ਜ਼ਿੰਦਗੀ ਵਾਕਈ ਖੂਬਸੂਰਤ ਹੈ
9 ਜਨਵਰੀ 2013 ਨੂੰ ਚਾਰ ਘੰਟਿਆਂ ਤੋਂ ਵੱਧ ਸਫਰ ਕਰਕੇ, ਬਰਫ ਨਾਲ ਲੱਦੇ 17800 ਫੁੱਟ ਉਚੇ ਚਾਂਗ ਦੱਰੇ ਨੂੰ ਪਾਰ ਕਰਕੇ ਮੈਂ ਜਿੰਨੀ ਛੇਤੀ ਹੋ ਸਕੇ ਹਿਮਾਲਿਆ ਪਰਬਤ ਦੀ ਵੱਖੀ ਵਿਚ ਟਿਕੀ ਪੈਂਗੌਂਗ ਸ਼ੂ ਝੀਲ ਨੂੰ ਸਰਦੀਆਂ ‘ਚ ਪਹਿਲੀ ਨਜ਼ਰ ਦੇਖਣ ਦਾ ਇੱਛੁਕ ਸੀ। ਇਸ ਜਗ੍ਹਾ ‘ਤੇ ਮੈਂ ਪਹਿਲਾਂ ਵੀ ਦੋ ਵਾਰ ਆ ਚੁੱਕਿਆ ਸੀ ਪਰ ਸਰਦੀਆਂ ਵਿਚ ਇਸ ਨੂੰ ਪੂਰੀ ਤਰ੍ਹਾਂ ਜਾਂ ਅੱਧ-ਪਚੱਧ ਬਰਫ ਨਾਲ ਜੰਮੀ ਦੇਖਣ ਦਾ ਸੁਫਨਾ ਮੇਰਾ ਅਜੇ ਪੂਰਾ ਹੋਣਾ ਬਾਕੀ ਸੀ। ਇਸ ਮਾਣਮੱਤੀ ਝੀਲ ਤਕ ਆਉਣ ਵਾਲਾ ਸਾਰਾ ਰਸਤਾ ਚਿੱਟੀ ਬਰਫ ਨਾਲ ਢਕਿਆ ਹੋਇਆ ਸੀ। ਉਂਜ ਮੇਰੀ ਖਾਹਸ਼ ਤਾਂ ਇਹ ਸੀ ਕਿ 604 ਵਰਗ ਕਿਲੋਮੀਟਰ ਘੇਰੇ ਵਿਚ ਸਥਿਤ ਇਹ ਝੀਲ ਪੂਰੀ ਤਰ੍ਹਾਂ ਜੰਮੀ ਨਹੀਂ ਹੋਣੀ ਚਾਹੀਦੀ। ਇਹ ਅੱਧ-ਪਚੱਧੀ ਜੰਮੀ ਹੋਵੇ ਅਤੇ ਇਹ ਹੀ ਸਭ ਤੋਂ ਬਿਹਤਰ ਹੋਵੇਗਾ। ਭਾਵੇਂ ਮੈਂ ਜਾਣਦਾ ਸੀ, ਪੈਂਗੌਂਗ ਝੀਲ ਦਾ ਦਰਜਾ ਹਰਾਰਤ ਉਸ ਵੇਲੇ ਅਸਹਿਣਯੋਗ ਸੀ ਪਰ ਮੈਂ ਤੁਰਤ ਉਸ ਦੀ ਬਰਫ ਵਾਲੀ ਸਤਹਿ ‘ਤੇ ਬੈਠਣਾ ਚਾਹੁੰਦਾ ਸਾਂ। ਜਿਉਂ ਹੀ ਮੈਂ ਬਰਫ ‘ਤੇ ਬੈਠਿਆ, ਮੈਨੂੰ ਦੱਸਿਆ ਗਿਆ ਕਿ ਉਸ ਵੇਲੇ ਝੀਲ ਨੇੜੇ ਤਾਪਮਾਨ ਮਨਫੀ 40 ਡਿਗਰੀ ਸੈਲਸੀਅਸ ਸੀ। ਹਿਮਾਲਿਆ ਦੀ ਠੰਢੀ ਹਵਾ ਸਾਡੇ ਕੰਨਾਂ ਵਿਚ ਵੜ ਰਹੀ ਸੀ। ਸਾਡੇ ਕੋਲ 20-25 ਮਿੰਟਾਂ ਦਾ ਹੀ ਸਮਾਂ ਸੀ। ਮੈਂ ਆਪਣੀ ਵ੍ਹੀਲ ਚੇਅਰ ‘ਤੇ ਬੈਠ ਕੇ ਹੌਲੀ ਹੌਲੀ ਝੀਲ ਦੀ ਬਰਫ ‘ਤੇ ਚੱਕਰ ਕੱਟਣ ਲੱਗਾ। ਪਹਾੜ ਦੀ ਓਟ ਦਾ ਸਹਾਰਾ ਲੈਂਦਿਆਂ ਮੈਂ ਬਰਫ ਨਾਲ ਜੰਮੀ ਝੀਲ ਦੇ ਹਰ ਪਲ ਦਾ ਅਨੰਦ ਮਾਣਨਾ ਚਾਹੁੰਦਾ ਸੀ। ਮੈਂ ਖਿਆਲਾਂ ਹੀ ਖਿਆਲਾਂ ਵਿਚ ਆਪਣੇ ਬਚਪਨ ਦੇ ਦਿਨਾਂ ਵਿਚ ਚਲਾ ਗਿਆ। ਉਦੋਂ ਕੌਣ ਜਾਣਦਾ ਸੀ ਕਿ ਮੈਨੂੰ ਆਪਣੀ ਜ਼ਿੰਦਗੀ ਵਿਚ ਕਿਨ੍ਹਾਂ ਕਿਨ੍ਹਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਅਤੇ ਮੈਂ ਕਿਹੜੀਆਂ ਕਿਹੜੀਆਂ ਪ੍ਰਾਪਤੀਆਂ ਕਰ ਸਕਾਂਗਾ?
ਸਰਸਰੀ ਤੇ ਹਰ ਚੀਜ਼ ਨੂੰ ਹੌਲੀ ਹੌਲੀ ਸਿੱਖਣ ਵਾਲੇ ਜਿਸ ਬੱਚੇ ਦਾ ਜਨਮ 16 ਜੁਲਾਈ 1973 ਨੂੰ ਹੋਇਆ, ਉਹ ਪ੍ਰਾਪਤੀਆਂ ਕਰਨ ਵਿਚ ਮੋਹਰੀ ਕਿਵੇਂ ਬਣਿਆ? ਮੈਂ ਆਪਣੇ ਬਚਪਨ ਤੋਂ ਹੀ ਇਕ ਗੱਲ ਸਿੱਖੀ ਹੈ, ਉਹ ਹੈ ਚੁਣੌਤੀਆਂ ਦਾ ਡਟ ਕੇ ਮੁਕਾਬਲਾ ਕਰਨਾ। ਮੈਨੂੰ ਆਪਣੇ ਆਪ ਨੂੰ ਸਿੱਧ ਕਰਨ ਲਈ ਚੁਣੌਤੀਆਂ ਦਰ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਖੁਸ਼ਕਿਸਮਤੀ ਇਹੀ ਰਹੀ ਕਿ ਸਫਲਤਾ ਲਈ ਮੈਨੂੰ ਹਮੇਸ਼ਾ ਮੁਸ਼ੱਕਤ ਕਰਨੀ ਪਈ। ਸਫਲਤਾ ਕਦੇ ਵੀ ਆਸਾਨੀ ਨਾਲ ਨਹੀਂ ਮਿਲਦੀ ਅਤੇ ਜਿਹੜੀ ਚੀਜ਼ ਆਸਾਨੀ ਨਾਲ ਮਿਲ ਜਾਵੇ ਉਸ ਨੂੰ ਸਫਲਤਾ ਨਹੀਂ ਕਿਹਾ ਜਾ ਸਕਦਾ।
