ਜਿਨ੍ਹਾਂ ਨਾਲ ਵਿਸ਼ਵ ਕੱਪ ਰੁੱਸ ਗਿਆ

ਪਰਦੀਪ, ਸੈਨ ਹੋਜੇ
ਫੋਨ: 408-540-4547
ਇਸ ਵਾਰ ਫੁੱਟਬਾਲ ਦਾ ਵਿਸ਼ਵ ਕੱਪ 14 ਜੂਨ ਤੋਂ 15 ਜੁਲਾਈ ਤੱਕ ਰੂਸ ਵਿਚ ਹੋ ਰਿਹਾ ਹੈ। ਇਸ ਵਿਚ 32 ਟੀਮਾਂ ਭਾਗ ਲੈਣਗੀਆਂ। ਮੇਜ਼ਬਾਨ ਦੇਸ਼ ਹੋਣ ਕਰਕੇ ਰੂਸ ਨੂੰ ਸਿੱਧਾ 32 ਟੀਮਾਂ ਵਿਚ ਸ਼ਾਮਿਲ ਕਰ ਲਿਆ ਗਿਆ, ਬਾਕੀ 31 ਟੀਮਾਂ ਨੂੰ ਕੁਆਲੀਫਾਈ ਮੈਚ ਖੇਡ ਕੇ ਜਗ੍ਹਾ ਮਿਲੀ। ਪਰ ਇਸ ਖੇਡ ਦੇ ਕਈ ਨਾਮਵਾਰ ਦੇਸ਼ ਟੂਰਨਾਮੈਂਟ ਵਿਚੋਂ ਬਾਹਰ ਹੋ ਗਏ। ਭਾਵੇਂ ਉਹ ਇਸ ਵਾਰ ਖੇਡ ਨਹੀਂ ਰਹੇ, ਪਰ ਉਹ ਇਸ ਖੇਡ ਦਾ ਅਹਿਮ ਹਿੱਸਾ ਹਨ।

ਚਿੱਲੀ: ਫੀਫਾ ਦੀ ਸੂਚੀ ਵਿਚ ਚਿੱਲੀ ਦਾ ਸਥਾਨ ਦਸਵੇਂ ਥਾਂ ‘ਤੇ ਹੈ। 1930 ਵਿਚ ਹੋਏ ਵਿਸ਼ਵ ਕੱਪ ਵਿਚ ਤੇਰਾਂ ਦੇਸ਼ਾਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਸੀ। ਚਿੱਲੀ ਉਨ੍ਹਾਂ ਵਿਚੋਂ ਇਕ ਸੀ। ਅੱਜ ਤਕ ਚਿੱਲੀ ਨੌਂ ਵਾਰ ਹਿੱਸਾ ਲੈ ਚੁਕਾ ਹੈ। 1962 ਦਾ ਵਿਸ਼ਵ ਕੱਪ ਚਿੱਲੀ ਵਿਚ ਹੋਇਆ ਸੀ ਅਤੇ ਇਹ ਤੀਜੇ ਥਾਂ ਰਿਹਾ ਸੀ। ਪਿਛਲੀਆਂ ਦੋ ਵਾਰ ਚਿੱਲੀ ਨੇ ਮੈਸੀ ਦੀ ਅਰਜਨਟਾਈਨਾ ਨੂੰ ਹਰਾ ਕੇ ਕੋਪਾ ਅਮਰੀਕਾ ਜਿਤਿਆ ਹੈ। ਇਸ ਵਾਰ ਇਹ ਫੁੱਟਬਾਲ ਦਾ ਅਹਿਮ ਦੇਸ਼ ਵਿਸ਼ਵ ਕੱਪ ‘ਚੋਂ ਬਾਹਰ ਹੈ। ਇਸ ਦੇ ਮਸ਼ਹੂਰ ਖਿਡਾਰੀ ਸਾਂਚੇਜ਼, ਜਵਦਾਲ ਅਤੇ ਕੈਪਟਨ ਬਰਾਵੋ ਹਨ। ਅਮਰੀਕਾ: ਉਰੂਗਵੇ ਵਿਚ ਹੋਏ ਪਹਿਲੇ ਵਿਸ਼ਵ ਕੱਪ ਵਿਚ ਅਮਰੀਕਾ ਤੀਜੇ ਸਥਾਨ ‘ਤੇ ਆਇਆ ਸੀ। ਫੀਫਾ ਦੀ ਸੂਚੀ ਵਿਚ ਇਹ 24ਵੇਂ ਨੰਬਰ ‘ਤੇ ਹੈ। ਅਮਰੀਕਾ ਦਸ ਵਾਰ ਇਸ ਟੂਰਨਾਮੈਂਟ ਵਿਚ ਹਿੱਸਾ ਲੈ ਚੁਕਾ ਹੈ। 