ਪੱਤਝੜੀ ਲੈਂਡਸਕੇਪ

ਹਰ ਖੇਤਰ ਵਿਚ ਸਬਰ-ਸੰਤੋਖ ਨਾਲ ਵਿਚਰਦਾ ਰਿਹਾ ਚਿੱਤਰਕਾਰ ਮਲਕੀਤ ਸਿੰਘ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਗਿਆ। ਉਸ ਦੇ ਚਿੱਤਰਾਂ ਵਿਚ ਪੰਜਾਬ ਦੀ ਮਹਿਕ ਸਮੋਈ ਹੋਈ ਹੈ। ਉਸ ਦੇ ਮਿੱਤਰ ਅਤੇ ਸਮਕਾਲੀ ਲੇਖਕ ਸਿੱਧੂ ਦਮਦਮੀ ਨੇ ਇਸ ਲੇਖ ਵਿਚ ਉਸ ਦੀ ਚਿੱਤਰਕਲਾ ਅਤੇ ਜੀਵਨ ਬਾਰੇ ਕੁਝ ਗੱਲਾਂ ਸਾਂਝੀਆਂ ਕੀਤੀਆਂ ਹਨ।

-ਸੰਪਾਦਕ

ਸਿੱਧੂ ਦਮਦਮੀ
ਫੋਨ: 91-94170-13869
ਚੰਡੀਗੜ੍ਹ ਤੋਂ ਮੋਗੇ ਦੇ ਪਿੰਡ ਲੰਡੇ ਕੇ ਨੂੰ ਦੌੜ ਰਹੀ ਕਾਰ ਵਿਚੋਂ ਅਸੀਂ ਪੰਜਾਬ ਦੇ ਪੱਤਝੜੀ ਲੈਂਡਸਕੇਪ ਦਾ ਚਲਚਿੱਤਰ ਵੇਖਦੇ ਜਾ ਰਹੇ ਸਾਂ। ਨੰਗੇ ਰੁੱਖ, ਗਿੱਠ ਗਿੱਠ ਕਣਕਾਂ, ਬੁੱਕਲ ਮਾਰੀ ਖੜ੍ਹੇ ਦਰਵੇਸ਼ਾਂ ਵਾਂਗ ਦਿਸਦੇ ਬੰਬੀਆਂ ਦੇ ਕੋਠੇ ਤੇ ਮਾੜੇ ਅਰਥਚਾਰੇ ਦੇ ਪਿੰਜਰ ਬਣਾਏ ਕਿਸਾਨਾਂ ਜਿਹੇ ਖੇਤਾਂ ਵਿਚ ਗੱਡੇ ਡਰਨੇ।
ਫੋਟੋ ਕਲਾਕਾਰ ਦੇਵ ਇੰਦਰ ਦਾ ਕਹਿਣਾ ਸੀ, “ਪੰਜਾਬ ਦਾ ਲੈਂਡਸਕੇਪ ਨਿਰਾਲਾ ਹੈ।” ਅਮਰਜੀਤ ਚੰਦਨ ਨੇ ਕਿਹਾ, “ਇਹ ਜਿੰਨਾ ਚਿਤਰਿਆ ਜਾਣਾ ਚਾਹੀਦਾ ਸੀ, ਓਨਾ ਚਿਤਰਿਆ ਨਹੀਂ ਗਿਆ।” ਕਵੀ ਸਰਬਜੀਤ ਬੇਦੀ ਬੋਲਿਆ, “ਜੇ ਪੰਜਾਬੀ ਸਭਿਆਚਾਰਕ ਚਿੰਨ੍ਹਾਂ ਦੀ ਰਵਾਇਤੀ ਮੂਰਤਕਾਰੀ ਨੂੰ ਪਾਸੇ ਛੱਡ ਦੇਈਏ ਤਾਂ ਆਧੁਨਿਕ ਚਿੱਤਰਕਾਰੀ ਵਿਚ ਪੰਜਾਬੀ ਜੀਵਨ ਬਹੁਤਾ ਨਹੀਂ ਦਿਸਦਾ।” ਮੇਰੇ ਮੂੰਹੋਂ ਨਿਕਲ ਗਿਆ, “ਇਸ ਪੱਖ ਤੋਂ ਮਲਕੀਤ ਤਕਰੀਬਨ ‘ਲੋਨ ਰੇਂਜਰ’ ਸੀ, ਪਰ ਹੁਣ ਤਾਂ ਉਹ ਵੀæææ!”
