ਧਾੜਵੀ

ਕਹਾਣੀਕਾਰ ਗੁਰਦਿਆਲ ਦਲਾਲ ਦੀ ਇਹ ਕਹਾਣੀ ਅੱਜ ਦੇ ਯੁੱਗ ਵਿਚ ਸਵਾਰਥੀ ਹੋ ਚੁੱਕੇ ਬੰਦੇ ਦੀ ਕਥਾ ਹੈ। ਅੱਜ ਦੇ ਲਗਾਤਾਰ ਥੋਥੇ ਹੋ ਰਹੇ ਮਨੁੱਖ ਉਤੇ ਇੰਨੇ ਤਹੱਮਲ ਅਤੇ ਇੰਨੇ ਸਹਿਜ ਨਾਲ ਇੰਨੀ ਤਿੱਖੀ ਚੋਟ ਗੁਰਦਿਆਲ ਵਰਗਾ ਲੇਖਕ ਹੀ ਕਰ ਸਕਦਾ ਹੈ। ਰਾਹ ਭੁੱਲੇ ਨੌਜਵਾਨ ਨੂੰ ਰਾਹੇ ਪਾਉਣ ਦੀ ਥਾਂ ਕਹਾਣੀ ਦਾ ਪਾਤਰ ਉਸ ਨੂੰ ਘਰ ਲੈ ਆਉਂਦਾ ਹੈ ਅਤੇ ਦਿਨ ਭਰ ਉਸ ਤੋਂ ਕੰਮ ਕਰਵਾਉਂਦਾ ਹੈ। ਅਸਲ ਕਹਿਰ ਤਾਂ ਕਹਾਣੀ ਦੇ ਅਖੀਰ ਉਤੇ ਵਰਤਦਾ ਹੈ; ਅਜਿਹਾ ਕਹਿਰ ਕਿ ਆਮ-ਸਾਧਾਰਨ ਬੰਦਾ ਪੜ੍ਹ-ਸੁਣ ਕੇ ਦੰਗ ਰਹਿ ਜਾਂਦਾ ਹੈ। ਲੇਖਕ ਨੇ ਬੰਦੇ ਦੇ ਮਨ ਅੰਦਰ ਬੈਠੀ ਖੁਦਗਰਜ਼ੀ ਨੂੰ ਇਸ ਤਰ੍ਹਾਂ ਬਿਆਨ ਕੀਤਾ ਹੈ ਕਿ ਪਾਠਕ, ਬੰਦੇ ਦੇ ਅੰਦਰ ਬੈਠੇ ਧਾੜਵੀ ਬਾਰੇ ਸੋਚਣ ਲਈ ਮਜਬੂਰ ਹੋ ਜਾਂਦਾ ਹੈ। -ਸੰਪਾਦਕ

ਗੁਰਦਿਆਲ ਦਲਾਲ
ਫੋਨ:91-98141-85363
ਸੇਵਾਮੁਕਤ ਅਧਿਆਪਕ ਰਤਨ ਦੇਵ ਨਿੱਤ ਵਾਂਗ ਦੀਵਾਲੀ ਵਾਲੇ ਦਿਨ ਵੀ ਆਪਣੇ ਕਸਬੇ ਦੋਰਾਹੇ ਤੋਂ ਬੀæਟੀæਸੀæ ਕੋਲੋਂ ਲੰਘਦੀ ਲਿੰਕ ਰੋਡ ‘ਤੇ ਸਵੇਰ ਦੀ ਸੈਰ ਕਰਨ ਲਈ ਗਿਆ ਸੀ। ਰਾਤੀਂ ਕੁਝ ਦੇਰ ਮੀਂਹ ਪੈਣ ਕਰ ਕੇ ਠੰਢ ਇਕਦਮ ਵਧ ਗਈ ਸੀ ਤੇ ਸੜਕ ਦੀਆਂ ਨੀਵੀਆਂ ਥਾਂਵਾਂ ‘ਤੇ ਪਾਣੀ ਖੜ੍ਹ ਗਿਆ ਸੀ। ਲਗਾਤਾਰ ਸੜਕ ਵੱਲ ਧਿਆਨ ਹੋਣ ਕਰ ਕੇ ਅੱਜ ਉਸ ਨੂੰ ਸੈਰ ਦਾ ਮਜ਼ਾ ਨਹੀਂ ਸੀ ਆ ਰਿਹਾ। ਪਹਿਲਾਂ ਉਹ ਰੋਜ਼ ਗੁਰਦੁਆਰੇ ਕੋਲੋਂ ਵਾਪਸ ਮੁੜਿਆ ਕਰਦਾ ਸੀ ਪਰ ਅੱਜ ਉਸ ਨੇ ਰਾਮਪੁਰ ਪਿੰਡ ਦੀਆਂ ਮੜ੍ਹੀਆਂ ਕੋਲੋਂ ਹੀ ਵਾਪਸ ਮੁੜਨ ਦਾ ਫ਼ੈਸਲਾ ਕਰ ਲਿਆ। ਛੇ ਕੁ ਵਜੇ ਜਦੋਂ ਉਹ ਅਗਰਵਾਲ ਕੈਮੀਕਲਜ਼ ਦੀ ਦੀਵਾਰ ਕੋਲੋਂ ਲੰਘਣ ਲੱਗਿਆ ਤਾਂ ਸੜਕ ਕਿਨਾਰੇ ਪਏ ਪਰਾਲੀ ਦੇ ਢੇਰ ਵਿਚੋਂ ਕਿਸੇ ਦੇ ਖੰਘਣ ਦੀ ਆਵਾਜ਼ ਆਈ। ਹੈਰਾਨ ਹੋ ਕੇ ਉਹ ਰੁਕ ਗਿਆ ਤੇ ਸੋਚਣ ਲੱਗਿਆ ਕਿ ਅਜਿਹੇ ਮੌਸਮ ਵਿਚ ਉਥੇ ਕੌਣ ਹੋ ਸਕਦਾ ਸੀ! ਇੱਕ ਵਾਰੀ ਫਿਰ ਖੰਘਣ ਦੀ ਆਵਾਜ਼ ਆਈ ਤਾਂ ਰਤਨ ਦੇਵ ਢੇਰ ਲਾਗੇ ਜਾ ਕੇ ਬੋਲਿਆ, “ਕਿਹੜਾ ਏ ਬਈ ਓਏ? ਐਥੇ ਕੀ ਕਰਦੈਂ?” ਪਰਾਲੀ ਹਿੱਲੀ ਤੇ ਹੌਲੀ-ਹੌਲੀ ਇੱਕ ਸਿਰ ਬਾਹਰ ਨਿਕਲ ਆਇਆ। ਪੰਦਰਾਂ-ਸੋਲਾਂ ਸਾਲ ਦਾ ਮੁੰਡਾ ਡਰੀਆਂ ਅੱਖਾਂ ਨਾਲ ਰਤਨ ਦੇਵ ਵੱਲ ਦੇਖਣ ਲੱਗਿਆ ਸੀ। ਰਤਨ ਦੇਵ ਬੋਲਿਆ, “ਤੂੰ ਐਥੇ ਪਰਾਲੀ ‘ਚ ਵੜਿਆ ਕੀ ਕਰ ਰਿਹਾ ਏਂ?” ਪਹਿਲਾਂ ਮੁੰਡੇ ਦੇ ਬੁੱਲ੍ਹ ਹਿੱਲੇ, ਫਿਰ ਥਥਲਾਉਂਦੀ ਆਵਾਜ਼ ਵਿਚ ਬੋਲਿਆ, “ਮੈਂ ਇੱਥੇ ਰਾਤ ਦਾæææਲੇਟਿਆ ਹੋਇਆ ਹਾਂæææਮੇਰਾ ਚਾਚਾ, ਭਰਾæææ।” “ਮੂਰਖਾ ਐਥੇ ਪਰਾਲੀ ‘ਚ ਲੇਟਿਆ ਪਿਆ ਏਂ? ਸੱਪ ਲੜ ਗਿਆ ਤਾਂ ਮਾਰਿਆ ਜਾਵੇਂਗਾ। ਕੀ ਹੋਇਆ ਤੈਨੂੰ? ਭਰਾ, ਚਾਚਾ ਕੀ ਮਤਲਬ?”
ਮੁੰਡਾ ਉਠਿਆ ਤੇ ਆਪਣੇ ਮੋਢੇ ਨਾਲ ਝੋਲਾ ਲਮਕਾਈ ਬਾਹਰ ਸੜਕ ‘ਤੇ ਨਿਕਲ ਆਇਆ। ਉਸ ਦੇ ਦੰਦ ਵੱਜ ਰਹੇ ਸਨ। ਉਸ ਨੇ ਘਸਿਆ ਤੇ ਮੈਲਾ ਕਮੀਜ਼-ਪਜਾਮਾ ਪਾਇਆ ਹੋਇਆ ਸੀ, ਪੈਰ ਗਾਰੇ ਨਾਲ ਲਿੱਬੜੇ ਹੋਏ ਸਨ। ਉਹ ਘਬਰਾਈਆਂ ਅੱਖਾਂ ਨਾਲ ਬੁੱਲ੍ਹਾਂ ‘ਤੇ ਜੀਭ ਫੇਰਦਾ ਰਤਨ ਦੇਵ ਵੱਲ ਦੇਖਣ ਲੱਗ ਪਿਆ। ਰਤਨ ਦੇਵ ਨੇ ਆਪਣੇ ਹੱਥ ਨਾਲ ਉਸ ਦੀ ਪਿੱਠ ਥਾਪੜੀ ਤੇ ਪੁੱਛਿਆ ਕਿ ਉਹ ਕੌਣ ਸੀ ਤੇ ਕਿੱਥੋਂ ਆਇਆ ਸੀ। ਮੁੰਡੇ ਨੇ ਕੰਬਦਿਆਂ, ਟੁੱਟੇ-ਫੁੱਟੇ ਲਫ਼ਜ਼ਾਂ ਵਿਚ ਉਸ ਨੂੰ ਸਾਰੀ ਗੱਲ ਦੱਸੀ। ਬੈਜਨਾਥ ਨਾਂ ਦੇ ਇਸ ਮੁੰਡੇ ਦਾ ਚਾਚਾ ਤੇ ਭਰਾ ਐਥੇ ਕਿਧਰੇ ਖੇਤਾਂ ਵਿਚ ਕਿਸੇ ਮੋਟਰ ‘ਤੇ ਰਹਿੰਦੇ ਸਨ। ਉਨ੍ਹਾਂ ਦੀ ਚਿੱਠੀ ਮਿਲਣ ਮਗਰੋਂ ਹੀ ਉਹ ਬਿਹਾਰ ਤੋਂ ਪੰਜਾਬ ਵਿਚ ਖੇਤ ਮਜ਼ਦੂਰੀ ਕਰਨ ਆਇਆ ਸੀ। ਬੀਤੇ ਦਿਨ ਉਹ ਤਿੰਨ ਕੁ ਵਜੇ ਸ਼ਾਮ ਨੂੰ ਦੋਰਾਹੇ ਦੇ ਰੇਲਵੇ ਸਟੇਸ਼ਨ ‘ਤੇ ਗੱਡੀ ਤੋਂ ਉਤਰਿਆ ਸੀ, ਪਰ ਉਸ ਦਾ ਚਾਚਾ ਤੇ ਭਰਾ ਉਸ ਨੂੰ ਲੈਣ ਲਈ ਪਲੇਟਫਾਰਮ ‘ਤੇ ਨਹੀਂ ਸਨ ਪੁੱਜੇ। ਬੈਜਨਾਥ ਹਨੇਰਾ ਹੋਣ ਤਕ ਖੇਤਾਂ ਦੀਆਂ ਸਾਰੀਆਂ ਮੋਟਰਾਂ ‘ਤੇ ਭੌਂਦਾ ਫਿਰਿਆ ਸੀ, ਪਰ ਉਹ ਕਿਤੇ ਵੀ ਨਹੀਂ ਸਨ ਲੱਭੇ। ਥੱਕ ਹਾਰ ਕੇ ਉਹ ਠੰਢ ਤੋਂ ਬਚਣ ਲਈ ਪਰਾਲੀ ਦੇ ਉਸ ਢੇਰ ਵਿਚ ਵੜ ਕੇ ਲੇਟ ਗਿਆ ਸੀ। ਬੈਜਨਾਥ ਨੇ ਆਪਣੇ ਪੇਟ ‘ਤੇ ਹੱਥ ਮਾਰ ਕੇ ਰਤਨ ਦੇਵ ਨੂੰ ਦੱਸਿਆ ਕਿ ਉਸ ਕੋਲ ਕੋਈ ਪੈਸਾ ਨਾ ਹੋਣ ਕਰ ਕੇ ਉਸ ਨੇ ਕੱਲ੍ਹ ਸਵੇਰ ਤੋਂ ਕੁਝ ਨਹੀਂ ਸੀ ਖਾਧਾ ਤੇ ਉਸ ਨੂੰ ਬਹੁਤ ਭੁੱਖ ਲੱਗੀ ਹੋਈ ਸੀ। ਉਸ ਨੇ ਆਪਣੇ ਝੋਲੇ ‘ਚੋਂ ਕੱਢ ਕੇ ਆਪਣੇ ਭਰਾ ਦੀ ਉਹ ਚਿੱਠੀ ਵੀ ਦਿਖਾਈ ਜਿਹੜੀ ਉਸ ਨੂੰ ਬਿਹਾਰ ਉਸ ਦੇ ਪਿੰਡ ਮਿਲੀ ਸੀ ਤੇ ਜਿਸ ‘ਤੇ ਉਸ ਦੇ ਭਰਾ ਦਾ ਪਤਾ ਲਿਖਿਆ ਹੋਇਆ ਸੀ। ਇਹ ਮੋਟਰ ਰਾਮਪੁਰ ਪਿੰਡ ਦੇ ਰਣਧੀਰ ਸਿੰਘ ਸਰਪੰਚ ਦੀ ਸੀ ਜਿਸ ਨੂੰ ਮਾਸਟਰ ਰਤਨ ਦੇਵ ਵੀ ਜਾਣਦਾ ਸੀ। ਰਤਨ ਦੇਵ ਨੂੰ ਇਹ ਵੀ ਪਤਾ ਸੀ ਕਿ ਉਸ ਇਲਾਕੇ ਵਿਚ ਸਿਰਫ਼ ਰਣਧੀਰ ਸਿੰਘ ਹੀ ਆਪਣੇ ਖੇਤਾਂ ਵਿਚ ਸਬਜ਼ੀਆਂ ਦੀ ਕਾਸ਼ਤ ਕਰਵਾਉਂਦਾ ਸੀ। ਹੁਣ ਜਿੱਥੇ ਉਹ ਖੜ੍ਹੇ ਸਨ, ਉਥੋਂ ਰਣਧੀਰ ਸਿੰਘ ਦੀ ਮੋਟਰ ਦੋ ਕੁ ਸੌ ਗਜ਼ ਦੀ ਦੂਰੀ ‘ਤੇ ਨਹਿਰ ਵੱਲ ਦਰੱਖਤਾਂ ਦੇ ਝੁੰਡ ਵਿਚ ਸੀ ਜੋ ਸ਼ਾਇਦ ਬੈਜਨਾਥ ਨੂੰ ਦਿਖਾਈ ਨਹੀਂ ਦਿੱਤੀ ਹੋਵੇਗੀ। ਜੇ ਉਹ ਚਾਹੁੰਦਾ ਤਾਂ ਉਸ ਨੂੰ ਉਸੇ ਵੇਲੇ ਮੋਟਰ ਦਾ ਰਾਹ ਦੱਸ ਕੇ ਉਸ ਦੇ ਚਾਚੇ ਤੇ ਭਰਾ ਕੋਲ ਭੇਜ ਸਕਦਾ ਸੀ ਪਰ ਉਸ ਨੇ ਅਜਿਹਾ ਨਾ ਕੀਤਾ।
ਮਾਸਟਰ ਰਤਨ ਦੇਵ ਦੀ ਪਤਨੀ ਕਾਂਤਾ ਰਾਣੀ ਕਈ ਦਿਨਾਂ ਤੋਂ ਉਸ ਨੂੰ ਕਹਿੰਦੀ ਰਹੀ ਸੀ ਕਿ ਪਿਛਲੇ ਸਾਲ ਵਾਂਗ ਕੋਈ ਮਜ਼ਦੂਰ ਲਗਾ ਕੇ ਕੋਠੀ ਦੇ ਸਾਰੇ ਕਮਰਿਆਂ ਦੀ ਸਫ਼ਾਈ ਕਰਵਾ ਲਈ ਜਾਵੇ। ਉਸ ਦਾ ਵਿਸ਼ਵਾਸ ਸੀ ਕਿ ਦੀਵਾਲੀ ਵਾਲੀ ਰਾਤ ਹੀ ਲੱਛਮੀ ਮਨੁੱਖ ‘ਤੇ ਦਿਆਲ ਹੁੰਦੀ ਹੈ ਤੇ ਉਹ ਸਿਰਫ਼ ਸਾਫ਼-ਸੁਥਰੇ ਘਰਾਂ ਵਿਚ ਹੀ ਪ੍ਰਵੇਸ਼ ਕਰਦੀ ਹੈ। ਆਪਣੇ ਘਰ ਨੂੰ ਸਾਫ਼-ਸੁਥਰਾ ਬਣਾਉਣਾ ਉਸ ਦੀਆਂ ਧਾਰਮਿਕ ਭਾਵਨਾਵਾਂ ਵਿਚ ਵੀ ਸ਼ਾਮਲ ਸੀ ਪਰ ਇਹ ਸਾਰਾ ਝੰਜਟ ਕਰੇ ਕੌਣ? ਕਾਂਤਾ ਵਿਚਾਰੀ ਤਾਂ ਆਪ ਗੋਡਿਆਂ ਦੇ ਦਰਦ ਤੋਂ ਪ੍ਰੇਸ਼ਾਨ ਰਹਿੰਦੀ ਸੀ। ਨੂੰਹ-ਪੁੱਤ ਸਰਕਾਰੀ ਨੌਕਰੀਆਂ ਕਰਦੇ ਹੋਣ ਕਰ ਕੇ ਘਰ ਦੀਆਂ ਸਫ਼ਾਈਆਂ ਕਰਵਾਉਣ ਵਾਲਾ ਇਹ ਕੰਮ ਉਨ੍ਹਾਂ ਦੇ ਸਿਲੇਬਸ ਵਿਚ ਸ਼ਾਮਲ ਨਹੀਂ ਸੀ। ਮਾਸਟਰ ਰਤਨ ਦੇਵ ਨੂੰ ਵੀ ਰਿਟਾਇਰ ਹੋਏ ਨੂੰ ਕਿੰਨੇ ਹੀ ਸਾਲ ਬੀਤ ਚੁੱਕੇ ਸਨ ਤੇ ਉਸ ਦੀਆਂ ਲੱਤਾਂ ਵਿਚ ਵੀ ਫੈੜ੍ਹ ਪੈਣਾ ਸ਼ੁਰੂ ਹੋ ਗਿਆ ਸੀ। ਕਿਸੇ ਮਜ਼ਦੂਰ ਤੋਂ ਬਿਨਾਂ ਪਹਾੜ ਜਿੱਡੇ ਇਸ ਕੰਮ ਨੂੰ ਅੰਜਾਮ ਦੇਣਾ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ ਸੀ। ਘਰ ਵਿਚ ਕੰਮ ਵਾਲੀ ਨਿੱਤ ਆਉਂਦੀ ਸੀ ਪਰ ਉਸ ਦਾ ਤਾਂ ਝਾੜੂ ਮਾਰਨ, ਕੱਪੜੇ ਧੋਣ ਤੇ ਭਾਂਡੇ ਮਾਜਣ ਵਿਚ ਹੀ ਸਮਾਂ ਬੀਤ ਜਾਂਦਾ ਸੀ।
ਰਤਨ ਦੇਵ ਨੇ ਕੋਠੀ ਵੀ ਤਾਂ ਦੋ ਮੰਜ਼ਿਲਾ ਛੱਤ ਲਈ ਸੀ। ਉਨ੍ਹਾਂ ਦੇ ਇਕਲੌਤਾ ਮੁੰਡਾ ਹੀ ਮੁੰਡਾ ਸੀ। ਨੂੰਹ ਆਉਣ ਬਾਅਦ ਦੋ ਬੱਚੇ ਹੋ ਗਏ ਸਨ। ਉਨ੍ਹਾਂ ਦੀ ਕੋਠੀ ਦੇ ਨੌਂ ਕਮਰੇ, ਚਾਰ ਬਾਥਰੂਮ, ਦੋ ਰਸੋਈਆਂ ਤੇ ਸਟੋਰ ਵਗੈਰਾ ਸਨ। ਕੀ ਤੁਕ ਸੀ ਐਨਾ ਛੱਤਣ ਦੀ? ਰਤਨ ਦੇਵ ਹੀ ਜਾਣਦਾ ਹੋਵੇਗਾ। ਉਨ੍ਹਾਂ ਦੀ ਕੋਠੀ ਦੇ ਸਾਰੇ ਪੱਖਿਆਂ, ਕੰਧਾਂ ਤੇ ਫਰਸ਼ਾਂ ‘ਤੇ ਸਾਲ ਭਰ ਦੀ ਮੈਲ ਜੰਮੀ ਹੋਈ ਸੀ।
ਕਾਂਤਾ ਰਾਣੀ ਜਦੋਂ ਨੌਕਰੀ ਕਰਦੀ ਸੀ, ਹਰ ਸਾਲ ਆਪਣੇ ਸਕੂਲੋਂ ਕਿਸੇ ਨਾ ਕਿਸੇ ਚਪੜਾਸੀ ਨੂੰ ਸਫ਼ਾਈਆਂ ਕਰਨ ਲਈ ਲਿਆਇਆ ਕਰਦੀ ਸੀ ਜੋ ਘਰ ਨੂੰ ਦੀਵਾਲੀ ਤੋਂ ਪਹਿਲਾਂ ਲਿਸ਼ਕਾ ਜਾਇਆ ਕਰਦਾ ਸੀ। ਉਸ ਨੂੰ ਦੋ ਟਾਈਮ ਰੋਟੀ ਖੁਆ ਦੇਣੀ, ਚਾਹ ਪਿਲਾ ਦੇਣੀ ਤੇ ਕੋਈ ਪੁਰਾਣਾ ਘਸਿਆ ਕੱਪੜਾ ਜਾਂ ਸਵੈਟਰ ਦੇ ਦੇਣਾ। ਨਾ ਹਿੰਗ ਲਗਦੀ ਨਾ ਫਟਕੜੀ, ਮੁਫ਼ਤੋ-ਮੁਫ਼ਤੀ ਵਿਚ ਸਰ ਜਾਂਦਾ। ਇਸ ਸਾਲ ਕਾਂਤਾ ਰਾਣੀ ਰਿਟਾਇਰ ਹੋ ਚੁੱਕੀ ਸੀ। ਉਸ ਦੇ ਕਹਿਣ ‘ਤੇ ਰਤਨ ਦੇਵ ਉਸ ਦੇ ਸਕੂਲ ਕੋਈ ਬੰਦਾ ਲੱਭਣ ਗਿਆ ਵੀ ਸੀ, ਪਰ ਕਿਸੇ ਨੇ ਲੜ ਨਹੀਂ ਸੀ ਫੜਾਇਆ। ਰਤਨ ਦੇਵ ਤਾਂ ਕਸਬੇ ਵਿਚ ਭਈਆਂ ਦੇ ਕੁਆਰਟਰਾਂ ਵਿਚ ਵੀ ਕਈ ਗੇੜੇ ਲਾ ਆਇਆ ਸੀ। ਉਸ ਨੂੰ ਕੋਈ ਵੀ ਮਜ਼ਦੂਰ ਐਸਾ ਨਹੀਂ ਸੀ ਮਿਲਿਆ ਜਿਸ ਨੇ ਪੰਜ ਸੌ ਰੁਪਏ ਤੋਂ ਘੱਟ ਦਿਹਾੜੀ ਮੰਗੀ ਹੋਵੇ। ਕੰਮ ਦਾ ਰਸ਼ ਪੈਣ ਕਰ ਕੇ ਦਿਹਾੜੀ ਦਾ ਰੇਟ ਬਹੁਤ ਵਧ ਗਿਆ ਸੀ। ਇਹ ਰੇਟ ਉਨ੍ਹਾਂ ਦੋਵਾਂ ਨੂੰ ਹੀ ਬਹੁਤ ਵੱਧ ਲੱਗਾ ਸੀ ਤੇ ਉਨ੍ਹਾਂ ਨੇ ਸਫ਼ਾਈ ਦਾ ਕੰਮ ਦੀਵਾਲੀ ਮਗਰੋਂ ਕਰਵਾਉਣ ਦਾ ਫ਼ੈਸਲਾ ਕਰ ਲਿਆ ਸੀ।
ਤੇ ਹੁਣ ਪਰਾਲੀ ਦੇ ਢੇਰ ‘ਚੋਂ ਲੱਭੇ ਬਿਹਾਰੀ ਮੁੰਡੇ ਵੱਲ ਦੇਖਦਾ ਮਾਸਟਰ ਰਤਨ ਦੇਵ ਬਹੁਤ ਖ਼ੁਸ਼ ਹੋ ਗਿਆ ਸੀ। ਉਹ ਬੋਲਿਆ, “ਅਰੇ ਭਾਈ ਬੈਜਨਾਥ ਜਿਹੜੀ ਮੋਟਰ ਤੂੰ ਲੱਭ ਰਿਹਾ ਏਂ, ਉਹ ਤਾਂ ਐਥੋਂ ਬੜੀ ਦੂਰ ਏ। ਤੂੰ ਤਾਂ ਉਲਟ ਦਿਸ਼ਾ ਵਿਚ ਆ ਗਿਆ। ਤੇਰੀ ਪ੍ਰੇਸ਼ਾਨੀ ਦੇਖ ਕੇ ਮੈਨੂੰ ਬੜਾ ਦੁੱਖ ਹੋ ਰਿਹਾ ਏ। ਤੂੰ ਹੁਣ ਮੇਰੇ ਨਾਲ ਘਰ ਚੱਲ। ਮੈਂ ਰੱਬ ਤੋਂ ਡਰਨ ਵਾਲਾ ਬੰਦਾ ਹਾਂ। ਹਮੇਸ਼ਾਂ ਗ਼ਰੀਬ ਲੋਕਾਂ ਦੀ ਸਹਾਇਤਾ ਕਰ ਕੇ ਮੈਨੂੰ ਬੜੀ ਖ਼ੁਸ਼ੀ ਤੇ ਚੈਨ ਮਿਲਦਾ ਹੈ। ਮੈਂ ਤੈਨੂੰ ਆਪਣੇ ਘਰੋਂ ਪੇਟ ਭਰ ਕੇ ਰੋਟੀ ਖੁਆਵਾਂਗਾ ਤੇ ਚਾਹ ਪਿਲਾਵਾਂਗਾ। ਬਾਅਦ ਵਿਚ ਆਪਣੇ ਸਕੂਟਰ ‘ਤੇ ਹੀ ਆਪਾਂ ਉਹ ਮੋਟਰ ਲੱਭਣ ਜਾਵਾਂਗੇ। ਤੂੰ ਫ਼ਿਕਰ ਛੱਡ ਦੇ, ਠੀਕ ਥਾਂ ‘ਤੇ ਪਹੁੰਚਾਉਣਾ ਹੁਣ ਮੇਰੀ ਜ਼ਿੰਮੇਵਾਰੀ ਏ।”
ਰਤਨ ਦੇਵ ਦੀ ਗੱਲ ਸੁਣ ਕੇ ਬੈਜਨਾਥ ਬੜਾ ਖ਼ੁਸ਼ ਹੋਇਆ। ਉਸ ਨੂੰ ਤਾਂ ਜਿਵੇਂ ਰੱਬ ਹੀ ਮਿਲ ਗਿਆ ਹੋਵੇ। ਸਾਰੀ ਰਾਤ ਠੰਢ ਵਿਚ ਪਿਆ ਰਹਿਣ ਕਰ ਕੇ ਬੈਜਨਾਥ ਭਾਵੇਂ ਕੰਬ ਰਿਹਾ ਸੀ ਪਰ ਉਹ ਲੰਮੀਆਂ-ਲੰਮੀਆਂ ਪੁਲਾਘਾਂ ਪੁੱਟਦਾ ਉਸ ਦੇ ਮੂਹਰੇ-ਮੂਹਰੇ ਤੁਰਨ ਲੱਗ ਪਿਆ। ਰਤਨ ਦੇਵ ਨੇ ਜੁਰਾਬਾਂ ਅਤੇ ਬੂਟ ਪਾਏ ਹੋਏ ਸਨ। ਉਸ ਨੇ ਗਰਮ ਟਰੈਕ ਸੂਟ ਉਤੋਂ ਇੱਕ ਸਵੈਟਰ ਵੀ ਪਾਇਆ ਹੋਇਆ ਸੀ। ਉਸ ਨੇ ਆਪਣੇ ਸਿਰ ‘ਤੇ ਮਫ਼ਲਰ ਲਪੇਟਿਆ ਹੋਇਆ ਸੀ। ਪਲ ਦੀ ਪਲ ਕਮੀਜ਼ ਪਜਾਮੇ ਵਿਚ ਤੁਰੇ ਜਾਂਦੇ ਬੈਜਨਾਥ ‘ਤੇ ਉਸ ਨੂੰ ਰਹਿਮ ਆਇਆ। ਉਸ ਦਾ ਦਿਲ ਕੀਤਾ ਕਿ ਉਹ ਆਪਣਾ ਸਵੈਟਰ ਲਾਹ ਕੇ ਘਰ ਤਕ ਪਹਿਨਣ ਲਈ ਬੈਜਨਾਥ ਨੂੰ ਦੇ ਦੇਵੇ ਤਾਂ ਉਸ ਦੇ ਸਰੀਰ ਨੂੰ ਨਿੱਘ ਮਿਲ ਜਾਵੇਗਾ, ਪਰ ਇੰਜ ਉਹ ਕਰ ਨਾ ਸਕਿਆ। ਘਰ ਜਾ ਕੇ ਉਸ ਤੋਂ ਸਵੈਟਰ ਲੁਹਾ ਕੇ ਆਪ ਪਾਉਣਾ ਤਾਂ ਕਿਸੇ ਦੇ ਉਤਾਰ ਵਾਂਗ ਹੋ ਜਾਵੇਗਾ! ਉਹ ਚੁੱਪ ਕਰ ਰਿਹਾ। ਉਹ ਬੈਜਨਾਥ ਤੋਂ ਬਿਹਾਰ ਵਿਚ ਲੋਕਾਂ ਦੀ ਗ਼ਰੀਬੀ ਬਾਰੇ ਪੁੱਛਦਾ ਰਿਹਾ ਤੇ ਮਨ ਹੀ ਮਨ ਰੱਬ ਦਾ ਧੰਨਵਾਦ ਕਰਦਾ ਰਿਹਾ ਕਿ ਉਸ ਨੇ ਉਸ ਨੂੰ ਬਿਹਾਰ ‘ਚ ਪੈਦਾ ਨਹੀਂ ਸੀ ਕੀਤਾ। ਉਨ੍ਹਾਂ ਲੋਕਾਂ ਦੀ ਜ਼ਿੰਦਗੀ ਤਾਂ ਪਸ਼ੂਆਂ ਨਾਲੋਂ ਵੀ ਬਦਤਰ ਸੀ। ਪਿੰਡਾਂ ਵਿਚ ਜ਼ਮੀਨਾਂ ਦੇ ਮਾਲਕ ਐਸੇ ਲੋਕ ਵੀ ਸਨ ਜਿਨ੍ਹਾਂ ਨੂੰ ਦੋ ਡੰਗ ਦੀ ਰੋਟੀ ਵੀ ਨਸੀਬ ਨਹੀਂ ਸੀ ਹੁੰਦੀ।
ਜਦੋਂ ਉਹ ਦੋਵੇਂ ਕਸਬੇ ਦੇ ਅੰਦਰ ਵੜੇ ਤਾਂ ਰਤਨ ਦੇਵ ਬੋਲਿਆ, “ਬੈਜਨਾਥ ਤੈਨੂੰ ਪਤਾ ਕਿ ਅੱਜ ਦੀਵਾਲੀ ਹੈ?”
