ਮਾਂ ਦੇ ਕੋਲ ਕੋਲ਼..

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਪਿਛਲੇ ਇਕ ਅਰਸੇ ਤੋਂ ਪੰਜਾਬ ਟਾਈਮਜ਼ ਦੇ ਪਾਠਕ ਉਨ੍ਹਾਂ ਦੀਆਂ ਲਿਖਤਾਂ ਪੜ੍ਹਦੇ ਆ ਰਹੇ ਹਨ ਅਤੇ ਉਨ੍ਹਾਂ ਦੀ ਨਿਵੇਕਲੀ ਸ਼ੈਲੀ ਤੋਂ ਪ੍ਰਭਾਵਿਤ ਵੀ ਹੋਏ ਹਨ। ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਆਪਣੇ ਬਚਪਨ ਵੇਲੇ ਦੇ ਪੁਰਾਣੇ ਪੇਂਡੂ ਸਭਿਆਚਾਰ ਪ੍ਰਤੀ ਹੇਰਵਾ ਦਰਸਾਉਂਦਿਆਂ ਇਹ ਦੁਬਿਧਾ ਦਰਸਾਈ ਸੀ, “ਪਿੰਡ ਦੇ ਚੌਗਿਰਦੇ ਵਿਚ ਫੈਲੀ ਆਪਾ ਮਾਰੂ ਸੋਚ ਨੇ ਪਿੰਡ ਨੂੰ ਹੀ ਦੂਸ਼ਿਤ ਕਰ ਦਿਤਾ ਏ। ਇਸ ਪਲੀਤ ਵਾਤਾਵਰਣ ਵਿਚ ਜਾ ਕੇ ਮੈਨੂੰ ਕੀ ਹਾਸਲ ਹੋਵੇਗਾ?

ਇਸ ਸਦਮੇ ਵਰਗੇ ਸੱਚ ਦਾ ਸਾਹਮਣਾ ਕਰਨ ਤੋਂ ਮੈਂ ਘਾਬਰਦਾ ਹਾਂ ਅਤੇ ਪਿੰਡ ਵੰਨੀਂ ਜਾਣ ਤੋਂ ਤ੍ਰਹਿਣ ਲੱਗ ਪੈਂਦਾ ਹਾਂ।” ਹਥਲੇ ਲੇਖ ਵਿਚ ਉਨ੍ਹਾਂ ਮਾਂਵਾਂ ਠੰਡੀਆਂ ਛਾਂਵਾਂ, ਛਾਂਵਾਂ ਕੌਣ ਕਰੇ ਦੇ ਸੱਚ ਦੀ ਪੈਰਵੀ ਕਰਦਿਆਂ ਇਸ ਫਾਨੀ ਸੰਸਾਰ ਤੋਂ ਤੁਰ ਗਈ ਆਪਣੀ ਮਾਂ ਪ੍ਰਤੀ ਅਕੀਦਤ ਪੇਸ਼ ਕੀਤੀ ਹੈ, “ਮਾਂ ਸੁੱਚੀਆਂ ਭਾਵਨਾਵਾਂ ਦੀ ਤਸ਼ਬੀਹ, ਮਾਨਵੀ ਕਰਮ ਦੀ ਰਚੈਤਾ, ਦੁਆਵਾਂ ਲਈ ਜੁੜੇ ਹੱਥ, ਅਕੀਦਤ ਕਰੇਂਦੇ ਸੁੱਚੇ ਬੋਲ, ਅੰਤਰ-ਆਤਮਾ ‘ਚੋਂ ਸ਼ੁਭ-ਇਛਾਵਾਂ ਦਾ ਫੁਹਾਰਾ, ਸਰਬੱਤ ਦੇ ਭਲੇ ਦੀ ਅਰਦਾਸ, ਡਿੱਗੇ ਲਈ ਧਰਵਾਸ, ਬੇਆਸਰੇ ਲਈ ਅੰਗੂਰੀ-ਆਸ, ਬਨੇਰਿਆਂ ਦਾ ਚਿਰਾਗ ਤੇ ਵਿਹੜੇ ਦੇ ਭਾਗ।” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ
ਅੱਜ ਫਿਰ ਮਾਂ ਬਹੁਤ ਯਾਦ ਆਈ ਏ। ਵੈਸੇ ਤਾਂ ਮਾਂ ਸਦਾ ਹੀ ਚੇਤਿਆਂ ਵਿਚ ਵੱਸਦੀ ਏ। ਤੁਹਾਡੀ ਹਰ ਸੋਚ, ਕਰਮ ਅਤੇ ਜੀਵਨੀ-ਰੰਗ ਵਿਚ ਮਾਂ ਦਾ ਅਦਿੱਖ ਸਰੂਪ ਅਤੇ ਅਸਰ ਹੁੰਦਾ ਏ। ਤੁਸੀਂ ਜੋ ਕੁਝ ਵੀ ਹੋ, ਮਾਂ ਸਦਕਾ ਹੀ ਹੋ। ਤੁਹਾਡੀ ਸ਼ਖਸੀਅਤ-ਉਸਾਰੀ ਅਤੇ ਵੱਖ-ਵੱਖ ਜੀਵਨੀ-ਪੜਾਵਾਂ ਵਿਚ ਮਾਂ ਦੇ ਮਹੱਤਵ ਨੂੰ ਘਟਾ ਕੇ ਨਹੀਂ ਦੇਖਿਆ ਜਾ ਸਕਦਾ, ਪਰ ਕੁਝ ਅਜਿਹੇ ਮੌਕੇ ਹੁੰਦੇ ਨੇ ਜਦ ਮਾਂ ਦੀ ਸ਼ਿੱਦਤੀ-ਯਾਦ ਤੁਹਾਡੀਆਂ ਅੱਖਾਂ ਨਮ ਕਰ ਜਾਂਦੀ ਏ। ਭਾਵੇਂ ਇਹ ਬੀਤੇ ਦੀ ਯਾਦ ਹੋਵੇ, ਕਿਸੇ ਸੰਕਟ/ਦੁੱਖ ਦੀ ਘੜੀ ਦੇ ਰੂਬਰੂ ਹੋਣਾ ਹੋਵੇ ਜਾਂ ਨਵੀਂ ਪ੍ਰਾਪਤੀ/ਸਨਮਾਨ ਹੋਵੇ।
ਜਦ ਸੁਵਖਤੇ ਹੀ ਪੰਜਾਬ ਤੋਂ ਇਕ ਮਿੱਤਰ ਨੇ ਫੋਨ ‘ਤੇ ਖੁਸ਼ਖਬਰੀ ਦਿੱਤੀ ਕਿ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵਲੋਂ ਮੈਨੂੰ ਸ਼੍ਰੋਮਣੀ ਪੰਜਾਬੀ ਪਰਵਾਸੀ ਸਾਹਿਤਕਾਰ ਪੁਰਸਕਾਰ ਲਈ ਚੁਣਿਆ ਗਿਆ ਏ ਤਾਂ ਇਕ ਦਮ ਮੇਰੇ ਦੀਦਿਆਂ ਸਾਹਵੇਂ ਮਾਂ ਦੀ ਮੂਰਤ ਤੈਰਨ ਲੱਗੀ। ਅੱਖਾਂ ਨਮ ਹੋ ਗਈਆਂ, ਕੁਝ ਸਾਲ ਪਹਿਲਾਂ ਸਦਾ ਲਈ ਤੁਰ ਗਈ ਮਾਂ ਨੂੰ ਯਾਦ ਕਰਕੇ। ਮਾਂ ਨੇ ਕਿੰਨਾ ਖੁਸ਼ ਹੋਣਾ ਸੀ ਇਸ ਇਨਾਮ ਬਾਰੇ ਜਾਣ ਕੇ। ਮਾਂ ਨੂੰ ਅੱਖਰਾਂ/ਲੇਖਣੀ ਦੀ ਤਾਂ ਕੋਈ ਸਮਝ ਨਹੀਂ ਸੀ ਪਰ ਉਸ ਨੂੰ ਬਹੁਤ ਚਾਅ ਹੋਣਾ ਸੀ ਕਿ ਉਸ ਦੇ ਪੁੱਤ ਨੂੰ ਕੋਈ ਵੱਡਾ ਇਨਾਮ ਮਿਲਣਾ ਹੈ। ਖੁਸ਼ੀ ‘ਚ ਉਸ ਨੇ ਧਰਤੀ ਨੂੰ ਨਮਸਕਾਰਨਾ ਸੀ ਅਤੇ ਆਪਣੇ ਪੁੱਤ ਤੇ ਪਰਿਵਾਰ ਲਈ ਦੁਆਵਾਂ ਮੰਗਣੀਆਂ ਸਨ। ਚਿਰੰਜੀਵ ਅਸੀਸਾਂ ਨਾਲ ਪੁੱਤ ਦੀ ਝੋਲੀ ਭਰ ਦੇਣੀ ਸੀ। ਸਿਰਫ ਮਾਪਿਆਂ ਦੀ ਖੁਸ਼ੀ ਹੀ ਬੇਲਾਗ, ਨਿਰ-ਸੁਆਰਥ ਅਤੇ ਨਿਜਤਾ ਤੋਂ ਉਪਰ ਹੁੰਦੀ ਏ।
