ਹੂਕੜਾਂ ਭਰਾਵਾਂ ਦਾ ਜਾਗ੍ਰਿਤੀ ਮੰਥਨ

ਗੁਲਜ਼ਾਰ ਸਿੰਘ ਸੰਧੂ
ਪਿਛਲੇ ਦਿਨਾਂ ਵਿਚ ਮੈਨੂੰ Ḕਹੂਕੜਾਂ ਬ੍ਰਦਰਜ਼ ਦੇ ਐਵੈਰਨੈਸ ਮਿਸ਼ਨḔ ਦੀ ਝਲਕ ਵੇਖਣ ਨੂੰ ਮਿਲੀ। ਮੈਂ ਇਸ ਮਿਸ਼ਨ ਨੂੰ ਉਪਰ ਲਿਖਿਆ ਪੰਜਾਬੀ ਨਾਂ ਦਿੱਤਾ ਹੈ। ਨਾਂ ਵਿਚ ਕੀ ਪਿਆ ਏ? ਆਪਾਂ ਤਿੰਨਾਂ ਭਾਈਆਂ ਦੇ ਉਪਕਾਰ ਕਾਰਜਾਂ ਦੀ ਗੱਲ ਕਰੀਏ।

ਤਹਿਸੀਲ ਤੇ ਜ਼ਿਲਾ ਹੁਸ਼ਿਆਰਪੁਰ ਵਿਚ 172 ਹੈਕਟੇਅਰ ਰਕਬੇ ਤੇ 909 ਜੀਆਂ ਦੀ ਅਬਾਦੀ ਵਾਲਾ ਇੱਕ ਛੋਟਾ ਜਿਹਾ ਪਿੰਡ ਹੈ, ਹੁਸ਼ਿਆਰਪੁਰ-ਫਗਵਾੜਾ ਮਾਰਗ ਉਤੇ, ਹੂਕੜਾਂ। ਇਸ ਪਿੰਡ ਦੇ ਤਿੰਨ ਭਰਾਵਾਂ ਨੇ ਰਲ ਕੇ ਉਪਰੋਕਤ ਸਮਾਜ ਸੇਵੀ ਸੰਸਥਾ ਬਣਾ ਰਖੀ ਹੈ ਜਿਸ ਦਾ ਮੂਲ ਮੰਤਵ ਪਛੜੇ ਵਰਗ ਦੇ ਛੋਟੇ ਬੱਚਿਆਂ ਨੂੰ ਵਾਤਾਵਰਣ ਸਿਖਿਆ, ਇਸਤਰੀ ਸ਼ਕਤੀ, ਦੇਸ਼ ਪਿਆਰ ਤੇ ਆਮ ਜਾਗ੍ਰਿਤੀ ਪ੍ਰਦਾਨ ਕਰਨਾ ਹੈ। ਵਸੀਲੇ ਜੁਟਾਉਣ ਵਾਲੇ ਤਾਂ ਮੋਹਨ ਲਾਲ ਤੇ ਰਾਮ ਜੀਤ ਹਨ ਪਰ ਭਜ ਨੱਠ ਕਰਨ ਦਾ ਜਿੰਮਾ ਰਾਮ ਦਿਆਲ ਦਾ ਹੈ। ਪਹਿਲਾ ਭਰਾ 2017 ਵਿਚ ਬਾਰਡਰ ਸਕਿਉਰਿਟੀ ਫੋਰਸ ਵਿਚ ਡੀ. ਆਈ. ਜੀ. ਸੀ, ਦੂਜਾ ਨਵੋਦਿਆ ਪ੍ਰਣਾਲੀ ਵਿਚ ਅਸਿਸਟੈਂਟ ਕਮਿਸ਼ਨਰ ਹੈ ਤੇ ਖੁਦ ਰਾਮ ਦਿਆਲ ਚੰਡੀਗੜ੍ਹ ਪੁਲਿਸ ਵਿਚ ਲੋਕ ਸੰਪਰਕ ਅਫਸਰ ਹੈ।
