ਆਪਣੇ ਇਸ ਲੰਮੇ ਲੇਖ ਵਿਚ ਡਾæ ਗੋਬਿੰਦਰ ਸਿੰਘ ਸਮਰਾਓ ਨੇ ਜਪੁਜੀ ਸਾਹਿਬ ਦੇ ਹਵਾਲੇ ਨਾਲ ਗੁਰਬਾਣੀ ਦੇ ਤਰਕਸ਼ੀਲ ਤੇ ਵਿਗਿਆਨਕ ਸੱਚ ਉਤੇ ਚਾਨਣਾ ਪਾਇਆ ਹੈ। ਲੇਖ ਵਿਚ ਉਨ੍ਹਾਂ ਕਈ ਥਾਂ ਆਮ ਸਿੱਖਾਂ ਦੀ ਸ਼ਰਧਾਲੂ ਸੋਚ ਤੋਂ ਵਿਪਰੀਤ ਗੱਲਾਂ ਵੀ ਕੀਤੀਆਂ ਹਨ ਜਿਨ੍ਹਾਂ ਨਾਲ ਹੋ ਸਕਦਾ ਹੈ, ਕੁਝ ਪਾਠਕ ਸਹਿਮਤ ਨਾ ਵੀ ਹੋਣ ਪਰ ਡਾæ ਸਮਰਾਓ ਵਲੋਂ ਪੇਸ਼ ਕੀਤੇ ਗਏ ਤਰਕ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਲੇਖ ਦੀ ਇਕ ਕਿਸ਼ਤ ਅਸੀਂ ਪਹਿਲਾਂ ਛਾਪ ਚੁਕੇ ਹਾਂ, ਪੇਸ਼ ਹੈ ਅਗਲੀ ਕਿਸ਼ਤ।
-ਸੰਪਾਦਕ
ਡਾæ ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਵਿਸ਼ਵਾਸ ਤੇ ਗਿਆਨ ਮਾਰਗ ਇਕ ਦੂਜੇ ਦੇ ਵਿਰੋਧੀ ਹਨ। ਵਿਸ਼ਵਾਸ ਮਾਰਗ ਪੂਜਾ-ਪਾਠ ਤੇ ਭਗਤੀ ਵਲ ਲੈ ਕੇ ਜਾਂਦਾ ਹੈ ਤੇ ਗਿਆਨ ਮਾਰਗ ਬੋਧ ਵਲ। ਬੋਧ ਦਾ ਮੂੰਹ ਖੋਜ ਤੇ ਵਿਗਿਆਨ ਵਲ ਹੈ ਅਤੇ ਭਗਤੀ ਦਾ ਅਗਿਆਨ ਤੇ ਅੰਧ-ਵਿਸ਼ਵਾਸ ਵਲ। ਸਦੀਆਂ ਤਕ ਸੰਸਾਰ ਵਿਚ ਭਗਤੀ ਮਾਰਗ ਦਾ ਬੋਲਬਾਲਾ ਰਿਹਾ ਤੇ ਗਿਆਨ ਮਾਰਗ ਅਣਗੌਲਿਆ ਰਿਹਾ।
ਮੱਧ-ਕਾਲੀ ਯੂਰਪ ਵਿਚ ਬੌਧਿਕ ਲਹਿਰ (ਸਚਹੋਲਅਸਟਚਿ ਮੋਵeਮeਨਟ) ਨਾਲ ਪਹਿਲੀ ਵਾਰ ਵਿਦਵਾਨਾਂ ਨੇ ਧਰਤੀ ਵਲ ਮੂੰਹ ਕੀਤਾ ਤੇ ਸੰਸਾਰ ਦੇ ਮਸਲੇ ਸੰਸਾਰੀ ਹਵਾਲਿਆਂ ਨਾਲ ਸਮਝਣ ‘ਤੇ ਜੋਰ ਦਿਤਾ। ਇਸ ਨਾਲ ਧਰਮ-ਆਧਾਰਤ ਅੰਧ-ਵਿਸ਼ਵਾਸ ਨੂੰ ਚੋਟ ਵੱਜੀ ਤੇ ਗਿਆਨ ਦੀ ਤਰੱਕੀ ਦਾ ਰਾਹ ਖੁਲ੍ਹਿਆ। ਗਿਆਨ ਦੇ ਰਸਤੇ ਵਿਗਿਆਨ ਆਇਆ ਤੇ ਵਿਗਿਆਨ ਨਾਲ ਮਨੁੱਖਤਾ ਦਾ ਸਮੁੱਚਾ ਸੰਸਾਰਕ ਦ੍ਰਿਸ਼ਟੀਕੋਣ ਬਦਲਿਆ।
ਜੋ ਬਦਲਾਓ ਯੂਰਪ ਵਿਚ 15ਵੀਂ-16ਵੀਂ ਸਦੀ ਵਿਚ ਆਇਆ, ਉਹ ਗੁਰੂ ਨਾਨਕ ਨੇ ਭਾਰਤ ਵਿਚ ਇੱਥੋਂ ਦੀ ਸਮਾਜਿਕ ਹਾਲਤ ਅਨੁਸਾਰ 4-5 ਸਦੀਆਂ ਪਹਿਲਾਂ ਹੀ ਅਰੰਭ ਦਿੱਤਾ ਸੀ। ਉਨ੍ਹਾਂ ਦੇ ਯੂਰਪੀ ਸਮਕਾਲੀ ਹਾਲੇ ਧਰਮ-ਵਿਰੋਧੀ ਮਤੇ ਹੀ ਪਕਾ ਰਹੇ ਸਨ ਕਿ ਗੁਰੂ ਸਾਹਿਬ ਨੇ ਘੜਿਆ ਘੜਾਇਆ ਵਿਗਿਆਨਕ ਸਿਧਾਂਤ ਵਿਸ਼ਵ ਅੱਗੇ ਰਖ ਦਿੱਤਾ। ਉਨ੍ਹਾਂ ਨੇ ਬੜੇ ਦ੍ਰਿੜ ਸ਼ਬਦਾਂ ਵਿਚ ਵਿਸ਼ਵਾਸ ਅਤੇ ਭਗਤੀ ਦਾ ਰਾਹ ਨਕਾਰ ਕੇ ਗਿਆਨ ਦੇ ਰਸਤੇ ‘ਤੇ ਚਲਣ ਦਾ ਉਪਦੇਸ਼ ਦਿਤਾ। ਜਦੋਂ ਭਾਰਤ ਸਮੇਤ ਸਾਰੇ ਏਸ਼ੀਆ ਮਹਾਂਦੀਪ ਵਿਚ ਅੰਧ-ਵਿਸ਼ਵਾਸੀ ਸੋਚ ਭਾਰੂ ਸੀ, ਉਨ੍ਹਾਂ ਨੇ ਬ੍ਰਹਿਮੰਡ ਦਰਸ਼ਨ ਨੂੰ ਮਨੁੱਖੀ ਅਨੁਭਵ ਤੇ ਵਿਵੇਕ ਅਨੁਸਾਰ ਢਾਲਣ ਦੀ ਗੱਲ ਆਖੀ। ਸਮੇਂ ਤੋਂ ਪਹਿਲਾਂ ਆਏ ਉਨ੍ਹਾਂ ਦੇ ਵਿਚਾਰ ਉਸ ਵੇਲੇ ਕਿਸੇ ਦੀ ਸਮਝ ਵਿਚ ਨਾ ਆਏ। ਸੋ, ਲੋਕਾਂ ਨੇ ਉਨ੍ਹਾਂ ਨੂੰ ਦੂਜਿਆਂ ਵਰਗਾ ਹੀ ਸ਼ਰਧਾਲੂ ਜਾਣ ਕੇ ਭਗਤੀ ਮਾਰਗ ਨਾਲ ਜੋੜ ਲਿਆ। ਅਚੰਭੇ ਦੀ ਗੱਲ ਇਹ ਹੈ ਕਿ ਕਿਸੇ ਨੇ ਵੀ ਉਨ੍ਹਾਂ ਦੀ ਬਾਣੀ ਨੂੰ ਦਿਲ ਲਾ ਕੇ ਨਾ ਪੜ੍ਹਿਆ ਤੇ ਸਾਰੇ ਹੀ ਹਾਲੇ ਤੀਕ ਉਨ੍ਹਾਂ ਨੂੰ ਪੂਜਾ-ਪਾਠ ਪਰੰਪਰਾ ਦਾ ਥੰਮ ਮੰਨਦੇ ਆ ਰਹੇ ਹਨ!
