ਸਵਰਾ ਭਾਸਕਰ ਦੇ ਪਦਮ ਸੁਰ

‘ਰਾਂਝਣਾ’, ‘ਨਿਲ ਬਟੇ ਸੰਨਾਟਾ’ ਅਤੇ ‘ਅਨਾਰਕਲੀ ਔਫ ਆਰਾ’ ਵਰਗੀਆਂ ਫ਼ਿਲਮਾਂ ਵਿਚ ਸ਼ਾਨਦਾਰ ਅਦਾਕਾਰੀ ਕਰਨ ਵਾਲੀ ਸਵਰਾ ਭਾਸਕਰ ਅਦਾਕਾਰ ਹੋਣ ਤੋਂ ਬਿਨਾਂ ਲੇਖਕ, ਕਹਾਣੀਕਾਰ, ਸਮਾਜਿਕ ਕਾਰਕੁਨ ਵੀ ਹੈ। ਪਿਛਲੇ ਕੁਝ ਵਰ੍ਹਿਆਂ ਵਿਚ ਬਲਾਤਕਾਰ ਦੀਆਂ ਬਹੁਤੀਆਂ ਘਟਨਾਵਾਂ ਦੀ ਜਾਗਰੂਕਤਾ ਬਾਰੇ ਆਨਲਾਈਨ ਮੁਹਿੰਮਾਂ ਅਤੇ ਭੀੜ ਦੁਆਰਾ ਹੱਤਿਆਵਾਂ ਨੂੰ ਕਾਨੂੰਨੀ ਜੁਰਮ ਬਣਾਉਣ ਲਈ ਉਸ ਦੁਆਰਾ ਚਲਾਈ ਮੁਹਿੰਮ ਉਸ ਦੇ ਅਹਿਮ ਕਾਰਜ ਹਨ। ਹੁਣ ਫਿਲਮ ‘ਪਦਮਾਵਤੀ’ ਰਿਲੀਜ਼ ਮਗਰੋਂ ਉਸ ਨੇ ਸੰਜੇ ਲੀਲ੍ਹਾ ਭੰਸਾਲੀ ਨੂੰ ਲੰਮਾ ਖਤ ਲਿਖਿਆ ਹੈ ਅਤੇ ਫਿਲਮ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਹਨ। ਉਸ ਦੇ ਰਿਵਿਊ ਵਿਚੋਂ ਕੁਝ ਅੰਸ਼ ਮੈਂ ਅਨੁਵਾਦ ਰੂਪ ਵਿਚ ਦੇ ਰਿਹਾਂ ਹਾਂ:

“13ਵੀਂ ਸਦੀ ਵਿਚ ਨਾਰੀ ਲਈ ਉਸ ਦੀ ਯੋਨੀ ਸੁੱਚਤਾ ਦਾ ਚਿੰਨ੍ਹ ਹੋ ਸਕਦੀ ਸੀ ਜਿਸ ਨੂੰ ਬਚਾਉਣ ਲਈ ਉਹ ਕਿਸੇ ਵੀ ਤਰ੍ਹਾਂ ਦਾ ਬਲੀਦਾਨ ਕਰਨ ਲਈ ਤਿਆਰ ਹੋ ਸਕਦੀ ਸੀ, ਪਰ 21ਵੀਂ ਸਦੀ ਵਿਚ ਸਾਨੂੰ ਇਸ ਬਲੀਦਾਨ ਦੀ ਮਹਿਮਾ ਗਾਉਣ ਦੀ ਕੋਈ ਤੁਕ ਨਹੀਂ ਬਣਦੀ। ਉਹ ਵੀ ਉਦੋਂ ਜਦ ਅਸੀਂ ਜਾਣਦੇ ਹਾਂ ਕਿ ਦੋ ਸਾਲ ਪਹਿਲਾਂ ਦਿੱਲੀ ਵਿਚ ਹੋਏ ਦਾਮਿਨੀ ਕੇਸ ਵਿਚ ਪੀੜਤਾ ਨੇ ਜੌਹਰ ਵਰਗਾ ਕੋਈ ਤਰੀਕਾ ਨਹੀਂ ਸੀ ਚੁਣਿਆ; ਸਗੋਂ ਉਹ ਉਨ੍ਹਾਂ ਦਰਿੰਦਿਆਂ ਨਾਲ ਲਗਾਤਾਰ ਜੂਝਦੀ ਰਹੀ ਜਦ ਤੱਕ ਇਕ ਦਰਿੰਦੇ ਨੇ ਉਸ ਨੂੰ ਸਰੀਏ ਨਾਲ ਅੱਧ-ਮਰਿਆ ਨਾ ਕਰ ਦਿੱਤਾ। ਇਹ ਸਮਾਂ ਔਰਤ ਦੇ ਜਜ਼ਬੇ ਨੂੰ ਵਡਿਆਉਣ ਦਾ ਹੈ, ਨਾ ਕਿ ਜੌਹਰ ਵਰਗੇ ਤਰੀਕੇ ਦੇ ਗੁਣਗਾਨ ਕਰਨ ਦਾ; ਕਿਉਂਕਿ ਅਜਿਹਾ ਕਰਦਿਆਂ ਅਸੀਂ ਨਾ ਚਾਹੁੰਦੇ ਹੋਏ ਵੀ ਉਸ ਪਿੱਤਰਸੱਤਾ ਅੱਗੇ ਗੋਡੇ ਟੇਕ ਰਹੇ ਹਾਂ ਜਿਸ ਖਿਲਾਫ ਅਸੀਂ ਹਾਲੇ ਲੰਮੀ ਜੰਗ ਲੜਨੀ ਹੈ।
ਬਲਾਤਕਾਰ ਅਤੇ ਜੌਹਰ ਦੋਵੇਂ ਪਿੱਤਰਸੱਤਾ ਦੇ ਹੀ ਸੰਦ ਹਨ। ਦੋਵਾਂ ਰਾਹੀਂ ਮਰਦ ਔਰਤ ਉਪਰ ਆਪਣਾ ਗਲਬਾ ਸਥਾਪਿਤ ਕਰਦਾ ਹੈ। ਜੌਹਰ ਨੂੰ ਨਾਰੀ ਦੀ ਸਵੈ-ਇੱਛਾ ਕਹਿ ਵਡਿਆਉਣਾ ਨਿਰੀ ਮੂਰਖਤਾ ਹੈ।
ਪਦਮਾਵਤੀ ਦੇ ਜੌਹਰ ਦਾ ਕਾਰਨ ਇਹ ਵੀ ਦਿਖਾਇਆ ਗਿਆ ਹੈ ਕਿ ਅਲਾਉਦੀਨ ਖਿਲਜੀ ਕਿਸੇ ਹੋਰ ਧਰਮ ਦਾ ਹੈ। ਗੈਰ-ਧਰਮ ਦੇ ਧਾੜਵੀ ਦੇ ਜਬਰ ਦਾ ਸ਼ਿਕਾਰ ਹੋਣ ਨਾਲੋਂ ਉਸ ਨੇ ਜੌਹਰ ਨੂੰ ਤਰਜੀਹ ਦਿੱਤੀ। ਇਹ ਉਸ ਦੀ ਸਵੈ-ਇੱਛਾ ਨਹੀਂ ਸੀ। ਪਿਛੋਕੜ ਵਿਚ ਪਿੱਤਰਸੱਤਾ ਹੀ ਉਸ ਨੂੰ ਅਜਿਹਾ ਕਰਨ ਲਈ ਮਜਬੂਰ ਕਰ ਰਹੀ ਸੀ। ਮੈਂ ਭੰਸਾਲੀ ਜੀ ਨੂੰ ਭਾਰਤ-ਪਾਕਿਸਤਾਨ ਵੰਡ ਦੇ ਦੌਰਾਨ ਵਾਪਰੀਆਂ ਘਟਨਾ ਦੇ ਰੂ-ਬ-ਰੂ ਹੋਣ ਦੀ ਗੁਜ਼ਾਰਿਸ਼ ਕਰਦੀ ਹਾਂ। ਇਹ ਉਹ ਵੇਲਾ ਸੀ ਜਦ ਮਰਦਾਂ ਨੇ ਆਪਣੇ ਘਰ ਦੀਆਂ ਔਰਤਾਂ ਨੂੰ ਖ਼ੁਦਕੁਸ਼ੀ ਲਈ ਮਜਬੂਰ ਕੀਤਾ, ਜਾਂ ਕਤਲ ਕਰ ਦਿੱਤਾ। ਇਹ ਨਸਲਕੁਸ਼ੀ ਜਬਰਨ ਸੀ। ਕਿਸੇ ਨੇ ਜੌਹਰ ਨਹੀਂ ਸੀ ਕੀਤਾ। ਜੇ ਕੋਈ ਗੈਰ-ਧਰਮ ਵਿਚ ਉਧਾਲੀ ਗਈ ਤਾਂ ਉਸ ਨੇ ਇੱਕ ਨਵੀਂ ਪਛਾਣ ਨਾਲ ਨਵਾਂ ਜੀਵਨ ਬਸਰ ਕਰਨਾ ਸ਼ੁਰੂ ਕੀਤਾ। ਹਵਾਲੇ ਲਈ ਭੰਸਾਲੀ ਜੀ ਉਰਵਸ਼ੀ ਬੁਤਾਲੀਆ ਦੀਆਂ ਲਿਖਤਾਂ ਪੜ੍ਹ ਲੈਣ।
ਸਾਡਾ ਸਮਾਜ ਹਾਲੇ ਵੀ ਸਵੀਕਾਰ ਨਹੀਂ ਕਰ ਰਿਹਾ ਕਿ ਬਲਾਤਕਾਰ ਮਗਰੋਂ ਵੀ ਔਰਤ ਜੀਵਨ ਜੀਅ ਸਕਦੀ ਹੈ। ਉਹ ਇੱਛਾ ਵੀ ਰੱਖੇ ਤਾਂ ਸਮਾਜ ਨਹੀਂ ਜੀਣ ਦਿੰਦਾ। ਪਦਮਾਵਤੀ ਵਰਗੀਆਂ ਨਾਇਕਾਵਾਂ ਦੀਆਂ ਉਦਾਹਰਨਾਂ ਉਸ ਦੇ ਅੱਗੇ ਰੱਖ ਦਿੱਤੀਆਂ ਜਾਂਦੀਆਂ ਹਨ। ਔਰਤ ਦਾ ਜੀਣਾ ਹੱਕ ਹੈ ਉਸ ਦਾ, ਭਾਵੇਂ ਉਸ ਦੇ ‘ਮਾਲਕ’, ‘ਰਾਖੇ’ ਜਾਂ ‘ਆਪਣੇ’ ਉਸ ਦੇ ਬਚਾਅ ਲਈ ਨਾ ਵੀ ਹੋਣ। ਇਕ ਯੋਨੀ ਦੇ ਅਸ਼ੁਧ ਹੋ ਜਾਣ ਨਾਲ ਉਹ ਅਸ਼ੁਧ ਨਹੀਂ ਹੋ ਜਾਂਦੀ। ਉਸ ਦਾ ਕੰਮ ਸਿਰਫ ਨਸਲ ਨੂੰ ਅੱਗੇ ਵਧਾਉਣਾ ਨਹੀਂ ਹੈ।
ਸਾਨੂੰ ਇਸ ਪ੍ਰਬੰਧ ਦਾ ਵਿਰੋਧ ਕਰਨਾ ਚਾਹੀਦਾ ਹੈ, ਕਿਉਂਕਿ ਇਹ ਨਾ ਸਿਰਫ ਨਾਰੀ ਪਛਾਣ ਦਾ ਘਾਣ ਕਰਦਾ ਹੈ, ਪਰ ਨਾਲ ਹੀ ਮਨੁੱਖਤਾ ਦਾ ਵੀ ਘਾਣ ਕਰਦਾ ਹੈ। ਜਬਰ ਖਿਲਾਫ ਹੋ ਰਹੀਆਂ ਮੁਹਿੰਮਾਂ ਨੂੰ ਵਧਾਉਣ ਦੀ ਲੋੜ ਹੈ, ਨਾ ਕਿ ਪਿੱਤਰਸੱਤਾ ਨੂੰ ਪ੍ਰਚਾਰਨ ਦਾ। ਮੇਰਾ ਵਿਰੋਧ ਤੁਹਾਡੀ ਫ਼ਿਲਮਸਾਜ਼ੀ ਨਾਲ ਨਹੀਂ, ਉਸ ਸੁਨੇਹੇ ਨਾਲ ਹੈ ਜੋ ਅਜਿਹੀਆਂ ਕਹਾਣੀਆਂ ਦਿੰਦੀਆਂ ਹਨ।”
ਸਵਰਾ ਭਾਸਕਰ ਦੇ ਇਸ ਲੰਮੇ ਖਤ ਦੀ ਹਰ ਪਾਸਿਓਂ ਤਾਰੀਫ ਹੋਈ ਹੈ। ਇਹ ਖਤ ਫੇਸ ਬੁੱਕ ਉਤੇ ਵੀ ਬਹੁਤ ਸ਼ੇਅਰ ਕੀਤਾ ਗਿਆ ਹੈ। ਉਂਜ, ਟਵਿਟਰ ਉਤੇ ਕੁਝ ਲੋਕ ਉਸ ਦੀ ਟਰੌਲਿੰਗ ਵੀ ਕਰ ਰਹੇ ਹਨ। ਸਵਰਾ ਭਾਸਕਰ ਤਾਰੀਫ ਦੀ ਹੀ ਹੱਕਦਾਰ ਹੈ, ਜਿਸ ਆਪਣੇ ਕਰੀਅਰ ਦੀ ਵੀ ਪ੍ਰਵਾਹ ਕੀਤੇ ਬਗੈਰ ਸੰਜੇ ਲੀਲ੍ਹਾ ਭੰਸਾਲੀ ਵਰਗੇ ਫਿਲਮਸਾਜ਼ ਨੂੰ ਸਿੱਧਿਆਂ ਵੰਗਾਰਿਆ ਹੈ। -ਗੌਰਵ ਝੰਮਟ