ਕੇ ਨਹੀਂ ਰੱਖਣਾ| ਉਨ੍ਹਾਂ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਕਿਸੇ ਨੂੰ ਵੀ ਆਪਣੇ ਨਿਜੀ ਅੰਗਾਂ ਦੀ ਤਸਵੀਰ ਨਹੀਂ ਲੈਣ ਦੇਣੀ| ਕਈ ਵਾਰ ਮਾਪੇ ਇਹ ਗੱਲ ਦੱਸਣੀ ਭੁੱਲ ਜਾਂਦੇ ਹਨ ਪਰ ਇਹ ਦੁਨੀਆਂ ਬੁਰੀ ਤਰ੍ਹਾਂ ਬਿਮਾਰ ਹੈ; ਅਜਿਹੇ ਬਿਮਾਰ ਲੋਕਾਂ ਦੀ ਕਮੀ ਨਹੀਂ ਜੋ ਬੱਚਿਆਂ ਦੀਆਂ ਨੰਗੀਆਂ ਤਸਵੀਰਾਂ ਲੈ ਕੇ ਉਨ੍ਹਾਂ ਦਾ ਆਨਲਾਈਨ ਵਪਾਰ ਕਰਦੇ ਹਨ| ਇਹ ਇੱਕ ਛੂਤ ਦੀ ਬਿਮਾਰੀ ਹੈ ਜੋ ਬਹੁਤ ਫੈਲ ਚੁਕੀ ਹੈ ਅਤੇ ਤੁਹਾਡੇ ਬੱਚੇ ਨੂੰ ਮੁਸੀਬਤ ਵਿਚ ਪਾ ਸਕਦੀ ਹੈ|
ਆਪਣੇ ਬੱਚੇ ਨੂੰ ਸਿਖਾਉ ਕਿ ਅਜਿਹੀਆਂ ਡਰਾਉਣੀਆਂ ਜਾਂ ਅਣਸੁਖਾਵੀਆਂ ਹਾਲਤਾਂ ਵਿਚੋਂ ਕਿਵੇਂ ਬਚ ਕੇ ਨਿਕਲਣਾ ਹੈ? ਬੱਚਿਆਂ ਨੂੰ ਅਜਿਹੀ ਹਾਲਤ ਵਿਚ ਵੱਡਿਆਂ ਨੂੰ ‘ਨਾਂਹ’ ਕਹਿਣੀ ਸਿਖਾਉ| ਉਨ੍ਹਾਂ ਨੂੰ ਕੋਈ ਕੋਡ ਦੱਸੋ ਕਿ ਜਦੋਂ ਕਿਸੇ ਦੀ ਸੰਗਤ ਨੂੰ ਅਣਸੁਖਾਵੀਂ ਸਮਝਣ ਤਾਂ ਉਹ ਕੋਡ ਵਰਤ ਕੇ ਮਾਂ-ਬਾਪ ਨੂੰ ਇਸ਼ਾਰਾ ਕਰਨ ਜਿਸ ‘ਤੇ ਮਾਪੇ ਉਸ ਨੂੰ ਉਥੋਂ ਚੁੱਕ ਲੈਣ| ਇਹ ਕੋਡ ਪਲੇਅ-ਡੇਟ ਜਾਂ ਕਿਸੇ ਦੇ ਘਰ ਸੌਣ ਵੇਲੇ ਵਰਤਿਆ ਜਾ ਸਕਦਾ ਹੈ| ਬੱਚਿਆਂ ਵਿਚ ਹੌਂਸਲਾ ਪੈਦਾ ਕਰੋ ਕਿ ਜੇ ਉਹ ਆਪਣੇ ਸਰੀਰਕ ਭੇਦ ਜਾਂ ਸਰੀਰਕ ਸੁਰੱਖਿਆ ਬਾਰੇ ਕੁਝ ਵੀ ਮਾਂ-ਬਾਪ ਨਾਲ ਸਾਂਝਾ ਕਰਨਗੇ ਤਾਂ ਕਿਸੇ ਮੁਸੀਬਤ ਵਿਚ ਨਹੀਂ ਪੈਣਗੇ| ਘਰੋਂ ਬਾਹਰ ਅਜਿਹੀ ਹਾਲਤ ਪੈਦਾ ਹੋਣ ‘ਤੇ ਬੱਚੇ ਜਾਂ ਤਾਂ ਰੌਲਾ ਪਾਉਣ ਜਾਂ ਫਿਰ ਕਿਸੇ ਭੀੜ ਵਾਲੀ ਜਗ੍ਹਾ ਵੱਲ ਦੌੜ ਪੈਣ|