ਮਾਂ ਕੋਰੀ ਅਨਪੜ੍ਹ ਸੀ। ਉਸ ਦੇ ਦੋ ਛੋਟੇ ਭਰਾ ਅਤੇ ਇਕ ਭੈਣ ਅਧਿਆਪਕ ਬਣ ਗਏ ਸਨ। ਮਾਂ ਦੇ ਮਨ ਵਿਚ ਇਕ ਚਸਕ ਜਰੂਰ ਪੈਦਾ ਹੁੰਦੀ ਸੀ ਕਿ ਉਹ ਪੜ੍ਹ ਨਹੀਂ ਸਕੀ। ਉਹ ਆਪਣੇ ਅਧੂਰੇ ਸੁਪਨਿਆਂ ਦੀ ਪੂਰਤੀ ਆਪਣੇ ਬੱਚਿਆਂ ‘ਚੋਂ ਦੇਖਦੀ ਅਤੇ ਇਨ੍ਹਾਂ ਦੀ ਪੂਰਤੀ ਲਈ ਆਪਣੇ ਬੱਚਿਆਂ ਨੂੰ ਪ੍ਰੇਰਤ ਕਰਦੀ। ਇਹ ਉਸ ਦੀਆਂ ਅਪੂਰਨ ਸੱਧਰਾਂ ਦੀ ਤੀਖਣਤਾ ਦਾ ਅਸਰ ਹੀ ਸੀ ਕਿ ਆਪਣੇ ਸ਼ਰੀਕਾਂ ਦੇ ਵਿਰੋਧ ਦੇ ਬਾਵਜੂਦ ਬੱਚਿਆਂ ਦੀ ਪੜ੍ਹਾਈ ਵਿਚ ਵਿਘਨ ਨਹੀਂ ਸੀ ਪੈਣ ਦਿੱਤਾ। ਸਕੂਲ ਵਿਚ ਪੜ੍ਹਦੇ ਬੱਚਿਆਂ ਦੇ ਪਾਸ ਹੋਣ ‘ਤੇ ਪਤਾਸੇ ਵੰਡਣ ਵਾਲੀ ਮਾਂ ਨੂੰ ਬੜੀ ਖੁਸ਼ੀ ਹੋਈ ਸੀ ਜਦ ਪੁੱਤ ਸੋਲਾਂ ਜਮਾਤਾਂ ਕਰਕੇ ਘਰ ਆਇਆ ਸੀ। ਭਾਵੇਂ ਬਾਅਦ ਵਿਚ ਉਸ ਦੇ ਮਨ ਵਿਚ ਕੁਝ ਉਦਾਸੀ ਅਤੇ ਸਰਕਾਰੀ-ਤੰਤਰ ਪ੍ਰਤੀ ਰੋਹ ਵੀ ਪੈਦਾ ਹੋਇਆ ਜਦ ਕੁਝ ਸਮੇਂ ਲਈ ਮੈਨੂੰ ਬੇਰੁਜ਼ਗਾਰ ਰਹਿਣਾ ਪਿਆ ਸੀ।
ਮਾਂ ਇਕ ਸੁੱਚਮ, ਨਿੱਘੀ ਆਗੋਸ਼। ਸੋਚ, ਸੁਹਜ ਤੇ ਸੰਵੇਦਨਾ ਦੀ ਸਿਰਜਣਹਾਰੀ। ਬਚਪਨੀ ਮਨ ‘ਤੇ ਸੁਪਨਿਆਂ ਦੀ ਕਲਾ-ਨਿਕਾਸ਼, ਲੂਆਂ ਤੋਂ ਬਚਾਉਣ ਵਾਲੀ ਠੰਢੜੀ ਛਾਂ, ਅੰਬਰ ਵਾਂਗ ਫੈਲ ਕੇ ਬਲਾਵਾਂ ਟਾਲਣ ਵਾਲੀ ਕਾਇਨਾਤ, ਹਨੇਰੇ ਰਾਹਾਂ ਵਿਚ ਆਪਾ ਬਾਲ ਕੇ ਜੁਗਨੂੰ ਦੀ ਲੋਅ, ਪੀੜਾਂ ਹਰਨ ਤੇ ਜਖਮਾਂ ਨੂੰ ਭਰਨ ਵਾਲੀ ਦਵਾ, ਦੁਆ ਲਈ ਉਠੇ ਹੱਥ ਅਤੇ ਵਿਹੜੇ ਦਾ ਸਾਖਸ਼ਾਤ ਰੱਬ।
ਘਰ ਦੀ ਵੰਡ-ਵੰਡਾਈ ਹੋਈ ਤਾਂ ਮਾਂ ਨੇ ਬੱਚੜਿਆਂ ਨੂੰ ਸੁਰੱਖਿਅਤ ਆਲ੍ਹਣਾ ਦੇਣ ਲਈ ਘਾਟੇ ‘ਚ ਰਹਿ ਕੇ ਵੀ ਪਿੰਡ ਵਿਚਲਾ ਘਰ ਲੈ ਲਿਆ। ਪਰ ਮੇਰੇ ਚੇਤਿਆਂ ਵਿਚ ਅੱਜ ਵੀ ਯਾਦ ਏ, ‘ਤਾਏ ਵਲੋਂ ਪਿੰਡ ਵਿਚਲੇ ਘਰ ਦੀ ਇਕ ਕੋਠੜੀ ‘ਤੇ ਜਬਰਨ ਲਾਇਆ ਜੰਦਰਾ ਕਿ ਪਹਿਲਾਂ ਹਿੱਸੇ ਦੇ ਪੈਸੇ ਦਿਓ। ਹਰ ਰੋਜ਼ ਦੀ ਖਿਚੋਤਾਣ। ਫਿਰ ਮਾਂ ਦਾ ਆਪਣੇ ਬਾਪ ਕੋਲੋਂ ਪੈਸੇ ਲੈ ਕੇ ਆਉਣਾ, ਸ਼ਰੀਕਾਂ ਦਾ ਹਿਸਾਬ ਚੁੱਕਤਾ ਕਰਨਾ ਅਤੇ ਨਿੱਤ ਦੇ ਕਲੇਸ਼ ਤੋਂ ਛੁਟਕਾਰਾ ਪਾਉਣਾ।’
ਸ਼ਰੀਕ ਕਦ ਕਿਸੇ ਨੂੰ ਟਿੱਕ ਕੇ ਕਦ ਬਹਿਣ ਦਿੰਦੇ ਨੇ? ਅਜਿਹਾ ਅਕਸਰ ਹੀ ਸ਼ਰੀਕੇ ਵਿਚ ਵਾਪਰਦਾ ਏ ਜਦ ਕਿਸੇ ਪਰਿਵਾਰ ਦੇ ਬੱਚੇ ਖੇਤੀ ਕਰਨ ਦੀ ਥਾਂ ਪੜ੍ਹਾਈ ਵਾਲੇ ਪਾਸੇ ਤੁਰ ਪੈਣ। ਸੰਜਮ ਨਾਲ ਚੱਲਦਿਆਂ ਬੱਚਿਆਂ ਨੂੰ ਪੜ੍ਹਾਉਣਾ, ਉਨ੍ਹਾਂ ਨੂੰ ਕੰਮ ਦੀ ਚੇਟਕ ਲਾਉਣ ਦੇ ਨਾਲ-ਨਾਲ ਪੜ੍ਹਾਈ ਵੱਲ ਧਿਆਨ ਦੇਣ ਲਈ ਉਤਸ਼ਾਹਿਤ ਕਰਨਾ ਅਤੇ ਕੰਧਾਂ ਨੂੰ ਘਰ ਬਣਾਉਣਾ-ਸਿਰਫ ਮਾਂ ਦਾ ਹੀ ਕਰਮ ਸੀ। ਹੁਣ ਤੱਕ ਯਾਦ ਏ ਸਕੂਲ ਨੂੰ ਜਾਣ ਤੋਂ ਪਹਿਲਾਂ ਖੂਹ ‘ਤੇ ਹਲ ਵਾਹੁੰਦੇ ਬਾਪ ਨੂੰ ਰੋਟੀ ਦੇ ਕੇ ਅਤੇ ਉਥੋਂ ਪੱਠੇ ਲੈ ਕੇ ਆਉਣ ਲਈ ਮਾਂ ਨੇ ਸਾਨੂੰ ਸਾਝਰੇ ਹੀ ਤੋਰ ਦੇਣਾ। ਅੱਧੀ ਛੁੱਟੀ ਵੇਲੇ ਹਵੇਲੀ ਬੱਧੇ ਪਸੂਆਂ ਨੂੰ ਨਲਕਾ ਗੇੜ ਕੇ ਪਾਣੀ ਡਾਹੁਣਾ ਤੇ ਖੁਰਲੀਆਂ ਤੋਂ ਖੋਲ੍ਹ ਕੇ ਕਿੱਲਿਆਂ ‘ਤੇ ਬੰਨਣਾ-ਨਿੱਤ ਦਾ ਕਰਮ ਹੁੰਦਾ ਸੀ। ਝੋਲੀ ਵਿਚ ਮੱਕੀ ਦੇ ਦਾਣੇ ਪਾ ਕੇ, ਘੰਟੀ ਵੱਜਣ ਤੋਂ ਪਹਿਲਾਂ ਸਕੂਲੇ ਮੁੜ ਜਾਣਾ ਸਾਡੀ ਆਦਤ ਤੇ ਮਜਬੂਰੀ ਸੀ। ਰਾਤ ਨੂੰ ਸਾਡੀ ਪੜ੍ਹਾਈ ਲਈ ਮਾਂ ਲਾਲਟੈਣ ਦਾ ਸ਼ੀਸ਼ਾ ਚਮਕਾ ਕੇ ਰੱਖਦੀ ਕਿਉਂਕਿ ਸਾਰੇ ਭੈਣ-ਭਰਾ ਇਕੋ ਲਾਲਟੈਣ ਦੁਆਲੇ ਬੈਠ ਕੇ ਪੜ੍ਹਦੇ ਹੁੰਦੇ ਸਾਂ। ਆਪੋ-ਆਪਣੇ ਕਮਰੇ ਜਾਂ ਪ੍ਰਾਈਵੇਸੀ ਤਾਂ ਉਸ ਸਮੇਂ ਕਿਸੇ ਦੇ ਚਿੱਤ-ਚੇਤੇ ਵੀ ਨਹੀਂ ਸੀ। ਮਾਂ ਵਲੋਂ ਪੜ੍ਹਾਈ ਦੇ ਨਾਲ ਘਰ ਦੇ ਕੰਮਾਂ ਵਿਚ ਹੱਥ ਵਟਾਉਣ ਦੀ ਬਿਰਤੀ ਨੂੰ ਅਚੇਤ ਰੂਪ ਵਿਚ ਬੱਚਿਆਂ ਦੇ ਮਸਤਕ ਵਿਚ ਟਿਕਾਉਣਾ ਸਾਰੇ ਬੱਚਿਆਂ ਦੀ ਅਜੋਕੀ ਜੀਵਨ-ਸ਼ੈਲੀ ਏ ਜੋ ਕ੍ਰਿਤ ਦਾ ਸੁੱਚਮ ਬਣ ਕੇ ਜੀਵਨ-ਅੰਗ ਬਣ ਗਈ ਏ।
