ਫੁੱਟਬਾਲ ਦੇ ਮੈਦਾਨ ਤੋਂ ਰਾਸ਼ਟਰਪਤੀ ਦੇ ਅਹੁਦੇ ਤੱਕ: ਜਾਰਜ ਵੇਅਹ

ਪਰਦੀਪ, ਸੈਨ ਹੋਜੇ
ਫੋਨ: 408-540-4547
ਹੁਣੇ ਹੁਣੇ ਅਫਰੀਕੀ ਦੇਸ਼ ਲਾਇਬੇਰੀਆ ਦੀਆਂ ਚੋਣਾਂ ਹੋਈਆਂ ਹਨ। ਚੋਣਾਂ ਜਿੱਤ ਕੇ ਰਾਸ਼ਟਰਪਤੀ ਬਣਿਆ ਆਗੂ ਜਾਰਜ ਵੇਅਹ ਕਦੇ ਫੁਟਬਾਲ ਦਾ ਬਾਦਸ਼ਾਹ ਹੁੰਦਾ ਸੀ। ਉਹਦਾ ਜਨਮ ਪਹਿਲੀ ਅਕਤੂਬਰ 1966 ਨੂੰ ਕਲਾਰਾ ਟਾਊਨ ਜੋ ਲਾਇਬੇਰੀਆ ਦੀ ਰਾਜਧਾਨੀ ਮਨਰੋਵੀਆ ਤੋਂ ਥੋੜ੍ਹਾ ਬਾਹਰਵਾਰ ਹੈ, ਵਿਚ ਹੋਇਆ। ਜਾਰਜ ਦਾ ਬਚਪਨ ਝੋਂਪੜੀਆਂ ਵਿਚ ਗੁਜ਼ਰਿਆ। ਮਾਂ-ਬਾਪ ਦੇ ਅਲੱਗ ਹੋਣ ਪਿਛੋਂ ਜਾਰਜ ਦੀ ਦਾਦੀ ਏਮਾ ਬਰਾਊਨ ਨੇ ਪਰਿਵਾਰ ਦੇ ਹੋਰ ਬੱਚਿਆਂ ਨਾਲ ਉਸ ਦਾ ਪਾਲਣ ਪੋਸਣ ਕੀਤਾ।

ਜਾਰਜ ਨੇ ਹਾਈ ਸਕੂਲ ਦੀ ਪੜ੍ਹਾਈ ਵਿਚਾਲੇ ਹੀ ਛੱਡ ਕੇ ਫੁਟਬਾਲ ਖੇਡਣਾ ਸ਼ੁਰੂ ਕਰ ਦਿੱਤਾ। ਆਪਣੀ ਫੁੱਟਬਾਲ ਕਲਾ ਕਰ ਕੇ ਉਹ ਸਥਾਨਕ ਕਲੱਬਾਂ ਲਈ ਖੇਡਣ ਲੱਗਾ। ਜਾਰਜ ਨੇ ਉਦੋਂ ਉਚੀ ਉਡਾਰੀ ਮਾਰੀ, ਜਦੋਂ ਫਰਾਂਸ ਦੀ ਮਸ਼ਹੂਰ ਕਲੱਬ ਮਨਾਕੋ ਨੇ ਉਸ ਨੂੰ ਖੇਡਣ ਦਾ ਸੱਦਾ ਦਿਤਾ। ਉਸ ਸਮੇਂ ਮਨਾਕੋ ਦਾ ਕੋਚ ਅਰਸੇਨ ਵੈਂਗਰ ਸੀ, ਜੋ ਹੁਣ ਇੰਗਲੈਂਡ ਦੀ ਕਲੱਬ ਅਰਸਨਲ ਦਾ ਕੋਚ ਹੈ। ਕੋਚ ਵੱਲੋਂ ਕੀਤੀ ਮਦਦ ਕਰ ਕੇ ਜਾਰਜ ਉਸ ਦੀ ਬਹੁਤ ਇੱਜਤ ਕਰਦਾ ਹੈ। ਜਾਰਜ ਨੇ ਕੋਚ ਨੂੰ ਆਪਣੇ ਸਹੁੰ ਚੁੱਕ ਸਮਾਗਮ ਵਿਚ ਆਉਣ ਲਈ ਸੱਦਾ ਪੱਤਰ ਵੀ ਭੇਜਿਆ ਹੈ। ਮਨਾਕੋ ਕਲੱਬ ਤੋਂ ਸ਼ੁਰੂ ਕੀਤਾ ਸਫਰ ਉਸ ਨੂੰ ਉਚੀ ਉਡਾਣ ‘ਤੇ ਲੈ ਗਿਆ। ਜਾਰਜ ਬਤੌਰ ਸਟਰਾਈਕਰ ਖੇਡਦਾ ਸੀ; ਇਸੇ ਕਰ ਕੇ ਉਸ ਨੇ ਅਨੇਕਾਂ ਖੂਬਸੂਰਤ ਗੋਲ ਕੀਤੇ। 