ਦਲਬੀਰ ਸਿੰਘ ਪੰਜਾਬੀ ਦਾ ਉਹ ਪੱਤਰਕਾਰ ਸੀ ਜਿਸ ਪਾਸ ਪੱਤਰਕਾਰੀ ਦੇ ਅਸੂਲ ਮੁਤਾਬਕ ਘੱਟ ਤੋਂ ਘੱਟ ਸ਼ਬਦਾਂ ਵਿਚ ਵੱਧ ਤੋਂ ਵੱਧ ਗੱਲ ਕਹਿਣ ਦਾ ਹੁਨਰ ਸੀ। ਸੰਪਾਦਕੀ ਪੰਨੇ ਉਤੇ ਗੰਭੀਰ ਲੇਖਾਂ ਵਿਚਾਲੇ ਇਕ ਛੋਟਾ ਜਿਹਾ ਹਲਕਾਫੁਲਕਾ ਲੇਖ ਛਾਪਿਆ ਜਾਂਦਾ ਹੈ ਜਿਸ ਨੂੰ ਅੰਗਰੇਜ਼ੀ ਵਿਚ ‘ਮਿਡਲ’ ਕਿਹਾ ਜਾਂਦਾ ਹੈ। ਪੰਜਾਬੀ ਪੱਤਰਕਾਰੀ ਵਿਚ ਸ਼ਾਇਦ ਦਲਬੀਰ ਇਕੋ ਇਕ ਪੱਤਰਕਾਰ ਹੈ ਜਿਸ ਨੂੰ ‘ਮਿਡਲ’ ਸਹੀ ਅਰਥਾਂ ਵਿਚ ਲਿਖਣ ਦੀ ਜਾਚ ਸੀ।
ਪੰਜਾਬੀ ਟ੍ਰਿਬਿਊਨ ਵਿਚ ਪਹਿਲਾਂ ਉਹ ਕਈ ਸਾਲ ‘ਇਉਂ ਵੀ ਹੁੰਦੈ’ ਨਾਂ ਹੇਠ ਕਾਲਮ ਲਿਖਦਾ ਰਿਹਾ ਅਤੇ ਫਿਰ ਉਸ ਨੇ ਇਸ ਦਾ ਨਵਾਂ ‘ਜਗਤ ਤਮਾਸ਼ਾ’ ਰੱਖ ਲਿਆ ਤੇ ਇਹ ‘ਜਗਤ ਤਮਾਸ਼ਾ’ ਉਸ ਦੇ ਨਾਂ ਨਾਲ ਹੀ ਜੁੜ ਗਿਆ। ਉਂਜ ਤਾਂ ਉਸ ਦਾ ਇਹ ਕਾਲਮ ਬਹੁਤਾ ਕਰਕੇ ਚਲੰਤ ਮਾਮਲਿਆਂ ਨੂੰ ਲੈ ਕੇ ਹੁੰਦਾ ਪਰ ਉਸ ਦੇ ਕੁਝ ਜਗਤ ਤਮਾਸ਼ੇ ਅਜਿਹੇ ਵੀ ਹਨ ਜੋ ਸਮੇਂ ਦੀਆਂ ਹੱਦਾਂ ਤੋਂ ਉਪਰ ਹਨ। ਇਸ ਵਾਰ ਉਸ ਦਾ ਅਜਿਹਾ ਹੀ ਇਕ ਜਗਤ ਤਮਾਸ਼ਾ ਛਾਪ ਰਹੇ ਹਾਂ। ਦਲਬੀਰ ਨੂੰ ਇਸ ਸੰਸਾਰ ਤੋਂ ਗਿਆਂ ਭਾਵੇਂ 10 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਇਸ ਲਿਖਤ ਵਿਚਲੀਆਂ ਕਈ ਗੱਲਾਂ ਇਉਂ ਹਨ ਜਿਵੇਂ ਉਸ ਨੂੰ ਵਾਪਰਨ ਵਾਲੀ ਹੋਣੀ ਦਾ ਪਹਿਲਾਂ ਹੀ ਇਲਮ ਸੀ। ਉਹ ਲਿਖਦਾ ਹੈ, “ਮੈਂ ਅਕਸਰ ਉਦਾਸ ਨਹੀਂ ਹੁੰਦਾ, ਖਾਸ ਕਰਕੇ ਮੌਤ ਦੀ ਸੰਭਾਵਨਾ ਤੋਂ ਤਾਂ ਕਦੇ ਵੀ ਨਹੀਂ।” ਜਿਨ੍ਹਾਂ ਉਸ ਨੂੰ ਨੇੜਿਓਂ ਤੱਕਿਆ, ਉਹ ਜਾਣਦੇ ਹਨ ਕਿ ਇਸ ਵਿਚ ਬਹੁਤ ਵੱਡਾ ਸੱਚ ਸੀ। -ਸੰਪਾਦਕ
ਦਲਬੀਰ ਸਿੰਘ