ਮਾਂ ਆਪਣੇ ਬੱਚਿਆਂ ਪ੍ਰਤੀ ਮੋਹ ਦੇ ਨਾਲ-ਨਾਲ ਆਪਣੇ ਭਰਾਵਾਂ ਦਾ ਮਾਣ ਅਤੇ ਭਤੀਜਿਆਂ ਦਾ ਬਹੁਤ ਚਾਅ ਕਰਦੀ ਸੀ। ਪੁਰਾਣੇ ਸੰਸਕਾਰਾਂ ਨਾਲ ਪ੍ਰਣਾਈ ਮਾਂ ਆਪਣੀਆਂ ਪੋਤਰੀਆਂ ਜਾਂ ਭਤੀਜੀਆਂ ਦੇ ਜਨਮ ਵੇਲੇ ਬਹੁਤੀ ਖੁਸ਼ ਨਹੀਂ ਸੀ ਹੁੰਦੀ। ਕਈ ਵਾਰ ਮੈਨੂੰ ਵੀ ਕਹਿਣਾ, ਕਾਹਨੂੰ ਧੀਆਂ ਦੀ ਪੜ੍ਹਾਈ ‘ਤੇ ਇੰਨਾ ਖਰਚ ਕਰਦਾ ਏਂ? ਇਹ ਪੈਸੇ ਤੂੰ ਇਨ੍ਹਾਂ ਦੇ ਵਿਆਹ ‘ਤੇ ਖਰਚ ਲਈਂ। ਫਿਰ ਮਾਂ ਨੂੰ ਸਮਝਾਉਣਾ ਕਿ ਹੁਣ ਸਮੇਂ ਬਦਲ ਗਏ ਨੇ। ਧੀਆਂ ਦਾ ਚੰਗੇ ਪੜ੍ਹੇ-ਲਿਖੇ ਹੋਣਾ ਬਹੁਤ ਜਰੂਰੀ ਏ। ਤੁਹਾਡੇ ਸਮੇਂ ਹੋਰ ਸਨ। ਪਰ ਜਦ ਉਸ ਦੀਆਂ ਪੋਤਰੀਆਂ ਡਾਕਟਰ ਬਣ ਗਈਆਂ ਤਾਂ ਉਹ ਬਹੁਤ ਖੁਸ਼ ਸੀ।
ਮਾਂ ਦਾ ਇਕ ਹੋਰ ਰੂਪ ਵੀ ਧੀਆਂ ਅਤੇ ਪੁੱਤਾਂ ਦਰਮਿਆਨ ਆਪਸੀ ਸਬੰਧਾਂ ਨੂੰ ਮਜਬੂਤੀ ਅਤੇ ਸਦੀਵਤਾ ਬਖਸ਼ਣ ਵਿਚ ਬਹੁਤ ਅਹਿਮ ਸੀ। ਉਹ ਵਿਆਹ ਤੋਂ ਬਾਅਦ ਆਪਣੀਆਂ ਧੀਆਂ ਨਾਲ ਪਿਆਰ ਤਾਂ ਕਰਦੀ ਪਰ ਉਨ੍ਹਾਂ ਨੂੰ ਨੂੰਹਾਂ/ਪੁੱਤਾਂ ਨਾਲੋਂ ਜ਼ਿਆਦਾ ਅਹਿਮੀਅਤ ਨਹੀਂ ਸੀ ਦਿੰਦੀ। ਜਿਵੇਂ ਅਕਸਰ ਹੀ ਮਾਂਵਾਂ ਆਪਣੀਆਂ ਧੀਆਂ ਨੂੰ ਪੁੱਤਾਂ ਤੇ ਨੂੰਹਾਂ ਤੋਂ ਲੁਕੋ ਕੇ ਕੁਝ ਨਾ ਕੁਝ ਦਿੰਦੀਆਂ ਰਹਿੰਦੀਆਂ ਨੇ ਜਾਂ ਧੀਆਂ ਨਾਲ ਰਲ ਕੇ ਘਰ ਵਿਚ ਨਵੇਂ ਬਿਖੇੜੇ ਖੜ੍ਹੇ ਕਰਦੀਆਂ ਨੇ। ਪਰ ਮਾਂ ਜੇ ਕੁਝ ਦਿੰਦੀ ਵੀ ਸੀ ਤਾਂ ਸਭ ਦੇ ਸਾਹਮਣੇ। ਧੀਆਂ ਜਾਂ ਪੁੱਤਾਂ ਨੂੰ ਵਰਜਣ/ਝਿੜਕਣ ਵੇਲੇ ਉਹ ਕਿਸੇ ਕਿਸਮ ਦਾ ਲਿਹਾਜ ਨਹੀਂ ਸੀ ਕਰਦੀ। ਹਰ ਇਕ ਨੂੰ ਟਿਕਾਣੇ ਸਿਰ ਹੀ ਰੱਖਦੀ।
ਘਰ ਵਿਚ ਗੋਹਾ ਕੂੜਾ ਕਰਨ ਵਾਲੀ ਤਾਈ ਚਿੰਤੀ ਨਾਲ ਮਾਂ ਦੀ ਬਹੁਤ ਕਰੀਬੀ ਸਾਂਝ ਸੀ। ਉਹ ਭੈਣਾਂ ਵਾਂਗ ਦੁੱਖ-ਸੁੱਖ ਸਾਂਝਾ ਕਰਦੀਆਂ ਅਤੇ ਕਦੇ ਕਦਾਈਂ ਨੋਕ-ਝੋਕ ਵੀ ਹੁੰਦੀ। ਕਈ ਵਾਰ ਤਾਂ ਤਾਈ ਚਿੰਤੀ ਇਥੋਂ ਤੀਕ ਕਹਿ ਦਿੰਦੀ ਕਿ ਪੀਤੋ ਚੁੱਪ ਕਰ ਕੇ ਬੈਠੀ ਰਹੁ, ਬਖਸ਼ੀ ਤਾਂ ਮੇਰਾ ਪੁੱਤ ਏ ਅਤੇ ਇਸ ਦੇ ਵਿਆਹ ਵੇਲੇ ਮੈਂ ਹੀ ਪਾਣੀ ਵਾਰ ਕੇ ਪੀਣਾ ਏ। ਇਹ ਪੁਰ-ਖਲੂਸ ਸਬੰਧ ਅਤੇ ਅਪਣੱਤ ਸਾਡੀ ਸੋਚ ਵਿਚ ਉਸਾਰੂ ਪ੍ਰਭਾਵ ਪੈਦਾ ਕਰਨ ਵਿਚ ਸਹਾਈ ਹੋਈ। ਹੁਣ ਤੀਕ ਯਾਦ ਏ ਕਿ ਜਦ ਵਿਆਹ ਤੋਂ ਬਾਅਦ ਮੈਂ ਆਪਣੀ ਨਵ-ਵਿਆਹੀ ਪਤਨੀ ਨਾਲ ਤਾਈ ਚਿੰਤੀ ਦੇ ਘਰ ਗਿਆ ਤਾਂ ਉਸ ਨੇ ਨਵੇਂ ਵਿਆਹੇ ਨੂੰਹ-ਪੁੱਤ ਵਾਂਗ ਹੀ ਸਾਡਾ ਬੜਾ ਮਾਣ ਕੀਤਾ ਸੀ। ਘਰ ਦੀ ਸਵਾਣੀ ਦੇ ਲਾਗੀਆਂ ਨਾਲ ਚੰਗੇਰੇ ਸਬੰਧ, ਪਿੰਡ ਵਿਚ ਸੋਹਬਤ ਬਖਸ਼ਦੇ ਨੇ ਜਦ ਕਿ ਉਨ੍ਹਾਂ ਨਾਲ ਵਿਗਾੜ, ਤੁਹਾਡੀ ਭੰਡੀ ਵੀ ਕਰਵਾ ਸਕਦਾ ਏ।
