ਸ਼੍ਰੋਮਣੀ ਕਮੇਟੀ ਨੇ ਪ੍ਰਚੰਡ ਕੀਤੀ ਧਰਮ ਪ੍ਰਚਾਰ ਲਹਿਰ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਪੰਜਾਬ ਅਤੇ ਹਰਿਆਣਾ ਨੂੰ ਚਾਰ ਜ਼ੋਨਾਂ ਵਿਚ ਵੰਡ ਕੇ ਇਕ ਸਾਲ ਦੌਰਾਨ ਘਰ-ਘਰ ਸਿੱਖ ਧਰਮ ਦਾ ਪ੍ਰਚਾਰ ਤੇ ਗੁਰਬਾਣੀ ਦਾ ਸੁਨੇਹਾ ਪੁੱਜਦਾ ਕਰਨ ਦਾ ਟੀਚਾ ਮਿਥਿਆ ਗਿਆ ਹੈ। ਧਰਮ ਪ੍ਰਚਾਰ ਲਹਿਰ ਨੂੰ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਤ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਅਤੇ ਬੁਲਾਰੇ ਦਲਜੀਤ ਸਿੰਘ ਬੇਦੀ ਨੇ ਦੱਸਿਆ ਕਿ

ਧਰਮ ਪ੍ਰਚਾਰ ਲਹਿਰ ਤਹਿਤ ਸਾਲ ਵਿਚ ਇਕ ਲੱਖ ਤੋਂ ਵੱਧ ਵਿਅਕਤੀਆਂ ਨੂੰ ਅੰਮ੍ਰਿਤ ਸੰਚਾਰ ਕਰਾ ਕੇ ਗੁਰੂ ਵਾਲੇ ਬਣਾਇਆ ਜਾਵੇਗਾ। ਇਸ ਸਬੰਧੀ ਤਿਆਰ ਰਣਨੀਤੀ ਤਹਿਤ ਪੰਜਾਬ ਵਿਚ ਤਿੰਨ ਜ਼ੋਨ ਅਤੇ ਹਰਿਆਣਾ ਵਿਚ ਇਕ ਜ਼ੋਨ ਸਥਾਪਤ ਕੀਤਾ ਗਿਆ ਹੈ। ਪੰਜਾਬ ਵਿਚਲੇ ਤਿੰਨ ਜ਼ੋਨ ਤਿੰਨ ਤਖਤ ਸਾਹਿਬਾਨ ਨਾਲ ਜੋੜੇ ਗਏ ਹਨ, ਜਦੋਂਕਿ ਹਰਿਆਣਾ ਵਿਚ ਇਹ ਜ਼ੋਨ ਕੁਰੂਕਸ਼ੇਤਰ ਵਿਚ ਹੋਵੇਗਾ। ਇਸ ਲਹਿਰ ਦੀ ਸ਼ੁਰੂਆਤ ਤਖਤ ਦਮਦਮਾ ਸਾਹਿਬ ਤੋਂ ਕੀਤੀ ਗਈ ਹੈ। ਇਸੇ ਤਹਿਤ 28 ਜਨਵਰੀ ਨੂੰ ਅੰਮ੍ਰਿਤਸਰ ਵਿਚ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਅਤੇ 11 ਫਰਵਰੀ ਨੂੰ ਤਖਤ ਕੇਸਗੜ੍ਹ ਸਾਹਿਬ ਵਿਖੇ ਸਮਾਗਮ ਹੋਵੇਗਾ। ਇਸ ਯੋਜਨਾ ਹੇਠ ਸ਼੍ਰੋਮਣੀ ਕਮੇਟੀ ਦੇ ਸਾਰੇ ਮੈਂਬਰਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਹਰੇਕ ਮੈਂਬਰ ਘੱਟੋ-ਘੱਟ 20 ਪਿੰਡਾਂ ਵਿਚ ਧਰਮ ਪ੍ਰਚਾਰ ਲਹਿਰ ਨੂੰ ਘਰ-ਘਰ ਲੈ ਕੇ ਜਾਵੇਗਾ।