1988 ਤੋਂ ਲੈ ਕੇ 2003 ਤੱਕ ਉਹ ਪੇਸ਼ੇਵਰ ਫੁਟਬਾਲਰ ਵਜੋਂ ਖੇਡਿਆ। ਉਹ ਯੂਰਪ ਦੀਆਂ ਕਈ ਮਸ਼ਹੂਰ ਕਲੱਬਾਂ ਲਈ ਵੀ ਖੇਡਿਆ ਜਿਨ੍ਹਾਂ ਵਿਚ ਮਨਾਕੋ, ਪੀ.ਐਸ਼ਜੀ, ਮਰਸਾਈਲ, ਫਰਾਂਸ ਦੀਆਂ ਕਲੱਬਾਂ ਹਨ; ਏ.ਸੀ. ਮਿਲਾਨ ਇਟਲੀ ਅਤੇ ਚੈਲਸੀ, ਮਾਨਚੈਸਟਰ ਸਿਟੀ ਇੰਗਲੈਂਡ ਦੀਆਂ ਕਲੱਬਾਂ ਹਨ; ਜਾਰਜ ਅਲ-ਜਜ਼ੀਰਾ (ਯੂ.ਏ.ਈ.) ਸ਼ਾਮਲ ਹਨ। ਇਨ੍ਹਾਂ ਕਲੱਬਾਂ ਲਈ ਖੇਡਦਿਆਂ ਜਾਰਜ ਨੇ 411 ਮੈਚਾਂ ਵਿਚ 193 ਗੋਲ ਕੀਤੇ। ਲਾਇਬੇਰੀਆ ਲਈ ਉਸ ਨੇ 60 ਮੈਚ ਖੇਡੇ ਅਤੇ 22 ਗੋਲ ਕੀਤੇ। ਜਾਰਜ ਤਿੰਨ ਵਾਰੀ ਅਫਰੀਕਾ ਦਾ ਸਰਵੋਤਮ ਫੁਟਬਾਲਰ ਚੁਣਿਆ ਗਿਆ। 1995 ਵਿਚ ਜਾਰਜ ਨੂੰ ਦੁਨੀਆਂ ਦੇ ਸਰਵੋਤਮ ਫੁਟਬਾਲਰ ਦਾ ਸਨਮਾਨ ਮਿਲਿਆ। ਇਹ ਰੁਤਬੇ ਪਾਉਣ ਵਾਲਾ ਜਾਰਜ ਇਕੋ-ਇਕ ਅਫਰੀਕੀ ਖਿਡਾਰੀ ਹੈ। ਲਾਇਬੇਰੀਆ ਕਦੇ ਵੀ ਸੰਸਾਰ ਕੱਪ ਵਿਚ ਭਾਗ ਨਹੀਂ ਲੈ ਸਕਿਆ, ਇਸ ਕਰ ਕੇ ਜਾਰਜ ਕਦੇ ਵੀ ਸੰਸਾਰ ਕੱਪ ਵਿਚ ਨਹੀਂ ਖੇਡ ਸਕਿਆ।
ਜਾਰਜ ਦਾ ਨਾਮ ਉਨ੍ਹਾਂ ਤਿੰਨ ਮਹਾਨ ਫੁਟਬਾਲਰਾਂ ਵਿਚ ਆਉਂਦਾ ਹੈ, ਜੋ ਇਸ ਖੇਡ ਦਾ ਸਭ ਤੋਂ ਵੱਡਾ ਟੂਰਨਾਮੈਂਟ ਨਹੀਂ ਖੇਡੇ। ਦੂਜੇ ਦੋ ਖਿਡਾਰੀ ਹਨ-ਜਾਰਜ ਬੈਸਟ (ਆਇਰਲੈਂਡ) ਤੇ ਅਲਫਰੈਡੋ ਡੀ ਸਟੈਫਨੋ (ਅਰਜਨਟਾਈਨਾ-ਸਪੇਨ)। ਮਹਾਨ ਪੇਲੇ ਦੀ 100 ਮਹਾਨ ਫੁਟਬਾਲਰਾਂ ਦੀ ਸੂਚੀ ਵਿਚ ਜਾਰਜ ਦਾ ਨਾਮ ਵੀ ਸ਼ਾਮਲ ਹੈ। 