ਪਿੰਡ ਵਿਚ ਰਹਿੰਦੀ ਮਾਂ ਲਈ ਇਹ ਅਣਹੋਣੀ ਸੀ ਕਿ ਵਿਆਹ ਤੋਂ ਬਾਅਦ ਮੇਰੀ ਪਤਨੀ ਮੇਰੇ ਨਾਲ ਨੌਕਰੀ ਵਾਲੀ ਜਗਾ ‘ਤੇ ਰਹੇ। ਜਦ ਅਸੀਂ ਆਪਣਾ ਆਲ੍ਹਣਾ ਬਣਾਉਣ ਲਈ ਘਰ ਨੂੰ ਅਲਵਿਦਾ ਕਹੀ ਤਾਂ ਮਾਂ ਬਹੁਤ ਉਦਾਸ ਸੀ। ਅਸਲ ਵਿਚ ਪਿੰਡ ਰਹਿੰਦੀਆਂ ਸੱਸਾਂ ਦੀ ਸੋਚ ਵਿਚ ਨੂੰਹ ਸਿਰਫ ਸਹੁਰੇ ਘਰ ਰਹਿਣ ਲਈ ਹੁੰਦੀ ਏ। ਪੁੱਤ ਬਾਹਰੋਂ ਕਮਾਈ ਕਰਕੇ ਲਿਆਉਣ ਲਈ। ਕਈ ਵਾਰ ਉਸ ਨੇ ਉਲਾਹਮਾ ਵੀ ਦੇਣਾ ਕਿ ਤੂੰ ਵੀ ਤਾਂ ਪਿੰਡ ਵਿਚ ਰਹਿ ਕੇ ਪੜ੍ਹ ਹੀ ਗਿਆ ਸੀ। ਤੇਰੇ ਬੱਚੇ ਵੀ ਆਪੇ ਪਿੰਡ ਦੇ ਸਕੂਲ ਵਿਚ ਪੜ੍ਹ ਜਾਣਗੇ। ਉਹ ਤਾਂ ਕਪੂਰਥਲੇ ਵਿਚ ਘਰ ਬਣਾਉਣ ਤੋਂ ਵੀ ਖਾਸੀ ਦੁਖੀ ਸੀ, ਕਿਉਂਕਿ ਉਸ ਦੀ ਚਾਹਨਾ ਸੀ ਕਿ ਉਸ ਦਾ ਪੁੱਤ ਪਿੰਡ ਵਿਚ ਹੀ ਘਰ ਪਾਵੇ। ਪਰ ਬਾਅਦ ਵਿਚ ਉਸ ਨੂੰ ਚੰਗਾ ਲੱਗਦਾ ਸੀ ਕਿ ਉਸ ਦਾ ਵੀ ਸ਼ਹਿਰ ਵਿਚ ਰਹਿਣ ਦਾ ਟਿਕਾਣਾ ਬਣ ਗਿਆ ਏ। ਉਹ ਸ਼ਹਿਰ ਆ ਕੇ ਹਫਤਾ-ਹਫਤਾ ਰਹਿ ਹੀ ਜਾਂਦੀ ਸੀ।
ਮਾਂ ਨੂੰ ਪੀਐਚ.ਡੀ/ਪ੍ਰੋਫੈਸਰੀ ਨਾਲ ਕੋਈ ਬਹੁਤਾ ਸਰੋਕਾਰ ਨਹੀਂ ਸੀ, ਸ਼ਰੋਮਣੀ ਸਾਹਿਤਕਾਰ ਅਵਾਰਡ ਨਾਲ ਤਾਂ ਕੋਈ ਲੈਣਾ-ਦੇਣਾ ਕੀ ਹੋਣਾ ਸੀ। ਉਸ ਦਾ ਸਰੋਕਾਰ ਤਾਂ ਸਿਰਫ ਪੁੱਤ ਦੀ ਪ੍ਰੋਫੈਸਰੀ ਜਾਂ ਮਾਂ ਦੇ ਆਖੇ ਕਿਸੇ ਜਾਣਕਾਰ ਦੇ ਕੰਮ ਆਉਣ ਤੱਕ ਹੀ ਸੀਮਤ ਸੀ।
ਮਾਂ ਦਾ ਆਪਣੇ ਪੋਤੇ-ਪੋਤਰੀਆਂ, ਦੋਹਤੇ-ਦੋਹਤੀਆਂ ਅਤੇ ਭਤੀਜੇ-ਭਤੀਜੀਆਂ ਨਾਲ ਬਹੁਤ ਮੋਹ ਸੀ। ਉਹ ਉਸ ਨਾਲ ਟਿੱਚਰਾਂ ਕਰਦੇ ਅਤੇ ਆਪਣੇ ਕੋਲ ਹੋਰ ਕੁਝ ਦਿਨ ਰਹਿਣ ਲਈ ਮਜਬੂਰ ਕਰਦੇ ਹੀ ਰਹਿੰਦੇ। ਜੇ ਮਾਂ ਨਾ ਮੰਨਦੀ ਤਾਂ ਜਾਂ ਉਸ ਦੀ ਖੂੰਡੀ ਲੁਕੋ ਲੈਂਦੇ ਜਾਂ ਉਸ ਦਾ ਝੋਲਾ ਲੁਕੋ ਕੇ ਆਪ ਸਕੂਲ ਚਲੇ ਜਾਂਦੇ। ਮਾਂ ਉਪਰੋਂ ਕੁੜ੍ਹਦੀ, ਉਨ੍ਹਾਂ ਦੀ ਸਕੂਲੋਂ ਆਉਣ ਤੱਕ ਉਡੀਕ ਕਰਦੀ। ਬੱਚੇ ਸਕੂਲੋਂ ਆ ਕੇ ਵੀ ਆਪਣੀ ਜਿੱ.ਦ ਤੋਂ ਨਾ ਟੱਲਦੇ। ਉਸ ਦੀ ਆਖਰੀ ਬੱਸ ਦਾ ਸਮਾਂ ਨਿਕਲ ਜਾਂਦਾ ਤੇ ਮਾਂ ਨੂੰ ਇਕ ਦਿਨ ਹੋਰ ਰਹਿਣਾ ਪੈਂਦਾ।
ਮਾਂ ਸੁੱਚੀਆਂ ਭਾਵਨਾਵਾਂ ਦੀ ਤਸ਼ਬੀਹ, ਮਾਨਵੀ ਕਰਮ ਦੀ ਰਚੈਤਾ, ਦੁਆਵਾਂ ਲਈ ਜੁੜੇ ਹੱਥ, ਅਕੀਦਤ ਕਰੇਂਦੇ ਸੁੱਚੇ ਬੋਲ, ਅੰਤਰ-ਆਤਮਾ ‘ਚੋਂ ਸ਼ੁਭ-ਇਛਾਵਾਂ ਦਾ ਫੁਹਾਰਾ, ਸਰਬੱਤ ਦੇ ਭਲੇ ਦੀ ਅਰਦਾਸ, ਡਿੱਗੇ ਲਈ ਧਰਵਾਸ, ਬੇਆਸਰੇ ਲਈ ਅੰਗੂਰੀ-ਆਸ, ਬਨੇਰਿਆਂ ਦਾ ਚਿਰਾਗ ਤੇ ਵਿਹੜੇ ਦੇ ਭਾਗ।
ਮੇਰਾ ਪਰਿਵਾਰ ਸਮੇਤ ਕੈਨੇਡਾ ਆਉਣ ਦਾ ਜਦ ਮਾਂ ਨੂੰ ਪਤਾ ਲੱਗਾ ਤਾਂ ਮਾਂ ਬਹੁਤ ਉਦਾਸ ਹੋਈ। ਉਸ ਨੂੰ ਝੋਰਾ ਸੀ ਕਿ ਉਸ ਦਾ ਪ੍ਰੋਫੈਸਰ ਪੁੱਤ ਕੈਨੇਡਾ ਵਿਚ ਜਾ ਕੇ ਰੁਲ ਜਾਵੇਗਾ। ਉਸ ਦੀਆਂ ਡਿਗਰੀਆਂ ਅਤੇ ਰੁਤਬੇ ਕੀਹਨੇ ਪੁੱਛਣੇ ਨੇ? ਝੋਰਾ ਇਸ ਗੱਲ ਦਾ ਵੀ ਸੀ ਕਿ ਹੁਣ ਉਹ ਮਿਲਣ ਵਾਲੇ ਨੂੰ ਕੀ ਕਹੇਗੀ ਕਿ ਉਸ ਦਾ ਪੁੱਤ ਪ੍ਰੋਫੈਸਰੀ ਛੱਡ ਕੇ ਕੈਨੇਡਾ ਚਲੇ ਗਿਆ ਏ। ਉਸ ਨੂੰ ਇਹ ਵੀ ਦੁੱਖ ਸੀ ਕਿ ਉਸ ਦੀ ਕੈਨੇਡਾ ਰਹਿੰਦੀ ਭੈਣ (ਮੇਰੀ ਮਾਸੀ) ਵਾਂਗ, ਇਸ ਨੇ ਵੀ ਕਈ ਕਈ ਸਾਲ ਪਿੰਡ ਨਹੀਂ ਪਰਤਣਾ। ਉਹ ਵਿਦੇਸ਼ ਰਹਿੰਦਿਆਂ ਰਿਸ਼ਤਿਆਂ ਵਿਚ ਪੈਂਦੀਆਂ ਦੂਰੀਆਂ ਅਤੇ ਅਭਿੱਜਤਾ ਤੋਂ ਬਹੁਤ ਡਰਦੀ ਸੀ। ਵੈਸੇ ਮਾਂ ਨੇ ਮੇਰੀ ਪੜ੍ਹਾਈ ਸਮੇਂ ਇੰਗਲੈਂਡ ਰਹਿੰਦੀ ਗੁਆਂਢਣ ਸਹੇਲੀ ਅਤੇ ਕੈਨੇਡਾ ‘ਚ ਬੈਠੀ ਆਪਣੀ ਭੈਣ ਦੇ ਬੜੇ ਤਰਲੇ ਲਏ ਸਨ ਕਿ ਮੇਰੇ ਮੁੰਡੇ ਨੂੰ ਵਿਆਹ ਜਾਂ ਪੜ੍ਹਾਈ ਦੇ ਬਹਾਨੇ ਬਾਹਰ ਲੰਘਾ ਲਓ। ਪਰ ਉਸ ਦੀ ਇਹ ਕਾਮਨਾ ਉਸ ਸਮੇਂ ਦਿਲ ਵਿਚ ਹੀ ਧਰੀ-ਧਰਾਈ ਰਹਿ ਗਈ ਸੀ ਕਿਉਂਕਿ ਬਹੁਤ ਵਿਰਲਿਆਂ ਦੇ ਮਨਾਂ ਵਿਚ ਹੀ ਕਿਸੇ ਦਾ ਕੁਝ ਸੰਵਾਰਨ ਦੀ ਚਾਹਨਾ ਹੁੰਦੀ ਏ। ਜ਼ਿਆਦਾਤਰ ਲੋਕ ਈਰਖਾ ਹੀ ਕਰ ਸਕਦੇ ਨੇ। ਪਰ ਸਾਡੇ ਪਰਦੇਸ ਜਾਣ ਵੇਲੇ ਉਸ ਦੇ ਮਨ ਦੀ ਕਿਸੇ ਨੁੱਕਰੇ ਉਸ ਨੂੰ ਇਸ ਗੱਲ ਦਾ ਅਦਿੱਖ ਫਖਰ ਵੀ ਸੀ ਕਿ ਮੇਰਾ ਪੁੱਤ ਆਪਣੇ ਬਲਬੂਤੇ ‘ਤੇ ਬਾਹਰ ਜਾ ਰਿਹਾ ਏ।
