ਰਾਜਿੰਦਰ ਸਿੰਘ ਬੇਦੀ ਦਾ ਬੁਰਜ

‘ਪੰਜਾਬ ਟਾਈਮਜ਼’ ਦੇ 20 ਜਨਵਰੀ ਦੇ ਅੰਕ ਵਿਚ ਉਰਦੂ ਲਿਖਾਰੀ ਰਾਜਿੰਦਰ ਸਿੰਘ ਬੇਦੀ ਬਾਰੇ ਪ੍ਰੋ. ਪ੍ਰੀਤਮ ਸਿੰਘ ਦੇ ਛਪੇ ਲੇਖ ਨੂੰ ਅੱਗੇ ਤੋਰਦਿਆਂ ਪਟਿਆਲਾ ਵੱਸਦੇ ਬਜ਼ੁਰਗ ਪ੍ਰੋਫੈਸਰ ਮੇਵਾ ਸਿੰਘ ਤੁੰਗ ਨੇ ਇਹ ਲਿਖਤ ਭੇਜੀ ਹੈ ਜੋ ਉਨ੍ਹਾਂ ਕੁਝ ਅਰਸਾ ਪਹਿਲਾਂ ਲਿਖੀ ਸੀ। ਇਸ ਵਿਚ ਬੇਦੀ ਦੀ ਸਾਹਿਤਕਾਰੀ ਬਾਰੇ ਕਈ ਸੂਖਮ ਗੱਲਾਂ ਉਭਾਰੀਆਂ ਹਨ। ਇਹ ਲੇਖ ਪੁੱਜਦਾ ਕਰਨ ਲਈ ਪ੍ਰੋ. ਹਰਪਾਲ ਸਿੰਘ ਪਨੂੰ ਦਾ ਵੀ ਧੰਨਵਾਦ।

-ਸੰਪਾਦਕ
ਪ੍ਰੋ. ਮੇਵਾ ਸਿੰਘ ਤੁੰਗ
ਫੋਨ: +91-96462-47926
ਰਾਮ ਸਰੂਪ ਅਣਖੀ ਨੇ ਕਿਹਾ ਸੀ ਕਿ ‘ਰਾਜਿੰਦਰ ਸਿੰਘ ਬੇਦੀ ਫਿਲਮਾਂ ਨਾਲ ਜੁੜਿਆ ਹੋਇਆ ਸੀ ਤੇ ਫਿਲਮੀ ਕਹਾਣੀਆਂ ਲਿਖਦਾ ਸੀ, ਪਤਾ ਨਹੀਂ, ਉਸ ਨੇ ਇਕ ਨਾਵਲ ਕਿਵੇਂ ਲਿਖ ਲਿਆ! ਬਸ ਇਕ ਨਾਵਲ ਤੇ ਕੁਝ ਕਹਾਣੀਆਂ!’ ਇਹ ਟਿੱਪਣੀ ਅਸਲੀਅਤ ਦੇ ਉਲਟ ਤੇ ਤੱਥ-ਵਿਹੀਨ ਹੋਣ ਕਾਰਣ ਮੈਨੂੰ ਲਗਾਤਾਰ ਚੁਭਦੀ ਰਹੀ ਹੈ। ਇਸ ਲਈ ਮੈਂ ਇਸ ਦੀ ਤਰਦੀਦ ਕਰਨੀ ਚਾਹੁੰਦਾ ਹਾਂ, ਤਾਂ ਜੋ ਪਾਠਕਾਂ ਨੂੰ ਬੇਦੀ ਬਾਰੇ ਅਸਲੀਅਤ ਦਾ ਪਤਾ ਲੱਗ ਸਕੇ।
ਰਾਜਿੰਦਰ ਸਿੰਘ ਬੇਦੀ ਉਰਦੂ ਦੇ ਉਨ੍ਹਾਂ ਤਿੰਨ ਅਫਸਾਨਾ-ਨਵੀਸਾਂ ਵਿਚੋਂ ਇਕ ਹੈ ਜੋ ਪਹਿਲੇ ਹੱਲੇ ਹੀ ਉਰਦੂ ਅਫਸਾਨੇ ਨੂੰ ਨਵੇਂ ਧਰਾਤਲ ‘ਤੇ ਲੈ ਗਏ ਅਤੇ ਉਰਦੂ ਅਫਸਾਨਾ ਮੁਕੰਮਲ ਤੌਰ ‘ਤੇ ਜਦੀਦ ਬਣ ਗਿਆ। ਇਸ ਗਰੁੱਪ ਦੇ ਦੂਜੇ ਦੋ ਮੈਂਬਰ ਕ੍ਰਿਸ਼ਨ ਚੰਦਰ ਤੇ ਸਆਦਤ ਹਸਨ ਮੰਟੋ ਹਨ। ਇਨ੍ਹਾਂ ਦੇ ਪਹਿਲੇ ਕਹਾਣੀ ਸੰਗ੍ਰਿਹਾਂ ‘ਨਜ਼ਾਰੇ’, ‘ਧੂੰਆਂ’ ਅਤੇ ‘ਗ੍ਰਹਿਣ’ ਨੇ ਉਰਦੂ ਅਫਸਾਨੇ ਦੀ ਦੁਨੀਆਂ ਬਦਲ ਕੇ ਰੱਖ ਦਿੱਤੀ। ਇਹ ਤਿੰਨੇ ਕਿਰਤਾਂ ਉਸ ਨੂੰ ਉਰਦੂ ਨਾਵਲ ਅਤੇ ਕਥਾ ਸਮਰਾਟ ਪ੍ਰੇਮ ਚੰਦ ਤੋਂ ਵੀ ਅੱਗੇ ਲੈ ਗਈਆਂ। ਇਹ ਗੱਲ ਉਰਦੂ ਅਫਸਾਨੇ ਨੂੰ ਉਰਦੂ ਵਿਚ ਸਖਤ ਜਾਂ ਨੱਕਾਦ ਮੁਹੰਮਦ ਹਸਨ ਅਦਕਾਰੀ ਜੋ ਆਪ ਵੀ ਵੱਡਾ ਕਹਾਣੀਕਾਰ ਸੀ, ਨੇ ਉਦੋਂ ਹੀ ਮੰਨ ਲਈ ਸੀ। ਉਹ ਕ੍ਰਿਸ਼ਨ ਚੰਦਰ ਦੀ ਕਥਾ ਪੁਸਤਕ ‘ਪੁਰਾਣੇ ਖੁਦਾ’ ਦੇ ਮੁਖਬੰਦ ਵਿਚ ਲਿਖਦਾ ਹੈ ਕਿ ਇਹ ਲੇਖਕ ਪ੍ਰੇਮ ਚੰਦ ਦੇ ਬਰਾਬਰ ਦਾ ਹੈ, ਸਗੋਂ ਉਸ ਤੋਂ ਵੀ ਅੱਗੇ ਹੈ। ਆਧੁਨਿਕਤਾ ਦੇ ਨੁਕਤੇ ਤੋਂ ਇਹ ਗੱਲ ਬਿਲਕੁਲ ਸਹੀ ਹੈ ਅਤੇ ਇੰਨ ਬਿੰਨ ਮੰਟੋ ਅਤੇ ਬੇਦੀ ਉਤੇ ਵੀ ਲਾਗੂ ਹੁੰਦੀ ਹੈ। ਬੇਦੀ ਦਾ ਮਜਮੂਨ ‘ਗ੍ਰਹਿਣ’ ਅਤੇ ‘ਮੰਟੋ ਦਾ ਧੂੰਆਂ’, ਕ੍ਰਿਸ਼ਨ ਚੰਦਰ ਦੇ ‘ਨਜ਼ਾਰੇ’ ਦੇ ਬਰਾਬਰ ਹੀ ਹਨ।
ਪਿਛੋਂ ਜਾ ਕੇ ਇਸ ਗਰੁੱਪ ਵਿਚ ਖਾਜਾ ਅਹਿਮਦ ਅੱਬਾਸ, ਇਸਮਤ ਚੁਗਤਾਈ, ਅਹਿਮਦ ਨਦੀਮ ਕਾਸਮੀ ਤੇ ਬਲਵੰਤ ਸਿੰਘ ਵੀ ਸ਼ਾਮਿਲ ਹੋ ਗਏ ਤੇ ਉਰਦੂ ਅਫਸਾਨੇ ਦੇ ਡੰਕੇ ਵੱਜ ਗਏ। ਪੰਜਾਬੀ ਵਿਚ ਇਸ ਵੰਨਗੀ ਦੀ ਕਹਾਣੀ ਕਰਤਾਰ ਸਿੰਘ ਦੁੱਗਲ, ਸੰਤ ਸਿੰਘ ਸੇਖੋਂ, ਦੇਵਿੰਦਰ ਸਤਿਆਰਥੀ ਅਤੇ ਨੌਰੰਗ ਸਿੰਘ ਨੇ ਲਿਆਂਦੀ।
ਰਾਜਿੰਦਰ ਸਿੰਘ ਬੇਦੀ ਨੇ ਫਿਲਮਾਂ ਲਈ ਹੀ ਕਹਾਣੀਆਂ ਨਹੀਂ ਲਿਖੀਆਂ, ਸਗੋਂ ਉਸ ਨੇ ਕਹਾਣੀ ਉਦੋਂ ਲਿਖਣੀ ਸ਼ੁਰੂ ਕੀਤੀ ਸੀ, ਜਦੋਂ ਉਹ ਲਾਹੌਰ ਡਾਕਖਾਨੇ ਵਿਚ ਸੱਠ ਰੁਪਈਏ ਦੀ ਤਨਖਾਹ ਪਾ ਰਿਹਾ ਸੀ ਅਤੇ ਸਾਹਿਤ ਤੇ ਜੀਵਨ ਲਈ ਕਰੜਾ ਸੰਘਰਸ਼ ਕਰ ਰਿਹਾ ਸੀ। ਉਨ੍ਹਾਂ ਵਕਤਾਂ ਵਿਚ ਲਿਖੀਆਂ ਕਹਾਣੀਆਂ ਵਿਚੋਂ ਇਕ ਕਹਾਣੀ ‘ਗਰਮ ਕੋਟ’ ਸੀ, ਜਿਸ ‘ਤੇ ਬਹੁਤ ਪਿਛੋਂ ਜਾ ਕੇ ਫਿਲਮ ਬਣੀ। ਉਸ ਦੀਆਂ ਕਹਾਣੀਆਂ ‘ਲਾਜਵੰਤੀ’, ‘ਅਪਨੇ ਦੁਖ ਮੁਝੇ ਦੇ ਦੋ’ ਅਤੇ ‘ਬੱਬਲ’ ਪਹਿਲਾਂ ਸਾਹਿਤ ਦਾ ਸ਼ਿੰਗਾਰ ਬਣੀਆਂ ਅਤੇ ਫਿਲਮਾਂ ਵਿਚ ਉਨ੍ਹਾਂ ਨੂੰ ਬਹੁਤ ਬਾਅਦ ਵਿਚ ਪਲਟਾਇਆ ਗਿਆ।
ਉਰਦੂ ਦੇ ਇਹ ਤਿੰਨੇ ਕਹਾਣੀਕਾਰ ਲਾਹੌਰ ਵਿਚ ਇਕੱਠੇ ਵਿਚਰਦੇ ਰਹੇ। ਕ੍ਰਿਸ਼ਨ ਚੰਦਰ ਅੰਗਰੇਜ਼ੀ ਦੀ ਐਮ.ਏ. ਸੀ ਅਤੇ ਉਸ ਨੂੰ ਉਰਦੂ, ਅੰਗਰੇਜ਼ੀ ਤੇ ਯੂਰਪੀ ਅਦਬ ਦਾ ਵਿਸ਼ਾਲ ਅਧਿਐਨ ਹਾਸਿਲ ਸੀ। ਮੰਟੋ ਅਲੀਗੜ੍ਹ ਯੂਨੀਵਰਸਿਟੀ ਵਿਚ ਐਫ਼ਏ. ਦੇ ਉਰਦੂ ਪਰਚੇ ਵਿਚ ਚਾਰ ਵਾਰੀ ਫੇਲ੍ਹ ਹੋਣ ਕਾਰਣ ਪੜ੍ਹਾਈ ਵਿਚੇ ਛੱਡ ਕੇ ਭੱਜ ਗਿਆ। ਉਹ ਬਾਰੀ ਅਲੀਗ ਦੀ ਵਜ੍ਹਾ ਕਰ ਕੇ ਅਫਸਾਨਾ ਨਵੀਸ ਬਣਿਆ। ਬਾਰੀ ਅਲੀਗ ਨੇ ਮੰਟੋ ਤੋਂ ਰੂਸੀ, ਫ੍ਰੈਂਚ ਅਤੇ ਅੰਗਰੇਜ਼ੀ ਦੀਆਂ ਕਹਾਣੀਆਂ ਦਾ ਤਰਜਮਾ ਉਰਦੂ ਵਿਚ ਕਰਾਇਆ ਜਿਸ ਕਰ ਕੇ ਉਸ ਨੂੰ ਕਹਾਣੀ ਕਲਾ ਅਤੇ ਵਿਹਾਰਕ ਸਮਝ ਦੀ ਜਾਚ ਆਪਣੇ ਆਪ ਆ ਗਈ। ਬੇਦੀ ਨੇ ਇਹ ਕਲਾ ਵੱਡੇ ਲੇਖਕਾਂ ਦੀਆਂ ਕਿਰਤਾਂ ਪੜ੍ਹ ਕੇ ਸਿੱਖੀ। ਉਹ ਰੂਸੀ ਲੇਖਕ ਚੈਖਵ ਤੋਂ ਬਹੁਤ ਪ੍ਰਭਾਵਿਤ ਹੈ ਅਤੇ ਕਹਾਣੀ ਕਲਾ ਟੈਕਨੀਕ, ਤਖਲੀਕੀ ਤਕਾਜ਼ੇ ਉਹਦੇ ਵਾਂਗਰ ਹੀ ਨਿਭਾ ਰਿਹਾ ਹੁੰਦਾ ਹੈ। ਉਸ ਨੂੰ ਪੜ੍ਹਦਿਆਂ ਚੈਖਵ ਦਾ ਭੁਲੇਖਾ ਪੈ ਜਾਣਾ ਕੁਦਰਤੀ ਹੈ। ਮੇਰੇ ਖਿਆਲ ਵਿਚ ਸ਼ਿਵ ਸ਼ੰਕਰ ਪਿਲੈ, ਆਰ. ਕੇ. ਨਾਰਾਇਣ, ਪੀ. ਰਾਜੂ ਅਤੇ ਮੋਹਨ ਰਾਕੇਸ਼ ਤੋਂ ਛੁੱਟ ਕੋਈ ਹੋਰ ਲੇਖਕ ਚੈਖਵ ਤੋਂ ਇੰਨਾ ਪ੍ਰਭਾਵਿਤ ਨਹੀਂ ਹੈ, ਜਿੰਨਾ ਬੇਦੀ। ਉਸ ਨੂੰ ਉਰਦੂ ਅਫਸਾਨੇ ਦਾ ਸਿਖਰ ਤੇ ਆਦਰਸ਼ ਮੰਨਿਆ ਗਿਆ। ਉਸ ਨੂੰ ਬੇਪਨਾਹ ਸਤਿਕਾਰ ਤੇ ਇੱਜਤ ਮਿਲੀ।
ਪੰਜਾਬੀ ਵਿਚ ਉਸ ਦੇ ਦੋ ਕਹਾਣੀ ਸੰਗ੍ਰਿਹ ‘ਘਰ ਵਿਚ, ਬਾਜ਼ਾਰ ਵਿਚ’ ਅਤੇ ‘ਹੱਡੀਆਂ ਤੇ ਫੁੱਲ’ ਦੇਸ ਵੰਡ ਤੋਂ ਪਹਿਲਾਂ ਹੀ ਛਪ ਕੇ ਵਿਕ ਗਏ ਸਨ। ਹਿੰਦੀ ਵਿਚ ਉਸ ਦੀਆਂ ਕਿਤਾਬਾਂ ਦਾ ਛਪਣਾ ਕੁਦਰਤੀ ਸੀ, ਪਰ ਮੈਂ ਪਹਿਲੀ ਵਾਰ ਹਿੰਦੀ ਵਿਚ ਉਸ ਦੀ ਕਿਤਾਬ ‘ਲਾਜਵੰਤੀ’ ਪੜ੍ਹੀ ਸੀ। ਇਹ ਅਲਾਹਬਾਦ ਤੋਂ ਬੇਦੀ ਦੇ ਦੋਸਤ ਉਪਿੰਦਰ ਨਾਥ ਅਸ਼ਕ ਨੇ ਅੱਜ ਤੋਂ ਸੱਠ ਸਾਲ ਪਹਿਲਾਂ ਆਪਣੇ ਨੀਲਾਭ ਪ੍ਰਕਾਸ਼ਨ ਵੱਲੋਂ ਛਾਪੀ ਸੀ। ਪ੍ਰੋ. ਪ੍ਰਤੀਮ ਸਿੰਘ ਨੇ ਉਸ ਦੀਆਂ ਸਾਰੀਆਂ ਕਹਾਣੀਆਂ ਪੰਜਾਬੀ ਵਿਚ ਤਰਜਮਾ ਕਰ ਕੇ ਛਪਵਾਈਆਂ। ਪ੍ਰੀਤਮ ਸਿੰਘ ਨਾਲ ਇਸ ਸਬੰਧੀ ਗੱਲ ਕਰਦਿਆਂ ਮੈਂ ਕਿਹਾ ਸੀ, ਉਹਦੀ ਕਹਾਣੀ ਨਿਹਾਇਤ ਸੰਜਮੀ, ਤਿੱਖੀ ਤੇ ਭਾਵ ਨਿਅੰਤ੍ਰਣ ਨਾਲ ਭਰਪੂਰ ਹੁੰਦੀ ਹੈ, ਉਸ ਵਿਚੋਂ ਨਾ ਕੋਈ ਸ਼ਬਦ ਕੱਢਿਆ ਜਾ ਸਕਦਾ ਹੈ ਤੇ ਨਾ ਪਾਇਆ ਜਾ ਸਕਦਾ ਹੈ। ਪ੍ਰੋ. ਪ੍ਰੀਤਮ ਸਿੰਘ ਪੂਰੀ ਤਰ੍ਹਾਂ ਮੇਰੇ ਨਾਲ ਸਹਿਮਤ ਹੋਏ।
ਕੁਝ ਕਹਾਣੀਆਂ ਨਹੀਂ, ਬੇਦੀ ਦੇ ਦਸ ਕਹਾਣੀ ਸੰਗ੍ਰਿਹ ਉਰਦੂ ਵਿਚ ਛਪੇ ਹਨ। ਉਨ੍ਹਾਂ ਵਿਚ ਉਸ ਦੀਆਂ ਫਿਲਮਾਂ ਲਈ ਲਿਖੀਆਂ ਕਹਾਣੀਆਂ ਸ਼ਾਮਲ ਨਹੀਂ ਹਨ। ਉਸ ਦੇ ਪ੍ਰਸਿਧ ਕਹਾਣੀ ਸੰਗ੍ਰਿਹ ਹਨ: ‘ਗ੍ਰਹਿਣ’, ‘ਦਾਨਾ ਓਦਾਮ’, ‘ਕੋਖਜਲੀ’, ‘ਅਪਨੇ ਦੁਖ ਮੁਝੇ ਦੇ ਦੋ’, ‘ਲਾਜਵੰਤੀ’, ‘ਬੱਬਲ’ ਆਦਿ। ਇਸ ਤੋਂ ਛੁੱਟ ਉਸ ਦੇ ਉਰਦੂ ਵਿਚ ਛੇ ਨਾਵਲ ਛਪੇ ਹਨ। ਪੰਜਾਬੀ ਵਿਚ ਛਪਿਆ ਨਾਵਲ ‘ਇਕ ਚਾਦਰ ਅੱਧੋਰਾਣੀ’ ਹੈ। ਇਹ ਉਰਦੂ ਵਿਚ ਲਿਖਿਆ ਉਸ ਦਾ ਪਹਿਲਾ ਨਾਵਲ ਸੀ। ਉਰਦੂ ਵਿਚ ਇਸ ਦਾ ਨਾਮ ‘ਇਕ ਚਾਦਰ ਮੈਲੀ ਸੀ’ ਹੈ। ਪੰਜਾਬੀ ਵਿਚ ਇਸ ਦਾ ਤਰਜਮਾ ਅੰਮ੍ਰਿਤਾ ਪ੍ਰੀਤਮ ਨੇ ਕੀਤਾ ਸੀ ਜੋ ਸਭ ਤੋਂ ਪਹਿਲਾਂ ਐਸ਼ ਸਵਰਨ ਦੇ ਮਾਸਕ ਪੱਤਰ ‘ਚੇਤਨਾ’ ਦਿੱਲੀ ਵਿਚ ਛਪਿਆ ਸੀ। ‘ਇਕ ਚਾਦਰ ਅੱਧੋਰਾਣੀ’ ਨਾਂ ਵੀ ਅੰਮ੍ਰਿਤਾ ਪ੍ਰੀਤਮ ਨੇ ਦਿੱਤਾ ਸੀ ਜੋ ਕਿਤਾਬ ਦੇ ਉਰਦੂ ਨਾਂ ਤੋਂ ਵੱਧ ਢੁਕਵਾਂ ਹੈ ਅਤੇ ਕਿਤਾਬ ਦੇ ਮਫਹੂਮ ਨੂੰ ਵੱਧ ਕਾਮਯਾਬੀ ਨਾਲ ਪੇਸ਼ ਕਰਦਾ ਤੇ ਸਮਝਦਾ ਹੈ। ‘ਸਾਤ ਖੇਲ’ ਉਸ ਦੇ ਉਰਦੂ ਵਿਚ ਲਿਖੇ ਰੇਡੀਓ ਰੂਪਕਾਂ ਦਾ ਸੰਗ੍ਰਿਹ ਹੈ। ਪਿਛਲੀ ਉਮਰ ਵਿਚ ਉਸ ਨੇ ਪ੍ਰੋਜ਼-ਪੋਇਮਜ਼ ਲਿਖਣੀਆਂ ਸ਼ੁਰੂ ਕੀਤੀਆਂ ਸਨ, ਪਰ ਇਨ੍ਹਾਂ ਦੀ ਸੰਖਿਆ ਜ਼ਿਆਦਾ ਨਹੀਂ ਹੈ।
ਬੇਦੀ ਦੀ ਬੇਸ਼ਕ ਆਪਣੇ ਪੁੱਤਰ ਨਰਿੰਦਰ ਨਾਲ ਅਣਬਣ ਰਹਿੰਦੀ ਸੀ, ਪਰ ਉਹ ਆਪਣੇ ਪੁੱਤਰ-ਮੋਹ ਵਿਚ ਮਰਿਆ ਪਿਆ ਸੀ। ਨਰਿੰਦਰ ਬੇਦੀ ਨੇ ਇਕ ਫਿਲਮ ਵੀ ਬਣਾਈ ਜੋ ਫੇਲ੍ਹ ਹੋ ਗਈ। ਨਰਿੰਦਰ ਦੀ ਭਰ ਜਵਾਨੀ ਵਿਚ ਮੌਤ ਹੋ ਗਈ ਜੋ ਰਾਜਿੰਦਰ ਸਿੰਘ ਨੂੰ ਜਿਉਂਦੇ ਜੀਅ ਮਾਰ ਗਈ। ਇਸੇ ਕਾਰਣ ਉਸ ਨੂੰ ਅਧਰੰਗ ਦਾ ਦੌਰਾ ਪਿਆ ਜਿਸ ਤੋਂ ਉਹ ਕਦੇ ਠੀਕ ਨਾ ਹੋ ਸਕਿਆ। ਉਸ ਦੀ ਯਾਦਦਾਸ਼ਤ ਖਤਮ ਹੋ ਗਈ। ਉਹ ਕਦੇ ਜੇ ਕੋਈ ਕਿਤਾਬ ਪੜ੍ਹਦਾ ਤਾਂ ਨਾਲ ਹੀ ਭੁੱਲ ਜਾਂਦਾ। ਮੇਰੇ ਨਾਲ ਵੀ ਹੁਣ ਕਰੀਬ ਇਹੋ ਹੋ ਰਿਹਾ ਹੈ।
ਜਦੋਂ ਬਹੁਤ ਵਰ੍ਹੇ ਲਾਸ਼ ਦੀ ਜ਼ਿੰਦਗੀ ਜਿਉਂਦੇ ਨੂੰ ਲੰਘ ਗਏ ਤਾਂ ਉਰਦੂ ਦੇ ਦਰਜਨ ਤੋਂ ਵੱਧ ਅਦੀਬਾਂ ਵੱਲੋਂ ਬੇਦੀ ਦੇ ਨਾਮ ਅਪੀਲ ਅਖਬਾਰਾਂ ਵਿਚ ਛਪੀ ਕਿ ਉਸ ਨੂੰ ਉਰਦੂ ਅਫਸਾਨੇ ਨੂੰ ਫਾਰਖਤੀ ਨਹੀਂ ਦੇਣੀ ਚਾਹੀਦੀ। ਹਰ ਹਾਲਤ ਵਿਚ ਉਹ ਉਰਦੂ ਦੀ ਤਰੱਕੀ ਲਈ ਲਿਖਣਾ ਸ਼ੁਰੂ ਕਰੇ। ਇਹ ਅਪੀਲ ਉਨ੍ਹਾਂ ਨੇ ਡਾ. ਰਾਮਾ ਚੰਦ ਸਾਗਰ ਤੇ ਸਲੀਮ ਖਾਨ ਨੂੰ ਕਦੇ ਨਹੀਂ ਕੀਤੀ। ਵਿਡੰਬਨਾ ਇਹ ਹੈ ਕਿ ਅਪੀਲ ਕਰਨ ਵਾਲਿਆਂ ਨੇ ਨਹੀਂ ਸੋਚਿਆ, ਉਸ ਉਤੇ ਕੀ ਬੀਤ ਰਹੀ ਹੈ। ਜੇ ਚਿੰਤਾ ਕੀਤੀ ਵੀ ਤਾਂ ਏਨੀ ਕਿ ਉਹ ਕਹਾਣੀਆਂ ਕਿਉਂ ਨਹੀਂ ਲਿਖਦਾ। ਇਹ ਵੀ ਤਾਂ ਹੋ ਸਕਦਾ ਸੀ ਕਿ ਉਸ ਦੇ ਚੰਗੇ ਇਲਾਜ ਦਾ ਪ੍ਰਬੰਧ ਕੀਤਾ ਜਾਂਦਾ। ਉਸ ਨੂੰ ਰੂਸ, ਅਮਰੀਕਾ ਜਾਂ ਯੂਰਪ ਵਿਚ ਇਲਾਜ ਲਈ ਭੇਜਿਆ ਜਾਂਦਾ। ਕਿਆ ਸਰਪ੍ਰਸਤੀ ਤੇ ਸਹਾਇਤਾ ਹੈ ਕਿ ਉਸ ਤੋਂ ਮਰੇ ਪਏ ਤੋਂ ਹੋਰ ਕਹਾਣੀਆਂ ਦੀ ਮੰਗ ਕੀਤੀ ਜਾ ਰਹੀ ਸੀ! ਇਸ ਤਰ੍ਹਾਂ ਹੀ ਭੌਰ ਉਡਾਰੀ ਮਾਰ ਗਿਆ।
