ਵਰਿਆਮ, ਸਚਮੁੱਚ ਹੀ ਵਰਿਆਮ ਹੈ

ਪ੍ਰਿੰਸੀਪਲ ਸਰਵਣ ਸਿੰਘ ਬੇਸ਼ਕ ਬਹੁਤਾ ਖੇਡ ਲੇਖਕ ਵਜੋਂ ਜਾਣੇ ਜਾਂਦੇ ਹਨ, ਪਰ ਉਨ੍ਹਾਂ ਦੀਆਂ ਲਿਖਤਾਂ ਵਿਚ ਕਥਾ ਰਸ ਕਮਾਲ ਦਾ ਹੁੰਦਾ ਹੈ। ਇਸੇ ਕਰਕੇ ਉਨ੍ਹਾਂ ਦੀਆਂ ਖੇਡ ਲਿਖਤਾਂ ਵੀ ਕਹਾਣੀਆਂ ਵਾਂਗ ਜਾਪਦੀਆਂ ਹਨ। ਉਂਜ ਉਨ੍ਹਾਂ ਕਹਾਣੀਆਂ ਲਿਖੀਆਂ ਵੀ ਹਨ। ਜੀਵਨੀਨੁਮਾ ਲੇਖ ਵੀ ਉਹ ਬਹੁਤ ਸੋਹਣੇ ਲਿਖਦੇ ਹਨ। ਹੁਣ ਕਹਾਣੀਕਾਰ ਵਰਿਆਮ ਸਿੰਘ ਸੰਧੂ ਬਾਰੇ ਉਸ ਦੀਆਂ ਲੰਮੀਆਂ ਕਹਾਣੀਆਂ ਵਾਂਗ ਹੀ ਪ੍ਰਿੰਸੀਪਲ ਸਰਵਣ ਸਿੰਘ ਨੇ ਇਹ ਲੰਮਾ ਲੇਖ ਲਿਖਿਆ ਹੈ।

ਲੇਖ ਦੀ ਅੱਠਵੀਂ ਤੇ ਆਖਰੀ ਕਿਸ਼ਤ ਵਿਚ ਉਨ੍ਹਾਂ ਵਰਿਆਮ ਸੰਧੂ ਦੀ ਪਾਕਿਸਤਾਨ ਫੇਰੀ ਤੇ ਜ਼ਿੰਦਗੀ ਪ੍ਰਤੀ ਉਨ੍ਹਾਂ ਦੇ ਦ੍ਰਿਸ਼ਟੀਕੋਣ ਦਾ ਜ਼ਿਕਰ ਕੀਤਾ ਹੈ ਅਤੇ ਕਹਿੰਦੇ ਹਨ, “ਗੱਲ ਉਥੇ ਹੀ ਮੁਕਾਉਂਦੇ ਹਾਂ ਜਿਥੋਂ ਤੋਰੀ ਸੀ। ਵਰਿਆਮ, ਸਚਮੁੱਚ ਹੀ ਵਰਿਆਮ ਹੈ। ਕਹਿਣੀ ਤੇ ਕਰਨੀ ਦਾ ਸੂਰਮਾ ਸਾਹਿਤਕਾਰ। ਕਹਾਣੀ ਗਗਨ ਦਾ ਚਮਕਦਾ ਚੰਦ। ਪਰ ਇਹ ਚੰਦ ਅਜੇ ਪੂਰਨਮਾਸ਼ੀ ਤਕ ਨਹੀਂ ਪੁੱਜਾ। ‘ਰਿਮ ਝਿਮ’ ਤੇ ‘ਜਮਰੌਦ’ ਵਰਗੀਆਂ ਨਾਵਲੀ ਕਹਾਣੀਆਂ ਲਿਖ ਕੇ ਉਹ ਨਾਵਲ ਲਿਖਣ ਦੇ ਨੇੜੇ ਤਾਂ ਪਹੁੰਚ ਹੀ ਗਿਐ।” -ਸੰਪਾਦਕ

(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
ਅਪਰੈਲ 2001 ਵਿਚ ਅਸੀਂ ਆਲਮੀ ਪੰਜਾਬੀ ਕਾਨਫਰੰਸ ਵਿਚ ਸ਼ਾਮਲ ਹੋਣ ਲਈ ਲਾਹੌਰ ਗਏ ਤਾਂ ਹਫਤਾ ਕੁ ‘ਸ਼ਾਹਤਾਜ ਹੋਟਲ’ ਵਿਚ ‘ਕੱਠੇ ਰਹੇ। ਦੇਰ ਰਾਤ ਤਕ ਗੱਲਾਂ ਨਾ ਮੁੱਕਦੀਆਂ। ਲਾਹੌਰੀਏ ਅੰਤਾਂ ਦਾ ਮੋਹ ਪਿਆਰ ਜਤਾਉਂਦੇ। ਵਰਿਆਮ ਅਕਸਰ ਆਖਦਾ, “ਮੈਂ ਤਾਂ ਪਾਸਪੋਰਟ ਬਣਾਇਆ ਹੀ ਲਾਹੌਰ ਵੇਖਣ ਲਈ ਸੀ। ਕੈਨੇਡਾ/ਅਮਰੀਕਾ ਤਾਂ ਝੂੰਗੇ ਵਿਚ ਵੇਖੇ ਗਏ!”
