ਸਰਕਾਰੀ ਤਾਲਾਬੰਦੀ ਟਰੰਪ ਲਈ ਵੱਡੀ ਚੁਣੌਤੀ

ਵਾਸ਼ਿੰਗਟਨ: ਸੈਨੇਟ ਵੱਲੋਂ ਖਰਚਾ ਬਿੱਲ ਖਾਰਜ ਕਰਨ ਨਾਲ ਬੀਤੇ ਪੰਜ ਸਾਲਾਂ ਵਿਚ ਪਹਿਲੀ ਵਾਰ ਅਮਰੀਕੀ ਸਰਕਾਰ ਦਾ ਕੰਮ ਅਧਿਕਾਰਤ ਤੌਰ ‘ਤੇ ਤਿੰਨ ਦਿਨ ਠੱਪ ਰਿਹਾ। ਡੋਨਲਡ ਟਰੰਪ ਵੱਲੋਂ ਭਾਵੇਂ ਸਰਕਾਰੀ ਖਰਚ ਨਾਲ ਸਬੰਧਤ ਇਕ ਥੋੜ੍ਹੇ ਸਮੇਂ ਦੇ ਬਿੱਲ ਉਤੇ ਸਹੀ ਪਾਉਣ ਨਾਲ ਕੰਮਕਾਜ ਮੁੜ ਲੀਹਾਂ ‘ਤੇ ਪੈ ਗਿਆ, ਪਰ ਟਰੰਪ ਸਰਕਾਰ ਦੀਆਂ ਮੁਸ਼ਕਿਲਾਂ ਬਰਕਰਾਰ ਹਨ। ਨਵੇਂ ਬਿੱਲ ਦੀ ਮਿਆਦ ਅੱਠ ਫਰਵਰੀ ਤੱਕ ਰਹੇਗੀ ਤੇ ਉਦੋਂ ਤੱਕ ਟਰੰਪ ਸਰਕਾਰ ਨੂੰ ਸਰਕਾਰੀ ਕੰਮਕਾਜ ਲਈ ਫੰਡ ਮਿਲਦੇ ਰਹਿਣਗੇ।

ਸੈਨੇਟ ਵਿਚ ਇਹ ਖਰਚਾ ਬਿੱਲ 81-18, ਜਦਕਿ ਪ੍ਰਤੀਨਿਧ ਸਭਾ ਵਿਚ 266-150 ਨਾਲ ਪਾਸ ਹੋਇਆ। ਇਸ ਬਿੱਲ ਤਹਿਤ ਸਰਕਾਰ ਨੂੰ ਆਪਣਾ ਖਰਚਾ ਚਲਾਉਣ ਲਈ ਅੱਠ ਫਰਵਰੀ ਤੱਕ ਹੀ ਫੰਡ ਮਿਲਣਗੇ ਤੇ ਇਸ ਤਰੀਕ ਤੋਂ ਪਹਿਲਾਂ ਡੈਮੋਕਰੈਟਾਂ ਤੇ ਰਿਪਬਲਿਕਨਾਂ ਨੂੰ ਇਕ ਦੂਜੇ ਨਾਲ ਸਹਿਮਤੀ ਬਣਾਉਂਦਿਆਂ ਸਮੱਸਿਆ ਦਾ ਕੋਈ ਚਿਰਕਾਲੀ ਹੱਲ ਕੱਢਣਾ ਹੋਵੇਗਾ। ਹਾਲਾਂਕਿ ਟਰੰਪ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਦੀ ਸਰਕਾਰ ਗੈਰਕਾਨੂੰਨੀ ਆਵਾਸ ਦੀ ਸਮੱਸਿਆ ਸੁਲਝਾਉਣ ਲਈ ਕੰਮ ਕਰੇਗੀ ਅਤੇ ਜੇ ਮੁਲਕ ਲਈ ਚੰਗਾ ਹੋਇਆ ਤਾਂ ਉਹ ਆਵਾਸ ਨੂੰ ਲੈ ਕੇ ਲੰਮੇ ਸਮੇਂ ਦਾ ਸਮਝੌਤਾ ਕਰਨਗੇ। ਦੱਸ ਦਈਏ ਕਿ ਕਿ ਖਰਚਾ ਬਿੱਲ ਪਾਸ ਹੋਣ ਨਾਲ ਹਜ਼ਾਰਾ ਸੰਘੀ ਮੁਲਾਜ਼ਮਾਂ ਨੇ ਵੀ ਸੁੱਖ ਦਾ ਸਾਹ ਲਿਆ ਹੈ। ਇਨ੍ਹਾਂ ਸਰਕਾਰੀ ਮੁਲਾਜ਼ਮਾਂ ਨੂੰ ਸਰਕਾਰੀ ਖਜ਼ਾਨੇ ਦੀ ਤਾਲਾਬੰਦੀ ਕਰ ਕੇ ਘਰਾਂ ‘ਚ ਬੈਠਣ ਲਈ ਮਜਬੂਰ ਹੋਣਾ ਪਿਆ ਸੀ। ਸਾਲ 1990 ਤੋਂ ਬਾਅਦ ਇਹ ਚੌਥੀ ਵਾਰ ਹੈ ਜਦੋਂ ਖਰਚਾ ਬਿੱਲ ਖਾਰਜ ਹੋਣ ਕਰ ਕੇ ਅਮਰੀਕੀ ਸਰਕਾਰ ਦਾ ਕੰਮਕਾਜ ਅਧਿਕਾਰਤ ਤੌਰ ਉਤੇ ਠੱਪ ਹੋਇਆ ਹੈ। ਇਸ ਤੋਂ ਪਹਿਲਾਂ 2013 ਵਿਚ ਹੋਈ ਕੰਮ ਬੰਦੀ 16 ਦਿਨ ਜਦੋਂ ਕਿ ਇਸ ਤੋਂ ਵੀ ਪਹਿਲਾਂ 1996 ਵਿਚ ਹੋਈ ਬੰਦੀ 21 ਦਿਨ ਚੱਲੀ ਸੀ। ਇਤਿਹਾਸ ਵਿਚ ਪਹਿਲੀ ਵਾਰ ਹੈ ਕਿ ਇਹ ਕੰਮ ਬੰਦੀ ਉਦੋਂ ਹੋਈ ਜਦੋਂ ਦੋਵੇਂ ਸਦਨਾਂ ਅਤੇ ਸੈਨੇਟ ਦੇ ਨਾਲ ਨਾਲ ਵ੍ਹਾਈਟ ਹਾਊਸ ‘ਤੇ ਇਕੋ ਪਾਰਟੀ ਦਾ ਕੰਟਰੋਲ ਹੈ।