ਪਹੁ ਫੁੱਟਣਾ

ਬਲਜੀਤ ਬਾਸੀ
ਸੂਰਜ ਦੀ ਪਹਿਲੀ ਕਿਰਨ ਉਜਾਗਰ ਹੋਣ ਦੀ ਕ੍ਰਿਆ ਨੂੰ ਪੰਜਾਬੀ ਵਿਚ ਪਹੁ-ਫੁੱਟਣਾ ਕਹਿੰਦੇ ਹਨ। ਗੁਰੂ ਅਰਜਨ ਦੇਵ ਫੁਰਮਾਉਂਦੇ ਹਨ, ‘ਚਿੜੀ ਚੁਹਕੀ ਪਹੁ ਫੁਟੀ ਵਗਨਿ ਬਹੁਤੁ ਤਰੰਗ॥’ ਇਸ ਤੋਂ ਇਸ ਵੇਲੇ ਲਈ ਸੰਯੋਜਕ ਸ਼ਬਦ ਪਹੁ-ਫੁਟਾਲਾ ਚਲਦਾ ਹੈ, ਭਾਵੇਂ ਇਹ ਆਮ ਬੋਲ ਚਾਲ ਵਿਚ ਨਹੀਂ ਵਰਤਿਆ ਜਾਂਦਾ। ਇਸ ਲਈ ਪ੍ਰਭਾਤ ਸ਼ਬਦ ਵੀ ਚਲਦਾ ਹੈ ਜਿਵੇਂ ਪ੍ਰਭਾਤ-ਫੇਰੀ ਵਿਚ। ‘ਪਹੁ ਫੁਟਾਲੇ ਤੋਂ ਪਹਿਲਾਂ’ ਗੁਰਦਿਆਲ ਸਿੰਘ ਦੇ ਨਾਵਲ ਦਾ ਨਾਂ ਹੈ। ਧਿਆਨਯੋਗ ਹੈ ਕਿ ਪਹੁ ਸ਼ਬਦ ਸੁਤੰਤਰ ਤੌਰ ‘ਤੇ ਪ੍ਰਭਾਤ ਲਈ ਨਹੀਂ ਵਰਤਿਆ ਜਾਂਦਾ। ਫਿਰ ਕੀ ਹੈ ਪਹੁ? ਇਹ ਸਵਾਲ ਗੂਗਲ ਦੇ ਇਕ ਹਿੰਦੀ ਚਰਚਾ ਸਮੂਹ ‘ਸ਼ਬਦ-ਚਰਚਾ’ ਜਿਸ ਦਾ ਮੈਂ ਸਰਗਰਮ ਮੈਂਬਰ ਹਾਂ, ਵਿਚ ਉਠਾਇਆ ਗਿਆ।

ਇਸ ਦੇ ਇਕ ਮੈਂਬਰ ਅਭਯ ਤਿਵਾੜੀ ਨੇ ਇਕ ਦਿਨ ਸਵਾਲ ਉਠਾਇਆ, “ਸੁਬਹ ਹੁੰਦੀ ਹੈ ਤਾਂ ਕਹਿੰਦੇ ਹਨ, ‘ਪੌ ਫਟ ਰਹੀ ਹੈ।’ ਕੀ ਹੈ ਇਹ ਪੌ ਜੋ ਫਟ ਰਹੀ ਹੈ? ਪੌ ਦਾ ਇਕ ਅਰਥ ਇਕ ਦੀ ਸੰਖਿਆ ਵੀ ਹੈ, ਪਾਸਿਆਂ ਵਿਚ ਜਦ ਇਕ ਦਾ ਅੰਕੜਾ ਆਉਂਦਾ ਹੈ ਤਾਂ ਉਸ ਨੂੰ ਵੀ ਪੌ ਕਿਹਾ ਜਾਂਦਾ ਹੈ।” ਕੀ ਪਾਸਿਆਂ ਦੀ ਖੇਡ ਵਾਲੇ ‘ਪੌ ਬਾਰਾਂ’ ਵਿਚਲੇ ਪੌ ਅਤੇ ‘ਪੌ ਫੁੱਟਣ’ ਵਿਚਲੇ ਪੌ ਇਕੋ ਹਨ? ਸ਼ੁਰੂ ਵਿਚ ਹੀ ਦੱਸ ਦੇਵਾਂ ਕਿ ‘ਪੌਂ ਬਾਰਾਂ’ ਵਿਚਲੇ ਪੌਂ ਅਤੇ ‘ਪਹੁ ਫੁੱਟਣ’ ਵਿਚਲੇ ਪਹੁ-ਦੋਵਾਂ ਨੂੰ ਹਿੰਦੀ ਵਿਚ ਪੌ ਲਿਖਿਆ ਤੇ ਬੋਲਿਆ ਜਾਂਦਾ ਹੈ। ਇਹ ਵਿਚਾਰ-ਵਟਾਂਦਰਾ ਹਿੰਦੀ ਸ਼ਬਦ ਸਮੂਹ ਵਿਚ ਹੋਇਆ ਸੀ, ਇਸ ਲਈ ਮੈਂ ਆਮ ਤੌਰ ‘ਤੇ ਹਿੰਦੀ ਵਾਲੇ ਸ਼ਬਦ ਜੋੜ ਹੀ ਵਰਤਾਂਗਾ।
ਦਰਅਸਲ ‘ਪਹੁ’ ਸ਼ਬਦ ਨੂੰ ਜਿਸ ਤਰ੍ਹਾਂ ਲਿਖਿਆ ਜਾਂਦਾ ਹੈ, ਉਸ ਤਰ੍ਹਾਂ ਬੋਲਿਆ ਨਹੀਂ ਜਾਂਦਾ। ਭਾਵੇਂ ਇਸ ਦੇ ਪ੍ਰਮਾਣੀਕ ਸ਼ਬਦ-ਜੋੜ ਇਹੋ ਹਨ ਪਰ ਮੈਂ ਇਸ ਨੂੰ ਇਸ ਤਰ੍ਹਾਂ ਲਿਖਣ ਦੇ ਹੱਕ ਵਿਚ ਹਾਂ, ‘ਪ੍ਹੋ’। ਵਿਦਵਾਨ ਪੰਜਾਬੀਆਂ ਨੂੰ ਆਮ ਕਰਕੇ ਤੇ ਆਮ ਪੰਜਾਬੀਆਂ ਨੂੰ ਖਾਸ ਕਰਕੇ ਇਸ ਤੱਥ ਦਾ ਪਤਾ ਨਹੀਂ ਜਾਂ ਸਮਝ ਨਹੀਂ ਕਿ ਭਾਰਤ ਦੀ ਪੰਜਾਬੀ ਇੱਕ ਅਜਿਹੀ ਅਦੁੱਤੀ ਭਾਸ਼ਾ ਹੈ ਜਿਸ ਨੂੰ ਟੋਨਲ ਕਿਹਾ ਜਾਂਦਾ ਹੈ। ਗੈਰ-ਪੰਜਾਬੀਆਂ ਲਈ ਇਹ ਟੋਨਾਂ ਉਚਾਰਨਾ ਕਠਿਨ ਜਾਪਦਾ ਹੈ, ਇਸ ਲਈ ਉਹ ਕਈ ਵਾਰੀ ਪੰਜਾਬੀ ‘ਭਰਾ ਜੀ’ ਨੂੰ ‘ਪਰਾ ਜੀ’ ਜਿਹਾ ਉਚਾਰਦੇ ਹਨ।
ਪੰਜਾਬੀ ਭਾਸ਼ਾ ਵਿਚ ਇਕ ਧੁਨੀ ਨੂੰ ਤਿੰਨ ਟੋਨਾਂ ਵਿਚ ਉਚਾਰਿਆ ਜਾਂਦਾ ਹੈ। ਇਹ ਤਿੰਨ ਟੋਨਾਂ ਹਨ-ਨੀਵੀਂ, ਮਧਮ ਤੇ ਉਚੀ। ਉਚੀ ਟੋਨ ਦੀ ਮਿਸਾਲ ਹੈ-ਰਹਿ, ਬਹਿ, ਕਹਿਰ, ਚਾਹ (ਪੀਣ ਵਾਲੀ) ਆਦਿ। ਇਸ ਵਿਚ ‘ਹ’ ਨਾਲ ਦਰਸਾਈ ਗਈ ਧੁਨੀ ਟੋਨ ਵਿਚ ਬਦਲ ਗਈ ਹੈ ਜਦਕਿ ਹੋਰ ਭਾਸ਼ਾਵਾਂ ਵਿਚ ਇਹ ਸੁਤੰਤਰ ਤੌਰ ‘ਤੇ ਬੋਲੀ ਜਾਂਦੀ ਹੈ। ਘ, ਝ, ਢ, ਧ, ਭ ਅੱਖਰ ਨੀਵੀਂ ਟੋਨ ਦਰਸਾਉਣ ਲਈ ਵਰਤੇ ਜਾਂਦੇ ਹਨ ਜਿਵੇਂ ਘੋੜਾ, ਝੰਗ, ਢਾਕਾ, ਧੇਲਾ, ਭੋਰਾ ਆਦਿ। ਮਧਮ ਟੋਨ, ਜਿਸ ਨੂੰ ਸਮਾਨਯ ਟੋਨ ਵੀ ਕਿਹਾ ਜਾ ਸਕਦਾ ਹੈ, ਵਿਚ ਧੁਨੀਆਂ ਹੋਰ ਭਾਸ਼ਾਵਾਂ ਵਾਂਗ ਹੀ ਬੋਲੀਆਂ ਜਾਂਦੀਆਂ ਹਨ ਜਿਵੇਂ ਕੁੱਤਾ, ਗੱਤਾ, ਚੋਰ ਆਦਿ। ਇਸ ਵਿਸ਼ੇ ਬਾਰੇ ਕਦੇ ਫਿਰ ਚਰਚਾ ਕਰਾਂਗੇ। ਇਥੇ ਸਿਰਫ ਪੰਜਾਬੀ ਪ੍ਹੌ (ਪਹੁ) ਅਤੇ ਹਿੰਦੀ ਪੌ ਵਿਚਕਾਰ ਜੋੜ ਬਿਠਾਉਣ ਲਈ ਟੋਨਾਂ ਦਾ ਮੁਢਲਾ ਪਰਿਚੈ ਦਿੱਤਾ ਗਿਆ ਹੈ।
ਸੁਬਹ ਵਾਲੀ ਪੌ ਦਾ ਪ੍ਰਸੰਗ ਛੇੜਦੇ ਹਾਂ। ਅਭਯ ਤਿਵਾੜੀ ਦੇ ਉਕਤ ਸਵਾਲ ਦਾ ਮੈਂ ਫੱਟ ਜਵਾਬ ਦਿੱਤਾ, “ਇਹ ਸ਼ਾਇਦ ਪ੍ਰਭਾ ਤੋਂ ਬਣਿਆ ਹੈ ਪਰ ਪਲੈਟਸ ਇਸ ਨੂੰ ਅਪ+ਊਸ਼ਾ ਦੱਸਦਾ ਹੈ। ਪੰਜਾਬੀ ਵਿਚ ਪਹੁ-ਫੁਟਾਲਾ ਕਿਹਾ ਜਾਂਦਾ ਹੈ। ਫਟਣ ਦਾ ਭਾਵ ਸੂਰਜ ਨਿਕਲਣ ਦੀ ਕ੍ਰਿਆ ਵਿਚ ਸਹਿਜ ਸੁਭਾਅ ਹੀ ਹੈ। ਮਾਨੋ ਹਨੇਰਾ ਫਟ ਰਿਹਾ ਹੋਵੇ। ਤੜਕਾ ਸ਼ਬਦ ਵਿਚ ਵੀ ਤੋੜਨ ਦਾ ਭਾਵ ਹੈ ਜਿਸ ਤੋਂ ਤਿੜਕਣਾ ਸ਼ਬਦ ਬਣਿਆ। ‘ਤੜ’ ਧਾਤੂ ਦਾ ਅਰਥ ਸੱਟ ਮਾਰਨਾ ਹੈ। ਅੰਗਰੇਜ਼ੀ ਵਿਚ ਧਅੇ ਭਰeਅਕ ਜਾਂ ਛਰਅਚਕ ਾ ਧਅੱਨ ਕਹਿੰਦੇ ਹਨ।”