ਘੜੀ ਬਿੰਦ ਲਈ ਚੁੱਪ ਵਰਤ ਗਈ। ਲੰਡੇ ਕੇ ਆਉਣ ਵਾਲਾ ਸੀ ਜਿਥੇ ਅਸੀਂ ਮਲਕੀਤ ਚਿੱਤਰਕਾਰ ਦੇ ਅੰਤਿਮ ਸੰਸਕਾਰ ਵਿਚ ਸ਼ਾਮਿਲ ਹੋਣਾ ਸੀ। ਦੋ ਦਹਾਕਿਆਂ ਦੌਰਾਨ ਮਲਕੀਤ ਨਾਲ ਬਿਤਾਏ ਸਮੇਂ ਦੇ ਟੋਟਿਆਂ ਦੀ ਰੀਲ੍ਹ ਮੇਰੀ ਸਿਮਰਤੀ ‘ਚ ਚੱਲ ਪਈ: ਲੰਬਾ-ਲੰਝਾ ਦਰਸ਼ਨੀ ਸਰੀਰ, ਪਰ ਸੂਖਮ ਆਵਾਜ਼, ਮੋਟੀਆਂ ਬਲੌਰੀ ਅੱਖਾਂ, ਪਰ ਭਿਜੂੰ ਭਿਜੂੰ ਕਰਦੀਆਂ, ਪੰਜਾਬ ਦੇ ਲੋਕਾਂ, ਜਨੌਰਾਂ, ਖੇਤਾਂ-ਪਿੰਡਾਂ, ਦੁੱਖਾਂ-ਖੁਸ਼ੀਆਂ, ਉਮੀਦਾਂ-ਨਿਰਾਸਤਾਵਾਂ ਨਾਲ ਧੜਕਦੇ ਉਸ ਦੇ ਕੈਨਵਸ, ਬੁਰਸ਼ ਅਤਿ-ਯਥਾਰਥਵਾਦੀ, ਪਰ ਕਲਮ ਯਥਾਰਥਕ। ਸਿਰਜਣਾ ਲਈ ਲੋੜੀਂਦੀ ਜਿਸਮਾਨੀ ਤੇ ਮਾਨਸਿਕ ਸਪੇਸ ਬਣਾਉਣ ਲਈ ਮਲਕੀਤ ਵੱਲੋਂ ਖੁਦ ਸਹੇੜੀਆਂ ਉਦਾਸੀਆਂ ਤੇ ਇਕੱਲਤਾਵਾਂ ਯਾਦ ਆਈਆਂ।
ਸੜਕ ‘ਤੇ ਪਿੰਡ ਰੋਡੇ ਦਾ ਸਾਈਨਬੋਰਡ ਪੜ੍ਹਿਆ ਤਾਂ ਮਲਕੀਤ ਦੇ ਜੀਵਨ ਨੂੰ ਆਧਾਰ ਬਣਾ ਕੇ ਗੁਜਰਾਤੀ ਵਿਚ ਨਾਵਲ ਲਿਖੇ ਜਾਣ ਦਾ ਮਾਜਰਾ ਚੇਤੇ ਆ ਗਿਆ: ਖਾੜਕੂਵਾਦ ਦੇ ਦਿਨ ਸਨ। ਮੈਂ ਤੇ ਵਿਨੇਸ਼ ਅੰਤਾਨੀ ਅਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ‘ਤੇ ਕੰਮ ਕਰਦੇ ਸਾਂ। ਗੁਜਰਾਤੀ ਦਾ ਚਰਚਿਤ ਤੇ ਸਨਮਾਨਿਤ ਨਾਵਲਕਾਰ ਅੰਤਾਨੀ ਹਾਲੇ ਤਾਜ਼ਾ ਤਾਜ਼ਾ ਹੀ ਬਦਲ ਕੇ ਚੰਡੀਗੜ੍ਹ ਆਇਆ ਸੀ। ਮੇਰੇ ਕਾਰਨ ਮਲਕੀਤ ਅਕਸਰ ਕੇਂਦਰ ‘ਤੇ ਆਉਂਦਾ ਰਹਿੰਦਾ। ਜਦੋਂ ਅੰਤਾਨੀ ਨਾਲ ਮਲਕੀਤ ਦੀ ਜਾਣ ਪਛਾਣ ਮੈਂ ਇਹ ਕਹਿ ਕੇ ਕਰਵਾਈ ਕਿ ਉਸ ਦੇ ਜੱਦੀ ਪਿੰਡ (ਲੰਡੇ ਕੇ) ਦੀ ਜੂਹ ਸੰਤ ਭਿੰਡਰਾਂ ਵਾਲਿਆਂ ਦੇ ਪਿੰਡ (ਰੋਡੇ) ਨਾਲ ਲੱਗਦੀ ਹੈ ਤਾਂ ਅੰਤਾਨੀ ਦੇ ਲੇਖਕ ਮਨ ਅੰਦਰ ਪੰਜਾਬ ਦੀ ਪਿੱਠਭੂਮੀ ਵਾਲੇ ਨਾਵਲ ਦਾ ਪਲਾਟ ਰੌਸ਼ਨ ਹੋ ਗਿਆ- ਪੰਜਾਬ ਦੀ ਪੀੜ ਸਮਝਣ ਵਾਲੇ ਚਿੱਤਰਕਾਰ ਰਾਹੀਂ ਦੱਸੀ ਜਾਣ ਵਾਲੀ ਖੂਨ ਭਰੇ ਪੰਜਾਬ ਦੀ ਕਹਾਣੀ; ਸਰਕਾਰੀ ਤੇ ਖਾੜਕੂ ਦਮਨ ਵਿਚਕਾਰ ਫਸੇ ਸੂਖਮ-ਚਿੱਤ ਪੰਜਾਬੀ ਦਾ ਦੁਖਾਂਤ। ਨਤੀਜਨ ਵਿਨੇਸ਼ ਅੰਤਾਨੀ ਨੇ ਮਲਕੀਤ ਦੇ ਜੀਵਨ ਨੂੰ ਆਧਾਰ ਬਣਾ ਕੇ ‘ਧੁੰਦਾਭਰੀ ਖਿਨ’ ਦੀ ਸੁਰਖੀ ਹੇਠ ਗੁਜਰਾਤੀ ਵਿਚ ਮਾਰਮਿਕ ਨਾਵਲ ਰਚਿਆ।
ਦਰਅਸਲ, ਮਲਕੀਤ ਦੀ ਜੀਵਨ ਕਹਾਣੀ ਫਿੱਕੇ ਰੰਗਾਂ ਵਾਲੀ ਛੋਟੀ ਕਿਸਾਨੀ ਵਿਚ ਜਨਮੇ ਸੰਗਾਲੂ ਸੁਪਨਸਾਜ਼ ਦੀ ਕਹਾਣੀ ਹੈ ਜੋ ਆਪਣੇ ਸੁਪਨੇ ਸਾਕਾਰ ਕਰਨ ਲਈ ਕਤਾਰ ਤੋੜ ਕੇ ਅੱਗੇ ਵਧਣ ਦੀ ਨੀਤੀ ਅਪਨਾਉਣ ਦੀ ਥਾਂ ਧੀਰਜ ਨਾਲ ਵਾਰੀ ਉਡੀਕਦਾ ਰਹਿੰਦਾ। ਬਹੁਤੀ ਵਾਰ ਉਸ ਦੀ ਵਾਰੀ ਆਉਣ ਤਕ ਪਤੀਲਾ ਖੜਕ ਜਾਂਦਾ, ਪਰ ਉਹ ਸਬਰ ਦਾ ਘੁੱਟ ਭਰ ਲੈਂਦਾ। ਕਮਾਲ ਇਹ ਕਿ ਮੁਕਾਬਲੇਬਾਜ਼ੀ ਦੇ ਪੰਜੇ ਵਿਚ ਫਸੀ ਕਲਾ ਦੀ ਦੁਨੀਆਂ ‘ਚ ਵੀ ਇਹ ਸਬਰ ਉਸ ਦੀ ਪਛਾਣ ਰਿਹਾ।
ਮਲਕੀਤ ਪੜ੍ਹਨ ਲਈ ਪਿੰਡ ਤੋਂ ਬਾਹਰ ਜਾਣ ਵਾਲਾ ਆਪਣੇ ਪਰਿਵਾਰ ਦਾ ਪਹਿਲਾ ਮੈਂਬਰ ਸੀ। ਉਸ ਦਾ ਪਰਿਵਾਰ ਉਨ੍ਹਾਂ ਵਿਚੋਂ ਸੀ ਜਿਥੇ ਖੇਤੀ ਵਾਸਤੇ ਮੁੰਡਿਆਂ ਨੂੰ ਵਹਿੜਕਿਆਂ ਵਾਂਗ ਹਾਲੀ ਕੱਢਿਆ ਜਾਂਦਾ ਸੀ, ਪਰ ਦਿਲਚਸਪ ਗੱਲ ਇਹ ਕਿ ਮਲਕੀਤ ਨੂੰ ਹਲ-ਪੰਜਾਲੀ ਦੀ ਥਾਂ ਬੁਰਸ਼ ਤੇ ਕੈਨਵਸ ਸੈਨਤਾਂ ਮਾਰ ਰਹੇ ਸਨ। ਉਂਜ ਨਾ ਉਸ ਨੂੰ ਕਲਾ ਵਿਰਸੇ ਵਿਚ ਮਿਲੀ ਸੀ ਤੇ ਨਾ ਸੰਸਕਾਰ। ਉਸ ਨੇ ਹਲ ਦੀ ਹੱਥੀ ਛੱਡ ਕੇ ਸ਼ਿਮਲੇ ਦੇ ਆਰਟ ਸਕੂਲ ਵਿਚ ਬੁਰਸ਼ ਜਾ ਫੜਿਆ, ਪਰ ਜ਼ਿੰਦਗੀ ਦੀਆਂ ਨਵੀਆਂ ਸਿੰਮਤਾਂ ਗਾਹੁਣ ਲਈ ਘਰ-ਬਾਰ ਛੱਡਣ ਲੱਗਿਆਂ ਉਹ ਮਨ ਦੇ ਧਾਗੇ ਦਾ ਇੱਕ ਸਿਰਾ ਪਿੰਡ ਨਾਲ ਬੰਨ੍ਹ ਆਇਆ ਸੀ। ਉਹ ਕਹਿੰਦਾ, “ਮੇਰੀ ਜ਼ਿੰਦਗੀ ਦੇ ਬਹੁਤੇ ਅਹਿਮ ਫੈਸਲੇ ਇਸੇ ਧਾਗੇ ਦੀ ਖਿੱਚ ਜਾਂ ਢਿੱਲ ਅਨੁਸਾਰ ਹੁੰਦੇ ਰਹੇ ਹਨ। ਇਸੇ ਕਰਕੇ ਚੰਡੀਗੜ੍ਹ ਜਿਹੇ ਆਧੁਨਿਕ ਸ਼ਹਿਰ ਵਿਚ ਇੰਨੇ ਦਹਾਕੇ ਬਿਤਾਉਣ ਦੇ ਬਾਵਜੂਦ ਮੈਥੋਂ ਇਹ ਧਾਗਾ ਖੁੱਲ੍ਹ ਨਹੀਂ ਸਕਿਆ।”
ਚਿੰਤਨੀ ਘੜੀਆਂ ਵਿਚ ਕਦੇ ਕਦਾਈਂ ਉਹ ਇਹ ਵੀ ਕਿਹਾ ਕਰਦਾ ਸੀ, “ਚੰਡੀਗੜ੍ਹ ਵਿਚ ਮੈਂ ਰਹਿਣਾ ਚਾਹੁੰਨਾਂ, ਚਿੱਤਰਕਾਰੀ ਕਰਦੇ ਰਹਿਣਾ ਚਾਹੁੰਨਾਂ, ਪਰ ਪੂਰਾ ਪਿੰਡ ਵਿਚ ਹੀ ਹੋਣਾ ਚਾਹੁੰਨਾਂ।” ਮਲਕੀਤ ਚੰਡੀਗੜ੍ਹ ਦੇ ਕਲਾ ਜਗਤ ਦੀ ਅਹਿਮ ਸ਼ਖਸੀਅਤ ਸੀ ਜਿਸ ਦੀ ਹਾਜ਼ਰੀ ਬਿਨਾ ਇਸ ‘ਖੂਬਸੂਰਤ ਸ਼ਹਿਰ’ ਦੀ ਕਲਾ ਨਾਲ ਸਬੰਧਤ ਕੋਈ ਵੀ ਗਤੀਵਿਧੀ ਪੂਰੀ ਨਹੀਂ ਸੀ ਹੁੰਦੀ। ਫਿਰ ਵੀ ਆਪਣੀ ਆਖਰੀ ਇੱਛਾ ਵਿਚ ਮਰਨ ਲਈ ਚੰਡੀਗੜ੍ਹ ਦੀ ਥਾਂ ਆਪਣੇ ਪਿੰਡ ਨੂੰ ਹੀ ਪਹਿਲ ਦਿੱਤੀ। ਖੂਬਸੂਰਤ ਦੋਸਤੀਆਂ, ਅਹਿਮ ਵਾਕਫੀਆਂ, ਮਘਦੀਆਂ ਮਹਿਫਿਲਾਂ ਤੇ ਨਿੱਘੀਆਂ ਸਾਂਝਾਂ ਦੇ ਬਾਵਜੂਦ ਚੰਡੀਗੜ੍ਹ ਤੇ ਮਲਕੀਤ ਧੁਰ ਅੰਦਰੋਂ ਇਕ-ਦੂਜੇ ਲਈ ਬੇਗਾਨੇ ਹੀ ਰਹੇ।
ਜਿੰਨਾ ਚਿਰ ਮਲਕੀਤ ਪੀæਜੀæਆਈæ ਦੀ ਨੌਕਰੀ ਤੋਂ ਸੇਵਾਮੁਕਤ ਨਹੀਂ ਸੀ ਹੋਇਆ, ਉਹ ਆਪਣੇ ਗਰਾਈਆਂ, ਕਲਾਕਾਰਾਂ, ਲੇਖਕਾਂ ਤੇ ਮੀਡੀਆ ਕਰਮੀਆਂ ਲਈ ਹੀ ਨਹੀਂ, ਸਗੋਂ ਉਨ੍ਹਾਂ ਦੇ ਅਗਾਂਹ ਸੈਂਕੜੇ ਜਾਣੂਆਂ ਲਈ ਵੀ ਪੀæ ਜੀæ ਆਈæ ਵਿਚ ਕੰਮ ਕਰਵਾਉਣ ਲਈ ਮਦਦ ਕਰਦਾ ਰਿਹਾ। ਕਈ ਵਾਰੀ ਮਰੀਜ਼ ਪੀæ ਜੀæ ਆਈæ ਦਾਖਲ ਹੋ ਜਾਂਦੇ ਤੇ ਨਾਲ ਆਏ ਬੰਦੇ ਮਲਕੀਤ ਦੇ ਘਰ ਡੇਰਾ ਲਾ ਲੈਂਦੇ। ਮਲਕੀਤ ਦੇ ਇਸ ਸਮਾਜ ਸੇਵੀ ਕੰਮ ਦੀ ਚਰਚਾ ਲੰਡੇ ਕੇ ਦੇ ਸਿਵਿਆਂ ਵਿਚ ਸਸਕਾਰ ਵੇਲੇ ਜੁੜੇ ਭਾਰੀ ਇਕੱਠ ਵਿਚ ਚੁਫੇਰੇ ਹੋ ਰਹੀ ਸੀ। ਤੁਰ ਗਏ ਦੀ ਗੱਲ ਉਹ ਚਿੱਤਰਕਾਰ ਵਜੋਂ ਨਹੀਂ, ਸਗੋਂ ‘ਡਾਕਟਰ ਸਾਹਿਬ’ ਵਜੋਂ ਕਰ ਰਹੇ ਸਨ।
ਮਲਕੀਤ ਮੂੰਹ-ਕੂਲ ਸੀ। ਇਸੇ ਲਈ ਉਸ ਲਈ ਜਾਣੂ ਨੂੰ ਦੋਸਤ ਤੇ ਦੋਸਤ ਨੂੰ ਭਰਾ ਬਣਾ ਲੈਣ ‘ਚ ਜ਼ਿਆਦਾ ਸਮਾਂ ਨਹੀਂ ਸੀ ਲੱਗਦਾ। 1983 ਵਿਚ ਮੇਰੇ ਚੰਡੀਗੜ੍ਹ ਆਉਣ ਪਿਛੋਂ ਅਸੀਂ ਸ਼ਹਿਰ ਦੀਆਂ ਨੁਮਾਇਸ਼ਾਂ, ਗੋਸ਼ਟੀਆਂ, ਸਭਿਆਚਾਰਕ ਪ੍ਰੋਗਰਾਮਾਂ ਵਿਚ ਇਕੱਠੇ ਜਾਣਾ ਸ਼ੁਰੂ ਕੀਤਾ। ਭਾਵੇਂ ਮਾਮੂਲੀ ਹੀ ਸਹੀ, ਮੇਰਾ ਤੇ ਮਲਕੀਤ ਦਾ ਮੜ੍ਹੰਗਾ ਮਿਲਦਾ ਸੀ। ਅਸੀਂ ਆਰਟ ਕੌਂਸਲ ਵਿਚ ਹੋਏ ਇਕ ਪ੍ਰੋਗਰਾਮ ‘ਚੋਂ ਪਰਤੇ ਤਾਂ ਇਕ ਪੰਜਾਬੀ ਲੇਖਿਕਾ ਦਾ ਨਾਂ ਲੈ ਕੇ ਮਲਕੀਤ ਨੇ ਕਿਹਾ, “ਪੁੱਛਦੀ ਸੀ ਕਿ ਦੋਵੇਂ ਭਰਾ ਹੋ? ਪਤੈ ਮੈਂ ਕੀ ਕਿਹਾ? ਮੈਂ ਕਿਹਾ, ਹਾਂ!” ਗੱਲ ਸਾਡੀ ਜੱਫੀ ‘ਚ ਰੂਪਾਂਤਰ ਹੋ ਗਈ। ਉਸ ਦਿਨ ਤੋਂ ਮੈਂ ਲਾਡ ਨਾਲ ਮਲਕੀਤ ਨੂੰ ਭਰਾ ਜੀ ਕਹਿ ਕੇ ਬੁਲਾਉਣ ਲੱਗ ਪਿਆ ਸਾਂ।
ਉਸ ਨਾਲ ਮੇਰੀ ਆਖਰੀ ਮੁਲਾਕਾਤ ਮੁਹਾਲੀ ਦੇ ਉਸ ਹਸਪਤਾਲ ‘ਚ ਹੋਈ ਜਿਥੇ ਉਹ ਆਪਣੇ ਆਖਰੀ ਦਿਨ ਗਿਣ ਰਿਹਾ ਸੀ। ਉਦੋਂ ਤਕ ਦੋਵੇਂ ਗੁਰਦੇ ਤਕਰੀਬਨ ਖਰਾਬ ਹੋਣ ਦੀ ਗੱਲ ਬਾਹਰ ਨਿਕਲ ਆਈ ਸੀ। ਉਹ ਸੀ ਤਾਂ ਸੁਰਤ ‘ਚ ਪਰ ਹੌਸਲਾ ਢਹਿ ਗਿਆ ਜਾਪਿਆ। ਕੰਬਦੇ ਹੱਥਾਂ ਵਿਚ ਮੇਰਾ ਹੱਥ ਲਈ ਉਹ ਮੇਰੇ ਵੱਲ ਇਕ-ਟਕ ਵੇਖਦਾ ਰਿਹਾ। ਮੈਂ ਨਜ਼ਰ ਮਿਲਾਏ ਬਿਨਾ ਧੀਰਜ ਬੰਨ੍ਹਾਉਂਦਾ ਰਿਹਾ। ਮੌਤ ਦੀ ਪੈੜ ਚਾਲ ਸੁਣ ਰਹੇ ਬੰਦੇ ਨਾਲ ਅੱਖ ਮਿਲਾਉਣ ਲਈ ਕਿਸੇ ਰਿਸ਼ੀ ਦਾ ਜਿਗਰਾ ਚਾਹੀਦਾ ਹੈ!
ਜਿਉਂ ਹੀ ਸਾਡੀਆਂ ਨਜ਼ਰਾਂ ਮਿਲੀਆਂ ਤਾਂ ਉਹ ਫਿੱਕਾ ਜਿਹਾ ਮੁਸਕਰਾਇਆ ਤੇ ਜਿਵੇਂ ਖੂਹ ‘ਚੋਂ ਬੋਲਿਆ, “ਤੇਰਾ ਭਰਾ ਜਾ ਰਿਹੈ!!” ਮੇਰੀਆਂ ਅੱਖਾਂ ਹੰਝੂਆਂ ਨਾਲ ਲਬਲਬਾ ਗਈਆਂ ਤੇ ਚੁਫੇਰਾ ਧੁੰਦਲਾ ਗਿਆ।