ਸੁਖਵੰਤ ਹੁੰਦਲ
2003 ਵਿਚ ਬਣੀ ਪੰਜਾਬੀ ਦੀ ਬਿਹਤਰੀਨ ਫਿਲਮ ‘ਖਾਮੋਸ਼ ਪਾਣੀ’ ਅਜਿਹੀ ਸਿੱਖ ਔਰਤ ਦੀ ਕਹਾਣੀ ਹੈ ਜਿਸ ਨੂੰ 1947 ਦੇ ਰੌਲਿਆਂ ਵੇਲੇ ਅਗਵਾ ਕਰਨ ਤੋਂ ਬਾਅਦ ਉਸ ਦੇ ਅਗਵਾਕਾਰ ਨੇ ਉਸ ਨਾਲ ਵਿਆਹ ਕਰਵਾ ਲਿਆ ਸੀ। ਵਿਆਹ ਕਰਨ ਤੋਂ ਪਹਿਲਾਂ ਉਸ ਦਾ ਧਰਮ ਬਦਲ ਕੇ ਉਸ ਦਾ ਨਾਂ ਆਇਸ਼ਾ ਰੱਖਿਆ ਗਿਆ ਸੀ। ਰੌਲਿਆਂ ਤੋਂ ਬਾਅਦ ਆਪਣੇ ਆਪ ਨੂੰ ਨਵੇਂ ਹਾਲਾਤ ਅਨੁਸਾਰ, ਢਾਲਣ ਤੋਂ ਬਾਅਦ ਆਇਸ਼ਾ ਪਾਕਿਸਤਾਨ ਵਿਚ ਪੰਜਾ ਸਾਹਿਬ ਦੇ ਲਾਗਲੇ ਪਿੰਡ ਚਰਖੀ ਵਿਚ ਆਪਣੇ ਪਤੀ ਨਾਲ ਰਹਿਣ ਲੱਗ ਪੈਂਦੀ ਹੈ। ਉਹ ਆਪਣੇ ਚੰਗੇ ਸੁਭਾਅ ਕਾਰਨ ਪਿੰਡ ਵਿਚ ਸਤਿਕਾਰਯੋਗ ਥਾਂ ਬਣਾ ਲੈਂਦੀ ਹੈ ਅਤੇ ਪਿੰਡ ਵਿਚ ਸਾਦੀ ਪਰ ਸ਼ਾਂਤ ਜ਼ਿੰਦਗੀ ਜਿਉਣਾ ਸ਼ੁਰੂ ਕਰ ਦਿੰਦੀ ਹੈ।
ਪਰ ਉਸ ਦੇ ਚੰਗੇ ਹਾਲਾਤ ਹਮੇਸ਼ਾ ਨਹੀਂ ਰਹਿੰਦੇ। ਜਦੋਂ ਸੰਨ 1979 ਵਿਚ ਪਾਕਿਸਤਾਨ ਦਾ ਹੁਕਮਰਾਨ ਜ਼ਿਆ-ਉਲ-ਹੱਕ ਪਾਕਿਸਤਾਨ ਦਾ ਇਸਲਾਮੀਕਰਨ ਕਰਨਾ ਸ਼ੁਰੂ ਕਰਦਾ ਹੈ ਤਾਂ ਆਇਸ਼ਾ ਦੀ ਸ਼ਾਂਤ ਜ਼ਿੰਦਗੀ ਵਿਚ ਖਲਬਲੀ ਪੈਦਾ ਹੋਣਾ ਸ਼ੁਰੂ ਹੋ ਜਾਂਦੀ ਹੈ। ਇਸ ਸਮੇਂ ਉਸ ਦਾ ਫੌਜੀ ਪਤੀ ਮਰ ਚੁੱਕਾ ਹੈ ਅਤੇ ਉਹ ਉਸ ਦੀ ਪੈਨਸ਼ਨ ਦੇ ਆਸਰੇ ਆਪਣੇ ਨੌਜਵਾਨ ਪੁੱਤਰ ਨਾਲ ਜੀਵਨ ਬਸਰ ਕਰ ਰਹੀ ਹੈ। ਹੋਰ ਕੰਮ ਕਰਨ ਦੇ ਨਾਲ ਨਾਲ ਉਹ ਆਪਣੇ ਗੁਜ਼ਾਰੇ ਲਈ ਪਿੰਡ ਦੀਆਂ ਬੱਚੀਆਂ ਨੂੰ ਕੁਰਾਨ ਵੀ ਪੜ੍ਹਾਉਂਦੀ ਹੈ, ਪਰ ਪਾਕਿਸਤਾਨ ਦਾ ਇਸਲਾਮੀਕਰਨ ਕਰਨ ਦੀ ਮੁਹਿੰਮ ਦੌਰਾਨ ਹਾਲਤ ਅਜਿਹੇ ਬਣ ਜਾਂਦੇ ਹਨ ਕਿ ਆਇਸ਼ਾ ਦੇ ਸੱਚੀ-ਸੁੱਚੀ ਮੁਸਲਮਾਨ ਹੋਣ ਉਤੇ ਸ਼ੱਕ ਕੀਤਾ ਜਾਣ ਲੱਗਦਾ ਹੈ। ਹੌਲੀ ਹੌਲੀ ਹਾਲਤ ਬਹੁਤ ਜ਼ਿਆਦਾ ਵਿਗੜ ਜਾਂਦੀ ਹੈ। ਅੰਤ ਵਿਚ ਆਇਸ਼ਾ ਉਹ ਕਦਮ ਚੁੱਕਣ ਲਈ ਮਜਬੂਰ ਹੋ ਜਾਂਦੀ ਹੈ, ਜਿਹੜਾ ਕਦਮ ਚੁੱਕਣ ਤੋਂ ਉਸ ਨੇ 1947 ਵਿਚ ਇਨਕਾਰ ਕੀਤਾ ਸੀ।
ਫਿਲਮ ‘ਖਾਮੋਸ਼ ਪਾਣੀ’ ਦਾ ਮੁੱਖ ਸੁਨੇਹਾ ਇਹ ਹੈ ਕਿ ਬੇਸ਼ਕ ਸਮਾਜ ਵਿਚ ਧਾਰਮਿਕ ਕੱਟੜਵਾਦ ਫੈਲਾਉਣ ਵਿਚ ਔਰਤਾਂ ਦੀ ਭੂਮਿਕਾ ਬਹੁਤ ਘੱਟ ਹੁੰਦੀ ਹੈ, ਫਿਰ ਵੀ ਉਨ੍ਹਾਂ ਨੂੰ ਇਸ ਕੱਟੜਵਾਦ ਦੇ ਜ਼ੁਲਮ ਦਾ ਸਭ ਤੋਂ ਵੱਧ ਸ਼ਿਕਾਰ ਹੋਣਾ ਪੈਂਦਾ ਹੈ। ਧਰਮ ਦੇ ਕੱਟੜ ਸਿਪਾਹੀ ਸਮਾਜ ਨੂੰ ਆਪਣੇ ਕੰਟਰੋਲ ਵਿਚ ਕਰਨ ਦੀ ਜਦੋਜਹਿਦ ਦੀ ਸ਼ੁਰੂਆਤ ਔਰਤਾਂ ਨੂੰ ਆਪਣੇ ਕੰਟਰੋਲ ਵਿਚ ਕਰਨ ਦੇ ਯਤਨਾਂ ਤੋਂ ਸ਼ੁਰੂ ਕਰਦੇ ਹਨ। ਇਸ ਤੋਂ ਇਲਾਵਾ ‘ਖਾਮੋਸ਼ ਪਾਣੀ’ ਹੋਰ ਵੀ ਕਈ ਗੰਭੀਰ ਸਵਾਲ ਖੜ੍ਹੇ ਕਰਦੀ ਹੈ। ਇਸ ਫਿਲਮ ਦੀ ਨਿਰਦੇਸ਼ਕ ਸਬੀਹਾ ਸਮਰ ਹੈ ਅਤੇ ਇਸ ਵਿਚ ਅਦਾਕਾਰੀ ਕਿਰਨ ਖੇਰ, ਆਮਿਰ ਅਲੀ ਮਲਿਕ, ਅਰਸ਼ਾਦ ਮਹਿਮੂਦ, ਸਲਮਾਨ ਸ਼ਾਹਿਦ, ਸ਼ਿਲਪਾ ਸ਼ੁਕਲਾ, ਸਰਫਰਾਜ਼ ਅਨਸਾਰੀ ਅਤੇ ਹੋਰ ਕਲਾਕਾਰਾਂ ਦੀ ਹੈ।
_____________________
ਸਰਦਾਰ ਸੋਹੀ ਦੀ ਸਰਦਾਰੀ
ਅਕਸਰ ਕਿਹਾ ਜਾਂਦਾ ਹੈ ਕਿ ਜਿਥੇ ਪੈਸਾ ਤੇ ਪ੍ਰਸਿਧੀ ਆ ਜਾਂਦੀ ਹੈ, ਨਿਮਰਤਾ ਤੇ ਨਰਮਾਈ ਉਥੋਂ ਪੋਲੇ ਪੈਰੀਂ ਬਾਹਰ ਖਿਸਕ ਜਾਂਦੀ ਹੈ, ਪਰ ਅਦਾਕਾਰ ਸਰਦਾਰ ਸੋਹੀ ਨੇ ਇਸ ਧਾਰਨਾ ਨੂੰ ਮਿੱਧ ਕੇ ਸਬੂਤ ਦਿੱਤਾ ਹੈ ਕਿ ਜ਼ਰੂਰੀ ਨਹੀਂ ਕਿ ਹਰ ਪ੍ਰਸਿਧ ਬੰਦਾ ਆਕੜਾਂ ਰੱਖਦਾ ਫਿਰਦਾ ਹੈ। ਸਦਾ ਖਿੜਿਆ ਰਹਿਣ ਵਾਲਾ ਸਰਦਾਰ ਸੋਹੀ ਹਰ ਇਕ ਨੂੰ ਭੱਜ ਕੇ ਜੱਫ਼ੀ ਪਾਉਣ ਵਾਲਾ ਅਤੇ ਮੋਹ ਦੀ ਮੂਰਤ ਹੈ। ਉਹ ਜਿੰਨਾ ਮਰਜ਼ੀ ਕੰਮ ਦੇ ਦਬਾਓ ਹੇਠ ਹੋਵੇ, ਹੱਸਣਾ-ਖੇਡਣਾ ਉਹ ਕਦੇ ਵੀ ਨਹੀਂ ਤਿਆਗਦਾ। ਕਈ ਵਾਰ ਉਹ ਕਾਸ਼ਣੀ ਅੱਖ ਦੇ ਉਨੀਂਦਰੇ ਵਰਗਾ ਜਾਪਦਾ ਹੈ। ਉਸ ਦੇ ਚਿਹਰੇ ਦੀ ਮੁਸਕਰਾਹਟ ਬੱਲੇ ਬੱਲੇ! ਪਰਦੇ ਉਪਰ ਉਸ ਦੀ ਠੇਠ ਪੰਜਾਬੀ ਅਤੇ ਬੋਲਣ ਦੀ ਅਦਾ ਬੰਦੇ ਨੂੰ ਕਾਇਲ ਕਰਦੀ ਹੈ ਅਤੇ ਇਹੀ ਉਸ ਦੀ ਕਾਮਯਾਬੀ ਦਾ ਭੇਤ ਹੈ। ਉਹ ਆਪਣੇ ਕਿਰਦਾਰ ਨੂੰ ਅੰਨ੍ਹੇ ਵਾਲਾ ਜੱਫ਼ਾ ਨਹੀਂ ਮਾਰਦਾ, ਕਲਾ ਅਤੇ ਤਕਨੀਕ ਅਨੁਸਾਰ ਤੁਰਨ ਵਾਲਾ ਅਨੁਸ਼ਾਸਨੀ ਕਲਾਕਾਰ ਹੈ।
ਸ਼ੋਹਰਤ ਅਤੇ ਮਹਿਮਾ ਸਰਦਾਰ ਸੋਹੀ ਨੂੰ ਰਜਾਈ ਨੱਪੀ ਪਏ ਨੂੰ ਨਹੀਂ ਮਿਲੀ, ਇਸ ਪਿੱਛੇ ਉਸ ਦੀ ਲੰਮੀ ਘਾਲਣਾ ਅਤੇ ਸੰਘਰਸ਼ ਦਾ ਹੱਥ ਹੈ। ਫਿਲਮਾਂ ਵਿਚ ਆਉਣ ਤੋਂ ਪਹਿਲਾਂ ਉਹ ਸਟੇਜ ਦਾ ਸ਼ਾਹਸਵਾਰ ਰਿਹਾ ਹੈ। ਥੀਏਟਰ ਕਲਾ ਦਾ ਬਾਦਸ਼ਾਹ, ਮਰਹੂਮ ਹਰਪਾਲ ਟਿਵਾਣਾ ਹੁਰਾਂ ਦਾ ਜਗਾਇਆ ਇਹ ਦੀਪ, ਅੱਜ ਸੂਰਜ ਬਣ ਕੇ ਦੁਨੀਆ ਭਰ ਦੇ ਪੰਜਾਬੀਆਂ ਲਈ ਮਨੋਰੰਜਨ ਦਾ ਨੂਰ ਬਿਖ਼ੇਰ ਰਿਹਾ ਹੈ। ਪਿੰਡ ਟਿੱਬਾ (ਜ਼ਿਲ੍ਹਾ ਸੰਗਰੂਰ) ਵਿਚ ਜਨਮੇ ਸੋਹੀ ਨੇ 1975 ਵਿਚ ਨੀਨਾ ਟਿਵਾਣਾ ਅਤੇ ਹਰਪਾਲ ਟਿਵਾਣਾ ਨਾਲ ਥੀਏਟਰ ਤੋਂ ਆਪਣੀ ਕਲਾ ਦੀ ਸ਼ੁਰੂਆਤ ਕੀਤੀ। ‘ਲੌਂਗ ਦਾ ਲਿਸ਼ਕਾਰਾ’ ਉਸ ਦੀ ਪਹਿਲੀ ਫ਼ਿਲਮ ਸੀ। ਗੁਲਾਬੋ ਮਾਸੀ (ਨਿਰਮਲ ਰਿਸ਼ੀ) ਨਾਲ ਨਾਹਰੇ ਅਮਲੀ ਦਾ ਰੋਲ ਕਰ ਕੇ ਪੰਜਾਬੀ ਫ਼ਿਲਮੀ ਦੁਨੀਆ ਵਿਚ ਆਪਣੀ ਕਲਾ ਦਾ ਵਿਲੱਖਣ ਸਬੂਤ ਦਿੱਤਾ ਅਤੇ ਫ਼ਿਰ ਪਿੱਛੇ ਮੁੜ ਕੇ ਨਹੀਂ ਦੇਖਿਆ। ਹੁਣ ਤੱਕ ਉਹ ਤਕਰੀਬਨ 50 ਪੰਜਾਬੀ ਫ਼ਿਲਮਾਂ ਵਿਚ ਆਪਣੀ ਕਲਾ ਦਾ ਲੋਹਾ ਮੰਨਵਾ ਚੁੱਕਿਆ ਹੈ। ਪਰਦੇ ਉਪਰ ਅੜਬ, ਕਠੋਰ, ਕਰੂਰ ਅਤੇ ਸਖ਼ਤ ਸੁਭਾਅ ਦਾ ਦਿਸਣ ਵਾਲਾ ਸੋਹੀ ਅਥਾਹ ਕੋਮਲ ਹਿਰਦੇ ਦਾ ਮਾਲਕ ਅਤੇ ਯਾਰਾਂ ਦਾ ਯਾਰ ਹੈ। ਉਹਨੇ ਵਿਆਹ ਕਰਵਾਇਆ। ਪੁੱਛਣ ‘ਤੇ ਕਹਿੰਦਾ ਹੈ: ਥੀਏਟਰ ਵਿਚ ਪੈਸਾ ਨਹੀਂ ਸੀ, ਪਰ ਥੀਏਟਰ ਮੇਰੇ ਲਈ ਸਭ ਕੁਝ ਸੀ, ਇਸ ਲਈ ਨਿੱਜੀ ਜ਼ਿੰਦਗੀ ਨਾਲੋਂ ਕਲਾ ਨੂੰ ਪਹਿਲ ਦਿੱਤੀ ਅਤੇ ਇਕੱਲੇ ਰਹਿਣ ਦਾ ਮਨ ਬਣਾ ਲਿਆ।
_________________________
ਹੁਣ ਫਾਤਿਮਾ ਸਨਾ ਸ਼ੇਖ ਦੀ ‘ਜ਼ਮਾਨਤ’
ਇਕ ਫ਼ਿਲਮ ਤੋਂ ਕਿਸਮਤ ਕਿਵੇਂ ਚਮਕਦੀ ਹੈ, ਇਸ ਦਾ ਉਦਾਹਰਣ ਹੈ ‘ਦੰਗਲ’ ਵਾਲੀ ਕੁੜੀ ਫਾਤਿਮਾ ਸਨਾ ਸ਼ੇਖ। ‘ਦੰਗਲ’ ਦੀ ਕਾਮਯਾਬੀ ਨੇ ਜਿਥੇ ਉਸ ਨੂੰ ਕੌਮਾਂਤਰੀ ਪੱਧਰ ਉਤੇ ਪ੍ਰਸਿਧ ਕੀਤਾ ਹੈ, ਉਥੇ ਬਾਲੀਵੁੱਡ ਨਿਰਮਾਤਾ-ਨਿਰਦੇਸ਼ਕ ਵੀ ਉਸ ਨੂੰ ਗੰਭੀਰਤਾ ਨਾਲ ਲੈਣ ਲੱਗੇ ਹਨ। ਹੁਣ ਉਸ ਨੂੰ ਨਿਰਦੇਸ਼ਕ ਐਸ਼ ਰਾਮਾਨਾਥਨ ਦੀ ਫ਼ਿਲਮ ‘ਜ਼ਮਾਨਤ: ਜਸਟਿਸ ਫਾਰ ਆਲ’ ਵਿਚ ਅਮਿਤਾਭ ਬੱਚਨ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ। ਇਹ ਅਜਿਹੇ ਵਕੀਲ ਦੀ ਰੁਮਾਂਟਿਕ ਕਹਾਣੀ ਹੈ ਜਿਸ ਦੀਆਂ ਅੱਖਾਂ ਦੀ ਰੌਸ਼ਨੀ ਦੁਰਘਟਨਾ ਵਿਚ ਗੁਆਚ ਜਾਂਦੀ ਹੈ। ਇਸ ਫ਼ਿਲਮ ਵਿਚ ਅਰਸ਼ਦ ਵਾਰਸੀ, ਵਿਜਯਾਸ਼ਾਂਤੀ, ਕ੍ਰਿਸ਼ਮਾ ਕਪੂਰ, ਅਨੁਪਮ ਖੇਰ, ਪ੍ਰਕਾਸ਼ ਰਾਜ, ਟੀਨੂ ਆਨੰਦ ਵਰਗੇ ਕਲਾਕਾਰ ਵੀ ਮਹੱਤਵਪੂਰਨ ਭੂਮਿਕਾਵਾਂ ਨਿਭਾਅ ਰਹੇ ਹਨ।
ਫਾਤਿਮਾ ਨੂੰ ਮਾਣ ਹੈ ਕਿ ਉਸ ਨੂੰ ‘ਦੰਗਲ’, ‘ਠੱਗਜ਼ ਆਫ ਹਿੰਦੁਸਤਾਨ’ ਅਤੇ ‘ਜ਼ਮਾਨਤ: ਜਸਟਿਸ ਫਾਰ ਆਲ’ ਵਿਚ ਆਮਿਰ ਖਾਨ ਅਤੇ ਹੁਣ ਅਮਿਤਾਭ ਬੱਚਨ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ। ਦੋਹਾਂ ਕਲਾਕਾਰਾਂ ਤੋਂ ਉਸ ਨੇ ਬੜਾ ਕੁਝ ਸਿਖਿਆ ਹੈ। ਉਹ ਦੱਸਦੀ ਹੈ ਕਿ ਉਸ ਦੇ ਚਿੱਤ-ਚੇਤੇ ਵੀ ਨਹੀਂ ਸੀ ਕਿ ਉਸ ਨੂੰ ਇੰਨੀ ਜਲਦੀ ਇਨ੍ਹਾਂ ਕਲਾਕਾਰਾਂ ਨਾਲ ਕੰਮ ਕਰਨ ਦਾ ਮੌਕਾ ਮਿਲੇਗਾ। ਫਿਲਮ ‘ਠੱਗਜ਼ ਆਫ ਹਿੰਦੁਸਤਾਨ’ ਵਿਚ ਆਪਣੇ ਕਿਰਦਾਰ ਬਾਰੇ ਉਸ ਦਾ ਕਹਿਣਾ ਸੀ ਕਿ ਉਸ ਦਾ ਕਿਰਦਾਰ ਯੋਧਾ ਕੁੜੀ ਦਾ ਹੈ ਜੋ ਆਮਿਰ ਖ਼ਾਨ ਨਾਲ ਪ੍ਰੇਮ ਕਰਦੀ ਹੈ। ਇਹ ਕਿਰਦਾਰ ਨਿਭਾਉਣ ਲਈ ਉਸ ਨੇ ਤਲਵਾਰਬਾਜ਼ੀ ਅਤੇ ਤੀਰਅੰਦਾਜ਼ੀ ਵੀ ਸਿੱਖੀ। ਇਸ ਵਿਚ ਆਮਿਰ ਖ਼ਾਨ, ਅਮਿਤਾਭ ਬੱਚਨ ਅਤੇ ਉਸ ਤੋਂ ਇਲਾਵਾ ਕੈਟਰੀਨਾ ਕੈਫ ਵੀ ਮੁੱਖ ਭੂਮਿਕਾ ਵਿਚ ਹੈ। ਇਹ ਫ਼ਿਲਮ ਇਸੇ ਸਾਲ ਦੀਵਾਲੀ ਮੌਕੇ ਰਿਲੀਜ਼ ਹੋਣੀ ਹੈ।