ਪਿੰਡ ਤੋਂ ਸ਼ਹਿਰ ਅਤੇ ਸ਼ਹਿਰ ਤੋਂ ਵਿਦੇਸ਼ ਦਾ ਪਰਵਾਸ ਹੰਢਾਉਂਦਿਆਂ ਮਾਂ ਦੇ ਮਨ ਵਿਚ ਆਪਣੇ ਪੁੱਤ ਤੇ ਪਰਿਵਾਰ ਨੂੰ ਮਿਲਣ ਦੀ ਤੜਪ, ਮਾਂ-ਪੁੱਤ ਦੇ ਲਾਸਾਨੀ ਰਿਸ਼ਤੇ ਵਿਚਲੀ ਪਾਕੀਜ਼ਗੀ, ਇਕ ਕਵਿਤਾ ਬਣ ਕੇ, ਉਡੀਕ ਵਿਚ ਨਮ ਹੋਈਆਂ ਮਾਂ ਦੀਆਂ ਅੱਖਾਂ ਨੂੰ ਅਕੀਦਤ ਸੀ:
ਮੈਂ
ਕਦੇ ਕਦੇ ਪਿੰਡ ਫੋਨ ਕਰਦਾ ਹਾਂ
ਭਰਾ ਫੋਨ ਚੁੱਕਦਾ
ਉਸ ਦੀ ਅਵਾਜ਼ ਡਰਦੀ
ਮਤਾਂ ਭਰਾ ਜਮੀਨ ਦੀ ਵੰਡ-ਵੰਡਾਈ
ਜਾਂ ਘਰ ‘ਚ ਉਗਣ ਵਾਲੀ ਕੰਧ ਦਾ ਜ਼ਿਕਰ ਛੇੜੇ।
ਰਸਮੀ ਰਾਜੀ-ਖੁਸ਼ੀ ਤੋਂ ਬਾਅਦ ਗੱਲਾਂ ਮੁੱਕ ਜਾਂਦੀਆਂ
ਤੇ ਫੋਨ ਬੰਦ ਹੋ ਜਾਂਦਾ।

ਕਦੇ ਭਰਜਾਈ ਫੋਨ ਚੁੱਕ ਲਵੇ
ਤਾਂ ਉਸ ਦੇ ਲਹਿਜੇ ‘ਚ ਸ਼ਰੀਕ ਉਗ ਪੈਂਦੇ
ਬੋਲਾਂ ਨੂੰ ਨਜ਼ਰ ਲੱਗ ਜਾਂਦੀ
ਤੇ ਫੋਨ ਬੰਦ ਹੋ ਜਾਂਦਾ।

ਕਦੇ ਬਾਪੂ ਦਾ ਕੰਬਦਾ ਹੱਥ
ਫੋਨ ‘ਤੇ ਪਹੁੰਚ ਜਾਂਦਾ
ਤਾਂ ਉਹ ਪੋਤੇ-ਪੋਤਰੀ ਦਾ
ਹਾਲ-ਚਾਲ ਪੁੱਛਦਿਆਂ-ਪੁੱਛਦਿਆਂ
ਰਸੀਵਰ ਵਿਚ ਹਉਕਾ ਧਰ ਜਾਂਦਾ
ਤੇ ਫੋਨ ਬੰਦ ਹੋ ਜਾਂਦਾ।

ਕਦੇ-ਕਦਾਈਂ
ਜੇ ਘਰ ਦੇ ਸਾਰੇ ਜੀਅ
ਕੰਮਾਂ ਕਾਰਾਂ ਵਿਚ ਰੁੱਝੇ ਹੁੰਦੇ
ਤਾਂ ਫੋਨ ਮੰਜੇ ਨਾਲ ਮੰਜਾ ਹੋਈ ਮਾਂ ਕੋਲ ਹੁੰਦਾ
ਮਾਂ ਫੋਨ ਚੁੱਕਦੀ
ਤੇ ਅਵਾਜ਼ ਪਛਾਣ ਕੇ ਪੁੱਛਦੀ
ਵੇ ਪੁੱਤ ਕਦੋਂ ਆਵੇਂਗਾ?…
ਤੇ ਮੇਰੇ ਹੱਥੋਂ ਫੋਨ ਡਿਗ ਪੈਂਦਾ।
ਮਾਂ ਕੋਮਲ-ਭਾਵੀ, ਪਰਿਵਾਰ ਦਾ ਸੁਘੜ ਸਿਰਨਾਵਾਂ, ਚਾਅ ਦਾ ਥਿਰਕਦਾ ਪੈਰ, ਖੁਸ਼ੀ ਵਿਚ ਗੁੱਝੇ ਬੋਲ, ਘਾਲਣਾ ਦਾ ਰੰਗ, ਪ੍ਰਾਪਤੀ ਦੀ ਨਿਮਰਤਾ, ਮਾਨਵੀ ਸੋਚ ਦਾ ਸਤੰਭ, ਅਪਣੱਤ ਦਾ ਸੂਰਜੀ ਬਿੰਬ, ਚੌਂਕੇ ਦੀ ਰੌਣਕ, ਘਰ ਦੇ ਅਸੀਮ ਅਰਥਾਂ ਦਾ ਪ੍ਰਵਾਹ, ਦਰੀਂ ਉਛਲਦਾ ਚਾਅ, ਦਰਵਾਜੇ ਵਿਚ ਡੋਲ੍ਹੇ ਜਾਣ ਵਾਲੇ ਪਾਣੀ ਤੇ ਚੋਏ ਤੇਲ ਵਿਚਲੀ ਰਮਜ਼ ਅਤੇ ਅਦਿੱਖ ਰੂਪ ਵਿਚ ਵਾਪਰ ਰਹੀ ਹਰ ਕ੍ਰਿਆ ਦੀ ਸੂਖਮ-ਸਮਝ।
ਪੋਤਰੀਆਂ ਦੇ ਜਨਮ ਵੇਲੇ ਪੀੜਤ ਹੋਣ ਵਾਲੀ ਮਾਂ, ਆਪਣੀਆਂ ਪੋਤਰੀਆਂ ਨੂੰ ਬਹੁਤ ਪਿਆਰ ਕਰਦੀ ਸੀ। ਉਸ ਦੀਆਂ ਪੋਟਲੀਆਂ ਅਤੇ ਗੰਢਾਂ ਦਾ ਪਤਾ ਸਿਰਫ ਉਸ ਦੀਆਂ ਪੋਤੀਆਂ ਨੂੰ ਹੀ ਹੁੰਦਾ ਸੀ, ਨੂੰਹਾਂ ਨੂੰ ਨਹੀਂ। ਜਦ ਐਕਸੀਡੈਂਟ ਦੌਰਾਨ ਅੱਠਵੀਂ ਵਿਚ ਪੜ੍ਹਦੀ ਉਸ ਦੀ ਇਕ ਪੋਤਰੀ ਦੀ ਮੌਤ ਹੋ ਗਈ ਤਾਂ ਮਾਂ ਲਈ ਇਹ ਸਦਮਾ ਬਰਦਾਸ਼ਤ ਤੋਂ ਬਾਹਰਾ ਸੀ। ਬੜਾ ਸਮਾਂ ਲੱਗਾ ਸੀ ਮਾਂ ਨੂੰ ਸਹਿਜ ਹੋਣ ਵਿਚ। ਇਹ ਗਮ ਇਕ ਗੋਲਾ ਬਣ ਕੇ ਉਸ ਦੇ ਅੰਦਰ ਹੀ ਬਹਿ ਗਿਆ ਜਿਸ ਨੇ ਉਸ ਨੂੰ ਹੌਲੀ ਹੌਲੀ ਅੰਦਰੋਂ ਖੋਖਲਾ ਕਰ ਦਿੱਤਾ।
ਮਾਂ ਸਾਰੀ ਉਮਰ ਅਰੋਗ ਰਹੀ। ਉਸ ਨੂੰ ਕਦੇ ਵੀ ਕੋਈ ਬਿਮਾਰੀ ਨਹੀਂ ਸੀ ਲੱਗੀ ਅਤੇ ਨਾ ਹੀ ਉਹ ਕੋਈ ਦਵਾਈ ਖਾਂਦੀ ਸੀ। ਮਾਂ ਨੇ ਬੁਢੇਪੇ ਨੂੰ ਆਪਣੇ ਰੰਗ-ਢੰਗ ਨਾਲ ਹੀ ਹੰਢਾਇਆ ਤੇ ਮਾਣਿਆ। ਜਦ ਜੀਅ ਕਰਨਾ ਆਪਣਾ ਝੋਲਾ ਚੁੱਕਣਾ ਅਤੇ ਪਿੰਡ ਰਹਿੰਦੇ ਮੁੰਡਿਆਂ ਨੂੰ ਹੁਕਮ ਕਰਨਾ ਕਿ ਮੈਨੂੰ ਬੱਸੇ ਚੜ੍ਹਾ ਦਿਓ। ਮੈਂ ਆਪੇ ਬੱਸ ਅੱਡੇ ਤੋਂ ਰਿਕਸ਼ਾ ਲੈ ਕੇ ਪ੍ਰੋਫੈਸਰ ਦੇ ਘਰ ਚਲੇ ਜਾਵਾਂਗੀ। ਦੋ-ਚਾਰ ਦਿਨ ਮੇਰੇ ਕੋਲ ਰਹਿ, ਕਦੇ ਪੇਕਿਆਂ ਦੇ, ਕਦੇ ਇਕ ਧੀ ਅਤੇ ਕਦੇ ਦੂਜੀ ਧੀ ਕੋਲ ਚਲੇ ਜਾਣਾ। ਦਸੀਂ-ਪੰਦਰੀਂ ਦਿਨੀਂ ਪਿੰਡ ਮੁੜਨਾ। ਬਜ਼ੁਰਗੀ ਵਿਚ ਮਾਂ ਦੇ ਮਹਾਂ-ਕਾਰਜਾਂ ਵਿਚ ਹਰ ਰੋਜ਼ ਸੁਵਖਤੇ ਪਿੰਡ ਦੇ ਗੁਰਦੁਆਰੇ ਜਾਣ ਦਾ ਆਹਰ, ਬਿਆਸ ਸਤਿਸੰਗ ‘ਤੇ ਜਾਣ ਦਾ ਹਫਤਾਵਰੀ ਨਿਯਮ ਜਾਂ ਮਰਨੇ-ਪਰਨੇ ‘ਤੇ ਜਾਣਾ ਸ਼ਾਮਲ ਸਨ।