ਲਾਹੌਰ ਬੇਸ਼ਕ ਅਸੀਂ ਕੁਝ ਦਿਨ ਹੀ ਰਹੇ ਪਰ ਏਨੀਆਂ ਯਾਦਗਾਰੀ ਥਾਂਵਾਂ ਵੇਖ ਲਈਆਂ ਕਿ ਕਹਾਵਤ ‘ਜੀਹਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਹੀ ਨਹੀਂ’ ਮੁਤਾਬਕ ਮੁੜ ‘ਜੰਮਿਆਂ’ ‘ਚ ਹੋ ਗਏ! ਉਥੇ ਲਾਹੌਰ ਦਾ ਸ਼ਾਹੀ ਕਿਲਾ, ਮਹਾਰਾਜਾ ਰਣਜੀਤ ਸਿੰਘ ਦੀ ਸਮਾਧ, ਗੁਰਦੁਆਰਾ ਡੇਹਰਾ ਸਾਹਿਬ, ਸ਼ਾਹ ਹੁਸੈਨ ਦਾ ਮਕਬਰਾ, ਉਹ ਦੀਵਾਰ ਜਿਥੋਂ ਸੁਰਸਿੰਘ ਦੇ ਬਿਧੀ ਚੰਦ ਨੇ ਘੋੜਿਆਂ ਦੀ ਰਾਵੀ ਵਿਚ ਛਾਲ ਲਵਾਈ ਸੀ, ਨੂਰ ਜਹਾਂ ਦਾ ਮਕਬਰਾ, ਸੁੱਕੀ ਪਈ ਰਾਵੀ, ਸ਼ਾਲੀਮਾਰ ਬਾਗ, ‘ਸਾਰੇ ਜਹਾਂ ਸੇ ਅੱਛਾ ਹਿੰਦੋਸਤਾਂ ਹਮਾਰਾ’ ਤਰਾਨਾ ਲਿਖਣ ਵਾਲੇ ਮੁਹੰਮਦ ਇਕਬਾਲ ਦੀ ਯਾਦਗਾਰ ਅਤੇ ਗਵਾਲ ਮੰਡੀ ਦੀ ਫੂਡ ਸਟਰੀਟ ਆਦਿ ਵੇਖਣ ਦੇ ਮੌਕੇ ਮਿਲੇ। ਜੰਡਿਆਲਾ ਸ਼ੇਰ ਖਾਂ ਵਿਚ ਬਣੀ ਵਾਰਸ ਸ਼ਾਹ ਦੀ ਯਾਦਗਾਰ ਵੇਖਣ ਪਿਛੋਂ ਨਨਕਾਣਾ ਸਾਹਿਬ ਵਿਚਲੇ ਗੁਰਦੁਆਰਿਆਂ ਦੇ ਦਰਸ਼ਨ ਕੀਤੇ।
ਵਰਿਆਮ ਤਾਂ ਅਗਾਂਹ ਲਾਇਲਪੁਰ ਤੇ ਕਸੂਰ ਵੀ ਹੋ ਆਇਆ ਅਤੇ ਬੁੱਲ੍ਹੇ ਸ਼ਾਹ ਦੇ ਤਕੀਏ ਨੂੰ ਸਿਜਦਾ ਕਰ ਆਇਆ, ਐਪਰ ਆਪਣੇ ਪਿੰਡ ਭਡਾਣੇ ਜਾਣ ਦੀ ਰੀਝ ਪੂਰੀ ਨਾ ਕਰ ਸਕਿਆ। ਉਸ ਨੇ ਇਸ ਦਾ ‘ਯਾਤਰਾ ਪ੍ਰਸੰਗ’ ਲਿਖਿਆ ਜਿਸ ਨੂੰ ‘ਵਗਦੀਏ ਰਾਵੀ’ ਦਾ ਨਾਂ ਦਿੱਤਾ। ਉਸ ਦਾ ਮੁੱਖ ਬੰਦ ਕਰੋੜਾਂ ਪੰਜਾਬੀਆਂ ਦੇ ਦਿਲਾਂ ਦੀ ਹੂਕ ਹੈ:
ਇਕ ਮਾਸੂਮ ਹੋਕਾ
ਦੇਸ਼ ਦੀ ਵੰਡ ਸਮੇਂ ਹੋਈਆਂ ਅਣਹੋਣੀਆਂ ਸਦਕਾ ਲੱਗੇ ਡੂੰਘੇ ਜ਼ਖਮਾਂ ਦੀ ਪੀੜ ਅੱਜ ਵੀ ਕਰੋੜਾਂ ਪੰਜਾਬੀਆਂ ਦੇ ਅੰਗ-ਸੰਗ ਹੈ। ਇਨ੍ਹਾਂ ਉਤੇ ਮਰਹਮ ਲਾਉਣ ਦੀ ਥਾਂ, ਜਦੋਂ ਕਦੀ ਮਾੜਾ ਮੋਟਾ ਅੰਗੂਰ ਆਉਣ ਦੀ ਕੋਈ ਗੁੰਜਾਇਸ਼ ਬਣਦੀ ਵੀ ਹੈ ਤਾਂ ਦੋਹਾਂ ਮੁਲਕਾਂ ਦੀਆਂ ਸਰਕਾਰਾਂ ਇਕ ਦੂਜੇ ਉਤੇ ਦੋਸ਼ ਮੜ੍ਹਦੀਆਂ ਤਿੱਖੇ ਨਹੁੰਆਂ ਵਾਲੇ ਅਜਿਹੇ ਨਫਰਤੀ-ਖਰੁੰਡ ਭਰਦੀਆਂ ਹਨ ਕਿ ਜ਼ਖਮ ਹੋਰ ਛਿੱਲੇ ਜਾਂਦੇ ਹਨ ਅਤੇ ਸਾਧਾਰਨ ਆਵਾਮ ਕਈ ਸਾਲ ਇਸ ਪੀੜ ਵਿਚ ਲੁੱਛਦੇ ਕੁਰਲਾਉਂਦੇ ਰਹਿੰਦੇ ਹਨ।
‘ਅਹਿਲੇ ਸਿਆਸਤ’ ਦੀ ਹਉਮੈ ਤੇ ਕੁਰਸੀ ਦੀ ਲੋੜ ਨੇ ਦੋਹਾਂ ਮੁਲਕਾਂ ਵਿਚ ਲੋਕ-ਮਨਾਂ ਉਤੇ ਆਪਣੇ ਕੂੜ-ਪ੍ਰਚਾਰ ਦੀ ਅਜਿਹੀ ਮੋਟੀ ਤਹਿ ਵਿਛਾ ਦਿੱਤੀ ਹੈ ਕਿ ਉਸ ਹੇਠਾਂ ਮੁਹੱਬਤ ਦੀ ਆਦਿ-ਜੁਗਾਦੀ ਵਗਦੀ ਕੂਲ ਵੀ ਨੱਪੀ ਦੱਬੀ ਗਈ ਹੈ। ਪਰ ਕਿਤੇ-ਕਿਤੇ ਇਹ ਕੂਲ ਇਸ ਮੋਟੀ ਕਾਲੀ ਤਹਿ ਨੂੰ ਤੋੜ ਕੇ ਗੁਣ-ਗੁਣਾਉਂਦੀ ਆਪਣੇ ਰੰਗ ਵਿਚ ਰੱਤੀ ਵਹਿ ਵੀ ਤੁਰਦੀ ਹੈ।