“ਹਾਂ, ਬਾਬੂ ਜੀ, ਗ਼ਰੀਬ ਕੀ ਕਾਹਦੀ ਦੀਵਾਲੀ।” ਉਸ ਨੇ ਹਉਕਾ ਲਿਆ।
“ਤੁਸੀਂ ਬਿਹਾਰ ਵਿਚ ਮਨਾਉਂਦੇ ਹੁੰਦੇ ਹੋ ਦੀਵਾਲੀ?”
“ਹਾਂ ਬਾਬੂ ਜੀ, ਖੂਬ ਮਨਾਉਂਦੇ ਹਾਂ, ਮਠਿਆਈ ਖਾਂਦੇ ਹਾਂ, ਦੀਵੇ ਬਾਲਦੇ ਹਾਂ।”
“ਕਿਉਂ ਬਾਲਦੇ ਨੇ ਭਲਾ ਦੀਵੇ ਲੋਕ?”
“ਸ੍ਰੀ ਰਾਮ ਚੰਦਰ ਜੀ ਬਨਵਾਸ ਤੋਂ ਲੌਟੇ ਸੀ ਇਸੀ ਦਿਨ।”
“ਚੱਲ ਅੱਜ ਤੂੰ ਮੇਰੇ ਕੋਲ ਦੀਵਾਲੀ ਮਨਾ ਲਈਂ। ਤੈਨੂੰ ਸਭ ਕੁਝ ਮਿਲੂ।”
“ਨਹੀਂ ਬਾਬੂ ਜੀæææਤੁਸੀਂ ਮੇਰੇ ਭਰਾ ਤੇ ਚਾਚੇ ਨੂੰ ਮਿਲਾ ਦੇਵੋ। ਅਸੀਂ ਮਨਾਵਾਂਗੇ ਦੀਵਾਲੀ।”
“ਹਾਂ-ਹਾਂæææਕਿਉਂ ਨਹੀਂæææਤੂੰ ਫ਼ਿਕਰ ਨਾ ਕਰ।” ਰਤਨ ਦੇਵ ਹੱਸਿਆ।
ਰਤਨ ਦੇਵ ਭਗਵਾਨ ਦੀ ਲੀਲਾ ‘ਤੇ ਬੜਾ ਹੈਰਾਨ ਹੋ ਰਿਹਾ ਸੀ। ਦੀਵਾਲੀ ਤਾਂ ਰਾਤ ਨੂੰ ਹੋਣੀ ਸੀ, ਉਸ ਤੋਂ ਪਹਿਲਾਂ ਭਗਵਾਨ ਨੇ ਉਸ ਲਈ ਪਰਾਲੀ ‘ਚੋਂ ਮਜ਼ਦੂਰ ਕੱਢ ਦਿੱਤਾ ਸੀ। ਉਹ ਸੋਚ ਰਿਹਾ ਸੀ ਕਿ ਇਹ ਗ਼ਰੀਬੀ ਅਮੀਰੀ ਸਭ ਰੱਬ ਦੀ ਦੇਣ ਸੀ। ਜੇ ਗ਼ਰੀਬ ਨਾ ਹੋਣ ਤਾਂ ਅਮੀਰਾਂ ਦੇ ਕੰਮ ਕੌਣ ਕਰੇ? ਉਸ ਨੂੰ ਆਪਣੀ ਅਮੀਰੀ ‘ਤੇ ਮਾਣ ਹੋਣ ਲੱਗਿਆ। ਉਸ ਦੀ ਦੋ ਮੰਜ਼ਿਲੀ ਕੋਠੀ ਤਾਂ ਦੂਰੋਂ ਹੀ ਚਮਕਦੀ ਸੀ। ਗੱਡੀ, ਮੋਟਰਸਾਈਕਲ, ਸਕੂਟਰ, ਐਕਟਿਵਾ, ਕਿੰਨੇ ਹੀ ਵਾਹਨ ਸਨ ਉਨ੍ਹਾਂ ਕੋਲ। ਐਸ਼ੋ-ਇਸ਼ਰਤ ਦਾ ਸਭ ਸਾਮਾਨ ਉਨ੍ਹਾਂ ਦੇ ਘਰ ਵਿਚ ਮੌਜੂਦ ਸੀ। ਨੂੰਹ-ਪੁੱਤਰ ਦੋਵਾਂ ਦੀਆਂ ਤਨਖਾਹਾਂ, ਉਨ੍ਹਾਂ ਦੋਵਾਂ ਦੀਆਂ ਪੈਨਸ਼ਨਾਂ, ਹਰ ਮਹੀਨੇ ਬੈਂਕ ਵਿਆਜ਼ææਉਹ ਤਾਂ ਦੋ ਲੱਖ ਨੂੰ ਹੱਥ ਲਾਉਂਦੇ ਸਨ। ਮਾਸਟਰ ਰਤਨ ਦੇਵ ਜਿਹੋ-ਜਿਹਾ ਆਪ ਚੀਪੜ ਸੀ, ਹੌਲੀ-ਹੌਲੀ ਉਸ ਨੇ ਆਪਣੀ ਪਤਨੀ ਕਾਂਤਾ ਨੂੰ ਵੀ ਬਣਾ ਲਿਆ ਸੀ। ਉਸ ਦੇ ਪੁੱਤ ਨੇ ਵੀ ਉਨ੍ਹਾਂ ਦੇ ਕਦਮਾਂ ‘ਤੇ ਹੀ ਪੈਰ ਰੱਖੇ ਸਨ। ਉਨ੍ਹਾਂ ਨੂੰ ਨੂੰਹ ਵੀ ਭੁੱਖੀ ਰਹਿ ਕੇ ਜੋੜਨ ਵਾਲੀ ਮਿਲੀ ਸੀ। ਸਾਰੇ ਟੱਬਰ ਦੀ ਹੀ ਸੋਚ ਸੀ ਕਿ ਜੇ ਪੈਸੇ ਨੂੰ ਉਡਾਉਣਾ ਸ਼ੁਰੂ ਕਰ ਦਿੱਤਾ ਜਾਵੇ ਤਾਂ ਉਹ ਬੰਦੇ ਨੂੰ ਹੀ ਉਡਾ ਦਿਆ ਕਰਦਾ ਹੈ। ਉਹ ਕੋਈ ਵੀ ਸੌਦਾ ਪੱਤਾ ਖਰੀਦਣ ਲੱਗੇ ਕਈ-ਕਈ ਦੁਕਾਨਾਂ ਤੋਂ ਭਾਅ ਪੁੱਛਦੇ। ਜੋ ਭਾਅ ਦੱਸਿਆ ਜਾਂਦਾ, ਉਸ ਨੂੰ ਘੱਟ ਕਰਾਉਣ ਦੀ ਕੋਸ਼ਿਸ਼ ਕਰਦੇ। ਜੇ ਰਿਕਸ਼ੇ ਵਾਲਾ ਵੀ ਪੰਦਰਾਂ ਰੁਪਏ ਮੰਗਦਾ ਤਾਂ ਉਹ ਮਿੰਨਤਾਂ-ਤਰਲੇ ਕਰ ਕੇ ਉਸ ਨੂੰ ਦਸਾਂ ‘ਚ ਰਾਜ਼ੀ ਕਰ ਲੈਂਦੇ। ਉਹ ਘਰ ਆਏ ਮਹਿਮਾਨ ਨੂੰ ਪਾਣੀ ਪਿਲਾ ਕੇ ਪੁੱਛਦੇ, “ਦੇਰ ਤਾਂ ਲੱਗਣੀ ਨੀ, ਚਾਹ ਦਾ ਕੱਪ ਪੀ ਲੈਂਦੇ।”