ਮੁਜਤਬਾ ਹੁਸੈਨ ਆਪਣੀ ਕਿਤਾਬ ‘ਖਾਕੇ’ ਵਿਚ ਲਿਖਦਾ ਹੈ: ਜਦੋਂ ਮੈਂ ਉਸ ਦੀ ਮੌਤ ਦੀ ਖਬਰ ਪੜ੍ਹੀ ਤਾਂ ਮੈਂ ਇਸ ਨੂੰ ਚੰਗਾ ਜਾਂ ਮਾੜਾ ਨਹੀਂ ਕਹਿ ਸਕਿਆ। ਉਹ ਜ਼ਿੰਦਗੀ ਹੱਥੋਂ ਜਿੱਚ ਪੈ ਚੁਕਾ ਸੀ, ਠਿੱਠ ਹੋ ਚੁਕਾ ਸੀ। ਹੱਦ ਹੋ ਗਈ। ਇਹ ਸਤਰਾਂ ਲਿਖਦਿਆਂ ਮੇਰੀਆਂ ਅੱਖਾਂ ਨਮ ਹੋ ਗਈਆਂ ਹਨ। ਮੈਨੂੰ ਅੰਮ੍ਰਿਤਾ ਦੀ ਸਤਰ ਯਾਦ ਆ ਰਹੀ ਹੈ ਜੋ ਪਾਠਕਾਂ ਨਾਲ ਸਾਂਝੀ ਕਰਨੀ ਚਾਹਾਂਗਾ:
ਤੇਰੇ ਜਿਹੇ ਕੋਈ ਰਿੰਦ ਨਾ ਰੋਜ਼ ਆਉਂਦੇ
ਸਾਕੀ ਜਿਨ੍ਹਾਂ ਤੋਂ ਆਪ ਕੁਰਬਾਨ ਹੁੰਦਾ।
ਸਵਾਲ ਕੁਝ ਜਾਂ ਬੜਾ ਕੁਝ ਦਾ ਨਹੀਂ। ਅਦਬ ਵਿਚ ਸਵਾਲ ਮੈਰਿਟ ਦਾ ਹੁੰਦਾ ਹੈ, ਮਿਆਰ ਦਾ ਹੁੰਦਾ ਹੈ, ਕਲਾ ਦਾ, ਹੁਸਨ ਤੇ ਜਮਾਲ ਦਾ ਹੁੰਦਾ ਹੈ। ਇਹ ਸਾਰਾ ਕੁਝ ਸਿਫਤੀ ਪੱਧਰ ‘ਤੇ ਰਾਜਿੰਦਰ ਸਿੰਘ ਬੇਦੀ ਵਿਚ ਮੌਜੂਦ ਹੈ। ਗਿਣਤੀ ਦੇ ਪੱਖੋਂ ਵੀ ਉਸ ਦੀਆਂ ਕਹਾਣੀਆਂ ਸੌ ਦੇ ਕਰੀਬ ਹਨ। ਉਨ੍ਹਾਂ ਦੀ ਗਿਣਤੀ ਤਿੰਨ ਜਾਂ ਪੰਜ ਸੌ ਹੀ ਹੋਵੇ, ਜ਼ਰੂਰੀ ਨਹੀਂ। ਪੰਜਾਬੀ ਵਿਚ ਸੰਤ ਸਿੰਘ ਸੇਖੋਂ ਦੀ ਇਕ ਕਿਤਾਬ ‘ਸਮਾਚਾਰ’ ਹੀ ਕਾਫੀ ਸੀ। ਉਸ ਦੇ ਅਗਲੇ ਸੰਗ੍ਰਿਹ ਨਾ ਵੀ ਛਪਦੇ ਤਾਂ ਕੋਈ ਫਰਕ ਨਹੀਂ ਸੀ ਪੈਣਾ। ਮਹਿੰਦਰ ਸਿੰਘ ਸਰਨਾ ਦੀ ਕਿਤਾਬ ‘ਪੱਥਰ ਦੋ ਆਦਰ’ ਹੀ ਬਹੁਤ ਸੀ।
ਸੱਜਾਦ ਜ਼ਹੀਰ ਨੇ ਪੰਜ ਕਹਾਣੀਆਂ ਲਿਖ ਕੇ ਹੀ ਯੁੱਗ ਪਲਟਾ ਦਿੱਤਾ। ‘ਅੰਗਾਰੇ’ ਛਪਣ ਨਾਲ ਏਡੀ ਵੱਡੀ ਅਦਬੀ ਤਹਿਰੀਕ ਪੈਦਾ ਹੋਈ ਕਿ ਹੇਠਲੀ ਉਤੇ ਆ ਗਈ। ਉਰਦੂ ਅਦਬ ਵਿਚ ਤਰੱਕੀਪਸੰਦਾਂ ਦੀ ਉਹ ਹਨੇਰੀ ਝੁੱਲੀ ਕਿ ਪੂਰੇ ਵੀਹ ਸਾਲ ਉਸ ਨੂੰ ਥੰਮ੍ਹਣ ਵਿਚ ਲੱਗੇ। ਕ੍ਰਿਸ਼ਨ ਚੰਦਰ ਤੇ ਬੇਦੀ ਅਖੀਰ ਤੱਕ ਝੰਡਾ ਬਰਦਾਰ ਬਣੇ ਰਹੇ ਜਦੋਂ ਕਿ ਮੈਕਸਿਮ ਗੋਰਕੀ ਨੂੰ ਗੁਰੂ ਮੰਨ ਕੇ ਚੱਲਣ ਵਾਲਾ ਮੰਟੋ ਇਸ ਤੋਂ ਬੇਮੁੱਖ ਹੋ ਗਿਆ। ਉਸ ਨੂੰ ਆਪਣੀ ਮਰਜ਼ੀ ਕਰਨ ਦਾ ਹੱਕ ਹੈ।