ਪਰ ਇਹ ਭਰਮ ਬਾਬੇ ਨਾਨਕ ਦੀ ਬਾਣੀ ਦਾ ਭਾਵਪੂਰਣ ਬੋਧ ਕਰਦਿਆਂ ਹੀ ਅਲੋਪ ਹੋ ਜਾਵੇਗਾ। ਇਸ ਦੇ ਨਾਲ ਹੀ ਭਗਤੀ ਮਾਰਗ ਤੇ ਗਿਆਨ ਮਾਰਗ ਦਾ ਦਵੰਧ ਵੀ ਸਾਫ ਹੋ ਜਾਵੇਗਾ ਜੋ ਭਾਰਤੀ ਸਮਾਜ ਨੂੰ ਸਦੀਆਂ ਤੋਂ ਦਿਸ਼ਾ-ਹੀਣ ਕਰਦਾ ਆ ਰਿਹਾ ਹੈ। ਉਨ੍ਹਾਂ ਦੀ ਬਾਣੀ ਸਮਝਣ ਨਾਲ ਹੀ ਉਨ੍ਹਾਂ ਦਾ ‘ਰੱਬ’ ਜਾਂ ‘ਪਰਮਾਤਮਾ’ ਦਾ ਅਸਲ ਸੰਕਲਪ ਸਾਹਮਣੇ ਆਵੇਗਾ ਜਿਸ ਤੋਂ ਉਨ੍ਹਾਂ ਦੇ ਸਿੱਖ ਸਹੀ ਸੇਧ ਲੈ ਸਕਣਗੇ। ਉਨ੍ਹਾਂ ਦੀ ਬਾਣੀ ਦੇ ਸਾਪੇਖ ਗਿਆਨ ਨਾਲ ਹੀ ਦਰਸ਼ਨ ਸ਼ਾਸਤਰ ਤੇ ਵਿਗਿਆਨ ਦੇ ਖੇਤਰ ਵਿਚ ਉਨ੍ਹਾਂ ਦੀ ਉਸ ਅਦੁੱਤੀ ਪ੍ਰਤਿਭਾ ਦਾ ਨਿੱਖਰ ਕੇ ਪਤਾ ਚਲੇਗਾ ਜੋ ਸਿੱਖ ਵਿਦਵਾਨਾਂ ਦੇ ਅਵੇਸਲੇਪਣ ਕਾਰਣ ਅੱਜ ਤਕ ਪ੍ਰਕਾਸ਼ ਵਿਚ ਨਹੀਂ ਆਈ।
ਜਪੁਜੀ ਸਾਹਿਬ ਗੁਰੂ ਨਾਨਕ ਦੇਵ ਦੀ ਸਮੁੱਚੀ ਬਾਣੀ ਦਾ ਪ੍ਰਮੁੱਖ ਅੰਗ ਹੈ। ਸਾਢੇ ਸੱਤ ਪੰਨਿਆਂ ਦੀ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅਰੰਭ ਵਿਚ ਹੀ ਦਰਜ ਹੈ। ਇਸ ਦੀ ਮਹਾਨਤਾ ਨੂੰ ਮੁੱਖ ਰੱਖ ਕੇ ਇਸ ਨੂੰ ਅਕਸਰ ਗੁਰੂ ਗ੍ਰੰਥ ਸਾਹਿਬ ਦੀ ‘ਕੁੰਜੀ’ ਕਿਹਾ ਜਾਂਦਾ ਹੈ। ਇਸ ਵਿਚ ਗੁਰੂ ਜੀ ਨੇ ਨਿਰੋਲ ‘ਸਿੱਖ’ ਫਿਲਾਸਫੀ ਦੀ ਗੱਲ ਕੀਤੀ ਹੈ ਜੋ ਹਿੰਦੂ ਮੱਤ ਤੇ ਇਸਲਾਮੀ ਵਿਚਾਰਧਾਰਾ ਤੋਂ ਵੱਖਰੀ ਹੈ ਅਤੇ ਸਿੱਖੀ ਨੂੰ ਦੂਜੇ ਸਭ ਧਾਰਮਿਕ ਫਲਸਫਿਆਂ ਤੋਂ ਨਿਖੇੜਦੀ ਹੈ। ਜੋ ਵਿਦਵਾਨ ਅੱਡੀ ਚੋਟੀ ਦਾ ਜੋਰ ਲਾ ਕੇ ਸਦੀਆਂ ਤੋਂ ਸਿੱਧ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਸਿੱਖ ਸਿਧਾਂਤ ਹਿੰਦੂਵਾਦ ਤੋਂ ਵਖਰਾ ਹੈ, ਉਨ੍ਹਾਂ ਦਾ ਮੰਤਵ ਬਿਨਾ ਕਿਸੇ ਮਿਹਨਤ ਦੇ ਹੀ ਹੱਲ ਹੋ ਸਕਦਾ ਸੀ ਜੇ ਉਹ ਇਸ ਬਾਣੀ ਨੂੰ ਧਿਆਨ ਨਾਲ ਪੜ੍ਹ ਲੈਂਦੇ।
ਗੁਰੂ ਜੀ ਨੇ ਜਪੁਜੀ ਸਾਹਿਬ ਵਿਚ ਸ੍ਰਿਸ਼ਟੀ ਦੇ ਸਿਰਜਣਹਾਰ ਦੀ ਪੁਨਰ-ਭਾਲ ‘ਤੇ ਜੋਰ ਦਿਤਾ ਹੈ ਤੇ ਇਸ ਕਾਰਜ ਲਈ ਇਕ ਵੱਖਰਾ ਰਸਤਾ ਦੱਸਿਆ ਹੈ। ਉਨ੍ਹਾਂ ਦੀ ਦੱਸੀ ਵਿਧੀ ਵਿਗਿਆਨਕ ਹੋਣ ਕਰਕੇ ਦੂਜੇ ਸਭ ਧਰਮਾਂ ਦੀਆਂ ਆਦਰਸ਼ਵਾਦੀ ਸਿੱਖਿਆਵਾਂ ਤੋਂ ਪੂਰੀ ਤਰ੍ਹਾਂ ਉਲਟ ਹੈ। ਸ੍ਰਿਸ਼ਟੀ ਦੀ ਰਚਨਾ ਦੇ ਰਹੱਸ ਨੂੰ ਇਕ ਵਿਡੰਬਨਾ ਭਰਪੂਰ ਬੁਝਾਰਤ ਸਮਝਦਿਆਂ ਗੁਰੂ ਜੀ ਨੇ ਕਿਹਾ ਹੈ ਕਿ ਇਸ ਬਾਰੇ ਸਭ ਲੋਕ ਮਨ ਆਈਆਂ ਉਕਤੀਆਂ ਪੇਸ਼ ਕਰਦੇ ਹਨ ਪਰ ਇਸ ਬਾਰੇ ਸੱਚੀ ਜਾਣਕਾਰੀ ਕਿਸੇ ਕੋਲ ਨਹੀਂ। ਘੋਖ ਵਿਚਾਰ ਉਪਰੰਤ ਪੱਕੇ ਪ੍ਰਮਾਣ ਪ੍ਰਾਪਤ ਕੀਤੇ ਬਿਨਾ ਕੋਈ ਗੱਲ ਕਹਿਣਾ-ਮੰਨਣਾ ਠੀਕ ਨਹੀਂ। ਸੱਚ ਦੇ ਹਜਾਰਾਂ ਬਾਹਰੀ ਰੂਪ ਹਨ ਪਰ ਇਸ ਦਾ ਅੰਦਰੂਨੀ ਰੂਪ ਇਕ ਹੀ ਹੈ। ਇਸ ਕਾਰਣ ਸੱਚ ਦੀ ਸੱਚੀ ਵਿਆਖਿਆ ਵੀ ਇਕ ਹੀ ਹੋ ਸਕਦੀ ਹੈ। ਇਹ ਇਵੇਂ ਹੈ ਜਿਵੇਂ ਦੋ ਤੇ ਦੋ ਦਾ ਸੱਚ ਇਕੋ ਹੈ ਤੇ ਇਹ ਸੱਚ ਚਾਰ ਹੈ। ਸ੍ਰਿਸ਼ਟੀ ਦਾ ਅਜਿਹਾ ਸੱਚ ਤਦੇ ਹੀ ਪਾਇਆ ਜਾ ਸਕਦਾ ਹੈ ਜੇ ਇਸ ਨੂੰ ਇਸੇ ਤਰ੍ਹਾਂ ਦੀ ਗਣਿਤ-ਵਿਧੀ ਰਾਹੀਂ ਜਾਣਨ ਦੀ ਕੋਸ਼ਿਸ਼ ਕੀਤੀ ਜਾਵੇ। ਮੂਲ ਸੱਚ ਦਾ ਓਹੀ ਸੰਕਲਪ ਸਹੀ ਹੈ ਜੋ ਤਰਕ-ਵਿਹਾਰ ਦੀ ਕਸੌਟੀ ‘ਤੇ ਪੂਰਾ ਉਤਰੇ।
ਸ੍ਰਿਸ਼ਟੀ ਦੀ ਰਚਨਾ ਤੇ ਸੰਚਾਲਨ ਬਾਰੇ ਹੁਣ ਤਕ ਦੇ ਸਭ ਵਿਚਾਰ ਅਜਿਹੇ ਸਹੀ ਸੰਕਲਪ ਤੋਂ ਹਟ ਕੇ ਹਨ। ਇਸ ਲਈ ਉਹ ਕੂੜੇ ਹਨ। ਇਨ੍ਹਾਂ ਦੇ ਰਹਿੰਦਿਆਂ ਸਹੀ ਸੰਕਲਪ ਬਣ ਭੀ ਨਹੀਂ ਸਕਦੇ। ਕਾਰਨ ਇਹ ਕਿ ਸਭ ਵਿਦਵਾਨ ਤੇ ਗਿਆਨੀ ਅਸਲੀਅਤ ਨਾਲੋਂ ਟੁੱਟੀਆਂ ਮਾਨਤਾਵਾਂ ਦਾ ਹਵਾਲਾ ਦੇਣ ਲਈ ਮਜ਼ਬੂਰ ਹੁੰਦੇ ਹਨ। ਲੱਖ ਯਤਨ ਕਰਨ ‘ਤੇ ਵੀ ਉਹ ਕੂੜੇ ਵਿਚਾਰਾਂ ਤੇ ਧਾਰਨਾਵਾਂ ਤੋਂ ਬਚ ਨਹੀਂ ਸਕਦੇ। ਸੱਚ ਦੇ ਜਗਿਆਸੂ ਸੱਚਾਈ ਦੀ ਨਿਰਪੱਖ ਖੋਜ ਤਦ ਹੀ ਕਰ ਸਕਦੇ ਹਨ ਜੇ ਉਹ ਅਗਿਆਨ ਦੀ ਇਸ ਦੀਵਾਰ ਨੂੰ ਤਰਕ ਦੇ ਹਥੌੜਿਆਂ ਨਾਲ ਤੋੜ ਦੇਣ।
ਜਿਵੇਂ ਸੱਚ ਇਕ ਹੈ ਉਵੇਂ ਹੀ ਇਸ ਦੀ ਜੜ੍ਹ ਤਕ ਪਹੁੰਚਣ ਦਾ ਸਹੀ ਰਸਤਾ ਵੀ ਇਕ ਹੈ। ਇਹ ਰਸਤਾ ਵਿਵੇਕ ਦਾ ਹੈ, ਤਰਕ ਦਾ ਹੈ, ਸਾਧਾਰਣ ਸੋਝੀ ਦਾ ਹੈ ਤੇ ਨਿਰਪੇਖ ਘੋਖੀ ਨਜ਼ਰ (ਨਦਰ) ਦਾ ਹੈ। ਇਹ ਮਾਰਗ ਤੱਥਾਂ ਦੇ ਹਿਸਾਬੀ ਕਿਤਾਬੀ ਮੁਲਾਂਕਣ ਦਾ ਹੈ ਤੇ ਸੰਤੁਲਿਤ ਬੌਧਿਕ ਵਿਸ਼ਲੇਸ਼ਣ (ਮੰਨੇ) ਦਾ ਹੈ। ਇਹ ਰਾਹ ਚੰਗੀ ਤਰ੍ਹਾਂ ਪਰਖੇ ਹੋਏ ਵਿਚਾਰਾਂ ਤੇ ਧਾਰਨਾਵਾਂ ਦੇ ਆਧਾਰ ‘ਤੇ ਸਹੀ ਸੇਧ ਉਲੀਕਣ ਦਾ ਹੈ। ਇਸ ਵਿਚ ਕਿਸੇ ਦੀ ਨਿਜੀ ਧਾਰਨਾ, ਵਿਸ਼ਵਾਸ ਜਾਂ ਆਪ-ਮੁਹਾਰੀ (ਹਉਮੈ ਭਰਪੂਰ) ਕਥਨਕਾਰੀ ਦੀ ਕੋਈ ਥਾਂ ਨਹੀਂ। ਇਹ ਉਸੇ ਤਰ੍ਹਾਂ ਹੈ, ਜਿਵੇਂ ਸਮਝਦਾਰੀ ਨਾਲ ਹੱਲ ਕੀਤੇ ਗਣਿਤ ਦੇ ਕਿਸੇ ਪ੍ਰਸ਼ਨ ਦਾ ਸਹੀ ਉਤਰ ਇਕੋ ਹੀ ਹੁੰਦਾ ਹੈ ਭਾਵੇਂ ਉਸ ਨੂੰ ਹੱਲ ਕਰਨ ਵਾਲੇ ਕਿੰਨੇ ਵੀ ਕਿਉਂ ਨਾ ਹੋਣ। ਕਿਸੇ ਵੀ ਗਲਤ ਉਤਰ ਦੀ ਪੜਤਾਲ ਕਰਕੇ ਲੱਭਿਆ ਜਾ ਸਕਦਾ ਹੈ ਕਿ ਉਸ ਨੂੰ ਹੱਲ ਕਰਨ ਵਾਲਾ ਕਿੱਥੋਂ ਵਿਧੀ-ਭ੍ਰਸਟ ਹੋਇਆ ਸੀ। ਇਸ ਤਰ੍ਹਾਂ ਵਿਵੇਕਸ਼ੀਲ ਰਸਤੇ ‘ਤੇ ਚਲਦਿਆਂ ਦੋਸ਼-ਪੂਰਣ ਗੱਲਾਂ ਤਰਕ ਦੀ ਆਂਚ ਨਾਲ ਭਸਮ ਹੋ ਜਾਂਦੀਆਂ ਹਨ ਤੇ ਸੱਚ ਦੀ ਸਾਖ ਬਣੀ ਰਹਿੰਦੀ ਹੈ।