ਮਾਂ ਸ਼ਹਿਰ ਤਾਂ ਆ ਜਾਂਦੀ ਸੀ ਪਰ ਸ਼ਹਿਰ ਵਿਚ ਆ ਕੇ ਵੀ ਉਹ ਘਰ ਟਿਕ ਕੇ ਘੱਟ ਹੀ ਬੈਠਦੀ। ਸਾਡੀ ਪੱਤੀ ਦੇ ਕੁਝ ਸਰਦੇ-ਪੁੱਜਦੇ ਪਰਿਵਾਰ ਆਪਣੇ ਬੱਚਿਆਂ ਨੂੰ ਚੰਗੇਰੀ ਵਿਦਿਆ ਦੇਣ ਅਤੇ ਉਨ੍ਹਾਂ ਦੇ ਵਧੀਆ ਭਵਿੱਖ ਲਈ ਕਪੂਰਥਲੇ ਆ ਗਏ ਸਨ। ਮਾਂ ਆਪਣੀਆਂ ਹਮ-ਉਮਰ ਸਹੇਲੀਆਂ ਨੂੰ ਮਿਲਣ ਦੀ ਤਾਂਘ ਮਨ ਵਿਚ ਪਾਲ ਅਕਸਰ ਹੀ ਮੈਨੂੰ ਕਹਿੰਦੀ ਕਿ ਕਾਲਜ ਜਾਣ ਵੇਲੇ ਫਲਾਣੇ ਦੇ ਘਰ ਛੱਡ ਜਾਈਂ। ਮੈਂ ਆਪੇ ਵਾਪਸ ਆ ਜਾਊਂ। ਉਸ ਨੇ ਗੱਲਾਂ ਦਾ ਗੁਬਾਰ ਸਾਥਣਾਂ ਨਾਲ ਕੱਢਣਾ ਅਤੇ ਫਿਰ ਮਾਨਸਿਕ ਤੌਰ ‘ਤੇ ਸੁਰਖਰੂ ਹੋ ਘਰ ਆ ਜਾਣਾ। ਢਲਦੀ ਉਮਰ ਨਾਲ ਮਾਂ ਨੇ ਖਾਣਾ ਬਹੁਤ ਘੱਟ ਕਰ ਦਿੱਤਾ ਪਰ ਖਾਂਦੀ ਥੋੜ੍ਹਾ, ਆਪਣੀ ਮਰਜੀ ਦਾ ਤੇ ਵਧੀਆ। ਵੱਡੀ ਨੂੰਹ ਯਾਨਿ ਮੇਰੀ ਪਤਨੀ ਨਾਲ ਉਸ ਦੀ ਖਾਸੀ ਬਣਦੀ ਸੀ। ਉਸ ਨੇ ਕਹਿਣਾ, ਧੀਏ ਮੈਂ ਬੈਠੀ ਤਾਂ ਰਹਿੰਦੀ ਹਾਂ, ਜ਼ਿਆਦਾ ਖਾਣਾ ਪਚੇਗਾ ਕਿਵੇਂ? ਦਰਅਸਲ ਬਜ਼ੁਰਗਾਂ ਦਾ ਆਪਣੇ ਖਾਣੇ, ਮਨ ਅਤੇ ਸਮੁੱਚ ‘ਤੇ ਕੰਟਰੋਲ ਹੁੰਦਾ ਏ। ਸੰਜਮ ਨਾਲ ਰਹਿਣ, ਜਿਉਣ ਅਤੇ ਖਾਣ ਵਾਲੇ ਬਜ਼ੁਰਗ ਹੀ ਵਡੇਰੀ ਉਮਰ ਦੇ ਰਾਜ਼ਦਾਨ ਹੁੰਦੇ ਨੇ।
ਆਪਣੀ ਪੋਤਰੀ, ਦੋਹਤੇ ਤੇ ਭਤੀਜੇ-ਭਤੀਜੀਆਂ ਦੇ ਵਿਆਹ ਦਾ ਉਸ ਨੂੰ ਬੜਾ ਚਾਅ ਹੁੰਦਾ। ਹਰ ਰਸਮ ਦੀ ਬਹੁਤ ਹੀ ਬਾਰੀਕੀ ਨਾਲ ਨਿਗਰਾਨੀ ਕਰਦੀ ਤੇ ਹਰ ਰਵਾਇਤ ਨਿਭਾਉਣ ਵਿਚ ਮੋਹਰੀ ਹੁੰਦੀ। ਉਸ ਨੇ ਆਪਣੇ ਛੋਟੇ ਭਤੀਜੇ ਨੂੰ ਅਕਸਰ ਹੀ ਕਹਿਣਾ ਕਿ ਮੇਰੇ ਜਿਉਂਦੇ-ਜੀਅ ਵਿਆਹ ਕਰਵਾ ਲੈ। ਫਰਵਰੀ 2010 ਨੂੰ ਉਸ ਦੇ ਵਿਆਹ ਵਿਚ ਅੱਧੀ ਰਾਤ ਤੱਕ ਗਿੱਧੇ ‘ਚ ਖੂੰਡੀ ਖੜਕਾਉਂਦੀ ਰਹੀ। ਵਿਆਹ ਤੋਂ ਬਾਅਦ ਕਪੂਰਥਲੇ ਆਈ ਤਾਂ ਮੈਨੂੰ ਕਹਿਣ ਲੱਗੀ ਕਿ ਮੈਂ ਪਿੰਡ ਜਾਣਾ ਏ ਅਤੇ ਭਤੀਜੇ ਦੇ ਵਿਆਹ ਦੀ ਭਾਜੀ ਵੰਡਣੀ ਏ। ਮੈਂ ਲਾਰੇ ਲਾ ਕੇ ਅਟਕਾਉਣ ਦੀ ਬੜੀ ਕੋਸ਼ਿਸ਼ ਕੀਤੀ। ਪਰ ਉਹ ਆਪਣੀ ਜਿੱਦ ‘ਤੇ ਅੜੀ ਰਹੀ ਕਿਉਂਕਿ ਉਹ ਆਪਣੇ ਸ਼ਰੀਕੇ ਵਿਚ ਭਾਜੀ ਵੰਡ ਕੇ ਵੱਡਾ ਹੋਣਾ ਚਾਹੁੰਦੀ ਸੀ। ਮੇਰੇ ਨਾਲ ਐਤਵਾਰ ਨੂੰ ਪਿੰਡ ਜਾ ਕੇ ਆਪਣੇ ਹੱਥੀਂ ਲਾਗੀ ਰਾਹੀਂ ਵਿਆਹ ਦੀ ਭਾਜੀ ਵੰਡੀ। ਤੀਜੇ ਦਿਨ ਬਿਮਾਰ ਹੋਣ ਕਾਰਨ ਫਿਰ ਸ਼ਹਿਰ ਆ ਗਈ। ਡਾਕਟਰਾਂ ਨੇ ਬਥੇਰੀ ਵਾਹ ਲਾਈ ਪਰ ਦੋ ਦਿਨ ਬਾਅਦ ਆਪਣੀ ਪਲੇਠੀ ਨੂੰਹ ਅਤੇ ਗੱਭਲੇ ਪੁੱਤ ਦੇ ਹੱਥਾਂ ਵਿਚ ਸਦੀਵੀ ਵਿਛੋੜਾ ਦੇ ਗਈ। ਸ਼ਾਇਦ ਆਪਣੇ ਭਤੀਜੇ ਦਾ ਵਿਆਹ ਕਰਕੇ ਹੀ ਮਾਂ ਮੌਤ ਨੂੰ ਅਟਕਾਈ ਬੈਠੀ ਸੀ। ਮਾਂ ਦੀ ਮੌਤ ਸਮੁੱਚੇ ਪਰਿਵਾਰ ਨੂੰ ਅਸੀਸ-ਰੂਪੀ ਛਤਰੀ ਤੋਂ ਸਦਾ ਲਈ ਮਹਿਰੂਮ ਕਰ ਗਈ ਜੋ ਹਰ ਬਲਾਅ ਨੂੰ ਆਪਣੇ ਪਿੰਡੇ ‘ਤੇ ਲੈ ਲੈਂਦੀ ਸੀ।