12 ਤੋਂ 19 ਅਪਰੈਲ 2001 ਤੱਕ ‘ਆਲਮੀ ਪੰਜਾਬੀ ਕਾਨਫਰੰਸ ਲਾਹੌਰ’ ਦੇ ਸਿਲਸਿਲੇ ਵਿਚ ਮੇਰੀ ਲਾਹੌਰ, ਕਸੂਰ, ਸ਼ੇਖੂਪੁਰਾ, ਨਨਕਾਣਾ ਸਾਹਿਬ ਤੇ ਲਾਇਲਪੁਰ ਦੀ ਫੇਰੀ ਇਸੇ ਮੁਹੱਬਤੀ ਗੁਣਗੁਣਾਹਟ ਦਾ ਸੁਹਾਵਣਾ ਸਬੱਬ ਬਣੀ। ਉਥੇ ਆਮ ਲੋਕਾਂ ਨੂੰ ਮਿਲਦਿਆਂ ਮੈਨੂੰ ਹੈਰਾਨੀ ਭਰੀ ਖੁਸ਼ੀ ਹੋਈ ਕਿ ਲਹਿੰਦੇ ਪੰਜਾਬ ਦੇ ਪੰਜਾਬੀ ਭਰਾਵਾਂ ਦੇ ਮਨਾਂ ਵਿਚ ਵੀ ਚੜ੍ਹਦੇ ਪੰਜਾਬ ਦੇ ਆਪਣੇ ਵਿਛੜੇ ਭਰਾਵਾਂ ਲਈ ਵਿਗੋਚੇ ਤੇ ਵਿਛੋੜੇ ਦੀ ਬੜੀ ਤੀਬਰ ਤੜਪਣੀ ਹੈ। ਦੋਹਾਂ ਪੰਜਾਬਾਂ ਵਿਚ ਅਜਿਹੇ ਕਰੋੜਾਂ ਲੋਕ ਹਨ ਜਿਨ੍ਹਾਂ ਦੀਆਂ ਜੜ੍ਹਾਂ ਤੇ ਯਾਦਾਂ ਇਕ ਦੂਜੇ ਮੁਲਕ ਨਾਲ ਜੁੜੀਆਂ ਹੋਈਆਂ ਹਨ। ਉਹ ਸਰਹੱਦਾਂ ਤੋਂ ਉਰਾਰ ਪਾਰ ਜਾ ਕੇ ਆਪਣੇ ਵਡੇਰਿਆਂ ਦੀ ਸਰ-ਜ਼ਮੀਂ ਨੂੰ ਚੁੰਮ ਕੇ ਮੱਥੇ ਨਾਲ ਛੁਹਾਉਣ ਲਈ ਵਿਲ੍ਹਕ ਰਹੇ ਹਨ, ਵਿਛੜੇ ਭਰਾਵਾਂ ਨੂੰ ਗਲੇ ਮਿਲਣ ਲਈ ਲੁੱਛ-ਲੋਚ ਰਹੇ ਹਨ।
ਸਾਂਝੀ ਜ਼ਬਾਨ, ਸਾਂਝੇ ਇਤਿਹਾਸ, ਸਾਂਝੇ ਵਸੇਬ ਤੇ ਸਾਂਝੀ ਰਹਿਤਲ ਦੀ ਖਿੱਚ ਅਚੇਤ-ਸੁਚੇਤ ਹਰੇਕ ਦੇ ਮਨ ਵਿਚ ਇਕ ਦੂਜੇ ਲਈ ਤੁਣਕੇ ਮਾਰਦੀ ਰਹਿੰਦੀ ਹੈ। ਇਹੋ ਹੀ ਕਾਰਨ ਹੈ ਕਿ ਕਰੜੇ ਤੋਂ ਕਰੜੇ ਮਨ ਦੀ ਸੁੱਕੀ ਰੇਤ ਵਿਚ ਵੀ ਕਿਤੇ ਨਾ ਕਿਤੇ ਮਾੜੀ ਮੋਟੀ ਸਿੱਲ੍ਹ ਮੌਜੂਦ ਹੈ ਤੇ ਥੋੜ੍ਹਾ ਚਿਰ ਵੀ ਇਸ ਸਿੱਲ੍ਹ ਨੂੰ ਥਪਥਪਾ ਕੇ ਦੇਖੀਏ ਤਾਂ ਉਸ ਹੇਠੋਂ ਪਾਣੀ ਸਿੰਮ ਪੈਂਦਾ ਹੈ।
ਇਹ ਕਾਨਫਰੰਸਾਂ/ਇਹ ਮਿਲਣੀਆਂ ਕਰੜੇ ਮਨਾਂ ਉਤੇ ਕੂਲੇ ਮੁਹੱਬਤੀ ਹੱਥਾਂ ਦੀ ਥਪਥਪਾਹਟ ਹੀ ਤਾਂ ਹਨ। ਜੇ ਇਹ ਮਿਲਣੀਆਂ ਮੁਸੱਲਸਲ ਹੁੰਦੀਆਂ ਰਹਿਣ ਤਾਂ ਨਿਸ਼ਚੈ ਹੀ ਹੇਠੋਂ ਮੁਹੱਬਤ ਦਾ ਚਾਂਦੀ-ਰੰਗਾ ਪਾਣੀ ਸਿੰਮ ਸਕਦਾ ਹੈ, ਮੁਹੱਬਤ ਦੀ ਵਗਦੀ ਰਾਵੀ ਦੇ ਰੂਪ ਵਿਚ। ਉਤੋਂ-ਉਤੋਂ ਬੇਸ਼ੱਕ ਇਹ ਰਾਵੀ ਸੁੱਕੀ ਪਈ ਜਾਪਦੀ ਹੈ ਪਰ ਮੈਨੂੰ ਵਿਸ਼ਵਾਸ ਹੈ ਕਿ ਸਾਡੇ ਸਭ ਦੇ ਧੁਰ ਅੰਦਰ ਕਿਤੇ ਨਾ ਕਿਤੇ ਇਹ ਨਿਰੰਤਰ ਵਹਿ ਰਹੀ ਹੈ। ਲੋੜ ਇਸ ਤੋਂ ਕੂੜ ਦੀ ਮੋਟੀ ਰੇਤਲੀ ਤਹਿ ਨੂੰ ਪੁੱਟ ਉਖੇੜ ਕੇ ਪਾਸੇ ਕਰਨ ਦੀ ਹੈ।
ਮੇਰੀ ਇਹ ਲਿਖਤ ਨਾਂਵਾਂ, ਥਾਂਵਾਂ ਤੇ ਇਮਾਰਤਾਂ ਦੇ ਦਰਸ਼ਨਾਂ ਦਾ ਵੇਰਵਾ ਦੇਣ ਵਾਲੀ ਕੋਈ ਪਰੰਪਰਕ ਸਫਰਨਾਮਾ ਲਿਖਤ ਨਹੀਂ, ਇਹ ਤਾਂ ਮਨਾਂ ਤੋਂ ਮਨਾਂ ਤਕ ਦੀ ਯਾਤਰਾ ਦਾ ਤਰਲ ਬਿਰਤਾਂਤ ਹੈ। ਇਹ ਸਿਰਫ ਸੱਤਾਂ ਦਿਨਾਂ ਦਾ ਵੇਰਵਾ ਨਹੀਂ, ਇਹਦੇ ਪਿੱਛੇ ਤਾਂ ਸੱਤਾਂ ਪੁਸ਼ਤਾਂ ਦਾ ਦਰਦ ਬੋਲਦਾ ਪਿਆ ਹੈ। ਇਹ ਲਿਖਤ ਪੀੜ੍ਹੀਆਂ ਦੀ ਸਾਂਝ ਦੇ ਟੁੱਟਣ-ਤਿੜਕਣ ਤੇ ਮੁੜ ਗਲੇ ਲੱਗਣ ਲਈ ਅਹੁਲਦੀ ਤੜਪਦੀ ਤਾਂਘ ਦੀ ਦਰਦ-ਦਾਸਤਾਂ ਹੈ।