ਅੰਤਮ ਸੱਚਾਈ ਦੀ ਖੋਜ ਲਈ ਗੁਰੂ ਜੀ ਨੇ ਵਿਵੇਕ, ਤਰਕ ਤੇ ਗਣਿਤ ਪਰਪੱਕਤਾ ਵਾਲੀ ਜੋ ਵਿਧੀ ਅਪਨਾਉਣ ‘ਤੇ ਜੋਰ ਦਿਤਾ, ਉਸ ਨੂੰ ਅੱਜ ਕੱਲ ਵਿਗਿਆਨਕ ਵਿਧੀ ਆਖਦੇ ਹਨ। ਅਜੋਕੇ ਸਮੇਂ ਵਿਚ ਇਹ ਵਿਧੀ ਸਾਇੰਸ ਤੇ ਮੈਡੀਸਨ ਸਮੇਤ ਖੋਜ ਦੇ ਹਰ ਖੇਤਰ, ਇਥੋਂ ਤਕ ਕਿ ਦਫਤਰਾਂ ਤੇ ਅਦਾਲਤਾਂ ਵਿਚ ਵੀ ਕਿਸੇ ਨਾ ਕਿਸੇ ਰੂਪ ਵਿਚ ਅਪਨਾਈ ਜਾਂਦੀ ਹੈ। ਗੁਰੂ ਜੀ ਨੇ ਅਜਿਹਾ ਇਸ ਲਈ ਕਿਹਾ ਕਿ ਜਣਾ ਖਣਾ ਆਪਣੀਆਂ ਕੱਚ-ਘਰੜ ਧਾਰਨਾਵਾਂ ਰਾਹੀਂ ਇਸ ਕੇਂਦਰੀ ਪ੍ਰਸ਼ਨ ਦੇ ਉਤਰ ਵਿਚ ਅਸੱਤ ਦੀ ਮਿਲਾਵਟ ਨਾ ਕਰ ਸਕੇ। ਗੁਰੂ ਜੀ ਨਹੀਂ ਸਨ ਚਾਹੁੰਦੇ ਕਿ ਮਨੁੱਖੀ ਹੋਂਦ ਨਾਲ ਜੁੜੇ ਇਸ ਧੁਰ ਦੇ ਪ੍ਰਸ਼ਨ ਬਾਰੇ ਖੋਜ ਕੁਰਾਹੇ ਪਵੇ ਤੇ ਸੱਚ ਪ੍ਰਗਟ ਹੋਣੋਂ ਰਹਿ ਜਾਵੇ।
ਗੁਰੂ ਸਾਹਿਬ ਨੇ ਆਪਣੇ ਪਰਖ-ਪੜਤਾਲੀ ਢੰਗ ਨਾਲ ਜਾਂਚ ਲਿਆ ਸੀ ਕਿ ਚੁਫੇਰੇ ਚਲ ਰਹੀਆਂ ਧਾਰਮਿਕ ਵਿਚਾਰਧਾਰਾਵਾਂ ਬੇ-ਬੁਨਿਆਦ ਹਨ। ਇਹ ਕਿਸੇ ਤਰਕ ‘ਤੇ ਪੂਰੀਆਂ ਨਹੀਂ ਉਤਰਦੀਆਂ। ਇਸ ਲਈ ਸੱਚ ਦੀ ਪੜਤਾਲ ਨਵੇਂ ਸਿਰਿਓਂ ਸ਼ੁਰੂ ਕਰਨ ਦੀ ਲੋੜ ਹੈ। ਉਨ੍ਹਾਂ ਇਹ ਵੀ ਭਾਂਪ ਲਿਆ ਕਿ ਇਸ ਨਵੀਂ ਪੜਤਾਲ ਲਈ ਪੁਰਾਣੇ ਢੰਗ-ਤਰੀਕੇ ਤੇ ਪੈਂਤੜੇ (ਗੁਰ) ਜਿਵੇਂ ਸਾਧਨਾ-ਸਮਾਧੀ, ਅੰਤਰ-ਸੁਰਤੀ, ਸੋਚ-ਧਿਆਨ, ਯੋਗ-ਅਭਿਆਸ, ਮੋਨ-ਤਪਸਿਆ, ਮੰਤਰ-ਜਾਪ, ਪੂਜਾ-ਪਾਠ, ਨਿੱਤ-ਨੇਮ, ਨਿਰੰਤਰ-ਪਾਠ, ਰਿਧੀਆਂ-ਸਿਧੀਆਂ, ਜੰਤਰ-ਤੰਤਰ, ਸੰਨਿਆਸ-ਵਾਸ ਸਭ ਬੇਕਾਰ ਹਨ। ਇਨ੍ਹਾਂ ਦੀ ਵਰਤੋਂ ਨਾਲ ਨਿਕਲਦੇ ਸਿੱਟੇ ਬੇਅਰਥ ਹਨ। ਇਸ ਲਈ ਉਨ੍ਹਾਂ ਨੇ ਸਮਾਨ-ਬੁਧੀ (ਚੋਮਮੋਨਸeਨਸe) ਤੇ ਤਰਕ ਦੀ ਵਰਤੋਂ ਰਾਹੀਂ ਕੁਦਰਤ ਦੀ ਦਿਸਦੀ ਤੇ ਅਣਦਿਸਦੀ ਹਰ ਗੱਲ ਨੂੰ ਤਜਰਬੇ ਰਾਹੀਂ ਪਰਖ ਕੇ ਸਵੀਕਾਰ ਕਰਨ ਦਾ ਰਾਹ ਦੱਸਿਆ। ਨਿਰਪੱਖ ਨੀਝ (ੁਨਬਅਿਸeਦ ੋਬਸeਰਵਅਟਿਨ), ਬੇਲਾਗ ਸਰਵੇਖਣ (ੋਬਜeਚਟਵਿe ੁਟਲੋਕ), ਹਾਂ-ਪੱਖੀ ਸੋਚ (ਪੋਸਟਿਵਿe ਟਹਨਿਕਨਿਗ), ਯਥਾਰਥਕ ਪਰਿਪੇਖ (ਰeਅਲਸਿਟਚਿ ਪeਰਸਪeਚਟਵਿe), ਵਿਵੇਕਸ਼ੀਲ ਪਰਖ (ਨਿਟeਲਲਗਿeਨਟ eਣਅਮਨਿਅਟਿਨ), ਗਣਿਤ-ਸਹੀਤਤਾ (ਮਅਟਹeਮਅਟਚਿਅਲ ਪਰeਚਸਿਨ), ਤਾਰਕਿਕ ਪਹੁੰਚ, ਸਮੀਖਿਆਤਮਕ ਵਿਸ਼ਲੇਸ਼ਣ ਤੇ ਪ੍ਰਮਾਣੀਕ ਨਿਸ਼ਕਰਸ਼ (ਵeਰਡਿਅਿਬਲe ਚੋਨਚਲੁਸਿਨਸ) ਆਦਿ ਉਨ੍ਹਾਂ ਦੇ ਇਸ ਰਾਹ ਦੇ ਮੁੱਖ ਪਹਿਲੂ ਸਨ।
ਸੰਖੇਪ ਵਿਚ ਉਨ੍ਹਾਂ ਦੇ ਰਾਹ ਦੀ ਮੁੱਖ ਟੇਕ ਅਨੁਭਵ ਅਤੇ ਬੌਧਿਕਤਾ ਦੀ ਮੇਲਵੀਂ ਵਰਤੋਂ ਉਤੇ ਸੀ। ਇਨ੍ਹਾਂ ਦੋਹਾਂ ਦੇ ਸੁਮੇਲ ਤੋਂ ਪ੍ਰਾਪਤ ਸਵੈ-ਸਿਖਿਆ ਰਾਹੀਂ ਪ੍ਰਕ੍ਰਿਤੀ ਤੇ ਜੀਵਨ ਦੇ ਮਸਲਿਆਂ ਦਾ ਰਾਹ ਲੱਭਣਾ ਹੀ ਉਨ੍ਹਾਂ ਦਾ ‘ਸਿੱਖੀ’ ਸਿਧਾਂਤ ਸੀ। ਆਪਣੇ ਇਸ ਨਿਵੇਕਲੇ ਰਾਹ ਨੂੰ ਉਹ ਆਪਣਾ ‘ਗੁਰ’ (ਭਾਵ ਢੰਗ) ਕਹਿੰਦੇ ਸਨ। ਉਨ੍ਹਾਂ ਦਿਨਾਂ ਵਿਚ ਗਣਿਤ ਦੇ ਢੰਗ-ਤਰੀਕਿਆਂ ਤੇ ਫਾਰਮੂਲਿਆਂ ਨੂੰ ‘ਗੁਰ’ ਕਿਹਾ ਜਾਂਦਾ ਸੀ। ਗੁਰ ਸਮਝਾਉਣ ਵਾਲੇ ਜਾਂ ਰਾਹ ਦੱਸਣ ਵਾਲੇ ਨੂੰ ਗੁਰੂ ਕਹਿੰਦੇ ਸਨ। ਗੁਰੂ ਰਾਹੀਂ ਦੱਸੇ ਪਰਖ-ਪ੍ਰਧਾਨ ਰਾਹ ਭਾਵ ਸਿੱਖੀ ਗੁਰ ਤੇ ਅਮਲ ਕਰਨ ਵਾਲੇ ਨੂੰ ਹੀ ‘ਸਿੱਖ’ ਦਾ ਨਾਂ ਦਿੱਤਾ ਗਿਆ। ਜੋ ਵਿਅਕਤੀ ਪਰਖ-ਪੜਚੋਲ ਤੇ ਅਕਲ (ਚੋਮਮੋਨਸeਨਸe) ਦਾ ਸਰਬ-ਪ੍ਰਵਾਣਤ ਰਾਹ ਛੱਡ ਕੇ ਵਹਿਮ ਭਰਮ ਤੇ ਅੰਧਵਿਸ਼ਵਾਸ ਦੇ ਰਸਤੇ ਚਲਦਾ ਸੀ, ਉਹ ਸਿੱਖ ਨਹੀਂ ਸੀ। ਸਿੱਖੀ ਸਿਧਾਂਤ ਤੋਂ ਮਨ ਮੋੜ ਕੇ ਆਪਣੇ ਨਿਜੀ ਰਾਹ ‘ਤੇ ਚੱਲਣ ਵਾਲੇ ਵਿਅਕਤੀ ਨੂੰ ਮਨਮੁੱਖ ਕਿਹਾ ਗਿਆ।
ਗੁਰੂ ਨਾਨਕ ਦਾ ਇਹ ਨਿਵੇਕਲਾ ਰਾਹ ਪੁਰਾਤਨ ਲੀਹ ਤੋਂ ਹਟ ਕੇ ਸੀ। ਰੂੜ੍ਹੀਵਾਦੀ ਵਿਚਾਰਾਂ ਵਾਲੇ ਲੋਕਾਂ ਲਈ ਪੁੱਠੇ-ਪੈਰ ਪਲਟ ਕੇ ਇਸ ਨੂੰ ਸਮਝਣਾ ਜਾਂ ਧਾਰਨ ਕਰਨਾ ਮੁਸ਼ਕਿਲ ਸੀ। ਕੁਰਾਹੇ ਪਈ ਜਨਤਾ ਨੂੰ ਪੁਰਾਣੇ ਤੇ ਨਵੇਂ ਦਾ ਫਰਕ ਸਮਝਾਉਣ ਲਈ ਗੁਰੂ ਜੀ ਨੂੰ ਕਈ ਵਾਰ ਨਾਟਕੀਅਤਾ, ਕਟਾਕਸ਼, ਵਿਅੰਗ ਤੇ ਦ੍ਰਿਸ਼ਟਾਂਤ ਦਾ ਰਾਹ ਅਪਨਾਉਣਾ ਪਿਆ। ਚਾਹੇ ਉਨ੍ਹਾਂ ਦੇ ਆਰਤੀ ਨੂੰ ਆਰਤਾ ਕਹਿਣ ਦੀ ਗੱਲ ਹੋਵੇ, ਚਾਹੇ ਭਾਈ ਲਾਲੋ ਦੇ ਕੋਧਰੇ ਦੇ ਟੁਕੜਿਆਂ ਨੂੰ ਦੁੱਧ ਦੀ ਤਸ਼ਬੀਹ ਦੇਣ ਦੀ ਹੋਵੇ, ਹਰਿਦਵਾਰ ਵਿਚ ਕਰਤਾਰਪੁਰ ਵਲ ਪਾਣੀ ਉਛਾਲ ਕੇ ਸੂਰਜ ਦੀ ਉਪਾਸ਼ਨਾ ਦੇ ਨਿਰਾਰਥਕ ਹੋਣ ਦਾ ਮੁੱਦਾ ਸਮਝਾਉਣ ਦਾ ਕੌਤਕ ਹੋਵੇ, ਵੈਦਿਕ ‘ਓਮ’ ਦੀ ਥਾਂ ੴ ਲਿਖ ਕੇ ਧਿਆਨ ਦੀ ਸੂਈ ਕਲਪਨਾ ਤੋਂ ਵਿਗਿਆਨ ਵਲ ਘੁਮਾਉਣ ਦਾ ਯਤਨ ਹੋਵੇ ਤੇ ਚਾਹੇ ਕਰਤਾਰ ਦੇ ਕੁਝ ਪ੍ਰਤੱਖ ਗੁਣਾਂ ਨੂੰ ਸੂਤਰਬੱਧ ਕਰ ਕੇ ਇਸ ਇਬਾਰਤ ਨੂੰ ਮੰਤਰ ਵਾਂਗ ‘ਜਪਣ’ ਲਈ ਕਹਿਣ ਦਾ ਵਿਅੰਗ ਭਰਿਆ ਆਦੇਸ਼ ਹੋਵੇ, ਗੁਰੂ ਜੀ ਨੇ ਹਰ ਸੰਭਵ ਢੰਗ ਨਾਲ ਆਪਣੀ ਰਾਹ ਦਸਾਊ ਗੱਲ ਲੋਕਾਂ ਤਕ ਪਹੁੰਚਾਉਣ ਦਾ ਉਪਰਾਲਾ ਕੀਤਾ।
