ਸਰਹੱਦ ਉਤੇ ਰਿਹਾਇਸ਼ੀ ਇਲਾਕਿਆਂ ਨੂੰ ਬਣਾਇਆ ਨਿਸ਼ਾਨਾ
ਸ੍ਰੀਨਗਰ: ਭਾਰਤ ਅਤੇ ਪਾਕਿਸਤਾਨ ਵਿਚਾਲੇ ਸਰਹੱਦ ਉਤੇ ਅਣਐਲਾਨੀ ਜੰਗ ਵਾਲਾ ਮਾਹੌਲ ਹੈ। ਦੋਵਾਂ ਦੇਸ਼ਾਂ ਦੀਆਂ ਫੌਜਾਂ ਵੱਲੋਂ ਇਕ ਦੂਜੇ ਦੇ ਰਿਹਾਇਸ਼ੀ ਇਲਾਕਿਆਂ ‘ਤੇ ਅੰਨ੍ਹੇਵਾਹ ਗੋਲੇ ਦਾਗੇ ਜਾ ਰਹੇ ਹਨ। ਜੰਮੂ ਕਸ਼ਮੀਰ ਵਿਚ ਇਕ ਹਫਤੇ ਵਿਚ 18 ਜਣੇ ਪਾਕਿਸਤਾਨੀ ਫੌਜ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ ਹਨ। ਪਾਕਿਸਤਾਨ ਵੱਲੋਂ ਵੀ ਭਾਰਤ ‘ਤੇ ਉਸ ਦੇ ਆਮ ਨਾਗਰਿਕਾਂ ਨੂੰ ਮਾਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਜੰਗ ਵਰਗੇ ਹਾਲਾਤ ਨੂੰ ਵੇਖਦਿਆਂ ਕੌਮਾਂਤਰੀ ਰੇਖਾ ਸੁਚੇਤਗੜ੍ਹ, ਅਬਦੱਲੀਆ, ਕੋਰਟਾਨਾ ਖੁਰਦ ਇਲਾਕੇ ‘ਚ ਤੋਪਾਂ ਤੇ ਹੋਰ ਮਾਰੂ ਹਥਿਆਰਾਂ ਦੀ ਤਾਇਨਾਤੀ ਕਰ ਦਿੱਤੀ ਗਈ।
ਪਾਕਿਸਤਾਨ ਵੱਲੋਂ ਰਿਹਾਇਸ਼ੀ ਇਲਾਕਿਆਂ ‘ਚ ਕੀਤੀ ਗਈ ਗੋਲੀਬਾਰੀ ‘ਚ 100 ਤੋਂ ਵੱਧ ਮਕਾਨਾਂ ਦਾ ਨੁਕਸਾਨ ਹੋਇਆ ਹੈ। ਸੁਚੇਤਗੜ੍ਹ ਸੈਕਟਰ ਤੋਂ ਲੈ ਕੇ ਅਖਨੂਰ ਸੈਕਟਰ, ਹਮੀਰਪੁਰ, ਪੁਣਛ ਦੇ ਕ੍ਰਿਸ਼ਨਾ ਘਾਟੀ, ਬਾਲਾਕੋਟ ਸੈਕਟਰ ਤੱਕ ਪਾਕਿਸਤਾਨੀ ਸੈਨਾ ਨੇ ਭਾਰੀ ਗੋਲੀਬਾਰੀ ਕੀਤੀ। ਸਰਹੱਦੀ ਇਲਾਕਿਆਂ ਦੇ ਪਿੰਡਾਂ ‘ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਇਹ ਗੋਲੀਬਾਰੀ ਉਦੋਂ ਵਧੀ ਜਦੋਂ ਭਾਰਤੀ ਫੌਜ ਵੱਲੋਂ ਪਾਕਿਸਤਾਨੀ ਪਾਸੇ ਹਮਲਾ ਕਰ ਕੇ ਮੇਜਰ ਸਮੇਤ ਸੱਤ ਫੌਜੀਆਂ ਨੂੰ ਮਾਰਨ ਤੇ ਚਾਰ ਹੋਰਨਾਂ ਨੂੰ ਜਖ਼ਮੀ ਕਰਨ ਦਾ ਦਾਅਵਾ ਕੀਤਾ ਗਿਆ। ਭਾਰਤੀ ਸੈਨਾ ਦਾ ਦਾਅਵਾ ਹੈ ਕਿ ਪੁਣਛ ਜ਼ਿਲ੍ਹੇ ਦੇ ਮੇਂਧੜ ਸੈਕਟਰ ‘ਚ ਪਾਕਿਸਤਾਨੀ ਫੌਜ ਵੱਲੋਂ ਗੋਲੀਬੰਦੀ ਦੀ ਉਲੰਘਣਾ ਦਾ ਭਾਰਤੀ ਫੌਜ ਨੇ ਮੂੰਹ-ਤੋੜ ਜਵਾਬ ਦਿੱਤਾ ਅਤੇ ਭਰਵੀਂ ਫਾਇਰਿੰਗ ਕਰ ਕੇ ਜੰਡਰੋਟ-ਕੋਟਲੀ ਖੇਤਰ ‘ਚ ਕਈ ਅਗਲੇਰੀਆਂ ਪਾਕਿਸਤਾਨੀ ਚੌਕੀਆਂ ਤਬਾਹ ਕਰ ਦਿੱਤੀਆਂ। ਪਾਕਿਸਤਾਨ ਨੇ ਇਸ ਘਟਨਾ ਖਿਲਾਫ਼ ਭਾਰਤੀ ਸਫਾਰਤੀ ਅਧਿਕਾਰੀਆਂ ਕੋਲ ਰੋਸ ਵੀ ਪ੍ਰਗਟਾਇਆ ਹੈ ਅਤੇ ਜਵਾਬੀ ਕਾਰਵਾਈ ਦੀ ਧਮਕੀ ਵੀ ਦਿੱਤੀ।
ਸਾਲ 2016 ਵਿਚ ਦੋਵਾਂ ਦੇਸ਼ ਵਿਚ ਅਜਿਹਾ ਮਾਹੌਲ ਉਦੋਂ ਬਣਿਆ ਸੀ ਜਦੋਂ ਜੈਸ਼-ਏ-ਮੁਹੰਮਦ ਨੇ ਉੜੀ ਸੈਕਟਰ ਵਿਚ 19 ਫੌਜੀਆਂ ਨੂੰ ਮਾਰ ਦਿੱਤਾ ਸੀ। ਇਸ ਪਿੱਛੋਂ ਭਾਰਤੀ ਫੌਜ ਨੇ ਪਾਕਿਸਤਾਨ ਸਰਹੱਦ ਪਾਰ ਕਰ ਕੇ ਅਤਿਵਾਦੀ ਟਿਕਾਣਿਆਂ ‘ਤੇ ਹਮਲਾ ਕੀਤਾ ਸੀ। ਪਿਛਲੇ ਵਰ੍ਹੇ ਦਸੰਬਰ ਮਹੀਨੇ ਪਾਕਿਸਤਾਨੀ ਸੈਨਾ ਨੇ ਰਾਜੌਰੀ ਜ਼ਿਲ੍ਹੇ ਵਿਚ ਭਾਰਤੀ ਫੌਜ ਦੀ ਇਕ ਗਸ਼ਤੀ ਟੁਕੜੀ ‘ਤੇ ਹਮਲਾ ਕਰ ਕੇ ਇਕ ਮੇਜਰ ਸਮੇਤ 4 ਜਵਾਨਾਂ ਨੂੰ ਮਾਰ ਦਿੱਤਾ ਸੀ।
ਸਰਹੱਦ ‘ਤੇ ਇਹ ਖੂਨੀ ਖੇਡ ਕੋਈ ਨਵੀਂ ਗੱਲ ਨਹੀਂ ਹੈ। ਸਰਕਾਰੀ ਅੰਕੜੇ ਦੱਸਦੇ ਹਨ ਕਿ ਬੀਤੇ ਤਿੰਨ ਵਰ੍ਹਿਆਂ ਵਿਚ ਵਾਦੀ ਵਿਚ ਅਤਿਵਾਦੀ ਘਟਨਾਵਾਂ ਵਿਚ 195 ਸੁਰੱਖਿਆ ਮੁਲਾਜ਼ਮਾਂ ਮਾਰੇ ਗਏ। ਜੰਮੂ ਕਸ਼ਮੀਰ ਸਰਕਾਰ ਨੇ 2017 ਦੀ ਸਾਲਾਨਾ ਰਿਪੋਰਟ ਵਿਚ ਦੱਸਿਆ ਹੈ ਕਿ ਪਿਛਲੇ ਸਾਲ ਕੁੱਲ 213 ਅਤਿਵਾਦੀ ਤੇ 51 ਆਮ ਲੋਕ ਮਾਰੇ ਗਏ। ਸਾਲ 2016 ਵਿਚ ਕੁੱਲ 150 ਅਤਿਵਾਦੀਆਂ ਨੂੰ ਮਾਰਿਆ ਗਿਆ ਸੀ।