ਪਿਛਲੇ ਦਿਨਾਂ ਵਿਚ ਰਾਮ ਦਿਆਲ ਹੁਸ਼ਿਆਰਪੁਰ ਜ਼ਿਲੇ ਦੇ ਬਸੀ ਕਲਾਂ, ਬੋਹੜ, ਜਿਆਣ ਚੱਬੇਵਾਲ, ਪਹਿਲਾਂਵਾਲੀ ਤੇ ਨਸਰਾਲਾ ਦੇ ਸਰਕਾਰੀ ਸਕੂਲਾਂ ਦੇ 500 ਮੁੰਡਿਆਂ ਨੂੰ ਦੌਰੇ ‘ਤੇ ਲੈ ਕੇ ਚੰਡੀਗੜ੍ਹ ਆਇਆ। ਉਨ੍ਹਾਂ ਹਾਈਕੋਰਟ ਤੇ ਸੈਕਟਰੀਏਟ ਅਤੇ ਪੰਜਾਬ ਯੂਨੀਵਰਸਿਟੀ ਕੈਂਪਸ ਹੀ ਨਹੀਂ ਵੇਖੇ-ਜਾਣੇ, ਨੇਕ ਚੰਦ ਦਾ ਰਾਕ ਗਾਰਡਨ, ਸੁਖਨਾ ਝੀਲ ਤੇ ਟ੍ਰਿਬਿਊਨ ਸੰਸਥਾ ਦਾ ਰੰਗ-ਢੰਗ ਵੀ। ਰਿਹਾਇਸ਼ ਦਾ ਪ੍ਰਬੰਧ ਸੈਕਟਰ 44 ਦੇ ਗੁਰਦੁਆਰਾ ਸਾਹਿਬ ਵਿਚ ਸੀ ਜਿੱਥੇ ਦਾਸ ਨੂੰ ਉਨ੍ਹਾਂ ਨਾਲ ਗੱਲਾਂ ਕਰਨ ਦਾ ਮੌਕਾ ਮਿਲਿਆ। ਸ਼ਿਰਕਤ ਕਰਨ ਵਾਲੇ ਪਾੜ੍ਹੇ ਸੀਨੀਅਰ ਸੈਕੰਡਰੀ ਸਕੂਲਾਂ ਤੋਂ ਆਏ ਸਨ ਅਤੇ ਉਨ੍ਹਾਂ ਦੇ ਅਧਿਆਪਕ ਤੇ ਦੂਜੇ ਸਹਾਇਕ ਉਨ੍ਹਾਂ ਦੇ ਹਾਣੀ ਹੋ ਕੇ ਵਿਚਰ ਰਹੇ ਸਨ। ਮੁੰਡਿਆਂ ਦਾ ਕਹਿਣਾ ਸੀ ਕਿ ਉਹ ਇਸ ਦੌਰੇ ਰਾਹੀਂ ਆਪਣੇ ਤੋਂ ਵੱਖਰੇ ਸਕੂਲਾਂ ਦੇ ਅਜਿਹੇ ਸਾਥੀ ਬਣ ਗਏ ਹਨ ਜਿਨ੍ਹਾਂ ਦਾ ਸਾਥ ਜੀਵਨ ਭਰ ਨਿਭ ਸਕਦਾ ਹੈ।
16 ਤੋਂ 19 ਸਾਲ ਦੇ ਇਨ੍ਹਾਂ ਪਾੜ੍ਹਿਆਂ ਨੇ ਅਗਲੇ ਦਿਨ ਫਤਿਹਗੜ੍ਹ ਸਾਹਿਬ, ਚਮਕੌਰ ਸਾਹਿਬ ਤੇ ਮਾਛੀਵਾੜਾ ਸਾਹਿਬ ਦੇ ਇਤਿਹਾਸਕ ਗੁਰਦੁਆਰੇ ਵੇਖਣੇ ਸਨ। ਇਨ੍ਹਾਂ ਦੋ ਦਿਨਾਂ ਵਿਚ ਉਨ੍ਹਾਂ ਵਲੋਂ ਵੇਖੀਆਂ ਜਾਣ ਵਾਲੀਆਂ ਇਤਿਹਾਸਕ ਤੇ ਗੈਰ ਇਤਿਹਾਸਕ ਥਾਂਵਾਂ ਬਾਰੇ ਜਾਣਕਾਰੀ ਦੇਣ ਲਈ ਬੁਲਾਰੇ ਨਿਸ਼ਚਿਤ ਸਨ-ਲੋੜ ਅਨੁਸਾਰ ਵਕੀਲ, ਅਧਿਆਪਕ ਤੇ ਲੇਖਕ। ਪੰਜਾਬ ਯੂਨੀਵਰਸਿਟੀ ਵਾਲੇ ਇਕੱਠ ਨੂੰ ਲੋੜੀਂਦੀ ਜਾਣਕਾਰੀ ਦੇਣ ਵਾਲੇ ਪੰਜਾਬੀ ਲੇਖਕ ਮਨਮੋਹਨ ਸਿੰਘ ਦਾਊਂ ਤੇ ਉਨ੍ਹਾਂ ਦੀ ਪਤਨੀ ਦਲਜੀਤ ਕੌਰ ਸਨ ਜਿਹੜੇ ਬਾਲ ਸਾਹਿਤ ਰਚਨਾਵਾਂ ਲਈ ਜਾਣੇ ਜਾਂਦੇ ਹਨ। ਕਿਹੜੀ ਥਾਂ ‘ਤੇ ਕਿੰਨੇ ਵਜੇ ਪਹੁੰਚਣਾ ਹੈ, ਸਭ ਨਿਸ਼ਚਿਤ ਸੀ। ਸ਼ਿਰਕਤ ਕਰਨ ਵਾਲਿਆਂ ਦਾ ਦੋ ਦਿਨ ਲਈ ਬੀਮਾ ਕਰਵਾਇਆ ਗਿਆ ਸੀ ਤਾਂ ਕਿ ਰੱਬ ਸਬੱਬੀਂ ਵਾਪਰੀ ਦੁਰਘਟਨਾ ਨਾਲ ਨਿਪਟਿਆ ਜਾ ਸਕੇ। ਉਦਮ ਤੇ ਵਿਉਂਤਬੰਦੀ ਕਮਾਲ ਸੀ।
ਚੇਤੇ ਰਹੇ, ਭਾਸ਼ਾ ਵਿਭਾਗ ਪੰਜਾਬ ਵਲੋਂ ਸਾਹਿਤ ਸ਼੍ਰੋਮਣੀ ਪੁਰਸਕਾਰ ਨਾਲ ਸਨਮਾਨਤ ਪੰਜਾਬੀ ਕਵੀ ਤਾਰਾ ਸਿੰਘ ਕਾਮਲ ਦਾ ਜੱਦੀ ਪਿੰਡ ਵੀ ਹੂਕੜਾਂ ਸੀ। ਦਿੱਲੀ ਵਿਚ 1984 ਦੇ ਦੰਗਿਆਂ ਦਾ ਸ਼ਿਕਾਰ ਹੋਏ ਪਰਿਵਾਰ ਜਾਣਦੇ ਹਨ ਕਿ ਤਾਰਾ ਸਿੰਘ ਨੇ ਉਨ੍ਹਾਂ ਦੇ ਧਰਵਾਸ ਲਈ ਹੇਠ ਲਿਖੇ ਬੋਲ ਲਿਖੇ ਸਨ, ਜਿਹੜੇ ਆਕਾਸ਼ਵਾਣੀ ਵਾਲਿਆਂ ਨੇ ਖੂਬ ਦੁਹਰਾਏ ਸਨ:
ਕਾਹਨੂੰ ਬਾਲਦੈਂ ਬਨੇਰਿਆਂ ‘ਤੇ ਮੋਮਬੱਤੀਆਂ
ਲੰਘ ਜਾਣ ਦੇ ਬਜ਼ਾਰਾਂ Ḕਚੋਂ ਹਵਾਵਾਂ ਤੱਤੀਆਂ।