ਕੌਤਕ ਤੇ ਵਿਅੰਗ ਜਿਹੇ ਕਈ ਪੇਸ਼ਕਾਰੀ ਪੈਂਤੜੇ ਗੁਰੂ ਸਾਹਿਬ ਦੀ ਕਾਵਿਕ ਸ਼ੈਲੀ ਤੇ ਉਪਦੇਸ਼-ਢੰਗ ਦਾ ਅਤੁੱਟ ਅੰਗ ਸਨ। ਇਸ ਲਈ ਉਨ੍ਹਾਂ ਦੀ ਬਾਣੀ ਨੂੰ ਸਮਝਣ ਲਈ ਉਨ੍ਹਾਂ ਦੀ ਰਚਨਾ-ਸ਼ੈਲੀ ਦੇ ਇਸ ਪੱਖ ਨੂੰ ਧਿਆਨ ਵਿਚ ਰੱਖਣ ਦੀ ਭਾਰੀ ਲੋੜ ਹੈ। ਇਸ ਤੋਂ ਬਿਨਾ ਉਨ੍ਹਾਂ ਦੀ ਬਾਣੀ ਦੇ ਅਸਲ ਭਾਵ ਤੇ ਮੰਤਵ ਨੂੰ ਸਮਝਣਾ ਮੁਸ਼ਕਿਲ ਹੈ।
ਜਪੁਜੀ ਸਾਹਿਬ ਦਾ ਮੁੱਢ ੴ ਨਾਲ ਹੁੰਦਾ ਹੈ। ਇਸ ਰਚਨਾ ਦੇ ਸ਼ੁਰੂ ਵਿਚ ਹੀ ਇਹ ਨਿਵੇਕਲਾ ਸੂਤਰ ਲਿਖ ਕੇ ਗੁਰੂ ਜੀ ਨੇ ਕੌਤਕੀ ਢੰਗ ਨਾਲ ਬੌਧਿਕ ਜਗਤ ਵਿਚ ਆਪਣੇ ਖੋਜਮਈ ਉਦੇਸ਼ ਦਾ ਐਲਾਨ ਕਰ ਦਿੱਤਾ। ਉਨ੍ਹਾਂ ਦੱਸ ਦਿੱਤਾ ਕਿ ਉਨ੍ਹਾਂ ਦੀ ਸੋਚ ਦਾ ਰਸਤਾ ਭਿੰਨ ਹੈ। ਉਨ੍ਹਾਂ ਦਾ ਮਨੋਰਥ ਸੱਚ ਦੀ ਖੋਜ ਹੈ। ਪਰ ਸੱਚ ਦੀ ਖੋਜ ਵਿਸ਼ਵਾਸ ਤੇ ਭਗਤੀ ਲਈ ਕਰਨਾ ਨਹੀਂ ਸਗੋਂ ਗਿਆਨ ਲਈ ਕਰਨਾ ਹੈ। ਇਸ ਲਈ ਉਨ੍ਹਾਂ ਦਾ ਦਰਸਾਇਆ ਗਿਆਨ ਮਾਰਗ ਉਨ੍ਹਾਂ ਦੀ ਪਹੁੰਚ ਅਨੁਸਾਰ ਸੱਚ ਭਾਵ ਯਥਾਰਥ ਦੀ ਅਸਲੀਅਤ ਨੂੰ ਜਾਣਨ ਵਾਲਾ ਹੈ। ਇਹ ਰਾਹ ਨਿਰਾਰਥਕ ਮਾਨਤਾਵਾਂ, ਸੋਚਾਂ, ਕਲਪਨਾਵਾਂ, ਆਦਰਸ਼ਾਂ, ਅੰਧਵਿਸ਼ਵਾਸਾਂ, ਪਰੰਪਰਾਵਾਂ ਤੇ ਬੇਬੁਨਿਆਦ ਖਿਆਲ-ਉਡਾਰੀਆਂ ਉਤੇ ਨਿਰਭਰ ਨਹੀਂ ਹੈ। ਸਗੋਂ ਇਹ ਨਿਰੋਲ ਯਥਾਰਥ, ਨਿਰਪੱਖ ਪ੍ਰੀਖਣ, ਹੰਢਾਏ-ਅਨੁਭਵ, ਪ੍ਰਤੱਖ ਪ੍ਰਮਾਣ, ਤਾਰਕਿਕ-ਵਿਵੇਕ ਤੇ ਸਾਧਾਰਣ ਸਮਝ ਉਤੇ ਟਿਕਿਆ ਹੋਇਆ ਹੈ। ਇਸ ਵਿਚ ਗਣਿਤ ਵਾਲਾ ਪਰਪੱਕ ਵਿਧੀ-ਵਿਧਾਨ ਤੇ ਵਿਗਿਆਨ ਵਾਲੀ ਕਸਵੀਂ ਪਰਖ-ਪੜਚੋਲ ਹੈ। ਇਹ ਮਾਰਗ ‘ਕਚ ਪਕਾਈ ਉਥੈ ਪਾਇ’ ਅਨੁਸਾਰ ਪਲ ਭਰ ਵਿਚ ਸੱਚ ਤੇ ਝੂਠ ਦਾ ਨਿਪਟਾਰਾ ਕਰਨ ਵਾਲਾ ਹੈ। ਉਨ੍ਹਾਂ ਨੇ ਕਾਲਪਨਿਕ ‘ਓਮ’ ਦੀ ਥਾਂ ਗਣਿਤੀ-ਸੂਤਰ ‘ੴ Ḕ ਲਿਖ ਕੇ ਆਪਣੇ ਇਸ ਅਨੁਭਵੀ ਇਰਾਦੇ ਨੂੰ ਭਲੀ ਭਾਂਤ ਉਜਾਗਰ ਕੀਤਾ ਹੈ।
ੴ ਨੂੰ ਸੂਤਰ (ਾਂੋਰਮੁਲਅe) ਭਾਵ ਸੰਕੇਤ-ਸੰਗ੍ਰਿਹ ਇਸ ਲਈ ਕਿਹਾ ਗਿਆ ਹੈ ਕਿਉਂਕਿ ਇਹ ਕੋਈ ਵਿਆਕਰਣਕ ਸ਼ਬਦ ਨਹੀਂ ਹੈ। ਇਹ ਕੋਈ ਨਿਰੋਲ ਅੰਕ ਵੀ ਨਹੀਂ ਹੈ ਤੇ ਨਾ ਕੋਈ ਇਕ ਨਿਰੋਲ ਸੰਕੇਤ। ਇਸ ਕਰਕੇ ਇਸ ਦਾ ਕੋਈ ਵਿਆਕਰਣਕ ਉਚਾਰਣ ਵੀ ਨਹੀਂ ਹੋ ਸਕਦਾ। ਵੇਖਣ ਨੂੰ ਇਸ ਦੇ ਅੰਗਾਂ ਵਿਚ ਨਿਰੋਲ ਭਿੰਨਤਾ ਹੈ ਜੋ ਇਨ੍ਹਾਂ ਦੇ ਇਕ ਥਾਂ ਸੂਤਰਬੱਧ ਕਰਨ ਦੇ ਕਾਰਨ ਵਲ ਕੋਈ ਇਸ਼ਾਰਾ ਨਹੀਂ ਕਰਦੀ। ਫਿਰ ਵੀ ਇਸ ਦੇ ਤਿੰਨੇ ਤੱਤ ਭਾਵ ੧, ਓ ਤੇ ਕਾਰ ਵਿਚਕਾਰ ਕੋਈ ਨਾ ਕੋਈ ਸਾਂਝ-ਸਮਾਨਤਾ ਤਾਂ ਜਰੂਰ ਹੋਵੇਗੀ ਜਿਸ ਕਾਰਨ ਗੁਰੂ ਜੀ ਨੇ ਇਨ੍ਹਾਂ ਤਿੰਨਾਂ ਨੂੰ ਭਾਵਪੂਰਤ ਢੰਗ ਨਾਲ ਇਕ ਥਾਂ ਨੱਥੀ ਕੀਤਾ ਹੈ। ਭਾਵੇਂ ਇਨ੍ਹਾਂ ਤਿੰਨਾਂ ਵਿਚਾਲੇ ਨਾ ਇਕ ਲਿਪੀ ਦੇ ਅੱਖਰਾਂ ਵਾਲੀ ਸਾਂਝ ਹੈ ਤੇ ਨਾ ਹੀ ਅੰਕਮਾਲਾ ਦੇ ਅੰਕਾਂ ਜਿਹੀ ਨੇੜਤਾ, ਪਰ ਗਹੁ ਨਾਲ ਵੇਖਣ ਤੋਂ ਇਨ੍ਹਾਂ ਵਿਚ ਇਕ ਉਚੇਰੇ ਰਿਸ਼ਤੇ ਦਾ ਪਤਾ ਚਲਦਾ ਹੈ, ਉਹ ਰਿਸ਼ਤਾ ਹੈ ਕਿ ਇਹ ਤਿੰਨੇ ਹੀ ਗਣਿਤ ਵਿਗਿਆਨ ਨਾਲ ਜੁੜੇ ਹੋਏ ਹਨ। ਇਨ੍ਹਾਂ ਵਿਚ ਇਕ ਦਾ ਅੰਕ (੧) ਅੰਕ-ਗਣਿਤ ਦੀ ਪ੍ਰਤੀਨਿਧਤਾ ਕਰਦਾ ਹੈ, ਊੜਾ ਅੱਖਰ (ਓ) ਬੀਜ-ਗਣਿਤ ਭਾਵ ਅਲਜਬਰੇ ਦੀ ਅਤੇ ਕਾਰ ਰੇਖਾ ਗਣਿਤ ਭਾਵ ਜੁਮੈਟਰੀ ਦੀ ਤਰਜਮਾਨੀ ਕਰਦਾ ਹੈ। ਮੱਧ ਕਾਲ ਤਕ ਇਹ ਤਿੰਨੇ ਹੀ ਵਿਸ਼ੇ ਗਣਿਤ ਵਿਗਿਆਨ ਦੇ ਪ੍ਰਮੁੱਖ ਅੰਗ ਸਨ। ਗੁਰੂ ਨਾਨਕ ਨੇ ਆਪਣੇ ਇਸ ਕੌਤਕੀ ਸੂਤਰ ਰਾਹੀਂ ਗਣਿਤ ਦੇ ਇਨ੍ਹਾਂ ਤਿੰਨਾਂ ਅੰਗਾਂ ਨੂੰ ਸੰਕੇਤਕ ਪ੍ਰਤੀਨਿਧਤਾ ਦੇ ਕੇ ਸਿੱਖੀ ਸਿਧਾਂਤ ਨੂੰ ਵਿਗਿਆਨਕ ਨੀਹਾਂ ‘ਤੇ ਖੜ੍ਹਾਇਆ ਹੈ।
ਕਈ ਵਿਦਵਾਨ ੴ ਨੂੰ ਗੁਰੂ ਨਾਨਕ ਦਾ ਦੈਵੀ ਦ੍ਰਿਸ਼ਟੀ ਵਾਲਾ ਰੱਬੀ ਸੰਕੇਤ ਮੰਨਦੇ ਹਨ ਜੋ ਹਿੰਦੂ ਮੱਤ ਦੇ ਓਮ ਤੇ ਇਸਲਾਮ ਮੱਤ ਦੇ ਇਕ ਅੱਲ੍ਹਾ ਦੇ ਸੰਕੇਤ ਦਾ ਮਿਲਗੋਭਾ ਹੈ। ਉਨ੍ਹਾਂ ਅਨੁਸਾਰ ਗੁਰੂ ਜੀ ਨੇ ਇਹ ਸੂਤਰ ਸਭ ਧਰਮਾਂ ਦੇ ਇਲਾਹੀ ਨੂਰ ਨੂੰ ਇਕੱਠਾ ਕਰਕੇ ਇਕ ਰੱਬ, ਵਾਹਿਗੁਰੂ, ਪਰਮਾਤਮਾ ਜਾਂ ਅਕਾਲ ਪੁਰਖ ਦੇ ਸੰਕੇਤ ਵਜੋਂ ਵਰਤਿਆ ਹੈ, ਪਰ ਇਨ੍ਹਾਂ ਵਿਦਵਾਨਾਂ ਉਤੇ ਗੁਰੂ ਸਾਹਿਬ ਦੀ ਸਿੱਖਿਆ ਦਾ ਕੋਈ ਅਸਰ ਨਹੀਂ ਹੋਇਆ ਲਗਦਾ। ਉਹ ਗੁਰੂ ਜੀ ਦੇ ਕੌਤਕੀ ਪੈਂਤੜਿਆਂ ਵਾਲੀ ਸ਼ੈਲੀ ਨੂੰ ਸਮਝਣ ਤੋਂ ਅਸਮਰੱਥ ਹਨ। ਉਹ ਸਾਧਾਰਣ ਸਮਝ ਦੀ ਇੰਨੀ ਗੱਲ ਵੀ ਨਹੀਂ ਸੋਚ ਸਕਦੇ ਕਿ ਗੁਰੂ ਜੀ ਉਨ੍ਹਾਂ ਹੀ ਪਰੰਪਰਾਗਤ ਵਿਚਾਰਧਾਰਾਵਾਂ ਭਾਵ ਬ੍ਰਾਹਮਣਵਾਦ ਤੇ ਇਸਲਾਮ ਦੀ ਕਾਪੀ ਕਿਵੇਂ ਕਰ ਸਕਦੇ ਸਨ ਜਿਨ੍ਹਾਂ ਨੂੰ ਉਨ੍ਹਾਂ ਨੇ ‘ਕੂੜ ਦੀ ਪਾਲ’ ਆਖਿਆ ਹੈ? ਉਹ ਸ਼ਬਦਾਂ ਦੇ ਧਨੀ ਸਨ, ਜੇ ਉਨ੍ਹਾਂ ਰੱਬ ਹੀ ਕਹਿਣਾ ਸੀ ਤਾਂ ਕੀ ਉਹ ਰੱ+ਬ ਜਾਂ ਇਸ ਦੀ ਥਾਂ ਕੋਈ ਹੋਰ ਮੂੰਹ ਲਗਦਾ ਦੈਵੀ ਭਾਵ ਵਾਲਾ ਸ਼ਬਦ ਨਹੀਂ ਸਨ ਲਿਖ ਸਕਦੇ? ਪਰ ਉਨ੍ਹਾਂ ਇੱਦਾਂ ਨਹੀਂ ਲਿਖਿਆ। ਅਜਿਹਾ ਸ਼ਬਦ ਤਾਂ ਉਨ੍ਹਾਂ ਸਾਰੇ ਜਪੁਜੀ ਵਿਚ ਕਿਤੇ ਨਹੀਂ ਲਿਖਿਆ। ਇਸ ਲਈ ਅਣਉਚਿਤ ਢੰਗ ਨਾਲ ਮਨਮੱਤੇ ਸ਼ਬਦ ਬਦੋ-ਬਦੀ ਗੁਰੂ ਜੀ ਦੇ ਨਾਂ ਨਾਲ ਚਮੇੜ ਕੇ ਬਾਣੀ ਦੀ ਵਿਆਖਿਆ ਕਰਨਾ ਸਹੀ ਰੁਝਾਨ ਨਹੀਂ ਹੈ।
ਅਜਿਹੇ ਦਵੰਧ ਕਾਰਣ ਹੀ, ਇਕ ਪਾਸੇ ਤਾਂ ਇਹ ਵਿਦਵਾਨ ਹੁੱਬ ਕੇ ਮੰਨਦੇ ਹਨ ਕਿ ਗੁਰੂ ਨਾਨਕ ਨੇ ਲੋਕਾਂ ਨੂੰ ਆਪਣਾ ਉਪਦੇਸ਼ ਸਰਲ ਭਾਸ਼ਾ ਵਿਚ ਦਿੱਤਾ ਤਾਂ ਜੋ ਲੋਕ ਉਨ੍ਹਾਂ ਦੇ ਵਿਚਾਰਾਂ ਤੋਂ ਸੌਖੇ ਹੀ ਜਾਣੂ ਹੋ ਜਾਣ, ਪਰ ਦੂਜੇ ਪਾਸੇ ਉਹ ਇਸ ਗੱਲ ਦਾ ਵਾਜਬ ਖੁਲਾਸਾ ਨਹੀਂ ਕਰ ਸਕਦੇ ਕਿ ਉਨ੍ਹਾਂ ਨੇ ਕੋਈ ਦੈਵੀ ਭਾਵ ਦਾ ਸੁਖਾਲਾ ਸ਼ਬਦ ਵਰਤਣ ਦੀ ਥਾਂ ੴ ਦਾ ਅਣਸੁਣਿਆ, ਅਣਕਿਆਸਿਆ ਤੇ ਜਨਤਕ ਸਮਝ ਤੋਂ ਪਰ੍ਹੇ ਦਾ ਅਦਭੁਤ ਸੂਤਰ ਹੀ ਕਿਉਂ ਲਿਖਿਆ? ਲੱਖਾਂ ਵਿਦਵਾਨ ਗੁਰੂ ਸਾਹਿਬ ਦੇ ਜਨਮ ਦਿਹਾੜੇ ‘ਤੇ ਉਨ੍ਹਾਂ ਦੇ ਉਪਦੇਸ਼ ਦੀ ਪ੍ਰਸ਼ੰਸਾ ਕਰਦਿਆਂ ਦੱਸਦੇ ਹਨ ਕਿ ਉਨ੍ਹਾਂ ਨੇ ਭੁੱਲੀ-ਭਟਕੀ ਲੋਕਾਈ ਨੂੰ ਸੱਚ ਦਾ ਮਾਰਗ ਦੱਸ ਕੇ ਤਾਰਿਆ। ਲੱਖਾਂ ਹੀ ਹੋਰ ਵਿਦਵਾਨ ਹਰ ਸਾਲ ਭਾਈ ਗੁਰਦਾਸ ਦੀ ਤੁੱਕ ‘ਸਤਿ ਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ’ ਦੇ ਹਵਾਲੇ ਨਾਲ ਗੁਰੂ ਸਾਹਿਬ ਦੀਆਂ ਪ੍ਰਾਪਤੀਆਂ ਦਾ ਗੁਣਗਾਨ ਕਰਦੇ ਹਨ, ਪਰ ਉਹ ਕਦੇ ਵੀ ਸੱਚ ਦੇ ਇਸ ਮਾਰਗ ਅਤੇ ਸੰਸਾਰ ਤੋਂ ਧੁੰਦ ਹਟਾਉਣ ਵਾਲੇ ਇਸ ਚਾਨਣ ਬਾਰੇ ਸਹੀ ਸਹੀ ਜਾਣਕਾਰੀ ਕਿਉਂ ਨਹੀਂ ਦਿੰਦੇ?
ਗੁਰੂ ਸਾਹਿਬ ਦੇ ਸੱਚ ਦੇ ਮਾਰਗ ‘ਤੇ ਉਹ ਵਿਦਵਾਨ ਵੀ ਚਾਨਣ ਨਹੀਂ ਪਾਉਂਦੇ ਜੋ ਅਖਬਾਰਾਂ-ਰਸਾਲਿਆਂ ਵਿਚ ਲੜੀ-ਦਰ-ਲੜੀ ਉਨ੍ਹਾਂ ਦੀ ਬਾਣੀ ਦੇ ਅਰਥ ਕਰਕੇ ਛਪਵਾਉਂਦੇ ਹਨ। ਅਜਿਹੇ ਵਿਦਵਾਨਾਂ ਦਾ ਵਧੇਰੇ ਜੋਰ ਸਿੱਖੀ ਸ਼ਰਧਾ ਦਰਸਾਉਣ ‘ਤੇ ਲੱਗਾ ਹੁੰਦਾ ਹੈ, ਸਿੱਖੀ-ਬੋਧ ਫੈਲਾਉਣ ‘ਤੇ ਨਹੀਂ। ਦਰਅਸਲ ਇਨ੍ਹਾਂ ਵਿਦਵਾਨਾਂ ਨੂੰ ਗੁਰੂ ਸਾਹਿਬ ਦੀ ਤਰਕ-ਪ੍ਰਧਾਨ ਤੇ ਵਿਵੇਕਸ਼ੀਲ ਵਿਗਿਆਨਕ ਵਿਧੀ ਦਾ ਪਤਾ ਹੀ ਨਹੀਂ। ਇਹ ਪੂਜਾ ਪਾਠ ਦੇ ਕਰਮ-ਕਾਂਡੀਆਂ ਵਾਂਗ ਗਣਿਤ, ਵਿਗਿਆਨ, ਵਿਵੇਕ ਤੇ ਦਰਸ਼ਨ ਸ਼ਾਸਤਰ ਤੋਂ ਕੋਰੇ ਹਨ। ਇਸ ਲਈ ਇਹ ਗੁਰੂ ਨਾਨਕ ਦੇ ਵਿਚਾਰਾਂ ਦਾ ਸਹੀ ਅਨੁਮਾਨ ਨਹੀਂ ਲਾ ਸਕੇ। ਉਨ੍ਹਾਂ ਦੇ ਸਿਧਾਂਤ ਦੀ ਮੌਲਿਕਤਾ ਨੂੰ ਸਮਝਣ ਦੀ ਥਾਂ ਇਹ ਵਿਦਵਾਨ ਉਨ੍ਹਾਂ ਨੂੰ ਇਕ ਅਜਿਹਾ ਧਰਮ ਗੁਰੂ ਹੀ ਮੰਨਦੇ ਹਨ ਜਿਸ ਨੇ ਪੂਜਾ ਪਾਠ ਤੇ ਨਾਮ ਜਪਣ ਦੀ ਸਿੱਖਿਆ ਦੇ ਕੇ ਹੀ ਸਾਰੇ ਸੰਸਾਰ ਦਾ ਪਾਰ ਉਤਾਰਾ ਕਰ ਦਿਤਾ ਹੋਵੇ। ਆਪਣੀ ਪੇਤਲੀ ਤੇ ਕੁਰਾਹੀ ਪਹੁੰਚ ਕਾਰਨ ਅਜਿਹੇ ਮੋਹਰੀ ਵਿਦਵਾਨ ਗੁਰੂ ਸਾਹਿਬ ਦੀ ਅਸਲ ਸਿਖਿਆ ਨੂੰ ਕਦੇ ਵੀ ਚਾਨਣ ਵਿਚ ਨਾ ਲਿਆ ਸਕੇ।
(ਚਲਦਾ)