ਮਨਫੀ ਹੋਇਆ ਦੇਸ਼ ਭਗਤੀ ਜਜ਼ਬੇ ਵਾਲਾ ਭਾਰਤੀ ਸਿਨਮਾ

ਸੁਰਜੀਤ ਜੱਸਲ
ਫੋਨ: 91-98146-07737
ਦੇਸ਼ ਭਗਤੀ ਦੇ ਗੀਤ ਮੁੱਢ ਤੋਂ ਹੀ ਹਿੰਦੀ ਫਿਲਮਾਂ ਦਾ ਅਹਿਮ ਹਿੱਸਾ ਰਹੇ ਹਨ। ਦੇਸ਼ ਭਗਤੀ ਦੀਆਂ ਫਿਲਮਾਂ ਦਾ ਦੌਰ ਆਜ਼ਾਦੀ ਤੋਂ ਪਹਿਲਾਂ ਵੀ ਅਤੇ ਬਾਅਦ ਵੀ ਬਰਕਰਾਰ ਰਿਹਾ। ਇਨ੍ਹਾਂ ਫਿਲਮਾਂ ਦਾ ਜਾਦੂ ਦਰਸ਼ਕਾਂ ਦੇ ਸਿਰ ਚੜ੍ਹ ਕੇ ਬੋਲਿਆ। ਇਥੋਂ ਤੱਕ ਵਿਕਰਮ ਚੰਦ ਚੱਟੋਪਾਧਿਆਏ ਦੀ ਲਿਖਤ ‘ਆਨੰਦਮੱਠ ‘ਤੇ ਬਣੀ ਫਿਲਮ ਦੇ ਗੀਤ ‘ਵੰਦੇ ਮਾਤਰਮ’ ਨੇ ਏਨੀ ਲੋਕਪ੍ਰਿਅਤਾ ਹਾਸਿਲ ਕਰ ਲਈ ਕਿ ਬਾਅਦ ‘ਚ ਇਸ ਗੀਤ ਨੂੰ ਦੇਸ਼ ਦਾ ਰਾਸ਼ਟਰੀ ਗੀਤ ਬਣਾਇਆ ਗਿਆ। ਇਸ ਗੀਤ ਨੇ ਜੰਗੇ-ਆਜ਼ਾਦੀ ਦੇ ਸੈਨਿਕਾਂ ‘ਚ ਜੋਸ਼ ਭਰ ਦਿੱਤਾ ਸੀ।

1940 ‘ਚ ਰਿਲੀਜ਼ ਹੋਈ ਬੰਬੈ ਟਾਕੀਜ਼ ਦੀ ਫਿਲਮ ‘ਬੰਧਨ’ ਦਾ ਅਸ਼ੋਕ ਕੁਮਾਰ ਤੇ ਲੀਲਾ ਚਿਟਨਿੱਸ ਦਾ ਗਾਇਆ ਗੀਤ ‘ਚੱਲ ਚੱਲ ਰੇ ਨੌਜਵਾਨ, ਜੀਨਾ ਤੇਰਾ ਕਾਮ ਨਹੀਂ, ਮਰਨਾ ਤੇਰੀ ਸ਼ਾਨ’ ਨੇ ਮਹਾਤਮਾ ਗਾਂਧੀ ਦੀ ਅਗਵਾਈ ਹੋਰ ਵੀ ਤੇਜ਼ ਕਰ ਦਿੱਤੀ ਸੀ। ਇਹ ਉਹ ਦੌਰ ਸੀ ਜਦ ਰਾਸ਼ਟਰ ਪਿਤਾ ਦੀ ਆਵਾਜ਼ ਨਾਲ ਲੱਖਾਂ ਲੋਕਾਂ ਦੀ ਆਵਾਜ਼ ਇੱਕ ਨਾਅਰਾ ਬਣ ਕੇ ਗੂੰਜੀ ਸੀ। ਮਹਾਤਮਾ ਗਾਂਧੀ ਨੇ 1942 ਵਿਚ ‘ਅੰਗਰੇਜ਼ੋ ਭਾਰਤ ਛੱਡੋ’ ਦਾ ਨਾਅਰਾ ਦਿੱਤਾ ਸੀ ਤੇ 1943 ਵਿਚ ਫਿਲਮ ‘ਕਿਸਮਤ’ ਰਿਲੀਜ਼ ਹੋਈ। ਪੰਡਿਤ ਪ੍ਰਦੀਪ ਦੇ ਲਿਖੇ ਗੀਤਾਂ ਅਤੇ ਅਨਿਲ ਵਿਸ਼ਵਾਸ ਦੇ ਸੰਗੀਤ ਵਿਚ ਸਜੀ ਇਸ ਫਿਲਮ ਦੇ ਗੀਤ ‘ਦੂਰ ਹਟੋ ਐ ਦੁਨੀਆਂ ਵਾਲੋ, ਹਿੰਦੁਸਤਾਨ ਹਮਾਰਾ ਹੈ’ ਨੇ ਧੁੰਮਾਂ ਪਾ ਦਿੱਤੀਆਂ।
ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਫਿਲਮਸਤਾਨ ਸਟੂਡੀਓ ਵਲੋਂ ਇੱਕ ਫਿਲਮ ‘ਸ਼ਹੀਦ’ ਬਣਾਈ ਗਈ ਜਿਸ ਵਿਚ ਦਲੀਪ ਕੁਮਾਰ ਅਤੇ ਕਾਮਨੀ ਕੌਸ਼ਲ ਨੇ ਅਹਿਮ ਕਿਰਦਾਰ ਨਿਭਾਏ। ਇਸ ਦਾ ਗੀਤ ‘ਵਤਨ ਕੀ ਰਾਹ ਪੇ ਵਤਨ ਕੇ ਨੌਜਵਾਨ ਸ਼ਹੀਦ’ ਬੇਹੱਦ ਮਕਬੂਲ ਹੋਇਆ। ਫਿਲਮ ‘ਜਾਗ੍ਰਤੀ’ ਵੀ ਅਮਰ ਗੀਤਾਂ ਸਦਕਾ ਸੁਪਰਹਿੱਟ ਸਾਬਿਤ ਹੋਈ। ਪੰਡਿਤ ਪ੍ਰਦੀਪ ਦੇ ਲਿਖੇ ਇਨ੍ਹਾਂ ਗੀਤਾਂ ਵਿਚੋਂ ਤਿੰਨ ਗੀਤ ਤਾਂ ਬੇਹੱਦ ਮਕਬੂਲ ਰਹੇ, ‘ਦੇ ਦੀ ਹਮੇ ਆਜ਼ਾਦੀ ਬਿਨਾ ਖੜਗ ਬਿਨਾ ਢਾਲ’, ‘ਹਮ ਲਾਏ ਹੈਂ ਤੂਫਾਨ ਸੇ ਕਸ਼ਤੀ ਨਿਕਾਲ ਕੇ’ ਅਤੇ ‘ਆਓ ਬੱਚੋ ਤੁਮਹੇ ਦਿਖਾਏ ਝਾਕੀ ਹਿੰਦੁਸਤਾਨ ਕੀ।’ ਫਿਲਮ ਕਾਬਲੀਵਾਲਾ (1957) ਦੇ ਗੀਤ ਵੀ ਕਦੇ ਭੁਲਾਏ ਨਹੀਂ ਜਾ ਸਕਦੇ। ਮੰਨਾ ਡੇ ਦਾ ਗਾਇਆ ਇਹ ਗੀਤ ‘ਐ ਮੇਰੇ ਪਿਆਰੇ ਵਤਨ’ ਵੀ ਲੋਕਾਂ ਦੀ ਜ਼ੁਬਾਨ ‘ਤੇ ਚੜ੍ਹਿਆ। ਸੰਗੀਤਕਾਰ ਨੌਸ਼ਾਦ ਅਲੀ ਅਤੇ ਗੀਤਕਾਰ ਸ਼ੁਕੀਲ ਬਿਦਾਯੁਨੀ ਦੀ ਜੋੜੀ ਨੇ ਸਭ ਤੋਂ ਵੱਧ ਹਿੱਟ ਗੀਤ ਦਿੱਤੇ। ਫਿਲਮ ‘ਗੰਗਾ ਜਮਨਾ’ (1961) ਦਾ ਗੀਤ ‘ਨੰਨ੍ਹਾ-ਮੁੰਨ੍ਹਾ ਰਾਹੀ ਹੂੰ, ਦੇਸ਼ ਕਾ ਸਿਪਾਹੀ ਹੂੰ’, ਫਿਲਮ ‘ਲੀਡਰ’ ਦਾ ‘ਆਪਣੀ ਆਜ਼ਾਦੀ ਕੋ ਹਮ ਹਰਗਿਜ਼ ਭੁਲਾ ਸਕਤੇ ਨਹੀਂ’ ਅਤੇ ਫਿਲਮ ‘ਨਯਾ ਦੌਰ’ ਦਾ ਗੀਤ ‘ਯੇ ਦੇਸ਼ ਹੈ ਵੀਰ ਜਵਾਨੋਂ ਕਾ’ ਵੀ ਖੂਬ ਮਕਬੂਲ ਹੋਏ।