ਸੁੱਕੇ ਮਨਾਂ ਵਿਚ ਮੁਹੱਬਤ ਦੀ ਰਾਵੀ ਵਗਾਉਣਾ ਮੇਰੇ ਮਨ ਦੀ ਲੋਚਾ ਹੈ। ਮੈਨੂੰ ਲੱਗਦਾ ਹੈ ਕਿ ਮੈਂ ਇਸ ਰਚਨਾ ਰਾਹੀਂ ਦੋਹਾਂ ਮੁਲਕਾਂ ਦੇ ਆਵਾਮ ਅੰਦਰਲੇ ਤਰਲ ਭਾਵਾਂ ਨੂੰ ਜ਼ਬਾਨ ਦੇਣ ਦਾ ਅਤੇ ਸਰਬ-ਸਾਂਝੀ ਮਨੁੱਖਤਾ ਪ੍ਰਤੀ ਵਫਾਦਾਰੀ ਨਿਭਾਉਣ ਦਾ ਨਿਰਮਾਣ ਕਾਰਜ ਕਰਨ ਦੀ ਸਾਦਾ ਜਿਹੀ ਕੋਸ਼ਿਸ਼ ਕੀਤੀ ਹੈ। ਇਹ ਰਚਨਾ ਸਰਹੱਦਾਂ ਅਤੇ ਕੰਡੇਦਾਰ ਤਾਰਾਂ/ਵਾੜਾਂ ਦੇ ਉਪਰ ਦੀ ਮੁਹੱਬਤ ਦਾ ਸਤਰੰਗਾ ਇੰਦਰ-ਧਨੁੱਖੀ ਪੁਲ ਉਸਾਰ ਕੇ ਇਕ ਦੂਜੇ ਤੱਕ ਪੁੱਜਣ ਅਤੇ ਇਕ ਦੂਜੇ ਨੂੰ ਸਮਝਣ ਦਾ ਨਿੱਕਾ ਜਿਹਾ ਯਤਨ ਹੈ। ਮੈਂ ਇਸ ਲਿਖਤ ਰਾਹੀਂ ‘ਬਾਰੂਦ ਦੀ ਬੋ’ ਦੀ ਜਗ੍ਹਾ ‘ਮੁਹੱਬਤ ਦੀ ਖੁਸ਼ਬੋ’ ਖਿੰਡਾਉਣ ਦਾ, ਸਭ ਕਿਸਮ ਦੇ ਲੜਾਈ ਝਗੜਿਆਂ ਨੂੰ ਮਿਲ-ਬੈਠ ਕੇ ਨਿਪਟਾਉਣ ਦਾ, ਵਿਛੜਿਆਂ ਨੂੰ ਗਲੇ ਮਿਲਾਉਣ ਦਾ ਇਕ ਮਾਸੂਮ ਜਿਹਾ ਹੋਕਾ ਦਿੱਤਾ ਹੈ। ਕੋਈ ਸੁਣੇਗਾ ਇਸ ਹੋਕੇ ਨੂੰ? ਕੋਈ ਨਾ ਕੋਈ ਤਾਂ ਸੁਣੇਗਾ ਹੀ!

ਪੁਸਤਕੀ ਰਸਾਲੇ ‘ਹੁਣ’ ਦੇ ਸੰਪਾਦਕ ਨੇ ਸੰਧੂ ਨਾਲ ਖੁੱਲ੍ਹ ਕੇ ਗੱਲਾਂ ਕੀਤੀਆਂ ਹਨ ਜੋ ਚਾਲੀ ਪੰਜਾਹ ਸਫਿਆਂ ‘ਤੇ ਛਪੀਆਂ ਹਨ। ਉਨ੍ਹਾਂ ਗੱਲਾਂ ਰਾਹੀਂ ਸੰਪਾਦਕ ਨੇ ਵਰਿਆਮ ਸੰਧੂ ਦਾ ਅੰਦਰ-ਬਾਹਰ ਫੋਲ ਮਾਰਿਆ ਹੈ। ਅਖੀਰ ਵਿਚ ਸੰਪਾਦਕ ਦਾ ਇੱਕ ਗੰਭੀਰ ਸਵਾਲ ਸੀ, “ਕੀ ਤੁਹਾਨੂੰ ਕਦੀ ਘੋਰ ਉਦਾਸੀ ਦਾ ਵੀ ਸਾਹਮਣਾ ਕਰਨਾ ਪਿਆ ਜਾਂ ਕਦੀ ਆਪਣੇ ਕੀਤੇ ‘ਤੇ ਨਮੋਸ਼ੀ ਵੀ ਹੋਈ?”
ਸੰਧੂ ਨੇ ਖੁੱਲ੍ਹ ਕੇ ਦੱਸਿਆ ਸੀ: ਉਦਾਸੀ ਤਾਂ ਜਿਉਂਦੇ ਬੰਦੇ ਦੀ ਪਛਾਣ ਹੈ। ਜੀਵਨ ਤੇ ਜਗਤ ਵਿਚ ਸਾਰਾ ਕੁਝ ਤੁਹਾਡੀਆਂ ਇੱਛਾਵਾਂ ਤੇ ਰੁਚੀਆਂ ਮੁਤਾਬਕ ਨਹੀਂ ਹੁੰਦਾ। ਤੁਹਾਡੇ ਆਪੇ ਦਾ ਬਹੁਤ ਸਾਰਾ ਹਿੱਸਾ ਊਣਾ, ਅਤ੍ਰਿਪਤ ਤੇ ਅਧੂਰਾ ਪਿਆ ਰਹਿੰਦਾ ਹੈ। ਇਸ ਅਤ੍ਰਿਪਤੀ ਤੇ ਅਧੂਰੇਪਨ ਨਾਲ ਜੁੜੀ ਉਦਾਸੀ ਤੁਹਾਡੀ ਰੂਹ ਦਾ ਹਿੱਸਾ ਬਣ ਕੇ ਤੁਹਾਡੇ ਧੁਰ ਅਵਚੇਤਨ ਵਿਚ ਬੈਠ ਜਾਂਦੀ ਹੈ। ਬਹੁਤੀ ਵਾਰ ਤੁਹਾਨੂੰ ਜ਼ਾਹਰਾ ਤੌਰ ‘ਤੇ ਦਿਸਦੀ ਵੀ ਨਹੀਂ। ਦਿੱਖ ਦੀ ਪੱਧਰ ‘ਤੇ ਭਾਵੇਂ ਕਿੰਨੇ ਵੀ ਚੜ੍ਹਦੀਆਂ ਕਲਾਂ ਵਿਚ ਹੋਈਏ, ਇਹ ਉਦਾਸੀ ਰਹਿੰਦੀ ਤੁਹਾਡੇ ਅੰਗ-ਸੰਗ ਹੀ ਹੈ ਤੇ ਤੁਹਾਡੇ ਵਤੀਰੇ ਨੂੰ ਵੀ ਅਚੇਤ ਰੂਪ ਵਿਚ ਸੰਚਾਲਤ ਕਰਦੀ ਰਹਿੰਦੀ ਹੈ। ਮੇਰੇ ਅੰਦਰਲੀ ਇਸ ਲੁਕਵੀਂ ਉਦਾਸੀ ਦਾ ਤਾਂ ਕੋਈ ਮਨੋਵਿਗਿਆਨੀ ਹੀ ਪਤਾ ਲਾ ਸਕਦਾ ਹੈ ਪਰ ਮੈਂ ਇਸ ਤੋਂ ਇਨਕਾਰੀ ਹਰਗਿਜ਼ ਨਹੀਂ। ਉਂਜ ਮੈਂ ਆਮ ਤੌਰ ‘ਤੇ ਚੜ੍ਹਦੀ ਕਲਾ ਵਿਚ ਰਹਿਣ ਵਾਲਾ ਬੰਦਾ ਹਾਂ ਤੇ ਵੇਖਣ-ਮਿਲਣ ਵਾਲਿਆਂ ਨੂੰ ਮੇਰੇ ਸਦੀਵੀ ਖੁਸ਼ਮਿਜ਼ਾਜ ਹੋਣ ਦਾ ਭੁਲੇਖਾ ਵੀ ਲੱਗ ਸਕਦਾ ਹੈ। ਕਈ ਵਾਰ ਵੱਡੇ ਸਦਮਿਆਂ ਨੂੰ ਬਰਦਾਸ਼ਤ ਕਰ ਚੁਕਾ ਹਾਂ। ਬਿਨਾ ਕਸੂਰ ਤੋਂ ਕਈ ਵਾਰ ਜੇਲ੍ਹ-ਯਾਤਰਾ ਕਰ ਚੁਕਾਂ, ਇੰਟੈਰੋਗੇਸ਼ਨ ਸੈਂਟਰ ਦੇ ਕਸਾਈਪੁਣੇ ਦਾ ਚਸ਼ਮਦੀਦ ਗਵਾਹ ਹਾਂ, ਪੁਲਿਸ ਵੱਲੋਂ ਝੂਠੇ ਕਤਲ-ਕੇਸਾਂ ਦਾ ਸਾਹਮਣਾ ਕਰ ਚੁਕਾਂ, ਉਚ ਪੁਲਿਸ ਅਫਸਰ ਦੀ ਟੈਲੀਫੋਨ ‘ਤੇ ਮੈਨੂੰ ਮਾਰੇ ਜਾਣ ਦੀ ਦਿੱਤੀ ਹਦਾਇਤ ਨੂੰ ਸਬੰਧਤ ਪੁਲਿਸ ਅਫਸਰ ਦੇ ਨੇੜੇ ਬੈਠਾ ਹੋਣ ਕਰਕੇ ਆਪਣੇ ਕੰਨੀਂ ਸੁਣ ਚੁਕਾਂ! ਖਾੜਕੂਆਂ ਵੱਲੋਂ ਪਰਿਵਾਰ ਸਮੇਤ ਮਾਰੇ ਜਾਣ ਦੇ ਖਤਰੇ ਦਾ ਇਕ ਤੋਂ ਵੱਧ ਵਾਰ ਸਾਹਮਣਾ ਕਰ ਚੁਕਾ ਹੀ ਨਹੀਂ ਸਗੋਂ ਮਾਰੇ ਜਾਣ ਤੋਂ ਵਾਲ-ਵਾਲ ਬਚ ਵੀ ਚੁਕਾਂ। ਤਦ ਵੀ ਇਨ੍ਹਾਂ ਪਲਾਂ ‘ਚ ਘੋਰ ਉਦਾਸੀ ਦਾ ਸਾਹਮਣਾ ਨਹੀਂ ਕੀਤਾ। ਕੁਝ ਚਿਰ ਲਈ ਡਰਿਆ-ਸਹਿਮਿਆ ਤਾਂ ਜ਼ਰੂਰ ਪਰ ਛੇਤੀ ਹੀ ਆਪਣੇ ਆਪ ਨੂੰ ਨਵੇਂ ਹਾਲਾਤ ਅਨੁਸਾਰ ਢਾਲ ਲੈਂਦਾ ਰਿਹਾਂ।
ਹਾਂ, ਉਦੋਂ ਘੋਰ ਉਦਾਸੀ ਦਾ ਸਾਹਮਣਾ ਜ਼ਰੂਰ ਕਰਨਾ ਪਿਆ ਜਦੋਂ ਮੇਰੀ ਇਕ ਭੈਣ ਤੇ ਛੋਟੇ ਭਰਾ ਨੇ ਮਿਲ ਕੇ ਸਾਡੇ ਪਰਿਵਾਰਕ ਬਜ਼ੁਰਗ ਦੀ ਜਮੀਨ ਦੀ ਵਸੀਅਤ ਧੋਖੇ ਨਾਲ ਆਪਣੇ ਨਾਂ ਕਰਵਾ ਲਈ ਸੀ। ਭਾਵੇਂ ਪਿੱਛੋਂ ਜਾ ਕੇ ਇਸ ਮਸਲੇ ਦਾ ਹੱਲ ਕੱਢ ਲਿਆ ਗਿਆ ਤੇ ਮੇਰੇ ਹਿੱਸੇ ਦੀ ਜਮੀਨ ਮੈਨੂੰ ਮਿਲ ਵੀ ਗਈ ਤਦ ਵੀ ਉਨ੍ਹਾਂ ਦਿਨਾਂ ਵਿਚ ਲਹੂ ਦੇ ਰਿਸ਼ਤਿਆਂ ਦੇ ਹੋਏ ਘਾਣ ਨੇ ਮੈਨੂੰ ਘੋਰ ਉਦਾਸੀ ਦੇ ਰੂਬਰੂ ਲਿਆ ਖੜ੍ਹਾ ਕੀਤਾ ਸੀ। ਦੂਜੀ ਘੋਰ ਉਦਾਸੀ ਦਾ ਸਾਹਮਣਾ ਉਦੋਂ ਕਰਨਾ ਪਿਆ, ਜਦੋਂ ਮੈਨੂੰ ਮਜਬੂਰੀ ਵੱਸ ਪਰਵਾਸ ਧਾਰਨ ਕਰਨਾ ਪੈ ਗਿਆ। ਪੁੱਤ-ਨੂੰਹ ਭਾਵੇਂ ਕਿੰਨੇ ਵੀ ਚੰਗੇ ਕਿਉਂ ਨਾ ਹੋਣ, ਉਨ੍ਹਾਂ ਦਾ ਘਰ ‘ਉਨ੍ਹਾਂ ਦਾ’ ਹੁੰਦਾ ਹੈ, ‘ਤੁਹਾਡਾ ਆਪਣਾ’ ਨਹੀਂ ਹੁੰਦਾ। ਪਹਿਲੀ ਵਾਰ ‘ਆਪਣਾ ਘਰ’ ਤੇ ਆਪਣੀ ਖੁਦਮੁਖਤਿਆਰੀ ਖੁੱਸਣ ਨੇ ਵੀ ਮੈਨੂੰ ਘੋਰ ਉਦਾਸੀ ਨਾਲ ਭਰ ਦਿੱਤਾ।
ਰਹੀ ਗੱਲ ਕੀਤੇ ‘ਤੇ ਨਮੋਸ਼ੀ ਹੋਣ ਦੀ, ਜ਼ਿੰਦਗੀ ਵਿਚ ਕੀਤੇ ਹੋਏ ਕੁਝ ਵਾਅਦੇ ਨਾ ਨਿਭਾ ਸਕਣ ਦੀ ਨਮੋਸ਼ੀ ਹੈ। ਮਾਂ-ਪਿਓ ਨੂੰ ਸਮੇਂ ਸਿਰ ਲੋੜੀਂਦਾ ਪਿਆਰ ਤੇ ਮਾਣ ਸਤਿਕਾਰ ਨਾ ਦੇ ਸਕਣ ਦੀ ਨਮੋਸ਼ੀ ਹੈ। ਮੇਰੀ ਰੂਹ ਤੇ ਘਰ ਦੀ ਮਾਲਕਣ ਤੇ ਮੈਨੂੰ ਲੱਗਣ ਵਾਲਾ ਹਰੇਕ ਸੇਕ ਸਭ ਤੋਂ ਪਹਿਲਾਂ ਅੱਗੇ ਹੋ ਕੇ ਆਪਣੇ ਤਨ ਮਨ ‘ਤੇ ਸਹਿਣ ਵਾਲੀ ਅਤੇ ਮੈਨੂੰ ਮੇਰੀ ਵਰਤਮਾਨ ਹਸਤੀ ਤੱਕ ਪਹੁੰਚਾਉਣ ਵਾਲੀ ਆਪਣੀ ਪਤਨੀ ਨਾਲ ਜ਼ਿੰਦਗੀ ਵਿਚ ਇਕ-ਅੱਧੀ ਵਾਰ ਕੀਤੀ ਬਦਲਸੂਕੀ ਦੀ ਵੀ ਬੇਹੱਦ ਨਮੋਸ਼ੀ ਹੈ।