1994 ਦਾ ਵਿਸ਼ਵ ਕੱਪ ਵੀ ਅਮਰੀਕਾ ਵਿਚ ਹੋਇਆ ਸੀ, ਪਰ ਇਸ ਵਾਰ 32 ਟੀਮਾਂ ਵਿਚ ਇਸ ਦਾ ਨਾਂ ਨਹੀਂ ਹੈ।
ਘਾਨਾ: ਅਫਰੀਕਾ ਦੀ ਇਸ ਟੀਮ ਨੂੰ ਬਲੈਕ ਸਟਾਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਫੀਫਾ ਦੀ ਸੂਚੀ ਵਿਚ ਇਸ ਦਾ ਸਥਾਨ 5ਵਾਂ ਹੈ। ਘਾਨਾ ਤਿੰਨ ਵਾਰ ਵਿਸ਼ਵ ਕੱਪ ਵਿਚ ਖੇਡ ਚੁਕਾ ਹੈ। ਇਸ ਦੇ ਕਈ ਖਿਡਾਰੀ ਯੂਰਪ ਅਤੇ ਹੋਰ ਦੇਸ਼ਾਂ ਵਿਚ ਖੇਡਦੇ ਹਨ। ਪਰ ਇਸ ਵਾਰ ਇਹ ਰੂਸ ਦੀ ਯਾਤਰਾ ਨਹੀਂ ਕਰ ਸਕੇਗਾ।
ਆਇਵਰੀ ਕੋਸਟ: ਐਲੀਫੈਂਟਸ ਦੇ ਨਾਂ ਨਾਲ ਜਾਣੀ ਜਾਂਦੀ ਇਸ ਦੇਸ਼ ਦੀ ਟੀਮ ਦਾ ਫੀਫਾ ਵਿਚ 61ਵਾਂ ਨੰਬਰ ਹੈ। ਤਿੰਨ ਵਿਸ਼ਵ ਕੱਪ ਖੇਡ ਚੁਕੇ ਇਸ ਦੇਸ਼ ਦਾ ਅਫਰੀਕਾ ਮਹਾਂਦੀਪ ਵਿਚ ਚੰਗਾ ਮਹੱਤਵ ਹੈ। ਇਸ ਦੇ ਕਈ ਖਿਡਾਰੀ ਦੁਨੀਆਂ ਵਿਚ ਮਸ਼ਹੂਰ ਹਨ, ਜਿਵੇਂ ਕਿ ਡਰੋਗਵਾ, ਸਾਲਮਨ ਕਾਲੂ ਅਤੇ ਯਾਇਆ ਟੋਰੇ। ਇਸ ਵਾਰ ਇਹ ਹੋਰ ਦੇਸ਼ਾਂ ਨੂੰ ਖੇਡਦੇ ਵੇਖਣਗੇ।
ਕੈਮਰੂਨ: 1990 ਦੇ ਵਿਸ਼ਵ ਕੱਪ ਵਿਚ ਰੌਜ਼ਰ ਮਿਲਾ ਨੇ ਕੈਮਰੂਨ ਅਤੇ ਅਫਰੀਕਾ ਦਾ ਨਾਂ ਰੌਸ਼ਨ ਕੀਤਾ ਸੀ। ਉਸ ਦੀ ਇਸ ਖੇਡ ਸਦਕਾ ਵਿਸ਼ਵ ਕੱਪ ਵਿਚ ਅਫਰੀਕਾ ਦੀ ਗਿਣਤੀ ਦੋ ਤੋਂ ਵਧਾ ਕੇ ਪੰਜ ਕਰ ਦਿੱਤੀ ਗਈ ਸੀ, ਪਰ ਇਸ ਵਾਰ ਕੈਮਰੂਨ ਵਿਸ਼ਵ ਕੱਪ ‘ਚੋਂ ਬਾਹਰ ਹੈ। ਇਸ ਦੇ ਮਸ਼ਹੂਰ ਖਿਡਾਰੀ ਰੌਜ਼ਰ ਮਿਲਾ, ਸੈਮੂਅਲ ਏਟੋ ਅਤੇ ਰੌਬਰਟ ਸੌਂਗ ਰਹੇ ਹਨ।