ਉਹ ਘਰ ਪੁੱਜੇ ਤਾਂ ਉਸ ਦਾ ਬੇਟਾ, ਨੂੰਹ ਤੇ ਬੱਚੇ ਆਪਣੀ ਗੱਡੀ ਵਿਚ ਉਸ ਦੇ ਕੁੜਮਾਂ ਨੂੰ ਮਿਲਣ ਲੁਧਿਆਣੇ ਜਾ ਚੁੱਕੇ ਸਨ। ਉਸ ਦੇ ਕੁੜਮ ਦੀ ਉਥੇ ਬਹੁਤ ਵੱਡੀ ਹਲਵਾਈ ਦੀ ਦੁਕਾਨ ਸੀ। ਜਦ ਤੋਂ ਉਸ ਨੇ ਮੁੰਡਾ ਵਿਆਹਿਆ ਸੀ, ਹਰ ਤਿਓਹਾਰ ਨੂੰ ਉਹ ਸਹੁਰੇ ਘਰ ਗੇੜਾ ਲਾ ਕੇ ਆਇਆ ਕਰਦਾ ਸੀ। ਸ਼ੁੱਧ ਅਤੇ ਮੁਫ਼ਤ ਮਠਿਆਈ ਉਥੋਂ ਹੀ ਮਿਲ ਸਕਦੀ ਸੀ। ਦੀਵਾਲੀ ਸਮੇਂ ਤਾਂ ਉਹ ਮਠਿਆਈ ਹੀ ਨਹੀਂ, ਸਾਰੀ ਆਤਿਸ਼ਬਾਜ਼ੀ ਵੀ ਖਰੀਦ ਕੇ ਉਨ੍ਹਾਂ ਨੂੰ ਦੇ ਦਿਆ ਕਰਦੇ ਸਨ। ਆਪਣੇ ਪਤੀ ਨਾਲ ਤੁਰੇ ਆਉਂਦੇ ਮਜ਼ਦੂਰ ਨੂੰ ਦੇਖ ਕਾਂਤਾ ਦੇਵੀ ਸਾਰੀ ਕਹਾਣੀ ਸਮਝ ਗਈ। ਰਤਨ ਦੇਵ ਨੇ ਮੁਸਕਰਾ ਕੇ ਇਸ਼ਾਰਾ ਕੀਤਾ ਤੇ ਫਿਰ ਅੰਗਰੇਜ਼ੀ ‘ਚ ਦੱਸਿਆ ਕਿ ਕੰਮ ਦਾ ਬੰਦਾ ਉਸ ਨੇ ਲੱਭ ਲਿਆ ਸੀ। ਉਸ ਦਾ ਨਾਂ ਬੈਜਨਾਥ ਸੀ। ਬੈਜਨਾਥ ਨਾਲ ਘਰ ਦੀ ਸਫ਼ਾਈ ਕਰਾਉਣ ਲਈ ਅਜੇ ਕੋਈ ਗੱਲ ਨਾ ਕੀਤੀ ਜਾਵੇ। ਪਹਿਲਾਂ ਉਸ ਨੂੰ ਰੱਜਵੀਂ ਰੋਟੀ ਖੁਆਈ ਜਾਵੇ। ਫਿਰ ਲੱਡੂਆਂ ਨਾਲ ਚਾਹ ਪਿਲਾਈ ਜਾਵੇ। ਫਿਰ ਕੰਮ ਨੂੰ ਜੋੜਿਆ ਜਾਵੇ।
“ਤੁਸੀਂ ਬੜੇ ਸ਼ੈਤਾਨ ਹੋ। ਇਹ ਕਿੱਥੋਂ ਅਗਵਾ ਕਰ ਕੇ ਲਿਆਏ ਹੋ?” ਉਸ ਦੀ ਪਤਨੀ ਹੱਸਦੀ ਹੋਈ ਅੰਗਰੇਜ਼ੀ ‘ਚ ਬੋਲੀ।
“ਭਗਵਾਨ ਰਾਮ ਚੰਦਰ ਜੀ ਦੀ ਕਿਰਪਾ ਹੋਈ ਏ ਕਾਂਤਾ। ਉਹ ਜਾਣੀ ਜਾਣ ਨੇ। ਸਾਡੀ ਤਕਲੀਫ਼ ਦਾ ਉਨ੍ਹਾਂ ਨੂੰ ਸਭ ਪਤਾ ਏ। ਬੱਸ ਅਕਾਸ਼ ਵਿਚੋਂ ਹੀ ਉਨ੍ਹਾਂ ਨੇ ਇਹ ਬੰਦਾ ਮੇਰੇ ਮੂਹਰੇ ਸੁੱਟ ਦਿੱਤਾ।” ਰਤਨ ਦੇਵ ਅੰਗਰੇਜ਼ੀ ਵਿਚ ਬੋਲਿਆ।
ਅਮੀਰ ਲੋਕਾਂ ਦੇ ਸਾਰੇ ਦਾਅ-ਪੇਚਾਂ ਨੂੰ ਜਾਣਨ ਵਾਲੀ ਕਾਂਤਾ ਰਾਣੀ ਕਿਹੜਾ ਘੱਟ ਸ਼ੈਤਾਨ ਸੀ। ਉਸ ਨੇ ਬੈਜਨਾਥ ਨੂੰ ਗੀਜ਼ਰ ‘ਚੋਂ ਕੱਢ ਕੇ ਗਰਮ ਪਾਣੀ ਦੀ ਪੂਰੀ ਭਰੀ ਬਾਲਟੀ ਵੀ ਦੇ ਦਿੱਤੀ ਤਾਂ ਕਿ ਉਹ ਆਪਣੇ ਹੱਥ ਮੂੰਹ ਤੇ ਪੈਰ ਚੰਗੀ ਤਰ੍ਹਾਂ ਧੋ ਲਵੇ। ਉਸ ਮਗਰੋਂ ਉਹ ਆਪਣੇ ਬੇਟੇ ਵੱਲੋਂ ਕੰਡਮ ਕਰ ਕੇ ਸੁੱਟੀ ਹੋਈ ਕੋਟੀ ਵੀ ਚੁੱਕ ਲਿਆਈ। ਕੋਟੀ ਪਹਿਨ ਕੇ ਬੈਜਨਾਥ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਖੁੱਲ੍ਹੀ-ਡੁੱਲ੍ਹੀ ਅਤੇ ਲੰਮੀ ਕੋਟੀ ਨੇ ਉਸ ਦੀ ਸਾਰੀ ਠੰਢ ਜਜ਼ਬ ਕਰ ਲਈ। ਐਨੇ ਨੂੰ ਕੰਮ ਵਾਲੀ ਵੀ ਆ ਗਈ। ਉਸ ਨੂੰ ਕਹਿ ਕੇ ਉਸ ਨੇ ਬੈਜਨਾਥ ਲਈ ਅੱਠ ਰੋਟੀਆਂ ਬਣਵਾ ਦਿੱਤੀਆਂ। ਦਾਲ ਨਾਲ ਭਰਿਆ ਕੌਲਾ ਤਾਂ ਪਹਿਲਾਂ ਹੀ ਫਰਿੱਜ ਵਿਚ ਪਿਆ ਸੀ, ਉਹ ਵੀ ਗਰਮ ਕਰ ਦਿੱਤਾ। ਰੋਟੀ ਖਾ ਕੇ ਬੈਜਨਾਥ ਨਿਹਾਲ ਹੋ ਗਿਆ। ਕਾਂਤਾ ਨੇ ਦੋ ਲੱਡੂ ਅਤੇ ਚਾਹ ਨਾਲ ਪੂਰਾ ਭਰਿਆ ਗਿਲਾਸ ਵੀ ਉਸ ਲਈ ਲਿਆ ਦਿੱਤੇ। ਰਤਨ ਦੇਵ ਹੱਸ ਕੇ ਅੰਗਰੇਜ਼ੀ ‘ਚ ਬੋਲਿਆ, “ਐਨਾ ਖੁਆ ਕੇ ਹੁਣ ਤੂੰ ਉਸ ਤੋਂ ਕੰਮ ਦੀ ਆਸ ਨਾ ਰੱਖੀਂ। ਇਹਨੇ ਸੌਂ ਜਾਣਾ ਏਂ। ਪਰਾਲੀ ‘ਚ ਜਾਗ ਕੇ ਰਾਤ ਕੱਟੀ ਏ ਉਸ ਨੇ।”
ਕਾਂਤਾ ਰਾਣੀ ਹੱਸ ਪਈ ਤੇ ਅੰਗਰੇਜ਼ੀ ਵਿਚ ਕਹਿਣ ਲੱਗੀ, “ਮੌਤ ਤੋਂ ਹੱਡ ਛੁਡਾ ਸਕਦਾ ਏ, ਪਰ ਮੈਂ ਨੀ ਹੁਣ ਇਹਨੂੰ ਛੱਡਣ ਲੱਗੀ।”
ਕੋਟੀ ਦੇ ਪਿੱਛੇ ਹੱਥ ਪੂੰਝ ਕੇ ਬੈਜਨਾਥ ਬੋਲਿਆ, “ਹੁਣ ਮੈਨੂੰ ਛੱਡ ਆਓ ਜੀ।”
“ਛੱਡਾਂਗਾæææਕਾਹਲਾ ਕਿਉਂ ਪੈਂਦਾ ਏਂ। ਪਹਿਲਾਂ ਥੋੜ੍ਹਾ ਕੰਮ ਕਰਵਾ ਲਈਏ ਤੇਰੇ ਕੋਲੋਂ।”
“ਦੱਸੋ ਜੀ, ਕੀ ਕਰਨਾ ਏ?” ਉਹ ਬੋਲਿਆ।
ਉਹ ਉਸ ਨੂੰ ਕਮਰੇ ‘ਚ ਲੈ ਗਿਆ। ਉਸ ਨੂੰ ਇੱਕ ਗਿੱਲਾ ਕੱਪੜਾ ਦਿੰਦਿਆਂ ਮੇਜ਼ ‘ਤੇ ਚੜ੍ਹ ਕੇ ਪੱਖਾ ਸਾਫ਼ ਕਰਨ ਲਈ ਕਿਹਾ। ਬੈਜਨਾਥ ਨੇ ਇਹ ਕੰਮ ਖ਼ੁਸ਼ੀ-ਖ਼ੁਸ਼ੀ ਕਰ ਦਿੱਤਾ। ਫਿਰ ਉਹ ਉਸ ਨੂੰ ਦੂਜੇ ਕਮਰੇ ਵਿਚ ਲੈ ਗਿਆ। ਇੱਕ-ਇੱਕ ਕਰਕੇ ਸਾਰੇ ਕਮਰਿਆਂ ਦੇ ਪੱਖੇ ਸਾਫ਼ ਹੋ ਗਏ। ਕੁੱਲ ਪੱਚੀ ਪੱਖੇ ਸਨ ਜਿਹੜੇ ਬੈਜਨਾਥ ਨੇ ਲਿਸ਼ਕਾ ਦਿੱਤੇ।
“ਹੁਣ ਮੈਨੂੰ ਛੱਡ ਆਓ ਜੀ।” ਉਹ ਰਤਨ ਦੇਵ ਵੱਲ ਦੇਖਦਾ ਹੋਇਆ ਬੋਲਿਆ।
“ਇੱਧਰ ਆਓ।” ਰਤਨ ਦੇਵ ਉਸ ਨੂੰ ਮੁੜ ਪਹਿਲੇ ਕਮਰੇ ‘ਚ ਲੈ ਗਿਆ। ਕੰਮ ਵਾਲੀ ਨੂੰ ਕਾਂਤਾ ਦੇਵੀ ਨੇ ਪਤਾ ਨਹੀਂ ਕੀ ਦਿੱਤਾ ਕਿ ਉਹ ਵੀ ਉਸ ਕੋਲ ਆ ਗਈ। ਜਿਵੇਂ ਰਤਨ ਦੇਵ ਨੇ ਦੱਸਿਆ, ਉਹ ਪਾਣੀ ਦੀ ਪਾਈਪ ਨਾਲ ਕੰਧਾਂ ਅਤੇ ਫ਼ਰਸ਼ ਨੂੰ ਧੋਣ ਲੱਗ ਪਏ। ਕਮਰੇ ਮੁੱਕੇ ਤਾਂ ਬਾਥਰੂਮ ਅਤੇ ਫਲੱਸ਼ਾਂ ਦੀ ਵਾਰੀ ਆ ਗਈ। ਉਨ੍ਹਾਂ ਦੋਵਾਂ ਨੇ ਹੀ ਰਸੋਈ ਖਾਲੀ ਕਰ ਕੇ ਧੋ ਦਿੱਤੀ ਤੇ ਸਾਰੇ ਭਾਂਡੇ ਮਾਂਜ ਦਿੱਤੇ। ਬੈਜਨਾਥ ਬੜਾ ਫੁਰਤੀਲਾ ਤੇ ਕਾਮਾ ਨਿਕਲਿਆ। ਦੋ ਕੁ ਵਜੇ ਕਾਂਤਾ ਦੇਵੀ ਨੇ ਦੋਵਾਂ ਨੂੰ ਚਾਹ ਪੀਣ ਲਈ ਆਵਾਜ਼ ਮਾਰ ਲਈ। ਚਾਹ ਨਾਲ ਬਿਸਕੁਟ ਵੀ ਧਰ ਦਿੱਤੇ। ਮਾਸਟਰ ਰਤਨ ਦੇਵ ਦੇ ਨੂੰਹ-ਪੁੱਤ ਵੀ ਮੁਫ਼ਤ ਦੇ ਸਾਮਾਨ ਨਾਲ ਵਾਪਸ ਆ ਗਏ ਸਨ।
“ਬਾਬੂ ਜੀ, ਹੁਣ ਮੈਨੂੰ ਛੱਡ ਆਓ ਜੀ।” ਬੈਜਨਾਥ ਬੋਲਿਆ।
“ਇਹ ਕਿੱਥੋਂ ਫੜ ਲਿਆਂਦਾ?” ਰਤਨ ਦੇਵ ਦੀ ਨੂੰਹ ਬੋਲੀ।
“ਸ੍ਰੀ ਰਾਮ ਚੰਦਰ ਜੀ ਨੇ ਹੀ ਭੇਜ ਦਿੱਤਾ। ਕੰਮ ਨੂੰ ਤਾਂ ਪੂਰਾ ਹਨੂੰਮਾਨ ਏ।” ਕਾਂਤਾ ਦੇਵੀ ਨੇ ਅੰਗਰੇਜ਼ੀ ‘ਚ ਦੱਸਿਆ।
“ਫੇਰ ਤਾਂ ਮੇਰੀ ਕਾਰ ਵੀ ਧੁਆ ਦਿਓ।” ਕਾਂਤਾ ਦਾ ਬੇਟਾ ਬੋਲਿਆ।
ਉਸ ਨੇ ਬੈਜਨਾਥ ਨੂੰ ਆਪਣੀ ਕਾਰ ਧੋਣ ਲਾ ਲਿਆ। ਉਸ ਨੇ ਹਰ ਜਗ੍ਹਾ ‘ਤੇ ਪਾਈਪ ਨਾਲ ਪਾਣੀ ਸੁੱਟਿਆ ਤੇ ਫਿਰ ਸਾਰੇ ਪਾਸੇ ਸਰਫ ਮਾਰਿਆ ਤੇ ਰਗੜਿਆ। ਗੱਡੀ ਦਾ ਕੰਮ ਮੁੱਕਿਆ ਤਾਂ ਰਤਨ ਦੇਵ ਨੇ ਸਕੂਟਰ ਤੇ ਮੋਟਰਸਾਈਕਲ ਗਲੀ ਵਿਚ ਕੱਢ ਦਿੱਤੇ ਤੇ ਉਸ ਨੂੰ ਧੋਣ ਲਈ ਕਿਹਾ। ਉਹ ਲੱਗਿਆ ਰਿਹਾ। ਇਹ ਕੰਮ ਮੁਕਾ ਕੇ ਉਸ ਨੇ ਤਰਲੇ ਜਿਹੇ ਨਾਲ ਰਤਨ ਦੇਵ ਵੱਲ ਦੇਖਿਆ ਤੇ ਬੋਲਿਆ, “ਬਾਬੂ ਜੀ, ਬਹੁਤ ਲੇਟ ਹੋ ਗਿਆ ਹਾਂ। ਮੇਰਾ ਭਰਾ ਤੇ ਚਾਚਾ ਲੱਭ ਰਹੇ ਹੋਣਗੇ। ਹੁਣ ਮੈਨੂੰ ਛੱਡ ਆਓ।”
“ਛੱਡਦੇ ਹਾਂæææਛੱਡਦੇ ਹਾਂæææਅਜੇ ਤਾਂ ਦਿਨ ਖੜ੍ਹਾ ਏ। ਬੱਸ ਇੱਕ ਸਟੋਰ ਰਹਿ ਗਿਆ। ਘੰਟਾ ਵੀ ਨਹੀਂ ਲੱਗਣਾ।” ਉਹ ਬੋਲਿਆ।
ਬੈਜਨਾਥ ਨੇ ਸਟੋਰ ਦਾ ਸਾਮਾਨ ਵੀ ਬਾਹਰ ਕੱਢ ਦਿੱਤਾ ਤੇ ਸਟੋਰ ਦੀ ਸਫ਼ਾਈ ਕਰ ਦਿੱਤੀ। ਕਾਂਤਾ ਦੇਵੀ ਨੇ ਕੁਝ ਮਠਿਆਈ, ਖਿੱਲਾਂ, ਖਿਡਾਉਣੇ ਦੇ ਕੇ ਕੰਮ ਵਾਲੀ ਨੂੰ ਪਹਿਲਾਂ ਹੀ ਤੋਰ ਦਿੱਤਾ ਸੀ। ਉਸ ਨੇ ਬੈਜਨਾਥ ਦਾ ਮੋਢਾ ਥਾਪੜਿਆ ਤੇ ਬੋਲੀ, “ਸ਼ਾਬਾਸ਼ ਬੇਟਾ, ਤੂੰ ਬਹੁਤ ਕਾਮਾ ਮੁੰਡਾ ਏਂ। ਘਰ ਤਾਂ ਤੈਨੂੰ ਪਤਾ ਲੱਗ ਹੀ ਗਿਆ। ਚੱਕਰ ਮਾਰ ਜਾਇਆ ਕਰੀਂ।”
ਪੰਜ ਵੱਜ ਗਏ ਸਨ ਤੇ ਸਾਰਾ ਕੰਮ ਵੀ ਟਿਚਨ ਹੋ ਗਿਆ ਸੀ। ਰਤਨ ਦੇਵ ਨੇ ਸਕੂਟਰ ਨੂੰ ਕੱਪੜਾ ਫੇਰਿਆ ਤੇ ਬੋਲਿਆ, “ਚੱਲ ਬਈ ਬੈਜਨਾਥ, ਲੱਭੀਏ ਰਣਧੀਰ ਸਿੰਘ ਸਰਪੰਚ ਦੀ ਮੋਟਰ।”
ਉਸ ਨੇ ਸਕੂਟਰ ਨੂੰ ਕਿੱਕ ਮਾਰੀ ਤਾਂ ਉਸ ਦੀ ਪਤਨੀ ਲੱਡੂਆਂ ਦਾ ਡੱਬਾ ਸਕੂਟਰ ਦੀ ਟੋਕਰੀ ‘ਚ ਰੱਖਦੀ ਅੰਗਰੇਜ਼ੀ ‘ਚ ਬੋਲੀ, “ਲੱਡੂ ਨੇ। ਕਿਸੇ ਨੇ ਖਾਧੇ ਹੀ ਨਹੀਂ। ਝੱਕਰੀਆਂ ਵਾਲੇ ਦਿਨ ਦੇ ਪਏ ਨੇ। ਬੈਜਨਾਥ ਨੂੰ ਦੇ ਦੇਣੇ।”
ਬੈਜਨਾਥ ਨੇ ਰਸਤੇ ਵਿਚ ਦੱਸਿਆ ਕਿ ਉਹ ਸਕੂਟਰ ‘ਤੇ ਪਹਿਲੀ ਵਾਰੀ ਬੈਠਿਆ ਸੀ ਤੇ ਉਸ ਨੂੰ ਬਹੁਤ ਡਰ ਲੱਗ ਰਿਹਾ ਸੀ। ਪੰਦਰਾਂ ਕੁ ਮਿੰਟ ਵਿਚ ਹੀ ਉਹ ਰਣਧੀਰ ਸਿੰਘ ਦੀ ਮੋਟਰ ‘ਤੇ ਪੁੱਜ ਗਏ। ਬੈਜਨਾਥ ਦਾ ਭਰਾ ਤੇ ਚਾਚਾ ਮੋਟਰ ਦੇ ਚੁਬੱਚੇ ਵਿਚ ਸ਼ਲਗਮ ਧੋ ਰਹੇ ਸਨ। ਮੋਟਰ ਲਾਗੇ ਤਿੰਨ ਬੋਰੀਆਂ ਹਰੇ ਮਟਰਾਂ ਦੀਆਂ ਭਰੀਆਂ ਪਈਆਂ ਸਨ। ਪੱਲੀ ‘ਤੇ ਗੋਭੀ ਦੇ ਫੁੱਲਾਂ ਦਾ ਢੇਰ ਲੱਗਾ ਹੋਇਆ ਸੀ। ਬੈਜਨਾਥ ਨੂੰ ਦੇਖ ਕੇ ਦੋਵੇਂ ਜਣੇ ਦੌੜੇ ਆਏ ਤੇ ਉਸ ਨੂੰ ਆਪਣੇ ਨਾਲ ਘੁੱਟ ਲਿਆ। ਉਹ ਤਿੰਨੋਂ ਹੀ ਰੋਣ ਲੱਗ ਪਏ ਸਨ। ਰਤਨ ਦੇਵ ਨੇ ਉਨ੍ਹਾਂ ਨੂੰ ਚੁੱਪ ਕਰਾਇਆ। ਉਨ੍ਹਾਂ ਨੇ ਦੱਸਿਆ ਕਿ ਉਹ ਕੱਲ੍ਹ ਦੇ ਹੀ ਬੈਜਨਾਥ ਨੂੰ ਲੱਭਦੇ ਫਿਰ ਰਹੇ ਸਨ ਤੇ ਅੱਜ ਬਾਅਦ ਦੁਪਹਿਰ ਹੀ ਬੜੇ ਪ੍ਰੇਸ਼ਾਨ ਹੋ ਕੇ ਮੋਟਰ ‘ਤੇ ਵਾਪਸ ਆਏ ਸਨ। ਉਨ੍ਹਾਂ ਨੇ ਤਾਂ ਦੀਵਾਲੀ ਮਨਾਉਣ ਲਈ ਕੁਝ ਨਹੀਂ ਸੀ ਲਿਆਂਦਾ। ਰਤਨ ਦੇਵ ਨੇ ਸਕੂਟਰ ਦੀ ਟੋਕਰੀ ਵਿਚੋਂ ਲੱਡੂਆਂ ਵਾਲਾ ਡੱਬਾ ਚੁੱਕ ਕੇ ਬੈਜਨਾਥ ਦੇ ਚਾਚੇ ਨੂੰ ਫੜਾਇਆ ਤੇ ਬੋਲਿਆ, “ਆਹ ਲਓ, ਬੈਜਨਾਥ ਆ ਗਿਆ ਏ, ਮਠਿਆਈ ਖਾਓ ਤੇ ਦੀਵਾਲੀ ਮਨਾਓ।”
ਫਿਰ ਰਤਨ ਦੇਵ ਨੇ ਖਾਲੀ ਥੈਲਾ ਆਪਣੇ ਸਕੂਟਰ ਦੀ ਡਿੱਗ਼ੀ ‘ਚੋਂ ਕੱਢਿਆ ਤੇ ਬੈਜਨਾਥ ਦੇ ਚਾਚੇ ਨੂੰ ਫੜਾਉਂਦਾ ਬੋਲਿਆ, “ਇਹਦੇ ‘ਚ ਮਟਰ, ਸ਼ਲਗਮ ਤੇ ਮੂਲੀਆਂ ਪਾ ਦਵੋ। ਦੋ ਦਿਨ ਅਸੀਂ ਵੀ ਤਾਜ਼ੀ ਸਬਜ਼ੀ ਖਾ ਲਵਾਂਗੇ।”
ਬੈਜਨਾਥ ਦਾ ਚਾਚਾ ਉਸ ਦੇ ਅੱਗੇ ਝੁਕ ਹੀ ਗਿਆ। ਬੈਜਨਾਥ ਨੂੰ ਉਨ੍ਹਾਂ ਕੋਲ ਲਿਆ ਕੇ ਰਤਨ ਦੇਵ ਨੇ ਜੋ ਅਹਿਸਾਨ ਕੀਤਾ ਸੀ, ਉਸ ਅੱਗੇ ਇਹ ਸਬਜ਼ੀ ਕੀ ਚੀਜ਼ ਸੀ!

Be the first to comment

Leave a Reply

Your email address will not be published.