‘ਸ਼ਾਰਟ ਕੱਟ ਵਾਇਆ ਲੌਂਗ ਰੂਟ’ ਦੀ ਆਖਰੀ ਉਡਾਣ

ਇਕ ਟੀ.ਵੀ. ਸੀਰੀਅਲ ਦੇਖਿਆ ਸੀ, ਜਿਸ ਦਾ ਮਕਸਦ ਸੀ, “ਅਕੀਦਾ ਪੱਕਾ ਹੋਵੇ ਤਾਂ ਮੰਜ਼ਿਲ ਵੀ ਯਕੀਨਨ ਪੱਕੀ ਹੋ ਜਾਂਦੀ ਹੈ।” ‘ਪੰਜਾਬ ਟਾਈਮਜ਼’ ਵਲੋਂ ਛਾਪੀ, ਸਪੇਨ ਰਹਿੰਦੇ ਨੌਜਵਾਨ ਅਮਰੀਕ ਸਿੰਘ ਬੱਲ ਦੀ ਰਚਨਾ ‘ਸ਼ਾਰਟ ਕੱਟ ਵਾਇਆ ਲੌਂਗ ਰੂਟ’ ਦੀ ਆਖਰੀ ਕਿਸ਼ਤ ‘ਆਖਰੀ ਉਡਾਣ’ (6 ਜਨਵਰੀ 2018 ਵਾਲਾ ਅੰਕ) ਲੇਖਕ ਲਈ ‘ਮੰਜ਼ਲੇ-ਮਕਸੂਦ’ ਹੋ ਨਿਬੜੀ। ਇਸ ਲਿਖਤ ਨੂੰ ਉਤਸ਼ਾਹਿਤ ਕਰਨ ਲਈ ਮੈਂ ‘ਪੰਜਾਬ ਟਾਈਮਜ਼’ ਅਦਾਰੇ ਦਾ ਸਦਾ ਰਿਣੀ ਰਹਾਂਗਾ। ਆਖਰੀ ਕਿਸ਼ਤ ਵਿਚੋਂ ਕੁਝ ਸਤਰਾਂ ਪਾਠਕਾਂ ਨਾਲ ਸਾਂਝੀਆਂ ਕਰਨਾ ਚਾਹੁੰਦਾ ਹਾਂ:

…ਜਦੋਂ ਮੈਂ ਖਾਨੇ ‘ਚ ਬੰਦ ਹੋ ਗਿਆ ਸਾਂ, ਉਦੋਂ ਤੋਂ ਹੀ ਅੰਤਰ-ਪ੍ਰੇਰਨਾ ਸਦਕਾ ਬਦੋਬਦੀ ਮੂੰਹੋਂ ਸਤਿਨਾਮ-ਵਾਹਿਗੁਰੂ ਨਿਕਲਣ ਲੱਗ ਪਿਆ ਸੀ। ਫਿਰ ਇਹ ਲੈਅ ਇਕ ਛਿਣ ਲਈ ਵੀ ਟੁੱਟੀ ਨਹੀਂ। ਅਹਿਸਾਸ ਹੋ ਰਿਹਾ ਸੀ ਕਿ ਇਸ ਬਹੁਤ ਤੰਗ ਜਗ੍ਹਾ ‘ਚ ਵੀ ਕੋਈ ਮੇਰੇ ਨਾਲ ਹੈ!…ਦੰਦ ਤੇ ਜਬਾੜਾ ਇੰਜ ਜ਼ੋਰ ਨਾਲ ਘੁੱਟੇ ਗਏ, ਜਿਵੇਂ ਪਰਲੋ ਆਸ-ਪਾਸ ਮੈਨੂੰ ਹੀ ਲੱਭਦੀ ਫਿਰ ਰਹੀ ਹੋਵੇ। ਲੱਗਾ, ਜਿਵੇਂ ਲਹੂ ਨੇ ਵੀ ਨਾੜਾਂ ‘ਚ ਗਰਦਿਸ਼ ਕਰਨੀ ਬੰਦ ਕਰ ਦਿੱਤੀ ਹੋਵੇ। ਦਿਲ ਦੀ ਧੜਕਣ ਸੀਨਾ ਪਾੜਨ ਤਕ ਜਾ ਰਹੀ ਸੀ। ਪੱਥਰ ਦੀ ਸਿੱਲ ਵਾਂਗ ਬੇਜਾਨ, ਅਹਿਲ ਜਿਸਮ ਅੰਦਰ ਸੈਂਕੜੇ ਤੂਫਾਨ ਗਰਜ ਰਹੇ ਸਨ।…ਡੈਸ਼ਬੋਰਡ ਦੇ ਪੇਚ ਢਿੱਲੇ ਹੋਣ ਲੱਗੇ। ਮਨ ‘ਚ ਸ਼ੱਕ ਉਠਿਆ, ਕਿਤੇ ਦਵਿੰਦਰ ਵਾਂਗ ਵਾਪਸ ਤਾਂ ਨਹੀਂ ਪਰਤ ਆਏ, ਡੌਂਕੀ ਅਸਫਲ ਤਾਂ ਨਹੀਂ ਹੋ ਗਈ? ਢੱਕਣ ਖੁਲ੍ਹਿਆ, ਬੜੀ ਮੁਸ਼ਕਿਲ ਨਾਲ ਮੈਨੂੰ ਬਾਹਰ ਕੱਢਿਆ। ਅੰਗ-ਪੈਰ ਸੁੱਤੇ ਮਹਿਸੂਸ ਹੋਏ। ਮੈਂ ਆਲਾ-ਦੁਆਲਾ ਦੇਖਿਆ, ਦਿਲ ਨੇ ਗੋਤਾ ਜਿਹਾ ਖਾਧਾ। ਸਾਹਮਣੇ ਪਰ੍ਹੇ ਉਹੀ ਪਹਾੜੀਆਂ, ਉਹੋ ਜਿਹੇ ਹੀ ਮੰਜ਼ਰ! ਇਕ ਪਾਸੇ ਉਹੋ ਜਿਹੇ ਹੀ ਘਰ। ਮੈਂ ਤੜਫਾਹਟ ਨਾਲ ਡੌਂਕਰ ਨੂੰ ਪੁੱਛਿਆ, “ਮੋਰੱਕੋ?…ਇਸਪਾਨੀਆ?” ਡੌਂਕਰ ਨੇ ਹੱਸ ਕੇ ਕਿਹਾ, “ਇਸਪਾਨੀਆ।”
ਮੈਨੂੰ ਲੱਗਾ ਦਿਲ ਨੇ ਪਲ ਭਰ ਲਈ ਧੜਕਣਾ ਬੰਦ ਕਰ ਦਿੱਤਾ। ਇਸ ਅਦੁਤੀ ਅਹਿਸਾਸ ਨਾਲ ਜਿਵੇਂ ਮੇਰਾ ਸਰੀਰ ਜ਼ੋਰ ਨਾਲ ਕੰਬਿਆ ਤੇ ਮੈਂ ਗੋਡਿਆਂ ਭਾਰ ਜਾ ਡਿੱਗਾ। ਨੇਤਰ ਮੁੰਦੇ ਗਏ, ਮੂੰਹ ਵਿਚੋਂ ‘ਵਾਹਿਗੁਰੂ’ ਨਿਕਲਿਆ ਤੇ ਅੰਦਰੋਂ ਜਿਵੇਂ ਦਰਦਾਂ-ਮਾਰੀ ਖੁਸ਼ੀ ਬਾਹਰ ਉਬਲ ਪਈ। ਮੇਰਾ ਭੁੱਬੀਂ ਰੋਣਾ ਨਿਕਲ ਗਿਆ।… ਉਸ ਵਕਤ ਜਿਹੜੀ ਖੁਸ਼ੀ, ਜਿਹੜਾ ਅਨੰਦ, ਜਿਹੜਾ ਸਕੂਨ ਮੈਨੂੰ ਹਾਸਲ ਹੋਇਆ, ਉਸ ਦਾ ਅਹਿਸਾਸ ਸਾਰੀ ਜ਼ਿੰਦਗੀ ਨਹੀਂ ਸੀ ਹੋਇਆ। ਕੀ ਇਸ ਹੱਦ ਤਕ ਵੀ ਖੁਸ਼ੀ ਜਾ ਸਕਦੀ ਹੈ? ਯੂਰਪ, ਸਪੇਨ ਪਹੁੰਚਣ ਦੀ ਖੁਸ਼ੀ ਸ਼ਾਇਦ ਓਨੀ ਨਹੀਂ ਸੀ, ਜਿੰਨੀ ਮੋਰੱਕੋ ‘ਚੋਂ ਨਿਕਲ ਆਉਣ ਦੀ ਸੀ।…ਮੈਂ ਖੁਸ਼ੀ ਨਾਲ ਥਰਥਰਾਉਂਦੇ ਹੱਥਾਂ ਨਾਲ ਅੱਥਰੂਆਂ ਭਰਿਆ ਚਿਹਰਾ ਪੂੰਝਿਆ ਤੇ ਬੜੇ ਮਜ਼ਬੂਤ ਕਦਮਾਂ ਨਾਲ ਉਸ ਦਿਸ਼ਾ ਵੱਲ ਵਧਿਆ ਜਿਧਰ ਡੌਂਕਰ ਜਾ ਰਿਹਾ ਸੀ…।
-ਮਨਮੋਹਨ ਸਿੰਘ, ਮਿਸ਼ੀਗਨ
ਫੋਨ: 734-437-9273