ਹਰਗੁਣਪ੍ਰੀਤ ਸਿੰਘ
ਫੋਨ: 91-94636-19353
ਸਰੀਰ ਦੇ ਸੈਲਾਂ ਦੇ ਅਨਿਸ਼ਚਿਤ ਰੂਪ ਵਿਚ ਵਧਣ ਨੂੰ ‘ਕੈਂਸਰ’ ਕਿਹਾ ਜਾਂਦਾ ਹੈ। ਭਾਵੇਂ ਵਿਗਿਆਨ ਅਜੇ ਤੱਕ ਕੈਂਸਰ ਦੇ ਮੁੱਖ ਕਾਰਨਾਂ ਦਾ ਚੰਗੀ ਤਰ੍ਹਾਂ ਨਾਲ ਪਤਾ ਨਹੀਂ ਲਾ ਸਕਿਆ ਪਰ ਫਿਰ ਵੀ ਮੁੱਖ ਕਾਰਨ ਸਿਗਰਟ, ਸ਼ਰਾਬ ਅਤੇ ਤੰਬਾਕੂ ਦਾ ਖੁੱਲ੍ਹਾ ਸੇਵਨ, ਕੀਟਨਾਸ਼ਕ ਦਵਾਈਆਂ ਦਾ ਛਿੜਕਾਅ, ਵਧ ਰਿਹਾ ਪ੍ਰਦੂਸ਼ਣ, ਪਰਾਂਵੈਗਣੀ ਕਿਰਨਾਂ, ਸਾਡਾ ਵਿਗੜ ਰਿਹਾ ਖਾਣ-ਪੀਣ ਤੇ ਰਹਿਣ-ਸਹਿਣ ਆਦਿ ਮੁੱਖ ਤੌਰ ‘ਤੇ ਸਮਝੇ ਜਾਂਦੇ ਹਨ।
ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਿਊæਐਚæਓæ) ਦੀ 2017 ਦੀ ਰਿਪੋਰਟ ਨੇ ਦੁਨੀਆਂ ਭਰ ਵਿਚ ਗੈਰ ਕੁਦਰਤੀ ਮੌਤਾਂ ਲਈ ‘ਕੈਂਸਰ’ ਨੂੰ ਦੂਸਰਾ ਸਭ ਤੋਂ ਵੱਡਾ ਕਾਰਨ ਮੰਨਿਆ ਹੈ, ਕਿਉਂਕਿ ਸਾਲ 2015 ਵਿਚ ਕੈਂਸਰ ਨਾਲ ਵਿਸ਼ਵ ਵਿਚ ਲਗਭਗ 90 ਲੱਖ ਮੌਤਾਂ ਹੋਈਆਂ ਸਨ। ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ਆਈæਸੀæਐਮæਆਰ) ਦੀ 2016 ਦੀ ਰਿਪੋਰਟ ਮੁਤਾਬਕ ਭਾਰਤ ਵਿਚ ਹਰ ਸਾਲ ਲਗਭਗ ਨੌ ਲੱਖ ਵਿਅਕਤੀ ਕੈਂਸਰ ਕਾਰਨ ਮੌਤ ਦੇ ਮੂੰਹ ਚਲੇ ਜਾਂਦੇ ਹਨ। ਇਨ੍ਹਾਂ ਵਿਚ ਔਰਤਾਂ ਦੀ ਗਿਣਤੀ ਪੁਰਸ਼ਾਂ ਦੇ ਮੁਕਾਬਲੇ ਵੱਧ ਹੁੰਦੀ ਹੈ। ਇਸ ਰਿਪੋਰਟ ਨੇ ਛਾਤੀ ਦੇ ਕੈਂਸਰ (ਬਰੈਸਟ ਕੈਂਸਰ) ਨੂੰ ਔਰਤਾਂ ਦੀ ਮੌਤ ਲਈ ਸਭ ਤੋਂ ਵੱਧ ਜ਼ਿੰਮੇਵਾਰ ਠਹਿਰਾਇਆ ਹੈ, ਜਦਕਿ ਬੱਚੇਦਾਨੀ ਦੇ ਮੂੰਹ ਦੇ ਕੈਂਸਰ (ਸਰਵਿਕਸ ਕੈਂਸਰ) ਨੂੰ ਦੂਸਰੇ ਸਥਾਨ ‘ਤੇ ਔਰਤਾਂ ਦੀ ਮੌਤ ਲਈ ਜ਼ਿੰਮੇਵਾਰ ਮੰਨਿਆ ਹੈ।