____________________
ਫੌਜ ਮੁਖੀ ਦੀ ਧਮਕੀ ਨੇ ਵਧਾਇਆ ਤਣਾਅ
ਇਸਲਾਮਾਬਾਦ: ਭਾਰਤ ਤੇ ਪਾਕਿਸਤਾਨ ਫੌਜ ਮੁਖੀਆਂ ਵੱਲੋਂ ਇਕ ਦੂਜੇ ਨੂੰ ‘ਸਬਕ ਸਿਖਾਉਣ’ ਦੀਆਂ ਧਮਕੀਆਂ ਨੇ ਵੀ ਦੋਵਾਂ ਦੇਸ਼ਾਂ ਦੀਆਂ ਸਰਹੱਦਾਂ ‘ਤੇ ਤਣਾਅ ਵਧਾਇਆ ਹੈ। ਭਾਰਤ ਦੇ ਫੌਜ ਮੁਖੀ ਬਿਪਿਨ ਰਾਵਤ ਨੇ ਪਿਛਲੇ ਹਫਤੇ ਪਾਕਿਸਤਾਨ ਨੂੰ ਚਿਤਾਵਨੀ ਦਿੱਤੀ ਸੀ ਕਿ ਜੇ ਸਰਕਾਰ ਆਗਿਆ ਦੇਵੇ ਤਾਂ ਉਨ੍ਹਾਂ ਦੀ ਸੈਨਾ ਪਾਕਿ ਨੂੰ ਹਰ ਤਰ੍ਹਾਂ ਦਾ ਜਵਾਬ ਦੇਣ ਲਈ ਤਿਆਰ ਹੈ। ਪਾਕਿਸਤਾਨ ਵੱਲੋਂ ਵੀ ਅਜਿਹੇ ਬਿਆਨ ਲਗਾਤਾਰ ਦਿੱਤੇ ਜਾ ਰਹੇ ਹਨ।
_______________
ਲੋਕਾਂ ਵੱਲੋਂ ਸੁਰੱਖਿਅਤ ਥਾਂਵਾਂ ਵੱਲ ਕੂਚ
ਸ੍ਰੀਨਗਰ: ਭਾਰਤ ਪਾਕਿਸਤਾਨ ਸਰਹੱਦ ਨੇੜਲੇ ਪਿੰਡਾਂ ਵਿਚ ਸੁੰਨ ਪਸਰ ਗਈ ਹੈ। ਗੋਲੀਬਾਰੀ ਕਾਰਨ 40 ਹਜ਼ਾਰ ਤੋਂ ਵੱਧ ਲੋਕ ਘਰ-ਬਾਰ ਛੱਡ ਕੇ ਸੁਰੱਖਿਅਤ ਥਾਵਾਂ ਵੱਲ ਕੂਚ ਕਰ ਗਏ ਹਨ। 18 ਹਜ਼ਾਰ ਦੀ ਆਬਾਦੀ ਵਾਲੇ ਸ਼ਹਿਰ ਅਰਨੀਆ ਅਤੇ ਨੇੜਲੇ ਪਿੰਡਾਂ ਵਿਚ ਕੋਈ ਵਿਰਲਾ-ਟਾਂਵਾ ਵਿਅਕਤੀ ਹੀ ਮਿਲਦਾ ਹੈ, ਜੋ ਪਸ਼ੂਆਂ ਅਤੇ ਮਕਾਨਾਂ ਦੀ ਦੇਖ-ਭਾਲ ਲਈ ਰੁਕੇ ਹੋਏ ਹਨ।
ਪਾਕਿਸਤਾਨੀ ਗੋਲੀਬਾਰੀ ਕਾਰਨ ਸਰਹੱਦੀ ਪਿੰਡਾਂ ਵਿਚ ਜ਼ਿੰਦਗੀ ਰੁਕ ਗਈ ਹੈ। ਸਰਹੱਦੀ ਪਿੰਡਾਂ ਦੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਜਿਵੇਂ ਉਹ ਜੰਗ ਦੇ ਮੈਦਾਨ ਵਿਚ ਹਨ ਕਿਉਂਕਿ ਇਲਾਕੇ ਵਿਚ ਚੁਫੇਰੇ ਬੰਬਾਂ ਅਤੇ ਗੋਲੀਆਂ ਦੀ ਆਵਾਜ਼ ਗੂੰਜ ਰਹੀ ਹੈ। ਪਿੰਡਾਂ ਵਿਚ ਚੁਫੇਰੇ ਨੁਕਸਾਨ ਦਿਖਾਈ ਦੇ ਰਿਹਾ ਹੈ। ਫਰਸ਼ ਉਤੇ ਖੂਨ, ਟੁੱਟੀਆਂ ਖਿੜਕੀਆਂ, ਜ਼ਖ਼ਮੀ ਪਸ਼ੂ ਅਤੇ ਕੰਧਾਂ ਉਤੇ ਗੋਲੀਆਂ ਦੇ ਨਿਸ਼ਾਨ ਹਨ। ਬੁਲੇਟ-ਪਰੂਫ ਜੈਕੇਟਾਂ ਪਾਈ ਬੀ.