ਧਿਆਨਯੋਗ ਹੈ ਕਿ ਪ੍ਰਭਾ ਸ਼ਬਦ ਪ੍ਰ+ਭਾ ਤੋਂ ਬਣਿਆ ਹੈ। ਸੰਸਕ੍ਰਿਤ ਪ੍ਰਭਾ ਦਾ ਅਰਥ ਲੋਅ, ਪ੍ਰਕਾਸ਼, ਕਿਰਨ ਆਦਿ ਹੈ। ਪ੍ਰਭਾ ਸੂਰਜ ਦੀ ਇਕ ਇਸਤਰੀ ਅਤੇ ਦੁਰਗਾ ਦਾ ਇੱਕ ਨਾਂ ਵੀ ਹੈ। ਇਸੇ ਤੋਂ ਪ੍ਰਭਾਤ ਸ਼ਬਦ ਬਣਿਆ, “ਨਾਉ ਪ੍ਰਭਾਤੈ ਸਬਦਿ ਧਿਆਈਐ ਛੋਡਹੁ ਦੁਨੀ ਪਰੀਤਾ॥” ਸਵੇਰੇ ਕੀਤੀ ਜਾਣ ਵਾਲੀ ਦਾਤਣ ਨੂੰ ਪ੍ਰਭਾਤੀ ਕਿਹਾ ਜਾਂਦਾ ਹੈ। ਇਨ੍ਹਾਂ ਸ਼ਬਦਾਂ ਵਿਚ ‘ਭਾ’ ਦਾ ਅਰਥ ਚਮਕਣਾ ਹੁੰਦਾ ਹੈ। ਲੱਗਣਾ, ਦਿਸਣਾ ਦੇ ਅਰਥਾਂ ਵਾਲਾ ਭਾਸਣਾ ਸ਼ਬਦ ਇਸੇ ਧਾਤੂ ਤੋਂ ਬਣਿਆ ਹੈ। ਭਾਸ ਦਾ ਅਰਥ ਰੋਸ਼ਨੀ ਹੁੰਦਾ ਹੈ ਤੇ ਭਾਸਕਰ ਰੋਸ਼ਨੀ ਦੇਣ ਵਾਲਾ, ਅਰਥਾਤ ਸੂਰਜ। ਝਲਕ ਦੇ ਅਰਥਾਂ ਵਾਲਾ ਆਭਾਸ ਅਤੇ ਠੇਠ ਪੰਜਾਬੀ ਸ਼ਬਦ ਆਭਾ ਵਿਚ ਵੀ ਏਹੀ ਧਾਤੂ ਕੰਮ ਰਿਹਾ ਹੈ।
ਸੰਸਕ੍ਰਿਤ ‘ਭਾ’ ਦੇ ਟਾਕਰੇ ਭਾਰੋਪੀ ਮੂਲ ਵੀ ‘ਭਹਅ’ ਹੀ ਕਲਪਿਆ ਗਿਆ ਹੈ ਜਿਸ ਵਿਚ ਚਮਕਣ ਦੇ ਭਾਵ ਹਨ। ਇਕ ਚਮਕਦਾਰ ਰਸਾਇਣਕ ਤੱਤ ਫਾਸਫੋਰਸ ਇਸੇ ਮੂਲ ਨਾਲ ਜਾ ਜੁੜਦਾ ਹੈ। ਲਾਤੀਨੀ ਫਾਸਫੋਰਸ ਦਾ ਮਤਲਬ ‘ਰੋਸ਼ਨ ਕਰਨ ਵਾਲਾ’ ਅਤੇ ‘ਸਵੇਰ ਦਾ ਤਾਰਾ’ ਹੁੰਦਾ ਹੈ। ਮੁਢਲੇ ਤੌਰ ‘ਤੇ ਇਹ ਗਰੀਕ ਸ਼ਬਦ ਹੈ ਜਿਸ ਵਿਚ ਫੌਸ (ਫਹੋਸ) ਦਾ ਅਰਥ ਰੋਸ਼ਨੀ ਪ੍ਰਕਾਸ਼ ਹੈ। ਇਹ ਫੋਸ ਸੰਸਕ੍ਰਿਤ ‘ਭਾਸ’ ਦਾ ਹੀ ਗਰੀਕ ਸਕਾ ਹੈ। ਵਿਦਵਾਨਾਂ ਨੇ ਫੋਟੋ ਸ਼ਬਦ ਵੀ ਇਸੇ ਵਿਚ ਫਿੱਟ ਕੀਤਾ ਹੈ।
ਖੈਰ! ਆਪਾਂ ਆਪਣੇ ਸ਼ਬਦ ਸਮੂਹ ਨਾਲ ਵਾਰਤਾਲਾਪ ਜਾਰੀ ਰੱਖੀਏ। ਨਿਰੁਕਤ ਸ਼ਾਸਤਰੀ ਅਜਿਤ ਵਡਨੇਰਕਰ ਨੇ ਦੱਸਿਆ, ‘ਹਿੰਦੀ ਸ਼ਬਦਸਾਗਰ’ ਨੇ ਪਾਦ ਜਾਂ ਪ੍ਰਭਾ ਦਾ ਹਵਾਲਾ ਦਿੱਤਾ ਹੈ। ਸੰਸਕ੍ਰਿਤ ਵਿਚ ਉਗਣ ਦੇ ਸੰਦਰਭ ਵਿਚ ਅਨੇਕਾਂ ਵਾਰ ਪਾਦ ਦਾ ਪ੍ਰਯੋਗ ਕਿਰਣਾਂ ਵਜੋਂ ਹੋਇਆ ਹੈ ਜਦਕਿ ਉਪ+ਉਸ਼ ਦਾ ਪਹਿਲਾਂ ਉਪੋਸ਼ ਬਣਨਾ ਚਾਹੀਦਾ ਹੈ, ਜੋ ਕਿਧਰੇ ਨਹੀਂ ਮਿਲਦਾ। ਇਸ ਲਈ ‘ਪੌ’ ਸ਼ਬਦ ਦੀ ਵਿਉਤਪਤੀ ਪਾਦ ਜਾਂ ਪਾਯ (ਪੈਰ) ਤੋਂ ਵਧੇਰੇ ਸੰਭਾਵਤ ਲਗਦੀ ਹੈ।”
ਮੈਂ ਟਰਨਰ ਦਾ ਹਵਾਲਾ ਦਿੰਦਿਆਂ ਆਪਣੀ ਦਲੀਲ ਜਾਰੀ ਰੱਖੀ। ਟਰਨਰ ਇਸ ਦੀ ਵਿਉਤਪਤੀ ਪ੍ਰਭਾ ਤੋਂ ਮੰਨਦਾ ਹੈ ਜੋ ਪ੍ਰਾਕ੍ਰਿਤ ਵਿਚ ਪਭਾ ਤੇ ਪਹਾ ਅਤੇ ਫਿਰ ਪੰਜਾਬੀ ਵਿਚ ਪਹੁ ਹੋਈ। ਅਭਯ ਤਿਵਾੜੀ ਨੇ ਆਪਣੀ ਗੱਲ ਦੁਹਰਾਈ ਕਿ ਇਕ ਸੰਖਿਆ ਦੇ ਅਰਥ ਵਿਚ ਵੀ ਇਕ ਪਾਦ ਯਾਨਿ ਇਕ ਘਰ ਚੱਲਣ ਦੀ ਗੱਲ ਵਧੇਰੇ ਸਟੀਕ ਮਾਲੂਮ ਹੁੰਦੀ ਹੈ।
ਪਰ ਅਜਿਤ ਵਡਨੇਰਕਰ ਝੱਟ ਹੀ ਮੇਰੀ ਦਲੀਲ ਤੋਂ ਕਾਇਲ ਹੋ ਗਏ, “ਠੀਕ ਹੈ ਬਲਜੀਤ ਭਾਈ, ਪ੍ਰਭਾ ਦੇ ਹੀ ਸਭ ਤੋਂ ਨਿਕਟ ਹੈ ਪੌ।” ਅਭਯ ਤਿਵਾੜੀ ਕੁਝ ਅਚੰਭਿਤ ਹੋਇਆ, “ਦਿਲਚਸਪ ਗੱਲ ਹੈ ਕਿ ਇਕ ਪੌ ਦੀ ਵਿਉਤਪਤੀ ਪ੍ਰਭਾ ਤੋਂ ਤੇ ਦੂਜੇ ਦੀ ਪਾਦ ਤੋਂ!” ਮੈਂ ਆਪਣੀ ਜਾਣਕਾਰੀ ਘੋਟੀ, “ਪੌ ਦਾ ਸਬੰਧ ਸੰਸਕ੍ਰਿਤ ਪ੍ਰਹਾ ਨਾਲ ਲਗਦਾ ਹੈ ਜਿਸ ਦਾ ਮਤਲਬ ਪਾਸੇ ਦੀ ਜਿੱਤ ਵਾਲੀ ਸੋਟ ਹੁੰਦਾ ਹੈ। ਅਸੀਂ ਪੌਂ ਬਾਰਾਂ ਕਹਿੰਦੇ ਹਾਂ।” ਅਭਯ ਤਿਵਾੜੀ ਨੇ ਜਵਾਬ ਦਿੱਤਾ, “ਪੌ ਬਾਰਾਂ ਵਿਚ ਪੌ ਦਾ ਅਰਥ ਪਾਦ (ਪੈਰ) ਲਿਆ ਜਾਵੇ ਤਾਂ ਕਿਹਾ ਜਾਵੇਗਾ ਬਾਰਾਂ ਪਾਦ ਅੱਗੇ ਆਏ। ਚੌਪੜ ਜਿਹੀ ਪਾਸਿਆਂ ਦੀ ਖੇਡ ਵਿਚ ਬਾਰਾਂ ਸਭ ਤੋਂ ਅਧਿਕ ਸੰਖਿਆ ਹੈ। ਇਸ ਲਈ ਪੌ ਦਾ ਅਰਥ ਪਾਦ ਇਕ ਦਮ ਸਹੀ ਲਗਦਾ ਹੈ।”
ਦਰਅਸਲ ਨਾ ਤਾਂ ਸਾਥੀਆਂ ਨੇ ਇਸ ਗੱਲ ਵੱਲ ਧਿਆਨ ਦਿੱਤਾ ਤੇ ਨਾ ਹੀ ਮੈਂ ਧਿਆਨ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਹਿੰਦੀ ਵਿਚ ਜਿਸ ਨੂੰ ‘ਪੌ’ ਕਿਹਾ ਜਾ ਰਿਹਾ ਹੈ, ਉਹ ਪੰਜਾਬੀ ਵਿਚ ‘ਪਹੁ’ ਹੈ ਅਤੇ ਦੂਸਰੇ ‘ਪੌ’ ਦਾ ਉਚਾਰਣ ‘ਪੌਂ’ ਹੈ। ਅਜਿਤ ਵਡਨੇਰਕਰ ਨੇ ਇਹ ਗੱਲ ਫੜ੍ਹ ਲਈ, “ਹਿੰਦੀ ਬੋਲੀਆਂ ਦੇ ਵਿਸ਼ਾਲ ਆਂਚਲ ਵਿਚ ਪਹੁ, ਪੋਹ ਜਿਹੇ ਰੂਪ ਜੇ ਉਪਲਭਦ ਹਨ ਤਾਂ ਇਸ ਦੀ ਵਿਉਤਪਤੀ ਪ੍ਰਭਾ ਤੋਂ ਪੁਸ਼ਟ ਹੋ ਸਕਦੀ ਹੈ। ਪੰਜਾਬੀ ਦਾ ਪਹੁ ਇਸ ਨੂੰ ਪੁਸ਼ਟ ਕਰ ਰਿਹਾ ਹੈ।
‘ਹਿੰਦੀ ਸ਼ਬਦਸਾਗਰ’ ਅਨੁਸਾਰ ਪਾਦ>ਪਾਯ>ਪਾਵ>ਪੌ ਦੀ ਵਿਉਤਪਤੀ ਵੀ ਤਾਰਕਿਕ ਹੈ ਪਰ ਦਿੱਕਤ ਹੈ ਕਿ ਪਾਦ ਦੇ ਇਨ੍ਹਾਂ ਰੂਪਾਂ ਦਾ ਚੱਲਣ ਦੇ ਅਰਥ ਵਿਚ ਤਾਂ ਕਈ ਬੋਲੀਆਂ ਵਿਚ ਪ੍ਰਚਲਨ ਹੈ, ਸੁਬਹ, ਕਿਰਨ, ਰੋਸ਼ਨੀ ਆਦਿ ਦੇ ਅਰਥਾਂ ਵਿਚ ਦੇਖਣ ਨੂੰ ਨਹੀਂ ਮਿਲਦਾ। ਸੋ ਪ੍ਰਭਾ ਦੇ ਪੱਖ ਵਿਚ ਪੰਜਾਬੀ ਦੇ ਪਹੁ ਵਾਲੀ ਸਾਖੀ ਤਾਂ ਹੈ ਹੀ।”
ਇਸ ਤਰ੍ਹਾਂ ਪਹੁ ਫੁੱਟਣਾ ਵਿਚਲੇ ਪਹੁ ਦੀ ਵਿਉਤਪਤੀ ਬਾਰੇ ਭਾਵੇਂ ਅੱਗੇ ਬਹੁਤੀ ਬਹਿਸ ਨਹੀਂ ਹੋਈ ਤੇ ਮੇਰੀ ਗੱਲ ਮੰਨ ਲਈ ਗਈ ਲਗਦੀ ਸੀ ਪਰ ਅਗਲੀ ਚਰਚਾ, ਜਿਸ ਵਿਚ ਬਹੁਤਾ ਜ਼ੋਰ ਪੌਂ ਬਾਰਾਂ ਵਿਚਲੇ ਪੌਂ ‘ਤੇ ਲੱਗਾ, ਵਿਚ ਵੀ ਇਸ ਪਹੁ ‘ਤੇ ਸ਼ੰਕਾ ਜ਼ਾਹਰ ਕੀਤਾ ਗਿਆ। ਲੇਖ ਵੱਡਾ ਹੋਣ ਦੇ ਡਰ ਤੋਂ ਵਿਚਾਰ-ਵਟਾਂਦਰੇ ਦੇ ਅਗਲੇ ਹਿੱਸੇ ਨੂੰ ‘ਪੌਂ ਬਾਰਾਂ’ ਦੇ ਸਿਰਲੇਖ ਅਧੀਨ ਅਗਲੀ ਕੜੀ ਵਿਚ ਪੇਸ਼ ਕੀਤਾ ਜਾਵੇਗਾ।