ਮੇਰੀ ਪੜ੍ਹਾਈ/ਨੌਕਰੀ ਦਾ ਚਾਅ ਤਾਂ ਮਾਂ ਨੇ ਰੱਜ ਕੇ ਕੀਤਾ ਅਤੇ ਮਾਣਿਆ। ਪਰ ਉਸ ਨੂੰ ਬਹੁਤ ਘੱਟ ਪਤਾ ਸੀ ਕਿ ਮੈਂ ਲਿਖਦਾ ਵੀ ਹਾਂ। ਫਿਰ ਜਦ ਕਦੇ ਮੇਰੀ ਕੋਈ ਲਿਖਤ ਅਖਬਾਰ ਵਿਚ ਛਪਣੀ ਜਾਂ ਕਿਤਾਬ ਛਪਣੀ ਅਤੇ ਪੋਤਰੀਆਂ ਨੇ ਦਾਦੀ ਨੂੰ ਦਿਖਾਉਣੀ ਤਾਂ ਉਸ ਦੀ ਇਕ ਹੀ ਅਸੀਸ ਹੁੰਦੀ, ਪੁੱਤ! ਰੱਬ ਤੁਹਾਨੂੰ ਭਾਗ ਲਾਵੇ, ਵੱਡੀ ਉਮਰ ਮਾਣੋ। ਅੱਖਰਾਂ ਤੋਂ ਕੋਰੀ ਮਾਂ ਨੂੰ ਇਹ ਬਿਲਕੁਲ ਨਹੀਂ ਸੀ ਪਤਾ ਮੈਂ ਕੀ ਲਿਖਦਾ ਹਾਂ? ਉਸ ਲਈ ਅੱਖਰਾਂ ਦੇ ਕੋਈ ਅਰਥ ਨਹੀਂ ਸਨ। ਉਸ ਲਈ ਇੰਨਾ ਹੀ ਬਹੁਤ ਸੀ ਕਿ ਪੁੱਤ ਨੇ ਕੁਝ ਚੰਗਾ ਹੀ ਲਿਖਿਆ ਹੋਊ ਜਿਸ ਕਰਕੇ ਉਸ ਦਾ ਲਿਖਿਆ ਛਪਿਆ ਏ।
ਹੁਣ ਜਦ ਸ਼੍ਰੋਮਣੀ ਪੁਰਸਕਾਰ ਦਾ ਐਲਾਨ ਹੋਇਆ ਤਾਂ ਮਾਂ ਇਕ ਦਮ ਮੁੜ ਯਾਦ ਆਈ ਅਤੇ ਚਿੱਤ ਕੀਤਾ ਇਹ ਪੁਰਸਕਾਰ ਉਸ ਮਾਂ ਨੂੰ ਭੇਟ ਕਰਾਂ ਜੋ ਅੱਖਰ-ਗਿਆਨ ਤੋਂ ਕੋਰੀ ਸੀ ਪਰ ਜੀਵਨ-ਗਿਆਨ ਨਾਲ ਭਰਪੂਰ ਸੀ। ਉਸ ਨੂੰ ਸ਼ਾਇਦ ਪੁਰਸਕਾਰ ਦਾ ਇੰਨਾ ਚਾਅ ਨਾ ਹੁੰਦਾ ਜਿੰਨਾ ਇਹ ਚਾਅ ਕਿ ਇਹ ਪੁਰਸਕਾਰ ਲੈਣ ਲਈ ਮੇਰਾ ਪੁੱਤ ਜਲਦੀ ਹੀ ਫਿਰ ਵਾਪਸ ਪਿੰਡ ਆਵੇਗਾ ਅਤੇ ਮੇਰੇ ਦਿਲ ਨੂੰ ਠੰਢ ਪਾਵੇਗਾ। ਜਿਵੇਂ ਕਿ ਇਹ ਪੁਰਸਕਾਰ ਮਿਲਣ ਬਾਰੇ ਜਦ ਮੈਂ ਆਪਣੇ ਬਾਪ ਨੂੰ ਫੋਨ ਕੀਤਾ ਤਾਂ ਉਸ ਨੇ ਕਿਹਾ ਕਿ ਚੱਲੋ ਬਹੁਤ ਚੰਗਾ ਹੋਇਆ। ਹੁਣ ਦੱਸ ਬਈ, ਇਨਾਮ ਲੈਣ ਤੂੰ ਕਦੋਂ ਅਮਰੀਕਾ ਤੋਂ ਪਿੰਡ ਆ ਰਿਹਾ ਏਂ? ਅਸਲ ਵਿਚ ਉਸ ਨੂੰ ਪੁਰਸਕਾਰ ਮਿਲਣ ਨਾਲੋਂ ਪੁੱਤ ਦਾ ਮਿਲਣਾ ਵੱਡਾ ਪੁਰਸਕਾਰ ਜਾਪਦਾ ਏ ਅਤੇ ਮੇਰੇ ਆਉਣ ਦੀ ਜ਼ਿਆਦਾ ਖੁਸ਼ੀ ਸੀ। ਮਾਪੇ ਹੀ ਆਪਣੇ ਬੱਚਿਆਂ ਨੂੰ ਮਿਲਣ ਲਈ ਤਾਂਘਦੇ ਨੇ। ਮਾਂ ਦੇ ਤੁਰ ਜਾਣ ਨਾਲ ਮਮਤਾਈ ਤਾਂਘ ਤਾਂ ਦਮ ਤੋੜ ਚੁਕੀ ਏ ਪਰ ਬਾਪ ਦਾ ਬਾਬੇ-ਬਿਰਖ ਜੇਡ ਆਸਰਾ, ਮੇਰੇ ਪਿੰਡ ਜਾਣ ਦਾ ਇਕ ਬਹੁਤ ਵਧੀਆ ਸਬੱਬ ਏ। ਰੱਬ ਕਰੇ! ਅਜਿਹਾ ਮਾਣਮੱਤਾ ਸਬੱਬ ਹਰੇਕ ਲਈ ਬਣਿਆ ਹੀ ਰਹੇ।
ਅਮਰੀਕਾ ਦੀ ਕਲੀਵਲੈਂਡ ਸਟੇਟ ਯੂਨੀਵਰਸਿਟੀ ਵਿਚ ਜਦ ਮੈਂ ਪਹਿਲੇ ਦਿਨ ਕਲਾਸ ਰੂਮ ਵਿਚ ਗਿਆ ਤਾਂ ਮੇਰੀਆਂ ਅੱਖਾਂ ਨਮ ਹੋ ਗਈਆਂ। ਇਹ ਨਮੀ ਖੁਸ਼ੀ ਅਤੇ ਸ਼ੁਕਰਗੁਜਾਰੀ ਵਿਚੋਂ ਉਪਜੀ ਸੀ ਕਿ ਸਦਾ ਲਈ ਤੁਰ ਗਈ ਮਾਂ ਦੀਆਂ ਅਸੀਸਾਂ ਹੀ ਇਹ ਰੰਗ ਲਿਆਈਆਂ ਨੇ ਕਿ ਉਸ ਦਾ ਪੁੱਤ ਅਮਰੀਕਾ ਆ ਕੇ ਪ੍ਰੋਫੈਸਰ ਹੈ। ਕੈਨੇਡਾ ਪਰਵਾਸ ਕਰਨ ਸਮੇਂ ਮਾਂ ਨੂੰ ਝੋਰਾ ਸੀ ਕਿ ਕੀ ਉਸ ਦਾ ਪ੍ਰੋਫੈਸਰ ਪੁੱਤ ਹੁਣ ਕੈਨੇਡਾ ਜਾ ਕੇ ਦਿਹਾੜੀਆਂ ਕਰੇਗਾ? ਦਰਅਸਲ ਅਸੀਂ ਜੋ ਕੁਝ ਵੀ ਹਾਂ, ਆਪਣੇ ਬਜ਼ੁਰਗਾਂ ਸਦਕਾ ਹੀ ਹਾਂ। ਉਨ੍ਹਾਂ ਦੀ ਅਸੀਸ ਅਤੇ ਸ਼ੁਭ-ਕਾਮਨਾ ਸਾਡੇ ਜੀਵਨ ਵਿਚ ਰੰਗ ਭਰ ਨਵੀਆਂ ਪ੍ਰਾਪਤੀਆਂ ਦਾ ਆਧਾਰ ਬਣਦੀ ਹੈ। ਨਤਮਸਤਕ ਹਾਂ ਪਿੰਡ ਦੀ ਮਿੱਟੀ, ਖੇਤਾਂ ਦੀ ਖੁਸ਼ਬੂ, ਕੱਚੇ ਘਰ ਅਤੇ ਉਸ ਢਾਰੇ ਨੂੰ ਜਿਸ ਦਾ ਚੇਤਾ ਮੈਨੂੰ ਮੇਰੇ ਅਤੀਤ ਨਾਲ ਜੋੜ, ਮੇਰੀ ਔਕਾਤ ਦਿਖਾਉਂਦਾ ਹੈ। ਅੰਬਰ ਵੰਨੀਂ ਦੇਖਦਿਆਂ ਪੈਰ ਧਰਤੀ ‘ਤੇ ਹੀ ਰਹਿਣ ਤਾਂ ਚੰਗਾ ਹੁੰਦਾ ਹੈ।
ਪਰਦੇਸ ਰਹਿੰਦਾ ਹਾਂ। ਮੇਰੇ ਲਈ ਮਾਂ ਤੋਂ ਬਗੈਰ ਪਿੰਡ ਪਰਤਣਾ ਵੀ ਡਾਢਾ ਔਖਾ ਲੱਗਦਾ ਏ ਕਿਉਂਕਿ ਮਨ ਦੀ ਹੂਕ ਦਾ ਕੀ ਕਰਾਂ ਜੋ ਪਿੰਡ ਪਰਤਣ ‘ਤੇ ਲੇਰ ਬਣ ਜਾਂਦੀ ਏ:
ਮਾਂ
ਚਿਰਾਂ ਬਾਅਦ
ਪਰਦੇਸ ਤੋਂ ਘਰ ਆਇਆ ਹਾਂ

ਬੜਾ ਚਿਰ ਉਡੀਕਦਾ ਰਿਹਾਂ ਤੇਰੇ ਬੋਲਾਂ ਨੂੰ
ਕਿ ਤੂੰ ਕਹੇਂਗੀ
“…ਪੁੱਤ ਕਦੋਂ ਆਵੇਂਗਾ?”
ਮਾਂ
ਮੈਂ ਕਿੰਨਾ ਨਾਦਾਨ ਸਾਂ?
ਭਲਾ!
