-ਸਵਰਨ ਸਿੰਘ ਟਹਿਣਾ
ਫੋਨ: 91-98141-78883
ਇਕੱਲਿਆਂ ਰਹਿਣਾ ਹੁਣ ਉਸ ਦਾ ਸੁਭਾਅ ਵੀ ਏ ਤੇ ਮਜਬੂਰੀ ਵੀ। ਜਲੰਧਰ ਦੇ ਮਾਡਲ ਹਾਊਸ ਵਾਲੇ ਪਾਸੇ, ਜਿੱਥੇ ਕਦੇ ਸਕੂਲ ਚੱਲਦਾ ਹੁੰਦਾ ਸੀ, ਵਾਲੀ ਥਾਂ ਇਕ ਤੰਗ ਤੇ ਸਲਾਭੇ ਿਜਹੇ ਕਮਰੇ ਵਿਚ ਉਹ ਤੇ ਉਸ ਦੀ ਤਨਹਾਈ-ਦੋਵੇਂ ਰਹਿੰਦੇ ਨੇ। ਕੋਈ ਆਉਣ ਵਾਲਾ ਨਹੀਂ, ਕੋਈ ਬੁਲਾਉਣ ਵਾਲਾ ਨਹੀਂ, ਪੁੱਛਣ ਵਾਲਾ ਨਹੀਂ, ਕੋਈ ਦੱਸਣ ਵਾਲਾ ਨਹੀਂ। ਨਾ ਜਲੰਧਰ ਦਾ ਕੋਈ ਗਵੱਈਆ ਜਾਣਦੈ ਕਿ ਆਪਣੇ ਵੇਲੇ ਦੀ ਮਸ਼ਹੂਰ ਗਾਇਕਾ ਸ਼ਹਿਰ ਦੇ ਇਸ ਕੋਨੇ ‘ਚ ਰਹਿੰਦੀ ਏ ਤੇ ਨਾ ਹੀ ਕੋਈ ਹੋਰ। ਵਿਹਲ ਮਾਨਣ ਨਾਲੋਂ ਜ਼ਿਆਦਾ ਵਕਤ ਉਹ ਕੰਮ ‘ਚ ਮਸਤ ਰਹਿੰਦੀ ਏ, ਕਿਉਂਕਿ ਵਿਹਲ ਉਸ ਨੂੰ ਜ਼ਿੰਦਗੀ ਦੀਆਂ ਥੁੜ੍ਹਾਂ ਦਾ ਚੇਤਾ ਕਰਾ ਗੱਚ ਭਰਾ ਛੱਡਦੀ ਏ। ਮਿਲਣ ਆਏ ਨੂੰ ਪਹਿਲਾਂ ਉਹ ਸਵਾਲੀਆ ਨਜ਼ਰਾਂ ਨਾਲ ਦੇਖਦੀ ਏ ਤੇ ਫੇਰ ਛੋਟੇ ਜਿਹੇ ਸਵਾਲ ਦਾ ਲੰਮਾ ਸਾਰਾ ਜਵਾਬ ਦਿੰਦੀ ਨਹੀਂ ਥੱਕਦੀ। ਉਹ ਬਿਨਾਂ ਸਾਹ ਲਿਆਂ ਬੋਲਦੀ ਏæææਉਦੋਂ ਤੱਕ, ਜਿੰਨੀ ਦੇਰ ਵਿਚਾਲਿਓਂ ਟੋਕ ਇਹ ਨਾ ਕਹੀਏ, ‘ਭੈਣ ਜੀ, ਮੇਰਾ ਮਤਲਬ ਇਹ ਨਹੀਂæææਆਹ ਸੀæææ।’ ਤੇ ਫੇਰ ਉਹ ‘ਆਹ’ ਵਾਲੇ ਸਵਾਲ ਦਾ ਲੰਮਾ-ਚੌੜਾ ਜਵਾਬ ਦੇਣ ਲੱਗਦੀ ਏ।
ਨਾਂ ਹੈ ਉਸ ਦਾ ਚੰਦਰਕਾਂਤਾ ਕਪੂਰ, ਜਿਸ ਦੀ ਪਤਲੀ ਫ਼ਿਲਮੀ ਅਵਾਜ਼ ‘ਚ ਗਾਏ ਲੋਕ ਗੀਤ ਕਦੇ ਅਕਾਸ਼ਵਾਣੀ ਤੋਂ ਘਰ-ਘਰ ਵੱਜਦੇ ਸਨ। ਗੀਤ ਸੁਣ-ਸੁਣ ਲੋਕ ਚੰਦਰਕਾਂਤਾ ਨੂੰ ਦੇਖਣ ਦੀ ਹਸਰਤ ਪਾਲਣ ਲੱਗਦੇæææਕਿਹੋ ਜਿਹੀ ਹੋਏਗੀ ਉਹ, ਦਿਮਾਗ਼ ‘ਚ ਤਸਵੀਰਾਂ ਬਣਾਉਂਦੇ ਰਹਿੰਦੇ, ਪਰ ਅੱਜ ਉਸ ਦੀ ਜ਼ਿੰਦਗੀ ਮਾਰੂਥਲ ‘ਚ ਖੜ੍ਹੇ ਉਸ ਰੁੱਖ ਵਰਗੀ ਏ, ਜਿਸ ਦਾ ਹਾਲ-ਚਾਲ ਜਾਨਣ ਵਾਲਾ ਕੋਈ ਨਹੀਂ। ਵਕਤ ਦੇ ਝਮੇਲਿਆਂ ਨੇ ਉਸ ਨੂੰ ਅਜਿਹੇ ਤਜਰਬੇ ਕਰਾਏ, ਜਿਨ੍ਹਾਂ ਤੋਂ ਪਰਦਾ ਨਾ ਚੁੱਕਣ ‘ਚ ਹੀ ਉਹ ਭਲਾ ਸਮਝਦੀ ਏ। ਕਹਿੰਦੀ ਏ, ‘ਨਾ ਮੈਨੂੰ ਅੱਗੇ ਲਿਆਉਣ ਵਾਲਾ ਕੋਈ ਗੌਡਫਾਦਰ ਸੀæææਨਾ ਘਰਵਾਲਾæææਨਾ ਭਰਾ ਤੇ ਨਾ ਕੋਈ ਦੋਸਤ-ਮਿੱਤਰæææ, ਜਿੰਨਾ ਕੀਤਾ, ‘ਕੱਲੀ ਨੇ ਆਪਣੇ ਦਮ ‘ਤੇ ਕੀਤਾ ਅਤੇ ਅੱਜ ਸੱਭੇ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਣ ਤੇ ਚੰਗਾ ਗਾਉਣ ਦੇ ਬਾਵਜੂਦ ‘ਕੱਲੀ ਖੜ੍ਹੀ ਹਾਂ।’
ਸੱਠਾਂ ਨੂੰ ਢੁੱਕੀ ਚੰਦਰਕਾਂਤਾ ਦੇ ਨਾਂ ਬਾਰੇ ਕਦੇ ਨਹੀਂ ਸੀ ਸੁਣਿਆ। ਹਾਂ, ਇੱਕ ਵਾਰ ਪੂਰਨ ਸ਼ਾਹਕੋਟੀ ਹੁਰਾਂ ਆਪਣੇ ਗਾਇਕੀ ਸਫ਼ਰ ਦਾ ਜ਼ਿਕਰ ਕਰਦਿਆਂ ਕਿਹਾ ਸੀ, ‘ਚੰਦਰਕਾਂਤਾ ਭੈਣ ਜੀ ਨਾਲ ਇਕ ਰਿਕਾਰਡ ਕੀਤਾ ਸੀæææ।’ ਤੇ ਏਨੇ ਕੁ ਜ਼ਿਕਰ ਮਗਰੋਂ ਗੱਲ ਦਾ ਰੁਖ ਬਦਲ ਗਿਆ। ਪਰ ਸ਼ਾਹਕੋਟੀ ਕੋਲੋਂ ਸੁਣਿਆ ‘ਚੰਦਰਕਾਂਤਾ’ ਨਾਂ ਦਿਮਾਗ਼ ‘ਚ ਫਿੱਟ ਹੋ ਗਿਆ ਕਿ ਜਲੰਧਰ ‘ਚ ਇਸ ਨਾਂ ਦੀ ਕੋਈ ਗਾਇਕਾ ਸੀ, ਜਿਸ ਦੇ ਹੋਣ, ਨਾ ਹੋਣ ਬਾਰੇ ਕਿਸੇ ਨੂੰ ਨਹੀਂ ਪਤਾ, ਤੇ ਜੇ ਉਹ ਹੈ, ਤਾਂ ਕਿੱਥੇ? ਕਿਹੜੇ ਹਾਲ ਏ, ਕੋਈ ਨਹੀਂ ਜਾਣਦਾ।
ਦੋ ਕੁ ਮਹੀਨੇ ਪਹਿਲਾਂ ਕਿਸੇ ਸਾਹਿਤਕ ਸਮਾਗਮ ‘ਤੇ ਇਕ ਸੱਜਣ ਮਿਲਿਆ। ਕਹਿੰਦਾ, ‘ਤੁਸੀਂ ਤਾਂ ਕਲਾਕਾਰਾਂ ਬਾਰੇ ਲਿਖਦੇ ਰਹਿੰਦੇ ਓ, ਜਲੰਧਰ ਆਲੀ ਚੰਦਰਕਾਂਤਾ ਬਾਰੇ ਵੀ ਲਿਖ ਛੱਡੋ। ਵਿਚਾਰੀ ਲੋੜਵੰਦ ਵੀ ਏ ਤੇ ਗਾਉਂਦੀ ਹਾਲੇ ਵੀ ਕਮਾਲ ਦਾ ਏ।’
‘ਕੌਣ ਚੰਦਰਕਾਂਤਾ?’ ਮੂੰਹੋਂ ਸੁਭਾਵਕ ਨਿਕਲਿਆ।
‘ਲੋਕ ਗੀਤ ਗਾਉਂਦੀ ਰਹੀ ਏ, ਕਈ ਕਲਾਕਾਰਾਂ ਨਾਲ ਵੀ ਗਾਇਐ ਉਹਨੇ।’ ਜਵਾਬ ਮਿਲਿਆ।
ਸ਼ਾਹਕੋਟੀ ਕੋਲੋਂ ਸੁਣਿਆ ਜ਼ਿਕਰ ਇਕਦਮ ਤਾਜ਼ਾ ਹੋ ਗਿਆ ਤੇ ਮੂੰਹੋਂ ਨਿਕਲਿਆ, ‘ਕਿਤੇ ਉਹੀ ਚੰਦਰਕਾਂਤਾ ਤਾਂ ਨਹੀਂ, ਜੀਹਨੇ ਸ਼ਾਹਕੋਟੀ ਨਾਲ ਵੀ ਗਾਇਐ?’
‘ਹਾਂ, ਹਾਂ, ਉਹੀ ਏ।’ ਦੱਸਣ ਵਾਲੇ ਨੇ ਹਾਮੀ ਭਰੀ।
ਤੇ ਉਸ ਤੋਂ ਚੰਦਰਕਾਂਤਾ ਦਾ ਪਤਾ ਲੈ ਕੇ ਪਹੁੰਚ ਕਰਨ ਦਾ ਸਿਲਸਿਲਾ ਸ਼ੁਰੂ ਹੋ ਗਿਆ। ਪਹਿਲੀ ਵਾਰ ਮਿਲਿਆ ਤਾਂ ਯਕੀਨ ਨਾ ਆਇਆ ਕਿ ਇਸ ਥਾਂ ਏਦਾਂ ਵੀ ਰਿਹਾ ਜਾ ਸਕਦੈ। ਸੋਚਿਆ ਪਰਿਵਾਰਕ ਮੈਂਬਰ ਬਾਹਰ-ਅੰਦਰ ਗਏ ਹੋਣੇ ਨੇ, ਪਰ ਥੋੜ੍ਹੀ ਦੇਰ ਬਾਅਦ ਪਤਾ ਲੱਗਾ ਕਿ ਬੈਡ ‘ਤੇ ਪਿਆ ਹਾਰਮੋਨੀਅਮ ਹੀ ਉਸ ਦਾ ਦੋਸਤ, ਰਿਸ਼ਤੇਦਾਰ, ਪ੍ਰਸ਼ੰਸਕ-ਸਭ ਕੁਝ ਹੈ, ਹੋਰ ਕੋਈ ਨਹੀਂ ਨਾਲ ਰਹਿਣ ਵਾਲਾ।’
ਜਿਵੇਂ-ਜਿਵੇਂ ਉਸ ਨੂੰ ਕੁਰੇਦਦਾ ਗਿਆ, ਤਹਿਆਂ ਖੁੱਲ੍ਹਦੀਆਂ ਗਈਆਂ। ਉਸ ਨੇ ਜੋ ਦੱਸਿਆ, ਅੰਦਰ ਹਿਲਾਉਣ ਵਾਲਾ ਸੀ। ਜ਼ਿੰਦਗੀ ਨਾਲ ਜੁੜੇ ਕੌੜੇ ਤਜਰਬੇ ਉਹ ਭਾਵੇਂ ਸਧਾਰਨ ਤਰੀਕੇ ਨਾਲ ਦੱਸ ਰਹੀ ਸੀ ਪਰ ਮੈਨੂੰ ਉਸ ਦੇ ਸਿਰੜ ‘ਤੇ ਰਸ਼ਕ ਹੋ ਰਿਹਾ ਸੀ। ਨਾਲ-ਨਾਲ ਉਹ ਗੀਤਾਂ ਦੇ ਨਮੂਨੇ ਸੁਣਾਉਂਦੀ ਗਈ, ਜਿਹੜੇ ਉਸ ਦੇ ਛੋਟੇ ਜਿਹੇ ਸਾਹ ਤੇ ਪਤਲੀ ਅਵਾਜ਼ ‘ਚ ਬੇਹੱਦ ਖੂਬਸੂਰਤ ਲੱਗੇ। 1965 ਤੋਂ 1984 ਤੱਕ ਦੀ ਚੜ੍ਹਤ ਤੇ ਮੌਜੂਦਾ ਹਾਲਾਤ ਦੱਸਦਿਆਂ ਉਸ ਦੀਆਂ ਨਿੱਕੀਆਂ-ਨਿੱਕੀਆਂ ਅੱਖਾਂ ‘ਚ ਨਮੀ ਜਾਪੀ।
