ਉਤਰੀ ਅਮਰੀਕੀ ਪੰਜਾਬੀ ਕਹਾਣੀ-ਸੰਗ੍ਰਿਹ ‘ਪਰਵਾਸ ਤੋਂ ਆਵਾਸ ਵੱਲ’

ਜਾਵੇਦ ਬੂਟਾ
ਪ੍ਰੋ. ਹਰਭਜਨ ਸਿੰਘ, ਸੁਰਿੰਦਰ ਸੋਹਲ ਅਤੇ ਹਰਜਿੰਦਰ ਪੰਧੇਰ ਵਲੋਂ ਸੰਪਾਦਿਤ ਕਹਾਣੀ-ਸੰਗ੍ਰਿਹ ‘ਪਰਵਾਸ ਤੋਂ ਆਵਾਸ ਵੱਲ’ ਉਨ੍ਹਾਂ ਲਿਖਾਰੀਆਂ ਦਾ ਪਰਾਗਾ ਏ ਜੋ ਪੰਜਾਬੋਂ ਬਾਹਰ ਵਸਦਿਆਂ ਵੀ ਆਪਣੀ ਮਾਂ ਬੋਲੀ ਪੰਜਾਬੀ ਵਿਚ ਆਪਣੀਆਂ ਅਤੇ ਆਪਣੇ ਆਲੇ-ਦੁਆਲੇ ਵਸਦੇ ਪੰਜਾਬੀਆਂ ਦੀਆਂ ਔਕੜਾਂ ਅਤੇ ਦੁੱਖਾਂ-ਸੁੱਖਾਂ ਨਾਲ ਰੰਗੀ ਹਯਾਤੀ ਬਾਰੇ ਸੋਹਣੇ ਅਤੇ ਸੁਚੱਜੇ ਢੰਗ ਨਾਲ ਲਿਖ ਕੇ ਜੱਗ ਨਾਲ ਸਾਂਝ ਵਧਾ ਰਹੇ ਨੇ।

ਮੈਨੂੰ ਪਰਖ-ਪੜਚੋਲ ਬਾਰੇ ਕੋਈ ਖਾਸ ਤਜਰਬਾ ਨਹੀਂ, ਪਰ ਕਿਤਾਬ ਪੜ੍ਹਦਿਆਂ ਕਹਾਣੀਆਂ ਮੈਨੂੰ ਤੁੱਖਣਾ ਦਿੰਦੀਆਂ ਰਹੀਆਂ ਕਿ ਮੈਂ ਆਪਣੀ ਸੂਝ ਮੂਜਬ ਹੋਰਨਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਵਿਚ ਕੋਈ ਝਾਕਾ ਮਹਿਸੂਸ ਨਾ ਕਰਾਂ।
ਕਹਾਣੀਆਂ ਦੇ ਮੁੱਦਿਆਂ ਵੱਲ ਗੌਰ ਕਰੀਏ ਤਾਂ ਲਿਖਾਰੀਆਂ ਨੇ ਸੁਚੇਤ ਹੋ ਕੇ ਮੁੱਦਿਆਂ ਦੀ ਬਹੁਤ ਵਧੀਆ ਚੋਣ ਕੀਤੀ ਏ। ਹਰ ਮੁੱਦੇ ਉਤੇ ਲਿਖਾਰੀ ਦੀ ਪਕੜ ਬੜੀ ਪੀਡੀ ਅਤੇ ਉਚ-ਪੱਧਰੀ ਏ। ਮੁੱਦੇ ਬਾਰੇ ਡੂੰਘੀ ਜਾਣਕਾਰੀ, ਫੇਰ ਉਸ ਜਾਣਕਾਰੀ ਨੂੰ ਆਪਣੀ ਕਾਰੀਗਰੀ ਨਾਲ ਘੜ ਕੇ ਅਤੇ ਆਪਣੇ ਗੁਣਾਂ ਨਾਲ ਬਣਾ ਸੰਵਾਰ ਕੇ ਪਾਠਕ ਅੱਗੇ ਪੇਸ਼ ਕਰਨ ਲਈ ਵਧਾਈ ਉਨ੍ਹਾਂ ਦਾ ਹੱਕ ਬਣਦਾ ਹੈ। ਇਕੱਲੀ ਇਕੱਲੀ ਕਹਾਣੀ ਉਤੇ ਗੱਲ ਕਰਨਾ ਤਾਂ ਭੋਰਾ ਔਖਾ ਏ। ਇਸ ਲਈ ਪਰਾਗੇ ਦੀ ਸਭ ਤੋਂ ਪਹਿਲੀ ਕਹਾਣੀ ਤੋਂ ਹੀ ਗੱਲ ਛੋਹਨਾਂ।
