ਜ਼ੈਨਬ ਨੂੰ ਇਨਸਾਫ ਮਿਲੇ

ਗੁਰਨਾਮ ਕੌਰ, ਕੈਨੇਡਾ
ਕਸੂਰ ਸਰਹੱਦ ਪਾਰਲੇ ਪੰਜਾਬ ਦਾ ਮਹਾਨ ਸੂਫੀ ਅਤੇ ਪੰਜਾਬੀ ਦੇ ਅਜ਼ੀਮ ਸ਼ਾਇਰ ਬੁਲ੍ਹੇ ਸ਼ਾਹ ਦਾ ਸ਼ਹਿਰ ਹੈ ਜਿੱਥੇ ਉਸ ਦਾ ਮਜ਼ਾਰ ਹੈ ਅਤੇ ਹੋਰ ਸੂਫੀ ਸੰਤਾਂ ਦੇ ਮਜ਼ਾਰ ਵੀ ਇੱਥੇ ਨੇ ਜਿਨ੍ਹਾਂ ਨੂੰ ਸਜ਼ਦਾ ਕਰਨ ਲੱਖਾਂ ਪ੍ਰੇਮੀ ਆਉਂਦੇ ਹਨ ਤੇ ਆਪਣਾ ਧੰਨ ਭਾਗ ਸਮਝਦੇ ਹਨ| ਪਿਛਲੇ ਕੁਝ ਦਿਨਾਂ ਵਿਚ ਸੰਸਾਰ ਭਰ ਦੇ ਲੋਕਾਂ ਨੇ ਇਸੇ ਕਸੂਰ ਸ਼ਹਿਰ ਨੂੰ ਗੁੱਸੇ ਨਾਲ ਉਬਲਦਿਆਂ ਦੇਖਿਆ ਹੈ ਜਦੋਂ ਸ਼ਹਿਰ ਦਾ ਹਰ ਸ਼ਖਸ ਸੜਕਾਂ ‘ਤੇ ਨਿਕਲ ਆਇਆ ਅਤੇ ਪੁਲਿਸ ਦੀਆਂ ਗੋਲੀਆਂ ਦੀ ਪਰਵਾਹ ਕੀਤੇ ਬਿਨਾ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ|

ਪੁਲਿਸ ਦੀਆਂ ਗੋਲੀਆਂ ਨਾਲ ਦੋ ਜਾਨਾਂ ਜਾਂਦੀਆਂ ਲੱਗੀਆਂ ਅਤੇ ਕਈ ਜ਼ਖਮੀ ਹੋ ਗਏ| ਇਸ ਗੁੱਸੇ ਦੀ ਜੋ ਵਜ੍ਹਾ ਸੀ, ਉਸ ਨੇ ਦੁਨੀਆਂ ਦੇ ਵੱਖ ਵੱਖ ਕੋਨਿਆਂ ਵਿਚ ਬੈਠੇ ਮਨੁੱਖਾਂ ਨੂੰ ਸੋਚਾਂ ਵਿਚ ਪਾ ਦਿੱਤਾ ਕਿ ਅਤਿਵਾਦ ਤੋਂ ਬਿਨਾ ਇੱਕ ਹੋਰ ਭੈ ਵੀ ਹੈ, ਜਿਸ ਨੇ ਕਸੂਰ ਦੇ ਲੋਕਾਂ ਦੀ ਨੀਂਦ ਹਰਾਮ ਕੀਤੀ ਹੋਈ ਹੈ। ਇਸ ਨੇ ਹਰ ਸਿਆਣੇ ਮਨੁੱਖ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ ਕਿ ‘ਖੁਦਾ’ ਦੀ ਰਚੀ ਇਸ ਧਰਤੀ ‘ਤੇ ਬੱਚਿਆਂ ਲਈ ਕਿਹੜੀ ਮਹਿਫੂਜ਼ ਥਾਂ ਹੈ, ਆਖਰ!
ਕਸੂਰ ਇਨ੍ਹੀਂ ਦਿਨੀਂ ਇੰਤਹਾ ਗੁੱਸੇ ਵਿਚ ਹੈ। ਕਸੂਰ ਕੀ, ਪਾਕਿਸਤਾਨ ਵਿਚ ਆਮ ਅਤੇ ਦਾਨਿਸ਼ਮੰਦ ਲੋਕ ਸੋਚੀਂ ਪਏ ਤੇ ਫਿਕਰਮੰਦ ਦਿਖਾਈ ਦੇ ਰਹੇ ਹਨ ਕਿ ਆਖਰ ਛੋਟੇ ਬੱਚਿਆਂ ਦਾ ਕੀ ਗੁਨਾਹ ਹੈ, ਜੋ ਉਨ੍ਹਾਂ ਨੂੰ ਇਸ ਤਰ੍ਹਾਂ ਦਰਿੰਦਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ? ਕਸੂਰ ਵਿਚ ਇਹ ਪਹਿਲਾ ਵਾਕਿਆ ਨਹੀਂ ਹੈ ਬਲਕਿ ਪਹਿਲਾਂ ਵੀ ਬਹੁਤ ਥੋੜ੍ਹੇ ਸਮੇਂ ਵਿਚ ਹੀ ਅਜਿਹੀ ਦਰਿੰਦਗੀ ਦੇ 10-11 ਵਾਕਿਆ ਹੋ ਚੁਕੇ ਹਨ ਜਿਸ ਕਰਕੇ ਲੋਕ ਖੌਫਜ਼ਦਾ ਹਨ|
‘ਉਮਰਾਹ’ ਮੱਕੇ ਦੀ ਅਜਿਹੀ ਜ਼ਿਆਰਤ ਹੈ ਜਿਸ ਲਈ ਉਸ ਤਰ੍ਹਾਂ ਕੋਈ ਸਮਾਂ ਜਾਂ ਤਰੀਕ ਮੁਕੱਰਰ ਨਹੀਂ ਹੈ, ਜਿਸ ਤਰ੍ਹਾਂ ‘ਹੱਜ’ ਕਰਨ ਲਈ ਮੱਕੇ ਦੀ ਯਾਤਰਾ ਤੇ ਸਿਰਫ ਮੁਕੱਰਰ ਕੀਤੇ ਸਮੇਂ ਅਤੇ ਤਰੀਕਾਂ ‘ਤੇ ਹੀ ਜਾਇਆ ਜਾ ਸਕਦਾ ਹੈ| ਇਸ ਲਈ ਆਮ ਮੁਸਲਮਾਨ ਨੂੰ ‘ਉਮਰਾਹ’ ‘ਤੇ ਜਾਣਾ ਸੌਖਾ ਲਗਦਾ ਹੈ ਕਿਉਂਕਿ ਉਹ ਆਪਣੀ ਸਹੂਲਤ ਮੁਤਾਬਕ ਕਦੇ ਵੀ ਸਾਊਦੀ ਅਰਬ ਵਿਚ ਮੱਕੇ ਦੀ ਯਤਰਾ ਕਰਨ ਜਾ ਸਕਦਾ ਹੈ| ਇਸੇ ਲਈ ਨੰਨ੍ਹੀ ਜਿਹੀ, ਪਿਆਰੀ ਜਿਹੀ ਗੁਲਾਬੀ ਕੱਪੜਿਆਂ ਵਾਲੀ ਕੁੜੀ ਜ਼ੈਨਬ ਦੇ ਮਾਪਿਆਂ ਨੂੰ ਲੱਗਿਆ ਕਿ ਉਹ ‘ਉਮਰਾਹ’ ‘ਤੇ ਜਾ ਕੇ ਸਵਾਬ ਖੱਟ ਲੈਣ ਪਰ ਉਨ੍ਹਾਂ ਦੇ ਚਿੱਤ-ਚੇਤੇ ਵੀ ਨਹੀਂ ਸੀ ਕਿ ਇਸੇ ਯਾਤਰਾ ਸਮੇਂ ਉਨ੍ਹਾਂ ਦੀ ਗੈਰ-ਮੌਜੂਦਗੀ ਵਿਚ ਉਨ੍ਹਾਂ ਦਾ ਆਪਣਾ ਘਰ ਜਹੰਨਮ ਬਣ ਜਾਵੇਗਾ|
ਜ਼ੈਨਬ ਅਨਸਾਰੀ ਅਜੇ ਸੱਤ ਵਰ੍ਹਿਆਂ ਦੀ ਵੀ ਨਹੀਂ ਸੀ ਹੋਈ ਅਤੇ ਉਹ ਆਪਣੇ ਅੱਠ ਭੈਣ-ਭਰਾਵਾਂ ਵਿਚੋਂ ਸਭ ਤੋਂ ਛੋਟੀ ਸੀ| ਖਬਰਾਂ ਅਨੁਸਾਰ ਜ਼ੈਨਬ ਦਾ ਪਰਿਵਾਰ ਇੱਕ ਸਾਂਝਾ ਪਰਿਵਾਰ ਹੈ ਜਿਸ ਵਿਚ ਉਸ ਦੇ ਦੋ ਚਾਚਿਆਂ ਦੇ ਪਰਿਵਾਰ ਵੀ ਸ਼ਾਮਲ ਹਨ| ਸ਼ਾਇਦ ਇਸੇ ਲਈ ਬੇਫਿਕਰ ਹੋ ਕੇ ਉਸ ਦੀ ਅੰਮਾ ਤੇ ਅੱਬਾ ਸਾਊਦੀ ਅਰਬ ਵਿਚ ‘ਉਮਰਾਹ’ ‘ਤੇ ਚਲੇ ਗਏ| ਕਸੂਰ ਦੇ ਜਿਸ ਖੇਤਰ ਵਿਚ ਉਸ ਦਾ ਘਰ ਹੈ, ਉਸੇ ਖੇਤਰ ਵਿਚ ਉਸ ਦੇ ਹੋਰ ਕਈ ਰਿਸ਼ਤੇਦਾਰ ਜਿਵੇਂ ਫੂਫੋ (ਭੂਆ) ਅਤੇ ਖਾਲਾ (ਮਾਸੀ) ਵੀ ਰਹਿੰਦੇ ਹਨ| ਉਹ ਹਰ ਰੋਜ਼ ਆਪਣੇ ਤੋਂ ਸਾਲ ਕੁ ਵੱਡੇ ਚਚੇਰੇ ਭਰਾ ਨਾਲ ਆਪਣੀ ਮਾਸੀ ਦੇ ਘਰ ‘ਕੁਰਾਨ’ ਦੀ ਪੜ੍ਹਾਈ ਕਰਨ ਜਾਂਦੀ ਸੀ ਤੇ ਮਾਸੀ ਦਾ ਘਰ ਉਸ ਦੇ ਘਰ ਤੋਂ ਮਹਿਜ਼ ਪੰਜ ਮਿੰਟ ਦਾ ਰਾਹ ਹੈ| ਉਹ ਆਪਣੇ ਭਰਾ ਤੋਂ ਦੌੜਦੀ ਦੌੜਦੀ ਅੱਗੇ ਚਲੀ ਗਈ ਪਰ ਪੰਜ ਮਿੰਟ ਦੇ ਰਾਹ ਵਿਚ ਹੀ ਉਹ ਕਿਧਰੇ ਗੁੰਮ ਹੋ ਗਈ ਕਿਉਂਕਿ ‘ਖਾਲਾ’ ਦੇ ਘਰ ਕੁਰਾਨ ਦਾ ਸਬਕ ਲੈਣ ਲਈ ਤਾਂ ਉਹ ਪਹੁੰਚੀ ਹੀ ਨਹੀਂ|
ਪਰਿਵਾਰ ਨੇ ਇਹੀ ਸੋਚਿਆ ਕਿ ਸ਼ਾਇਦ ਉਹ ਥੋੜ੍ਹੇ ਜਿਹੇ ਫਾਸਲੇ ‘ਤੇ ਰਹਿੰਦੀ ਆਪਣੀ ਭੂਆ ਦੇ ਘਰ ਚਲੀ ਗਈ ਹੈ| ਇਹ ਵਾਕਿਆ ਸ਼ਾਮ ਦੇ ਛੇ ਕੁ ਵਜੇ ਦਾ ਹੈ| ਪਰ ਜਦੋਂ ਉਹ ਰਾਤ ਦੇ ਖਾਣੇ ਲਈ ਵੀ ਨਾ ਪਹੁੰਚੀ ਤਾਂ ਪਰਿਵਾਰ ਨੂੰ ਫਿਕਰ ਪੈ ਗਿਆ ਅਤੇ ਉਸ ਦੀ ਤਲਾਸ਼ ਸ਼ੁਰੂ ਹੋ ਗਈ| ਜਦੋਂ ਉਹ ਕਿਧਰੇ ਵੀ ਨਹੀਂ ਮਿਲੀ ਤਾਂ ਪੁਲਿਸ ਨੂੰ ਉਸ ਦੇ ਗੁੰਮ ਹੋਣ ਦੀ ਇਤਲਾਹ ਦਰਜ਼ ਕਰਾ ਦਿੱਤੀ ਗਈ ਪਰ ਪੁਲਿਸ ਉਸ ਨੂੰ ਜਾਂ ਉਸ ਦੇ ਅਗਵਾਕਾਰ ਨੂੰ ਲੱਭ ਨਾ ਸਕੀ| ਇਸ ਲਈ ਕਸੂਰ ਤੇ ਪਾਕਿਸਤਾਨ ਦੇ ਸਾਰੇ ਵੱਡੇ ਸ਼ਹਿਰਾਂ ਵਿਚ ਲੋਕ-ਰੋਹ ਭੜਕ ਉਠਿਆ ਅਤੇ ਲੋਕ ਸੜਕਾਂ ‘ਤੇ ਆ ਗਏ| ਵਜ੍ਹਾ ਇਹ ਵੀ ਸੀ ਕਿ ਕਸੂਰ ਵਿਚ ਬੜੇ ਥੋੜੇ ਅਰਸੇ ਵਿਚ ਛੋਟੀ ਉਮਰ ਦੇ ਬੱਚਿਆਂ ਨਾਲ ਇਸ ਕਿਸਮ ਦੇ ਪਹਿਲਾਂ ਵੀ ਵਾਪਰ ਚੁੱਕੇ ਹਾਦਸਿਆਂ ਵਿਚ ਪਾਕਿਸਤਾਨੀ ਪੰਜਾਬ ਦੀ ਪੁਲਿਸ ਨੇ ਕਿਸੇ ਇੱਕ ਵੀ ਹਾਦਸੇ ਵਿਚ ਅਗਵਾਕਾਰ ਨੂੰ ਫੜ੍ਹਨ ਜਾਂ ਸਜ਼ਾ ਦੁਆਉਣ ਜਿਹੀ ਫੁਰਤੀ ਨਹੀਂ ਦਿਖਾਈ| ਬਲਕਿ ਇਹ ਵੀ ਸੁਣਨ ਵਿਚ ਆਇਆ ਹੈ ਕਿ ਪੰਜਾਬ ਦੇ ਕਾਨੂੰਨ ਮੰਤਰੀ ਨੇ ਬਿਆਨ ਦਿੱਤਾ ਹੈ ਕਿ ਬੱਚਿਆਂ ਦੇ ਬਚਾਉ ਦੀ ਜਿੰ.ਮੇਦਾਰੀ ਮਾਪਿਆਂ ਦੀ ਹੁੰਦੀ ਹੈ|
ਪੰਜਾਬ ਪੁਲਿਸ ਤਾਂ ਏਨੀ ਕੁ ਫੁਰਤੀਲੀ ਹੈ ਕਿ ਸੀ. ਸੀ. ਟੀ. ਵੀ. ਫੁਟੇਜ਼ ਵੀ ਉਸ ਨੂੰ ਜ਼ੈਨਬ ਦੇ ਰਿਸ਼ਤੇਦਾਰਾਂ ਨੇ ਮੁਹੱਈਆ ਕੀਤੀ ਹੈ, ਤੇ ਪੁਲਿਸ ਕਹਿ ਰਹੀ ਹੈ ਕਿ ਉਹ ਕੰਮ ਕਰ ਰਹੀ ਹੈ| ਪਾਕਿਸਤਾਨੀ ਟੀ. ਵੀ. ਚੈਨਲਾਂ ‘ਤੇ ਨਸ਼ਰ ਹੋਈਆਂ ਖਬਰਾਂ ਵਿਚ ਜ਼ੈਨਬ ਦਾ ਭਰਾ ਦੱਸ ਰਿਹਾ ਸੀ ਕਿ ਉਨ੍ਹਾਂ ਨੇ ਆਸ-ਪਾਸ ਦਾ ਚੱਪਾ ਚੱਪਾ ਛਾਣ ਮਾਰਿਆ, ਉਨ੍ਹਾਂ ਨੂੰ ਜੈ.ਨਬ ਦੀ ਲਾਸ਼ ਜਾਂ ਕੁਝ ਵੀ ਅਜਿਹਾ ਨਹੀਂ ਮਿਲਿਆ| ਫਿਰ ਪੁਲਿਸ ਦੀ ਮਿਲੀਭੁਗਤ ਤੋਂ ਬਿਨਾ ਇਹ ਕਿਵੇਂ ਹੋ ਸਕਦਾ ਹੈ ਕਿ ਕੁਝ ਹੀ ਸਮੇਂ ਪਿੱਛੋਂ ਜ਼ੈਨਬ ਦੇ ਘਰ ਦੇ ਬਿਲਕੁਲ ਨੇੜੇ ਕੰਮ ਕਰਦੇ ਮਜ਼ਦੂਰਾਂ ਨੂੰ ਕੂੜੇ ਦੇ ਢੇਰ ਉਤੇ ਜ਼ੈਨਬ ਦੀ ਲਾਸ਼ ਪਈ ਨਜ਼ਰ ਆਈ| ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਸਵਾਲ ਹਨ ਜੋ ਲੋਕਾਂ ਦੇ ਹਲਕ ਤੋਂ ਹੇਠਾਂ ਨਹੀਂ ਉਤਰ ਰਹੇ|
ਜ਼ੈਨਬ ਨਾਲ ਜ਼ਬਰ ਜਨਾਹ ਤੋਂ ਬਾਅਦ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ| ਉਸ ਦੇ ਸਰੀਰ ‘ਤੇ ਸਿਰਫ ਜ਼ਖਮਾਂ ਦੇ ਨਿਸ਼ਾਨ ਹੀ ਨਹੀਂ ਬਲਕਿ ਉਸ ਦੀਆਂ ਬਾਹਵਾਂ ਵੀ ਵੱਢੀਆਂ-ਟੁੱਕੀਆਂ ਹੋਈਆਂ ਸਨ| ਪੁਲਿਸ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਤਹਿਕੀਕਾਤ ਕਰ ਰਹੀ ਹੈ ਅਤੇ ਬਹੁਤ ਜਲਦੀ ਹੀ ਦੋਸ਼ ਆਇਦ ਕੀਤੇ ਜਾਣਗੇ| ਅਫਸਰਾਂ ਦਾ ਇਹ ਵੀ ਕਹਿਣਾ ਹੈ ਕਿ ਜ਼ੈਨਬ ਦੇ ਸਰੀਰ ਤੋਂ ਜੋ ਡੀ. ਐਨ. ਏ. ਇਕੱਠਾ ਕੀਤਾ ਗਿਆ, ਉਸ ਦੀ ਗਵਾਹੀ ਇਹ ਸੁਝਾਉਂਦੀ ਹੈ ਕਿ ਦੋਸ਼ੀ ਕੋਈ ਪਰਿਵਾਰ ਦੀ ਜਾਣ-ਪਛਾਣ ਵਾਲਾ ਹੈ|
ਜ਼ੈਨਬ ਦੇ ਅੱਬਾ ਦਾ ਕਹਿਣਾ ਹੈ ਕਿ ਜੇ ਪੁਲਿਸ ਤੁਰੰਤ ਕਾਰਵਾਈ ਕਰਦੀ ਤਾਂ ਦੋਸ਼ੀ ਫੜ੍ਹਿਆ ਜਾਣਾ ਸੀ| 12 ਜਨਵਰੀ ਨੂੰ ਕਸੂਰ ਦੇ ਲੋਕਾਂ ਨੇ ਮੁਜਾਹਰੇ ਕੀਤੇ ਕਿਉਂਕਿ ਜੈ.ਨਬ ਨਾਲ ਕੀਤੇ ਗਏ ਇਸ ਘਿਨਾਉਣੇ ਕਾਰਨਾਮੇ ਦੇ ਦੋਸ਼ੀਆਂ ਨੂੰ ਲੱਭਣ ਵਿਚ ਕਾਫੀ ਢਿੱਲ ਵਰਤੀ ਜਾ ਰਹੀ ਸੀ| ਮੁਲਕ ਦੇ ਲੋਕ ਸਦਮੇ ਵਿਚ ਹਨ ਅਤੇ ਪਾਕਿਸਤਾਨ ਦੇ ਹਰ ਵੱਡੇ ਸ਼ਹਿਰ ਵਿਚ ਇਸ ਕਾਰੇ ਦੇ ਖਿਲਾਫ ਜ਼ਬਰਦਸਤ ਮੁਜਾਹਰੇ ਕੀਤੇ ਗਏ| ਪਿਛਲੇ ਇੱਕ ਸਾਲ ਅੰਦਰ ਜੈ.ਨਬ ਕਸੂਰ ਦਾ ਅੱਠਵਾਂ ਬੱਚਾ ਹੈ ਜਿਸ ਨਾਲ ਇਸ ਕਿਸਮ ਦੀ ਦਰਿੰਗਦੀ ਹੋਈ| ਇਹ ਸਾਰੇ ਵਾਕਿਆਤ ਤਿੰਨ ਮੀਲ ਦੇ ਘੇਰੇ ਵਿਚ ਵਾਪਰੇ ਹਨ| ਇਸ ਤੋਂ ਵੀ ਪੁਲਿਸ ਦੀ ਨਾਅਹਿਲੀਅਤ ਸਾਫ ਦਿਖਾਈ ਦਿੰਦੀ ਹੈ|
ਸਾਡੇ ਦੋਵਾਂ ਮੁਲਕਾਂ ਦੀ ਇਹ ਬਦਕਿਸਮਤੀ ਹੈ ਕਿ ਪੁਲਿਸ ਨੂੰ ਲੋਕਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਦੇਣ ਅਤੇ ਉਨ੍ਹਾਂ ਦੇ ਜਾਨ-ਮਾਲ ਦੀ ਰਾਖੀ ਕਰਨ ਦੀ ਥਾਂ ਮੰਤਰੀਆਂ ਦੀ ਜੀ-ਹਜ਼ੂਰੀ ਕਰਨ ਤੇ ਉਨ੍ਹਾਂ ਦੀਆਂ ਚੌਂਕੀਆਂ ਭਰਨ ਦੇ ਕੰਮਾਂ ‘ਤੇ ਲਾਇਆ ਜਾਂਦਾ ਹੈ| ਪੁਲਿਸ ਨੂੰ ਆਜ਼ਾਦਾਨਾ ਤੌਰ ‘ਤੇ ਕੰਮ ਕਰਨ ਹੀ ਨਹੀਂ ਦਿੱਤਾ ਜਾਂਦਾ| ਜ਼ੈਨਬ ਦਾ ਪਿਤਾ ਅਮੀਨ ਅਨਸਾਰੀ ਚਾਹੁੰਦਾ ਹੈ ਕਿ ਸਰਕਾਰ ਛੇਤੀ ਤੋਂ ਛੇਤੀ ਜੈ.ਨਬ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਜ਼ਾ ਦੇਵੇ ਤਾਂ ਕਿ ਹੋਰ ਬੱਚੀਆਂ ਨੂੰ ਜੈ.ਨਬ ਵਾਲਾ ਜਹੰਨਮ ਨਾ ਭੋਗਣਾ ਪਵੇ| ਉਹ ਸਭ ਏਨੇ ਡਰੇ ਹੋਏ ਹਨ ਕਿ ਉਹ ਹੁਣ ਕਿਵੇਂ ਆਪਣੇ ਬੱਚਿਆਂ ਨੂੰ ਘਰੋਂ ਬਾਹਰ ਕੱਢਣਗੇ? ਇਹ ਕਿਵੇਂ ਅਤੇ ਕਿਉਂ ਸੰਭਵ ਹੈ ਕਿ ਭਰੇ ਬਾਜ਼ਾਰ ਵਿਚੋਂ ਉਨ੍ਹਾਂ ਦੇ ਬੱਚੇ ਅਗਵਾ ਹੋ ਜਾਂਦੇ ਹਨ?
2015 ਵਿਚ ਵੀ ਕਸੂਰ ਸੰਸਾਰ ਨਕਸ਼ੇ ‘ਤੇ ਇਸ ਲਈ ਚਰਚਾ ਦਾ ਵਿਸ਼ਾ ਬਣਿਆ ਸੀ ਕਿ 280 ਬੱਚਿਆਂ ਨਾਲ ਜ਼ਬਰ ਜਨਾਹ ਕਰਨ ਤੋਂ ਬਾਅਦ ਅਗਵਾਕਾਰਾਂ ਨੇ ਬੱਚਿਆਂ ਦੇ ਮਾਪਿਆਂ ਨੂੰ ਬਲੈਕਮੇਲ ਕਰਨ ਲਈ ਵੀਡੀਓ ਭੇਜੀਆਂ ਕਿ ਉਹ ਪੈਸਾ ਦੇਣ; ਨਹੀਂ ਤਾਂ ਇਹ ਵੀਡੀਓ ਨਸ਼ਰ ਕਰ ਦਿੱਤੀਆਂ ਜਾਣਗੀਆਂ|
ਜ਼ੈਨਬ ਨਾਲ ਵਾਪਰੀ ਇਸ ਘਟਨਾ ਤੋਂ ਬਾਅਦ ਪਾਕਿਸਤਾਨ ਦੇ ਟੀ. ਵੀ. ਚੈਨਲਾਂ ਤੋਂ ਨਸ਼ਰ ਕੀਤੇ ਜਾਣ ਵਾਲੇ ਬਹੁਤ ਸਾਰੇ ਪ੍ਰੋਗਰਾਮਾਂ ਜਿਵੇਂ ‘ਸਲਾਮ ਜ਼ਿੰਦਗੀ’, ‘ਗੁਡ ਮਾਰਨਿੰਗ ਪਾਕਿਸਤਾਨ’ ਵਗੈਰਾ ਉਤੇ ਇਸ ਘਟਨਾ ਬਾਰੇ ਅਫਸੋਸ ਕਰਨ ਦੇ ਨਾਲ ਨਾਲ ਸਮਾਜ ਸੇਵੀ, ਮਨੋਵਿਗਿਆਨੀ, ਪੁਲਿਸ ਦੀ ਨੁਮਾਇੰਗੀ ਕਰਦੀਆਂ ਅਤੇ ਹੋਰ ਅਹਿਮ ਸ਼ਖਸੀਅਤਾਂ ਵੱਲੋਂ ਇਹ ਵੀ ਚਰਚਾ ਕੀਤੀ ਗਈ ਕਿ ਅਜਿਹੀ ਘਟਨਾ ਤੋਂ ਬਾਅਦ ਹੁੰਦਾ ਕੀ ਹੈ ਤੇ ਅਸਲ ਵਿਚ ਹੋਣਾ ਕੀ ਚਾਹੀਦਾ ਹੈ? ਇਸ ਤਰ੍ਹਾਂ ਦੀ ਇੱਕ ਚਰਚਾ ਵਿਚ ਹਿੱਸਾ ਲੈਂਦਿਆਂ ਇਸਲਾਮਾਬਾਦ ਆਧਾਰਤ ਮਨੋਵਿਗਿਆਨੀ ਅਤੇ ਲੋਕ ਹੱਕਾਂ ਲਈ ਸਰਗਰਮ ਕਾਰਜਕਰਤਾ ਮਾਰੀਆ ਰਾਸ਼ਿਦ ਦਾ ਕਹਿਣਾ ਹੈ ਕਿ ਬੱਚਿਆਂ ਨਾਲ ਬਦਸਲੂਕੀ ਵਰਗੇ ਮਾਮਲਿਆਂ ਦਾ ਕੋਈ ਇੱਕ ਹੱਲ ਨਹੀਂ ਹੈ| ਅਜਿਹੇ ਮੁੱਦਿਆਂ ਦੀ ਪ੍ਰਭਾਵੀ ਕ੍ਰਿਆ ਬਹੁ-ਪੱਖੀ ਹੋਣੀ ਚਾਹੀਦੀ ਹੈ ਜਿਸ ਵਿਚ ਛੋਟੀ ਉਮਰ ਦੇ ਬੱਚਿਆਂ ਦੇ ਸਰੀਰਕ-ਬਦਸਲੂਕੀ ਦੇ ਮਾਮਲਿਆਂ ਬਾਰੇ ਅਸਰਦਾਇਕ ਅਤੇ ਖਾਸ ਕਾਨੂੰਨ ਬਣਾਉਣਾ ਸ਼ਾਮਲ ਹੈ| ਇਨ੍ਹਾਂ ਕਾਨੂੰਨਾਂ ਨੂੰ ਲਾਗੂ ਕਰਨਾ ਵੀ ਕਾਨੂੰਨ ਬਣਾਉਣ ਜਿੰਨਾ ਹੀ ਅਹਿਮ ਹੈ| ਇਸ ਵਿਚ ਸੋਮੇ ਜੁਟਾਉਣਾ, ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦਾ ਸੰਵੇਦਨੀਕਰਨ ਅਤੇ ਉਨ੍ਹਾਂ ਨੂੰ ਸਿੱਖਿਅਤ ਕਰਨਾ, ਸਿਹਤ ਅਤੇ ਕਾਨੂੰਨੀ ਅਫਸਰ, ਨਾਲ ਹੀ ਬੱਚਿਆਂ ਦੀ ਸੁਰੱਖਿਆ ਸਬੰਧੀ ਮਾਂ-ਬਾਪ ਨੂੰ, ਬੱਚਿਆਂ ਨੂੰ ਖੁਦ ਅਤੇ ਸਕੂਲਾਂ ਨੂੰ ਜਾਣਕਾਰੀ ਮੁਹੱਈਆ ਕਰਾਉਣੀ ਸ਼ਾਮਲ ਹੈ| ਸਾਰੀ ਦੁਨੀਆਂ ਵਿਚ ਹੀ ਬੱਚੇ ਸਰੀਰਕ-ਬਦਸਲੂਕੀ ਲਈ ਜ਼ਿਆਦਾ ਸੰਵੇਦਨਸ਼ੀਲ ਹਨ| ਪਾਕਿਸਤਾਨ ਵਿਚ ਇਸ ਸੰਵੇਦਨਸ਼ੀਲਤਾ ਨੂੰ ਬਣਾਉਣ ਵਾਲੀ ਗਤੀਸ਼ੀਲਤਾ ਦੋ-ਪਰਤੀ ਹੈ: ਜ਼ੁਰਮ ਲਈ ਸਜ਼ਾ ਜੋ ਇਸ ਦੇ ਸਮੁੱਚੀ ਕਮਜ਼ੋਰ ਅਤੇ ਸੌਖਿਆਂ ਹੀ ਚਲਾਕੀ ਨਾਲ ਸਬੰਧਤ ਨਿਆਂ ਪ੍ਰਣਾਲੀ ਨੂੰ ਪ੍ਰਭਾਵਿਤ ਕਰ ਲੈਣ ਅਤੇ ਇਸ ਦੇ ਨਾਲ ਹੀ ਅਧਿਕਾਰੀਆਂ ਵੱਲੋਂ ਇਸ ਕਿਸਮ ਦੇ ਜ਼ੁਰਮਾਂ ਨੂੰ ਘੱਟ-ਅਹਿਮੀਅਤ ਦੇਣ ਨੂੰ ਜ਼ਾਹਰ ਕਰਦੀ ਹੈ (ਨਿਆਂ ਪ੍ਰਣਾਲੀ ਨੂੰ ਸੌਖਿਆ ਆਪਣਾ ਅਸਰ-ਰਸੂਖ ਵਰਤ ਕੇ ਪ੍ਰਭਾਵਿਤ ਵੀ ਕਰ ਸਕਣਾ ਅਤੇ ਅਜਿਹੇ ਅਪਰਾਧਾਂ ਨੂੰ ਕੋਈ ਅਹਿਮੀਅਤ ਨਾ ਦਿੱਤੇ ਜਾਣਾ)। ਸਰੀਰਕ ਬਦਸਲੂਕੀ ਦੇ ਮਾਮਲਿਆਂ ‘ਚ ਮਨਾਹੀਆਂ ਅਤੇ ਰਵੱਈਆ, ਜੋ ਬੱਚਿਆਂ ਦੀ ਸੁਰੱਖਿਆ ਸਬੰਧੀ ਜਾਣਕਾਰੀ ਨੂੰ ਸੈਕਸ ਐਜੂਕੇਸ਼ਨ ਨਾਲ ਰਲਗੱਡ ਕਰਦਾ ਹੈ, ਦਾ ਨਤੀਜਾ ਹੈ ਕਿ ਬੱਚੇ ਸਰੀਰਕ-ਬਦਸਲੂਕੀ ਅਤੇ ਮੁਜ਼ਰਿਮਾਂ ਲਈ ਸੌਖਾ ਨਿਸ਼ਾਨਾ ਹਨ| ਨਾਬਾਲਗਾਂ ਨਾਲ ਸਰੀਰਕ-ਬਦਸਲੂਕੀ, ਬਲਾਤਕਾਰ ਅਤੇ ਕਤਲ ਬਹੁਤ ਛੇਤੀ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲੈਂਦੇ ਹਨ ਪ੍ਰੰਤੂ ਬੱਚਿਆਂ ਦੀ ਘਰੇਲੂ ਸਰੀਰਕ-ਬਦਸਲੂਕੀ ਜੋ ਪਾਕਿਸਤਾਨ ਵਿਚ ਵੱਡੀ ਤਾਦਾਦ ਵਿਚ ਫੈਲੀ ਹੋਈ ਹੈ, ਆਮ ਤੌਰ ‘ਤੇ ਮੁਲਕ ਵਿਚ ਚਰਚਾ ਕਰਨ ਤੋਂ ਵਰਜਿਤ ਵਿਸ਼ਾ ਹੈ| ਇਸ ਲਈ ਬੱਚਿਆਂ ਨਾਲ ਸਰੀਰਕ-ਬਦਸਲੂਕੀ ਦਾ ਸ਼ਿਕਾਰ ਜਿਉਂਦੇ ਰਹਿ ਗਏ ਲੋਕ ਇਕਲਾਪੇ ਵਿਚ ਇਸ ਦਾ ਦਰਦ ਹੰਢਾਉਂਦੇ ਹਨ|
ਬੱਚਿਆਂ ਨਾਲ ਸਰੀਰਕ-ਬਦਸਲੂਕੀ ਦੀਆਂ ਘਟਨਾਵਾਂ ਕਰੀਬ ਸਾਰੇ ਪਾਕਿਸਤਾਨ ਵਿਚ ਆਮ ਵਾਪਰਦੀਆਂ ਹਨ| ਕਸੂਰ ਸ਼ਹਿਰ ਸੁਰਖੀਆਂ ਵਿਚ ਇਸ ਲਈ ਆ ਗਿਆ ਕਿਉਂਕਿ ਉਥੇ ਪਹਿਲਾਂ ਵੀ ਅਜਿਹੇ ਮਾਮਲੇ ਸਾਹਮਣੇ ਆਉਂਦੇ ਰਹੇ| ਮਨੀਜ਼ੇ ਬਾਨੋ, ਜੋ ਕਿ ਇੱਕ ਗੈਰ-ਸਰਕਾਰੀ ਅਦਾਰੇ ਦੀ ਡਾਇਰੈਕਟਰ ਹੈ, ਦਾ ਕਹਿਣਾ ਹੈ ਕਿ ਕਸੂਰ ਖਾਸ ਕਰਕੇ ਅਜਿਹੇ ਅਪਰਾਧਾਂ ਲਈ ਇਸ ਲਈ ਆਮ ਹੈ ਕਿਉਂਕਿ ਉਥੇ ਬਾਲ-ਮਜ਼ਦੂਰੀ ਪ੍ਰਚਲਿਤ ਹੈ| ਜਿਹੜੇ ਬੱਚਿਆਂ ਨਾਲ ਅਪਰਾਧ ਕਰਨ ਵਿਚ ਸ਼ਾਮਲ ਹੁੰਦੇ ਹਨ, ਉਹ ਮਹਿਸੂਸ ਕਰਦੇ ਹਨ ਕਿ ਉਹ ਅਜਿਹੇ ਅਪਰਾਧ ਕਰਕੇ ਆਸਾਨੀ ਨਾਲ ਨਿਕਲ ਜਾਣਗੇ| ਔਰਤਾਂ ਦੇ ਹੱਕਾਂ ਦੀ ਕਾਰਜਕਰਤਾ ਮੁਮਤਾਜ਼ ਮੁਗਲ ਦਾ ਖਿਆਲ ਹੈ ਕਿ ਸਰਕਾਰ ਅਜਿਹੀਆਂ ਘਟਨਾਵਾਂ ਲਈ ਉਦੋਂ ਜਾਗਦੀ ਹੈ ਜਦੋਂ ਮੀਡੀਆ ਇਨ੍ਹਾਂ ਦੀ ਇਤਲਾਹ ਦਿੰਦਾ ਹੈ, ਪ੍ਰੰਤੂ ਇਸ ਨੇ ਬੱਚਿਆਂ ਨਾਲ ਸਰੀਰਕ ਬਦਸਲੂਕੀ ਨੂੰ ਰੋਕਣ ਲਈ ਕੋਈ ਕਾਨੂੰਨ ਨਹੀਂ ਬਣਾਇਆ ਅਤੇ ਕੋਈ ਤੰਤਰ ਖੜ੍ਹਾ ਨਹੀਂ ਕੀਤਾ|
ਇਹ ਸਾਰੇ ਤੱਥ ਸਿਰਫ ਪਾਕਿਸਤਾਨ ‘ਤੇ ਹੀ ਲਾਗੂ ਨਹੀਂ ਹੁੰਦੇ ਬਲਕਿ ਭਾਰਤ ਦਾ ਵੀ ਇਸ ਮਾਮਲੇ ਵਿਚ ਇਹੀ ਹਾਲ ਹੈ| ਪਿਛਲੇ ਕੁਝ ਦਿਨਾਂ ਵਿਚ ਹੀ ਹਰਿਆਣਾ ਅਤੇ ਭਾਰਤੀ ਪੰਜਾਬ ਵਿਚ ਬਲਾਤਕਾਰ ਦੀਆਂ ਕਿੰਨੀਆਂ ਹੀ ਘਟਨਾਵਾਂ ਵਾਪਰ ਚੁਕੀਆਂ ਹਨ| ਸਰੀਰਕ-ਬਦਸਲੂਕੀ ਦੀ ਸਿੱਖਿਆ ਖਾਸ ਕਰਕੇ ਇਸ ਦੀ ਚਰਚਾ ਬੱਚਿਆਂ ਨਾਲ ਕਰਨਾ ਜਾਂ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਦੇਣ ਦੀਆਂ ਮਨਾਹੀਆਂ ਵੀ ਉਸੇ ਤਰ੍ਹਾਂ ਜੁੜੀਆਂ ਹੋਈਆਂ ਹਨ| ਅਧਿਕਾਰਾਂ ਲਈ ਪਾਕਿਸਤਾਨੀ ਕਾਰਕੁਨਾਂ ਦਾ ਕਹਿਣਾ ਹੈ ਕਿ ਕਸੂਰ ਵਿਚ ਸੰਨ 2015 ਦੇ ਬੱਚਿਆਂ ਨਾਲ ਸਰੀਰਕ ਬਦਸਲੂਕੀ ਦੇ ਸਕੈਂਡਲ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਨੇ ਸਰਕਾਰ ਨੂੰ ਬਹੁਤ ਸਾਰੇ ਸੁਝਾਅ ਦਿੱਤੇ, ਪ੍ਰੰਤੂ ਅਧਿਕਾਰੀਆਂ ਨੇ ਉਨ੍ਹਾਂ ਨੂੰ ਲਾਗੂ ਹੀ ਨਹੀਂ ਕੀਤਾ| ਬੱਚਿਆਂ ਦੀ ਸਰੀਰਕ ਬਦਸਲੂਕੀ ਨਾਲ ਸਬੰਧਤ ਮਾਮਲਿਆਂ ਸਬੰਧੀ ਪਾਕਿਸਤਾਨ ਵਿਚ ਕਾਰਜਕਰਤਿਆਂ ਵੱਲੋਂ ਇਹ ਮੁੱਦਾ ਸਾਹਮਣੇ ਲਿਆਂਦਾ ਗਿਆ ਕਿ ਸਕੂਲਾਂ ਵਿਚ ਬੱਚਿਆਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ ਤਾਂ ਧਾਰਮਿਕ ਨੁਮਾਇੰਦਿਆਂ ਨੇ ਇਸ ਦਾ ਵਿਰੋਧ ਇਹ ਕਹਿ ਕੇ ਕੀਤਾ ਕਿ ਇਸ ਨਾਲ ਸਾਡੇ ਬੱਚੇ ਵਿਗੜਨਗੇ|
ਮੈਨੂੰ ਯਾਦ ਹੈ, ਜਦੋਂ ਇੱਥੇ ਕੈਨੇਡਾ ਵਿਚ ਓਂਟਾਰੀਓ ਦੀ ਲਿਬਰਲ ਸਰਕਾਰ ਨੇ ਇਸ ਨੂੰ ਸਕੂਲਾਂ ਵਿਚ ਸਿੱਖਿਆ ਦੇ ਸਿਲੇਬਸ ਦਾ ਹਿੱਸਾ ਬਣਾਏ ਜਾਣ ਦਾ ਮਤਾ ਰੱਖਿਆ ਤਾਂ ਸਾਡੇ ਆਪਣੇ ਲੋਕ (ਭਾਰਤੀ ਅਤੇ ਪਾਕਿਸਤਾਨੀ) ਇਸ ਦੇ ਵਿਰੋਧ ਵਿਚ ਤਖਤੀਆਂ ਲੈ ਕੇ ਸਭ ਤੋਂ ਵੱਧ ਸੜਕਾਂ ‘ਤੇ ਨਿਕਲ ਆਏ| ਕਿਸੇ ਨੇ ਵੀ ਇਹ ਨਹੀਂ ਸੋਚਿਆ ਕਿ ਉਹ ਸਕੂਲ ਬੋਰਡਾਂ ਨੂੰ ਆਪਣੀਆਂ ਸਲਾਹਾਂ ਦੇਣ ਕਿ ਕਿੰਨਾ ਕੁ ਅਤੇ ਕੀ ਪੜ੍ਹਾਉਣਾ ਚਾਹੀਦਾ ਹੈ ਅਤੇ ਕੀ ਨਹੀਂ; ਬਿਨਾ ਸਿਲੇਬਸ ‘ਤੇ ਅੰਤਰਝਾਤ ਪਾਇਆਂ ਅਤੇ ਉਸ ਦੀ ਡੁੰਘਾਈ ਵਿਚ ਜਾਇਆਂ ਸਭ ਨੇ ਇੱਕ ਵਾਢਿਓਂ ਹੀ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ| ਸਮਾਜ ਸੇਵਕਾਂ ਅਤੇ ਮਨੋਵਿਗਿਆਨੀਆਂ ਜਾਂ ਅਜਿਹੇ ਅਪਰਾਧਾਂ ਦੀ ਛਾਣਬੀਣ ਕਰਨ ਵਾਲੇ ਕਾਰਜਕਰਤਿਆਂ ਦਾ ਮੰਨਣਾ ਹੈ ਕਿ ਬੱਚਿਆਂ ਨਾਲ ਕੀਤੇ ਜਾਂਦੇ ਅਜਿਹੇ ਅਪਰਾਧਾਂ ਵਿਚ ਬਹੁਤਾ ਕਰਕੇ ਪਰਿਵਾਰ ਦੇ ਬਹੁਤ ਨੇੜਲੇ ਰਿਸ਼ਤੇਦਾਰ ਸ਼ਾਮਲ ਹੁੰਦੇ ਹਨ ਜਿਨ੍ਹਾਂ ‘ਤੇ ਪਰਿਵਾਰ ਭਰੋਸਾ ਕਰ ਲੈਂਦਾ ਹੈ ਅਤੇ ਸ਼ੱਕ ਨਹੀਂ ਕਰਦਾ। ਇਸ ਤੋਂ ਅੱਗੇ ਪਰਿਵਾਰ ਦੇ ਨੇੜਲੇ ਜਾਣੂੰ ਹੁੰਦੇ ਹਨ, ਫਿਰ ਘਰੇਲੂ ਨੌਕਰ ਜਾਂ ਆਸ-ਪੜੌਸ ਵਾਲੇ ਅਤੇ ਅਧਿਆਪਕ| ਬਾਹਰਲੇ ਅਣਜਾਣ ਲੋਕਾਂ ਦੀ ਗਿਣਤੀ ਬਹੁਤ ਥੋੜ੍ਹੀ ਹੁੰਦੀ ਹੈ| ਇੱਕ ਪ੍ਰਸ਼ਨ ਇਹ ਵੀ ਕੀਤਾ ਗਿਆ ਕਿ ਕੀ ਅਜਿਹੇ ਅਪਰਾਧ ਵਿਚ ਸ਼ਾਮਲ ਲੋਕ ਜ਼ਹਿਨੀ ਮਰੀਜ਼ ਹੁੰਦੇ ਹਨ ਤਾਂ ਉਤਰ ਨਾਂਹ ਵਿਚ ਸੀ ਕਿਉਂਕਿ ਮਾਹਿਰਾਂ ਅਨੁਸਾਰ ਅਜਿਹੇ ਲੋਕ ਸਭ ਕੁਝ ਬੜੀ ਵਿਉਂਤਬੰਦੀ ਨਾਲ ਕਰਦੇ ਹਨ|
ਜ਼ੈਨਬ ਦੀ 16 ਸਾਲਾ ਭੈਣ ਲਾਇਬਾ ਦਾ ਕਹਿਣਾ ਹੈ ਕਿ ਉਹ ਇਸ ਲਈ ਨਹੀਂ ਰੋ ਰਹੀ ਕਿ ਜ਼ੈਨਬ ਮਰ ਗਈ ਹੈ ਪਰ ਉਹ ਉਸ ਸਭ ਕੁਝ ਲਈ ਰੋ ਰਹੀ ਹੈ ਜਿਸ ਵਿਚੋਂ ਜ਼ੈਨਬ ਨੂੰ ਗੁਜ਼ਰਨਾ ਪਿਆ| ਉਸ ਨੇ ਰੋਂਦਿਆਂ ਦੱਸਿਆ ਕਿ ਜ਼ੈਨਬ ਦੀ ਇਹ ਇੱਕੋ ਤਸਵੀਰ ਸੀ ਉਸ ਕੋਲ ਜੋ ਉਸ ਨੇ ਕੁਝ ਦਿਨ ਪਹਿਲਾਂ ਹੀ ਖਿੱਚੀ ਸੀ| ਉਹ ਮੀਡੀਆ ਵਾਲਿਆਂ ਨੂੰ ਪੁੱਛ ਰਹੀ ਸੀ ਕਿ ਕਿੰਨੇ ਕੁ ਦਿਨ ਲੱਗਣਗੇ ਇਸ ਗੱਲ ਨੂੰ ਜਦੋਂ ਉਹ (ਮੀਡੀਆ ਵਾਲੇ) ਉਸ ਦੀ ਭੈਣ ਬਾਰੇ ਭੁੱਲ ਜਾਣਗੇ? ਜਿਸ ਤਰ੍ਹਾਂ ਕਸੂਰ ਦੇ ਲੋਕਾਂ ਅਤੇ ਬਾਕੀ ਪਾਕਿਸਤਾਨੀ ਆਵਾਮ ਨੇ ਆਪਣਾ ਰੋਹ ਦਿਖਾਇਆ ਹੈ, ਹੋ ਸਕਦਾ ਹੈ ਸਰਕਾਰ ਜਾਗੇ ਅਤੇ ਅੱਗੋਂ ਲਈ ਕਿਸੇ ਜ਼ੈਨਬ ਨਾਲ ਇਸ ਤਰ੍ਹਾਂ ਦੀ ਹੋਣੀ ਨਾ ਵਾਪਰੇ| ਆਮੀਨ!