‘ਗੁਡ ਟੱਚ ਐਂਡ ਬੈਡ ਟੱਚ’ ਦਾ ਸੰਕਲਪ ਬੱਚਿਆਂ ਨੂੰ ਭਰਮ ਵਿਚ ਪਾ ਸਕਦਾ ਹੈ ਕਿਉਂਕਿ ‘ਟੱਚ’ ਖੁਸ਼ ਕਰਨ ਵਾਲੀ ਹੋ ਸਕਦੀ ਹੈ| ਇਸ ਲਈ ਬੱਚਿਆਂ ਨੂੰ ਦੱਸੋ ਕਿ ਇਹ ‘ਸੀਕਰੇਟ ਟੱਚ’ ਹੈ ਜਿਸ ਦੀ ਆਗਿਆ ਕਿਸੇ ਨੂੰ ਨਹੀਂ ਹੋਣੀ ਚਾਹੀਦੀ| ਬੱਚਿਆਂ ਨੂੰ ਦੱਸੋ ਕਿ ਇਹ ਸਾਰੇ ਨਿਯਮ ਉਨ੍ਹਾਂ ਲੋਕਾਂ ‘ਤੇ ਵੀ ਲਾਗੂ ਹੁੰਦੇ ਹਨ ਜੋ ਉਨ੍ਹਾਂ ਨੂੰ ਬਹੁਤ ਕਰੀਬ ਤੋਂ ਜਾਣਦੇ ਹਨ; ਇਹ ਬਹੁਤ ਹੀ ਜ਼ਰੂਰੀ ਅਤੇ ਅਹਿਮ ਗੱਲ ਹੈ, ਬੱਚਿਆਂ ਨੂੰ ਸਮਝਾਉਣ ਵਾਲੀ ਕਿ ਭਾਵੇਂ ਕੋਈ ਕਿੰਨਾ ਹੀ ਨੇੜਲਾ ਹੋਵੇ-ਅਧਿਆਪਕ, ਕੋਚ, ਦੋਸਤ ਜਾਂ ਰਿਸ਼ਤੇਦਾਰ ਸਰੀਰ ਦੇ ਨਿਜੀ ਹਿੱਸਿਆਂ ਨੂੰ ਛੁਹਣ ਦੀ ਆਗਿਆ ਕਿਸੇ ਨੂੰ ਵੀ ਨਹੀਂ ਹੈ|
ਨਤਾਸ਼ਾ ਡੈਨੀਅਲ ਦਾ ਕਹਿਣਾ ਹੈ ਕਿ ਉਹ ਏਨੀ ਅਨੁਭਵਹੀਣ ਨਹੀਂ ਹੈ ਕਿ ਇਹ ਮੰਨ ਕੇ ਚੱਲੇ ਕਿ ਇਸ ਨਾਲ ਬੱਚੇ ਪੂਰੀ ਤਰ੍ਹਾਂ ਸੁਰੱਖਿਅਤ ਹੋ ਜਾਣਗੇ ਪਰ ਫਿਰ ਵੀ ਇਸ ਕਿਸਮ ਦੇ ਗਿਆਨ ਨਾਲ ਸਿਖਿਅਤ ਕਰਕੇ ਉਨ੍ਹਾਂ ਨੂੰ ਬਹੁਤ ਹੱਦ ਤੱਕ ਬਚਾਇਆ ਜਾ ਸਕਦਾ ਹੈ| ਇੱਕ ਵਾਰ ਦੀ ਕੀਤੀ ਵਿਚਾਰ-ਚਰਚਾ ਕਾਫੀ ਨਹੀਂ ਹੈ| ਬੱਚਿਆਂ ਨਾਲ ਕੁਦਰਤੀ ਮਾਹੌਲ ਵਿਚ ਅਜਿਹੀ ਚਰਚਾ ਦੁਹਰਾਉਂਦੇ ਰਹਿਣਾ ਚਾਹੀਦਾ ਹੈ| ਉਸ ਦੀ ਬੇਨਤੀ ਹੈ ਕਿ ਇਸ ਸੁਨੇਹੇ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪੁਜਦਾ ਕੀਤਾ ਜਾਵੇ; ਉਨ੍ਹਾਂ ਲੋਕਾਂ ਨਾਲ ਸਾਂਝਾ ਕੀਤਾ ਜਾਵੇ ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋ, ਜਿਨ੍ਹਾਂ ਦਾ ਧਿਆਨ ਰੱਖਦੇ ਹੋ, ਜਿਨ੍ਹਾਂ ਦੀ ਪਰਵਾਹ ਕਰਦੇ ਹੋ|
ਪਾਕਿਸਤਾਨ ਤੇ ਭਾਰਤ ਦਾ ਦੁਖਾਂਤ ਇਹ ਹੈ ਕਿ ਅਸੀਂ ਆਪਣੇ ਬੱਚਿਆਂ ਨਾਲ ਸਿਰਫ ਅਦਬ-ਸਤਿਕਾਰ ਦਾ ਹੀ ਰਿਸ਼ਤਾ ਰੱਖਦੇ ਹਾਂ| ਬੱਚਿਆਂ ਤੋਂ ਅਸੀਂ ਸਿਰਫ ਆਗਿਆ ਪਾਲਣ ਦੀ ਤਵੱਕੋ ਕਰਦੇ ਹਾਂ| ਉਨ੍ਹਾਂ ਨਾਲ ਸਾਡਾ ਵਤੀਰਾ ਦੋਸਤਾਨਾ ਅਤੇ ਪਿਆਰ-ਮੁਹੱਬਤ ਵਾਲਾ ਬਹੁਤ ਘੱਟ ਹੁੰਦਾ ਹੈ, ਜਿਸ ਦਾ ਸਿੱਟਾ ਇਹ ਹੁੰਦਾ ਹੈ ਕਿ ਮਾਂ ਨਾਲ ਧੀ ਜਾਂ ਪਿਉ ਨਾਲ ਪੁੱਤ ਆਪਣਾ ਨਿਜੀ ਕੁਝ ਵੀ ਸਾਂਝਾ ਨਹੀਂ ਕਰਦੇ| ਅਸੀਂ ਬਚਪਨ ਵਿਚ ਤਾਂ ਆਪਣੇ ਬੱਚਿਆਂ ਨੂੰ ਕੀ ਸਮਝਾਉਣਾ ਹੈ, ਵੱਡੇ ਹੋਇਆਂ ਨੂੰ ਵੀ ਏਨੀ ਕੁ ਖੁੱਲ੍ਹ ਨਹੀਂ ਦਿੱਤੀ ਹੁੰਦੀ ਕਿ ਉਹ ਕੋਈ ਨਿਜੀ ਭੇਦ ਵਾਲੀ ਗੱਲ ਦੱਸ ਸਕਣ| ਦੱਸਣਾ ਤਾਂ ਕੀ, ਅਜਿਹੀਆਂ ਗੱਲਾਂ ਕਰਨ ‘ਤੇ ਹੀ ਸੌ ਤਰ੍ਹਾਂ ਦੀਆਂ ਮਨਾਹੀਆਂ ਲਾਗੂ ਕੀਤੀਆਂ ਹੋਈਆਂ ਹਨ| ਕੋਈ ਬੱਚਾ ਕੁਝ ਦੱਸਣਾ ਵੀ ਚਾਹੇ ਤਾਂ ਝੱਟ ਇਹ ਕਹਿ ਕੇ ਚੁੱਪ ਕਰਾ ਦਿੱਤਾ ਜਾਂਦਾ ਹੈ ਕਿ ‘ਬੱਚੇ ਅਜਿਹੀਆਂ ਗੱਲਾਂ ਨਹੀਂ ਕਰਿਆ ਕਰਦੇ’ ਵਗੈਰਾ ਵਗੈਰਾ| ਪ੍ਰਬੰਧਕੀ ਤੌਰ ‘ਤੇ ਵੀ ਸਾਡੇ ਮੁਲਕ ਦੀ ਅਫਸਰਸ਼ਾਹੀ ਖਾਸ ਕਰ ਪੁਲਿਸ ਸਿਰਫ ਮੰਤਰੀਆਂ-ਸੰਤਰੀਆਂ ਦੀ ਚੌਂਕੀ ਭਰਨ ਜੋਗੀ ਹੀ ਹੈ| ਆਮ ਬੰਦੇ ਦੀ ਨਾ ਕੋਈ ਗੱਲ ਸੁਣੀ ਜਾਂਦੀ ਹੈ ਅਤੇ ਨਾ ਹੀ ਆਮ ਬੰਦੇ ਦੀ ਕੋਈ ਅਹਿਮੀਅਤ ਹੈ| ਪੁਲਿਸ ਲੋਕਾਂ ਦੇ ਮਾਨ-ਸਨਮਾਨ, ਜਾਨ-ਮਾਲ ਦੀ ਰਾਖੀ ਕਰਨ ਲਈ ਹੈ, ਇਹ ਤਾਂ ਪੁਲਿਸ ਨੂੰ ਸਿਖਾਇਆ ਹੀ ਨਹੀਂ ਜਾਂਦਾ| ਕੈਨੇਡਾ-ਅਮਰੀਕਾ ਵਰਗੇ ਮੁਲਕਾਂ ਵਿਚ, ਖਾਸ ਕਰ ਕੈਨੇਡਾ ਵਿਚ ਦੇਖਿਆ ਹੈ ਕਿ ਪੁਲਿਸ ਆਮ ਲੋਕਾਂ, ਬੱਚਿਆਂ ਅਤੇ ਔਰਤਾਂ ਪ੍ਰਤੀ ਰਵੱਈਏ ਵਿਚ ਬਹੁਤ ਸੰਵੇਦਨਸ਼ੀਲ ਹੈ| ਸਾਧਾਰਣ ਕਾਲ ਕਰਨ ‘ਤੇ ਵੀ ਪੁਲਿਸ ਝੱਟ ਪਹੁੰਚ ਜਾਂਦੀ ਹੈ| ਬੱਚਿਆਂ ਨੂੰ ਗਾਹੇ-ਬਗਾਹੇ ਸਕੂਲਾਂ ਵਿਚ ਪੁਲਿਸ ਵੱਲੋਂ ਖਾਸ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਉਨ੍ਹਾਂ ਨੇ ਆਪਣਾ ਬਚਾਉ ਕਿਸ ਤਰ੍ਹਾਂ ਕਰਨਾ ਹੈ? ਜੇ ਕੋਈ ਮੁਸੀਬਤ ਆਣ ਪਵੇ ਤਾਂ ਕਿਉਂ, ਕਦੋਂ ਤੇ ਕਿਵੇਂ ‘911’ ਨੰਬਰ ਡਾਇਲ ਕਰ ਕੇ ਪੁਲਿਸ ਨੂੰ ਸੱਦ ਲੈਣਾ ਹੈ| ਵੈਸੇ ਵੀ ਪੁਲਿਸ ਗੱਡੀਆਂ ਵਿਚ ਗਸ਼ਤ ਕਰਦੀ ਰਹਿੰਦੀ ਹੈ| ਕਿਸੇ ਨੂੰ ਮੁਸੀਬਤ ਵਿਚ ਦੇਖ ਕੇ ਕੋਈ ਰਾਹ ਜਾਂਦਾ ਜਾਂ ਗੁਆਂਢੀ ਕਾਲ ਕਰੇ ਤਾਂ ਵੀ ਪੁਲਿਸ ਝੱਟ ਪਹੁੰਚ ਜਾਂਦੀ ਹੈ| ਕਹਿਣ ਤੋਂ ਭਾਵ ਪੁਲਿਸ ਦਾ ਲੋਕਾਂ ਪ੍ਰਤੀ ਰਵੱਈਆ ਸੇਵਾ-ਭਾਵਨਾ ਵਾਲਾ ਤੇ ਹਾਂ-ਮੁਖੀ ਹੈ|