ਚੰਦਰਕਾਂਤਾ ਦਾ ਪਿਛੋਕੜ ਲਾਹੌਰ ਦਾ ਹੈ। ਮੋਗਾ, ਗੰਗਾਨਗਰ ਤੇ ਹੋਰ ਥਾਂਈਂ ਹੁੰਦਿਆਂ ਪਰਿਵਾਰ ਜਲੰਧਰ ਆ ਟਿਕਿਆ। ਇਥੇ ਉਸ ਦਾ ਗਾਇਕੀ ਸ਼ੌਕ ਪ੍ਰਵਾਨ ਚੜ੍ਹਨ ਲੱਗਾ, ਪਛਾਣ ਬਣਨੀ ਸ਼ੁਰੂ ਹੋਈ। ਪਰ ਜਦੋਂ ਥੋੜ੍ਹਾ ਕੁ ਚੰਗਾ ਵੇਲ਼ਾ ਆਉਂਦਾ ਤਾਂ ਵਕਤ ਝਕਾਨੀ ਦੇ ਜਾਂਦਾ। ਅਜਿਹੀ ਪਰਿਵਾਰਕ ਉਲਝਣ ਖੜ੍ਹੀ ਹੁੰਦੀ ਕਿ ਉਹ ਪਹਿਲਾਂ ਵਾਲੀ ਥਾਂ ਆ ਜਾਂਦੀ। ਪਰ ਉਹ ਸਿਰੜ ਨਾ ਹਾਰਦੀ। ਮੋਟੇ ਜਿਹੇ ਅੰਦਾਜ਼ੇ ਮੁਤਾਬਕ ਚੰਦਰਕਾਂਤਾ ਨੇ ਤਿੰਨ ਕੁ ਸੌ ਲੋਕ ਗੀਤ ਅਕਾਸ਼ਵਾਣੀ ਤੇ ਜਲੰਧਰ ਦੂਰਦਰਸ਼ਨ ‘ਤੇ ਗਾਏ। ਗਾਇਕੀ ਨਾਲ ਉਸ ਦਾ ਪਰਿਵਾਰਕ ਰਿਸ਼ਤਾ ਸੀ। ਲਾਹੌਰ ਤੋਂ ਆਈਆਂ ਉਸ ਦੀਆਂ ਭੂਆ ਗਾਉਂਦੀਆਂ ਸਨ, ਪਰ ਇਹ ਗਾਉਣ ਘਰ-ਪਰਿਵਾਰ ਤੱਕ ਸੀਮਤ ਸੀ। ਕੁੜੀ ਦਾ ਘਰੋਂ ਬਾਹਰ ਨਿਕਲ ਕੇ ਗਾਉਣਾ ਸੋਚਣਾ ਵੀ ਗੁਨਾਹ ਸੀ। ਚੰਦਰਕਾਂਤਾ ਭੂਆ, ਭਰਾਵਾਂ ਵੱਲੋਂ ਗਾਏ ਲੋਕ ਗੀਤ ਕੰਠ ਕਰਦੀ ਗਈ ਤੇ ਪਰਿਵਾਰ ਦੀ ਵਿਰੋਧਤਾ ਮੁੱਲ ਲੈਂਦਿਆਂ ਘਰੋਂ ਬਾਹਰ ਨਿਕਲ ਗਾਉਣ ਲੱਗੀ। ਚੰਗੀ ਅਵਾਜ਼ ਛੇਤੀ ਹੀ ਉਸ ਦੀ ਚਰਚਾ ਕਰਾਉਣ ਲੱਗੀ। ਉਸ ਦੇ ਮੋਢਿਆਂ ‘ਤੇ ਜ਼ਿੰਮੇਵਾਰੀਆਂ ਦੀ ਭਾਰੀ ਪੰਡ ਸੀ। ਸੋ ਉਹ ਗਾਉਂਦੀ ਗਈ, ਕਮਾਉਂਦੀ ਗਈ, ਅੱਠਾਂ ਭੈਣ-ਭਰਾਵਾਂ ਨੂੰ ਵਿਆਹੁਣ ਦੇ ਆਹਰ ‘ਚ ਜੁਟੀ ਰਹੀ ਤੇ ਖੁਦ ਨੂੰ ਉਸ ਨੇ ਗ੍ਰਹਿਸਥੀ ਤੋਂ ਸੱਖਣੀ ਰੱਖ ਲਿਆ। ਉਹ ਦੱਸਦੀ ਹੈ, ‘ਚੜ੍ਹਤ ਦੇ ਦਿਨਾਂ ‘ਚ ਜਦੋਂ ਕਨੇਡਾ-ਅਮਰੀਕਾ ਸ਼ੋਆਂ ਲਈ ਗਈ ਤਾਂ ਕਈਆਂ ਆਖਿਆ, ‘ਏਧਰ ਰਹਿ ਲੈ, ਜ਼ਿੰਦਗੀ ਬਣ ਜਾਏਗੀ।’ ਪਰ ਪਰਿਵਾਰ ਵੱਲ ਦੇਖਦਿਆਂ ਵਾਪਸ ਆ ਜਾਂਦੀ।
ਚੰਦਰਕਾਂਤਾ ਦੇ ਤਿੰਨ-ਚਾਰ ਰਿਕਾਰਡ ਅਰਜਨ ਦੇਵ ਅਮਰ, ਰਮੇਸ਼ ਸਿਆਲਕੋਟੀ ਤੇ ਪੂਰਨ ਸ਼ਾਹਕੋਟੀ ਨਾਲ ਆਏ, ਜਿਨ੍ਹਾਂ ਨੂੰ ਉਨ੍ਹਾਂ ਵੇਲਿਆਂ ਵਿਚ ਠੀਕ ਹੁੰਗਾਰਾ ਮਿਲਿਆ। ਇਨ੍ਹਾਂ ਰਿਕਾਰਡਾਂ ਦਾ ਉਹ ਬਹੁਤਾ ਜ਼ਿਕਰ ਨਹੀਂ ਕਰਦੀ, ਕਿਉਂਕਿ ਇਨ੍ਹਾਂ ਵਿਚ ਵਕਤੀ ਗਾਣੇ ਸਨ। ਉਸ ਦਾ ਬਹੁਤਾ ਝੁਕਾਅ ਲੋਕ ਗੀਤਾਂ ਵੱਲ ਸੀ।
ਚੰਦਰਕਾਂਤਾ ਮੁਤਾਬਕ, ‘ਇਕ ਵਾਰ ਅਸੀਂ ਪੰਜਾਬੀਆਂ ਦੀ ਦਾਰੂ ਪੀਣ ਵਾਲੀ ਸੋਚ ਨਾਲ ਜੁੜਿਆ ਗੀਤ ਈæਪੀæ ਰਿਕਾਰਡ ‘ਚ ਗਾਇਆ। ਬਹੁਤ ਚੰਗਾ ਸੀ ਇਹ ਗੀਤ। ਉਸ ਗੀਤ ਵਰਗੇ ਹੁਣ ਕਈ ਗਾਣੇ ਹਿੰਦੀ ਫ਼ਿਲਮਾਂ ‘ਚ ਵੀ ਆ ਰਹੇ ਨੇ। ਲੋਕ ਧੀਆਂ-ਪੁੱਤਾਂ ਵਿਚ ਫ਼ਰਕ ਪਹਿਲਾਂ ਵੀ ਸਮਝਦੇ ਸਨ ਤੇ ਅੱਜ ਵੀ ਉਹੀ ਹਾਲ ਏ। ਜਦੋਂ ਧੀ ਜੰਮਦੀ ਏ, ਉਦੋਂ ਦਿਖਾਵੇ ਲਈ ਖੁਸ਼ੀ ਮਨਾਈ ਜਾਂਦੀ ਏ, ਪਰ ਜਦੋਂ ਪੁੱਤ ਆਉਂਦਾ ਹੈ ਤਾਂ ਖੁਸ਼ੀ ਢਿੱਡੋਂ ਨਿਕਲਦੀ ਏ।’ ਉਸ ਗੀਤ ਦੇ ਬੋਲ ਸਨ,
ਮੁੰਡਾ ਜੰਮਿਆ ਤਾਂ ਇੰਗਲਿਸ਼ ਪੀਣੀ,
ਕੁੜੀ ਜੰਮੇ ਢੇਰ ਮਾਰਕਾ
ਪੀਣੀ ਆ ਮੈਂ ਤਾਂ ਪੀਣੀ ਆæææ।
ਉਸ ਮੁਤਾਬਕ ਲੋਕ ਗੀਤਾਂ ਦੀ ਸੰਭਾਲ ਮੇਰੀ ਸੰਭਾਲ ਨਾਲੋਂ ਵੀ ਜ਼ਿਆਦਾ ਜ਼ਰੂਰੀ ਏ, ਕਿਉਂਕਿ ਮਨੋਰੰਜਨ ਦੇ ਬਦਲੇ ਸਵਾਦ ਕਾਰਨ ਲੋਕ ਗੀਤਾਂ ਦੀਆਂ ਵੰਨਗੀਆਂ ਵਿਆਹਾਂ ‘ਚੋਂ ਵੀ ਗਾਇਬ ਹੋ ਚੱਲੀਆਂ ਨੇ। ਚੰਦਰਕਾਂਤਾ ਦਾ ਕਹਿਣੈ, ‘ਪੰਜਾਬੀ ਆਪਣੇ ਵਿਰਸੇ, ਕਲਾਕਾਰਾਂ, ਪੰਜਾਬੀ ਬੋਲੀ ਤੇ ਸਮਾਜਿਕ ਸਰੋਕਾਰਾਂ ਨਾਲੋਂ ਟੁੱਟ ਚੁੱਕੇ ਨੇ। ਗੱਲਾਂ ਨਾਲ ਅਸਮਾਨ ਨੂੰ ਟਾਕੀਆਂ ਲਾ ਛੱਡਦੇ ਨੇ ਪਰ ਜਦੋਂ ਕੁਝ ਕਰਨ ਦਾ ਵਕਤ ਆਉਂਦੈ ਤਾਂ ਨੱਠ ਤੁਰਦੇ ਨੇ, ਵਕਤ ਦੇ ਵਹਿਣ ਵੱਲ ਜਾਣ ‘ਚ ਹੀ ਮਹਾਨਤਾ ਸਮਝਣ ਦਾ ਭਰਮ ਪਾਲੀ ਬੈਠੇ ਨੇ।’ ਵਾਰ ਵਾਰ ਉਹ ਉਨ੍ਹਾਂ ਗੀਤਾਂ ਦਾ ਜ਼ਿਕਰ ਕਰਦੀ ਏ, ਜਿਹੜੇ ਉਸ ਨੇ ਰੇਡੀਓ ਤੋਂ ਅਣਗਿਣਤ ਵਾਰ ਗਾਏ। ਹਾਰਮੋਨੀਅਮ ਦੀ ਸੁਰ ਠੀਕ ਕਰਦਿਆਂ ਕਈਆਂ ਦਾ ਜ਼ਿਕਰ ਕਰਦੀ ਕਰਦੀ ਏ,
-ਲੈ ਦੇ ਚਾਂਦੀ ਦੇ ਮਾਹੀਆ ਬੁੰਦੇ,
ਮੈਂ ਤੇਰੇ ਘਰ ਤਾਂ ਵੱਸਣਾ ਏ।
-ਲਾਲ ਲਾਲ ਲਾਲ,
ਮੇਰਾ ਚਿੱਤ ਮਾਹੀ ਦੇ ਨਾਲ,
ਲੈ ਡੁੱਲ ਗਿਆ ਧਨੀਆ,
ਲੈ ਡੁੱਲ ਗਿਆ ਜੀਰਾ,
ਲੈ ਰੁੱਸ ਗਿਆ ਨੀਂ ਛੋਟੀਏ ਨਣਦੇ ਤੇਰਾ ਵੀਰਾ।
-ਵੇ ਮੈਂ ਪਾਣੀ ਭਰੇਨੀ ਆਂ ਸੱਜਣਾ
ਟੁੱਟ ਗਿਆ ਬਲੌਰੀ ਗਜਰਾæææ।
-ਰਾਂਝੇ ਚਾਕ ਪਰੈਣੀ ਫੜ ਲਈ
ਮੱਝਾਂ ਚਾਰਨ ਨੂੰ,
ਫਿਰਦੀ ਵਿਹੜੇ ਦੇ ਵਿਚ
ਹੀਰ ਜਰੀ ਨਾ ਜਾਵੇ।
-ਸਾੜ੍ਹੀ ਲੈ ਦੇ ਪਿੰਜੌਰੇ ਲੱਪੇ ਵਾਲੀ,
ਛਿਓਰੇ ਲੱਪੇ ਵਾਲੀ,
ਵੇ ਮੁੰਡਿਆ ਸਿਆਲਕੋਟੀਆ।
-ਆਪ ਸੱਸ ਪਲੰਘੇ ਲੇਟਦੀ,
ਮੈਨੂੰ ਮਾਰਦੀ ਚੱਕੀ ਵੱਲ ਸੈਨਤਾਂ।
‘ਕੱਲਿਆਂ ਜ਼ਿੰਦਗੀ ਕੱਟਣ ਦੇ ਦੁੱਖ ਭਾਵੇਂ ਸਾਰੇ ਜਾਣਦੇ ਨੇ, ਪਰ ਚੰਦਰਕਾਂਤਾ ਦੀ ਵੱਡੀ ਖਾਸੀਅਤ ਇਹ ਹੈ ਕਿ ਇਸ ਪੜਾਅ ‘ਤੇ ਵੀ ਸੰਘਰਸ਼ ਦਾ ਪੱਲਾ ਫੜੀ ਬੈਠੀ ਏ। ਉਹ ਆਖਦੀ ਏ, ‘ਉਤਾਹੋਂ ਥੱਲੇ ਆਈ ਹਾਂ ਤੇ ਹੁਣ ਆਪਣੀ ਖੁੱਸ ਚੁੱਕੀ ਪਛਾਣ ਬਣਾਉਣ ਦੇ ਯਤਨ ‘ਚ ਹਾਂæææਚਾਹੁੰਦੀ ਹਾਂ ਕਿ ਅਦੀਬਾਂ ਨਾਲ ਸਾਂਝ ਪਈ ਰਹੇæææਭੁੱਲਿਆਂ ਨੂੰ ਮੇਰੇ ਨਾਂ ਦਾ ਚੇਤਾ ਫੇਰ ਆ ਜਾਵੇ।’