ਵਰਿਆਮ ਸਿੰਘ ਸੰਧੂ ਨੂੰ ਜੀਵਨ ਦੇ ਹੋਰ ‘ਸੰਘਰਸ਼ਾਂ’ ਨਾਲ ਆਪਣੀ ਵਿਦਿਅਕ ਯੋਗਤਾ ਵਧਾਉਣ ਅਤੇ ਪ੍ਰਾਇਮਰੀ ਅਧਿਆਪਕ ਤੋਂ ਪ੍ਰੋਫੈਸਰ ਬਣ ਕੇ ਵਿਦਿਆਰਥੀਆਂ ਨੂੰ ਊੜੇ-ਐੜੇ ਤੋਂ ਮਾਸਟਰ ਡਿਗਰੀਆਂ ਤਕ ਪੜ੍ਹਾਉਣ ਦਾ ਸੰਘਰਸ਼ ਵੀ ਕਰਨਾ ਪਿਆ। ਪ੍ਰਾਈਵੇਟ ਬੀ. ਏ. ਦਾ ਇਮਤਿਹਾਨ ਪਾਸ ਕਰਨ ਉਪਰੰਤ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਬੀ.ਐਡ ਕਰਨ ਲਈ ਬਿਨ ਤਨਖਾਹੋਂ ਛੁੱਟੀ ਲੈਣੀ ਪਈ। ਫਿਰ ਪੂਹਲੇ ਦੇ ਪ੍ਰਾਇਮਰੀ ਸਕੂਲ ਤੋਂ ਸੁਰਸਿੰਘ ਦੇ ਹਾਈ ਸਕੂਲ ਵਿਚ ਸ਼ ਸ਼ ਅਧਿਆਪਕ ਲੱਗਣ ਦਾ ਸੰਘਰਸ਼ ਕੀਤਾ। ਪ੍ਰਾਈਵੇਟ ਐਮ. ਏ. ਕੀਤੀ ਅਤੇ ਯੂਨੀਵਰਸਿਟੀ ‘ਚ ਪਹਿਲਾ ਸਥਾਨ ਹਾਸਲ ਕੀਤਾ। ਫਿਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਰਦਿਓ-ਬੁੱਟਰ ਵਿਚ ਪੰਜਾਬੀ ਦਾ ਲੈਕਚਰਾਰ ਲੱਗਾ। ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਐਮ.ਫਿਲ ਤੇ ਪੀਐਚ.ਡੀ. ਕੀਤੀ। ਪ੍ਰੌਢ ਉਮਰ ਵਿਚ ਲਾਇਲਪੁਰ ਖਾਲਸਾ ਕਾਲਜ, ਜਲੰਧਰ ਦਾ ਪ੍ਰੋਫੈਸਰ ਬਣਿਆ। ਮਈ 1964 ਤੋਂ ਫਰਵਰੀ 2006 ਤਕ ਸਾਢੇ ਇਕਤਾਲੀ ਸਾਲ ਬੱਚਿਆਂ ਤੋਂ ਬਾਲਗਾਂ ਤਕ ਪੜ੍ਹਾਇਆ ਤੇ ਨਾਲੋ-ਨਾਲ ਆਪ ਵੀ ਪੜ੍ਹਦਾ-ਗੁੜ੍ਹਦਾ ਗਿਆ। ਆਖਰ ਲੰਮੀ ਨੌਕਰੀ ਤੋਂ ਉਜਲੇ ਮੁੱਖ ਨਾਲ ਰਿਟਾਇਰ ਹੋਇਆ।
2000 ਵਿਚ ਮੈਂ ਅਮਰਦੀਪ ਕਾਲਜ, ਮੁਕੰਦਪੁਰ ਦੀ ਪ੍ਰਿੰਸੀਪਲੀ ਤੋਂ ਰਿਟਾਇਰ ਹੋਣ ਵੇਲੇ ਉਹਦੇ ਜਿਗਰੀ ਦੋਸਤ ਡਾ. ਸਾਧੂ ਸਿੰਘ ਰਾਹੀਂ ਉਸ ਤੋਂ ਕਾਲਜ ਦਾ ਪ੍ਰਿੰਸੀਪਲ ਲੱਗਣ ਲਈ ਮਸੀਂ ਅਰਜ਼ੀ ਮੰਗਵਾਈ। ਕਾਲਜ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਸਰਦਾਰਾ ਸਿੰਘ ਜੌਹਲ ਉਹਦੇ ਪ੍ਰਸ਼ੰਸਕ ਹਨ। ਉਸ ਨੇ ਪ੍ਰਿੰਸੀਪਲ ਬਣ ਵੀ ਜਾਣਾ ਸੀ ਪਰ ਉਹ ਇੰਟਰਵਿਊ ਲਈ ਹਾਜ਼ਰੀ ਲੁਆਉਣ ਨਾ ਆਇਆ। ਆ ਜਾਂਦਾ ਤਾਂ ਸੰਭਵ ਸੀ ਪ੍ਰਿੰਸੀਪਲ ਬਣਨ ਪਿੱਛੋਂ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਚੇਅਰਮੈਨ/ਉਪ ਚੇਅਰਮੈਨ ਤੇ ਇਥੋਂ ਤਕ ਕਿ ਕਿਸੇ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਵੀ ਬਣ ਜਾਂਦਾ! ਹੁਣ ਕਹਿੰਦਾ ਹੈ, “ਰਹਿਣਾ ਤਾਂ ਮੈਂ ਫੇਰ ਵੀ ਵਰਿਆਮ ਸਿੰਘ ਹੀ ਸੀ!”
ਚੰਗਾ ਭਾਅ ਵਰਿਆਮ ਸਿਅ੍ਹਾਂ! ਰਹਿ ਫਿਰ ਵਰਿਆਮ ਸਿਹੁੰ ਹੀ!
ਅੱਜ ਕੱਲ੍ਹ ਵਰਿਆਮ ਸਿੰਘ ਤੇ ਉਸ ਦੀ ਪਤਨੀ ਰਜਵੰਤ ਕੌਰ ਗਰਮੀਆਂ ਬਰੈਂਪਟਨ (ਕੈਨੇਡਾ) ਵਿਚ ਕੱਟਦੇ ਹਨ ਤੇ ਸਰਦੀਆਂ ਜਲੰਧਰ ‘ਆਪਣੇ ਘਰ।’ ਉਹ ਕੈਨੇਡਾ ਦੇ ਸਿਟੀਜ਼ਨ ਹਨ। ਉਨ੍ਹਾਂ ਦੀਆਂ ਦੋਵੇਂ ਧੀਆਂ ਰੁਪਿੰਦਰ ਤੇ ਰਮਣੀਕ ਅਤੇ ਇਕਲੌਤਾ ਪੁੱਤਰ ਸੁਪਨਦੀਪ ਸੰਧੂ ਕੈਨੇਡਾ ‘ਚ ਵਿਆਹੇ ਹੋਏ ਹਨ ਜੋ ਬਾਲ ਬੱਚੇਦਾਰ ਹਨ। ਰੁਪਿੰਦਰ ਆਪਣੇ ਪਤੀ ਨਾਲ ਟੋਰਾਂਟੋ/ਜਲੰਧਰ ਜਾਂਦੀ ਆਉਂਦੀ ਰਹਿੰਦੀ ਹੈ ਕਿਉਂਕਿ ਉਨ੍ਹਾਂ ਦਾ ਜਲੰਧਰ ਵਿਚ ਸਕੂਲ ਵੀ ਚੱਲ ਰਿਹੈ। ਰਮਣੀਕ ਵੈਨਕੂਵਰ ਹੀ ਰਹਿੰਦੀ ਹੈ। ਸੁਪਨਦੀਪ ਜੀਹਦੇ ‘ਤੇ ਪਿੱਛੇ ਜਿਹੇ ਅਚਨਚੇਤ ਹੀ ਡਾਢਾ ਸੰਕਟ ਆ ਪਿਆ ਸੀ, ਸੰਕਟ-ਮੁਕਤ ਹੋ ਗਿਆ ਹੈ। ਉਹ ਪਹਿਲਾਂ ਆਪਣੇ ਬਾਪ ਵਾਂਗ ਲੇਖਕ ਬਣਨ ਦੇ ਰਾਹ ਪਿਆ ਸੀ ਅਤੇ ‘ਜਾਣੇ ਅਣਜਾਣੇ ਸਫਰ’ ਨਾਂ ਦਾ ਸਫਰਨਾਮਾ ਵੀ ਛਪਵਾਇਆ ਸੀ, ਪਰ ਪਿੱਛੋਂ ਲਿਖਣ ਵੱਲੋਂ ਮੂੰਹ ਮੋੜ ਗਿਆ। ਹੋ ਸਕਦੈ ਉਹਦਾ ਵੀ ਚੱਕਾ ਜਾਮ ਹੋ ਗਿਆ ਹੋਵੇ ਜੋ ਬਾਪ ਵਾਂਗ ਮੁੜ ਰਵਾਂ ਹੋ ਜਾਵੇ! ਹੁਣ ਉਹ ‘ਪਰਾਈਮ ਏਸ਼ੀਆ’ ਟੀ.ਵੀ. ਚੈਨਲ ਨਾਲ ਆਪਣੀ ਸੁਪਨਮਈ ਕਲਾਕਾਰੀ ਕਰ ਰਿਹੈ। ਪਹਿਲਾਂ ਪਹਿਲ ਉਸ ਨੇ ਮੇਰੇ ਪੁੱਤਰ ਵਾਂਗ ਟਰੱਕ ਵਾਹ ਕੇ ਵੇਖਿਆ ਜੋ ਉਹਦੇ ਰਾਸ ਨਾ ਆਇਆ। ਸੁਪਨਦੀਪ ਸੁਪਨਈ ਕਲਾਕਾਰ ਜੁ ਹੋਇਆ!
ਵਰਿਆਮ ਦੰਪਤੀ ਦਾ ਉਂਜ ਤਾਂ ਭਰਿਆ ਪਰਿਵਾਰ ਹੈ ਪਰ ਰਹਿੰਦੇ ਉਹ ਨਿਰਾਲੇ ਹੀ ਹਨ। ਬੱਚਿਆਂ ਦੇ ਨੇੜੇ ਹੋਣ ਦਾ ਸੁਖ ਜ਼ਰੂਰ ਹੈ। ਦੋਸਤਾਂ-ਮਿੱਤਰਾਂ ਦਾ ਵੱਡਾ ਸਰਕਲ ਹੋਣ ਕਰਕੇ ਆਲੇ-ਦੁਆਲੇ ਰੌਣਕਾਂ ਲੱਗੀਆਂ ਰਹਿੰਦੀਆਂ ਹਨ। ਪੰਜਾਬੀ ਸਭਿਆਚਾਰ ਮੰਚ ਟੋਰਾਂਟੋ ਨੇ ਉਹਦੇ ਜੀਂਦੇ ਜੀਅ ‘ਵਰਿਆਮ ਸਿੰਘ ਅਵਾਰਡ’ ਦੇਣਾ ਸ਼ੁਰੂ ਕਰ ਦਿੱਤਾ ਹੈ।
ਉਸ ਨੇ ਲਾਇਲਪੁਰ ਖਾਲਸਾ ਕਾਲਜ, ਜਲੰਧਰ ਵਿਚ ਪੜ੍ਹਾਉਂਦਿਆਂ 2003 ਵਿਚ ਕੰਪਿਊਟਰ ਉਤੇ ਟਾਈਪ ਕਰਨਾ ਸਿੱਖ ਲਿਆ ਸੀ ਜੋ ਕੈਨੇਡਾ ਵਿਚ ਬੜਾ ਕੰਮ ਆ ਰਿਹੈ। ਪਿਛਲੀਆਂ ਸਾਰੀਆਂ ਕਿਤਾਬਾਂ ਉਸ ਨੇ ਖੁਦ ਕੰਪੋਜ਼ ਕੀਤੀਆਂ ਹਨ। ਇਹ ਵੱਖਰੀ ਗੱਲ ਹੈ ਕਿ ਟਾਈਪ ਉਹ ਸੱਜੇ ਹੱਥ ਦੀ ਇਕੋ ਉਂਗਲ ਨਾਲ ਕਰਦੈ। 2016 ਵਿਚ ਉਸ ਨੇ ਸੰਗਮ ਪਬਲੀਕੇਸ਼ਨਜ਼ ਵਾਲਿਆਂ ਪਾਸੋਂ ਪੰਜ ਲੱਖ ਰੁਪਏ ਰਾਇਲਟੀ ਲਈ ਸੀ। ਅੱਗੋਂ ਦਾ ਪਤਾ ਨਹੀਂ।