ਪਤਾ ਨਹੀਂ ਕਦੋਂ ਦੀ ਇਹ ਕਿਤਾਬ ਮੇਰੇ ਕਿਤਾਬਾਂ ਦੇ ਰੈਕ ਵਿਚ ਪਈ ਰਹੀ ਪਰ ਪੜ੍ਹ ਨਹੀਂ ਸੀ ਸਕਿਆ। ਬਹੁਤ ਸਾਰੀਆਂ ਕਿਤਾਬਾਂ ਇਸ ਕਰਕੇ ਰੈਕ ਜਾਂ ਅਲਮਾਰੀ ਵਿਚ ਪਈਆਂ ਰਹਿੰਦੀਆਂ ਹਨ ਕਿ ਜਾਂ ਤਾਂ ਉਨ੍ਹਾਂ ਨੂੰ ਪੜ੍ਹਨ ਦਾ ਸਮਾਂ ਨਹੀਂ ਹੁੰਦਾ ਜਾਂ ਫਿਰ ਉਹ ਨਿਤ ਨਵੇਂ ਦਿਨ ਆ ਰਹੀਆਂ ਕਿਤਾਬਾਂ ਦੇ ਹੇਠਾਂ ਦੱਬੀਆਂ ਜਾਂਦੀਆਂ ਹਨ ਅਤੇ ਦੱਬੀਆਂ ਹੀ ਰਹਿ ਜਾਂਦੀਆਂ ਹਨ। ਇਕ ਵਾਰੀ ਜਿਹੜੀ ਕਿਤਾਬ ‘ਖਾਸ’ ਥਾਂ ਉਤੇ ਰੱਖੀ ਜਾਵੇ ਅਤੇ ਫਿਰ ਉਸ ਉਤੇ ਹੋਰ ‘ਖਾਸ’ ਕਿਤਾਬਾਂ ਦਾ ਢੇਰ ਲਗਦਾ ਜਾਵੇ ਤਾਂ ਹੇਠਲੀ ਕਿਤਾਬ ਦੀ ਵਾਰੀ ਕਦੋਂ ਆਵੇਗੀ, ਇਸ ਦਾ ਕੋਈ ਪਤਾ ਨਹੀਂ ਹੁੰਦਾ। ਇਹ ਵੀ ਪਤਾ ਨਹੀਂ ਹੁੰਦਾ ਕਿ ਇਹ ਕਦੀ ਪੜ੍ਹੀ ਵੀ ਜਾਵੇਗੀ ਜਾਂ ਨਹੀਂ। ਇਹੀ ਹਾਲ ਅੰਗਰੇਜ਼ੀ ਵਿਚ ਛਪੀ ਕਿਤਾਬ ‘ਕਾਲਾ ਦਸੰਬਰ’ ਨਾਲ ਹੋਇਆ। ਇਹ ਕਿਤਾਬਾਂ ਦੇ ਹੇਠਾਂ ਐਸੀ ਦੱਬੀ ਕਿ ਦੱਬੀ ਹੀ ਰਹਿ ਗਈ। ਕੁਝ ਦਿਨ ਹੋਏ ਜਦੋਂ ਮੈਂ ਅਲਮਾਰੀ ਨੂੰ ਫਰੋਲ ਰਿਹਾ ਸਾਂ ਤਾਂ ਵੀਅਤਨਾਮ ਦੇ ਲੇਖਕ ਆਨ ਡੂਕ ਦਾ ਨਾਵਲ ‘ਹੌਨ ਡੈਟ’ ਲੱਭ ਸਕਾਂ ਤਾਂ ‘ਕਾਲਾ ਦਸੰਬਰ’ ਲੱਭ ਪਈ। ‘ਹੌਨ ਡੈਟ’ ਨਾ ਲੱਭੀ। ਪਤਾ ਨਹੀਂ ਕਿਹੜੀ ਅਲਮਾਰੀ ਵਿਚ ਪਈ ਹੈ।
‘ਕਾਲਾ ਦਸੰਬਰ’ ਉਨ੍ਹਾਂ ਪੰਜਾਬੀ ਅਤੇ ਹਿੰਦੀ ਕਹਾਣੀਆਂ ਦਾ ਅੰਗਰੇਜ਼ੀ ਵਿਚ ਅਨੁਵਾਦਤ ਸੰਗ੍ਰਿਹ ਹੈ ਜੋ ਨਵੰਬਰ ਚੁਰਾਸੀ ਵਿਚ ਦਿੱਲੀ ਵਿਚ ਵਾਪਰੀਆਂ ਹਿੰਸਕ ਘਟਨਾਵਾਂ ਨਾਲ ਸਬੰਧਤ ਹਨ ਜਦੋਂ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦਿੱਲੀ ਹੀ ਨਹੀਂ ਸਗੋਂ ਹੋਰ ਸ਼ਹਿਰਾਂ ਵਿਚ ਵੀ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ। ਇਨ੍ਹਾਂ ਵਿਚੋਂ ਬਹੁਤੀਆਂ ਕਹਾਣੀਆਂ ਮੈਂ ਪਹਿਲਾਂ ਹੀ ਪੰਜਾਬੀ ਜਾਂ ਹਿੰਦੀ ਵਿਚ ਪੜ੍ਹੀਆਂ ਹੋਈਆਂ ਸਨ। ‘ਹੌਨ ਡੈਟ’ ਨਾਂ ਦੀ ਕਿਤਾਬ ਵੀਅਤਨਾਮੀ ਲੋਕਾਂ ਦੇ ਉਸ ਲਾਸਾਨੀ ਸੰਘਰਸ਼ ਦਾ ਰੌਂਗਟੇ ਖੜ੍ਹੇ ਕਰ ਦੇਣ ਵਾਲਾ ਬਿਰਤਾਂਤ ਹੈ ਜੋ ਉਨ੍ਹਾਂ ਨੇ ਕਰੀਬ ਦੋ ਦਹਾਕਿਆਂ ਤਕ ਅਮਰੀਕਨਾਂ ਦੀ ਸ਼ਕਤੀਸ਼ਾਲੀ ਤਾਕਤ ਦੇ ਖਿਲਾਫ ਲੜਿਆ ਅਤੇ ਅਖੀਰ ਇਸ ਵੱਡੀ ਤਾਕਤ ਨੂੰ ਹਾਰ ਮੰਨਣ ਉਤੇ ਮਜਬੂਰ ਕਰ ਦਿੱਤਾ। 70ਵਿਆਂ ਦੇ ਪਹਿਲੇ ਦਿਨਾਂ ਵਿਚ ਜਿਵੇਂ ਵੀਅਤਨਾਮੀ ਲੜਾਕੂਆਂ ਤੋਂ ਭਾਂਜ ਖਾ ਕੇ ਅਮਰੀਕਨ ਫੌਜਾਂ ਭੱਜੀਆਂ ਸਨ, ਉਸ ਬਾਰੇ ਅੱਜ ਦੀ ਪੀੜ੍ਹੀ ਨੂੰ ਕੁਝ ਵੀ ਨਹੀਂ ਪਤਾ। ਪਰ ਸਾਡੇ ਵਰਗੇ ਲੋਕ, ਜਿਨ੍ਹਾਂ ਨੇ ਅਮਰੀਕਨਾਂ ਨੂੰ ਭੱਜਦੇ ਹੋਏ ਦੇਖਿਆ ਸੀ, ਉਨ੍ਹਾਂ ਨੂੰ ਉਹ ਦਿਨ ਕਦੀ ਵੀ ਨਹੀਂ ਭੁੱਲ ਸਕਦੇ। ਇਸੇ ਕਿਤਾਬ ਨੂੰ ਸੰਨ 1972 ਵਿਚ ਮੈਂ ‘ਦਸ ਦਿਨ’ ਨਾਂ ਹੇਠ ਅਨੁਵਾਦ ਕਰਕੇ ਅਖਬਾਰ ਨਵਾਂ ਜ਼ਮਾਨਾ ਵਿਚ ਛਾਪਿਆ ਸੀ।
ਉਹ ਸਾਡੀ ਪੀੜ੍ਹੀ ਲਈ ਬਹੁਤ ਹੀ ਸ਼ਾਨ ਵਾਲੇ ਦਿਨ ਸਨ। ਜਿੱਤ ਵੀਅਤਨਾਮੀਆਂ ਦੀ ਹੋਈ ਸੀ ਪਰ ਖੁਸ਼ੀਆਂ ਭਾਰਤ ਸਮੇਤ ਸਾਰੇ ਸੰਸਾਰ ਵਿਚ ਮਨਾਈਆਂ ਗਈਆਂ ਸਨ। ਕਿਉਂਕਿ ਵੀਅਤਨਾਮੀਆਂ ਦੇ ਸੰਘਰਸ਼ ਵਿਚੋਂ ਭਾਰਤੀਆਂ ਦੇ ਇਕ ਵਰਗ ਨੂੰ ਆਪਣੇ ਉਸ ਅਣਹੋਏ ਸੰਘਰਸ਼ ਦੀ ਝਲਕ ਦਿਖਾਈ ਦਿੰਦੀ ਸੀ ਜਿਸ ਨੂੰ ਉਹ ਲੜਨਾ ਚਾਹੁੰਦੇ ਸਨ। ਇਹ ਜਿੱਤ ਭਾਵੇਂ ਵੀਅਤਨਾਮੀਆਂ ਦੀ ਸੀ ਪਰ ਇਹ ਸਾਡੀ ਪੀੜ੍ਹੀ ਦੀ ਉਸ ਭਾਵਨਾ ਦੀ ਤਰਜਮਾਨੀ ਕਰਦੀ ਸੀ ਜਿਹੜੀ ਅਸੀਂ ਮਨ ਅੰਦਰ ਹੀ ਲਈ ਬੈਠੇ ਸਾਂ। ਅਸਲ ਵਿਚ ਇਹ ਲੜਾਈ ਅਸੀਂ ਜਿੱਤਣਾ ਚਾਹੁੰਦੇ ਸਾਂ ਪਰ ਜਿੱਤ ਗਏ ਵੀਅਤਨਾਮੀ। ਇਹ ਸਮਝ ਸਕਣਾ ਨਵੀਂ ਪੀੜ੍ਹੀ ਲਈ ਬਹੁਤ ਹੀ ਮੁਸ਼ਕਿਲ ਹੈ ਕਿ ਅਸੀਂ ਇਸ ਜਿੱਤ ਨਾਲ ਖੁਸ਼ ਵੀ ਹੋਏ ਸਾਂ ਅਤੇ ਦੁਖੀ ਵੀ। ਪਰੀ ਕਹਾਣੀ ਦੀ ਉਸ ਪਰੀ ਵਾਂਗ ਜਿਹੜੀ ਇਕ ਰਾਖਸ਼ ਦੀ ਕੈਦ ਵਿਚ ਸੀ ਅਤੇ ਜਿਹੜੀ ਇਕ ਖੂਬਸੂਰਤ ਰਾਜ ਕੁਮਾਰ ਨੂੰ ਦੇਖ ਕੇ ਪਹਿਲਾਂ ਹੱਸੀ ਸੀ ਤੇ ਫੇਰ ਰੋਈ ਸੀ। ਹੱਸੀ ਇਸ ਕਰਕੇ ਕਿ ਉਸ ਨੂੰ ਰਾਜਕੁਮਾਰ ਬਹੁਤ ਚੰਗਾ ਲੱਗਾ ਸੀ। ਰੋਈ ਇਸ ਕਾਰਨ ਕਿ ਉਸ ਨੂੰ ਰਾਖਸ਼ ਨੇ ਮਾਰ ਦੇਣਾ ਸੀ। ਅਸੀਂ ਹੱਸੇ ਇਸ ਕਾਰਨ ਸਾਂ ਕਿ ਵੀਅਤਨਾਮੀ ਲੋਕ ਅਮਰੀਕੀ ਸਾਮਰਾਜ ਦੇ ਖਿਲਾਫ ਜਿੱਤ ਗਏ ਸਨ। ਰੋਏ ਇਸ ਕਰਕੇ ਸਾਂ ਕਿ ਇਹ ਜਿੱਤ ਅਸੀਂ ਜਿੱਤਣਾ ਚਾਹੁੰਦੇ ਸਾਂ, ਪਰ ਜਿੱਤ ਹਾਸਲ ਕਰਨ ਵਿਚ ਇਕ ਨਿੱਕੇ ਜਿਹੇ ਦੇਸ਼ ਦੇ ਲੋਕ ਸਫਲ ਹੋ ਗਏ ਸਨ।
ਖੈਰ, ਮੈਂ ‘ਹੌਨ ਡੈਟ’ ਇਕ ਵਾਰੀ ਫਿਰ ਪੜ੍ਹਨਾ ਚਾਹੁੰਦਾ ਹਾਂ। ਖਬਰੇ ਉਸ ਨੂੰ ਪੰਜਾਬੀ ਵਿਚ ਮੁੜ ਅਨੁਵਾਦ ਵੀ ਕਰਾਂ ਕਿਉਂਕਿ ਮੈਂ ਚਾਹੁੰਦਾ ਹਾਂ ਕਿ ਅੱਜ ਦੇ ਲੋਕਾਂ ਨੂੰ ਇਹ ਪਤਾ ਲੱਗ ਸਕੇ ਕਿ ਵੀਅਤਨਾਮੀ ਲੋਕਾਂ ਦੀ ਲੜਾਈ ਕਿੰਨੀ ਵੱਡੀ ਸੀ ਅਤੇ ਉਨ੍ਹਾਂ ਨੇ ਕਿੰਨੀਆਂ ਮੁਸ਼ਕਿਲਾਂ ਸਹਿ ਕੇ ਇਹ ਲੜਾਈ ਜਿੱਤੀ ਸੀ। ਦੱਸਣ ਦੀ ਮੇਰੀ ਇਹ ਕੋਸ਼ਿਸ਼ ਹੈ ਕਿ ਜਿਸ ਸਾਮਰਾਜ ਦੇ ਖਿਲਾਫ ਉਨ੍ਹਾਂ ਨੇ ਲੜਾਈ ਲੜੀ ਅਤੇ ਜਿੱਤੀ, ਉਹ ਸਾਮਰਾਜ ਹੁਣ ਪਹਿਲਾਂ ਨਾਲੋਂ ਵੀ ਵੱਧ ਸ਼ਕਤੀਸ਼ਾਲੀ ਹੋ ਗਿਆ ਹੈ ਅਤੇ ਨਿਕਟ ਭਵਿੱਖ ਵਿਚ ਇਸ ਦੇ ਕਮਜ਼ੋਰ ਹੋਣ ਦੀਆਂ ਸੰਭਾਵਨਾਵਾਂ ਵੀ ਦਿਖਾਈ ਨਹੀਂ ਦਿੰਦੀਆਂ। ‘ਕਾਲਾ ਦਸੰਬਰ’ ਦੀਆਂ ਕਹਾਣੀਆਂ ਉਸੇ ਤਰ੍ਹਾਂ ਹੀ ਸੰਨ ਚੁਰਾਸੀ ਦੀ ਬਾਤ ਪਾਉਂਦੀਆਂ ਹਨ ਜਿਵੇਂ ਮੰਟੋ ਦੀਆਂ ਕਹਾਣੀਆਂ ਸੰਨ ਸੰਤਾਲੀ ਦੀ ਤ੍ਰਾਸਦੀ ਨੂੰ ਪੇਸ਼ ਕਰਦੀਆਂ ਹਨ। ਅੱਜ ਵੀ ਮੰਟੋ ਨੂੰ ਪੜ੍ਹੋ ਤਾਂ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਅੱਜ ਵੀ ‘ਹੌਨ ਡੈਟ’ ਨੂੰ ਪੜ੍ਹੋ ਤਾਂ ਰੌਂਗਟੇ ਖੜ੍ਹੇ ਹੋ ਜਾਣੇ ਹਨ। ਅੱਜ ਦੀ ਪੀੜ੍ਹੀ ਨੇ ਮੰਟੋ ਨੂੰ ਪੜ੍ਹਿਆ ਨਹੀਂ ਅਤੇ ‘ਹੌਨ ਡੈਟ’ ਨੂੰ ਪੜ੍ਹ ਨਹੀਂ ਸਕਦੇ। ਪਰ ਅਲਮਾਰੀਆਂ ਦੀ ਪੂਰੀ ਪੜਤਾਲ ਕਰਨ ਮਗਰੋਂ ਮੈਨੂੰ ਆਸ ਹੈ ਕਿ ਇਹ ਕਿਤਾਬ ਲੱਭ ਹੀ ਲਵਾਂਗਾ।
ਇਹ ਬਹੁਤ ਵੱਡੀ ਮੁਸ਼ਕਿਲ ਹੈ ਕਿ ਬਹੁਤੀਆਂ ਕਿਤਾਬਾਂ ਅਲਮਾਰੀਆਂ ਵਿਚ ਹੀ ਪਈਆਂ ਰਹਿੰਦੀਆਂ ਹਨ। ਖਾਸ ਕਰਕੇ ਜਦੋਂ ਕਿਤਾਬਾਂ ਦਾ ਮਾਲਕ ਇਸ ਸੰਸਾਰ ਤੋਂ ਚਲੇ ਜਾਂਦਾ ਹੈ ਤਾਂ ਉਸ ਦੀਆਂ ਕਿਤਾਬਾਂ ਦੀ ਕਿਸੇ ਨੂੰ ਲੋੜ ਨਹੀਂ ਰਹਿ ਜਾਂਦੀ। ਮੈਨੂੰ ਮਸ਼ਹੂਰ ਵਿਅੰਗ ਲੇਖਕ ਸੂਬਾ ਸਿੰਘ ਬਾਰੇ ਇਲਮ ਹੈ ਕਿ ਉਸ ਦੇ ਪੁੱਤਰ ਨੇ ਭਾਵੁਕਤਾ ਵੱਸ ਸੂਬਾ ਸਿੰਘ ਦੀ ਨਿਜੀ ਲਾਇਬਰੇਰੀ ਦੀਆਂ ਕਿਤਾਬਾਂ ਅਲਮਾਰੀ ਵਿਚ ਸਾਂਭ ਕੇ ਰੱਖੀਆਂ ਸਨ। ਹੁਣ ਤਾਂ ਉਸ ਦੀ ਵੀ ਮੌਤ ਹੋ ਗਈ ਹੈ। ਜਦੋਂ ਉਹ ਜਿਉਂਦਾ ਸੀ ਤਾਂ ਇਕ ਵਾਰੀ ਚੌਕ ਮਹਿਤਾ ਵਿਚ ਉਸ ਦੇ ਮਕਾਨ ਵਿਚ ਗਿਆ ਸਾਂ। “ਭਾਪਾ ਜੀ ਦੀਆਂ ਕਿਤਾਬਾਂ ਮੈਂ ਅਲਮਾਰੀ ਵਿਚ ਸਾਂਭ ਦਿਤੀਆਂ ਹਨ ਅਤੇ ਅਲਮਾਰੀ ਨੂੰ ਤਾਲਾ ਲਾ ਦਿੱਤਾ ਹੈ”, ਉਸ ਨੇ ਕਿਹਾ ਸੀ। ਉਦੋਂ ਵੀ ਮੈਂ ਪਹਿਲਾਂ ਹੱਸਿਆ ਸਾਂ ਅਤੇ ਫੇਰ ਰੋਇਆ ਸਾਂ। ਕਿਤਾਬਾਂ ਕਿਉਂਕਿ “ਭਾਪਾ ਜੀ ਦੀਆਂ” ਸਨ ਇਸ ਲਈ ਉਨ੍ਹਾਂ ਨੂੰ ਸਾਂਭਿਆ ਗਿਆ ਸੀ, ਪਰ ਕਿਤਾਬਾਂ ਅਲਮਾਰੀ ਵਿਚ ਬੰਦ ਸਨ ਅਤੇ ਉਨ੍ਹਾਂ ਨੂੰ ਪੜ੍ਹਨ ਵਾਲਾ ਕੋਈ ਨਹੀਂ ਸੀ। ਉਤੋਂ ਉਨ੍ਹਾਂ ਨੂੰ ਸਲਾਭ੍ਹਾ ਲੱਗ ਗਿਆ ਸੀ।