ਜਦੋਂ ਮੈਂ 13 ਸਾਲਾਂ ਦਾ ਸੀ, ਮੈਨੂੰ ਸਾਹ ਤੇ ਦਮੇ ਦੀ ਸ਼ਿਕਾਇਤ ਸੀ। ਡਾਕਟਰ ਨੇ ਮੈਨੂੰ ਖੇਡਾਂ ਛੱਡਣ ਦੀ ਸਲਾਹ ਦਿੱਤੀ। ਜਿਸ ਦਿਨ ਡਾਕਟਰ ਨੇ ਮੈਨੂੰ ਦੌੜ ਛੱਡਣ ਲਈ ਕਿਹਾ, ਮੈਂ ਉਸ ਤੋਂ ਅਗਲੇ ਹੀ ਦਿਨ ਦੁੱਗਣੀ ਦੂਰੀ ਤਕ ਦੌੜਿਆ।
18 ਸਾਲ ਦੀ ਉਮਰ ਵਿਚ ਮੈਂ ਫੌਜੀ ਕਮਾਂਡੋ ਬਣ ਕੇ ਦੇਸ਼ ਲਈ ਲੜਨਾ ਚਾਹੁੰਦਾ ਸੀ। 28 ਜੂਨ 1991 ਨੂੰ ਮੈਂ ਨੈਸ਼ਨਲ ਡਿਫੈਂਸ ਅਕੈਡਮੀ ‘ਚ ਭਰਤੀ ਹੋ ਗਿਆ। ਜਦੋਂ ਸਿਖਲਾਈ ਦਾ ਜ਼ਰੂਰੀ ਹਿੱਸਾ ਮੈਂ ਪਾਸ ਕਰ ਲਿਆ ਅਤੇ ਇਥੋਂ ਤੱਕ ਕਿ ਮੈਂ ਕਈ ਉਚੇ ਇਮਤਿਹਾਨ ਪਾਸ ਕਰ ਲਏ ਅਤੇ ਮੇਰੀ ਸਿਖਲਾਈ ਦੇ ਕੁਝ ਹੀ ਦਿਨ ਬਾਕੀ ਬਚੇ ਸਨ ਤਾਂ 29 ਅਪਰੈਲ 1995 ਨੂੰ ਅੰਤਰ ਕੰਪਨੀ ਅੜਿੱਕਾ ਦੌੜ ਪਾਰ ਕਰਦੇ ਸਮੇਂ ਮੈਂ ਸਖ਼ਤ ਜ਼ਖ਼ਮੀ ਹੋ ਗਿਆ।
ਮੇਰਾ ਸਾਰਾ ਸਰੀਰ ਅਧਰੰਗ ਨਾਲ ਮਾਰਿਆ ਗਿਆ। ਉਸ ਵੇਲੇ ਮੇਰੀਆਂ ਅੱਖਾਂ ਹੀ ਇਧਰ-ਉਧਰ ਦੇਖ ਸਕਦੀਆਂ ਸਨ। ਖੇਡਾਂ ਅਤੇ ਫੌਜੀ ਸਿਖਲਾਈ ਨੇ ਮੈਨੂੰ ਜ਼ਿੰਦਗੀ ਵਿਚ ਸਭ ਤੋਂ ਮਹੱਤਵਪੂਰਨ ਇਹ ਹੀ ਸਬਕ ਸਿਖਾਇਆ ਹੈ ਕਿ ਕਠਿਨਾਈਆਂ ਭਰੇ ਮਾਹੌਲ ਵਿਚ ਵੀ ਅਤਿ ਦੀ ਸ਼ਾਂਤੀ ਕਾਇਮ ਰੱਖੀ ਜਾਵੇ। ਮੈਂ ਇਹ ਸਬਕ ਆਪਣੀ ਜ਼ਿੰਦਗੀ ਵਿਚ ਤੁਰਤ ਲਾਗੂ ਕਰਨ ਦਾ ਫੈਸਲਾ ਕਰ ਲਿਆ। ਮੇਰੀ ਜ਼ਿੰਦਗੀ ਬਚੀ ਰਹੀ। ਜਦੋਂ ਮੈਨੂੰ ਮੁਸ਼ਕਿਲਾਂ, ਕਮੀਆਂ ਅਤੇ ਸਦਮਿਆਂ ਵਿਚੋਂ ਲੰਘਣਾ ਪਿਆ, ਮੈਂ ਕਦੇ ਨਹੀਂ ਕਿਹਾ, ‘ਇਹ ਸਭ ਮੇਰੇ ਨਾਲ ਕਿਉਂ ਹੁੰਦਾ ਹੈ।’ ਇਸ ਦੇ ਉਲਟ ਮੈਂ ਕਹਿੰਦਾ ਹਾਂ, ‘ਮੇਰੇ ਨਾਲ ਕਿਉਂ ਨਾ ਹੋਵੇ?’