ਉਹਦਾ ਖਾਣ-ਪੀਣ ਸਾਦਾ ਵੈਸ਼ਨੂੰ ਹੈ। ‘ਸੰਧੂ’ ਹੋ ਕੇ ਵੀ ਨਾ ਦਾਰੂ ਨਾ ਬੱਤਾ, ਨਾ ਮੀਟ ਨਾ ਮੁਰਗਾ! ਬਾਜ਼ਾਰੀ ਖਾਣੇ ਤੋਂ ਪੂਰਾ ਪ੍ਰਹੇਜ਼ਗਾਰ ਹੈ। ਕੱਦ ਭਾਵੇਂ ਛੇ ਫੁੱਟ ਤੋਂ ਉਚਾ ਹੈ ਪਰ ਖੁਰਾਕ ਅੱਧੇ ਕੁ ਬੰਦੇ ਜਿੰਨੀ ਹੀ ਹੈ। ਭਾਰ ਫਿਰ ਕਾਹਦੇ ਆਸਰੇ ਵਧਣਾ ਹੋਇਆ? ਅਜਿਹੇ ਬੰਦੇ ਨੂੰ ਨੇਂਦਾ ਦੇਣ ‘ਤੇ ਕੀ ਲੱਗਦੈ? ਪਰ ਨੇਂਦੇ ਵੀ ਤਾਂ ਉਹੀ ਲੈਂਦੇ ਨੇ ਜਿਹੜੇ ਖਾਣ-ਪੀਣ ਵਾਲੇ ਹੋਣ। ਉਂਜ ਖਾਣ-ਪੀਣ ਵਾਲਿਆਂ ਵਿਚ ਬਹਿ ਕੇ ਉਹ ਖੁਸ਼ ਪੂਰਾ ਹੁੰਦੈ।
ਸੁਪਨ ‘ਤੇ ਆਏ ਸੰਕਟ ਸਮੇਂ ਸੁਰਸਿੰਘ ਵਾਲੀ ਜਮੀਨ ਵੇਚ ਦਿੱਤੀ ਸੀ ਤੇ ਫਿਰ ਸੁਰਸਿੰਘ ਵਾਲਾ ਘਰ ਵੀ ਵੇਚ ਦਿੱਤੈ। ਇਹ ਸਮਝ ਲਓ ਕਿ ਵਰਿਆਮ ਦਾ ਸੁਰਸਿੰਘ ਨਾਲ ਹੁਣ ਵਿਹਾਰਕ ਨਾਤਾ ਪੱਕਾ ਹੀ ਟੁੱਟ ਗਿਆ ਹੈ। ਛੋਟਾ ਭਰਾ ਗੁਜ਼ਰ ਚੁਕਾ ਹੈ ਪਰ ਉਹਦਾ ਪਰਿਵਾਰ ਪਿੰਡ ਹੀ ਆਪਣੇ ਹਿੱਸੇ ਦੀ ਜਮੀਨ ‘ਤੇ ਵੱਸ ਰਿਹੈ। ਜਲੰਧਰ ਦਾ ਗੜ੍ਹਾ ਰੋਡ ਵਾਲਾ ਘਰ ਹੀ ਹੁਣ ਵਰਿਆਮ ਦੰਪਤੀ ਦਾ ‘ਆਪਣਾ ਪੱਕਾ ਘਰ’ ਹੈ। ਇਕ-ਦੋ ਪਲਾਟ ਹਨ। ਹੋਰ ਕੋਈ ਜਮੀਨ-ਜਾਇਦਾਦ ਨਹੀਂ। ਜਿਹੜੀ ਸੀ, ਉਹ ਕੈਨੇਡਾ ਨੇ ਚਟਮ ਕਰ ਲਈ। ਕਈ ਵਾਰ ਹਾਸੇ-ਹਾਸੇ ਵਿਚ ‘ਭਾਊ ਵਰਿਆਮ’ ਕਹਿ ਵੀ ਦਿੰਦੈ, “ਹੋਰਨਾਂ ਨੂੰ ਕਨੇਡਾ ਰਾਸ ਆਇਆ ਹੋਊ, ਸਾਨੂੰ ਤਾਂ ਲੁੱਟ ਖਾਧਾ ਕਨੇਡਾ ਨੇ!”
ਅਜਿਹੇ ਮੌਕੇ ਦਿਲ ਧਰਾਉਣ ਵਾਲੇ ਉਹਦੇ ‘ਹਾਸੇ’ ਵਿਚ ਹੱਸਦੇ ਹੋਏ ਕਹਿ ਦਿੰਦੇ ਨੇ, “ਕੁਝ ਚਿਰ ਹੋਰ ਸਬਰ ਕਰੋ ਸੰਧੂ ਸਾਹਬ! ਜਦ ਕੈਨੇਡਾ ‘ਚ ਰਹਿੰਦਿਆਂ ਦਸ ਸਾਲ ਪੂਰੇ ਹੋ ਗਏ ਤਾਂ ਬੁਢਾਪਾ ਪੈਨਸ਼ਨ ਵੀ ਲੱਗ ਜੂ। ਚੜ੍ਹੇ ਮਹੀਨੇ ਦੋ ਢਾਈ ਹਜ਼ਾਰ ਡਾਲਰ ਮਿਲ ਜਿਆ ਕਰਨਗੇ। ਜਦ ਪੈਨਸ਼ਨ ਲੱਗ ਗਈ ਤਾਂ ਜਿਵੇਂ ਦੇਸੀ ਬੁੜ੍ਹੇ ਕਹਿੰਦੇ ਨੇ, ਉਵੇਂ ਤੁਸੀਂ ਵੀ ਕਹਿਣ ਲੱਗ ਪੈਣੈ, ‘ਬਣ ਗਏ ਬਈ ਅਸੀਂ ਵੀ ਕੈਨੇਡਾ ਦੇ ਜੁਆਈ!’ ਭਾਅ ਮੇਰਿਆ! ਆਪੇ ਰਾਸ ਆ-ਜੂ ਫੇਰ ਧਾਨੂੰ ਵੀ ਕੈਨੇਡਾ!”
ਗੱਲ ਉਥੇ ਹੀ ਮੁਕਾਉਂਦੇ ਹਾਂ ਜਿਥੋਂ ਤੋਰੀ ਸੀ। ਵਰਿਆਮ, ਸਚਮੁੱਚ ਹੀ ਵਰਿਆਮ ਹੈ। ਕਹਿਣੀ ਤੇ ਕਰਨੀ ਦਾ ਸੂਰਮਾ ਸਾਹਿਤਕਾਰ। ਕਹਾਣੀ ਗਗਨ ਦਾ ਚਮਕਦਾ ਚੰਦ। ਪਰ ਇਹ ਚੰਦ ਅਜੇ ਪੂਰਨਮਾਸ਼ੀ ਤਕ ਨਹੀਂ ਪੁੱਜਾ। ‘ਰਿਮ ਝਿਮ’ ਤੇ ‘ਜਮਰੌਦ’ ਵਰਗੀਆਂ ਨਾਵਲੀ ਕਹਾਣੀਆਂ ਲਿਖ ਕੇ ਉਹ ਨਾਵਲ ਲਿਖਣ ਦੇ ਨੇੜੇ ਤਾਂ ਪਹੁੰਚ ਹੀ ਗਿਐ। ਚੌਧਵੀਂ ਦਾ ਚੰਦ ਬਣ ਵੀ ਗਿਐ ਪਰ ਪੁੰਨਿਆਂ ਦਾ ਚੰਦ ਬਣਨ ਦੀ ਜਿਹੜੀ ਉਹਦੇ ਮਨ ਵਿਚ ਬੜੇ ਸਾਲਾਂ ਦੀ ਕੁਲਬਲਾਹਟ ਹੈ ਕਿ ਮੈਂ ਨਾਵਲ ਲਿਖਾਂ, ਹੁਣ ਉਹਦੇ ਲਿਖਣ ਦਾ ਵੇਲਾ ਹੈ। ਹੁਣ ਤਾਂ ਉਹਦਾ ਚੱਕਾ ਵੀ ਜਾਮ ਨਹੀਂ!
(ਸਮਾਪਤ)