ਟਰੰਪ ਦੀ ਵੀਜ਼ਾ ਸਖਤੀ ਤੋਂ ਅਮਰੀਕੀ ਕਾਰੋਬਾਰੀ ਵੀ ਔਖੇ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਸਖਤ ਪਰਵਾਸ ਨੀਤੀ ਤੋਂ ਪਰਵਾਸੀ ਡਾਢੇ ਨਰਾਜ਼ ਹਨ। ਅਮਰੀਕੀ ਚੋਣਾਂ ਤੇ ਦੇਸ਼ ਦੇ ਮਾਲੀਏ ਵਿਚ ਵੱਡਾ ਯੋਗਦਾਨ ਪਾਉਣ ਵਾਲੇ ਪਰਵਾਸੀ ਟਰੰਪ ਸਰਕਾਰ ਉਪਰ ਦਬਾਅ ਬਣਾ ਰਹੇ ਹਨ ਕਿ ਓਬਾਮਾ ਕਾਲ ਦੇ ਨਿਯਮ ਬਹਾਲ ਕੀਤੇ ਜਾਣ। ਅਮਰੀਕੀ ਕਾਰੋਬਾਰੀ ਵੀ ਸਖਤ ਪਰਵਾਸ ਨਿਯਮਾਂ ਤੋਂ ਖੁਸ਼ ਨਹੀਂ ਹਨ। ਐਪਲ, ਮਾਇਕ੍ਰੋਸਾਫਟ, ਫੇਸਬੁੱਕ ਤੇ ਗੂਗਲ ਦੀ ਨੁਮਾਇੰਦਗੀ ਕਰਦੀਆਂ ਅਮਰੀਕੀ ਤਕਨਾਲੋਜੀ ਕਾਰੋਬਾਰੀ ਜਥੇਬੰਦੀਆਂ ਨੇ ਟਰੰਪ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ

ਉਹ ਓਬਾਮਾ ਕਾਲ ਦੇ ਨਿਯਮ ਨੂੰ ਬਹਾਲ ਰੱਖਣ ਜਿਸ ਤਹਿਤ ਭਾਰਤੀਆਂ ਸਮੇਤ ਐਚ-1ਬੀ ਵੀਜ਼ਾ ਧਾਰਕਾਂ ਦੇ ਕੁਝ ਜੀਵਨ ਸਾਥੀਆਂ ਨੂੰ ਅਮਰੀਕਾ ਵਿਚ ਕਾਨੂੰਨੀ ਤੌਰ ਉਤੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ।
ਸੂਚਨਾ ਤਕਨਾਲੋਜੀ ਸਨਅਤ ਪ੍ਰੀਸ਼ਦ, ਅਮਰੀਕੀ ਚੈਂਬਰ ਆਫ ਕਾਮਰਸ ਤੇ ਬੀ.ਐਸ਼ਏ. ਨੇ ਨਾਗਰਿਕਤਾ ਤੇ ਆਵਾਸ ਸੇਵਾਵਾਂ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਹੈ ਕਿ ਸਰਕਾਰ ਐਚ-4 ਪ੍ਰੋਗਰਾਮ ਨੂੰ ਬਹਾਲ ਰੱਖੇ ਜਿਸ ਤਹਿਤ ਐਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀ, ਜਿਨ੍ਹਾਂ ਦੇ ਗਰੀਨ ਕਾਰਡ ਬਕਾਇਆ ਪਏ ਹਨ, ਉਹ ਕਾਨੂੰਨੀ ਤੌਰ ਉਤੇ ਅਮਰੀਕਾ ‘ਚ ਕੰਮ ਕਰ ਸਕਦੇ ਹਨ।