ਫਿਰ ਮਜ਼ੇ ਦੀ ਗੱਲ ਇਹ ਹੈ ਕਿ ‘ਅੰਗਾਰੇ’ ‘ਤੇ ਦੋ ਮਹੀਨੇ ਦੇ ਅੰਦਰ ਹੀ ਪਾਬੰਦੀ ਲੱਗ ਗਈ। ਅੰਗਰੇਜ਼ ਦਾ ਜ਼ਮਾਨਾ ਸੀ, ਸੋ ਬਚੀਆਂ ਕਾਪੀਆਂ ਕਿਤਾਬਾਂ ਵੇਚਣ ਵਾਲਿਆਂ ਨੇ ਸਾੜ ਦਿੱਤੀਆਂ। ਮੁੜ ਕੇ ਕਦੇ ਕਿਸੇ ਨੂੰ ਇਹ ਕਿਤਾਬ ਵੇਖਣ ਲਈ ਨਹੀਂ ਮਿਲੀ, ਪਰ ਇਸ ਨੇ ਜੋ ਕੀਤਾ, ਸਭ ਨੂੰ ਪਤਾ ਹੈ।
ਇਕੋਤ੍ਰ ਸੌ ਸਾਲ ਪਹਿਲਾਂ ਪੰਡਤ ਚੰਦਰਧਰ ਸ਼ਰਮਾ ਗੁਲੇਰੀ ਨੇ ਹਿੰਦੀ ‘ਚ ਇਕ ਕਹਾਣੀ ਲਿਖੀ ਸੀ, ‘ਉਸ ਨੇ ਕਹਾ ਥਾ’। ਕਰਤਾ ਤੇ ਕਿਰਤਮ ਦੋਵੇਂ ਥਿਰ ਹੋ ਗਏ। ਹਿੰਦੀ ਸਾਹਿਤ ਦੇ ਇਤਿਹਾਸ ਵਿਚ ਪੰਡਤ ਜੀ ਦਾ ਨਾਮ ਹਮੇਸ਼ਾ ਲਈ ਅਮਰ ਹੋ ਗਿਆ। ਉਹ ਕਹਾਣੀ ਵਾਰ ਵਾਰ ਪ੍ਰੀਖਿਆ ਕੋਰਸਾਂ ਲਈ ਚੁਣੀ ਜਾਂਦੀ ਰਹੀ ਹੈ। ਉਸ ‘ਤੇ ਫਿਲਮ ਵੀ ਬਣੀ ਤੇ ਲੱਖਾਂ-ਕਰੋੜਾਂ ਰੁਪਏ ਕਮਾਏ ਗਏ, ਪਰ ਕਿਸੇ ਨੂੰ ਕੋਈ ਲੈਣ ਦੇਣ ਨਹੀਂ। ਪੰਡਤ ਜੀ ਨੇ ਦੋ ਕਹਾਣੀਆਂ ਹੋਰ ਵੀ ਲਿਖੀਆਂ ਜਿਨ੍ਹਾਂ ਨੂੰ ਕੋਈ ਪੜ੍ਹਦਾ ਹੀ ਨਹੀਂ। ਕੁਝ ਵਰ੍ਹੇ ਹੋਏ ਦੋ ਰਿਸਰਚ ਸਕਾਲਰਾਂ ਨੇ ਗੁਲੇਰੀ ਜੀ ਦੀਆਂ ਦੋ ਕਹਾਣੀਆਂ ਹੋਰ ਵੀ ਲੱਭੀਆਂ, ਪਰ ਕਿਸੇ ਨੇ ਕੋਈ ਪਰਵਾਹ ਨਾ ਕੀਤੀ। ਜਨਮਾਨਸ ਅਤੇ ‘ਉਸ ਨੇ ਕਹਾ ਥਾ’ ਇਸ ਤਰ੍ਹਾਂ ਘੁਲਮਿਲ ਗਏ ਕਿ ਕਿਸੇ ਨੇ ਕਦੇ ਕੁਝ ਹੋਰ ਜਾਣਨ ਦੀ ਇੱਛਾ ਨਾ ਕੀਤੀ। ਸੋ, ਸਿੱਧ ਹੈ ਸਿਫਤੀ ਪੱਧਰ ‘ਤੇ ਪ੍ਰਾਪਤੀ ਹੀ ਫੈਸਲਾਕੁਨ ਹੁੰਦੀ ਹੈ, ਸਭ ਗਿਣਤੀ ਮਿਣਤੀ ਸਿਫਰ।