ਹੂਕੜਾਂ ਦੀ ਮਿੱਟੀ ਵਿਚ ਹੀ ਸਹਿਜ ਤੇ ਸੇਵਾ ਹੈ। ਪਿੰਡ ਰੂਕੜਾਂ ਤੇ ਹੂਕੜਾਂ ਨਿਵਾਸੀ ਜ਼ਿੰਦਾਬਾਦ।
ਮੋਗੇ ਵਾਲੇ ਰਣਜੀਤ ਧੀਰ ਦੀਆਂ ਵਲਾਇਤੀ ਮੱਲਾਂ: ਮਾਘੀ ਮੇਲੇ ਦੇ ਦਿਨਾਂ ਵਿਚ ਵੱਡੀ ਖਬਰ ਇਹ ਵੀ ਆਈ ਕਿ ਮੋਗੇ ਦੀ ਧਰਤੀ ਦਾ ਜੰਮਪਲ ਅਤੇ ਮੁਕਤਸਰ ਤੋਂ ਅੰਗਰੇਜ਼ੀ ਐਮ. ਏ. ਪਾਸ ਰਣਜੀਤ ਧੀਰ ਇੰਗਲੈਂਡ ਜਾ ਕੇ ਅਨੇਕਾਂ ਮੱਲਾਂ ਮਾਰਦਾ ਹੁਣ ਮੈਂਬਰ ਆਫ ਦੀ ਬ੍ਰਿਟਿਸ਼ ਐਮਪਾਇਰ ਬਣ ਗਿਆ ਹੈ। ਸੋਹਣ ਸਿੰਘ ਜੋਸ਼, ਸੰਤ ਸਿੰਘ ਸੇਖੋਂ, ਜਸਵੰਤ ਸਿੰਘ ਕੰਵਲ, ਹਰਿਭਜਨ ਸਿੰਘ ਤੇ ਦਲੀਪ ਕੌਰ ਟਿਵਾਣਾ ਵਰਗੇ 1980 ਵਿਚ ਪਹਿਲੀ ਵਾਰ ਵਲਾਇਤ ਜਾਣ ਵਾਲੇ ਪੰਜਾਬੀ ਮਹਾਂਰਥੀਏ ਉਹਦੇ ਵਲੋਂ ਇੰਗਲੈਂਡ ਵਿਚ ਰਚਾਈ ਵਿਸ਼ਵ ਪੰਜਾਬੀ ਕਾਨਫਰੰਸ ਨੂੰ ਕਦੀ ਨਹੀਂ ਭੁੱਲੇ।
1980 ਦੇ ਜੂਨ ਮਹੀਨੇ ਦੋ ਹਫਤੇ ਚੱਲੀ ਇਸ ਕਾਨਫਰੰਸ ਦੇ ਪ੍ਰਬੰਧਕ ਦੁਨੀਆਂ ਭਰ ਤੋਂ ਪਹੁੰਚੇ, ਪੰਜਾਬ ਤੋਂ ਵਧ ਪੰਜਾਬੀ ਰਸੀਆਂ ਨੂੰ ਬਰਤਾਨੀਆ ਦੇ ਵਖ ਵਖ ਸ਼ਹਿਰਾਂ ਵਿਚ ਸੈਮੀਨਾਰ, ਵਰਕਸ਼ਾਪਾਂ ਤੇ ਕਵੀ ਦਰਬਾਰ ਰਚਾ ਕੇ ਉਸ ਧਰਤੀ ਦੇ ਧਾਰਮਿਕ, ਇਤਿਹਾਸਕ ਤੇ ਸਾਹਿਤਕ ਸਥਾਨ ਦਿਖਾਉਂਦੇ ਰਹੇ। ਨੋਟ ਕਰਨ ਵਾਲੀ ਗੱਲ ਇਹ ਕਿ ਉਸ ਕਾਨਫਰੰਸ ਵਿਚ ਬਰਤਾਨੀਆ ਦੇ ਦੋ ਸੌ ਤੋਂ ਵੱਧ ਗੁਰਦੁਆਰਿਆਂ ਨੇ ਆਪਣੇ ਸਾਰੇ ਵਸੀਲੇ ਪ੍ਰਬੰਧਕਾਂ ਦੇ ਹਵਾਲੇ ਕਰ ਰੱਖੇ ਸਨ। ਮੈਂ ਰਣਜੀਤ ਧੀਰ ਤੇ ਸੁਰਜੀਤ ਹਾਂਸ ਨੂੰ ਪਹਿਲੀ ਵਾਰ ਉਥੇ ਹੀ ਮਿਲਿਆ ਸਾਂ। ਧੀਰ ਕਾਨਫਰੰਸ ਦਾ ਪ੍ਰਮੁੱਖ ਕਰਤਾ ਧਰਤਾ ਸੀ ਤੇ ਹਾਂਸ ਨਿਜੀ ਮਹਿਫਿਲਾਂ ਦੀ ਜਿੰਦ ਜਾਨ। ਇਹ ਗੱਲ ਵੱਖਰੀ ਹੈ ਕਿ ਹਾਂਸ ਉਥੋਂ ਦੀ ਬਹੁਤੇ ਪੈਸਿਆਂ ਵਾਲੀ ਨੌਕਰੀ ਛੱਡ ਕੇ ਏਧਰ ਪ੍ਰੋਫੈਸਰੀ ਕਰਨ ਆ ਗਿਆ ਸੀ ਤੇ ਧੀਰ ਏਧਰੋਂ ਦੀ ਪ੍ਰੋਫੈਸਰੀ ਛੱਡ ਕੇ ਸਦਾ ਲਈ ਉਧਰ ਦਾ ਹੋ ਚੁਕਾ ਹੈ।
ਰਣਜੀਤ ਧੀਰ ਨੇ ਇੰਗਲੈਂਡ ਜਾ ਕੇ ਬਰਿਸਟਲ ਤੇ ਲੰਡਨ ਯੂਨੀਵਰਸਟੀਆਂ ਤੋਂ ਉਧਰ ਦੀ ਪੜ੍ਹਾਈ ਕੀਤੀ ਅਤੇ ਸਿੱਖਿਆ ਮਹਿਕਮੇ ਵਿਚ ਡਿਪਟੀ ਡਾਇਰੈਕਟਰ ਦੀ ਪਦਵੀ ਤੱਕ ਪਹੁੰਚਿਆ। ਇਸ ਤੋਂ ਪਿਛੋਂ ਉਹ ਬਕਿੰਘਮਸ਼ਾਇਰ ਕਾਊਂਟੀ ਵਿਚ ਨਸਲੀ ਵਿਤਕਰਿਆਂ ਦੀ ਸਪੈਸ਼ਲ ਕੌਂਸਲ ਦਾ ਡਾਇਰੈਕਟਰ ਵੀ ਰਿਹਾ। ਇਸ ਦੇ ਨਾਲ ਉਹ ਜਸਟਿਸ ਆਫ ਪੀਸ (ਮੈਜਿਸਟ੍ਰੇਟ) ਅਤੇ ਇੰਪਲਾਇਮੈਂਟ ਟ੍ਰਿਬਿਊਨਲ ਦਾ ਜੱਜ ਮੈਂਬਰ ਵੀ ਰਿਹਾ। ਇਥੇ ਹੀ ਬਸ ਨਹੀਂ, ਉਥੋਂ ਦੀ ਰਾਜਨੀਤੀ ਵਿਚ ਵੀ ਬੜਾ ਨਾਂ ਬਣਾਇਆ। 1983 ਵਿਚ ਕੌਂਸਲਰ ਚੁਣੇ ਜਾਣ ਉਪਰੰਤ ਲੰਦਨ ਦੀ ਈਲਿੰਗ ਕੌਂਸਲ ਦਾ ਡਿਪਟੀ ਮੇਅਰ (1999) ਤੇ ਮੇਅਰ (2001) ਬਣਿਆ। ਇਸ ਤੋਂ ਬਿਨਾ ਉਸ ਨੇ ਕਈ ਕਮੇਟੀਆਂ ਤੇ ਸਕੂਲ ਬੋਰਡਾਂ ਦੇ ਚੇਅਰਮੈਨ ਅਤੇ ਕੈਬੀਨਟ ਮੈਂਬਰ ਦੀ ਜ਼ਿੰਮੇਵਾਰੀ ਨਿਭਾਈ। 