ਰਿਪੋਰਟਾਂ ਮੁਤਾਬਕ ਟਰੰਪ ਪ੍ਰਸ਼ਾਸਨ ਜੀਵਨ ਸਾਥੀਆਂ ਨੂੰ ਵਰਕ ਪਰਮਿਟ ਨਾ ਦੇਣ ਦੇ ਫੈਸਲੇ ਉਤੇ ਬਜ਼ਿਦ ਹੈ ਤੇ ਦਲੀਲ ਦਿੱਤੀ ਜਾ ਰਹੀ ਹੈ ਕਿ ਇਸ ਨਾਲ ਜਾਇਜ਼ ਅਮਰੀਕੀ ਵਰਕਰਾਂ ਦਾ ਹਿੱਸਾ ਮਾਰਿਆ ਜਾਵੇਗਾ। ਅਮਰੀਕੀ ਨਾਗਰਿਕਤਾ ਤੇ ਆਵਾਸ ਸੇਵਾਵਾਂ ਦੇ ਡਾਇਰੈਕਟਰ ਲੀ ਫਰਾਂਸਿਸ ਸਿਸਨਾ ਦੇ ਨਾਮ ਉਤੇ ਲਿਖੇ ਗਏ ਇਸ ਪੱਤਰ ਵਿਚ ਕਿਹਾ ਗਿਆ ਹੈ ਕਿ ਐਚ-4 ਜੀਵਨ ਸਾਥੀਆਂ, ਜਿਨ੍ਹਾਂ ‘ਚ ਜ਼ਿਆਦਾਤਰ ਮਹਿਲਾਵਾਂ ਹਨ, ਵਾਲੀ ਪ੍ਰਣਾਲੀ ‘ਚ ਦੁਚਿੱਤੀ ਦਾ ਮਾਹੌਲ ਬਣਿਆ ਹੋਇਆ ਹੈ ਤੇ ਉਨ੍ਹਾਂ ਨੂੰ ਅਫਸਰਸ਼ਾਹੀ ਤੋਂ ਪ੍ਰਵਾਨਗੀ ਮਿਲਣ ਤੱਕ ਕੰਮ ਕਰਨ ਤੋਂ ਰੋਕਿਆ ਜਾ ਸਕਦਾ ਹੈ।
_____________________
ਹੁਨਰ ਤੇ ਅੰਗਰੇਜ਼ੀ ਸਹਾਰੇ ਵੱਜੇਗੀ ਅਮਰੀਕਾ ਉਡਾਰੀ
ਵਾਸ਼ਿੰਗਟਨ: ਟਰੰਪ ਪ੍ਰਸ਼ਾਸਨ ਅਜਿਹੇ ਪਰਵਾਸੀ ਚਾਹੁੰਦਾ ਹੈ, ਜਿਨ੍ਹਾਂ ਕੋਲ ਹੁਨਰ ਹੋਵੇ ਅਤੇ ਅੰਗਰੇਜ਼ੀ ਬੋਲ ਸਕਦੇ ਹੋਣ। ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਅਮਰੀਕਾ ‘ਚ ਪਰਵਾਸ ਘਟਾਉਣ ਵਾਸਤੇ ਮੈਰਿਟ-ਆਧਾਰਤ ਆਵਾਸ ਪ੍ਰਣਾਲੀ ਉਤੇ ਜ਼ੋਰ ਦਿੱਤਾ ਜਾ ਰਿਹਾ ਹੈ। ਟਰੰਪ ਪ੍ਰਸ਼ਾਸਨ ਨੂੰ ਲੱਗਦਾ ਹੈ ਕਿ ਮੈਰਿਟ ਆਧਾਰਤ ਆਵਾਸ ਪ੍ਰਣਾਲੀ ਨਾਲ ਅਮਰੀਕਾ ਵਿਚ ਵਿਸ਼ਵ ਭਰ ਤੋਂ ਹੁਨਰਮੰਦ ਅਤੇ ਬਿਹਤਰੀਨ ਲੋਕ ਆਉਣਗੇ ਅਤੇ ਗੈਰਕਾਨੂੰਨੀ ਪਰਵਾਸ ਨੂੰ ਠੱਲ੍ਹ ਪਵੇਗੀ। ਰਾਸ਼ਟਰਪਤੀ ਮੌਜੂਦਾ ਸਿਸਟਮ ਵਿਚ ਸੁਧਾਰ ਰਾਹੀਂ ਲਾਟਰੀ ਵੀਜ਼ਾ ਅਤੇ ਲੜੀਵਾਰ ਪਰਵਾਸ ਨੂੰ ਵੀ ਖਤਮ ਕਰਨਾ ਚਾਹੁੰਦੇ ਹਨ।