ਨੈਸ਼ਨਲ ਇੰਸਟੀਚਿਊਟ ਆਫ ਕੈਂਸਰ ਪ੍ਰੀਵੈਨਸ਼ਨ ਐਂਡ ਰਿਸਰਚ ਸੈਂਟਰ, ਨੋਇਡਾ ਦੀ 2017 ਦੀ ਰਿਪੋਰਟ ਅਨੁਸਾਰ 27 ਪ੍ਰਤੀਸ਼ਤ ਭਾਰਤੀ ਔਰਤਾਂ ਬਰੈਸਟ ਕੈਂਸਰ ਅਤੇ 23 ਪ੍ਰਤੀਸ਼ਤ ਔਰਤਾਂ ਸਰਵਿਕਸ ਕੈਂਸਰ ਦੀ ਬਿਮਾਰੀ ਦਾ ਸ਼ਿਕਾਰ ਸਨ। ਇਸ ਰਿਪੋਰਟ ਮੁਤਾਬਕ ਸ਼ਹਿਰੀ ਔਰਤਾਂ ਦੇ ਮੁਕਾਬਲੇ ਪੇਂਡੂ ਔਰਤਾਂ ਵਿਚ ਸਰਵਿਕਸ ਕੈਂਸਰ ਹੋਣ ਦੀ ਵੱਧ ਸੰਭਾਵਨਾ ਹੁੰਦੀ ਹੈ।
ਫੈਡਰੇਸ਼ਨ ਆਫ ਇੰਡੀਅਨ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ (ਐਫ਼ਆਈæਸੀæਸੀæਆਈæ) ਦੀ 2017 ਦੀ ਰਿਪੋਰਟ ਮੁਤਾਬਕ ਭਾਰਤ ਵਿਚ ਕੈਂਸਰ ਦੀ ਸਮੱਸਿਆ ਇਸ ਹੱਦ ਤੱਕ ਨਿਰੰਤਰ ਵਧਦੀ ਜਾ ਰਹੀ ਹੈ ਕਿ ਦੁਨੀਆਂ ਵਿਚ ਚੀਨ ਅਤੇ ਅਮਰੀਕਾ ਤੋਂ ਬਾਅਦ ਭਾਰਤ ਅਜਿਹਾ ਦੇਸ਼ ਬਣ ਗਿਆ ਹੈ ਜਿੱਥੇ ਸਭ ਤੋਂ ਵੱਧ ਔਰਤਾਂ ਕੈਂਸਰ ਤੋਂ ਪੀੜਤ ਹਨ। ਇਸ ਰਿਪੋਰਟ ਨੇ ਬੜੇ ਹੈਰਾਨੀਜਨਕ ਤੱਥ ਪੇਸ਼ ਕੀਤੇ ਹਨ ਕਿ ਕੈਂਸਰ ਦਾ ਇਲਾਜ ਕਰਵਾ ਰਹੀਆਂ 2000 ਔਰਤਾਂ ਵਿਚੋਂ 1200 ਔਰਤਾਂ ਨੂੰ ਤੀਜੀ ਜਾਂ ਆਖਰੀ ਸਟੇਜ ਉਤੇ ਕੈਂਸਰ ਹੋਣ ਬਾਰੇ ਪਤਾ ਲੱਗਾ ਜਿਸ ਤੋਂ ਸਾਫ ਜ਼ਾਹਰ ਹੈ ਕਿ ਸਾਡੇ ਦੇਸ਼ ਦੀਆਂ ਔਰਤਾਂ ਇਸ ਬਿਮਾਰੀ ਸਬੰਧੀ ਬਹੁਤ ਘੱਟ ਜਾਗਰੂਕ ਹਨ।
ਬੜੇ ਦੁੱਖ ਅਤੇ ਚਿੰਤਾ ਦੀ ਗੱਲ ਹੈ ਕਿ ਪੰਜਾਬ ਨੂੰ ਪਿਛਲੇ ਕੁਝ ਸਾਲਾਂ ਤੋਂ ‘ਕੈਂਸਰ ਕੈਪੀਟਲ’ ਕਰਕੇ ਵੀ ਜਾਣਿਆ ਜਾਣ ਲੱਗਾ ਹੈ, ਕਿਉਂਕਿ ਪੰਜਾਬ ਸਰਕਾਰ ਵੱਲੋਂ ਅਕਤੂਬਰ ਤੋਂ ਦਸੰਬਰ 2012 ਤੱਕ ਕਰਵਾਏ ਗਏ ਸਰਵੇਖਣ ਅਨੁਸਾਰ ਪੰਜਾਬ ਵਿਚ ਇਕ ਲੱਖ ਦੀ ਆਬਾਦੀ ਪਿੱਛੇ ਕੈਂਸਰ ਦੇ 90 ਮਰੀਜ਼ ਸਨ, ਜਦਕਿ ਭਾਰਤ ਵਿਚ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਇਕ ਲੱਖ ਪਿੱਛੇ ਘੱਟ ਕੇ 80 ਰਹਿ ਗਈ ਹੈ। ਇਸ ਸਰਵੇਖਣ ਅਨੁਸਾਰ ਪੰਜਾਬ ਵਿਚ ਸਾਲ 2007 ਤੋਂ 2012 ਤੱਕ ਕੈਂਸਰ ਨਾਲ 33,318 ਮਰੀਜ਼ਾਂ ਦੀ ਮੌਤ ਹੋਈ, ਜਿਨ੍ਹਾਂ ਵਿਚੋਂ 14,682 ਮਰੀਜ਼ ਕੇਵਲ ਮਾਲਵਾ ਖੇਤਰ ਦੇ ਹੀ ਸਨ। ਇਸੇ ਤਰ੍ਹਾਂ ਜਨਵਰੀ 2013 ਵਿਚ ਚੰਡੀਗੜ੍ਹ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਸੰਗਰੂਰ ਅਤੇ ਮਾਨਸਾ ਆਦਿ ਜ਼ਿਲ੍ਹਿਆਂ ਵਿਚ ਟਾਟਾ ਮੈਮੋਰੀਅਲ ਸੈਂਟਰ ਮੁੰਬਈ ਵੱਲੋਂ ਪੀæਜੀæਆਈæ ਚੰਡੀਗੜ੍ਹ ਅਤੇ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨਾਲ ਸਾਂਝੇ ਤੌਰ ਉਤੇ ਕਰਵਾਈਆਂ ਜਨਸੰਖਿਆ ਆਧਾਰਤ ਕੈਂਸਰ ਰਜਿਸਟਰੀਆਂ ਅਨੁਸਾਰ ਔਰਤਾਂ ਬਰੈਸਟ ਕੈਂਸਰ ਨਾਲ ਸਭ ਤੋਂ ਵੱਧ ਪੀੜਤ ਸਨ ਅਤੇ ਉਸ ਪਿਛੋਂ ਨੰਬਰ ਸਰਵਿਕਸ ਕੈਂਸਰ ਦਾ ਹੈ। ਇਨ੍ਹਾਂ ਰਜਿਸਟਰੀਆਂ ਤੋਂ ਇਹ ਵੀ ਪਤਾ ਲੱਗਾ ਕਿ ਜਿੱਥੇ ਔਰਤਾਂ ਵਿਚ ਕੈਂਸਰ ਹੋਣ ਦੀ ਸੰਭਾਵਨਾ 6% ਤੋਂ 13% ਤੱਕ ਹੁੰਦੀ ਹੈ, ਉਥੇ ਮਰਦਾਂ ਵਿਚ ਇਸ ਬਿਮਾਰੀ ਦੇ ਹੋਣ ਦੀ ਸੰਭਾਵਨਾ ਘਟ ਕੇ 5% ਤੋਂ 11% ਤੱਕ ਹੀ ਰਹਿ ਜਾਂਦੀ ਹੈ।
ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਦੇ ਅੰਬੈਸਡਰ ਸ਼ ਕੁਲਵੰਤ ਸਿੰਘ ਧਾਲੀਵਾਲ ਨੇ ਕੁਝ ਸਮਾਂ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਇਹ ਚਿੰਤਾ ਪ੍ਰਗਟਾਈ ਸੀ ਕਿ ਸੰਸਾਰ ਭਰ ਵਿਚ ਆਬਾਦੀ ਦੇ ਹਿਸਾਬ ਨਾਲ ਪੰਜਾਬ ਵਿਚ ਕੈਂਸਰ ਕਾਰਨ ਸਭ ਤੋਂ ਵੱਧ ਜਾਨਾਂ ਜਾ ਰਹੀਆਂ ਹਨ ਜਿਸ ਕਰਕੇ ਪੰਜਾਬ ‘ਵਰਲਡ ਕੈਂਸਰ ਕੈਪੀਟਲ’ ਬਣ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਰੋਜ਼ਾਨਾ 43 ਵਿਅਕਤੀ ਕੈਂਸਰ ਦੀ ਭੇਟ ਚੜ੍ਹ ਰਹੇ ਹਨ, ਜਿਨ੍ਹਾਂ ਵਿਚੋਂ 36 ਕੇਵਲ ਔਰਤਾਂ ਹੀ ਹਨ, ਜੋ ਬਰੈਸਟ ਅਤੇ ਸਰਵਿਕਸ ਕੈਂਸਰ ਦਾ ਸਹੀ ਸਮੇਂ ਉਤੇ ਇਲਾਜ ਨਾ ਕਰਵਾਉਣ ਕਰਕੇ ਆਪਣੀਆਂ ਜਾਨਾਂ ਗੁਆ ਰਹੀਆਂ ਹਨ। ਭਾਵੇਂ ਪੰਜਾਬ ਵਰਤਮਾਨ ਸਮੇਂ ਵਿਚ ਕੈਂਸਰ ਦੀ ਸਮੱਸਿਆ ਨਾਲ ਜੂਝ ਰਿਹਾ ਹੈ ਪਰ ਇਸ ਨਾਲ ਇਹ ਆਧਾਰ ਰਹਿਤ ਧਾਰਨਾ ਜੋੜ ਦੇਣੀ ਠੀਕ ਨਹੀਂ ਕਿ ਇਹ ਇਕ ਲਾਇਲਾਜ ਤੇ ਜਾਨਲੇਵਾ ਬਿਮਾਰੀ ਹੈ ਜੋ ਬਹੁਤ ਜਲਦੀ ਫੈਲਦੀ ਹੈ ਅਤੇ ਇਸ ਨਾਲ ਮਰੀਜ਼ ਦਾ ਅੰਤ ਨਿਸ਼ਚਿਤ ਹੀ ਹੁੰਦਾ ਹੈ। ਇਸ ਧਾਰਨਾ ਨੂੰ ਬਦਲਣ ਅਤੇ ਲੋਕਾਂ ਵਿਚ ਜਾਗਰੂਕਤਾ ਫੈਲਾਉਣ ਲਈ ਮੀਡੀਆ ਬਹੁਤ ਅਹਿਮ ਭੂਮਿਕਾ ਨਿਭਾ ਸਕਦਾ ਹੈ।