ਮੈਂ ਦੋ ਸਾਲ ਹਸਪਤਾਲ ਵਿਚ ਗੁਜ਼ਾਰੇ। ਇਹ ਸਿੱਖਣ ਲਈ ਕਿ ਮੈਂ ਆਪਣੀ ਵ੍ਹੀਲ ਚੇਅਰ ‘ਤੇ ਕਿਵੇਂ ਚਲਣਾ ਫਿਰਨਾ ਹੈ। ਮੈਂ ਆਪਣੇ ਆਪ ਨਾਲ ਫੈਸਲਾ ਕੀਤਾ ਕਿ ਮੈਨੂੰ ਕੋਈ ਚੀਜ਼ ਰੋਕਣ ਦੀ ਕੋਸ਼ਿਸ਼ ਵੀ ਨਾ ਕਰੇ। ਜਦੋਂ ਮੈਨੂੰ ਹਸਪਤਾਲੋਂ ਛੁੱਟੀ ਮਿਲ ਗਈ ਤਾਂ ਡਾਕਟਰਾਂ ਨੇ ਮੈਨੂੰ 100 ਫੀਸਦੀ ਅਪਾਹਜ ਹੋਣ ਦਾ ਸਰਟੀਫਿਕੇਟ ਦੇ ਦਿੱਤਾ।
ਅੱਜ ਮੇਰੇ ਕੋਲ ਸਭ ਤੋਂ ਵੱਡੀਆਂ ਅਕਾਦਮਿਕ ਡਿਗਰੀਆਂ ਹਨ। ਹੈਂਗ ਗ਼ਲਾਈਡਰ ਅਤੇ ਮਾਈਕਰੋ ਏਅਰਕਰਾਫਟ ਦੀ ਉਡਾਣ ਕਰ ਚੁੱਕਿਆ ਹਾਂ। ਨਵੀਂ ਦਿੱਲੀ ਤੋਂ ਮਾਰਸੀਮਿਕ ਦੱਰੇ, ਜਿਸ ਦੀ ਉਚਾਈ 18632 ਫੁੱਟ ਹੈ, ਤਕ ਐਡਵੈਂਚਰ ਡਰਾਈਵਿੰਗ ਵਿਚ ਰਿਕਾਰਡ ਬਣਾ ਚੁੱਕਿਆ ਹਾਂ। ਮੈਂ ਮਹਿਸੂਸ ਕਰਦਾ ਹਾਂ ਕਿ ਸਾਡਾ ਸਰੀਰ ਅਤੇ ਮਨ ਅਥਾਹ ਯੋਗਤਾ ਦਾ ਮਾਲਕ ਹੈ। ਸਾਡੀ ਯੋਗਤਾ ਸਾਡੇ ਰਾਹ ਵਿਚ ਕਦੇ ਰੋੜੇ ਨਹੀਂ ਅਟਕਾਉਂਦੀ, ਸਾਡੇ ਵਿਚਾਰ ਹੀ ਅਜਿਹਾ ਕਰਨ ਲਈ ਮਜਬੂਰ ਕਰਦੇ ਹਨ। ਜੇ ਅਸੀਂ ਸੋਚਾਂਗੇ ਅਸੀਂ ਕਰ ਸਕਦੇ ਹਾਂ, ਤਾਂ ਅਸੀਂ ਕਰ ਵੀ ਦਿਆਂਗੇ।
—
ਨਵੀਨ ਗੁਲੀਆ ਇਕ ਸਾਹਸੀ ਸ਼ਖਸੀਅਤ ਹੈ। ਉਸ ਨੂੰ ਹੁਣ ਤਕ ਕਈ ਸਨਮਾਨ ਮਿਲ ਚੁੱਕੇ ਹਨ ਜਿਨ੍ਹਾਂ ਵਿਚ ਹਰਿਆਣਾ ਗੌਰਵ ਐਵਾਰਡ, ਇੰਡੀਅਨ ਪੀਪਲ ਆਫ ਯੀਅਰ ਐਵਾਰਡ, ਕੇਵਿਨਕੇਅਰ ਏਬਿਲਟੀ ਮਾਸਟਰੀ ਐਵਾਰਡ ਅਤੇ ਨੈਸ਼ਨਲ ਰੋਲ ਮਾਡਲ ਐਵਾਰਡ ਸ਼ਾਮਲ ਹਨ।
ਪੇਸ਼ਕਸ਼: ਕੁਲਦੀਪ ਭੁੱਲਰ
Leave a Reply