2005 ਤੋਂ ਈਲਿੰਗ ਕੌਂਸਲ ਦਾ ਡਿਪਟੀ ਲੀਡਰ ਚਲਿਆ ਆ ਰਿਹਾ ਸੀ ਕਿ ਹੁਣ ਮੈਂਬਰ ਆਫ ਦੀ ਬ੍ਰਿਟਿਸ਼ ਐਮਪਾਇਰ ਦੀ ਪਦਵੀ ਉਤੇ ਪਹੁੰਚ ਗਿਆ ਹੈ।
ਇਹ ਸਾਰਾ ਸਮਾਂ ਉਸ ਨੇ ਆਪਣੀ ਸਾਹਿਤਕ ਮੱਸ ਦਾ ਪੱਲਾ ਨਹੀਂ ਛੱਡਿਆ। ਸਮੇਂ ਸਮੇਂ ਪ੍ਰਕਾਸ਼ਿਤ ਹੋਈਆਂ ਤਿੰਨ ਪੁਸਤਕਾਂ-ਵਤਨੋਂ ਦੂਰ, ਪਰਦੇਸਨਾਮਾ ਅਤੇ ਸਾਊਥਾਲ ਦਾ ਸੂਰਜ, ਪੱਛਮੀ ਦੇਸਾਂ ਵਿਚ ਭਾਰਤੀ ਪਰਵਾਸੀਆਂ ਦੀ ਬਾਤ ਪਾਉਂਦੀਆਂ ਹਨ। ਉਹ ਹੁਣ ਤੱਕ 65 ਦੇਸ਼ਾਂ ਦਾ ਦੌਰਾ ਕਰਕੇ ਉਥੋਂ ਦੇ ਭਾਰਤੀ ਵਸਨੀਕਾਂ ਬਾਰੇ ਜਾਣਕਾਰੀ ਲੈ ਚੁਕਾ ਹੈ। ਪਰ ਉਸ ਨੂੰ ਬੜਾ ਦੁੱਖ ਹੈ ਕਿ ਸਮੇਂ ਸਮੇਂ ਪੈਦਾ ਹੁੰਦੀ ਰਹੀ ਭਾਰਤ-ਪਾਕਿ ਖਿੱਚੋਤਾਣ ਕਾਰਨ ਉਹ ਹਾਲੀ ਤੱਕ ਲਾਹੌਰ ਨਹੀਂ ਵੇਖ ਸਕਿਆ। ਇਹ ਸਬੱਬ ਹੈ ਕਿ ਉਸ ਦੀ ਜੀਵਨ ਸਾਥਣ ਹਰਭਜਨ ਕੌਰ ਵੀ ਉਥੋਂ ਦੀ ਰਾਜਨੀਤੀ ਵਿਚ ਉਹਦੇ ਵਰਗਾ ਹੀ ਸਥਾਨ ਬਣਾ ਚੁਕੀ ਹੈ। ਅਸੀਂ ਕਹਿ ਸਕਦੇ ਹਾਂ ਕਿ ਦੋਨਾਂ ਨੂੰ ਮਾਂ ਮਿੱਟੀ ਤੋਂ ਓਨਾ ਕੁਝ ਨਹੀਂ ਮਿਲਿਆ ਜਿੰਨਾ ਮਤਰੇਈ ਮਿੱਟੀ ਨੇ ਦਿੱਤਾ ਹੈ।
ਧੀਰ ਅਤੇ ਧੀਰ ਵਰਗੇ ਸਾਰੇ ਪੰਜਾਬੀਆਂ ਨੂੰ ਮਤਰੇਈ ਮਾਂ ਮੁਬਾਰਕ।