ਮੈਂ ‘ਪੌਂ ਬਾਰਾਂ’ ਵਾਲੇ ਪੌਂ ਲਈ ਮੋਨੀਅਰ ਵਿਲੀਅਮਜ਼ ਦਾ ਹਵਾਲਾ ਦਿੱਤਾ ਜਿਸ ਅਨੁਸਾਰ ਇਹ ਸ਼ਬਦ ਸੰਸਕ੍ਰਿਤ ਪ੍ਰਹਾ ਤੋਂ ਬਣਿਆ ਲਗਦਾ ਹੈ, ‘ਪ੍ਰਹਾ -A ਗੋਦ ਟਹਰੋੱ ਅਟ ਦਚਿe, ਅਨੇ ਗਅਨਿ ੋਰ ਅਦਵਅਨਟਅਗe।’ ਇਹ ਪ੍ਰ+ਹੰਤ (ਹੰਤ= ਮਾਰਨਾ) ਤੋਂ ਬਣਿਆ ਹੈ।
ਅਜਿਤ ਨੇ ਮੇਰੀ ਹਾਮੀ ਭਰੀ, “ਗੱਲ ਵਿਚ ਦਮ ਹੈ ਕਿਉਂਕਿ ਸੁੱਟਣ ਦੇ ਅਰਥ ਵਿਚ ਪਾਸਾ ਸ਼ਬਦ ਦੀ ਵਿਉਤਪਤੀ ਪਾਸ਼ਕ ਤੋਂ ਹੈ। ਪਾਸ਼ਕ ਉਹ ਗੋਟੀ ਹੈ ਜਿਸ ‘ਤੇ ਲੱਗੀਆਂ ਬਿੰਦੀਆਂ ਦੇ ਜ਼ਰੀਏ ਇਹ ਨਿਰਧਾਰਤ ਹੁੰਦਾ ਹੈ ਕਿ ਕਿੰਨੀ ਚਾਲ ਚੱਲਣੀ ਹੈ। ਪਰ ਚਾਲ ਦੇ ਅਰਥ ਵਿਚ ਜੋ ਵਿਅੰਜਨਾ ਪਾਦ ਵਿਚ ਨਜ਼ਰ ਆ ਰਹੀ ਹੈ, ਉਸ ਵਿਚ ਵੀ ਵਜ਼ਨ ਹੈ। ਬਾਰਾਂ ਦਾ ਪਾਸਾ ਪੈਣ ਦੇ ਅਰਥ ਵਿਚ ਪੌਂ ਬਾਰਾਂ ਠੀਕ ਹੈ। ਏਥੇ ਪਾਸੇ ਤੋਂ ਹੀ ਤਾਤਪਰਜ ਹੈ।”
ਮੈਂ ਜਵਾਬ ਦਿੱਤਾ, “ਸ਼ਾਇਦ ਪਾਸੇ ਵਿਚ ਲੱਗੇ ਨਿਸ਼ਾਨਾਂ ਵਿਚ ਚੰਗਾ ਮਿਲਣ ਦਾ ਅਰਥ ਹੈ ਜਿਵੇਂ ਜੋਤਿਸ਼ ਵਿਚ ਲਗਨ ਹੁੰਦਾ ਹੈ। ਪਾਸੇ ਦੇ ਨਿਸ਼ਾਨਾਂ ਵੱਲ ਧਿਆਨ ਦੇਵੋ, ਨਾ ਕਿ ਪਾਂਵ ਵੱਲ।” ਪਰ ਅਭਯ ਤਿਵਾੜੀ ਦਾ ਕਹਿਣਾ ਸੀ ਕਿ ਪੌ ਦਾ ਅਰਥ ਇਕ ਹੀ ਹੈ। ਕਿਸੇ ਵੀ ਚੰਗੇ ਦਾਅ ਨੂੰ ਪੌ ਨਹੀਂ ਕਹਿੰਦੇ। ਪੌ ਬਾਰਾਂ ਜ਼ਰੂਰ ਅੱਛਾ ਦਾਅ ਹੈ ਜਿਵੇਂ ਛੱਕਾ। ਇਸ ਨਜ਼ਰ ਤੋਂ ਪੌ ਦਾ ਅਰਥ ਪਾਦ ਅਰਥਾਤ ਇਕ ਕਦਮ ਹੀ ਠੀਕ ਬੈਠਦਾ ਹੈ।