ਸਾਡੇ ਮੁਲਕਾਂ ਵਿਚ ਕੀ ਹੁੰਦਾ ਹੈ? ਪੰਚਾਇਤਾਂ ਲੈ ਕੇ ਜਾਓ, ਸਿਫਾਰਸ਼ਾਂ ਹੋਣ-ਫਿਰ ਵੀ ਕੋਈ ਸੁਣਵਾਈ ਨਹੀਂ, ਬੱਚਿਆਂ ਦੀ ਤਾਂ ਕਿਸੇ ਨੇ ਕੀ ਸੁਣਨੀ ਹੈ? ਕੋਈ ਕੁੜੀ ਤਾਂ ਇਸ ਕਿਸਮ ਦੀ ਸ਼ਿਕਾਇਤ ਲੈ ਕੇ ਪੁਲਿਸ ਚੌਂਕੀ ਚਲੀ ਹੀ ਨਾ ਜਾਵੇ ਕਿਧਰੇ? ਸਮਝਿਆ ਜਾਵੇਗਾ ਕਿ ਕੁੜੀ ਹੀ ਚਰਿਤ੍ਰਹੀਣ ਹੈ| ਜ਼ੈਨਬ ਦਾ ਹੀ ਕੇਸ ਲੈ ਲਓ, ਜੇ ਮੀਡੀਆ ਇਸ ਗੱਲ ਨੂੰ ਏਨਾ ਨਾ ਚੁੱਕਦਾ, ਲੋਕ ਸੜਕਾਂ ‘ਤੇ ਨਾ ਉਤਰਦੇ ਤਾਂ ਕਿਸ ਨੇ ਵਾਤ ਪੁੱਛਣੀ ਸੀ?
ਜ਼ੈਨਬ ਦੇ ਕਾਤਲ ਮੁਹੰਮਦ ਇਮਰਾਨ ਅਲੀ ਨੇ ਜ਼ੈਨਬ ਤੋਂ ਪਹਿਲਾਂ 7 ਨੰਨ੍ਹੀਆਂ ਬੱਚੀਆਂ ਨਾਲ ਬਲਾਤਕਾਰ ਕਰਕੇ ਉਨ੍ਹਾਂ ਦਾ ਕਤਲ ਕੀਤਾ ਸੀ ਅਤੇ ਇਹ ਸਾਰੀਆਂ ਘ੍ਰਿਣਾਮਈ ਘਟਨਾਵਾਂ ਨੂੰ ਅੰਜ਼ਾਮ ਉਸ ਨੇ ਤਿੰਨ ਮੀਲ ਦੇ ਘੇਰੇ ਦੇ ਅੰਦਰ ਅੰਦਰ ਦਿੱਤਾ ਅਤੇ ਪੁਲਿਸ ਦੇ ਕੰਨਾਂ ‘ਤੇ ਜੂੰ ਤੱਕ ਨਹੀਂ ਸਰਕੀ| ਕਿਉਂ ਪੁਲਿਸ ਉਸ ਦਾ ਖੁਰਾ ਨਹੀਂ ਨੱਪ ਸਕੀ? ਸਾਡੇ ਮੁਲਕਾਂ ਵਿਚ ਮਾਂ-ਬਾਪ ਨੂੰ ਖੁਦ ਹੀ ਆਪਣੇ ਬੱਚਿਆਂ ਦਾ ਧਿਆਨ ਰੱਖਣ ਦੀ ਲੋੜ ਹੈ ਅਤੇ ਉਨ੍ਹਾਂ ਨਾਲ ਦੋਸਤਾਨਾ ਰਵੱਈਆ ਅਪਨਾਉਣਾ ਚਾਹੀਦਾ ਹੈ ਤਾਂ ਕਿ ਉਹ ਆਪਣੀਆਂ ਸਮੱਸਿਆਵਾਂ ਬੜੇ ਸਹਿਜ ਨਾਲ ਸਾਂਝੀਆਂ ਕਰ ਸਕਣ| ਉਨ੍ਹਾਂ ਨੂੰ ਪੂਰੀ ਤਰ੍ਹਾਂ ਸਿੱਖਿਅਤ ਕਰਨਾ ਚਾਹੀਦਾ ਹੈ ਜਿਵੇਂ ਕਿ ਉਪਰ ਗੱਲ ਕੀਤੀ ਹੈ ਤਾਂ ਕਿ ਉਹ ਆਪਣਾ ਬਚਾਓ ਕਰ ਸਕਣ ਦੇ ਸਮਰਥ ਹੋ ਸਕਣ|