ਭਾਰਤ ਤੇ ਚੀਨ ਵਿਚਾਲੇ 1962 ‘ਚ ਹੋਈ ਜੰਗ ਸਬੰਧੀ 1964 ਵਿਚ ਰਿਲੀਜ਼ ਹੋਈ ਯਾਦਗਰ ਫਿਲਮ ‘ਹਕੀਕਤ’ ਸਰਕਾਰੀ ਮਦਦ ਨਾਲ ਬਣੀ ਸੀ। ਇਸ ਦੇ ਸਾਰੇ ਗੀਤ ਚਰਚਿਤ ਰਹੇ। ਪਰ ਕੈਫੀ ਆਜ਼ਮੀ ਦਾ ਲਿਖਿਆ ਤੇ ਮਦਨ ਮੋਹਨ ਦਾ ਸੰਗੀਤਬੱਧ ਕੀਤਾ ਗੀਤ ‘ਕਰ ਚਲੇ ਹਮ ਫਿਦਾ ਜਾਨੇ ਤਨ ਸਾਥੀਓ’ ਹਰੇਕ ਇਕ ਦੀ ਜੁਬਾਨ ‘ਤੇ ਚੜ੍ਹ ਗਿਆ।
ਦਾਰਾ ਸਿੰਘ ਦੀ ਫਿਲਮ ‘ਸਿਕੰਦਰ-ਏ-ਆਜ਼ਮ’ ਦਾ ਗੀਤ ‘ਜਹਾਂ ਡਾਲ ਡਾਲ ਪਰ ਸੋਨੇ ਕੀ ਚਿੜੀਆ ਕਰਤੀ ਹੈ ਬਸੇਰਾ, ਵੋਹ ਭਾਰਤ ਦੇਸ਼ ਹੈ ਮੇਰਾ’ ਅਤੇ ਫਿਲਮ ‘ਉਪਕਾਰ’ (1967) ਦੇ ਗੀਤਾਂ ਨੇ ਪੂਰੇ ਭਾਰਤ ਵਿਚ ਧੁੰਮਾਂ ਪਾਈਆਂ। ‘ਮੇਰੇ ਦੇਸ਼ ਕੀ ਧਰਤੀ ਸੋਨਾ ਉਗਲੇ’ ਗੀਤ ਕਾਫੀ ਮਕਬੂਲ ਹੋਇਆ। ਬਹੁਤ ਸਾਰੀਆਂ ਫਿਲਮਾਂ ਅਜਿਹੀਆਂ ਸਨ ਜਿਨ੍ਹਾਂ ਦਾ ਵਿਸ਼ਾ ਵਸਤੂ ਦੇਸ਼ ਪ੍ਰੇਮ ‘ਤੇ ਕੇਂਦਰਿਤ ਨਹੀਂ ਸੀ, ਫਿਰ ਵੀ ਉਨ੍ਹਾਂ ਵਿਚ ਘੱਟੋ ਘੱਟ ਇੱਕ ਗੀਤ ਅਜਿਹਾ ਹੁੰਦਾ ਜੋ ਦੇਸ਼ ਭਗਤੀ ਦੀਆਂ ਤਰੰਗਾਂ ਛੇੜਦਾ। ਜਿਸ ਗੀਤ ਨੂੰ ਦੇਸ਼ ਭਗਤੀ ਦਾ ਜਜ਼ਬਾ ਪੈਦਾ ਕਰਨ ਅਤੇ ਦੇਸ਼ ਲਈ ਆਪਾ ਵਾਰਨ ਦੀ ਪ੍ਰੇਰਣਾ ਦੇਣ ਦੀ ਉਤਮ ਮਿਸ਼ਾਲ ਮੰਨਿਆ ਜਾਂਦਾ ਹੈ, ਉਹ 1962 ਵਿਚ ਭਾਰਤ ਉਪਰ ਚੀਨੀ ਹਮਲੇ ਅਤੇ ਇਸ ਵਿਚ ਭਾਰਤੀ ਫੌਜੀਆਂ ਵਲੋਂ ਦਿੱਤੀਆਂ ਸ਼ਹਾਦਤਾਂ ਦੇ ਪ੍ਰਤੀਕਰਮ ਵਜੋਂ ਸਿਰਜਿਆ ਗਿਆ ਸੀ, ‘ਐ ਮੇਰੇ ਵਤਨ ਕੇ ਲੋਗੋ ਜ਼ਰਾ ਆਂਖ ਮੇ ਭਰ ਲੋ ਪਾਨੀ, ਜੋ ਸ਼ਹੀਦ ਹੂਏ ਹੈਂ ਉਨਕੀ ਜ਼ਰਾ ਯਾਦ ਕਰੋ ਕੁਰਬਾਨੀ।’ ਇਹ ਗੀਤ ਪੰਡਿਤ ਪ੍ਰਦੀਪ ਨੇ ਲਿਖਿਆ ਸੀ। ਇਹ ਕਿਸੇ ਫਿਲਮ ਦਾ ਗੀਤ ਨਹੀਂ ਸੀ। ਇਸ ਦੀ ਧੁਨ ਸੰਗੀਤਕਾਰ ਸੀ. ਰਾਮਚੰਦਰ ਨੇ ਤਿਆਰ ਕੀਤੀ ਸੀ। ਪਹਿਲਾਂ ਇਹ ਗੀਤ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਹਾਜ਼ਰੀ ਵਿਚ ਲਤਾ ਮੰਗੇਸ਼ਕਰ ਤੇ ਆਸ਼ਾ ਭੋਂਸਲੇ ਤੋਂ ਗਵਾਉਣਾ ਸੀ, ਪਰ ਆਖਰੀ ਮੌਕੇ ਇਹ ਗੀਤ ਲਤਾ ਮੰਗੇਸ਼ਕਰ ਤੋਂ ਹੀ ਗਵਾਇਆ ਗਿਆ। ਕਿਹਾ ਜਾਂਦਾ ਹੈ ਕਿ ਇਹ ਗੀਤ ਸੁਣ ਕੇ ਪੰਡਿਤ ਨਹਿਰੂ ਦੀਆਂ ਅੱਖਾਂ ਨਮ ਹੋ ਗਈਆਂ ਸਨ।
ਕੁਝ ਸਾਲ ਪਹਿਲਾਂ ਦੇਸ਼ ਭਗਤੀ ਦੀਆਂ ਫਿਲਮਾਂ ਦਾ ਸਿਲਸਿਲਾ ਮੁੜ ਸ਼ੁਰੂ ਹੋਇਆ ਤਾਂ ‘ਬਾਰਡਰ’, ‘ਸ਼ਹੀਦੇ-ਆਜ਼ਮ: ਦਾ ਲਿਜੈਂਡ ਆਫ ਭਗਤ ਸਿੰਘ’, ’23 ਮਾਰਚ 1931′, ‘ਸ਼ਹੀਦ’ ਆਦਿ ਫਿਲਮਾਂ ਰਾਹੀਂ ਦੇਸ਼ ਭਗਤੀ ਦਾ ਜਜ਼ਬਾ ਜਗਾਉਣ ਦੀ ਕੋਸ਼ਿਸ਼ ਕੀਤੀ ਗਈ। ਇਨ੍ਹਾਂ ਫਿਲਮਾਂ ਨੇ ਕਹਾਣੀ ਅਤੇ ਅਦਾਕਾਰੀ ਪੱਖੋਂ ਤਾਂ ਪ੍ਰਸਿੱਧੀ ਹਾਸਿਲ ਕੀਤੀ ਪਰ ਗੀਤ ਬਹੁਤ ਮਕਬੂਲੀਅਤ ਨਾ ਲੈ ਸਕੇ। ਜਿਉਂ ਜਿਉਂ ਦੇਸ਼ ਦੀ ਆਜ਼ਾਦੀ ਦੀਆਂ ਤਸਵੀਰਾਂ ਧੁੰਦਲੀਆਂ ਪੈ ਰਹੀਆਂ ਹਨ, ਫਿਲਮੀ ਪਰਦੇ ਤੋਂ ਦੇਸ਼ ਭਗਤੀ ਦੀਆਂ ਫਿਲਮਾਂ ਦਾ ਕੱਦ ਬੌਣਾ ਹੁੰਦਾ ਜਾ ਰਿਹਾ ਹੈ।