______________
ਕਮੇਟੀ ਮੈਂਬਰਾਂ ਨੂੰ ਸਖਤ ਹਦਾਇਤਾਂ
ਬਠਿੰਡਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਖਤ ਲਹਿਜ਼ੇ ਵਿਚ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਘਰਾਂ ਤੋਂ ਅੰਮ੍ਰਿਤਪਾਨ ਦੀ ਸ਼ੁਰੂਆਤ ਕਰਨ। ਭਾਈ ਲੌਂਗੋਵਾਲ ਨੇ ਕਈ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਪਰਿਵਾਰਕ ਮੈਂਬਰਾਂ ਦੇ ਪਤਿਤ ਹੋਣ ਦਾ ਸਖਤ ਨੋਟਿਸ ਲਿਆ ਹੈ। ਭਾਈ ਲੌਂਗੋਵਾਲ ਨੇ ਆਖਿਆ ਕਿ ਗੁਰਸਿੱਖੀ ਤੇ ਅੰਮ੍ਰਿਤਪਾਨ ਦੀ ਸ਼ੁਰੂਆਤ ਹਰ ਸ਼੍ਰੋਮਣੀ ਕਮੇਟੀ ਮੈਂਬਰ ਆਪਣੇ ਘਰ ਤੋਂ ਕਰੇ। ਹਰੇਕ ਮੈਂਬਰ ਆਪਣੇ ਘਰ ਤੋਂ ਸ਼ੁਰੂਆਤ ਕਰਨ ਮਗਰੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਤ ਮੁਹਿੰਮ ਤਹਿਤ ਇਕ ਸਾਲ ਵਿਚ ਘੱਟੋ-ਘੱਟ 550 ਪ੍ਰਾਣੀਆਂ ਨੂੰ ਅੰਮ੍ਰਿਤਧਾਰੀ ਬਣਾਉਣ ਲਈ ਅੱਗੇ ਆਵੇ। ਪੰਜਾਬ ਵਿਚ ਡੇਢ ਦਰਜਨ ਤੋਂ ਉਪਰ ਸ਼੍ਰੋਮਣੀ ਕਮੇਟੀ ਮੈਂਬਰ ਅਜਿਹੇ ਹਨ, ਜਿਨ੍ਹਾਂ ਦੇ ਪਰਿਵਾਰਕ ਮੈਂਬਰ ਸਿੱਖੀ ਤੋਂ ਦੂਰ ਹਨ।
_________________________
ਸਿੱਖਾਂ ਦੀ ਵੱਖਰੀ ਪਛਾਣ ਬਾਰੇ ਅਕਾਲੀ ਤੇ ਭਾਜਪਾ ਵਾਲੇ ਆਹਮੋ ਸਾਹਮਣੇ
ਨਵੀਂ ਦਿੱਲੀ: ਸੰਵਿਧਾਨ ਦੀ ਧਾਰਾ 25 ਵਿਚ ਸੋਧ ਕਰ ਕੇ ਸਿੱਖਾਂ ਨੂੰ ਵੱਖਰੀ ਪਛਾਣ ਦੇਣ ਦੇ ਮਾਮਲੇ ਉਤੇ ਅਕਾਲੀ ਦਲ ਤੇ ਭਾਜਪਾ ਆਹਮੋ ਸਾਹਮਣੇ ਹਨ। ਅਕਾਲੀ ਦਲ ਕੇਂਦਰ ਤੋਂ ਵੱਖਰੀ ਪਛਾਣ ਦੀ ਮੰਗ ਕਰ ਰਿਹਾ ਹੈ ਤੇ ਦੂਜੇ ਪਾਸੇ ਭਾਜਪਾ ਪ੍ਰਧਾਨ ਵਿਜੈ ਸਾਂਪਲਾ ਨੇ ਕਿਹਾ ਹੈ ਕਿ ਇਸ ਨਾਲ ਦਲਿਤ ਭਾਈਚਾਰੇ ਦੇ ਰਾਖਵੇਂਕਰਨ ਉਤੇ ਅਸਰ ਪਵੇਗਾ। ਦਿੱਲੀ ਦੇ ਅਕਾਲੀ ਵਿਧਾਇਕ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਜੇਕਰ ਸੰਵਿਧਾਨ ਦੀ ਧਾਰਾ 25 ਵਿਚ ਸੋਧ ਕਰ ਕੇ ਸਿੱਖਾਂ ਨੂੰ ਵੱਖਰੀ ਪਛਾਣ ਦਿੱਤੀ ਜਾਂਦੀ ਹੈ ਤਾਂ ਇਸ ਨਾਲ ਅਨੁਸੂਚਿਤ ਜਾਤੀਆਂ ਦੇ ਰਾਖਵੇਂਕਰਨ ਦੀ ਸਥਿਤੀ ‘ਤੇ ਕੋਈ ਅਸਰ ਨਹੀਂ ਪਵੇਗਾ। ਸਿਰਸਾ ਨੇ ਕਿਹਾ ਕਿ ਸਿੱਖ, ਧਾਰਾ 25 ਵਿਚ ਸੋਧ ਕਰ ਕੇ ਰਾਖਵੇਂਕਰਨ ਦੀ ਮੰਗ ਕਰ ਰਹੇ ਹਨ ਜਦਕਿ ਰਾਖਵਾਂਕਰਨ ਸੰਵਿਧਾਨ ਦੀ ਧਾਰਾ 15 ਅਤੇ 16 ਤਹਿਤ ਪ੍ਰਦਾਨ ਕੀਤਾ ਗਿਆ ਹੈ। ਇਹ ਸਪੱਸ਼ਟ ਹੈ ਕਿ ਰਾਖਵਾਂਕਰਨ ਕਦੇ ਵੀ ਧਰਮ ਦੇ ਆਧਾਰ ਉਤੇ ਪ੍ਰਦਾਨ ਨਹੀਂ ਕੀਤਾ ਗਿਆ ਬਲਕਿ ਇਹ ਜਾਤੀ ਦੇ ਆਧਾਰ ਉਤੇ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿਚ ਮੁਸਲਿਮ ਤੇ ਇਸਾਈ ਭਾਈਚਾਰੇ ਲਈ ਰਾਖਵਾਂਕਰਨ ਇਸ ਲਈ ਲਾਗੂ ਨਹੀਂ ਕੀਤਾ ਗਿਆ ਕਿਉਂਕਿ ਉਨ੍ਹਾਂ ਵਿਚ ਜਾਤੀ ਪ੍ਰਥਾ ਨਹੀਂ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਸਿੱਖ ਹਿੰਦੂਆਂ ਦਾ ਹਿੱਸਾ ਹਨ ਤਾਂ ਫਿਰ ਇਨ੍ਹਾਂ ਲਈ ਰਾਖਵਾਂਕਰਨ ਹਿੰਦੂ ਭਾਈਚਾਰੇ ਦੇ ਨਾਲ ਹੀ ਲਾਗੂ ਕਿਉਂ ਨਹੀਂ ਕੀਤਾ ਗਿਆ ਤੇ ਇਸ ਦੀ ਬਾਅਦ ਵਿਚ ਵਿਵਸਥਾ ਕਿਉਂ ਕਰਨੀ ਪਈ। ਉਨ੍ਹਾਂ ਹੋਰ ਸਵਾਲ ਕੀਤਾ ਕਿ ਜੇਕਰ ਸਿੱਖ ਭਾਈਚਾਰਾ ਵੱਖਰਾ ਨਹੀਂ ਹੈ ਤਾਂ ਫਿਰ ਇਸ ਨੂੰ ਦੇਸ਼ ਵਿਚ ਘੱਟ ਗਿਣਤੀ ਰੁਤਬਾ ਕਿਉਂ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਘੱਟ ਗਿਣਤੀ ਰੁਤਬਾ ਸਪਸ਼ਟ ਕਰਦਾ ਹੈ ਕਿ ਸਿੱਖਾਂ ਦੀ ਵੱਖਰੀ ਪਛਾਣ ਹੈ ਤੇ ਉਨ੍ਹਾਂ ਨੂੰ ਇਸ ਦਾ ਸੰਵਿਧਾਨਕ ਅਧਿਕਾਰ ਤੇ ਰੁਤਬਾ ਦਿੱਤੇ ਜਾਣ ਦੀ ਜ਼ਰੂਰਤ ਹੈ।