ਮੈਂ ਅਕਸਰ ਉਦਾਸ ਨਹੀਂ ਹੁੰਦਾ, ਖਾਸ ਕਰਕੇ ਮੌਤ ਦੀ ਸੰਭਾਵਨਾ ਤੋਂ ਤਾਂ ਕਦੇ ਵੀ ਨਹੀਂ। ਪਰ ਫਿਰ ਵੀ ਇਸ ਗੱਲ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ ਕਿ ਆਖਰਕਾਰ ਅੰਤ ਆਉਣਾ ਹੀ ਹੈ। ਮੈਂ ਆਪਣੇ ਪਰਿਵਾਰ ਨੂੰ ਕਈ ਵਾਰੀ ਕਿਹਾ ਹੈ ਕਿ ਮੇਰਾ ਅੰਤਿਮ ਸਸਕਾਰ ਬਿਜਲੀ ਵਾਲੇ ਯੰਤਰ ਨਾਲ ਕੀਤਾ ਜਾਵੇ। ਘੱਟੋ ਘੱਟ ਇਕ ਦਰਖਤ ਤਾਂ ਬਚੇਗਾ। ਨਾਲ ਹੀ ਕਈ ਵਾਰੀ ਕਿਹਾ ਹੈ ਕਿ ਮੇਰੀ ਮੌਤ ਤੋਂ ਬਾਅਦ ਕੋਈ ਧਾਰਮਿਕ ਰਸਮ ਨਾ ਕੀਤੀ ਜਾਵੇ। ਇਸ ਲਈ ਨਹੀਂ ਕਿ ਮੌਤ ਤੋਂ ਡਰਦਾ ਹਾਂ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਹਾਂ। ਇਸ ਲਈ ਕਰਦਾ ਹਾਂ ਕਿ ਕਦੇ ਕਦੇ ਮੌਤ ਤੋਂ ਬਾਅਦ ਦੀ ਗੱਲ ਵੀ ਕਰਨੀ ਚਾਹੀਦੀ ਹੈ। ਘਰ ਵਾਲੇ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਉਤੇ ਹੀ ਦੁਖੀ ਹੋ ਜਾਂਦੇ ਹਨ। ਕਹਿੰਦੇ ਹਨ ਕਿ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ।
ਮੈਂ ਤਾਂ ਸਿਰਫ ਇਸ ਲਈ ਕਹਿੰਦਾ ਹਾਂ ਕਿ ਮੌਤ ਦਾ ਕੋਈ ਭਰੋਸਾ ਨਹੀਂ ਹੈ। ਕੁਝ ਦਿਨ ਹੋਏ ਇਕ ਬਹੁਤ ਹੀ ਚੰਗੇ ਕੁਲੀਗ (ਪੰਜਾਬੀ ਟ੍ਰਿਬਿਊਨ) ਰਾਜਿੰਦਰ ਸੋਢੀ ਨੂੰ ਮੌਤ ਨੇ ਸਕਿੰਟਾਂ ਵਿਚ ਹੀ ਆਪਣੀ ਆਗੋਸ਼ ਵਿਚ ਲੈ ਲਿਆ। ਜਿਸ ਰਾਤ ਉਸ ਦੀ ਮੌਤ ਹੋਈ, ਉਸ ਤੋਂ ਪਹਿਲੀ ਸਵੇਰ ਉਹ ਮੇਰੇ ਕਮਰੇ ਵਿਚ ਆਇਆ ਸੀ ਅਤੇ ‘ਰਿਟਾਇਰਮੈਂਟ ਤੋਂ ਬਾਅਦ ਵਿਹਲਾ ਹੋ ਕੇ ਕਿਤਾਬਾਂ ਪੜ੍ਹਨ ਦਾ ਸ਼ੌਕ ਪੂਰਾ ਕਰਨ’ ਦੀ ਗੱਲ ਕਰ ਰਿਹਾ ਸੀ। ਉਂਜ ਵੀ ਉਹ ‘ਕਿਸ ਕਿਸ ਤਰ੍ਹਾਂ ਦੇ ਸਿਕੰਦਰ’ ਨਾਂ ਦੀ ਕਿਤਾਬ ਵਾਪਸ ਕਰਨ ਆਇਆ ਸੀ ਜਿਹੜੀ ਉਹ ਕੁਝ ਦਿਨ ਪਹਿਲਾਂ ਪੜ੍ਹਨ ਲਈ ਲੈ ਕੇ ਗਿਆ ਸੀ। ਉਸ ਨੂੰ ਦੂਜਾ ਦਿਨ ਦੇਖਣਾ ਨਸੀਬ ਨਹੀਂ ਸੀ।
ਇਸ ਲਈ ਆਪਣੀਆਂ ਕਿਤਾਬਾਂ ਵਿਚੋਂ ਕੁਝ ਤਾਂ ਮੈਂ ਮਾਛੀਵਾੜਾ ਦੇ ਇਕ ਸਕੂਲ ਨੂੰ ਦਾਨ ਕਰਨ ਲਈ ਹੁਣੇ ਹੀ ਚੁਣ ਲਈਆਂ ਹਨ। ਬਚਦੀਆਂ ਵੀ ਕਿਸੇ ਨਾ ਕਿਸੇ ਸਕੂਲ ਦੀ ਲਾਇਬਰੇਰੀ ਨੂੰ ਹੀ ਦੇਣ ਦਾ ਵਾਅਦਾ ਕਰਦਾ ਹਾਂ। ਮੈਨੂੰ ਪਤਾ ਹੈ ਕਿ ਅਲਮਾਰੀ ਵਿਚ ਪਈਆਂ ਕਿਤਾਬਾਂ ਨੂੰ ਸਿਉਂਕ ਖਾ ਜਾਵੇਗੀ, ਟਿੱਡੀਆਂ ਆਪਣਾ ਡੇਰਾ ਬਣਾਉਣਗੀਆਂ ਅਤੇ ਇਨ੍ਹਾਂ ਵਿਚੋਂ ਕਿਸੇ ਕਿਤਾਬ ਵਿਚ ਰੱਖਿਆ ’ਗੁਲਾਬ ਦਾ ਫੁੱਲ’ ਉਵੇਂ ਦਾ ਉਵੇਂ ਹੀ ਪਿਆ ਰਹਿ ਜਾਵੇਗਾ ਤੇ ਭਵਿੱਖ ਦਾ ਕੋਈ ਵੀ ਕਵੀ ਉਸ ਉਤੇ ਕੋਈ ਵੀ ਕਵਿਤਾ ਨਹੀਂ ਲਿਖੇਗਾ। ਕਿਉਂਕਿ ਅਲਮਾਰੀ ਵਿਚੋਂ ਜੇ ਕੋਈ ਕੱਢ ਕੇ ਪੜ੍ਹੇਗਾ ਹੀ ਨਹੀਂ ਤਾਂ ਉਸ ਨੂੰ ਫੁੱਲ ਕਿਵੇਂ ਲੱਭੇਗਾ?
ਬਾਬਾ ਫਰੀਦ ਜੀ ਦਾ ਇਕ ਸ਼ਲੋਕ ਹੈ ਜਿਸ ਵਿਚ ਉਹ ਕਹਿੰਦੇ ਹਨ ਕਿ ਦੁੱਖ ਸਿਰਫ ਕਿਸੇ ਇਕ ਬੰਦੇ ਨੂੰ ਹੀ ਨਹੀਂ ਹੁੰਦਾ ਸਗੋਂ ਸੰਸਾਰ ਦੇ ਸਾਰੇ ਲੋਕ ਹੀ ਦੁਖੀ ਹਨ। ਕੋਈ ਵੀ ਤਾਂ ਇਸ ਜਗਤ ਵਿਚ ਐਸਾ ਨਹੀਂ ਜਿਸ ਨੂੰ ਕਦੇ ਨਾ ਕਦੇ ਕੋਈ ਨਾ ਕੋਈ ਦੁੱਖ ਨਾ ਹੋਇਆ ਹੋਵੇ। ਪਰ ਫਿਰ ਵੀ ਅਜਿਹੇ ਮਨੁੱਖ ਹਨ ਜਿਹੜੇ ਦੁੱਖ ਨੂੰ ਵੀ ਸੁੱਖ ਕਰਕੇ ਜਾਣਦੇ ਹਨ। ਚੰਗੇ ਰਹਿੰਦੇ ਹਨ ਕਿਉਂਕਿ ਦੁੱਖ ਨੂੰ ਦੁੱਖ ਕਰਕੇ ਜਾਣਨ ਨਾਲ ਉਹ ਬੰਦਾ ਹੀ ਦੁਖੀ ਹੁੰਦਾ ਹੈ ਜਿਹੜਾ ਦੁੱਖ ਨੂੰ ਮਨਾਉਂਦਾ ਹੈ। ਇਸ ਬਾਰੇ ਓਸ਼ੋ ਰਜਨੀਸ਼ ਦਾ ਕਹਿਣਾ ਬਹੁਤ ਕਮਾਲ ਹੈ ਕਿ ਇਸ ਜ਼ਿੰਦਗੀ ਵਿਚ ਕੋਈ ਜਨਮ ਨਹੀਂ ਕੋਈ ਮੌਤ ਨਹੀਂ। ਇਥੇ ਤਾਂ ਬੰਦਾ ਇਕ ਮੁਸਾਫਰ ਵਾਂਗ ਆਉਂਦਾ ਹੈ ਅਤੇ ਯਾਤਰਾ ਮੁਕੰਮਲ ਕਰਕੇ ਚਲੇ ਜਾਂਦਾ ਹੈ। ਰਹਿ ਜਾਂਦੀਆਂ ਹਨ ਤਾਂ ਸਿਰਫ ਯਾਦਾਂ। ਰਜਨੀਸ਼ ਬਾਰੇ ਕਿਹਾ ਜਾਂਦਾ ਹੈ ਕਿ ਉਹ ਮਰੇ ਨਹੀਂ ਸਗੋਂ ਫਲਾਣੀ ਤਰੀਕ ਤੋਂ ਫਲਾਣੀ ਤਰੀਕ ਤਕ ਇਸ ਧਰਤੀ ਦੇ ਸਫਰ ਉਤੇ ਆਏ। ਸਫਰ ਦੇ ਖਤਮ ਹੋਣ ਉਤੇ ਚਲੇ ਗਏ।
ਆਮ ਆਦਮੀ ਇਸ ਤਰ੍ਹਾਂ ਦਾ ਨਿਰਲੇਪ ਨਹੀਂ ਹੋ ਸਕਦਾ ਕਿਉਂਕਿ ਉਸ ਨੂੰ ਹਰ ਕਦਮ ਉਤੇ ਲੜਾਈਆਂ ਲੜਨੀਆਂ ਪੈਂਦੀਆਂ ਹਨ। ਉਹ ਨਿੱਕੀਆਂ ਨਿੱਕੀਆਂ ਲੜਾਈਆਂ ਵਿਚ ਉਲਝਿਆ ਰਹਿੰਦਾ ਹੈ। ਚੰਡੀਗੜ੍ਹ ਦੇ ਮਰਹੂਮ ਸ਼ਾਇਰ ਕੁਮਾਰ ਵਿਕਲ ਦੀ ਕਵਿਤਾ ‘ਏਕ ਛੋਟੀ ਸੀ ਲੜਾਈ’ ਚੇਤੇ ਆ ਰਹੀ ਹੈ। ਪਰ ਉਸ ਦੀ ਲੜਾਈ ਨਿੱਕੀ ਜਿਹੀ ਨਹੀਂ ਸੀ। ਉਹ ਤਾਂ ਬਹੁਤ ਵੱਡੀ ਲੜਾਈ ਦੀ ਗੱਲ ਕਰ ਰਿਹਾ ਸੀ। ਨਾਲ ਹੀ ਇਹ ਵੀ ਚੇਤੇ ਆ ਰਿਹਾ ਹੈ ਕਿ ਬਹੁਤ ਸਾਰੀਆਂ ਕਿਤਾਬਾਂ ਹਾਲੇ ਵੀ ਅਣਪੜ੍ਹੀਆਂ ਰਹਿ ਗਈਆਂ ਹਨ ਜਿਨ੍ਹਾਂ ਨੂੰ ਪੜ੍ਹਨ ਦੀ ਇੱਛਾ ਹੈ। ਪਤਾ ਨਹੀਂ ਉਨ੍ਹਾਂ ਨੂੰ ਕਦੇ ਪੜ੍ਹਨ ਦਾ ਸਮਾਂ ਲਗੇਗਾ ਵੀ ਕਿ ਨਹੀਂ? ਇਹ ਗੱਲ ਨਿਰਾਸ਼ਾ ਵਾਲੀ ਨਹੀਂ ਸਗੋਂ ਉਦਾਸੀ ਵਾਲੀ ਹੈ। ਮਨਪਸੰਦ ਕਿਤਾਬਾਂ ਨਾ ਪੜ੍ਹ ਸਕਣ ਦੀ ਸੰਭਾਵਨਾ ਦੀ ਉਦਾਸੀ। ਐਨ ਉਸੇ ਤਰ੍ਹਾਂ ਦੀ ਉਦਾਸੀ ਜਿਸ ਤਰ੍ਹਾਂ ਦੀ ਅਸੀਂ ਵੀਅਤਨਾਮੀਆਂ ਦੀ ਅਮਰੀਕੀਆਂ ਉਤੇ ਹੋਈ ਜਿੱਤ ਉਤੇ ਭੋਗੀ ਸੀ।