ਅਖਬਾਰਾਂ, ਰੇਡੀਓ, ਟੈਲੀਵੀਜ਼ਨ ਅਤੇ ਇੰਟਰਨੈਟ ਰਾਹੀਂ ਕੈਂਸਰ ਦੇ ਕਾਰਨਾਂ ਅਤੇ ਬਚਾਓ ਸਬੰਧੀ ਡਾਕਟਰਾਂ ਤੇ ਬੁੱਧੀਜੀਵੀਆਂ ਦੇ ਉਪਯੋਗੀ ਲੇਖ ਤੇ ਇੰਟਰਵਿਊ ਜਿੱਥੇ ਸਾਕਾਰਾਤਮਕ ਭੂਮਿਕਾ ਨਿਭਾ ਸਕਦੇ ਹਨ, ਉਥੇ ਇਸ ਬਿਮਾਰੀ ਉਤੇ ਜਿੱਤ ਪ੍ਰਾਪਤ ਕਰ ਚੁਕੇ ਵਿਅਕਤੀਆਂ (ਕੈਂਸਰ ਸਰਵਾਈਵਰਾਂ) ਦੇ ਤਜਰਬੇ ਸਾਂਝੇ ਕਰਕੇ ਵੀ ਇਸ ਬਿਮਾਰੀ ਪ੍ਰਤੀ ਸਮਾਜ ਦੀ ਸੋਚ ਨੂੰ ਬਦਲਿਆ ਜਾ ਸਕਦਾ ਹੈ। ਨਾਮੀ ਸ਼ਖਸੀਅਤਾਂ ਜਿਵੇਂ ਭਾਰਤੀ ਫਿਲਮ ਅਦਾਕਾਰਾ ਮੁਮਤਾਜ਼, ਲੀਜ਼ਾ ਰੇਅ ਅਤੇ ਮਨੀਸ਼ਾ ਕੋਇਰਾਲਾ ਤੋਂ ਇਲਾਵਾ ਹਾਲੀਵੁੱਡ ਅਦਾਕਾਰਾ ਸੁਜ਼ੈਨ ਸੋਮਰਜ਼, ਸਿਨਥੀਆ ਨਿਕਸਨ, ਮੈਲੀਸਾ ਐਥਰਿਜ, ਬਾਰਬਰਾ ਮੋਰੀ ਅਤੇ ਸ਼ੈਰਿਲ ਕਰੋਅ ਵਰਗੀਆਂ ਅਨੇਕਾਂ ਕੈਂਸਰ ਜੇਤੂ ਹਸਤੀਆਂ ਨੇ ਪੁਸਤਕਾਂ, ਫਿਲਮਾਂ ਅਤੇ ਡਾਕੁਮੈਂਟਰੀਆਂ ਰਾਹੀਂ ਮੀਡੀਏ ਦੀ ਉਸਾਰੂ ਵਰਤੋਂ ਕੀਤੀ ਅਤੇ ਕੈਂਸਰ ਨਾਲ ਜੂਝ ਰਹੇ ਲੋੜਵੰਦ ਮਰੀਜ਼ਾਂ ਦੀ ਦੇਖਭਾਲ ਤੇ ਇਲਾਜ ਲਈ ਸਮਾਜ ਸੇਵੀ ਸੰਸਥਾਵਾਂ ਬਣਾ ਕੇ ਇਕ ਮਿਸਾਲ ਕਾਇਮ ਕੀਤੀ।
ਲੇਖਿਕਾ ਮਿਨਾਕਸ਼ੀ ਚੌਧਰੀ ਦੀ ਪੁਸਤਕ ‘ਸਨਸ਼ਾਈਨ: ਮਾਈ ਐਨਕਾਊਂਟਰ ਵਿਦ ਕੈਂਸਰ’, ਰਾਸ਼ਟਰੀ ਪੱਧਰ ਦੀ ਖਿਡਾਰਨ ਪ੍ਰੇਰਨਾ ਵਰਮਾ ਦੀ ਪੁਸਤਕ ‘ਪ੍ਰੇਰਨਾ’, ਨੀਲਮ ਕੁਮਾਰ ਦੀ ਪੁਸਤਕ ‘ਟੂ ਕੈਂਸਰ ਵਿਦ ਲਵ: ਮਾਈ ਜਰਨੀ ਆਫ ਜੌਏ’ ਅਤੇ ਅਨੀਤਾ ਮੂਰਜਾਨੀ ਦੀ ਪੁਸਤਕ ‘ਡਾਈਂਗ ਟੂ ਬੀ ਮੀ: ਮਾਈ ਜਰਨੀ ਫਰੌਮ ਕੈਂਸਰ ਟੂ ਨੀਅਰ ਡੈਥ’ ਆਦਿ ਪ੍ਰੇਰਕ ਪੁਸਤਕਾਂ ਹਨ ਜੋ ਇੰਟਰਨੈਟ ਉਤੇ ਵੀ ਉਪਲਬਧ ਹਨ, ਕੈਂਸਰ ਦੇ ਮਰੀਜ਼ਾਂ ਅਤੇ ਵਿਸ਼ੇਸ਼ ਕਰਕੇ ਔਰਤਾਂ ਲਈ ਲਾਹੇਵੰਦ ਸਾਬਤ ਹੋ ਸਕਦੀਆਂ ਹਨ।