ਐਸ਼ਐਫ਼ ਦੇ ਜਵਾਨ ਮੋਰਚਿਆਂ ‘ਤੇ ਡਟੇ ਹੋਏ ਹਨ। ਗੋਲੀਬਾਰੀ ਵਿਚ 131 ਪਸ਼ੂ ਮਾਰੇ ਗਏ ਹਨ ਅਤੇ 93 ਜ਼ਖ਼ਮੀ ਹੋਏ ਹਨ। 74 ਮਕਾਨ ਤੇ ਇਮਾਰਤਾਂ ਨੁਕਸਾਨੀਆਂ ਗਈਆਂ ਹਨ। ਜ਼ਿਆਦਾਤਰ ਸਰਹੱਦੀ ਲੋਕ ਆਪਣੇ ਰਿਸ਼ਤੇਦਾਰਾਂ ਕੋਲ ਰੁਕੇ ਹੋਏ ਹਨ ਅਤੇ 1000 ਤੋਂ ਵੱਧ ਵਿਅਕਤੀ ਸਰਕਾਰ ਵੱਲੋਂ ਬਣਾਏ ਕੈਂਪਾਂ ਵਿਚ ਰਹਿ ਰਹੇ ਹਨ।
ਪਠਾਨਕੋਟ ਦੇ ਸਰਹੱਦੀ ਖੇਤਰ ਵਿਚ ਵੀ ਖੌਫ ਦਾ ਮਾਹੌਲ ਹੈ। ਪਠਾਨਕੋਟ ਜ਼ਿਲ੍ਹੇ ਦੇ ਸਰਹੱਦੀ ਖੇਤਰ ਨਾਲ ਲੱਗਦੇ ਜੰਮੂ-ਕਸ਼ਮੀਰ ਦੇ ਕਠੂਆ ਖੇਤਰ ਵਿਚ ਪਾਕਿਸਤਾਨ ਵੱਲੋਂ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ। ਪਾਕਿਸਤਾਨ ਦੇ ਰੇਂਜਰਾਂ ਨੇ ਗੋਲੀਬੰਦੀ ਦੀ ਉਲੰਘਣਾ ਕੀਤੀ ਅਤੇ ਪੰਜਾਬ ਦੀ ਹੱਦ ਵਿਚ ਪੈਂਦੇ ਅਖੀਰਲੇ ਪਿੰਡ ਪਲਾਹ ਨਾਲ ਲੱਗਦੀ ਜੰਮੂ-ਕਸ਼ਮੀਰ ਦੀ ਹੱਦ ਦੇ ਪਿੰਡ ਪਹਾੜਪੁਰ-ਮੱਡਾ ਵਿਚ ਗੋਲੀਬਾਰੀ ਸ਼ੁਰੂ ਕਰ ਦਿੱਤੀ। ਪਾਕਿਸਤਾਨ ਵਾਲੇ ਪਾਸਿਉਂ ਹੋਈ ਗੋਲੀਬਾਰੀ ਨਾਲ ਜੰਮੂ-ਕਸ਼ਮੀਰ ਦੀ ਇਕ ਔਰਤ ਤੇ ਦੋ ਬੱਚੇ ਜ਼ਖ਼ਮੀ ਹੋ ਗਏ। ਗੋਲੀਬਾਰੀ ਕਾਰਨ ਬਮਿਆਲ ਸੈਕਟਰ ਦੇ ਸਰਹੱਦੀ ਪਿੰਡਾਂ ਪਲਾਹ, ਧਲੋਤਰ, ਕੋਟਲੀ, ਜਵਾਹਰ, ਸਕੋਲ ਛੈ ਢੀਂਡਾ ਆਦਿ ਵਿਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ।