ਸਿਰੀਰਾਗੁ ਮਹਲਾ ੪
ਹਉ ਪੰਥੁ ਦਸਾਈ ਨਿਤ ਖੜੀ
ਕੋਈ ਪ੍ਰਭੁ ਦਸੇ ਤਿਨਿ ਜਾਉ॥
ਜਿਨੀ ਮੇਰਾ ਪਿਆਰਾ ਰਾਵਿਆ
ਤਿਨ ਪੀਛੈ ਲਾਗਿ ਫਿਰਾਉ॥
ਕਰਿ ਮਿੰਨਤਿ ਕਰਿ ਜੋਦੜੀ
ਮੈ ਪ੍ਰਭੁ ਮਿਲਣੈ ਕਾ ਚਾਉ॥੧॥
ਮੇਰੇ ਭਾਈ ਜਨਾ ਕੋਈ ਮੋ ਕਉ
ਹਰਿ ਪ੍ਰਭੁ ਮੇਲਿ ਮਿਲਾਇ॥
ਹਉ ਸਤਿਗੁਰ ਵਿਟਹੁ ਵਾਰਿਆ
ਜਿਨਿ ਹਰਿ ਪ੍ਰਭੁ ਦੀਆ ਦਿਖਾਇ॥੧॥ਰਹਾਉ॥
ਹੋਇ ਨਿਮਾਣੀ ਢਹਿ ਪਵਾ
ਪੂਰੇ ਸਤਿਗੁਰ ਪਾਸਿ॥
ਨਿਮਾਣਿਆ ਗੁਰੁ ਮਾਣੁ ਹੈ
ਗੁਰੁ ਸਤਿਗੁਰੁ ਕਰੇ ਸਾਬਾਸਿ॥
ਹਉ ਗੁਰੁ ਸਾਲਾਹਿ ਨ ਰਜਊ
ਮੈ ਮੇਲੇ ਹਰਿ ਪ੍ਰਭੁ ਪਾਸਿ॥੨॥
ਸਤਿਗੁਰ ਨੋ ਸਭ ਕੋ ਲੋਚਦਾ
ਜੇਤਾ ਜਗਤੁ ਸਭੁ ਕੋਇ॥
ਬਿਨੁ ਭਾਗਾ ਦਰਸਨੁ ਨਾ ਥੀਐ
ਭਾਗਹੀਣ ਬਹਿ ਰੋਇ॥
ਜੋ ਹਰਿ ਪ੍ਰਭ ਭਾਣਾ ਸੇ ਥੀਆ
ਧੁਰਿ ਲਿਖਿਆ ਨ ਮੇਟੈ ਕੋਇ॥੩॥
ਆਪੇ ਸਤਿਗੁਰੁ ਆਪਿ ਹਰਿ
ਆਪੇ ਮੇਲਿ ਮਿਲਾਇ॥
ਆਪਿ ਦਇਆ ਕਹਿ ਮੇਲਸੀ
ਗੁਰ ਸਤਿਗੁਰ ਪੀਛੈ ਪਾਇ॥
ਸਭੁ ਜਗਜੀਵਨੁ ਜਗਿ ਆਪਿ ਹੈ
ਨਾਨਕ ਜਲੁ ਜਲਹਿ ਸਮਾਇ॥੪॥
ਗੁਰਦੇਵ ਬਖ਼ਸ਼ਿਸ਼ ਕਰ ਰਹੇ ਹਨ ਕਿ ਮੈਂ ਰੋਜ਼ ਹੀ ਰਾਹ ਵਿਚ ਖੜ੍ਹੀ ਹੋ ਕੇ ਰਾਹੀਆਂ ਨੂੰ ਪ੍ਰਭੂ ਦੇ ਦੇਸ਼ ਦਾ ਰਸਤਾ ਪੁੱਛਦੀ ਹਾਂ ਅਤੇ ਲੋਚਦੀ ਹਾਂ ਕਿ ਕੋਈ ਮੈਨੂੰ ਮੇਰੇ ਪ੍ਰਭੂ ਪ੍ਰੀਤਮ ਦੀ ਦੱਸ ਪਾਵੇ ਅਤੇ ਉਹਦੇ ਰਾਹੀਂ ਮੈਂ ਵੀ ਆਪਣੇ ਪ੍ਰਭੂ ਦੇ ਚਰਨਾਂ ਵਿਚ ਜਾ ਬੈਠਾਂ ਤੇ ਜਿਨ੍ਹਾਂ ਸਤਸੰਗੀ ਸਹੇਲੀਆਂ ਨੇ ਉਸ ਪਿਆਰੇ ਨੂੰ ਰਾਵਿਆ, ਭਾਵ ਉਸ ਦਾ ਮਿਲਾਪ ਪਾ ਲਿਆ ਹੈ, ਮੈਂ ਵੀ ਉਨ੍ਹਾਂ ਦੀ ਸੇਵਾ ਵਿਚ ਰਹਿ ਕੇ ਉਨ੍ਹਾਂ ਦੇ ਪਿੱਛੇ-ਪਿੱਛੇ ਤੁਰੀ ਫਿਰਾਂ, ਕਿਉਂਕਿ ਮੇਰੇ ਅੰਦਰ ਭੀ ਉਸ ਮਿਹਰਬਾਨ ਪ੍ਰਭੂ ਨੂੰ ਮਿਲਣ ਦਾ ਚਾਉ ਉਮਡ ਰਿਹਾ ਹੈ।
ਮੇਰੇ ਭਾਈ ਜਨਾ ਕੋਈ ਮੋ ਕਉ
ਹਰਿ ਪ੍ਰਭੁ ਮੇਲਿ ਮਿਲਾਇ॥
ਹਉ ਸਤਿਗੁਰ ਵਿਟਹੁ ਵਾਰਿਆ
ਜਿਨਿ ਹਰਿ ਪ੍ਰਭੁ ਦੀਆ ਦਿਖਾਇ॥੧॥ਰਹਾਉ॥
ਹੇ ਮੇਰੇ ਭਾਈ ਜਨੋ! ਕੋਈ ਤਾਂ ਮੈਨੂੰ ਮੇਰੇ ਹਰੀ ਪ੍ਰਭੂ ਨਾਲ ਮਿਲਾ ਦਿਉ। ਹੁਣ ਗੁਰਦੇਵ ਜੀ ਪੂਰੇ ਗੁਰੂ ਦੀ ਮਹਾਨਤਾ ਦਰਸਾਉਂਦੇ ਹਨ ਕਿ ਭਲਾ ਗੁਰੂ ਤੋਂ ਬਗੈਰ ਹੋਰ ਕੌਣ ਪ੍ਰਭੂ ਨੂੰ ਮਿਲਾ ਸਕਦਾ ਹੈ! ਮੈਂ ਆਪਣੇ ਸਤਿਗੁਰੂ ਤੋਂ ਸਦਕੇ ਜਾਂਦਾ ਹਾਂ ਜਿਸ ਨੇ ਮੈਨੂੰ ਹਰੀ ਪ੍ਰਭੂ ਵਿਖਾ ਦਿੱਤਾ।
ਹੋਇ ਨਿਮਾਣੀ ਢਹਿ ਪਵਾ
ਪੂਰੇ ਸਤਿਗੁਰ ਪਾਸਿ॥
ਨਿਮਾਣਿਆ ਗੁਰੁ ਮਾਣੁ ਹੈ
ਗੁਰੁ ਸਤਿਗੁਰੁ ਕਰੇ ਸਾਬਾਸਿ॥
ਹਉ ਗੁਰੁ ਸਾਲਾਹਿ ਨ ਰਜਊ
ਮੈ ਮੇਲੇ ਹਰਿ ਪ੍ਰਭੁ ਪਾਸਿ॥੨॥
ਗੁਰਦੇਵ ਆਖਦੇ ਹਨ, ਮਨ ਕਰਦਾ ਹੈ ਕਿ ਜਗਤ ਦੇ ਸਾਰੇ ਮਾਣ-ਤਾਣ ਛੱਡ ਕੇ ਨਿਮਾਣੀ ਹੋ ਕੇ ਪੂਰੇ ਸਤਿਗੁਰ ਦੇ ਚਰਨਾਂ ਉਤੇ ਡਿਗ ਪਵਾਂ ਕਿਉਂਕਿ ਗੁਰੂ ਤਾਂ ਨਿਮਾਣਿਆਂ ਦਾ ਮਾਣ ਹੁੰਦਾ ਹੈ ਅਤੇ ਜਿਨ੍ਹਾਂ ਦਾ ਇਸ ਜਗਤ ਵਿਚ ਕੋਈ ਆਸਰਾ ਨਹੀਂ ਹੁੰਦਾ, ਉਨ੍ਹਾਂ ਨਿਮਾਣਿਆਂ ਨੂੰ ਸਤਿਗੁਰ ਕਹੇ ਸਾਬਾਸਿ, ਭਾਵ ਗੁਰੂ ਆਦਰ ਦਿੰਦਾ ਹੈ ਅਤੇ ਦਿਲਾਸਾ ਦੇ ਕੇ ਮਾਣ ਵਾਲੇ ਬਣਾ ਦਿੰਦਾ ਹੈ। ਹਉ ਗੁਰੁ ਸੁਲਾਹਿ ਨ ਰਜਊ, ਭਾਵ ਗੁਰੂ ਦੀਆਂ ਸਿਫ਼ਤਾਂ ਕਰ ਕਰ ਕੇ ਮੇਰਾ ਮਨ ਰਜਦਾ ਨਹੀਂ, ਕਿਉਂਕਿ ਮੇਰੇ ਅੰਦਰ ਵਸਦਾ ਪ੍ਰਭੂ ਮੈਨੂੰ ਗੁਰੂ ਹੀ ਮਿਲਾ ਸਕਦਾ ਹੈ।
ਸਤਿਗੁਰ ਨੋ ਸਭ ਕੋ ਲੋਚਦਾ
ਜੇਤਾ ਜਗਤੁ ਸਭੁ ਕੋਇ॥
ਬਿਨੁ ਭਾਗਾ ਦਰਸਨੁ ਨਾ ਥੀਐ
ਭਾਗਹੀਣ ਬਹਿ ਰੋਇ॥
ਜੋ ਹਰਿ ਪ੍ਰਭ ਭਾਣਾ ਸੇ ਥੀਆ
ਧੁਰਿ ਲਿਖਿਆ ਨ ਮੇਟੈ ਕੋਇ॥੩॥
ਇਹ ਸਾਰਾ ਹੀ ਜਗਤ ਅਤੇ ਇਸ ਦਾ ਹਰ ਇਕ ਜੀਵ ਹੀ ਸਤਿਗੁਰੂ ਨੂੰ ਮਿਲਣ ਲਈ ਪਿਆ ਤੜਪਦਾ ਹੈ ਪਰ ਚੰਗੇ ਭਾਗਾਂ ਤੋਂ ਬਗੈਰ ਸਤਿਗੁਰ ਦਾ ਦਰਸ਼ਨ ਨਹੀਂ ਹੋ ਸਕਦਾ ਅਤੇ ਗੁਰੂ ਤੋਂ ਵਿਛੜੀ ਭਾਗਹੀਣ ਜੀਵ ਰੂਪੀ ਇਸਤਰੀ ਬੈਠੀ ਰੋਂਦੀ ਹੈ ਅਤੇ ਦੁਖੀ ਹੁੰਦੀ ਹੈ। ਗੁਰਦੇਵ ਆਖਦੇ ਹਨ ਕਿ ਜੀਵਾਂ ਦੇ ਵਸ ਵਿਚ ਤਾਂ ਕਰੋਧ ਭੀ ਨਹੀਂ ਹੈ, ਜੋ ਉਸ ਮਾਲਕ ਪ੍ਰਭੂ ਜੀ ਨੂੰ ਚੰਗਾ ਲਗਦਾ ਹੈ, ਉਹੋ ਹੀ ਹੁੰਦਾ ਹੈ। ਹੇ ਮੇਰੇ ਮਨ ਧੁਰਿ ਲਿਖਿਆ, ਭਾਵ ਉਸ ਪਰਮਾਤਮਾ ਦੇ ਲਿਖੇ ਹੁਕਮ ਨੂੰ ਤਾਂ ਕੋਈ ਵੀ ਮਿਟਾ ਨਹੀਂ ਸਕਦਾ।
ਆਪੇ ਸਤਿਗੁਰੁ ਆਪਿ ਹਰਿ
ਆਪੇ ਮੇਲਿ ਮਿਲਾਇ॥
ਆਪਿ ਦਇਆ ਕਹਿ ਮੇਲਸੀ
ਗੁਰ ਸਤਿਗੁਰ ਪੀਛੈ ਪਾਇ॥
ਸਭੁ ਜਗਜੀਵਨੁ ਜਗਿ ਆਪਿ ਹੈ
ਨਾਨਕ ਜਲੁ ਜਲਹਿ ਸਮਾਇ॥੪॥
ਗੁਰਦੇਵ ਪਿਤਾ ਆਖਦੇ ਹਨ, ਉਹ ਮਿਹਰਬਾਨ ਪ੍ਰਭੂ ਆਪ ਹੀ ਮਿਹਰ ਕਰ ਕੇ ਸਤਿਗੁਰੂ ਮਿਲਾ ਦਿੰਦਾ ਹੈ ਅਤੇ ਫਿਰ ਗੁਰੂ ਰਾਹੀਂ ਹੀ ਆਪਣੇ ਚਰਨਾਂ ਨਾਲ ਜੋੜ ਲੈਂਦਾ ਹੈ। ਉਹ ਦਇਆ ਦਾ ਸਾਗਰ ਪ੍ਰਭੂ ਪਹਿਲਾਂ ਤਾਂ ਜੀਵਾਂ ਨੂੰ ਸਤਿਗੁਰੂ ਦੇ ਲੜ ਲਾਉਂਦਾ ਹੈ ਅਤੇ ਫਿਰ ਆਪਣੀ ਮਿਹਰ ਸਦਕਾ ਆਪਣੇ ਨਾਲ ਮਿਲਾਉਣ ਦੀ ਬਖ਼ਸ਼ਿਸ਼ ਭੀ ਕਰ ਦਿੰਦਾ ਹੈ। ਹੇ ਨਾਨਕ! ਇਸ ਜਗਤ ਦੇ ਜੀਵਾਂ ਦਾ ਸਹਾਰਾ ਪ੍ਰਭੂ ਤਾਂ ਹਰ ਥਾਂ ਇਸ ਜਗਤ ਵਿਚ ਆਪ ਹੈ ਅਤੇ ਜਿਸ ਜੀਵ ਉਤੇ ਉਹਦੀ ਮਿਹਰ ਹੋ ਜਾਏ, ਉਸ ਨੂੰ ਆਪਣੇ ਵਿਚ ਇਵੇਂ ਮਿਲਾ ਲੈਂਦਾ ਹੈ ਜਿਵੇਂ ਪਾਣੀ ਵਿਚ ਪਾਣੀ ਸਮਾ ਜਾਂਦਾ ਹੈ।
-ਬੀਬੀ ਸੁਰਜੀਤ ਕੌਰ ਸੈਕਰਾਮੈਂਟੋ
ਫੋਨ: 916-687-3536
Leave a Reply