‘ਲੋਹੜੀ ਤੇ ਸਿੱਖ: ਵਿਚਾਰਨ ਵਾਲੀਆਂ ਕੁਝ ਗੱਲਾਂ’

ਪੰਜਾਬ ਟਾਈਮਜ਼ ਦੇ 13 ਜਨਵਰੀ 2018 ਦੇ ਅੰਕ ਵਿਚ ਬੀਬੀ ਗੁਰਜੀਤ ਕੌਰ ਦਾ ਲੇਖ ‘ਲੋਹੜੀ ਤੇ ਸਿੱਖ: ਵਿਚਾਰਨ ਵਾਲੀਆਂ ਕੁਝ ਗੱਲਾਂ’ ਪੜ੍ਹਿਆ। ਬੜਾ ਚੰਗਾ ਲੱਗਿਆ। ਉਨ੍ਹਾਂ ਇਸ ਲੇਖ ਵਿਚ ਬਹੁਤ ਹੀ ਅਹਿਮ ਗੱਲਾਂ ਵਲ ਧਿਆਨ ਦੁਆਇਆ ਹੈ। ਲੋਹੜੀ ਦੇ ਤਿਉਹਾਰ ਨੂੰ ਮੁੱਦਾ ਬਣਾ ਕੇ ਉਨ੍ਹਾਂ ਨੇ ਹਰ ਮਨੁੱਖ ਨੂੰ ਤਰਕਪੂਰਣ ਢੰਗ ਨਾਲ ਜਿਉਣ ਦਾ ਸੰਦੇਸ਼ ਦਿੱਤਾ ਹੈ। ਜਿੱਥੇ ਉਨ੍ਹਾਂ ਨੇ ਲੋਹੜੀ ਨਾਲ ਜੁੜੀਆਂ ਪੌਰਾਣਿਕ ਕਥਾਵਾਂ ਤੇ ਪਰੰਪਰਾਗਤ ਮਿਥਿਹਾਸਕ ਕਹਾਣੀਆਂ ਨੂੰ ਬੇਪਰਦ ਕੀਤਾ ਹੈ, ਉਥੇ ਗਲੋਬਲ ਵਾਰਮਿੰਗ ਤੇ ਵਾਤਾਵਰਣ ਸ਼ੁੱਧਤਾ ਜਿਹੇ ਭਖਦੇ ਮਸਲਿਆਂ ਪ੍ਰਤੀ ਰੂਬਰੂ ਹੋ ਕੇ ਕਈ ਪੁਰਾਣੀਆਂ ਤੇ ਹਰਜਾਈ ਰਹੁ ਰੀਤਾਂ ਨੂੰ ਮੁੜ ਵਿਚਾਰਨ ਦਾ ਸੱਦਾ ਵੀ ਦਿੱਤਾ ਹੈ।

ਬੀਬੀ ਗੁਰਜੀਤ ਕੌਰ ਨੇ ਠੀਕ ਕਿਹਾ ਹੈ ਕਿ ਅੱਜ ਦੇ ਸਿੱਖ ਸਮਾਜ ਵਿਚ ਕਹਿਣੀ ਤੇ ਕਥਨੀ ਵਿਚ ਬੜਾ ਫਰਕ ਆ ਗਿਆ ਹੈ ਤੇ ਇਹ ਵਧਦਾ ਹੀ ਜਾ ਰਿਹਾ ਹੈ। ਗੁਰੂ ਸਾਹਿਬਾਨ ਦੀ ਸਿੱਧੀ ਤੇ ਸਾਦਗੀ ਵਾਲੀ ਸਿੱਖਿਆ ਨੂੰ ਛੱਡ ਕੇ ਸਿੱਖ ਪਖੰਡ ਦੇ ਰਾਹ ਪੈ ਰਹੇ ਹਨ। ਉਨ੍ਹਾਂ ਦੇ ਕਿਰਦਾਰ ਵਿਚ ਦਵੰਧ ਆ ਗਿਆ ਹੈ। ਇਕ ਪਾਸੇ ਉਹ ਸਿੱਖੀ ਦਾ ਦਮ ਭਰਦੇ ਹਨ ਤੇ ਦੂਜੇ ਪਾਸੇ ਸਭਿਆਚਾਰ ਤੇ ਜਸ਼ਨਾਂ ਦੀ ਆੜ ਵਿਚ ਅੰਧਵਿਸ਼ਵਾਸੀ ਕਾਰੇ ਕਰਦੇ ਹਨ। ਉਨ੍ਹਾਂ ਨੇ ਗੁਰਬਾਣੀ ‘ਚੋਂ ਹਵਾਲੇ ਦੇ ਕੇ ਚੰਗੀ ਤਰ੍ਹਾਂ ਸਪਸ਼ਟ ਕੀਤਾ ਹੈ ਕਿ ਸਿੱਧਾ ਤੇ ਵਿਗਿਆਨਕ ਰਸਤਾ ਕੀ ਹੈ ਤੇ ਜੋ ਕੁਝ ਇਹ ਅਜੋਕੇ ਸਿੱਖ ਕਰ ਰਹੇ ਹਨ, ਉਹ ਕੀ ਹੈ? ਉਨ੍ਹਾਂ ਨੇ ਸਮਕਾਲੀ ਮਨੁੱਖ ਨੂੰ ਸਮੇਂ ਦਾ ਹਾਣੀ ਹੋ ਕੇ ਵਿਗਿਆਨਕ ਸੋਚ ਨਾਲ ਜਿਉਣ ਦੀ ਸੇਧ ਦਿੱਤੀ ਹੈ ਜੋ ਸਰਾਹੁਣਯੋਗ ਹੈ।
ਪਰ ਇਸ ਦੇ ਨਾਲ ਹੀ ਇਹ ਕਹਿਣ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾ ਸਕਦਾ ਕਿ ਬੀਬੀ ਜੀ ਦਾ ਇਤਿਹਾਸ ਬਾਰੇ ਕੀਤਾ ਕਿੰਤੂ-ਪ੍ਰੰਤੂ ਵਧੇਰੇ ਜਾਇਜ਼ ਨਹੀਂ ਹੈ। ਇਤਿਹਾਸ ਬੀਤੇ ਸਮੇਂ ਦਾ ਸੱਚ ਹੁੰਦਾ ਹੈ ਜੋ ਸ਼ੀਸ਼ੇ ਵਿਚ ਜੜੀ ਤਸਵੀਰ ਵਾਂਗ ਅਤੀਤ ਦੀ ਦੀਵਾਰ ‘ਤੇ ਲਟਕ ਰਿਹਾ ਹੁੰਦਾ ਹੈ। ਇਸ ਨੂੰ ਬਦਲਿਆ ਨਹੀਂ ਜਾ ਸਕਦਾ, ਸੁਧਾਰਿਆ ਨਹੀਂ ਜਾ ਸਕਦਾ ਤੇ ਇਸ ‘ਤੇ ਟਿੱਪਣੀ ਨਹੀਂ ਕੀਤੀ ਜਾ ਸਕਦੀ। ਇਹ ਤਾਂ ਇਕ ਝੀਲ, ਇਕ ਪਹਾੜ ਤੇ ਇਕ ਦਰਿਆ ਵਾਂਗ ਇਕ ਤੱਥ ਬਣ ਚੁਕਾ ਹੁੰਦਾ ਹੈ, ਜਿਸ ਨੂੰ ਬਿਨਾ ਮਨ-ਮੁਟਾਵ ਤੇ ਬਿਨਾ ਛੇੜ ਛਾੜ ਦੇ ਸਵੀਕਾਰ ਕਰਨਾ ਹੀ ਬਣਦਾ ਹੈ। ਹਾਂ, ਇਸ ਦੀਆਂ ਵਾਪਰੀਆਂ ਘਟਨਾਵਾਂ ਦਾ ਅਧਿਐਨ ਕਰ ਕੇ ਅਗਾਹਾਂ ਲਈ ਸਿੱਖਿਆ ਜਰੂਰ ਲਈ ਜਾ ਸਕਦੀ ਹੈ। ਪਰ ਬੀਬੀ ਗੁਰਜੀਤ ਕੌਰ ਦੇ ਲੇਖ ‘ਚੋਂ ਇਸ ਤਰ੍ਹਾਂ ਦੇ ਭਾਵ ਉਮੜਦੇ ਹਨ ਜਿਵੇਂ ਸਿੰਧ ਘਾਟੀ ਦੇ ਲੋਕ ਕੁਦਰਤ ਨਾਲ ਵਧੇਰੇ ਜੁੜੇ ਹੋਣ ਤੇ ਆਰੀਆ ਲੋਕ ਵਿਨਾਸ਼ਕਾਰੀ ਹੋਣ। ਉਹ ਕਹਿੰਦੇ ਨਹੀਂ ਪਰ ਕਹਿ ਰਹੇ ਜਾਪਦੇ ਹਨ ਕਿ ਆਰੀਆ ਲੋਕਾਂ ਨੂੰ ਸਿੰਧ ਘਾਟੀ ਦੀ ਸਭਿਅਤਾ ਉਜਾੜਨੀ ਨਹੀਂ ਸੀ ਚਾਹੀਦੀ; ਆਰੀਆ ਲੋਕ ਅੰਧਵਿਸ਼ਵਾਸੀ ਸਨ, ਇਸ ਲਈ ਉਹ ਦੇਵੀ-ਦੇਵਤਿਆਂ ਦੀ ਪੂਜਾ ਕਰਦੇ ਸਨ ਤੇ ਆਰੀਆ ਲੋਕਾਂ ਦੀਆਂ ਚਲਾਈਆਂ ਗਲਤ ਰਹੁ ਰੀਤਾਂ ਕਰਕੇ ਮੌਜੂਦਾ ਸਮਾਜ ਤਰਕਹੀਣ ਹੋ ਗਿਆ। ਜੇ ਇਸ ਸੋਚ ਨੂੰ ਇਸੇ ਤਰ੍ਹਾਂ ਅੱਗੇ ਚਲਣ ਦਿੱਤਾ ਜਾਵੇ ਤਾਂ ਇਹ ਕੁਝ ਇਸ ਤਰ੍ਹਾਂ ਦੀ ਬਣ ਜਾਵੇਗੀ: ਸਿੰਧ ਘਾਟੀ ਦੀ ਸਭਿਅਤਾ ਭਾਰਤ ਦੀ ਆਦਿ ਸਭਿਅਤਾ ਹੈ, ਇਸ ਨੂੰ ਮੁੜ-ਸੁਰਜੀਤ ਕੀਤਾ ਜਾਵੇ, ਇਸ ਦੇ ਥਾਂ ਥਾਂ ਸਮਾਰਕ ਬਣਾਏ ਜਾਣ, ਇਸ ਘਾਟੀ ਦੇ ਦਰਾਵੜ ਲੋਕਾਂ ਦੀ ਬੋਲੀ ਤੇ ਲਿਪੀ ਬਾਰੇ ਖੋਜ ਕੀਤੀ ਜਾਵੇ, ਇਸ ਬੋਲੀ ਨੂੰ ਸਿੱਖਿਆ ਦਾ ਮਾਧਿਅਮ ਬਣਾਇਆ ਜਾਵੇ, ਸਾਰੇ ਮੀਲ ਪੱਥਰ ਤੇ ਬੋਰਡ ਇਸ ਬੋਲੀ ਵਿਚ ਲਗਵਾਏ ਜਾਣ, ਇਹ ਦੇਸ਼ ਸਿੰਧ ਘਾਟੀ ਦੇ ਲੋਕਾਂ ਦਾ ਹੈ, ਆਰੀਆ ਲੋਕਾਂ ਨੂੰ ਭਾਰਤ ਵਿਚੋਂ ਵਾਪਸ ਜਾਣ ਲਈ ਮਜ਼ਬੂਰ ਕੀਤਾ ਜਾਵੇ, ਉਨ੍ਹਾਂ ਦੇ ਪੁਤਲੇ ਸਾੜੇ ਜਾਣ, ਹਰ ਸ਼ਹਿਰ ਦੀ ਖੁਦਾਈ ਕਰਵਾ ਕੇ ਇਸ ਹੇਠੋਂ ਨਿਕਲੇ ਖੰਡਰਾਂ ਨੂੰ ਬਹਾਲ ਕੀਤਾ ਜਾਵੇ ਅਤੇ ਤਖਸ਼ਿਲਾ ਯੂਨੀਵਰਸਿਟੀ ਸਮੇਤ ਹੁਣ ਦੇ ਸਭ ਪੁਰਾਤਨ ਸ਼ਹਿਰਾਂ ਦੇ ਨਾਂ ਬਦਲ ਕੇ ਸਿੰਧ ਘਾਟੀ ਅਨੁਸਾਰ ਰੱਖੇ ਜਾਣ।
ਇਸ ਤਰ੍ਹਾਂ ਦੀ ਤਰਕਹੀਣ ਸੋਚ ਅੱਜ ਦੇ ਭਾਰਤ ਵਿਚ ਪਹਿਲਾਂ ਹੀ ਬਹੁਤ ਗਰਮਾਈ ਹੋਈ ਹੈ ਜਿਸ ਦੀ ਹਾਲ ਹੀ ਵਿਚ ਬਹੁਤ ਭੰਡੀ ਹੋਈ ਹੈ। ਬੰਬਈ ਨੂੰ ਮੁੰਬਈ ਤੇ ਤਾਜ ਮਹਿਲ ਨੂੰ ਤਾਜੋਮਹਿਲ ਕਹਿਣ ਨਾਲ ਇਤਿਹਾਸਕ ਤੱਤ ਬਦਲ ਨਹੀਂ ਜਾਂਦੇ ਸਗੋਂ ਕਹਿਣ ਵਾਲਿਆਂ ਦੀ ਅਵਿਗਿਆਨਕ ਪਹੁੰਚ ਪਛਾਣੀ ਜਾਦੀ ਹੈ।
ਇਤਿਹਾਸਕ ਕਾਲ ਵਿਚ ਉਦੋਂ ਦੇ ਲੋਕਾਂ ਨੇ ਜੋ ਕੁਝ ਕੀਤਾ, ਉਹ ਸੋਚ-ਸਮਝ ਕੇ ਕੀਤਾ। ਜੇ ਉਹ ਕੁਝ ਵੱਖਰਾ ਤੇ ਵਧੀਆ ਕਰ ਸਕਦੇ ਹੁੰਦੇ ਤਾਂ ਜਰੂਰ ਕਰਦੇ। ਜੇ ਨਹੀਂ ਕਰ ਸਕੇ ਤਾਂ ਜਰੂਰ ਉਨ੍ਹਾਂ ਦੀ ਕੋਈ ਸੀਮਾ ਜਾਂ ਮਜ਼ਬੂਰੀ ਹੋਵੇਗੀ।
ਅੱਜ ਦਾ ਮਨੁੱਖ ਵੀ ਉਦੋਂ ਹੁੰਦਾ ਤਾਂ ਉਹੋ ਕਰਦਾ ਜੋ ਉਨ੍ਹਾਂ ਨੇ ਕੀਤਾ। ਜੋ ਉਹ ਅੱਜ ਸੋਚਦਾ ਹੈ, ਉਸ ਵਿਚ ਉਦੋਂ ਤੋਂ ਹੁਣ ਤੀਕਰ ਦਾ ਅਨੁਭਵ ਜੁੜਿਆ ਹੋਇਆ ਹੈ। ਜੇ ਹੁਣ ਦਾ ਮਨੁੱਖ ਇਤਿਹਾਸ ਵਿਚ ਉਤਰ ਕੇ ਨੌਟੰਕੀ ਕਰਨ ਦੀ ਸੋਚਦਾ ਹੋਵੇ ਤਾਂ ਕਰੇ। ਪਰ ਉਸ ਨੂੰ ਇਥੋਂ ਦੀ ਸੋਚ ਤੇ ਹੁਣ ਦਾ ਅਨੁਭਵ ਇੱਥੇ ਹੀ ਛੱਡ ਕੇ ਜਾਣਾ ਪਵੇਗਾ। ਉਥੇ ਪਹੁੰਚ ਕੇ ਉਸ ਨੂੰ ਉਥੋਂ ਦੀ ਸੋਚ ਅਪਨਾਉਣੀ ਪਵੇਗੀ ਤੇ ਉਦੋਂ ਦਾ ਪਹਿਰਾਵਾ ਪਹਿਨਣਾ ਪਵੇਗਾ।
ਮਿਸਾਲ ਵਜੋਂ ਅੱਜ ਕੱਲ ਹਜ਼ਾਰਾਂ ਸਿੱਖ ਅਜਿਹੇ ਹਨ ਜੋ ਕਹਿੰਦੇ ਹਨ ਕਿ ਆਜ਼ਾਦੀ ਤੋਂ ਪਹਿਲਾਂ ਦੀ ਸਿੱਖ ਲੀਡਰਸ਼ਿਪ ਜੇ ਅੜ ਜਾਂਦੀ ਤਾਂ ਸਿੱਖਾਂ ਲਈ ਵੱਖਰਾ ਰਾਜ ਲੈ ਸਕਦੀ ਸੀ। ਉਹੀ ਲੋਕ ਜੋ ਇੱਦਾਂ ਕਹਿੰਦੇ ਹਨ, ਅੱਜ ਆਪ ਸਿੱਖ ਰਾਜ ਲਈ ਲੜ ਰਹੇ ਹਨ। ਕੀ ਉਨ੍ਹਾਂ ਨੇ ਲੈ ਲਿਆ? ਪੁਰਾਣੇ ਲੀਡਰ ਆਪਣੀਆਂ ਮੰਗਾਂ ਤੇ ਮਜ਼ਬੂਰੀਆਂ ਜਾਣਦੇ ਸਨ ਤੇ ਅਜੋਕੇ ਸਿੱਖ ਆਪਣੀਆਂ ਜਾਣਦੇ ਹਨ। ਇਸ ਗੱਲ ਨੂੰ ਭੁਲਾ ਕੇ ਜੇ ਨਵੇਂ ਪੁਰਾਣਿਆਂ ਦੀ ਨੁਕਤਾਚੀਨੀ ਕਰਨਗੇ ਤਾਂ ਉਹ ਇਹ ਵੀ ਨਾ ਭੁਲਣ ਕਿ ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਦਾ ਵੀ ਇਵੇਂ ਹੀ ਦੋਸ਼ ਕੱਢਣਗੀਆਂ। ਕਈ ਕਹਿੰਦੇ ਹਨ ਕਿ ਜੇ ਮਹਾਰਾਜਾ ਰਣਜੀਤ ਸਿੰਘ ਅੰਗਰੇਜਾਂ ਨਾਲ ਲੜ ਕੇ ਉਨ੍ਹਾਂ ਨੂੰ ਭਜਾ ਦਿੰਦਾ ਤਾਂ ਸਿੱਖ ਰਾਜ ਸਥਾਪਤ ਹੋ ਜਾਣਾ ਸੀ। ਦੂਜੇ ਪਾਸੇ ਇਹੀ ਲੋਕ ਇਹ ਕਹਿੰਦੇ ਨਹੀਂ ਥੱਕਦੇ ਕਿ ਉਹ ਬੜਾ ਧਰਮ ਨਿਰਪੱਖ ਸੀ। ਜੇ ਉਹ ਧਰਮ ਨਿਰਪੱਖ ਸੀ ਤਾਂ ਸਿੱਖ ਰਾਜ ਸਥਾਪਤ ਕਰਨ ਦੀ ਕਿਵੇਂ ਸੋਚਦਾ? ਭਾਵ ਜੇ ਉਸ ਵੇਲੇ ਸੰਪਰਦਾਇਕ ਰਾਜਨੀਤੀ ਦੀ ਪਰੰਪਰਾ ਹੀ ਨਹੀਂ ਸੀ ਤਾਂ ਉਹ ਅਜਿਹੀ ਭਾਵਨਾ ਨਾਲ ਕਿਵੇਂ ਸੋਚਦਾ? ਇਸ ਲਈ ਜੋ ਇਨ੍ਹਾਂ ਅਜੋਕੇ ਸਿੰਘਾਂ ਦੇ ਏਜੰਡੇ ‘ਤੇ ਹੈ, ਉਹ ਉਨੀਵੀਂ ਸਦੀ ਦੇ ਸਿੱਖਾਂ ਦੇ ਏਜੰਡੇ ‘ਤੇ ਨਹੀਂ ਸੀ।
ਇਤਿਹਾਸ ਦੀ ਆਪਣੀ ਸਥਿਤੀ ਤੇ ਆਪਣਾ ਮਾਹੌਲ ਹੁੰਦਾ ਹੈ। ਇਸ ਨੂੰ ਸਮਝਣ ਲਈ ਕੇਵਲ ਇਸ ਦੀ ਜਾਣਕਾਰੀ ਹੀ ਜਰੂਰੀ ਨਹੀਂ ਸਗੋਂ ਇਤਿਹਾਸਕਾਰੀ ਦਾ ਓਢਣ ਵੀ ਜਰੂਰੀ ਹੈ। ਜਿਵੇਂ ਇਕ ਡਾਕਟਰ ਮਰੀਜ਼ ਦੀ ਪਰਖ ਤੋਂ ਪਹਿਲਾਂ ਦਸਤਾਨੇ ਪਾ ਲੈਂਦਾ ਹੈ, ਇਵੇਂ ਹੀ ਇਤਿਹਾਸ ਨੂੰ ਵਾਚਣ ਤੋਂ ਪਹਿਲਾਂ ਵਿਦਵਾਨ ਨੂੰ ਨਿਰਪੱਖਤਾ ਤੇ ਪਾਰਦਰਸ਼ਤਾ ਦਾ ਲਿਬਾਸ ਪਾ ਲੈਣਾ ਚਾਹੀਦਾ ਹੈ।
ਆਸ ਹੈ, ਬੀਬੀ ਜੀ ਇਤਿਹਾਸ ਦੀਆਂ ਅਜਿਹੀਆਂ ਗੁੰਝਲਾਂ ਨੂੰ ਧਿਆਨ ਵਿਚ ਰੱਖਦਿਆਂ ਵਿਗਿਆਨਕ ਸੱਚਾਈਆਂ ਨੂੰ ਹੋਰ ਅਸਰਦਾਰ ਢੰਗ ਨਾਲ ਪਾਠਕਾਂ ਤੀਕਰ ਪਹੁੰਚਾਉਂਦੇ ਰਹਿਣਗੇ।
-ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310