2004 ਵਿਚ ਜਾਰਜ ਨੂੰ ਈ.ਐਸ਼ਪੀ.ਵਾਈ. ਐਵਾਰਡ ਸ਼ੋਅ ਵਿਚ ਆਰਥਰ ਐਸ਼ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਹ ਸੰਯੁਕਤ ਰਾਸ਼ਟਰ ਲਈ ਗੁੱਡਵਿਲ ਅੰਬੈਸਡਰ ਵੀ ਰਿਹਾ।
ਖੇਡਣ ਤੋਂ ਪਿਛੋਂ ਜਾਰਜ ਨੇ ਮਿਆਮੀ (ਯੂ.ਐਸ਼ਏ.) ਤੋਂ ਬਿਜਨੈਸ ਦੀ ਡਿਗਰੀ ਹਾਸਲ ਕੀਤੀ। ਅਮਰੀਕਾ ਵਿਚ ਹੀ ਉਸ ਨੇ ਜਮਾਇਕਨ-ਅਮਰੀਕਨ ਔਰਤ ਕਲਾਰ ਨਾਲ ਵਿਆਹ ਕਰਵਾਇਆ। ਜਾਰਜ ਦੇ ਤਿੰਨ ਬੱਚੇ ਹਨ। ਉਸ ਦਾ ਇਕ ਪੁੱਤਰ ਟਿਮਥੀ ਵੇਅਹ ਪਿਛਲੇ ਸਾਲ ਭਾਰਤ ਵਿਚ ਹੋਏ ਅੰਡਰ-17 ਸੰਸਾਰ ਕੱਪ ਵਿਚ ਅਮਰੀਕਾ ਦੀ ਟੀਮ ਵੱਲੋਂ ਖੇਡਿਆ ਸੀ। ਟਿਮਥੀ ਵੱਲੋਂ ਕੀਤੇ ਗਏ ਅਚੰਭੇ ਭਰੇ ਗੋਲਾਂ ਨੇ ਉਸ ਨੂੰ ਮਸ਼ਹੂਰ ਕਰ ਦਿੱਤਾ। ਉਸ ਦੀ ਇਸ ਖੂਬਸੂਰਤ ਖੇਡ ਕਰ ਕੇ ਫਰਾਂਸ ਦੀ ਕਲੱਬ ਪੀ.ਐਸ਼ਜੀ. ਨੇ ਉਸ ਨੂੰ ਜੂਨੀਅਰ ਟੀਮ ਵਿਚ ਲੈ ਲਿਆ।
ਜਾਰਜ ਵੇਅਹ ਨੇ 22 ਜਨਵਰੀ ਨੂੰ ਲਾਇਬੇਰੀਆ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕ ਲਈ, ਪਰ ਉਸ ਦਾ ਇਹ ਸਫਰ ਸੌਖਾ ਨਹੀਂ। ਲਾਇਬੇਰੀਆ ਦਹਾਕਿਆਂ ਤੋਂ ਚਲੀ ਆ ਰਹੀ ਖਾਨਾਜੰਗੀ, ਗਰੀਬੀ ਤੇ ਈਬੋਲਾ ਵਾਇਰਸ ਨਾਲ ਬੁਰੀ ਤਰ੍ਹਾਂ ਟੁੱਟ ਚੁਕਾ ਹੈ। ਮੰਜ਼ਿਲ ਔਖੀ ਅਤੇ ਰੁਕਾਵਟਾਂ ਭਰੀ ਹੈ, ਫਿਰ ਵੀ ਜਾਰਜ ਦੀ ਹਿੰਮਤ ਉਤੇ ਮਾਣ ਹੈ। ਆਸ ਅਤੇ ਦੁਆ ਕਰਦੇ ਹਾਂ ਕਿ ਫੁੱਟਬਾਲ ਦੇ ਬਾਦਸ਼ਾਹ ਤੋਂ ਦੇਸ਼ ਦਾ ਬਾਦਸ਼ਾਹ ਬਣ ਕੇ ਜਾਰਜ ਕਾਮਯਾਬ ਹੋਵੇ।