ਵਿਰਲਾ-ਟਾਂਵਾਂ ਪ੍ਰੋਗਰਾਮ ਮਿਲ ਜਾਵੇ ਤਾਂ ਉਹ ਕਰ ਆਉਂਦੀ ਹੈ ਤੇ ਏਨੇ ਨਾਲ ਉਸ ਦੀ ਰੋਟੀ ਚੱਲੀ ਜਾਂਦੀ ਏ। ਦੱਸਦੀ ਏ, ‘ਜਦੋਂ ਦਿੱਲੀ ਵਾਲੇ ਭੈਣ ਜੀ ਬਿਮਾਰ ਹੋ ਗਏ ਤਾਂ ਮੈਂ ਕਈ ਸਾਲ ਜਲੰਧਰ ਛੱਡ ਉਨ੍ਹਾਂ ਕੋਲ ਚਲੀ ਗਈ। ਜਦੋਂ ਉਹ ਤੁਰ ਗਏ ਤਾਂ ਵਾਪਸ ਜਲੰਧਰ ਆਈ। ਏਨੇ ਨੂੰ ਗਾਇਕੀ ‘ਚ ਸਭ ਕੁਝ ਬਦਲ ਚੁੱਕਾ ਸੀ, ਕੋਈ ਕਿਸੇ ਨੂੰ ਨਹੀਂ ਸੀ ਪਛਾਣਦਾ, ਜਿਹੜੇ ਪਹਿਲਾਂ ਘਰ ਗੇੜੇ ਮਾਰਦੇ ਹੁੰਦੇ ਸਨ ਕਿ ਭੈਣ ਜੀ, ਤੁਹਾਡੇ ਬਿਨਾਂ ਨਹੀਂ ਸਰਦਾ, ਉਨ੍ਹਾਂ ਨੂੰ ਹੋਰ ਗਾਇਕਾਵਾਂ ਮਿਲ ਗਈਆਂ ਸਨ। ਮੈਨੂੰ ਕੰਮ ਦੀ ਲੋੜ ਸੀ ਤੇ ਮੈਂ ਜਲੰਧਰ ਦੇ ਸੱਭੇ ਕਲਾਕਾਰਾਂ ਨਾਲ ਸੰਪਰਕ ਕੀਤਾ ਕਿ ਕੰਮ ਦਿਓ, ਸਟੂਡੀਓ ਵਾਲਿਆਂ ਕੋਲ ਵੀ ਗਈ, ਪਰ ਅਖੀਰ ਥੋੜ੍ਹੀ-ਬਹੁਤ ਮੱਦਦ ਰੇਡੀਓ ਵਾਲਿਆਂ ਹੀ ਕੀਤੀ। ਉਹ ਹਾਲੇ ਵੀ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਬੁਲਾ ਲੈਂਦੇ ਨੇ ਤੇ ਥੋੜ੍ਹੀ ਸਹਾਇਤਾ ਹੋ ਜਾਂਦੀ ਏ।’
ਚੰਦਰਕਾਂਤਾ ਆਪਣੀਆਂ ਭੁੱਲਾਂ ਤੋਂ ਹੋਰਾਂ ਨੂੰ ਸਬਕ ਸਿੱਖਣ ਲਈ ਪ੍ਰੇਰਦੀ ਏ। ਉਸ ਨੂੰ ਇਸ ਗੱਲ ਦਾ ਬਹੁਤਾ ਸ਼ਿਕਵਾ ਨਹੀਂ ਕਿ ਪੰਜਾਬੀ ਕਲਾਕਾਰਾਂ ਦੀ ਦੇਣ ਨੂੰ ਛੇਤੀ ਭੁਲਾ ਦਿੰਦੇ ਨੇ, ਕਿਉਂਕਿ ਉਹ ਜਾਣਦੀ ਏ ਕਿ ਇਹ ਤਾਂ ਪੰਜਾਬੀਆਂ ਦੇ ਸੁਭਾਅ ‘ਚ ਸ਼ਾਮਲ ਏ। ਉਸ ਮੁਤਾਬਕ, ‘ਜਦੋਂ ਲੋਕ ਚਾਅ ਨਾਲ ਸੁਣਦੇ ਸੀ, ਪੈਸਾ ਆ ਰਿਹਾ ਸੀ, ਉਦੋਂ ਮੈਂ ਇਹ ਸੋਚਣਾ ਭੁੱਲ ਗਈ ਕਿ ਇਹ ਦਿਨ ਸਦਾ ਨਹੀਂ ਰਹਿਣੇ। ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਂਦੀ ਗਈ ਪਰ ਮੇਰੇ ਪ੍ਰਤੀ ਕਿਸੇ ਨੇ ਕੋਈ ਜ਼ਿੰਮੇਵਾਰੀ ਨਾ ਸਮਝੀ। ਪਹਿਲਾਂ ਕੁਝ ਰਿਸ਼ਤੇਦਾਰ ਥੋੜ੍ਹੀ-ਬਹੁਤ ਮੱਦਦ ਕਰ ਦਿੰਦੇ ਸਨ ਪਰ ਫੇਰ ਮੈਂ ਖੁਦ ਹੀ ਮਨ੍ਹਾਂ ਕਰ ਦਿੱਤਾ ਕਿ ਕਿੰਨਾ ਕੁ ਚਿਰ ਇਨ੍ਹਾਂ ‘ਤੇ ਬੋਝ ਬਣੀ ਰਹੇਂਗੀ। ਖੁਦ ਨੂੰ ਰੁਝੇਵੇਂ ‘ਚ ਰੱਖਣ ਲਈ ਬਾਬਾ ਰਾਮਦੇਵ ਦੇ ਮਿਸ਼ਨ ਨਾਲ ਜੁੜ ਗਈ ਤੇ ਹੁਣ ਮੈਂ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਯੋਗ ਦੇ ਲਾਭਾਂ ਬਾਰੇ ਦੱਸਦੀ ਹਾਂ। ਜਦੋਂ ਮੌਕਾ ਮਿਲਦੈ, ਦੋ-ਚਾਰ ਗਾਣੇ ਪੇਸ਼ ਕਰ ਦਿੰਦੀ ਹਾਂ ਤੇ ਜਿਹੜੇ ਚਾਰ ਛਿੱਲੜ ਇਕੱਠੇ ਹੁੰਦੇ ਨੇ, ਉਨ੍ਹਾਂ ਨਾਲ ਕਮਰੇ ਦਾ ਕਿਰਾਇਆ, ਰਾਸ਼ਨ ਤੇ ਹੋਰ ਲੋੜਾਂ ਪੂਰੀਆਂ ਹੋ ਜਾਂਦੀਆਂ ਨੇ।’
ਚੰਦਰਕਾਂਤਾ ਦੀ ਸਭ ਤੋਂ ਵੱਡੀ ਗੈਰਤਮੰਦੀ ਇਹ ਹੈ ਕਿ ਉਹ ਲੋੜਵੰਦ ਹੋਣ ਦੇ ਬਾਵਜੂਦ ਕਿਸੇ ਤੋਂ ਕੁਝ ਨਹੀਂ ਮੰਗਦੀ, ਸਗੋਂ ਆਖਦੀ ਏ, ‘ਜਦੋਂ ਭੈਣ ਬਿਮਾਰ ਸੀ, ਉਦੋਂ ਕਿਸੇ ਨੇ ਮੇਰੀ ਮੱਦਦ ਨਹੀਂ ਕੀਤੀ। ਹੁਣ ਤਾਂ ਮੈਨੂੰ ਲੋਕਾਂ ਤੋਂ ਚਿੜ੍ਹ ਜਿਹੀ ਆਉਣ ਲੱਗੀ ਏ, ਥੋੜ੍ਹੀ-ਬਹੁਤ ਮੱਦਦ ਭਿਖਾਰੀ ਸਮਝ ਕੇ ਕਰ ਵੀ ਦੇਣਗੇ ਤਾਂ ਸਾਰੀ ਉਮਰ ਅਹਿਸਾਨਮੰਦ ਰਹਿਣਾ ਪਏਗਾ, ਬਸ ਲੋਕ ਪਛਾਨਣ ਲੱਗ ਜਾਣ, ਸੁਣਨ ਵਾਲੇ ਮੁੜ ਇੱਛਾ ਪ੍ਰਗਟਾਉਣੀ ਸ਼ੁਰੂ ਕਰਨæææਇਹੀ ਮੇਰੀ ਮੱਦਦ ਏ ਤੇ ਇਹੀ ਮੇਰੀ ਕਮਾਈ।’
Leave a Reply