ਪੱਤਰਕਾਰੀ ਦੇ ਬਾਬਾ ਬੋਹੜ ਸੁਰਜਣ ਜ਼ੀਰਵੀ ਦਾ ਸਨਮਾਨ

ਗੁਲਜ਼ਾਰ ਸਿੰਘ ਸੰਧੂ
‘ਨਵਾਂ ਜ਼ਮਾਨਾ’ ਤੇ ‘ਲੋਕ ਯੁਗ’ ਸੰਸਥਾਵਾਂ ਨਾਲ ਜੁੜੇ ਰਹੇ ਪੰਜਾਬੀ ਪੱਤਰਕਾਰੀ ਦੇ ਬਾਬਾ ਬੋਹੜ ਸੁਰਜਣ ਜ਼ੀਰਵੀ ਨੂੰ ਕੈਨੇਡਾ ਦੀ ਵਿਰਾਸਤ ਪੀਸ ਸੰਸਥਾ ਨੇ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਨਿਵਾਜਿਆ ਹੈ। 89 ਸਾਲਾ ਸੁਰਜਣ ਜ਼ੀਰਵੀ ਲਗਭਗ ਤਿੰਨ ਦਹਾਕਿਆਂ ਤੋਂ ਟੋਰਾਂਟੋ ਦਾ ਵਸਨੀਕ ਹੈ ਅਤੇ ਉਸ ਨੇ ਉਥੋਂ ਦੇ ਪੰਜਾਬੀ ਭਾਈਚਾਰੇ ਦੀ ਮਾਨਸਿਕਤਾ ਨੂੰ ਜਾਣਿਆ ਤੇ ਪਛਾਣਿਆ ਹੈ। ਆਪਣੀ ਹਾਜ਼ਰ ਜਵਾਬੀ ਸਦਕਾ ਉਹ ਲੰਮੇ ਸਮੇਂ ਤੋਂ ਉਥੋਂ ਦੇ ਸਭਿਆਚਾਰਕ ਭਾਈਚਾਰੇ ਦੀ ਰੂਹ-ਏ-ਰਵਾਂ ਹੈ।

ਮੈਨੂੰ ਜ਼ੀਰਵੀ ਦੇ ਸੁਭਾਅ ਤੇ ਜੀਵਨ ਸ਼ੈਲੀ ਵਿਚੋਂ ਉਮਰ ਖਯਾਮ ਦੀਆਂ ਰੁਬਾਈਆਂ ਵਾਲਾ ਰਸ ਨਜ਼ਰ ਆਇਆ ਹੈ। ਉਹ ਜਲੰਧਰ ਦੇ ਕਾਫੀ ਹਾਊਸ ਦੀ ਜਿੰਦ ਜਾਨ ਰਿਹਾ ਹੈ ਤੇ ਪਿੰਡ ਗੜ੍ਹਾ ਦੇ ਚੱਠਾ ਭਰਾਵਾਂ ਦਾ ਮਿੱਤਰ। ਮੈਂ ਉਸ ਦੇ ਮਿੱਤਰ ਮੋਹ ਨੂੰ ਚੱਠਾ ਪਰਿਵਾਰ ਰਾਹੀਂ ਜਾਣਿਆ ਤੇ ਮਾਣਿਆ ਹੈ। (ਹਰਦਿਆਲ ਚੱਠਾ ਉਰਫ ਨੇਤਾ ਜੀ ਤੇ ਸੁਰਜਣ ਜ਼ੀਰਵੀਂ ਕਮਿਊਨਿਸਟ ਵਿਚਾਰਧਾਰਾ ਨੂੰ ਪ੍ਰਣਾਏ ਹੋਏ ਸਨ। ਇਹ ਗੱਲ ਵੱਖਰੀ ਹੈ ਕਿ ਉਹ ਉਨ੍ਹਾਂ ਦਿਨਾਂ ਵਿਚ ਵੀ ਬਣ ਠਣ ਕੇ ਰਹਿੰਦੇ ਸਨ ਜਦੋਂ ਆਮ ਖੱਬੇ ਪੱਖੀ ਮੈਂਬਰ ਆਪਣੀ ਨਵੀਂ ਜੁੱਤੀ ਨੂੰ ਚਿੱਬੀ ਕਰਕੇ ਕਾਮਰੇਡੀ ਦੀ ਮੁਹਰ ਲਾਉਂਦੇ ਸਨ।) ਜ਼ੀਰਵੀ ਟੋਰਾਂਟੋ ਜਾ ਕੇ ਵੀ ਨਿਜੀ ਮਹਿਫਿਲਾਂ ਦਾ ਬਾਦਸ਼ਾਹ ਚੱਲਿਆ ਆ ਰਿਹਾ ਹੈ। ਮੈਂ ਉਸ ਨੂੰ ਪਿਛਲੀ ਵਾਰ ਟੋਰਾਂਟੋ ਵਿਖੇ ਬਲਰਾਜ ਚੀਮਾ ਦੀ ਤੇਰ੍ਹਵੀਂ ਮੰਜ਼ਿਲ ਵਾਲੀ ਰਿਹਾਇਸ਼ ਉਤੇ ਮਿਲਿਆ ਜਿੱਥੋਂ ਵੱਡੀ ਸੜਕ ਉਤੇ ਚੱਲ ਰਹੀਆਂ ਵੱਡੀਆਂ ਵਿਦੇਸ਼ੀ ਕਾਰਾਂ ਚੀਚ ਵਹੁਟੀ ਵਾਂਗ ਤੁਰਦੀਆਂ ਨਜ਼ਰ ਆ ਰਹੀਆਂ ਸਨ।
ਨਿਸ਼ਚੇ ਹੀ ਇਸ ਮਹਿਫਿਲ ਵਿਚ ਬਲਰਾਜ ਨੇ ਸ਼ਿਵਾਜ਼ ਰੀਗਲ ਵਿਸਕੀ ਦੀ ਬੋਤਲ, ਮੂੰਗਫਲੀ, ਕਾਜੂ ਤੇ ਨਮਕੀਨ ਦਾਲਾਂ ਸੈਂਟਰ ਟੇਬਲ ਉਤੇ ਸਜਾ ਰੱਖੀਆਂ ਸਨ ਪਰ ਉਸ ਨੂੰ ਐਨ ਉਸ ਵੇਲੇ ਸੋਡੇ ਦੀਆਂ ਬੋਤਲਾਂ ਲੱਭਣ ਵਿਚ ਔਕੜ ਆ ਰਹੀ ਸੀ। ਪੀਣ ਦੇ ਸ਼ੌਕੀਨ ਕਾਹਲੇ ਪੈ ਰਹੇ ਸਨ ਤਾਂ ਜ਼ੀਰਵੀ ਦੀ ਟਿੱਪਣੀ ਨੇ ਠੰਢੀ ਹਵਾ ਦੇ ਬੁਲ੍ਹੇ ਦਾ ਕੰਮ ਕੀਤਾ, “ਚੀਮੇ ਨੂੰ ਪਤਾ ਸੀ ਕਿ ਵਿਸਕੀ ਤੇ ਨਮਕੀਨ ਵਸਤਾਂ ਕਿਸੇ ਹਾਲਤ ਵਿਚ ਨਹੀਂ ਬਚਣੀਆਂ, ਚੁਆਨੀ ਦੀ ਸੋਡੇ ਦੀ ਬੋਤਲ ਹੀ ਬਚਾ ਲਵਾਂ।” ਜ਼ੀਰਵੀ ਦੇ ਇਸ ਵਾਕ ਨੇ ਸਾਰੀ ਮਹਿਫਿਲ ਵਿਚ ਖੁਸ਼ਬੋਈ ਵੰਡ ਦਿੱਤੀ। ਫੇਰ ਕੀ ਸੀ ਸਾਰੇ ਮਾਹੌਲ ਵਿਚ ਹੇਠ ਲਿਖੇ ਬੋਲ ਛਾ ਗਏ:
ਇਸ ਆਸਮਾਂ ਕੇ ਨੀਚੇ, ਹਮ ਆਜ ਅਪਨੇ ਪੀਛੇ
ਪਿਆਰ ਕਾ ਜਹਾਂ, ਬਸਾ ਕੇ ਚਲੇ।
ਦੂਈ ਕੇ ਨਿਸ਼ਾਨ, ਮਿਟਾ ਕੇ ਚਲੇ।
ਸੁਰਜਣ ਜ਼ੀਰਵੀ ਨੂੰ ਲੰਮੀ ਉਮਰ ਤੇ ਵਿਦੇਸ਼ੀ ਸਨਮਾਨ ਮੁਬਾਰਕ!
ਅਜੀਤ ਕਮਲ ਦੀ ਨਿਵੇਕਲੀ ਸੰਚਾਰ ਵਿਧੀ: ਪਿਛਲੇ ਦਿਨੀਂ ਮੈਨੂੰ ਚੰਡੀਗੜ੍ਹ ਕਲਾ ਪ੍ਰੀਸ਼ਦ ਦੀ ਆਰਟ ਗੈਲਰੀ ਵਿਚ ਅਜੀਤ ਕੰਵਲ ਸਿੰਘ ਹਮਦਰਦ ਦੀ ਕਾਵਿ-ਚਿੱਤਰ ਪ੍ਰਦਰਸ਼ਨੀ ਵੇਖਣ ਦਾ ਮੌਕਾ ਮਿਲਿਆ। ਨਿੱਕੀਆ ਕਵਿਤਾਵਾਂ ਦੇ ਵੱਡੇ ਅਰਥ। ਅਰਥ ਪ੍ਰਦਾਨ ਕਰਨ ਵਾਲੇ ਚਿੱਤਰ ਕਵੀ ਦੇ ਆਪਣੇ ਨਹੀਂ, ਉਹਦੇ ਵਲੋਂ ਚੁਣੇ ਹੋਏ ਹਨ। ਉਸ ਨੇ ਚਿੱਤਰਾਂ ਨੂੰ ਕਾਵਿਕ ਬੋਲ ਦਿੱਤੇ ਹਨ ਜਾਂ ਕਾਵਿਕ ਬੋਲਾਂ ਨੂੰ ਸਚਿੱਤਰ ਕਰਨ ਲਈ ਚਿੱਤਰ ਚੁਣੇ ਹਨ, ਮੈਨੂੰ ਦੋਵੇਂ ਪ੍ਰਵਾਨ ਹਨ। ਇਸ ਲਈ ਕਿ ਨਵੀਂ ਸੰਚਾਰ ਵਿਧੀ ਹੈ, ਜਿਸ ਨੂੰ ਕਲ੍ਹ ਦੇ ਕਵੀ ਤੇ ਚਿੱਤਰਕਾਰ ਵਿਕਸਿਤ ਕਰ ਸਕਦੇ ਹਨ।
ਅਜੀਤ ਕੰਵਲ ਸੰਚਾਰ ਖੇਤਰ ਨਾਲ ਜੁੜਿਆ ਹੋਇਆ ਹੈ-ਵਿੱਦਿਆ, ਵਿਚਾਰ ਤੇ ਕੰਮ ਧੰਦੇ ਸਦਕਾ। ਉਹ ਪੰਜਾਬ ਦੇ ਜਨ ਸੰਪਰਕ ਵਿਭਾਗ ਦਾ ਅੰਗ ਹੈ। ਉਸ ਦੀ ਪੇਸ਼ਕਾਰੀ ਕਿਸਾਨੀ ਖੁਦਕੁਸ਼ੀਆਂ ਨੂੰ ‘ਮੈਂ’ ਦੀ ਮੌਤ ਦਰਸਾਉਂਦੀ ਹੈ, ਇਸਤਰੀ ਨੂੰ ‘1-2’, ਸਨ ਸੰਤਾਲੀ ਦੇ ਬਟਵਾਰੇ ਨੂੰ ‘ਅੱਖ ਰੋਵੇ ਪੰਜਾਬ ਦੀ’, ਦੋਨਾਂ ਪੰਜਾਬਾਂ ਦੀ ਸਰਹੱਦੀ ਮਿਲਣੀ ਨੂੰ ‘ਕੀ ਲੈਣਾ ਮੈਂ ਅਣਖਾਂ ਤੋਂ’, ਭੁੱਖਾਂ ਮਾਰੇ ਬੰਦਿਆਂ ਨੂੰ ਸ਼ਹੀਦਾਂ ਦੇ ਸਰਤਾਜ ਅਤੇ ਬਕਸੇ ਵਿਚ ਬੰਦ ਸ਼ਹੀਦ ਦੀ ਲਾਸ਼ ਨੂੰ ‘ਇਹ ਕੇਹਾ ਸ਼ੋਕ ਸੁਨੇਹਾ।’ ਉਸ ਦੀ ਇਹ ਸੰਚਾਰ ਵਿਧੀ ਸ਼ਬਦਾਂ ਨਾਲ ਫੜ੍ਹਨ ਵਾਲੀ ਨਹੀਂ, ਵੇਖ ਕੇ ਮਾਣਨ ਵਾਲੀ ਹੈ।
ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿ ਅਜੀਤ ਕੰਵਲ ਸਿੰਘ ਹਮਦਰਦ ਉਰਦੂ ਤੇ ਪੰਜਾਬੀ ਪੱਤਰਕਾਰੀ ਦੇ ਪਿਤਾਮਾ ਸਾਧੂ ਸਿੰਘ ਹਮਦਰਦ ਦਾ ਪੋਤਰਾ ਹੈ। ਵੇਖਣ ਵਾਲਿਆਂ ਨੇ ਵੇਖਿਆ ਹੋਵੇਗਾ ਕਿ ਪ੍ਰਦਰਸ਼ਨੀ ਦਾ ਪ੍ਰਥਮ ਚਿੱਤਰ ਅਜੋਕੇ ਬਾਲ ਬੱਚੇਦਾਰ ਕੰਵਲ ਨੂੰ ਦਾਦੇ ਦੇ ਪੈਰਾਂ ਵਿਚ ਖੇਡਦਾ ਦਿਖਾਉਂਦਾ ਹੈ। ਮੇਰੇ ਲਈ ਇਹ ਪ੍ਰਦਰਸ਼ਨੀ ਇਸ ਲਈ ਯਾਦਗਾਰੀ ਹੋ ਨਿਬੜੀ ਕਿ ਉਥੇ ਮੇਰੇ ਵਿਦਿਆਰਥੀ ਤੇ ਸੰਗੀ ਸਾਥੀ ਰਹੇ ਪੱਤਰਕਾਰ ਮੇਘਾ ਸਿੰਘ, ਰਣਦੀਪ ਆਹਲੂਵਾਲੀਆ, ਹਰਜੀਤ ਗਰੇਵਾਲ ਤੇ ਸਰਬਜੀਤ ਕੰਗਣੀਵਾਲ, ਜੋ ਅੱਜ ਲੋਕ ਸੰਪਰਕ ਵਿਭਾਗ ਦੇ ਵੱਡੇ ਅਹੁਦਿਆਂ ‘ਤੇ ਹਨ, ਅਤੇ ਉਨ੍ਹਾਂ ਦੇ ਪਰਿਵਾਰ ਮਿਲੇ। ਮੁੱਦਤਾਂ ਬਾਅਦ।
ਹਰਿਆਣਵੀ ਮਰਦਊਪੁਣੇ ਦਾ ਨਿਘਾਰ: ਅਜੋਕੇ ਮੀਡੀਆ ਵਿਚ ਹਰਿਆਣਾ ਵਿਚ ਹਰ ਆਏ ਦਿਨ ਹੋ ਰਹੇ ਸਮੂਹਕ ਬਲਾਤਕਾਰਾਂ ਦੀਆਂ ਖਬਰਾਂ ਪੜ੍ਹ-ਸੁਣ ਕੇ ਹਰ ਸੂਝਵਾਨ ਵਿਅਕਤੀ ਦਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਇਸ ਪੱਖੋਂ ਹਰਿਆਣਾ ਨੇ ਭਾਰਤ ਦੇ ਸਾਰੇ ਰਾਜਾਂ ਨੂੰ ਮਾਤ ਪਾ ਦਿੱਤੀ ਹੈ। ਜੁਗਾਂ ਜੁਗਾਂਤਰਾਂ ਤੋਂ ਆਪਣੀ ਮਰਦਾਨਗੀ ਤੇ ਸੂਰਬੀਰਤਾ ਲਈ ਜਾਣੇ ਜਾਂਦੇ ਹਰਿਆਣਾ ਨਿਵਾਸੀ ਕਿਹੜੇ ਰਾਹ ਤੁਰ ਪਏ ਹਨ, ਸਮਝ ਨਹੀਂ ਆਉਂਦੀ? ਕੀ ਵਿਦਿਆ ਦੇ ਚਾਨਣ ਨੇ ਉਨ੍ਹਾਂ ਨੂੰ ਇਹੀਓ ਸਿਖਾਇਆ ਕਿ ਇੱਕ ਅਬਲਾ ਇਸਤਰੀ ਨੂੰ ਫੜ੍ਹ ਕੇ ਜਾਂ ਝਾਂਸਾ ਦੇ ਕੇ ਅਜਿਹੀ ਥਾਂ ਲੈ ਜਾਵੋ ਜਿੱਥੇ ਉਹ ਜਬਰ ਜਨਾਹ ਦਾ ਸ਼ਿਕਾਰ ਹੋਈ ਰੌਲਾ ਵੀ ਨਹੀਂ ਪਾ ਸਕਦੀ। ਉਨ੍ਹਾਂ ਮਾਪਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜਿਨ੍ਹਾਂ ਨੇ ਅਜਿਹੀ ਔਲਾਦ ਨੂੰ ਜਨਮ ਦਿੱਤਾ ਹੈ। ਅਮਨ ਸ਼ਾਂਤੀ ਦੇ ਰਾਖਿਆਂ ਨੂੰ ਵੀ ਚਾਹੀਦਾ ਹੈ ਕਿ ਦੋਸ਼ੀਆਂ ਨੂੰ ਅਜਿਹੀ ਸਜ਼ਾ ਦੇਣ ਜੋ ਹੋਰਨਾਂ ਲਈ ਮਿਸਾਲ ਬਣ ਸਕੇ। ਜੇ ਅੰਗ ਕੱਟਣ ਵਾਲੀ ਨਹੀਂ ਤਾਂ ਉਹਦੇ ਵਰਗੀ ਕੋਈ ਹੋਰ। ਲੜਾਕੇ ਤੇ ਜਾਂਬਾਜ ਪ੍ਰਾਂਤ ਦੀ ਬੇਸ਼ਰਮੀ ਮੁਰਦਾਬਾਦ!
ਅੰਤਿਕਾ: ਟੀæ ਐਨæ ਰਾਜ
ਹੋ ਮੁਬਾਰਕ ਸਾਲ ਦਾ ਪਹਿਲਾ ਮਹੀਨਾ ਆਪ ਕੋ
ਔਰ ਮਿਲ ਜਾਏ ਨਈ ਕੋਈ ਹੁਸੀਨਾ ਆਪ ਕੋ।
ਹਮ ਦਸੰਬਰ ਮੇ ਮਗਰ ਪੂਛੇਂਗੇ ਹਜ਼ਰਤ ਸੇ ਜ਼ਰੂਰ
ਮਿਲ ਗਿਆ ਕਿਆ ਇਸ਼ਕ ਕੀ ਮੰਜ਼ਿਲ ਕਾ ਜ਼ੀਨਾ ਆਪ ਕੋ।