ਸਦਾ ਲਈ ਦੂਰ ਤੁਰ ਗਈਆਂ ਮਾਂਵਾਂ ਵੀ
ਕਦੇ ਆਪਣੇ ਪੁੱਤਾਂ ਨੂੰ ਕਹਿੰਦੀਆਂ ਨੇ
ਕਿ ਵੇ ਪੁੱਤ ਕਦੋਂ ਆਵੇਂਗਾ?

ਹੁਣ
ਮੈਂ ਆਪ ਹੀ ਉਡੀਕ ਉਡੀਕ ਕੇ
ਤੇਰੀ ਯਾਦ ਨੂੰ ਸਿਜਦਾ ਕਰਨ
ਘਰ ਪਰਤ ਰਿਹਾ ਹਾਂ।

ਮਾਂ
ਘਰ ਦੀਆਂ ਬਰੂਹਾਂ ‘ਤੇ ਤੇਰੀ ਅਣਹੋਂਦ
ਮੇਰੇ ਮਸਤਕ ‘ਤੇ
ਬਹੁਤ ਪ੍ਰਸ਼ਨ ਖੁਣ ਗਈ ਏ
ਜਿਨ੍ਹਾਂ ਦਾ ਮੇਰੇ ਕੋਲ ਕੋਈ ਜਵਾਬ ਨਹੀਂ ਹੈ।

ਮਾਂ
ਮੈਂ ਬੜੀ ਦੇਰ ਬਾਅਦ ਘਰ ਪਰਤਿਆ ਹਾਂ।
ਮਾਂ ਦੀ ਮੌਤ ਤੋਂ ਕੁਝ ਸਾਲ ਬਾਅਦ ਜਦੋਂ ਮੈਂ ਪਰਿਵਾਰ ਸਮੇਤ ਪਿੰਡ ਗਿਆ ਤਾਂ ਮੇਰੀਆਂ ਧੀਆਂ ਨੇ ਆਪਣੀ ਦਾਦੀ ਦੀ ਅਣਹੋਂਦ ਨੂੰ ਪੂਰਾ ਕਰਨ ਲਈ ਉਸ ਦੀਆਂ ਕੁਝ ਨਿਸ਼ਾਨੀਆਂ ਆਪਣੇ ਨਾਲ ਹੀ ਅਮਰੀਕਾ ਲਿਜਾਣ ਦਾ ਅਹਿਦ ਕੀਤਾ। ਇਸ ਮੌਕੇ ਮੇਰਾ ਸੰਵੇਦਨਸ਼ੀਲ ਮਨ ਹਰਫਾਂ ਵਿਚ ਉਲਥਾਇਆ ਗਿਆ:
ਮਾਂ
ਅਸੀਂ ਪਰਦੇਸ ਤੋਂ ਆਪਣੇ ਘਰ ਆਏ ਸਾਂ
ਬੰਦ-ਦਰਵਾਜ਼ੇ ਅਤੇ ਸੁੰਨ-ਸਰਦਲ ਕੋਲੋਂ
ਤੇਰਾ ਸੁੱਖ ਸੁਨੇਹਾ ਪੁੱਛਿਆ
ਪਰ ਉਨ੍ਹਾਂ ਦੀ ਸੰਘਣੀ ਚੁੱਪ
‘ਤੁਰ ਗਏ ਕਦੇ ਪਰਤ ਕੇ ਨਹੀਂ ਆਉਂਦੇ’ ਦਾ ਸੁਨੇਹਾ
ਮਨ-ਮਸਤਕ ‘ਤੇ ਧਰ ਗਈ।

ਮਾਂ
ਤੂੰ ਤਾਂ ਆਪਣੀਆਂ ਪੋਤੀਆਂ ਦਾ
ਬੜਾ ਫਿਕਰ ਕਰਦੀ ਸੈਂ
ਅਤੇ ਕਦੇ ਕਦਾਈਂ ਝੂਰਦੀ ਵੀ ਸੈਂ
ਪਰ, ਜਦ ਤੇਰੀਆਂ ਡਾਕਟਰ ਪੋਤੀਆਂ
ਝੁਰੜੀਆਂ ਭਰੇ ਹੱਥਾਂ ਦੀ ਅਸੀਸ ਲੈਣ ਆਈਆਂ
ਤਾਂ ਤੇਰਾ ਬਰਾਂਡੇ ‘ਚ ਡੱਠਾ ਖਾਲੀ ਮੰਜਾ
ਘਰ ‘ਚ ਸੱਖਣਤਾ ਭਰ ਰਿਹਾ ਸੀ
ਤੇਰੀ ਡੰਗੋਰੀ ਦਾ ਚੁੱਪ-ਚਾਪ
ਕਮਰੇ ਦੀ ਨੁੱਕਰੇ ਛੁਪ ਜਾਣਾ
ਪਸਰੀ ਵੇਦਨਾ ਨੂੰ ਬੋਲ ਦੇਣ ਤੋਂ ਅਸਮਰਥ ਸੀ
ਪਿੱਤਲ ਦੇ ਕੋਕਿਆਂ ਵਾਲਾ ਤੇਰਾ ਸੰਦੂਕ
ਬਜ਼ੁਰਗੀ ਹੱਥਾਂ ਦੀ ਛੋਹ ਨੂੰ ਤਰਸ ਰਿਹਾ ਸੀ
ਅਤੇ ਇਸ ਵਿਚ ਸੰਭਾਲੇ ਦਰੀਆਂ ਤੇ ਖੇਸਾਂ ਦੇ
ਘੁੱਗੀਆਂ ਅਤੇ ਮੋਰਾਂ ਦੀ ਗੁਟਕਣੀ ਖਾਮੋਸ਼ ਸੀ
ਸੰਦੂਕ ‘ਤੇ ਪਏ ਕਾਲੇ ਟਾਹਲੀ ਦੇ ਚਰਖੇ ਦੀ
ਟੁੱਟੀ ਮਾਲ੍ਹ, ਹਿੱਲਦੀ ਗੁੱਝ ਅਤੇ ਵਿੰਗਾ ਤੱਕਲਾ
ਤੇਰੀ ਅਣਹੋਂਦ ਦੀ ਗਵਾਹੀ ਭਰਦੇ ਨੇ
ਜਿਨ੍ਹਾਂ ਦਾ ਤੂੰ ਕਦੇ ਵਸਾਹ ਨਹੀਂ ਸੈਂ ਕਰਦੀ।

ਮਾਂ
ਤੇਰੀਆਂ ਪੋਤੀਆਂ ਨੇ
ਤੇਰੇ ਹੱਥਾਂ ਦੀਆਂ ਬੁਣੀਆਂ
ਫੁਲਕਾਰੀਆਂ, ਦਰੀਆਂ ਤੇ ਖੇਸ
ਚਿੜੀਆਂ ਵਾਲੀਆਂ ਪੱਖੀਆਂ
ਅਤੇ ਉਨ ਦੀ ਕਢਾਈ ਵਾਲੇ ਰੁਮਾਲਾਂ ਨੂੰ
ਪਰਦੇਸ ਲਿਜਾਣ ਲਈ ਅਟੈਚੀ ‘ਚ ਪਾ ਲਿਆ ਏ
ਤਾਂ ਕਿ ਦਾਦੀ ਦੀਆਂ ਯਾਦਾਂ ਦੀ ਨਿੱਘੀ ਅਸੀਸ
ਉਨ੍ਹਾਂ ਦੇ ਸਿਰਾਂ ‘ਤੇ ਸੁਖਨ ਦੀ ਵਰਖਾ ਕਰਦੀ ਰਹੇ।

ਮਾਂ
ਆਪਣੇ ਘਰ ਆਈਆਂ ਤੇਰੀਆਂ ਲਾਡਲੀਆਂ ਪੋਤੀਆਂ
ਕਦੇ ਤੇਰਾ ਚੇਤਾ ਕਰਕੇ ਬਹੁਤ ਉਦਾਸ ਹੋ ਜਾਂਦੀਆਂ ਨੇ
ਅਤੇ ਕਦੇ ਤੇਰੀਆਂ ਗੱਲਾਂ ਯਾਦ ਕਰਕੇ
ਬੀਤੇ ਪਲਾਂ ਨੂੰ ਮੋੜ ਲਿਆਉਂਦੀਆਂ ਨੇ।

ਮਾਂ
ਤੇਰੇ ਦੁਆਵਾਂ ਦੇ ਦੁਆਰ
ਮੰਨਤਾਂ ਦੇ ਵਿਹੜੇ
ਅਤੇ ਅਸੀਸਾਂ ਦੀ ਨਗਰੀ ਸਾਹਵੇਂ
ਨਤਮਸਤਕ ਹੁੰਦਿਆਂ
ਅਰਦਾਸ ਕਰਦਾ ਹਾਂ
ਕਿ ਪਰਦੇਸ ਵੱਸਦਿਆਂ ਨੂੰ
ਸਦਾ ਸੁਖਨ ਬਖਸ਼ਦੀ ਰਹੀਂ।

ਅੱਛਾ! ਮਾਂ
ਅਸੀਂ ਹੁਣ ਫਿਰ ਬੇਵਤਨੇ ਹੋ ਚੱਲੇ ਹਾਂ
ਵਕਤ ਮਿਲਿਆ ਤਾਂ
ਤੇਰੀ ਜੂਹ ਦੀ ਧੂੜ
ਮੱਥੇ ਨੂੰ ਛੁਹਾਉਣ ਲਈ
ਜਰੂਰ ਪਰਤਾਂਗੇ
ਜਰੂਰ ਪਰਤਾਂਗੇ…।
ਸਦਾ ਲਈ ਤੁਰ ਗਈਆਂ ਮਾਂਵਾਂ ਨੂੰ ਹਰਫਾਂ ਦੀ ਅਕੀਦਤ ਤੋਂ ਵੱਡੀ ਭਲਾ ਹੋਰ ਕੀ ਅਰਪਣ ਕੀਤਾ ਜਾ ਸਕਦਾ ਏ?