ਨੀਦਰਲੈਂਡਜ਼: ਨੀਦਰਲੈਂਡਜ਼ ਫੀਫਾ ਦੀ 106 ਦੇਸ਼ਾਂ ਦੀ ਸੂਚੀ ਵਿਚ 20ਵੇਂ ਨੰਬਰ ‘ਤੇ ਹੈ। ਇਹ ਦਸ ਵਿਸ਼ਵ ਕੱਪ ਖੇਡ ਚੁਕਾ ਹੈ ਅਤੇ ਸਫਲ ਵੀ ਰਿਹਾ ਹੈ। ਇਹ ਤਿੰਨ ਵਿਸ਼ਵ ਕੱਪ ਫਾਈਨਲ ਖੇਡ ਕੇ ਦੂਜੇ ਸਥਾਨ ‘ਤੇ ਰਿਹਾ ਹੈ, ਟਰਾਫੀ ਨੂੰ ਚੁੰਮਣਾ ਇਸ ਦੀ ਕਿਸਮਤ ਵਿਚ ਨਹੀਂ ਸੀ। ਕਦੀ ਟੋਟਲ ਫੁੱਟਬਾਲ ਦਾ ਫਾਰਮੂਲਾ ਚਲਦਾ ਸੀ ਅਤੇ ਨੀਦਰਲੈਂਡਜ਼ ਇਸ ਦਾ ਜਨਮਦਾਤਾ ਸੀ। ਇਸ ਵਾਰ ਨੀਦਰਲੈਂਡਜ਼ ਨਾਲ ਵਿਸ਼ਵ ਕੱਪ ਰੁੱਸ ਗਿਆ। ਇਸ ਦੇ ਮਸ਼ਹੂਰ ਖਿਡਾਰੀ, ਡਰਕ ਕਿਉਟ, ਵੈਸਲੀ ਸਨਾਇਜਡਰ, ਵੈਨ ਪਰਸੀ ਅਤੇ ਰੌਬਨ ਹੋਏ ਹਨ।
ਇਟਲੀ: ਇਟਲੀ ਦਾ ਇਸ ਵਾਰ ਵਿਸ਼ਵ ਕੱਪ ‘ਚੋਂ ਬਾਹਰ ਹੋਣਾ, ਸਭ ਤੋਂ ਵੱਧ ਹੈਰਾਨੀ ਵਾਲੀ ਗੱਲ ਹੈ। ਫੀਫਾ ਦੀ ਸੂਚੀ ਵਿਚ ਇਸ ਦਾ ਨੰਬਰ 14ਵਾਂ ਹੈ। ਇਟਲੀ 18 ਵਾਰ ਇਸ ਵਿਚ ਹਿੱਸਾ ਲੈ ਚੁਕਾ ਹੈ ਅਤੇ ਚਾਰ ਵਾਰ ਜਿੱਤ ਵੀ ਚੁਕਾ ਹੈ। ਦੋ ਵਾਰ ਦੂਜੇ ਸਥਾਨ ‘ਤੇ ਰਿਹਾ। ਇਹ ਦੋ ਵਾਰ ਇਸ ਦਾ ਮੇਜ਼ਬਾਨ ਵੀ ਰਿਹਾ। ਆਪਣੀ ਡੀਫੈਂਸ ਕਰਕੇ ਜਾਣੇ ਜਾਂਦੇ ਇਸ ਦੇਸ਼ ਨੂੰ ਰੂਸ ਵਿਚ ਖੇਡਣਾ ਨਸੀਬ ਨਹੀਂ ਹੋਇਆ। ਇਸ ਖੇਡ ਵਿਚ ਇਟਲੀ ਦੇ ਕਈ ਬਹੁਤ ਮਹਾਨ ਖਿਡਾਰੀ ਹੋਏ ਹਨ, ਲਿਖਣ ਲਈ ਲਿਸਟ ਲੰਬੀ ਹੈ।