ਸੁਰਿੰਦਰ ਸੋਹਲ ਦੀ ਕਹਾਣੀ ‘ਸ਼ੀਸ਼ੇ ‘ਤੇ ਜੰਮੀ ਬਰਫ’ ਪੜ੍ਹਦਿਆਂ ਇੰਜ ਜਾਪਦਾ ਸੀ ਜਿਵੇਂ ਮੈਂ ਪੜ੍ਹ ਨਹੀਂ ਰਿਹਾ ਬਲਕਿ ਦੇਖ ਰਿਹਾਂ। ਕਦੇ ਲੱਗਦਾ ਸੀ ਮੈਂ ਡਰਾਈਵਰ ਦੀ ਸੀਟ ਉਤੇ ਬੈਠਾ ਗੱਡੀ ਚਲਾ ਰਿਹਾਂ। ਕਦੇ ਦਾਰੂ ਨਾਲ ਰੱਜੇ ਗੋਰੇ ਵਾਂਗ ਅੰਤਾਂ ਦੀ ਠੰਢ ਵਿਚ ਬਾਹਰ ਸੜਕ ‘ਤੇ ਖਲੋਤਾ ਕੰਬ ਰਿਹਾਂ। ਕਦੇ ਆਪਣੇ ਅੰਦਰ ਉਘੜਨ ਵਾਲੀ ਬੇਵਿਸਾਹੀ ਨਾਲ ਹੱਥੋ-ਪਾਈ ਹੋ ਰਿਹਾਂ। ਇਹ ਕਹਾਣੀਕਾਰ ਦੇ ਗੁਣਾਂ ਦਾ ਕਮਾਲ ਏ। ਵਰਤੀ ਗਈ ਬੋਲੀ ਤੋਂ ਮੈਂ ਬਹੁਤਾ ਨਿਹਾਲ ਨਹੀਂ ਹੋਇਆ। ਇਸ ਕਹਾਣੀ ਨੂੰ ਉਤਰੀ ਅਮਰੀਕਾ ਦੇ ਮਾਹੌਲ ਵਿਚੋਂ ਕੱਢ ਕੇ ਜੱਗ ਵਿਚ ਕਿਸੇ ਵੀ ਮਾਹੌਲ ਵਿਚ ਰੱਖਿਆ ਜਾਵੇ ਤਾਂ ਇਹ ਕਹਾਣੀ ਉਥੋਂ ਦੀ ਹੋ ਜਾਏਗੀ।
ਹੋਰ ਵੀ ਕੁਝ ਕਹਾਣੀਆਂ ਜਿਵੇਂ ‘ਬਸ ਹੋਰ ਨਹੀਂ’, ‘ਮੈਨੂੰ ਬੀਬਾ ਕਬੂਤਰ ਚਾਹੀਦਾ’, Ḕਮੇਰਾ ਟਰੰਕ’, ‘ਅਰਥ’ ਵਗੈਰਾ ਵਧੀਆ ਹਨ। ਇਨ੍ਹਾਂ ਕਹਾਣੀਆਂ ਨੂੰ ਉਤਰੀ ਅਮਰੀਕਾ ਵਿਚੋਂ ਤੋੜ ਕੇ ਭਾਵੇਂ ਪਿੱਛੇ ਆਪਣੇ ਦੇਸ ਵਿਚ ਜਾ ਰੱਖੋ, ਇਨ੍ਹਾਂ ਦੀ ਦੱਖ ਨੂੰ ਉਥੇ ਕੋਈ ਘਾਟਾ ਨਹੀਂ ਪਵੇਗਾ, ਉਥੇ ਵੀ ਫੱਬਣਗੀਆਂ।
‘ਸੱਪ ਤੇ ਨਿਓਲਾ’ ਵਿਚ ਕੁਲਜੀਤ ਮਾਨ ਨੇ ਬੰਦੇ ਦੇ ਅੰਦਰਲੇ ਕੱਚ-ਪੱਕ, ਟੁੱਟ-ਭੱਜ, ਇਕਲਾਪੇ ਅਤੇ ਅਧੂਰੇ ਹੋਣ ਦੇ ਡਰ ਤੋਂ ਅੱਡ ‘ਹਿਊਮੈਨ ਸੁਸਾਇਟੀ’ ਦੇ ਬੰਦੇ ਨਾਲ ਬਲਦੀਪ ਦੀ ਗੱਲਬਾਤ ਬਹੁਤ ਵਧੀਆ ਤੇ ਮਨ-ਖਿੱਚਵੀਂ ਉਲੀਕੀ ਏ।
‘ਵਿਆਹ’ ਕਹਾਣੀ ਦਾ ਨਾਂ ਵਿਆਹ ਈ ਹੋਣਾ ਚਾਹੀਦਾ ਸੀ। ਮੈਂ ‘ਵਿਆਹ’ ਰੱਜ ਰੱਜ ਕੇ ਖਾਂਦਾ ਵੀ ਰਿਹਾਂ। ਮੁੱਦੇ ਦੀ ਥਾਂ ਵਿਆਹ ਦਾ ਖਿਲਾਰ ਭੋਰਾ ਬਹੁਤਾ ਈ ਹੋ ਗਿਆ ਜਾਪਦਾ ਏ। ਮੁੱਦਾ ਬਹੁਤ ਗੰਭੀਰ ਏ। ਦੋਹਾਂ ਪੱਖਾਂ ਦੇ ਟਾਕਰੇ ਦਾ ਖਿਲਾਰ ਪਸਾਰ ਅਤੇ ਖੇਤਰ, ਵਿਆਹ ਦੇ ਖਿਲਾਰ ਨਾਲੋਂ ਵਧੇਰਾ ਮੋਕਲਾ ਹੋਣਾ ਚਾਹੀਦਾ ਸੀ।
ਜੇ ਅਸੀਂ ਉਤਰੀ ਅਮਰੀਕੀ ਕਹਾਣੀ ਨੂੰ ਮੁੱਖ ਰੱਖੀਏ ਤਾਂ ਮੇਰੀ ਜਾਚੇ ਪ੍ਰੋ. ਹਰਭਜਨ ਸਿੰਘ ਦੀ ਕਹਾਣੀ ‘ਰੂਹ ‘ਤੇ ਉਕਰੇ ਚਿੱਤਰ’ ਇਸ ਮੇਚੇ ਵਿਚ ਪੂਰੀ ਆਉਂਦੀ ਏ। ਇਸੇ ਤਰ੍ਹਾਂ ਹਰਮੋਹਿੰਦਰ ਚਹਿਲ ਦੀ ਕਹਾਣੀ ‘ਕਰਜ਼’, ਰਾਠੀ ਸੂਰਾਪੁਰੀ ਦੀ ਕਹਾਣੀ ‘ਲੇਖਾ ਜੋਖਾ’, ਮੁਮਤਾਜ਼ ਹੁਸੈਨ ਦੀ ਕਹਾਣੀ ‘ਗਲੇ ‘ਚ ਗੰਢ-ਕੰਨ ਵਿਚ ਤੇਲ’ ਦੀ ਬੁਣਤਰ ਭਾਵੇਂ ਭੋਰਾ ਢਿੱਲੀ ਜਾਪਦੀ ਏ ਪਰ ਪੀੜ ਦੀ ਸਾਂਝ ਬੜੀ ਕਰੜੀ ਏ। ਇਨ੍ਹਾਂ ਕਹਾਣੀਆਂ ਨੂੰ ਉਤਰੀ ਅਮਰੀਕਾ ਦੇ ਪਿਛੋਕੜ ਚੋਂ ਕੱਢਣਾ ਤਾਂ ਇਕ ਪਾਸੇ ਰਿਹਾ, ਹਿਲਾਇਆ ਵੀ ਨਹੀਂ ਜਾ ਸਕਦਾ। ਇਨ੍ਹਾਂ ਕਹਾਣੀਆਂ ਦਾ ਮੁੱਦਾ ਅਤੇ ਥਾਂ ਈ ਉਤਰੀ ਅਮਰੀਕਾ ਏ।
ਮੇਰੇ ਵਿਚਾਰ ਮੂਜਬ ਉਤਰੀ ਅਮਰੀਕੀ ਪੰਜਾਬੀ ਕਹਾਣੀ ਇਕ ਗੁੱਤ ਵਾਂਗ ਹੋਣੀ ਚਾਹੀਦੀ ਏ। ਜਿਵੇਂ ਖਿਲਰੇ ਵਾਲਾਂ ਦੀਆਂ ਤਿੰਨ ਲਿਟਾਂ ਬਣਾ ਕੇ ਗੁੱਤ ਗੁੰਦੀ ਜਾਂਦੀ ਏ। ਮੈਂ ਸਮਝਨਾਂ ਏਸ ਗੁੱਤ ਦੀਆਂ ਤਿੰਨ ਲਿਟਾਂ ਵਿਚੋਂ ਇਕ ਲਿਟ ਸਾਡਾ ਪਿਛੋਕੜ ਏ, ਮਤਲਬ ਜਿਸ ਸਮਾਜ ਵਿਚੋਂ ਅਸੀਂ ਆਏ ਆਂ, ਜਿਨ੍ਹਾਂ ਰਸਮਾਂ-ਰੀਤਾਂ ਦਾ ਤਾਣਾ-ਪੇਟਾ ਸਾਡੇ ਅੰਦਰ ਉਣਿਆ ਹੋਇਆ ਏ, ਅੱਖਾਂ ਖੋਲ੍ਹਦਿਆਂ ਜਿਸ ਰਹਿਤਲ ਦੀ ਬਹਿਣੀ-ਖਲੋਣੀ ਅਸੀਂ ਦੇਖੀ। ਗੁੱਤ ਦੀ ਦੂਸਰੀ ਲਿਟ ਉਤਰੀ ਅਮਰੀਕਾ ਦੇ ਜਿਸ ਸਮਾਜ ਵਿਚ ਆ ਕੇ ਅਸਾਂ ਵਾਸਾ ਕੀਤਾ ਏ। ਇਥੋਂ ਦੀਆਂ ਰਸਮਾਂ-ਰੀਤਾਂ ਦਾ ਤਾਣਾ-ਪੇਟਾ ਤੇ ਰਹਿਤਲ, ਜਿਹਨੂੰ ਅਸੀਂ ਜੱਫਾ ਵੀ ਮਾਰਨੇ ਆਂ, ਉਹਦੇ ਤੋਂ ਪਰ੍ਹੇ ਵੀ ਦੌੜਨੇ ਆਂ। ਪਿਆਰ ਵੀ ਕਰਨੇ ਆਂ ਅਤੇ ਡਰਨੇ ਵੀ ਆਂ। ਤੀਸਰੀ ਲਿਟ ਅਸੀਂ ਆਪ। ਸਾਡਾ ਅੰਦਰ-ਬਾਹਰ, ਕੱਲ੍ਹ ਅਤੇ ਭਲਕ, ਜੋ ਇਨ੍ਹਾਂ ਦੋਹਾਂ ਵੱਖੋ-ਵੱਖਰੀਆਂ ਰਸਮਾਂ-ਰੀਤਾਂ, ਰਹਿਤਲਾਂ ਦੀ ਬਹਿਣੀ-ਖਲੋਣੀ ਦੇ ਤਾਣੇ-ਪੇਟੇ ਨਾਲ ਇਕ ਇਕ ਪਲ ਖਿੱਚ-ਧਰੂ ਕਰ ਰਿਹਾ ਏ।
ਇਨ੍ਹਾਂ ਤਿੰਨਾਂ ਲਿਟਾਂ ਨੂੰ ਗੁੰਦ ਕੇ ਜੋ ਕਹਾਣੀ ਲਿਖੀ ਜਾਏਗੀ, ਉਹ ਉਤਰੀ ਅਮਰੀਕੀ ਕਹਾਣੀ ਦੇ ਮੇਚੇ ਵਿਚ ਪੂਰੀ ਢੁਕਵੀਂ ਆਵੇਗੀ ਅਤੇ ਕਦੇ ਵੀ ਕੋਈ ਉਸ ਕਹਾਣੀ ਨੂੰ ਉਤਰੀ ਅਮਰੀਕੀ ਕਹਾਣੀ ਦੇ ਨਾਂ ਤੋਂ ਵਾਂਝਾ ਨਹੀਂ ਕਰ ਸਕਦਾ।
ਬੋਲੀ ਵੀ ਬਹੁਤ ਵਧੀਆ ਵਰਤੀ ਗਈ ਏ। ਕਈ ਥਾਂਵੇਂ ਤਾਂ ਬਹੁਤ ਸਵਾਦ ਆਇਆ ਏ। ਬੋਲੀ ਪਾਰੋਂ ਬਹੁਤਾ ਈ ਸੁਚੇਤ ਜਾਂ ਆਦਤ ਹੱਥੋਂ ਬੇਵੱਸ ਹੋ ਕੇ ਮੈਂ ਏਨਾ ਈ ਆਖਾਂਗਾ:
ਸਾਡੇ ਕੋਲ ‘ਜ਼ਨਾਨੀ’ ਹੈ, ਔਰਤ ਦੀ ਕੀ ਲੋੜ ਏ?
ਚਿਹਰਾ, ‘ਮੁੱਖ’ ਨਾਲੋਂ ਸੋਹਣਾ ਨਹੀਂ ਹੁੰਦਾ।
‘ਪਾਰੋਂ’, ‘ਕਾਰਨ’, ‘ਸਦਕਾ’, ‘ਤਫੈਲ’ ਨਾਲ ਸਾਡਾ ਭੰਡਾਰ ਭਰਿਆ ਪਿਆ ਏ। ਫੇਰ ਸਾਨੂੰ ‘ਬਦੌਲਤ’ ਲਈ ਮੰਗਤਿਆਂ ਵਾਂਗ ਝੋਲੀ ਅੱਡਣ ਦੀ ਕੀ ਲੋੜ ਏ?